੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਰਾਵੀ ਦੇ ਕੰਢੇ ਜ਼ਿਲਾ ਗੁਰਦਾਸ ਪੁਰ ਦੁਪਿਹਰ ਦੇ ਸਮੇਂ ਵਿਹਾਰ ਹੋਇਆ
ਪੰਜ ਚੇਤ ਕਹੇ ਮੇਰੀ ਰੁਤ ਸੁਹਾਉਣੀ, ਸੁਹੰਜਣੀ ਸੋਭਾ ਪਾਈਆ। ਰਾਵੀ ਕਹੇ ਮੈਂ ਵਿਟਹੁ ਕੁਰਬਾਨੀ, ਆਪਣਾ ਆਪ ਲੇਖੇ ਪਾਈਆ। ਝਟ ਨਾਰਦ ਕਹੇ ਸੁਣ ਲਓ ਭਗਤੋ ਮੇਰੀ ਬਾਣੀ, ਜੋ ਪ੍ਰੇਮ ਦੇ ਬਾਣ ਲਗਾਈਆ। ਲਿਖਾਰੀਓ ਕਰੋ ਧਿਆਨੀ, ਆਪਣਾ ਧਿਆਨ ਲਗਾਈਆ। ਆਪਣਿਆਂ ਨੇਤਰਾਂ ਵਿਚ ਇਕ ਇਕ ਬੂੰਦ ਪਾਓ ਪਾਣੀ, ਰਾਵੀ ਕੰਢਾ ਸੋਭਾ ਪਾਈਆ। ਤੁਹਾਡੀ ਹਰਿ ਸੰਗਤ ਵੇਖਣ ਵਾਲੀ ਅੱਖ ਰਹੇ ਨਾ ਕਾਣੀ, ਇਕੋ ਰੰਗ
ਸਮਾਈਆ। ਪ੍ਰਭ ਮੇਲਾ ਮਿਲਿਆ ਤਾਣ ਨਿਤਾਣੀ, ਜੋ ਦਾਤਾ ਧੁਰਦਰਗਾਹੀਆ। ਜਿਸ ਦੀ ਆਦਿ ਜੁਗਾਦਿ ਅਕਥ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਜਿਸ ਦੀ ਸਦਾ ਇਕੋ ਤਰਲ ਜਵਾਨੀ, ਜੋਬਨਵੰਤਾ ਬੇਪਰਵਾਹੀਆ। ਉਹ ਲੇਖਾ ਜਾਣੇ ਚਾਰੇ ਖਾਣੀ, ਚਾਰੋਂ ਕੁੰਟ ਫੋਲ ਫੁਲਾਈਆ। ਲੱਖ ਚੁਰਾਸੀ ਰਿੜਕਣ ਵਾਲਾ ਨਾਲ ਨਾਮ ਮਧਾਣੀ, ਗੇੜਾ ਜੁਗਾਂ ਨਾਲ ਰਖਾਈਆ। ਜਿਸ ਦੀ ਖੇਲ ਚੋਜ ਵਡਾਣੀ, ਭੇਵ ਕੋਇ ਨਾ ਪਾਈਆ। ਜੋ ਲੇਖਾ ਜਾਣੇ ਸ਼ਾਸਤਰ ਪੁਰਾਣੀ, ਪੁਨਹ ਪੁਨਹ ਖੋਜ ਖੁਜਾਈਆ। ਜਿਸ ਹੁਕਮ ਕਾਇਮ ਕੀਤੇ ਅੰਜੀਲ ਕੁਰਾਨੀ, ਅੱਖਰ ਅੱਖਰਾਂ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਵੀ ਕਹੇ ਗੁਰਮੁਖੋ ਮੇਰੀ ਨਿਮਸਕਾਰ, ਭਗਤੋ ਬੰਦਨਾ ਦਿਆਂ ਜਣਾਈਆ। ਸਾਚੇ ਸੰਤੋ ਕਰਾਂ ਸਤਿਕਾਰ, ਗੁਰਸਿਖੋ ਦਿਆਂ ਵਧਾਈਆ। ਮੇਰਾ ਸੁਣੋ ਪਿਛਲਾ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਮੈਨੂੰ ਸੰਦੇਸਾ ਦੇ ਗਿਆ ਰਾਮ ਅਵਤਾਰ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਬਾਲਮੀਕ ਬਣ ਲਿਖਾਰ, ਲੇਖਾ ਉਂਗਲਾਂ ਨਾਲ ਜਣਾਈਆ। ਮੁਹੰਮਦ ਕੀਤਾ ਨੈਣ ਇਸ਼ਾਰ, ਚਹੁੰ ਯਾਰਾਂ ਸੈਨਤ ਨਾਲ ਸਮਝਾਈਆ। ਖੇਲ ਤੱਕੋ ਪਰਵਰਦਿਗਾਰ, ਜੋ ਅੱਲਾ ਨੂਰ ਅਲਾਹੀਆ। ਜੋ ਸਭ ਦਾ ਸਾਂਝਾ ਯਾਰ, ਹਕ ਹਕੀਕਤ ਦਾ ਮਾਲਕ ਇਕ ਅਖਵਾਈਆ। ਅਸੀਂ ਓਸ ਦੇ ਬਰਖ਼ੁਰਦਾਰ, ਨਿਵ ਨਿਵ ਸੀਸ ਝੁਕਾਈਆ। ਉਹ ਸਾਡਾ ਪਹਿਰੇਦਾਰ, ਅੱਠੇ ਪਹਿਰ ਜਗਾਈਆ। ਉਹ ਅਮਾਮ ਅਮਾਮਾ ਨੂਰ ਉਜਿਆਰ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਖੇਲ ਹੋਣਾ ਅਪਾਰ, ਅਪਰੰਪਰ ਆਪ ਕਰਾਈਆ। ਲਹਿਣਾ ਦੇਣਾ ਵੇਖੇ ਸਰਬ ਸੰਸਾਰ, ਲੇਖਾ ਕਾਇਨਾਤ ਚੁਕਾਈਆ। ਮੇਰਾ ਅਮਾਮ ਅਮਾਮਾ ਸਿਕਦਾਰ, ਸਿਕ ਸਭ ਦੀ ਵੇਖ ਵਖਾਈਆ। ਰਾਵੀ ਕੰਢਾ ਕਰ ਵਿਚਾਰ, ਛੰਦਾ ਆਪਣਾ ਦਏ ਸੁਣਾਈਆ। ਇਹ ਸੰਦੇਸਾ ਓਸੇ ਦੀ ਧਾਰ, ਬਿਨਾ ਇਲਮ ਤੋਂ ਦਿਆਂ ਜਣਾਈਆ। ਜਿਥੇ ਕਲਮ ਦਾ ਨਹੀਂ ਸ਼ੁਮਾਰ, ਹਰਫ਼ ਹਰੂਫ਼ ਨਾ ਕੋਇ ਵਡਿਆਈਆ। ਜਿਸ ਦਾ ਪੰਧ ਨਹੀਂ ਮੀਲ ਦੋ ਚਾਰ, ਬ੍ਰਹਿਮੰਡਾਂ ਖੰਡਾਂ ਕਦਮਾਂ ਹੇਠ ਰਖਾਈਆ। ਉਹ ਮੇਰਾ ਮੇਲਾ ਕਰੇ ਆਪਣੇ ਨਾਲ, ਦਵੈਤੀ ਵੰਡ ਨਾ ਕੋਇ ਵੰਡਾਈਆ। ਪਾਤਸ਼ਾਹ ਬਣ ਕੰਗਾਲ, ਵੇਸ ਦਰਵੇਸ਼ਾ ਰੂਪ ਬਦਲਾਈਆ। ਸਾਚੀ ਪੂਰੀ ਪਾਏ ਘਾਲ, ਲੇਖਾ ਲੇਖੇ ਵਿਚ ਰਖਾਈਆ। ਮੇਰਾ ਹੱਲ ਕਰੇ ਸਵਾਲ, ਜਵਾਬ ਇਕੋ ਦਏ ਦ੍ਰਿੜਾਈਆ। ਜਿਸ ਦਾ ਰੂਪ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਉਹ ਮੇਰੀ ਕਰੇ ਭਾਲ, ਮੈਂ ਓਸੇ ਦਾ ਰਾਹ ਤਕਾਈਆ। ਜਦ ਅੰਤ ਹੋਵੇ ਜ਼ਵਾਲ, ਸਦੀ ਚੌਧਵੀਂ ਖੇਲ ਖਿਲਾਈਆ। ਵੇਖੇ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਕੁਛ ਮੇਰੀ ਸੁਣ ਲਓ ਕਥਾ, ਕਥਨ ਵਾਲਿਓ ਦਿਆਂ ਜਣਾਈਆ। ਪ੍ਰਭ ਦਾ ਖੇਲ ਯਥਾਰਥ ਯਥਾ, ਯਦੀ ਦਿਆਂ ਸਮਝਾਈਆ। ਜੋ ਆਦਿ ਜੁਗਾਦੀ ਪੁਰਖ ਸਮਰਥਾ, ਵੱਡਾ ਵਡ ਵਡਿਆਈਆ। ਉਹ ਨਿਰਗੁਣ ਧਾਰ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਦੀਨ ਦੁਨੀ ਕਰੇ ਠੱਠਾ, ਠਾਕਰ ਸਮਝ ਕੋਇ ਨਾ ਪਾਈਆ। ਜੋ ਪੁਰੀਆਂ ਲੋਆਂ ਟੱਪਾ, ਬ੍ਰਹਿਮੰਡਾਂ ਪੰਧ ਮੁਕਾਈਆ। ਉਹ ਸਤਿ ਸਰੂਪ ਪੱਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਵਾਹਿਦ ਹੁਕਮ ਯਕਾ, ਦੀਗਰੇ ਅਵਰ ਨਾ ਕੋਇ ਸ਼ਨਵਾਈਆ। ਉਸ ਦੀ ਨਿਰਗੁਣ ਧਾਰ ਵੇਖੋ ਸਤਾ, ਸਤਿ ਸਤਿਵਾਦੀ ਰੂਪ ਬਦਲਾਈਆ। ਮੈਂ ਉਸ ਨੂੰ ਟੇਕਣ ਆਇਆ ਮੱਥਾ, ਰਾਵੀ ਕੰਢਾ ਰੰਗ ਰੰਗਾਈਆ। ਗੰਗਾ
ਗੋਦਾਵਰੀ ਜਮਨਾ ਸੁਰਸਤੀ ਸਾਥ ਬਣਿਆ ਅੱਛਾ, ਅੱਛੀ ਤਰ੍ਹਾ ਜਣਾਈਆ। ਨਾਲ ਰਲਾਇਆ ਮੱਛਾ ਕੱਛਾ, ਜਲ ਹੋੜਿਆਂ ਸੰਗ ਨਿਭਾਈਆ। ਮੈਂ ਖੇਲ ਅਗੰਮਾ ਦੱਸਾ, ਦ੍ਰਿਸ਼ਟੀ ਵਾਲਿਓ ਦ੍ਰਿਸ਼ਟ ਖੁਲਾਈਆ। ਚਾਰੋਂ ਕੁੰਟ ਪੈਣੀਆਂ ਗ਼ਸ਼ਾ, ਸੁਰਤ ਸੁਰਤ ਨਾ ਕੋਇ ਸਮਝਾਈਆ। ਨਾਰਦ ਕਹੇ ਮੈਂ ਅਜੇ ਤੱਕ ਗੋਬਿੰਦ ਦਾ ਪਹਿਨਿਆ ਨਹੀਂ ਕੱਛਾ, ਕੱਛਾਂ ਮਾਰ ਕੇ ਰਿਹਾ ਵਖਾਈਆ। ਮੈਂ ਖਾਧਾ ਨਹੀਂ ਗਾਂ ਵੱਛਾ, ਸੂਰਾਂ ਖੱਲ ਨਾ ਕੋਇ ਲੁਹਾਈਆ। ਮੈਂ ਲਿਆ ਨਹੀਂ ਕੋਈ ਰਸਾ, ਰਸਨਾ ਰਸ ਨਾ ਕੋਇ ਚਖਾਈਆ। ਮੈਨੂੰ ਇਕੋ ਸਵਾਦ ਆਇਆ ਜਾਂ ਮੈਂ ਹੋੜਾ ਤੱਕਿਆ ਉਪਰ ਸੱਸਾ, ਸੋ ਪੁਰਖ ਨਿਰੰਜਣ ਦਿਤਾ ਵਖਾਈਆ। ਹੰ ਬ੍ਰਹਮ ਉਸ ਵਿਚ ਫਸਾ, ਬਾਹਰ ਸਕੇ ਨਾ ਕੋਇ ਕਢਾਈਆ। ਇਸ ਤੋਂ ਪਰੇ ਜਗਤ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਚਾਰੋਂ ਕੁੰਟ ਨੱਸਾ, ਭੱਜਿਆ ਵਾਹੋ ਦਾਹੀਆ। ਮੈਨੂੰ ਪੰਜ ਚੇਤ ਸੁਨੇਹੁੜਾ ਦੱਸਾ, ਅਗੰਮੀ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਰਾਵੀ ਦਾ ਵੇਖੋ ਤਟ, ਜਗਤ ਘਾਟ ਨਜ਼ਰੀ ਆਈਆ। ਪ੍ਰਭ ਦਾ ਵੇਖੋ ਹੱਟ, ਕਿਸ ਬਿਧ ਵਣਜਾਰਾ ਆਪਣਾ ਵਣਜ ਕਰਾਈਆ। ਮੈਂ ਵੀ ਆਇਆ ਨੱਠ, ਭੱਜਿਆ ਵਾਹੋ ਦਾਹੀਆ। ਏਥੇ ਵੇਖਿਆ ਗੁਰਮੁਖਾਂ ਦਾ ਇਕੱਠ, ਹਰਿਜਨ ਸੋਭਾ ਪਾਈਆ। ਮੈਂ ਆਪਣਾ ਰੂਪ ਲਿਆ ਪਲਟ, ਆਪਣੀ ਲਈ ਅੰਗੜਾਈਆ। ਮੇਰੀ ਬੋਦੀ ਖੜੀ ਹੋ ਗਈ ਝਟ, ਝਟਕੇ ਹਲਾਲੀ ਵਾਲੇ ਵੇਖ ਵਖਾਈਆ। ਫੇਰ ਹੱਸ ਕੇ ਕਹੇ ਪ੍ਰਭ ਨੇ ਸਭ ਨੂੰ ਲਾਉਣੀ ਸੱਟ, ਸ਼ਬਦ ਹਥੌੜਾ ਹੱਥ ਉਠਾਈਆ। ਗੜ੍ਹ ਹੰਕਾਰੀ ਜਾਣੇ ਢੱਠ, ਮਨਸਾ ਮਨ ਦਏ ਮਿਟਾਈਆ। ਕਲਜੁਗ ਕੂੜ ਕੁੜਿਆਰਾ ਹੋਣਾ ਭੱਠ, ਗੁਰ ਅਰਜਨ ਦੀ ਭੱਠੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਨੀ ਸੁਣ ਲੈ ਜਮਨਾ ਸੁਰਸਤੀ, ਗੋਦਾਵਰੀ ਗੰਗਾ ਨਾਲ ਮਿਲਾਈਆ। ਉਠੋ ਵੇਖੋ ਪ੍ਰਭ ਦੀ ਹਸਤੀ, ਬਿਨ ਹੱਥਾਂ ਪੈਰਾਂ ਨਜ਼ਰੀ ਆਈਆ। ਇਹ ਮਿਲ ਗਈ ਬੜੀ ਸਸਤੀ, ਪੂਜਾ ਪਾਠ ਦਾ ਦਾਮ ਨਾ ਕੋਇ ਲਗਾਈਆ। ਇਹ ਭੁੱਖੀ ਆਪਣੇ ਜਸ ਦੀ, ਸਿਫ਼ਤਾਂ ਵਿਚ ਸਲਾਹੀਆ। ਜੋਤ ਤੱਕੋ ਏਸ ਦੇ ਅੱਖ ਦੀ, ਜੋ ਨਿਜ ਨੇਤਰ ਕਰੇ ਰੁਸ਼ਨਾਈਆ। ਮੈਂ ਗੱਲ ਸੁਣਾਵਾਂ ਸਚ ਦੀ, ਇਹੋ ਪਿਤਾ ਇਹੋ ਮਾਈਆ। ਇਹਦੀ ਸ਼ਕਲ ਨਾ ਵੇਖਿਓ ਜੱਟ ਦੀ, ਇਹ ਦਾਤਾ ਧੁਰਦਰਗਾਹੀਆ। ਰਾਵੀ ਏਸੇ ਦੇ ਵੈਰਾਗ ਵਿਚ ਅੱਖਾਂ ਚੋਂ ਹੰਝੂ ਸਟਦੀ, ਵਹਿਣਾ ਧਾਰ ਵਹਾਈਆ। ਦਿਵਸ ਰੈਣ ਨੱਠਦੀ, ਭੱਜੇ ਵਾਹੋ ਦਾਹੀਆ। ਜਿਹੜੀ ਪਿਆਰੀ ਅਰਜਨ ਵਾਲੀ ਰਤ ਦੀ, ਰਤਨ ਅਮੋਲਕ ਗੁਰਮੁਖ ਵੇਖ ਵਖਾਈਆ। ਇਹ ਖੇਲ ਨਹੀਂ ਕਿਸੇ ਤਤ ਦੀ, ਤਤਵ ਤਤ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਗੋਦਾਵਰੀ ਸੁਰਸਤੀ ਜਮਨਾ ਗੰਗਾ, ਗੰਗੋਤਰੀ ਦਿਆਂ ਜਣਾਈਆ। ਖੇਲ ਤੱਕ ਸੂਰਾ ਸਰਬੰਗਾ, ਜੋ ਮਾਲਕ ਨੂਰ ਅਲਾਹੀਆ। ਜਿਸ ਦੇ ਹੁਕਮ ਵਿਚ ਤੁਹਾਡਾ ਵਹਿਣ ਲੱਗੇ ਚੰਗਾ, ਤੱਟ ਕਿਨਾਰੇ ਸੋਭਾ ਪਾਈਆ। ਉਸ ਵੇਸ ਵਟਾਇਆ ਜਗਤ ਦਿਸਾਏ ਬੰਦਾ, ਤਤਾਂ ਵੰਡ ਵੰਡਾਈਆ। ਅੰਤਰ ਤੱਕੋ ਨੂਰ ਅਲਾਹੀ ਚੰਦਾ, ਬਿਨ ਚੰਦ ਚਾਂਦਨੇ ਕਰੇ ਰੁਸ਼ਨਾਈਆ। ਉਹਦਾ ਗਾਓ ਤੂੰ ਮੇਰਾ ਮੈਂ ਤੇਰਾ ਛੰਦਾ, ਸੋਹੰ ਢੋਲਾ ਵਡ ਵਡਿਆਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਵਡ ਸੂਰਾ ਸਰਬੰਗਾ, ਪੁਰਖ ਅਕਾਲ ਇਕ ਅਖਵਾਈਆ।
ਤੁਹਾਡਾ ਸਿਰ ਰਹਿਣ ਨਾ ਦੇਵੇ ਨੰਗਾ, ਅੰਤ ਕੰਤ ਲਏ ਪ੍ਰਨਾਈਆ। ਮੈਂ ਚਾਰ ਜੁਗ ਦਾ ਰੰਡਾ, ਮੇਰੀ ਮਾਤਾ ਸਗਨ ਨਾ ਕੋਇ ਮਨਾਈਆ। ਮੇਰੀ ਨਾ ਧੋਤੀ ਨਾ ਤੰਬਾ, ਗਲ ਕੁੜਤੀ ਨਾ ਹੋਏ ਸਹਾਈਆ। ਪਰ ਮੇਰੀ ਬੋਦੀ ਦਾ ਵਾਲ ਸਭ ਤੋਂ ਲੰਮਾ, ਜਿਸ ਦੀ ਮਿਣਤੀ ਮਿਣਤ ਨਾ ਕੋਇ ਵਖਾਈਆ। ਜਿਸ ਦੇ ਵਿਚੋਂ ਮੈਨੂੰ ਮਿਲੇ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਕਮਲੀਏ ਉਹ ਸੂਰਬੀਰ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂ ਦੇਣ ਬਿਆਨਾ, ਸਿਫ਼ਤਾਂ ਵਿਚ ਸਲਾਹੀਆ। ਨੌ ਸੌ ਨੜ੍ਹਿਨਵੇਂ ਨਦੀ ਜਿਸ ਦਾ ਨਿਸ਼ਾਨਾ, ਜਲ ਧਾਰਾ ਵਹਿਣ ਵਹਾਈਆ। ਗੋਦਾਵਰੀ ਉਸ ਦਾ ਰਾਵੀ ਨੇ ਪੀਤਾ ਅੰਮ੍ਰਿਤ ਜਾਮ ਹਕ ਪਿਆਲਾ, ਬਿਨਾ ਪੈਮਾਇਸ਼ ਤੋਂ ਦਿਤਾ ਫੜਾਈਆ। ਉਹ ਦੀਨਾਂ ਬੰਧੂ ਦੀਨ ਦਿਆਲਾ, ਦਇਆਨਿਧ ਇਕ ਅਖਵਾਈਆ। ਜਿਸ ਨੇ ਪਿਛਲਾ ਵਕਤ ਸੰਭਾਲਾ, ਸੰਬਲ ਬਹਿ ਕੇ ਆਪਣਾ ਲੇਖਾ ਆਪਣੇ ਹੱਥ ਰਖਾਈਆ। ਜਿਸ ਦੇ ਹੁਕਮੇ ਅੰਦਰ ਕਾਲ ਮਹਾਕਾਲਾ, ਭੱਜਣ ਵਾਹੋ ਦਾਹੀਆ। ਉਹ ਖੇਲ ਮੁਕਾਵਣ ਆਇਆ ਹਾਲਾ, ਹਾਲਤ ਤੱਕੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਰਾਵੀ ਕਹੇ ਨਾਰਦਾ ਮੇਰਾ ਸੁਹੰਜਣਾ ਹੋ ਗਿਆ ਤੱਟ, ਕਿਨਾਰਿਆਂ ਮਿਲੀ ਵਡਿਆਈਆ। ਮੇਰਾ ਸਵਾਮੀ ਬਦਲੇ ਮੇਰੇ ਵੱਲ ਕਰਵਟ, ਮੈਂ ਦਰਸ਼ਨ ਕਰਾਂ ਚਾਈਂ ਚਾਈਂਆ। ਮੇਰੀ ਥੱਲੇ ਦੀ ਤਹਿ ਦਾ ਵੇਖੇ ਫੱਟ, ਜਿਥੇ ਮੇਰਾ ਸੀਨਾ ਨਜ਼ਰ ਕਿਸੇ ਨਾ ਆਈਆ। ਮੈਨੂੰ ਅਰਜਨ ਦੇ ਚਰਨਾਂ ਨੇ ਦਿਤਾ ਕੱਟ, ਕਟਾਕਸ਼ ਮੇਰੇ ਅੰਦਰ ਲਗਾਈਆ। ਇਸ਼ਾਰਾ ਦਿਤਾ ਤੂੰ ਨਾਲੇ ਰੋ ਤੇ ਨਾਲੇ ਹੱਸ, ਦੋਵੇਂ ਰੰਗ ਵਖਾਈਆ। ਮੈਂ ਹੈਰਾਨ ਹੋ ਗਈ ਕਿਸ ਹੁਕਮ ਵਿਚ ਗਈ ਫਸ, ਪੱਲੂ ਸਕੇ ਨਾ ਕੋਇ ਛੁਡਾਈਆ। ਝਟ ਸਤਿਗੁਰ ਅਰਜਨ ਚਰਨ ਮੇਰੇ ਸੀਨੇ ਉਤੇ ਦਿਤਾ ਧੱਸ, ਜ਼ੋਰ ਨਾਲ ਦਬਾਈਆ। ਮੈਨੂੰ ਮਿਲਿਆ ਉਹ ਰਸ, ਜਿਸ ਰਸ ਨੂੰ ਰਸਨਾ ਚਖ ਨਾ ਸਕੇ ਰਾਈਆ। ਮੈਂ ਹੋ ਗਈ ਉਸੇ ਦੇ ਵਸ, ਪ੍ਰੇਮ ਵਿਚ ਦਿਆਂ ਸੁਣਾਈਆ। ਕੁਝ ਮੇਰਾ ਮਾਰਗ ਦੱਸ, ਜੁਗ ਚੌਕੜੀ ਕਿਉਂ ਭੱਜਾ ਵਾਹੋ ਦਾਹੀਆ। ਤੇਰੀ ਜੋਤ ਜਗੇ ਅੰਦਰ ਲਟ ਲਟ, ਬਾਹਰੋਂ ਖਲੜੀ ਛਾਲਿਆਂ ਨਾਲ ਭਰਾਈਆ। ਗੁਰ ਅਰਜਨ ਸੰਦੇਸਾ ਦਿਤਾ ਝਟ, ਸ਼ਬਦ ਸ਼ਬਦ ਨਾਲ ਸਮਝਾਈਆ। ਏਥੋਂ ਚੜ੍ਹਦੇ ਦਾ ਵੇਖ ਲੈ ਤੱਟ, ਆਪਣੀ ਅੱਖ ਉਠਾਈਆ। ਲਹਿੰਦੇ ਦੀ ਵੇਖ ਖਟ, ਖਟੀਆ ਕੀ ਸੁਣਾਈਆ। ਦੋਹਾਂ ਦਾ ਵਿਚੋਲਾ ਆਏ ਪੁਰਖ ਸਮਰਥ, ਜੋਤੀ ਜਾਤਾ ਧੁਰਦਰਗਾਹੀਆ। ਲਹਿੰਦੀ ਦਿਸ਼ਾ ਜਾਏ ਨੱਠ, ਆਪਣਾ ਪੰਧ ਮੁਕਾਈਆ। ਮੁਹੰਮਦ ਦਾ ਲੇਖਾ ਪੂਰਾ ਕਰੇ ਚਰਨ ਟਿਕਾਏ ਥਾਨ ਅਗੰਮੇ ਰਖ, ਜਿਥੇ ਬਿਨਾ ਨੈਣਾਂ ਨੈਣ ਗਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰਾਵੀ ਕਹੇ ਮੈਂ ਹੋਰ ਕੀਤੀ ਪੁਕਾਰ, ਨਿਵ ਨਿਵ ਕੇ ਸੀਸ ਨਿਵਾਈਆ। ਮੇਰੇ ਨਿਰਗੁਣ ਨਾਨਕ ਦੀ ਧਾਰ, ਸਰਗੁਣ ਅਰਜਨ ਤੇਰੀ ਵੱਜੇ ਵਧਾਈਆ। ਤੇਰੇ ਸਰੀਰ ਨੇ ਛਡ ਜਾਣਾ ਸੰਸਾਰ, ਨਾਤਾ ਤਤਾਂ ਵੇਖਣ ਕੋਇ ਨਾ ਪਾਈਆ। ਕੁਛ ਅਗਲਾ ਦੱਸ ਵਿਚਾਰ, ਵਿਚਰ ਕੇ ਦੇ ਸੁਣਾਈਆ। ਰਾਵੀ ਕਹੇ ਝਟ ਸਤਿਗੁਰ ਨੇ ਨੇਤਰ ਲਿਆ ਉਘਾੜ, ਅੱਖ ਅੱਖ ਵਿਚੋਂ ਬਦਲਾਈਆ। ਮੈਨੂੰ ਪੋਹ ਨਾ ਸਕੇ ਅਗਨੀ ਤਤੀ ਹਾੜ, ਤਤੀ ਤਵੀ ਨਾ ਕੋਇ ਤਪਾਈਆ। ਮੇਰਾ ਸਾਥੀ ਧੁਰ ਦਾ ਯਾਰ, ਯਰਾਨਾ ਮੇਰੇ ਨਾਲ
ਰਖਾਈਆ। ਮੈਂ ਉਸੇ ਦਾ ਕਰਾਂ ਦੀਦਾਰ, ਬਿਨ ਨੈਣਾਂ ਨਜ਼ਰੀ ਆਈਆ। ਜਿਸ ਨੇ ਮੁਹੰਮਦ ਨਾਲ ਕੀਤੀ ਗੁਫ਼ਤਾਰ, ਗੁਫ਼ਤ ਸ਼ਨੀਦ ਭੇਵ ਖੁਲਾਈਆ। ਜਿਸ ਈਸਾ ਨੂੰ ਕੀਤਾ ਬੇਜ਼ਾਰ, ਗ਼ਫ਼ਲਤ ਨੀਂਦ ਵਿਚੋਂ ਬਾਹਰ ਕਢਾਈਆ। ਜਿਨ੍ਹ ਮੂਸਾ ਲਿਆ ਉਠਾਲ, ਨੂਰ ਨੁਰਾਨਾ ਡਗਮਗਾਈਆ। ਜਿਸ ਨਾਨਕ ਦਾ ਹੱਲ ਕੀਤਾ ਸਵਾਲ, ਫਿਕਰਾ ਇਕੋ ਇਕ ਦ੍ਰਿੜਾਈਆ। ਉਹ ਪਾਤਸ਼ਾਹ ਸ਼ਹਿਨਸ਼ਾਹ ਦੀਨ ਦਿਆਲ , ਦੀਨਾਂ ਬੰਧਪ ਇਕ ਅਖਵਾਈਆ। ਰਾਵੀ ਮੇਰੀ ਭਾਵੀ ਦਾ ਲਹਿਣਾ ਤੇਰਾ ਕਰੇ ਖ਼ਿਆਲ, ਭੁਲ ਵਿਚ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਸਮਝਾਈਆ। ਰਾਵੀ ਕਹੇ ਮੈਂ ਹੋਰ ਕੀਤੀ ਇਕ ਅਰਜ, ਦੋਵੇਂ ਕੰਨਾਂ ਨੂੰ ਹੱਥ ਲਗਾਈਆ। ਸਾਡੀ ਕੌਣ ਵੰਡੇਗਾ ਦਰਦ, ਦੁਖੀਆਂ ਹੋਵੇ ਕਵਣ ਸਹਾਈਆ। ਗੁਰੂ ਅਰਜਨ ਕਿਹਾ ਉਸ ਦਾ ਖੇਲ ਸਦਾ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਯੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਵੇਖਣ ਆਵੇ ਥਾਉਂ ਥਾਈਂਆ। ਤੇਰੀ ਲਹਿਣੇ ਪਾਵੇ ਦੇਣੇ ਵਾਲੀ ਗ਼ਰਜ਼, ਗਰਜੇ ਕਿ ਆਪਣੀ ਗ਼ਰਜ਼ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਰਾਵੀ ਕਹੇ ਮੇਰੀ ਉਛਲ ਕੇ ਸਤਿਗੁਰ ਦੇ ਚਰਨਾਂ ਨਾਲ ਲੱਗੀ ਰੇਤ, ਉਤੇ ਥੱਲੇ ਸੋਭਾ ਪਾਈਆ। ਮੈਂ ਕਿਹਾ ਪ੍ਰਭੂ ਹੁਣ ਦੱਸ ਦੇ ਆਪਣਾ ਭੇਤ, ਕੀ ਸਤਿਗੁਰ ਬੇਪਰਵਾਹੀਆ। ਝਟ ਹੁਕਮ ਹੋਇਆ ਬਿਨਾ ਅੱਖਾਂ ਤੇ ਉਹ ਵੇਖ, ਇਸ਼ਾਰਾ ਦਿਤਾ ਜਣਾਈਆ। ਜਿਹੜਾ ਵਸਣਾ ਸੰਬਲ ਦੇਸ, ਗ੍ਰਹਿ ਇਕੋ ਇਕ ਵਡਿਆਈਆ। ਉਹ ਮਾਲਕ ਹੋਏ ਨਰੇਸ਼, ਨਰ ਨਰਾਇਣ ਅਗੰਮ ਅਥਾਹੀਆ। ਜਿਸ ਸੁਤ ਦੁਲਾਰਾ ਬਣਾਉਣਾ ਦਸ ਦਸਮੇਸ, ਕਲ ਧਾਰੀ ਦਏ ਵਡਿਆਈਆ। ਜੋ ਸਦਾ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਤੂੰ ਉਸ ਦੇ ਹੋਣਾ ਪੇਸ਼, ਰਾਵੀ ਰਸਤਾ ਦਿਆਂ ਦ੍ਰਿੜਾਈਆ। ਜਿਸ ਝਗੜਾ ਮੁਕਾਉਣਾ ਮੁੱਲਾ ਸ਼ੇਖ਼, ਸ਼ਰਅ ਦਾ ਡੇਰਾ ਢਾਹੀਆ। ਨਾਲੇ ਤੱਕੇ ਅਰਬ ਦੇ ਦੇਸ, ਦੇਸੰਤਰਾਂ ਖੋਜ ਖੁਜਾਈਆ। ਤੇਰੇ ਨਾਲ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੁਹੰਮਦ ਦੀ ਆਸਾ ਨਾਲ ਲੈ ਕੇ ਆਏ ਮਿੱਟੀ ਕਵੇਤ, ਚੂੰਢੀ ਵਿਚੋਂ ਅੱਧੀ ਚੂੰਢੀ ਤੇਰੇ ਵਿਚ ਸੁਟਾਈਆ। ਫੇਰ ਤੇਰਾ ਖ਼ੁਸ਼ੀਆਂ ਨਾਲ ਭਰ ਜਾਏ ਪੇਟ, ਜਗਤ ਦੀ ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਵੇਖੋ ਨਾਰਦ ਆ ਗਿਆ ਕਹਿੰਦਾ ਮੇਰਾ ਲੇਖਾ ਕਿੱਥੇ ਛੱਡਿਆ ਲਪੇਟ, ਕੁਝ ਮੈਨੂੰ ਦੇ ਸਮਝਾਈਆ। ਐਂਵੇ ਵਰਾਂ ਨਾਲ ਪਾਣੀ ਨੂੰ ਬਣਾਈ ਨਾ ਜਾ ਸੇਠ, ਜੋ ਵਹਿੰਦਿਆਂ ਵਹਿਣਾਂ ਵਿਚ ਭੱਜੇ ਵਾਹੋ ਦਾਹੀਆ। ਪ੍ਰਭੂ ਮੈਂ ਤੇਰੇ ਉਤੇ ਰਖੀ ਟੇਕ, ਦੂਜਾ ਇਸ਼ਟ ਨਾ ਕੋਇ ਰਖਾਈਆ। ਮੇਰਾ ਹਕ ਨਾ ਕਿਸੇ ਨੂੰ ਵੇਚ, ਮੇਰੀ ਵਸਤ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਰਾਵੀ ਕਹੇ ਨਾਰਦਾ ਤੂੰ ਕਿਉਂ ਪੰਡਤਾ ਸੜਦਾ, ਮੇਰੇ ਵਿਚੋਂ ਨਹਾ ਕੇ ਅੱਗ ਲੈ ਬੁਝਾਈਆ। ਨਾਰਦ ਕਹੇ ਰਾਵੀਏ ਮੈਂ ਇਕੋ ਅੱਖਰ ਪੜ੍ਹਦਾ, ਜਿਸ ਦੇ ਪੜ੍ਹਨ ਨਾਲ ਨਹਾਵਣ ਦੀ ਲੋੜ ਰਹੀ ਨਾ ਰਾਈਆ। ਰਾਵੀ ਕਹੇ ਤੂੰ ਕਿਹੜਾ ਕਾਰਜ ਕਰਦਾ, ਮੈਨੂੰ ਦੇ ਸਮਝਾਈਆ। ਨਾਰਦ ਕਹੇ ਮੈਂ ਇਕੋ ਬਚਨ ਦੱਸਾਂ ਜਿਸ ਨਾਲ ਸਾਰਾ ਕਾਰਜ ਸਰਦਾ, ਅੱਡੀ ਚੋਟੀ ਤਾਈਂ ਵੱਜੇ ਵਧਾਈਆ। ਮੈਂ ਪ੍ਰਭੂ ਨੂੰ ਆਖਾਂ ਤੂੰ ਮਾਲਕ ਮੇਰੇ ਘਰ ਦਾ, ਮੈਂ ਤੇਰੇ ਦਰ ਦਾ ਬਰਦਾ, ਦੋਹਾਂ ਦਾ ਇਕੋ ਗ੍ਰਹਿ ਸੋਭਾ ਪਾਈਆ। ਤੂੰ ਦੀਪਕ ਜੋਤੀ ਬਲਦਾ, ਮੈਂ ਓਸੇ ਦੇ ਵਿਚ ਰਲਦਾ, ਵੱਖਰਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਵੀ ਕਹੇ ਮੇਰੇ ਅੰਦਰ ਇਕ ਹੋਰ ਉਠੀ ਹੁੱਕ, ਮੈਂ ਹੁਕਮ ਪੁਛਿਆ ਚਾਈਂ ਚਾਈਂਆ। ਸਤਿਗੁਰ ਅਰਜਨ ਕਦੋਂ ਕੂੜ ਦਾ ਪੈਂਡਾ ਜਾਏ ਮੁਕ, ਮੈਨੂੰ ਦੇ ਸਮਝਾਈਆ। ਨਾਲੇ ਟੇਢੀ ਹੋ ਗਈ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਝਟ ਸਤਿਗੁਰ ਨੇ ਬੋਲੀ ਇਕ ਤੁਕ, ਤੂੰ ਮੇਰਾ ਮੈਂ ਤੇਰਾ ਦਿਤਾ ਸੁਣਾਈਆ। ਇਹ ਸ਼ਬਦ ਦੀ ਧਾਰ ਚਲਾਏ ਨਿਰੰਕਾਰ ਜਿਸ ਨੇ ਸਭ ਦਾ ਬਦਲਣਾ ਰੁਖ਼, ਦੀਨ ਦੁਨੀ ਦੇਣੀ ਬਦਲਾਈਆ। ਰਾਵੀ ਕਹੇ ਮੈਂ ਸੁੱਖਣਾ ਲਵਾਂ ਸੁੱਖ, ਅੱਜ ਦੀ ਆਸ ਰਖਾਈਆ। ਜਦ ਆਵੇਂ ਤੇ ਮੇਰਾ ਮੇਟੀਂ ਦੁੱਖ, ਦੁਖੀਆਂ ਦਰਦ ਵੰਡਾਈਆ। ਮੈਂ ਤੇਰਾ ਦਰਸ਼ਨ ਕਰਾਂ ਹੋ ਕੇ ਸਨਮੁਖ, ਬਿਨ ਨੈਣਾਂ ਨੇਤਰ ਨੈਣ ਲਵਾਂ ਬਿਗਸਾਈਆ। ਕਿਤੇ ਲੰਘ ਨਾ ਜਾਵੀਂ ਚੁਪੀਤਾ ਚੁਪ, ਆਪਣਾ ਪੰਧ ਮੁਕਾਈਆ। ਝਟ ਅਰਜਨ ਨੇ ਕਿਹਾ ਰਾਵੀਏ ਉਹਦੇ ਨਾਲ ਹੋਣਾ ਸਤਿਗੁਰ ਸ਼ਬਦ ਗੋਬਿੰਦ ਸੁਤ, ਜੋ ਤੈਨੂੰ ਸੁੱਤੀ ਨੂੰ ਲਏ ਜਗਾਈਆ। ਤੈਨੂੰ ਸੁਰਤ ਨਹੀਂ ਰਹਿਣੀ ਮੈਂ ਕਿਹੜੇ ਵੇਲੇ ਸਵਾਰਾਂ ਆਪਣੀ ਗੁਤ, ਤਨ ਸ਼ਿੰਗਾਰ ਬਣਾਈਆ। ਸਵਾਮੀ ਨੂੰ ਕਰਾਂ ਖ਼ੁਸ਼, ਮੁਸਕਰਾਹਟ ਵਿਚ ਮੁਸਕਰਾਈਆ। ਉਸ ਨੇ ਇਕੋ ਵਾਰ ਬਦਲ ਕੇ ਆਪਣਾ ਰੁਖ਼, ਦਰ ਤੇਰਾ ਘਾਟ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਾ ਰੰਗ ਦਏ ਰੰਗਾਈਆ। ਨਾਰਦ ਕਹੇ ਪ੍ਰਭੂ ਕੀ ਰਾਵੀ ਦੀਆਂ ਆਸਾਂ, ਅਸਲ ਦੇ ਸਮਝਾਈਆ। ਕੀ ਓਸ ਦੀਆਂ ਅਰਦਾਸਾਂ, ਖ਼ਾਹਿਸ਼ਾਂ ਕੀ ਦ੍ਰਿੜਾਈਆ। ਕੀ ਉਸ ਦੀਆਂ ਸ਼ਾਖ਼ਾਂ, ਟਹਿਣੀ ਟਹਿਣੀ ਫੋਲ ਫੁਲਾਈਆ। ਕੀ ਉਸ ਦੀਆਂ ਬਾਤਾਂ, ਬਾਤਨ ਪਰਦਾ ਦੇ ਚੁਕਾਈਆ। ਰਾਵੀ ਕਹੇ ਨਾਰਦਾ ਜਿਸ ਵੇਲੇ ਕਲ ਹੋਈਆਂ ਅੰਧੇਰੀਆਂ ਰਾਤਾਂ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪੈਣਾ ਜਾਤਾਂ ਪਾਤਾਂ, ਦੀਨ ਮਜ਼੍ਹਬ ਕਰੇ ਲੜਾਈਆ। ਮਕਬਰਿਆਂ ਵਿਚ ਰੋਵਣ ਲਾਸ਼ਾਂ, ਮਸਾਣਾਂ ਵਿਚ ਪਵਣ ਰੂਪ ਦੇਣ ਦੁਹਾਈਆ। ਇਹ ਹੋਣਾ ਅੰਤਮ ਤਮਾਸ਼ਾ, ਹਰਿ ਕਰਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਨੂੰ ਨਹੀ ਹੋਈ ਤਸੱਲੀ, ਧੀਰਜ ਧੀਰ ਨਾ ਕੋਇ ਧਰਾਈਆ। ਮੈਨੂੰ ਖ਼ਬਰ ਦੱਸ ਇਕ ਇਕੱਲੀ, ਕੀ ਕੁਲ ਮਾਲਕ ਰਿਹਾ ਦ੍ਰਿੜਾਈਆ। ਉਹ ਪੈਗ਼ੰਬਰ ਹੋਵੇ ਕਿ ਵਲੀ, ਕਿ ਹਜ਼ਰਤ ਨੂਰ ਅਲਾਹੀਆ। ਉਹ ਤੁਰੇ ਫਿਰੇ ਕਿ ਪਾਵੇ ਜਲੀ, ਮਸਤ ਮਸਤਾਨਾ ਰੂਪ ਬਣਾਈਆ। ਕੀ ਉਹਨੂੰ ਸਜਦਾ ਕਰੇ ਅਲੀ, ਮੁਹੰਮਦ ਸੀਸ ਝੁਕਾਈਆ। ਕੀ ਉਹਦੀ ਮੰਦਰਾਂ ਵਿਚ ਵੱਜੇ ਟੱਲੀ, ਘੜਿਆਲ ਦੇਣ ਦੁਹਾਈਆ। ਕੀ ਉਸ ਦੀ ਧਾਰ ਤੱਟਾਂ ਕਿਨਾਰਿਆਂ ਵਹਿਣਾਂ ਧਾਰਾਂ ਵਿਚ ਹੋਵੇ ਰਲੀ, ਭੇਵ ਦੇ ਚੁਕਾਈਆ। ਜਿਸ ਦੀ ਚਾਰ ਜੁਗ ਸਾਰੇ ਦਿੰਦੇ ਰਹੇ ਬਲੀ, ਬਲ ਬਾਵਨ ਖੇਲ ਖਿਲਾਈਆ। ਰਾਵੀ ਕਹੇ ਨਾਰਦਾ ਮੈਂ ਉਸੇ ਦੇ ਦਰ ਦਵਾਰ ਤੇ ਖਲੀ, ਉਸੇ ਦਾ ਰਾਹ ਤਕਾਈਆ। ਹੋਕਾ ਦੇਵਾਂ ਗਲੀਓ ਗਲੀ, ਚਾਰ ਕੁੰਟ ਕਰਾਂ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਨਾਰਦ ਕਹੇ ਕੁਛ ਦੱਸ ਦੇ ਉਸ ਦੀ ਨਿਸ਼ਾਨੀ, ਕੀ ਸਤਿਗੁਰ ਅਰਜਨ ਗਿਆ ਜਣਾਈਆ। ਰਾਵੀ ਕਹੇ ਉਹ ਨੂਰ ਜੋਤ ਮਹਾਨੀ, ਮਹਿੰਮਾ ਬੇਪ੍ਰਵਾਹੀਆ। ਜਿਸ ਦੀ ਸਿਫ਼ਤ ਲਿਖ ਸਕੇ ਨਾ ਕਾਨੀ, ਕਾਇਨਾਤ ਨਾ ਕੋਇ ਵਡਿਆਈਆ। ਉਸ ਆਪਣੀ ਆਪ ਕਰਨੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਜੀਵ ਤਰ ਨਾ ਸਕੇ ਕਰਨ ਵਾਲੇ ਇਸ਼ਨਾਨੀ, ਪੂਜਾ ਪਾਠ ਕੰਮ ਕਿਸੇ ਨਾ ਆਈਆ।
ਉਹ ਵੇਖਣਹਾਰਾ ਦੋ ਜਹਾਨਾਂ ਤੱਕੇ ਥਾਉਂ ਥਾਈਂਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਅੰਜੀਲ ਕੁਰਾਨੀ, ਜਗਤ ਕੁਰਹਿਆਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਾਵੀ ਕਹੇ ਨਾਰਦਾ ਇਕ ਹੋਰ ਗੱਲ ਸੁਣ ਲੈ ਚਿੱਟੀ, ਜਿਸ ਦਾ ਨਿਸ਼ਾਨ ਨਜ਼ਰ ਕੋਇ ਨਾ ਆਈਆ। ਜਿਸ ਹਾਹੇ ਉਤੇ ਲਾਈ ਟਿੱਪੀ, ਆਤਮਾ ਲਈ ਪ੍ਰਗਟਾਈਆ। ਉਨ੍ਹ ਪੰਡਤਾ ਸ਼ਰਅ ਨੂੰ ਛਡਣਾ ਅਰਬ ਦੇਸ਼ ਚੋਂ ਮੇਰੇ ਵਾਸਤੇ ਲਿਆਉਣੀ ਮਿੱਟੀ, ਦੋਹਾਂ ਦਾ ਨਾਤਾ ਬਾਹਮੀ ਦਏ ਜੁੜਾਈਆ। ਮਜ਼੍ਹਬ ਤੋਂ ਸਭ ਨੂੰ ਕਰਾ ਦੇਣੀ ਛੁੱਟੀ, ਛੁਟਕਾਰਾ ਕਰੇ ਖ਼ਲਕ ਖ਼ੁਦਾਈਆ। ਮੈਂ ਉਸੇ ਦੀ ਸੇਵਾ ਵਿਚ ਕਰਦੀ ਬੁੱਤੀ, ਬੁਤਖ਼ਾਨਿਆਂ ਉਤੇ ਆਪਣਾ ਪਾਣੀ ਲਾਈਆ। ਪਰ ਮੇਰੀ ਫੇਰ ਸੋਹੇਗੀ ਰੁਤੀ, ਜਿਸ ਵੇਲੇ ਮੇਰੀ ਰੁਤੜੀ ਦਏ ਮਹਿਕਾਈਆ। ਨਾਰਦ ਕਹੇ ਮੈਂ ਇਕ ਹੋਰ ਗੱਲ ਤੈਨੂੰ ਰਿਹਾ ਪੁਛੀ, ਸਚ ਦੇ ਸਮਝਾਈਆ। ਉਹਦੀ ਸੂਰਤ ਉਹਦੀ ਮੂਰਤ ਕਿਸ ਬਿਧ ਭੇਵ ਖੁਲਾਏ ਗੁੱਝੀ, ਤੇਰਾ ਕੰਢਾ ਕੀ ਦਿੜਾਈਆ। ਰਾਵੀ ਕਹੇ ਉਹ ਦਰਵੇਸ਼ ਹੋਣਾ ਨਰੇਸ਼ ਹੋਣਾ ਨਾ ਪੈਰੀਂ ਹੋਣੀ ਜੁੱਤੀ, ਜੋਤਾਂ ਵਾਲੇ ਸਾਰੇ ਆਪਣੇ ਵਿਚ ਮਿਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਉਹਦੇ ਅੰਦਰ ਆਪਣੀ ਜਗਹ ਰਖਣੀ ਲੁਕੀ, ਸਾਰੇ ਇਕੱਠੇ ਹੋ ਕੇ ਡੇਰਾ ਲਾਈਆ। ਜਿਸ ਵੇਲੇ ਸਦੀ ਚੌਧਵੀਂ ਅੰਤਮ ਢੁਕੀ, ਉਹ ਢੁਕਵਾਂ ਵੇਲਾ ਮੇਰੇ ਨਾਲ ਸੁਹਾਈਆ। ਨਾਰਦਾ ਤੂੰ ਵੀ ਬੋਦੀ ਨੂੰ ਫੜ ਕੇ ਉਠੀਂ, ਜਿਸ ਬੋਦਿਆਂ ਵਾਲੇ ਲੈਣੇ ਉਠਾਈਆ। ਫਿਰ ਕਿਸੇ ਕੰਮ ਨਹੀਂ ਆਉਣਾ ਪਾਠ ਕੀਤਾ ਬੁੱਲਾਂ ਤੇ ਬੁੱਟੀਂ, ਜਿੰਨਾਂ ਚਿਰ ਹਿਰਦੇ ਹਰਿ ਨਾ ਕਿਸੇ ਵਸਾਈਆ। ਉਹ ਪਿਛਲੀ ਪ੍ਰੀਤੀ ਸਭ ਦੇ ਨਾਲੋਂ ਜਾਣੀ ਟੁੱਟੀ, ਅਗਲੀ ਅਗੇ ਆਪਣੀ ਗੰਢ ਪਵਾਈਆ। ਚਹੁੰ ਜੁਗਾਂ ਦਿਆਂ ਸਿਕਦਾਰਾਂ ਨੂੰ ਦੇਵੇ ਛੁਟੀ, ਛੁਟਕਾਰਾ ਦਏ ਕਰਾਈਆ। ਇਕ ਹੋਰ ਖੇਲ ਕਰਨੀ ਉਨ੍ਹ ਦਿਨ ਦਿਹਾੜੇ ਸਾਰੀ ਦੁਨੀਆ ਜਾਣੀ ਲੁੱਟੀ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਰਾਵੀ ਕਹੇ ਮੈਂ ਉਸ ਵੇਲੇ ਰਾਵੀ ਦਾ ਕੰਢਾ ਨਹੀਂ ਹੋਣਾ ਤੇ ਮੇਰੇ ਉਤੇ ਬੱਝੀ ਹੋਵੇਗੀ ਧੁੱਸੀ, ਧਰਮ ਦੀ ਧਾਰ ਨਾਲ ਜਣਾਈਆ। ਮੈਂ ਫੇਰ ਨਹੀਂ ਰਹਿਣਾ ਰੁੱਸੀ, ਪੰਜੇ ਲਿਖਾਰੀ ਦੇਣ ਗਵਾਹੀਆ। ਮੈਂ ਰਾਹੋਂ ਨਹੀਂ ਰਹਿਣਾ ਘੁੱਸੀ, ਭੱਜਾਂ ਵਾਹੋ ਦਾਹੀਆ। ਨਾਰਦਾ ਤੂੰ ਤਾਅ ਦੇਵੀਂ ਮੁੱਛੀ, ਤੇ ਬੋਦੀ ਲਈਂ ਅਕੜਾਈਆ। ਨਾਰਦ ਕਹੇ ਮੈਨੂੰ ਤੇ ਧੁਰ ਦੇ ਹਜ਼ਾਮ ਨੇ ਇਕੋ ਵਾਰ ਮੁੱਛ ਦਾਹੜੀ ਕੱਟਣ ਵਾਲੀ ਦਿਤੀ ਗੁਛੀ, ਜਿਸ ਦਾ ਕੱਟਿਆ ਵਾਲ ਨਜ਼ਰ ਕੋਇ ਨਾ ਆਈਆ। ਮੇਰੀ ਆਸ਼ਾ ਸਦਾ ਸੁੱਚੀ, ਸਚ ਸਚ ਸਚ ਵਿਚ ਸਮਾਈਆ। ਰਾਵੀ ਕਿਹਾ ਪਰ ਯਾਦ ਕਰੀਂ ਉਸ ਵੇਲੇ ਦੀਨ ਦੁਨੀਆ ਦੀ ਤਮੰਨਾ ਖ਼ਾਹਿਸ਼ ਮਨਾਂ ਵਾਲੀ ਹੋਣੀ ਲੁੱਚੀ, ਮਨਸਾ ਮਨ ਸਕੇ ਨਾ ਕੋਇ ਬਦਲਾਈਆ। ਤੇ ਪੰਡਤ ਪਾਂਧੇ ਸਾਰੇ ਹੋਣੇ ਦੁਖੀ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿ ਸਾਹਿਬ ਧੁਰਦਰਗਾਹੀਆ। ਰਾਵੀ ਕਹੇ ਮੈਂ ਖ਼ੁਸ਼ੀਆਂ ਨਾਲ ਵਿਛਾਵਾਂ ਪਲੰਘ, ਸੇਜਾ ਸੀਨੇ ਵਾਲੀ ਸੁਹਾਈਆ। ਜਨ ਭਗਤੋ ਮੋਹੇ ਚਾਓ ਘਨੇਰਾ ਮੈਂ ਵੇਖਾਂ ਕੁਵੈਤ ਵਾਲੀ ਮਿੱਟੀ ਦਾ ਰੰਗ, ਰੰਗ ਦੋ ਜਹਾਨਾਂ ਦਿਆਂ ਵਖਾਈਆ। ਝਟ ਉਠ ਖਲੋਤੀ ਖ਼ੁਸ਼ੀਆਂ ਨਾਲ ਗੰਗ, ਗੰਗਾ ਨੈਣ ਉਠਾਈਆ। ਜਮਨਾ ਮੰਗਣ ਲੱਗੀ ਮੰਗ, ਸੁਰਸਤੀ ਨਾਲ ਮਿਲਾਈਆ। ਗੋਦਾਵਰੀ ਕਹੇ ਮੇਰਾ ਭਾਗ ਰਹੇ ਨਾ ਮੰਦ, ਮੈਂ ਵੀ ਦਰਸ਼ਨ ਕਰਾਂ ਚਾਈਂ ਚਾਈਂਆ। ਨਾਰਦ ਕਹੇ ਪਹਿਲੋਂ ਮੈਨੂੰ ਹੱਸ ਕੇ ਵਖਾਓ ਆਪਣੇ ਦੰਦ, ਦੰਦਾਸੇ ਵਾਲਿਓ ਆਪਣਾ ਮੁਖ ਬਦਲਾਈਆ। ਫੇਰ ਤੱਕੋ ਨਿਸ਼ਾਨ ਤਾਰਾ ਚੰਦ, ਜੋ ਮੁਹੰਮਦ ਦੀ
ਦਏ ਗਵਾਹੀਆ। ਫੇਰ ਸੁਣੋ ਮੇਰੇ ਅੰਦਰ ਦਾ ਪ੍ਰਸੰਗ, ਨਾਰਦ ਕਹੇ ਮੈਂ ਤੁਹਾਨੂੰ ਦਿਆਂ ਸੁਣਾਈਆ। ਤੁਸੀਂ ਸੁਣ ਕੇ ਕੰਨਾਂ ਨੂੰ ਹੱਥ ਲਾਇਓ ਮੇਰਾ ਪੱਕਾ ਨਾ ਬਣਾਇਓ ਸੰਗ, ਮੇਰਾ ਘਰ ਘਰਾਨਾ ਨਜ਼ਰ ਕੋਇ ਨਾ ਆਈਆ। ਮੈਂ ਕਦੀ ਕਿਤੋਂ ਤੇ ਕਦੀ ਕਿਤੋਂ ਖਾਵਾਂ ਇਕ ਡੰਗ, ਜਗਤ ਖ਼ਜ਼ਾਨਾ ਮਾਲ ਨਾ ਕੋਇ ਭਰਾਈਆ। ਜੇ ਤੁਹਾਨੂੰ ਕਿਤੋਂ ਨਹੀਂ ਮਿਲੀ ਤੇ ਮੇਰੇ ਕੋਲੋਂ ਲੈ ਲਓ ਭੁੱਖ ਨੰਗ, ਨਾਰਦ ਬੋਦੀ ਨੂੰ ਭਵਾ ਕੇ ਰਿਹਾ ਵਖਾਈਆ। ਤੁਸੀਂ ਆਏ ਰਾਵੀ ਦੇ ਕੰਢੇ ਤੇ ਮੰਡ, ਜਿਥੇ ਮੰਡੇ ਪਕਾਉਣ ਵਾਲੀ ਨਜ਼ਰ ਕੋਇ ਨਾ ਆਈਆ। ਜੇ ਤੁਹਾਨੂੰ ਗਰਮੀ ਲੱਗੇ ਤੇ ਸਵਾਣੀਓ ਪਾਣੀ ਵਿਚ ਨਹਾ ਕੇ ਪਾ ਲਓ ਠੰਡ, ਆਪਣੀ ਅਗਨੀ ਲਓ ਬੁਝਾਈਆ। ਫੇਰ ਮੇਰੇ ਨਾਲ ਗਾਓ ਆਪਣਾ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਤੇ ਦੋਵੇਂ ਧਿਰਾਂ ਅੰਦਰੋਂ ਢਾਹ ਦਈਏ ਭਰਮਾਂ ਵਾਲੀ ਕੰਧ, ਕੰਢੀ ਤੇ ਬੈਠੇ ਕੰਢਾ ਅਗਲਾ ਪਿਛਲਾ ਪਾਰ ਕਰਾਈਆ। ਤੁਸੀਂ ਵੀ ਖ਼ਾਲੀ ਹੱਥੀਂ ਨਾ ਕੋਈ ਚੂੜੀ ਨਾ ਕੋਈ ਬੰਦ, ਮੈਨੂੰ ਐਂ ਜਾਪਦਾ ਬੰਦਗੀ ਕਰਨ ਵਾਲੀਆਂ ਸੋਭਾ ਪਾਈਆ। ਮੈਂ ਵੀ ਪ੍ਰਭੂ ਦੇ ਹੁਕਮ ਵਿਚ ਪਾਬੰਦ, ਲਾਲਚ ਵਿਚ ਨਾ ਕਦੇ ਲਲਚਾਈਆ। ਪਰ ਯਾਦ ਰਖਿਓ ਜਦੋਂ ਨੌਵਾਂ ਦੇਸਾਂ ਦਾ ਇਕੱਠਾ ਹੋਣ ਲੱਗਾ ਜੰਗ, ਅਸੀਂ ਇਕੱਠੇ ਹੋ ਕੇ ਪ੍ਰਭ ਦੇ ਚਰਨਾਂ ਡੇਰਾ ਲਈਏ ਲਾਈਆ। ਉਚੀ ਉਚੀ ਨਾ ਪਾਉਣਾ ਡੰਡ, ਡੰਡਾ ਮੇਰਾ ਦਏ ਗਵਾਹੀਆ। ਆਹ ਰੇਤ ਨਹੀਂ ਇਹ ਮਿੱਟੀ ਨਹੀਂ ਇਹ ਪ੍ਰਭੂ ਪਿਆਰ ਦੀ ਖੰਡ, ਜਿਹੜੀ ਕਵੈਤ ਵਿਚੋਂ ਰਾਵੀ ਦੇ ਨਾਲ ਮਿਲਾ ਕੇ ਰਵਾਦਾਰੀ ਦਾ ਲੇਖਾ ਦਏ ਚੁਕਾਈਆ। ਤੁਸੀਂ ਮੇਰੇ ਨਾਲ ਕਰਿਓ ਹੇਤ, ਹਿਤਕਾਰੀ ਹੋ ਕੇ ਵੇਖਾਂ ਚਾਈਂ ਚਾਈਂਆ। ਉਹ ਰਾਵੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਜ ਦਿਹਾੜਾ ਚੰਗਾ ਪੰਜ ਚੇਤ, ਪੰਜਾਂ ਦਾ ਮੀਤਾ ਵੇਖੋ ਬੇਪਰਵਾਹੀਆ। ਫਿਰ ਸਾਰੇ ਭਾਰਤ ਵਿਚ ਰਲ ਕੇ ਖੇਡੀਏ ਖੇਡ, ਭੱਜੀਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਪੰਚਮ ਚੇਤ ਕਹੇ ਰਾਵੀ ਮੈਂ ਨਹੀਂ ਕਿਸੇ ਦਾ ਪੁਜਾਰੀ, ਪੂਜਣ ਵਾਲੀ ਆਦਤ ਨਾ ਕੋਇ ਰਖਾਈਆ। ਨਾਰਦ ਕਹੇ ਮੈਂ ਵੀ ਕਦੇ ਕੀਤੀ ਨਹੀਂ ਗ਼ਦਾਰੀ, ਆਪਣਾ ਮੁਖ ਨਾ ਕਦੇ ਭਵਾਈਆ। ਰਾਵੀ ਕਹੇ ਮੈਂ ਵੀ ਆਪਣੇ ਵਹਿਣ ਨੂੰ ਕਦੇ ਬਦਲਿਆ ਨਹੀਂ ਪਿਛੇ ਕਿਸੇ ਵਾਰੀ, ਜੋ ਆਇਆ ਸੋ ਅਗੇ ਦਿਤਾ ਰੁੜ੍ਹਾਈਆ। ਏਸੇ ਕਰ ਕੇ ਮੇਰਾ ਸਵਾਮੀ ਕਰਤਾ ਗ਼ਰੀਬਾਂ ਨਿਮਾਣਿਆਂ ਕੋਝਿਆਂ ਦੀ ਪੈਜ ਰਿਹਾ ਸਵਾਰੀ, ਫੜ ਬਾਹੋਂ ਗਲੇ ਲਗਾਈਆ। ਜਿਥੇ ਪੋਹ ਨਾ ਸਕੇ ਮੌਤ ਲਾੜੀ, ਰਾਏ ਧਰਮ ਨਾ ਦਏ ਸਜ਼ਾਈਆ। ਕਿਉਂ ਇਹਦੀ ਯਰਾਨਿਆਂ ਤੋਂ ਬਾਹਰ ਯਾਰੀ, ਜਿਸ ਯਾਰੀ ਦਾ ਰੂਪ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਜੁਗਾਂ ਪਿਛੋਂ ਇਹ ਬਣਦਾ ਭਗਤਾਂ ਦਾ ਅਧਾਰੀ, ਏਕਾ ਵਾਰ ਇਕ ਇਕੱਲਾ ਸਾਰੇ ਇਕੱਠੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਮਿੱਟੀ ਕਹੇ ਜਨ ਭਗਤੋ ਮੈਂ ਆਈ ਪ੍ਰਦੇਸਣ ਤੇ ਵੜੀ ਰਾਵੀ ਦੇ ਅੰਦਰ, ਤੇ ਮੰਦਰ ਸਤਿਗੁਰ ਦਿਤਾ ਬਣਾਈਆ। ਮੇਰਾ ਪ੍ਰੇਮ ਵਿਚ ਖੁਲ੍ਹ ਗਿਆ ਜੰਦਰ, ਕੁੰਡੀ ਖਿੜਕੀ ਦਿਤੀ ਖੁਲਾਈਆ। ਜਾਂ ਮੈਂ ਨਿਗਾਹ ਮਾਰੀ ਅੰਦਰ, ਅੰਦਰ ਉਹੋ ਬੈਠਾ ਜਿਸ ਨੂੰ ਮੁਹੰਮਦ ਕਿਹਾ ਨੂਰ ਅਲਾਹੀਆ। ਮੈਂ ਇਸ਼ਾਰਾ ਦਿਤਾ ਵੇਖ ਤਾਰੇ ਚੰਦਰ, ਉਮਤ ਦਿਆ ਨਿਸ਼ਾਨਿਆ ਤੈਨੂੰ ਦਿਆਂ ਸਮਝਾਈਆ। ਸਾਰੇ ਪੈਗ਼ੰਬਰਾਂ ਭੇਡਾਂ ਪਸ਼ੂ ਚਾਰੇ ਡੰਗਰ, ਫੇਰ ਕਲਮੇ ਪੜ੍ਹ ਕੇ ਤੇ ਹਕ ਦੀ ਆਵਾਜ਼ ਹਕ ਨੇ ਦਿਤੀ ਸੁਣਾਈਆ। ਜੇ ਹੁਣ ਸਾਡਾ ਰਹੀਮ ਵੇਖੇ ਕਰੀਮ ਵੇਖੇ ਪਰਵਰਦਿਗਾਰ ਵੇਖੇ
ਸਾਂਝਾ ਯਾਰ ਵੇਖੇ ਅਮਾਮ ਵੇਖੇ ਜਿਹਦੀ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਤਾਲੀਮ, ਮਨੁਸ਼ਾਂ ਤੋਂ ਬਾਹਰ ਆਪਣਾ ਡੇਰਾ ਬੈਠਾ ਲਾਈਆ। ਜਿਸ ਸ਼ਰਅ ਨਾਲ ਸ਼ਰਅ ਦੀ ਕੀਤੀ ਤਕਸੀਮ, ਹੱਦ ਹਦੂਦਾਂ ਦਿਤੀਆਂ ਬਣਾਈਆ। ਉਹ ਮਾਲਕ ਇਕ ਕਦੀਮ, ਕੁਦਰਤ ਦਾ ਕਾਦਰ ਇਕ ਅਖਵਾਈਆ। ਉਹ ਨੂਰ ਨੁਰਾਨਾ ਹੁਸੀਨ, ਹਸਨ ਹੁਸੈਨ ਜਿਸ ਦੇ ਪਿਛੇ ਸ਼ਹਾਦਤ ਗਏ ਭੁਗਤਾਈਆ। ਜਿਸ ਨੇ ਪਾਖਰ ਪਾਈ ਗੋਬਿੰਦ ਦੇ ਨੀਲੇ ਘੋੜੇ ਜੀਨ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਉਹਦਾ ਖੇਲ ਆਲੀਸ਼ਾਨ ਤੇ ਉਸੇ ਨੂੰ ਸਾਰੇ ਕਹੀਏ ਆਮੀਨ, ਨਿਵ ਨਿਵ ਸੀਸ ਝੁਕਾਈਆ। ਜਿਸ ਨੇ ਸਾਰੀ ਬਦਲ ਦੇਣੀ ਪਿਛਲੀ ਕੀਤੀ ਤਕਸੀਮ, ਦੀਨ ਦੁਨੀ ਦਾ ਕੁਰਹ ਇਕੋ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਸੁਣਾਈਆ। ਨਾਰਦ ਕਹੇ ਰਾਵੀ ਮੇਰੇ ਅੰਦਰ ਕੁਝ ਪੈ ਰਿਹਾ ਸ਼ੱਕ, ਸ਼ੱਕੀ ਹੋ ਕੇ ਦਿਆਂ ਜਣਾਈਆ। ਇਹ ਕੋਈ ਮਾਲਕ ਨਹੀਂ ਹਕ, ਜੋ ਤਤਾਂ ਖੇਲ ਖਿਲਾਈਆ। ਮੈਨੂੰ ਦੱਸ ਵਾਹਿਦ ਉਹ ਯੱਕ, ਜੋ ਨੂਰ ਨੁਰਾਨਾ ਡਗਮਗਾਈਆ। ਰਾਵੀ ਕਹਿੰਦੀ ਏ ਪੰਡਤਾ ਪਿਛੇ ਹਟ, ਤੈਨੂੰ ਦਿਆਂ ਵਖਾਈਆ। ਉਹ ਜਿਸ ਮੇਰਾ ਸੁਹਾਇਆ ਤਟ, ਤੁਟਿਆਂ ਨੂੰ ਜੋੜ ਜੁੜਾਈਆ। ਉਹ ਵਸਣਹਾਰਾ ਘਟ ਘਟ, ਘਟ ਘਟ ਅੰਦਰ ਡੇਰਾ ਲਾਈਆ। ਜੋਤੀ ਜਾਮਾ ਆਇਆ ਪਲਟ, ਪਲਟਾ ਦੀਨ ਦੁਨੀ ਕਰਾਈਆ। ਤੇਰੇ ਮੇਰੇ ਖ਼ਾਲੀ ਰਹਿ ਜਾਣੇ ਹੱਥ, ਬਿਨਾ ਉਸ ਦੀ ਕਿਰਪਾ ਤੋਂ ਵਸਤ ਹੱਥ ਨਾ ਕੋਇ ਫੜਾਈਆ। ਕਿਉਂ ਉਹ ਸਰਬ ਕਲਾ ਸਮਰਥ, ਸਵਾਮੀ ਧੁਰਦਰਗਾਹੀਆ। ਉਸੇ ਦੇ ਸਭ ਕੁਛ ਹੱਥ, ਕਰਨ ਕਰਾਵਣਹਾਰ ਇਕ ਅਖਵਾਈਆ। ਮੈਂ ਤੇ ਚਰਨ ਕਵਲਾਂ ਉਤੇ ਗਈ ਢੱਠ, ਢਹਿ ਢਹਿ ਕੇ ਧੂੜੀ ਖ਼ਾਕ ਰਮਾਈਆ। ਜੇ ਸਚ ਪੁਛੇਂ ਓਸ ਦੇ ਦਰਸ਼ਨ ਨੂੰ ਤਰਸਦੇ ਅੱਠ ਸੱਠ, ਆਹ ਵੇਖ ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀਆਂ ਝੋਲੀ ਡਾਹੀਆ। ਨਾਲੇ ਰੋਂਦੀਆਂ ਆਪਣੀ ਅੱਖ, ਹੰਝੂਆਂ ਹਾਰ ਬਣਾਈਆ। ਪ੍ਰਭੂ ਸਾਡੇ ਸਿਰ ਤੇ ਹੱਥ ਰਖ, ਹੋ ਆਪ ਸਹਾਈਆ। ਸਾਡੇ ਵਿਚ ਅੰਮ੍ਰਿਤ ਨਹੀਂ ਰਿਹਾ ਤੇ ਸਾਨੂੰ ਅੰਮ੍ਰਿਤ ਦੇ ਦੇ ਰਸ, ਇਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਦੇ ਮਿਲਾਈਆ। ਨਾਰਦ ਕਹੇ ਰਾਵੀ ਉਹ ਸਤਿਗੁਰ ਸ਼ਬਦ ਜ਼ਰੂਰ ਕਰੇ ਮਿਹਰ, ਮਿਹਰਵਾਨ ਅਖਵਾਈਆ। ਕਦੇ ਨਾ ਲਾਵੇ ਦੇਰ, ਦੂਰ ਦੁਰਾਡਾ ਪੰਧ ਮੁਕਾਈਆ। ਉਹ ਬਹਾਦਰ ਯੋਧਾ ਦਲੇਰ, ਸੂਰਬੀਰ ਅਖਵਾਈਆ। ਓਹ ਸਿੰਘ ਧਾਰ ਸਿੰਘ ਸ਼ੇਰ, ਸ਼ਰਅ ਦੇ ਬੰਧਨ ਦਏ ਕਟਾਈਆ। ਮੈਂ ਖ਼ੁਸ਼ ਤਾਂ ਹੋਵਾਂ ਜੇ ਸਾਰੀ ਸੰਗਤ ਨੂੰ ਬੇਰੀਆਂ ਦੇ ਖਵਾਏ ਬੇਰ, ਜਿਹੜੇ ਨਾਨਕ ਨੇ ਬੇਰੀ ਕੋਲ ਬਹਿ ਕੇ ਇਸ਼ਾਰਾ ਸਿਆਲ ਕੋਟ ਵਿਚ ਕਰਾਈਆ। ਫੇਰ ਅਸੀਂ ਉਸੇ ਦੇ ਚੇਰ, ਤੇ ਚੇਲੇ ਹੋ ਕੇ ਸੀਸ ਨਿਵਾਈਆ। ਨਾਰਦ ਕਹੇ ਮੇਰਾ ਬਸਤਾ ਰਹਿ ਗਿਆ ਪਿਛੇ ਮੈਂ ਬੋਦੀ ਨੂੰ ਖੁਰਕ ਕੇ ਵੇਖਾਂ ਪਿਆ ਵਿਚ ਕਿਹੜੇ ਢੇਰ, ਕਿ ਤੱਟਾਂ ਵਿਚ ਆਪਣਾ ਆਸਣ ਲਾਈਆ। ਜਿਸ ਵਿਚ ਮੇਰਾ ਹਿਸਾਬ ਕਿਤਾਬ ਹੋਰ ਬਥੇਰ, ਉਹ ਜ਼ਰੂਰ ਰਾਤ ਦੇ ਨੌ ਵਜੇ ਦਿਆਂ ਸੁਣਾਈਆ। ਤੇਰੀ ਕਹਾਣੀ ਏਥੇ ਪ੍ਰਭ ਦੇ ਚਰਨਾਂ ਵਿਚ ਤੂੰ ਆਪੇ ਲੈਣੀ ਨਿਬੇੜ, ਆਪਣੀ ਆਸ਼ਾ ਪੂਰ ਕਰਾਈਆ। ਪਰ ਮੈਂ ਜਾਂ ਇਧਰ ਤੱਕਾਂ ਉਧਰ ਤੱਕਾਂ ਮੈਨੂੰ ਇਕੋ ਪੂਰ ਦਾ ਭਰਿਆ ਦਿਸੇ ਬੇੜ, ਜਗਤ ਬੇੜੀ ਵੰਝ ਮੁਹਾਣਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਰਾਵੀ ਮੈਨੂੰ ਗਲ ਚੇਤੇ ਆਉਂਦੀ, ਦੋ ਚਹੁੰ ਦਿਨਾਂ ਦਾ ਵੇਖ ਵਖਾਈਆ।
ਮੇਰੇ ਸਤਿਗੁਰ ਦੀ ਅੰਦਰੋਂ ਕਦੇ ਕਦੇ ਆਵਾਜ਼ ਥਥਲਾਉਂਦੀ, ਪਤਾ ਨਹੀਂ ਕੀ ਇਹਦੀ ਬੇਪ੍ਰਵਾਹੀਆ। ਰਾਵੀ ਕਹੇ ਓਏ ਨਾਰਦਾ ਮੈਂ ਸਤਿਗੁਰ ਅਰਜਨ ਨੂੰ ਨਾਲ ਲੈ ਕੇ ਤੇ ਇਹਦੇ ਅੰਦਰ ਵੜ ਕੇ ਇਕੋ ਵਾਸਤਾ ਪਾਉਂਦੀ, ਅਗੇ ਹੋ ਹੋ ਅਟਕਾਈਆ। ਰੋ ਰੋ ਕੇ ਬ੍ਰਿਹੋਂ ਦੇ ਹਾਲ ਸੁਣਾਉਂਦੀ, ਬਹੁੜੀ ਬਹੁੜੀ ਕਰ ਜਣਾਈਆ। ਜਿਸ ਵੇਲੇ ਮੈਂ ਘੁੱਟ ਕੇ ਗਲ ਨੂੰ ਗਲਵਕੜੀ ਪਾਉਂਦੀ, ਸਾਹ ਨਿਕਲ ਨਾ ਸਕੇ ਰਾਈਆ। ਮੈਂ ਐਸੀ ਖੇਲ ਰਚਾਉਂਦੀ, ਤੇ ਆਪਣੀ ਖ਼ੁਸ਼ੀ ਆਪਣੇ ਨਾਲ ਬਣਾਈਆ। ਜਗਤ ਵਿਹਾਰ ਵਿਚ ਪੁੜੀਆਂ ਗੋਲੀਆਂ ਖਵਾਉਂਦੀ, ਇਹ ਵੀ ਏਸੇ ਦੀ ਬੇਪ੍ਰਵਾਹੀਆ। ਪਰ ਮੇਰੀ ਮਿੰਨਤ ਮਿੰਨਤ ਮਿੰਨਤ ਜਨ ਭਗਤੋ ਇਹਦੀ ਜੋਤ ਆਦਿ ਜੁਗਾਦਿ ਸਦਾ ਸਭ ਨੂੰ ਤਰਸਾਉਂਦੀ, ਤਰਸਾ ਤਰਸਾ ਤਰਸਾ ਕੇ ਜੁਗ ਚੌਕੜੀ ਦਏ ਲੰਘਾਈਆ। ਮਿਹਰਵਾਨ ਹੋ ਕੇ ਮਿਹਰ ਦੀ ਬਰਖਾ ਬਰਸਾਉਂਦੀ, ਅਗਨੀ ਤਤ ਬੁਝਾਈਆ। ਫੇਰ ਮੈਂ ਤੁਹਾਡੇ ਦਰਸ਼ਨ ਕਰ ਕੇ ਆਪਣਾ ਸ਼ੁਕਰ ਮਨਾਉਂਦੀ, ਰਾਵੀ ਖ਼ੁਸ਼ੀਆਂ ਵਿਚ ਦੋਹਾਂ ਹੱਥਾਂ ਤਾਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੰਜ ਚੇਤ ਕਹੇ ਜਨ ਭਗਤੋ ਤੁਹਾਡੀ ਜੁਗਾਂ ਦੀ ਪੁਰਾਣੀ ਪੂਰਬਲੀ ਆਸ਼ਾ, ਆਸ਼ਾਵੰਦ ਪੂਰ ਕਰਾਈਆ। ਤੁਸਾਂ ਮਸਤੀ ਵਿਚ ਮਸਤ ਹੋ ਕੇ ਜਗਤ ਦਾ ਵੇਖਣਾ ਤਮਾਸ਼ਾ, ਆਪਣੀ ਮਸਤੀ ਨਾ ਦੇਣੀ ਗਵਾਈਆ। ਪ੍ਰਭੂ ਦੇ ਮੰਜ਼ਲ ਦੀ ਵੇਖਣੀ ਰਾਸਾ, ਆਪਣਾ ਰਸਤਾ ਨਾ ਜਾਣਾ ਭੁਲਾਈਆ। ਤੁਹਾਡਾ ਲੇਖੇ ਲੱਗੇ ਇਕ ਇਕ ਸਵਾਸਾ, ਜਿਸ ਸਵਾਸ ਨਾਲ ਪ੍ਰਭ ਦਾ ਨਾਮ ਧਿਆਈਆ। ਤੁਹਾਨੂੰ ਬੰਦਨਾ ਕਰੇ ਸ਼ਿਵ ਉਤੇ ਕੈਲਾਸ਼ਾ, ਬ੍ਰਹਮਾ ਸੀਸ ਝੁਕਾਈਆ। ਵਿਸ਼ਨੂੰ ਹੋ ਕੇ ਦਾਸੀ ਦਾਸਾ, ਅਗੇ ਪਿਛੇ ਭੱਜੇ ਵਾਹੋ ਦਾਹੀਆ। ਤੁਸੀਂ ਆਪਣਾ ਦਰਵੇਸ਼ ਵੇਖੋ ਪੁਰਖ ਅਬਿਨਾਸ਼ਾ, ਜੋ ਪਹਿਰੇਦਾਰ ਹੋ ਕੇ ਖ਼ਬਰਦਾਰੀ ਵਿਚ ਸਭ ਨੂੰ ਰਿਹਾ ਜਗਾਈਆ। ਇਕੋ ਦੀ ਓਟ ਤੇ ਇਕੋ ਦਾ ਭਰਵਾਸਾ, ਇਕੋ ਦਾ ਮੇਲ ਮਿਲਣਾ ਚਾਈਂ ਚਾਈਂਆ। ਰਾਵੀ ਕਹੇ ਗੁਰਮੁਖੋ ਮੇਰੀ ਤੁਹਾਡੇ ਪ੍ਰੇਮ ਦੀ ਅਰਦਾਸਾ, ਪ੍ਰਭੂ ਚਰਨ ਦੇਣੀ ਟਿਕਾਈਆ। ਸਚ ਪਿਆਰ ਵਿਚ ਮੇਰੇ ਅੰਤਰ ਨਿਰੰਤਰ ਨਿਕਲੇ ਹਾਸਾ, ਖ਼ੁਸ਼ੀਆਂ ਵਿਚ ਵਡਿਆਈਆ। ਪਰ ਇਕ ਬਚਨ ਯਾਦ ਰਖਿਓ ਜਿਸ ਵੇਲੇ ਏਸ ਸਰੀਰ ਦਾ ਅੰਤ ਹੋਇਆ ਇਕ ਚੂੰਢੀ ਰਾਖ ਦੀ ਜ਼ਰੂਰ ਮੇਰੇ ਵਿਚ ਘਤ ਜਾਇਓ ਫੇਰ ਮੈਂ ਚਲਾਂਗੀ ਸਚਖੰਡ ਨਾਲ ਸਾਥਾ, ਸਭ ਦਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਦਾ ਦੇਵਣਹਾਰ ਆਪਣੇ ਦੇਣ ਪਿਛੇ ਥਾਂ ਥਾਂ ਤੇ ਮਾਰੇ ਵਾਟਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ।