੨੨ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਗੁਰਦਾਸਪੁਰ ਸੰਗਤ ਦੇ ਵਾਢੀ ਕਰਨ ਸਮੇਂ
ਵਿਸਾਖ ਕਹੇ ਮੇਰਾ ਪ੍ਰਵਿਸ਼ਟਾ ਬਾਈ, ਬਾਈਬਲ ਯਸੂਹ ਧਿਆਨ ਲਗਾਈਆ। ਉਸ ਨਿਗਾਹ ਮਾਰੀ ਉਤੇ ਸਕਾਈ, ਇਸਮ ਅਸਮਾਨਾਂ ਧਿਆਨ ਲਗਾਈਆ। ਮੇਰਾ ਮਹਿਬੂਬ ਕਰੇ ਫ਼ਲਾਈ, ਜਗਤ ਜਹਾਨਾਂ ਵੇਖ ਵਖਾਈਆ। ਜੋ ਸਭ ਦੀ ਕਰੇ ਰਹਿਨੁਮਾਈ, ਰਹਿਮਤ ਆਪਣੀ ਆਪ ਕਮਾਈਆ। ਜਿਸ ਲੇਖਾ ਹਿੰਦਸਾ ਜਾਨਣਾ ਇਕਾਈ ਨਾਲ ਦਹਾਈ, ਦਹਿ ਦਿਸ਼ਾ ਖੋਜ ਖੁਜਾਈਆ। ਲਹਿਣਾ ਪੂਰਾ ਕਰਨਾ ਜਨਕ ਜਿਸ ਰਾਮ ਬਣਾਇਆ ਜਵਾਈ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਮੂਸਾ ਏਸੇ ਦਿਨ ਦਿਤੀ ਦੁਹਾਈ, ਕੋਹਤੂਰ ਅੱਖ ਬਦਲਾਈਆ। ਗੋਬਿੰਦ ਨੇ ਬੂਟਾ ਪੁੱਟ ਕੇ ਕਾਹੀ, ਕਾਇਨਾਤ ਦਿਤੀ ਹਿਲਾਈਆ। ਸਤਿਗੁਰ ਸ਼ਬਦ ਬਣ ਕੇ ਰਾਹੀ, ਰਸਤਾ ਰਸਤਿਆਂ ਵਿਚੋਂ ਵੇਖ ਵਖਾਈਆ। ਬਾਈ ਵਿਸਾਖ ਕਹੇ ਮੇਰੀ ਦੁਹਾਈ, ਦੋ ਹੱਥ ਉਠਾ ਕੇ ਦਿਆਂ ਜਣਾਈਆ। ਮੇਰਾ ਦਿਵਸ ਜਿਸ ਵੇਲੇ ਲਕਸ਼ਮਣ ਨੇ ਸੀਤਾ ਨੂੰ ਕਿਹਾ ਨਾਲੇ ਮਾਤਾ ਨਾਲੇ ਭਰਜਾਈ, ਨੈਣ ਚਰਨ ਕਵਲ ਕਵਲ ਲਗਾਈਆ। ਏਸੇ ਦਿਵਸ ਬਾਵਨ ਨੇ ਬਦਲੀ ਬਲ ਵਾਲੀ ਸ਼ਹਿਨਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਨਾਨਕ ਸਰਗੁਣ ਧਾਰ ਬਗ਼ਦਾਦ ਤੱਕੀ ਆਪਣੀ ਕਲਾਈ, ਕਲਮਿਆਂ ਤੋਂ ਬਾਹਰ ਵੇਖ ਵਖਾਈਆ। ਕਬੀਰ ਏਸੇ ਦਿਨ ਸੁੱਤਾ ਲੈ ਕੇ ਉਤੇ ਰਜਾਈ, ਰਜ਼ਾ ਰੱਬ ਦੀ ਵਿਚ ਧਿਆਨ ਲਗਾਈਆ। ਰਵੀ ਨੇ ਟਕੇ ਵੱਟ ਕੇ ਢਾਈ, ਢਈਆ ਗੋਬਿੰਦ ਦਿਤਾ ਸਮਝਾਈਆ। ਗੋਬਿੰਦ ਨੇ ਖੜਗ ਏਸੇ ਦਿਵਸ ਪਹਿਲੀ ਵਾਰ ਚਲਾਈ, ਸ਼ਸਤਰ ਸ਼ਤਰੂ ਰੂਪ ਬਣਾਈਆ। ਸਤਿਗੁਰ ਅਰਜਨ ਸਵਾ ਪਹਿਰ ਏਸੇ ਦਿਨ ਕੀਤੀ ਲਿਖਾਈ, ਗ੍ਰੰਥ ਗੁਰੂ ਗੁਰੂ ਗਵਾਹੀਆ। ਧਰਨੀ ਕਹੇ ਮੇਰੀ ਛਾਤੀ ਉਤੇ ਕਦਮ ਕਦੀਮ ਦੇ ਮਾਲਕ ਕੀਤੇ ਢਾਈ, ਹਿੱਸਾ ਦੀਨ ਦੁਨੀ ਵੰਡਾਈਆ। ਖੇਲ ਖੇਲਿਆ ਚਾਈਂ ਚਾਈਂ, ਚਾਓ ਘਨੇਰਾ ਇਕ ਦਰਸਾਈਆ। ਮਹਾਰਾਜ ਸ਼ੇਰ ਸਿੰਘ ਏਸੇ ਦਿਵਸ ਪਹਿਲੀ ਵਾਰ ਕੁਸ਼ਤੀ ਲਾਈ, ਪਕੜ ਆਪਣੀ ਬਣਤ ਬਣਾਈਆ। ਏਸੇ ਦਿਵਸ ਤਾਬੋ ਦੇ ਅੰਦਰ ਧਾਰ ਹੋਈ ਰੁਸ਼ਨਾਈ, ਜਨਮ ਤੋਂ ਪਹਿਲਾਂ ਦਿਤਾ ਸਮਝਾਈਆ। ਮਨੀ ਸਿੰਘ ਏਸੇ ਦਿਵਸ ਛਡ ਕੇ ਵਾਹੀ, ਭੱਜਿਆ ਵਾਹੋ ਦਾਹੀਆ। ਸਤਿਗੁਰੂ ਤੋਂ ਬਿਨਾ ਵਸਤ ਪਰਾਈ, ਜਗਤ ਤ੍ਰਿਸ਼ਨਾ ਤ੍ਰਿਖਾ ਮਿਟਾਈ, ਤਨ ਅੰਦਰ ਵੱਜੀ ਵਧਾਈ, ਖ਼ੁਸ਼ੀਆਂ ਦੇ ਢੋਲੇ ਗਾਈਆ। ਬਾਈ ਵਿਸਾਖ ਕਹੇ ਮੈਨੂੰ ਧਰੂ ਨੇ ਗੱਲ ਇਕ ਸੁਣਾਈ, ਬਚਪਨ ਬੱਚਿਆਂ ਵਾਲਾ ਦ੍ਰਿੜਾਈਆ। ਪਤਾ ਨਹੀਂ ਓਹ ਕਿਹੋ ਜਿਹਾ ਮਾਹੀ, ਜਿਹੜਾ ਜੰਗਲਾਂ ਵਿਚ ਰੁਲਾਈਆ। ਜਿਸ ਦੇ ਪਿਛੇ ਰਾਜ ਰਜਾਨਾ ਹੁੰਦੀ ਤਬਾਹੀ, ਤਬਾ ਅੰਦਰੋਂ ਦਏ ਬਦਲਾਈਆ। ਢਾਈ ਘੰਟੇ ਪ੍ਰਹਿਲਾਦ ਇਕੋ ਤੁਕ ਗਾਈ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਬਿਪਰ ਸੁਦਾਮੇ ਪਾਈ ਦੁਹਾਈ, ਵਾਹਵਾ ਤੇਰੀ ਬੇਪ੍ਰਵਾਹੀਆ। ਜੈ ਦਿਓ ਜਲ ਧਾਰਾ ਉਤੇ ਬਹਿ ਕੇ ਗਿਆ ਗਾਈ, ਗਊ ਗ਼ਰੀਬ ਤੇਰੀ ਸ਼ਰਨਾਈਆ। ਨਾਮ ਦਿਓ ਦਿਤੀ ਦੁਹਾਈ, ਦਿਉਹਰੇ ਵਾਲਿਆ ਦੋਹਰਾ ਤੇਰਾ ਖੇਲ ਵਖਾਈਆ। ਮੈਂ ਚਾਹੁੰਦਾ ਤੂੰ ਸਭ ਦਾ ਬਣੇ ਗੁਸਾਈਂ, ਮਿਹਰਵਾਨ ਇਕ ਅਖਵਾਈਆ। ਲੰਮਾ ਪੈ ਕੇ ਲਕੀਰ ਨਕ ਨਾਲ ਲਗਾਈ, ਲਾਈਨ ਲਾਈਨ ਵਿਚੋਂ ਵਖਾਈਆ। ਫੇਰ ਨਿਗਾਹ ਚਾਰੋਂ ਕੁੰਟ ਉਠਾਈ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜਿਧਰ ਵੇਖਿਆ ਉਧਰ ਨਜ਼ਰ ਆਇਆ ਧੁਰ ਦਾ ਮਾਹੀ, ਮਹਿਬੂਬ ਅਗੰਮ ਅਥਾਹੀਆ। ਨਾਲ ਇਸ਼ਾਰਾ ਹੋਇਆ ਉਹ ਤੱਕ ਕਲਜੁਗ ਕੂੜ ਅੰਧੇਰਾ ਰਿਹਾ ਛਾਈ, ਸਚ ਨੂਰ ਨਾ ਕੋਇ ਰੁਸ਼ਨਾਈਆ। ਤੇਰੀ ਆਸਾ ਮਨਸਾ
ਪੂਰੀ ਦੇਵਾਂ ਕਰਾਈ, ਕਰਾਮਾਤ ਨਾ ਕੋਇ ਜਣਾਈਆ। ਤੇਰੇ ਦਿਉਹਰੇ ਦਾ ਦਿਉਹਰਾ ਭਗਤ ਦਵਾਰ ਦੇਵਾਂ ਸੁਹਾਈ, ਭਗਵਨ ਹੋ ਕੇ ਖੇਲ ਖਿਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਲਵਾਂ ਅੰਗੜਾਈ, ਨੂਰ ਨੁਰਾਨਾ ਡਗਮਗਾਈਆ। ਧੁਰ ਦੀ ਬਣਤ ਭਗਵੰਤ ਹੋ ਕੇ ਲਵਾਂ ਬਣਾਈ., ਘੜਨ ਭੰਨਣਹਾਰ ਇਕ ਅਖਵਾਈਆ। ਮੇਰਾ ਖੇਲ ਹੋਏ ਬੇਪਰਵਾਹੀ, ਬੇਅੰਤ ਹੋ ਕੇ ਆਪਣੀ ਕਾਰ ਕਮਾਈਆ। ਮੇਰੀ ਭਗਤਾਂ ਨਾਲ ਨਾਮਿਆਂ ਹੋਈ ਸਾਈ, ਸੌਦਾ ਪੱਕਾ ਦੇਣਾ ਕਰਾਈਆ। ਬਿਨਾ ਭਗਤੀ ਤੋਂ ਦਿਆਂ ਤਰਾਈ, ਤਾਰਨਹਾਰ ਇਕ ਅਖਵਾਈਆ। ਮਾਲਾ ਮਣਕਿਆਂ ਦੇ ਥਾਂ ਸੇਵਾ ਦੱਸਾਂ ਅਗੰਮ ਅਥਾਹੀ, ਜਿਸ ਦੀ ਸਮਝ ਕੋਇ ਨਾ ਪਾਈਆ। ਜਗਤ ਦੀ ਖੇਤੀ ਗੁਰਮੁਖਾਂ ਦੀ ਵਢਾਈ, ਕਰਮਾਂ ਦੇ ਲੇਖੇ ਦੇਵਾਂ ਕਟਾਈਆ। ਹਰਿਜਨ ਆਤਮ ਮੇਰੀ ਰਹੇ ਨਾ ਕੋਇ ਪਰਾਈ, ਪੂਰਨ ਸਤਿਗੁਰ ਹੋ ਕੇ ਲਵਾਂ ਪ੍ਰਨਾਈਆ। ਗੁਰਮੁਖਾਂ ਆਪਣੇ ਰੰਗ ਰੰਗਾਈ, ਰੰਗਤ ਚਾੜ੍ਹਾਂ ਥਾਉਂ ਥਾਈਂਆ। ਜਿਨ੍ਹਾਂ ਦੀ ਸੇਵਾ ਵਿਚ ਥੱਕਣ ਮੋਢੇ ਕੰਧੇ ਬਾਹੀਂ, ਤਿਨ੍ਹਾਂ ਦੀ ਥਕਾਵਟ ਦੋ ਜਹਾਨਾਂ ਦਿਆਂ ਮੁਕਾਈਆ। ਨਾਮੇ ਇਕ ਤੁਕ ਖ਼ੁਸ਼ੀਆਂ ਦੇ ਵਿਚ ਗਾਈ, ਬੀਠਲੋ ਕਹਿ ਕੇ ਪ੍ਰਭ ਨੂੰ ਦਿਤਾ ਵਡਿਆਈਆ। ਬਾਈ ਵਿਸਾਖ ਕਹੇ ਸੋ ਰੁਤ ਸੁਹੰਜਣੀ ਮੇਰੀ ਅੱਜ ਆਈ, ਰੁਤੜੀ ਪ੍ਰਭ ਨੇ ਦਿਤੀ ਮਹਿਕਾਈਆ। ਜਨ ਭਗਤੋ ਤੁਹਾਡੀ ਘਾਲ ਘਾਲੀ ਆਪਣੇ ਲੇਖੇ ਲਾਈ, ਤੁਹਾਡਾ ਲੇਖਾ ਆਪਣੇ ਹੱਥ ਰਖਾਈਆ। ਖ਼ੁਸ਼ੀਆਂ ਵਿਚ ਖ਼ੁਸ਼ੀ ਖ਼ੁਸ਼ੀ ਵਿਚ ਜਾਣਾ ਚਾਈਂ ਚਾਈਂ, ਚਾਓ ਆਪਣੇ ਅੰਦਰ ਟਿਕਾਈਆ। ਸਭ ਦਾ ਲਹਿਣਾ ਦੇਣਾ ਪੂਰਬ ਜਨਮ ਦਾ ਪੂਰਾ ਕਰੇ ਸਾਈਂ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪਿਆਰ ਦੀ ਸਭ ਨੂੰ ਦਏ ਵਧਾਈ, ਵਾਧਾ ਭਗਤਾਂ ਨਾਲ ਰਖਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਗੁਰਦਾਸ ਪੁਰ ਸ਼ਹਿਰ ਸਰੂਪ ਸਿੰਘ ਦੇ ਆਰੇ ਦੀ ਚੱਠ ਕਰਨ ਸਮੇਂ
ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਾਂ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਮੇਰੇ ਸਾਹਿਬ ਦਾ ਆਦਿ ਜੁਗਾਦੀ ਖੇਲ ਸੱਚਾ, ਸਚ ਸਵਾਮੀ ਅੰਤਰਜਾਮੀ ਆਪਣਾ ਹੁਕਮ ਵਰਤਾਈਆ। ਜੋ ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਲੱਖ ਚੁਰਾਸੀ ਅੰਦਰ ਰਚਾ, ਘਰ ਘਰ ਆਪਣਾ ਡੇਰਾ ਲਾਈਆ। ਜੁਗ ਚੌਕੜੀ ਭਗਤ ਸੁਹੇਲਾ ਸਦਾ ਪ੍ਰਗਟਾਏ ਆਪਣਾ ਬੱਚਾ, ਬਚਪਨ ਆਪਣੀ ਝੋਲੀ ਪਾਈਆ। ਭਾਗ ਲਗਾ ਕੇ ਕਾਇਆ ਮਾਟੀ ਗੜ੍ਹ ਕੱਚਾ, ਕੰਚਨ ਰੂਪ ਦਏ ਵਖਾਈਆ। ਤ੍ਰੈਗੁਣ ਅਗਨੀ ਤਤ ਕਦੇ ਨਾ ਮੱਚਾ, ਹਰਿਜਨ ਸਾਂਤਕ ਸਤਿ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਵਡ ਵਡਿਆਈਆ। ਜੁਗ ਜੁਗ ਖੇਲ ਕਰੇ ਅਪਾਰ, ਅਪਰੰਪਰ ਸਵਾਮੀ ਵੇਸ ਵਟਾਈਆ। ਦੋ ਜਹਾਨਾਂ ਬਣ ਕੇ ਸਾਂਝਾ ਯਾਰ, ਪਰਵਰਦਿਗਾਰ ਆਪਣਾ ਹੁਕਮ ਵਰਤਾਈਆ। ਕਲਜੁਗ ਲੇਖਾ ਜਾਣੇ ਜੀਵ ਜੰਤ ਜਗਤ ਜੁਗਤ ਵਿਵਹਾਰ, ਵਿਵਹਾਰੀ ਹੋ ਕੇ ਖੋਜ ਖੁਜਾਈਆ। ਜਨ ਭਗਤਾਂ ਕਰ ਪਿਆਰ, ਪੀਆ ਪ੍ਰੀਤਮ ਦਏ ਵਡਿਆਈਆ। ਅੰਤਰ ਆਤਮ ਦੇ ਦਰਸ ਦੀਦਾਰ, ਨਿਜ ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਜਗਤ
ਕਿਰਿਆ ਜਗਤ ਦੀ ਧਾਰ, ਜਗਿਆਸੂਆਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਧਾਰ ਹੋ ਮਿਹਰਵਾਨ, ਮਹਿਬੂਬ ਹੋਏ ਸਹਾਈਆ। ਜਨ ਭਗਤਾਂ ਦੇਵੇ ਦਾਨ, ਵਸਤ ਅਮੋਲਕ ਅਗੰਮ ਵਰਤਾਈਆ। ਜਗਤ ਸਹਾਰਾ ਬਖ਼ਸ਼ ਕੇ ਪੀਣ ਖਾਣ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਅੱਠੇ ਪਹਿਰ ਹੋਵੇ ਨਿਗਾਹਬਾਨ, ਦਿਵਸ ਰੈਣ ਵੇਖ ਵਖਾਈਆ। ਸਚ ਖ਼ੁਸ਼ੀ ਸਤਿ ਦਾ ਦੇਵੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਪ੍ਰੇਮ ਪ੍ਰੀਤੀ ਮੁਹੱਬਤ ਕਰ ਪ੍ਰਵਾਨ, ਪਰਮ ਪੁਰਖ ਆਪਣੇ ਲੇਖੇ ਲਾਈਆ। ਜਗਤ ਦਿਵਸ ਘੜੀ ਪਲ ਪ੍ਰਵਿਸ਼ਟਾ ਚੌਵ੍ਹੀ ਵਿਸਾਖ ਲੇਖਾ ਲੇਖੇ ਲਾਏ ਆਣ, ਆਪ ਆਪਣੀ ਦਇਆ ਕਮਾਈਆ। ਸਤਿ ਸਰੂਪ ਸ਼ਾਹੋ ਭੂਪ ਹਰਿਜਨ ਕਰ ਪ੍ਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਧਰਮ ਦੀ ਧਾਰ ਸਤਿ ਦੀ ਕਾਰ ਪਿਆਰ ਦੀ ਚਲਦੀ ਰਹੇ ਦੁਕਾਨ, ਵਸਤ ਅਗੰਮ ਅਥਾਹ ਬੇਪਰਵਾਹ ਆਪਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨੀ ਦਾ ਕਰਤਾ ਕਰਨਹਾਰ ਵਡ ਵਡਿਆਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ ਕਿਸ਼ਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੀ ਧੂੜ ਨੇ ਧੂੜ ਰਮਾਈ, ਖ਼ਾਕ ਖ਼ਾਕ ਮਿਲੀ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਖ਼ੁਸ਼ੀ ਮਨਾਈ, ਖ਼ੁਸ਼ਖ਼ਬਰੀ ਸੁਣੀ ਧੁਰ ਦੇ ਮਾਹੀਆ। ਸੰਦੇਸਾ ਸੁਣਿਆ ਚਾਈਂ ਚਾਈਂ, ਚਾਓ ਘਨੇਰਾ ਮੇਰੇ ਅੰਤਰ ਪ੍ਰਗਟਾਈਆ। ਮੈਂ ਬਿਨਾ ਭੁਜਾਂ ਤੋਂ ਉਠਾਈਆਂ ਬਾਹੀਂ, ਚਾਰ ਕੁੰਟ ਦਿਤੀਆਂ ਵਖਾਈਆ। ਧੰਨ ਭਾਗ ਸੁਭਾਗ ਮੇਰਾ ਸਾਹਿਬ ਮਿਲਿਆ ਸਾਈਂ, ਸੁਲਤਾਨ ਧੁਰਦਰਗਾਹੀਆ। ਜੋ ਬਣਿਆ ਮੇਰੇ ਉਤੇ ਪਾਂਧੀ ਰਾਹੀ, ਰਹਿਬਰ ਅਗੰਮ ਅਥਾਹੀਆ। ਜਿਸ ਦਾ ਖੇਲ ਸਦਾ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੀ ਧੂੜ ਮੇਰੇ ਉਤੇ ਦਿਤਾ ਧੂੜਾ, ਚਾਰ ਕੁੰਟ ਵਰਖਾਈਆ। ਮੈਨੂੰ ਰੰਗ ਚਾੜ੍ਹਿਆ ਗੂੜ੍ਹਾ, ਉਤਰ ਕਦੇ ਨਾ ਜਾਈਆ। ਮੇਰਾ ਅੰਤਸ਼ਕਰਨ ਰਿਹਾ ਨਾ ਮੂੜ੍ਹਾ, ਦੁਰਮਤ ਮਤ ਨਾ ਕੋਇ ਬਣਾਈਆ। ਨਾਤਾ ਤੁੱਟਿਆ ਕੂੜਾ, ਕੂੜ ਕਿਰਿਆ ਖ਼ਾਕ ਮਿਲਾਈਆ। ਮੇਰੇ ਅੰਤਰ ਪ੍ਰਕਾਸ਼ ਹੋਇਆ ਨੂਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸਭ ਤੋਂ ਵੱਖਰਾ ਜ਼ਹੂਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਨ ਭਗਤਾਂ ਸਦਾ ਹਾਜ਼ਰ ਹਜ਼ੂਰਾ, ਹਰਿ ਹਿਰਦੇ ਵਿਚ ਵਸਾਈਆ। ਧਰਨੀ ਕਹੇ ਮੇਰੀ ਆਸਾ ਮਨਸਾ ਕਰੇ ਪੂਰਾ, ਪੂਰਨ ਸਤਿਗੁਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਾਮ ਰਸ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਮੱਖਣ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਨੂੰ ਇਸ਼ਾਰਾ ਦੇਵੇ ਅਸਮਾਨ, ਨੀਲੀ ਧਾਰ ਧਾਰ ਜਣਾਈਆ। ਖੇਲ ਤੱਕ ਸ੍ਰੀ ਭਗਵਾਨ, ਕੀ ਭਗਵਨ ਆਪਣੀ ਕਾਰ ਕਮਾਈਆ। ਨਿਗਾਹ ਮਾਰ ਲੈ ਧੁਰ ਦੇ ਰਾਮ ਅਗੰਮੇ ਕਾਹਨ, ਕਾਹਨਾ ਵਾਲੀਏ ਅੱਖ ਉਠਾਈਆ। ਬਿਨਾ ਅੱਖਰਾਂ ਤੋਂ ਸੁਣ ਗਿਆਨ, ਸ਼ਬਦੀ ਸ਼ਬਦ ਧਾਰ ਵਡਿਆਈਆ। ਨਵ ਨੌ ਚਾਰ ਦਾ ਵੇਖ ਬਿਆਨ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ। ਸਤਿ ਧਰਮ ਦੀ ਸ਼ਰਅ ਵੇਖ ਇਸਲਾਮ, ਇਸਮ ਆਜ਼ਮ ਖੋਜ ਖੁਜਾਈਆ। ਨਾਮ ਕਲਮੇ ਵੇਖ ਕਲਾਮ, ਕਾਇਨਾਤ ਪਰਦਾ ਰਹੇ ਨਾ ਰਾਈਆ। ਮਾਨਸ ਮਾਨੁਖ ਵੇਖ ਗ਼ੁਲਾਮ, ਸ਼ਰਅ ਜ਼ੰਜੀਰ ਬੰਧਾਈਆ। ਮਨ ਕਲਪਣਾ ਵੇਖ ਤਮਾਮ, ਤਮਅ ਵਿਚ ਕੂੜ ਲੋਕਾਈਆ। ਸਤਿ ਸਚ ਮਿਲੇ ਨਾ ਕੋਇ ਆਰਾਮ, ਸਾਂਤਕ ਸਤਿ ਨਾ ਕੋਇ ਕਰਾਈਆ। ਰਾਹ ਤੱਕ ਓਸ ਅਗੰਮੇ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦਾ ਹੁਕਮ ਸੰਦੇਸਾ ਫ਼ਰਮਾਨਾ ਬਨਾਮ, ਪਾਰਬ੍ਰਹਮ ਕੀ ਆਪਣੀ ਖੇਲ ਖਿਲਾਈਆ। ਨਿਗਾਹ ਮਾਰ ਲੈ ਕਲਜੁਗ ਅੰਧੇਰੀ ਸ਼ਾਮ, ਸ਼ਮਸ਼ਾਨ ਭੂਮੀਆਂ ਖੋਜ ਖੁਜਾਈਆ। ਹਕੀਕੀ ਮਿਲੇ ਕਿਸੇ ਨਾ ਜਾਮ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਧਰਮ ਦਾ ਰਿਹਾ ਨਾ ਕੋਇ ਨਾਮ, ਨਿਸ਼ਾਨਾ ਕੂੜ ਨਜ਼ਰੀ ਆਈਆ। ਪੈਗ਼ੰਬਰਾਂ ਤੋਂ ਪਰੇ ਸੁਣ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜ ਕਿਰਿਆ ਵੇਖੇ ਹਰਾਮ, ਹੁਰਮ ਸਭ ਦੇ ਖੋਜ ਖੁਜਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ ਹਰਿਸੰਗਤ ਦੇ ਨਵਿਤ
ਧਰਨੀ ਕਹੇ ਮੇਰੇ ਮਾਲਕ ਮਹਿਬੂਬਾ, ਬੇਪਰਵਾਹ ਤੇਰੀ ਸਰਨਾਈਆ। ਤੇਰਾ ਖੇਲ ਤੱਕਾਂ ਅਜੂਬਾ, ਅਜਬ ਨਿਰਾਲੇ ਤੇਰੀ ਵਡ ਵਡਿਆਈਆ। ਮੇਰੇ ਉਤੇ ਸ਼ਰਅ ਦੀਆਂ ਵੇਖ ਹਦੂਦਾ, ਹਿੱਸੇ ਦੀਨ ਦੁਨੀ ਨਜ਼ਰੀ ਆਈਆ। ਝਗੜਾ ਪਿਆ ਤਨ ਵਜੂਦਾ, ਮਾਟੀ ਖ਼ਾਕ ਕਰੇ ਲੜਾਈਆ। ਤੇਰੀ ਮੰਜ਼ਲ ਜਾਣੇ ਨਾ ਕੋਇ ਮਕਸੂਦਾ, ਦਰਗਾਹ ਸਾਚੀ ਵੇਖਣ ਕੋਇ ਨਾ ਪਾਈਆ। ਤੇਰੀ ਦੁਨੀਆ ਜਗਤ ਵਾਸਨਾ ਬਚਨ ਕਹੇ ਬੇਹੂਦਾ, ਬੇਵਾ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਧਰਨੀ ਕਹੇ ਮੇਰੇ ਸਵਾਮੀ ਸਤਿਗੁਰ ਠਾਕਰ, ਕਿਉਂ ਠੋਕਰਾਂ ਰਿਹਾ ਲਗਾਈਆ। ਦੀਨ ਦੁਨੀ ਆਪਣਾ ਵੇਖ ਜਗਤ ਸਾਗਰ, ਸਮੁੰਦ ਸਾਗਰਾਂ ਫੋਲ ਫੁਲਾਈਆ। ਨਿਗਾਹ ਮਾਰ ਲੈ ਕਾਇਆ ਮਾਟੀ ਗਾਗਰ, ਗਗਰੀਆ ਕਾਚੀ ਧਿਆਨ ਲਗਾਈਆ। ਕਿਸੇ ਦਾ ਕਰਮ ਨਾ ਦਿਸੇ ਉਜਾਗਰ, ਉਜਲ ਮੁਖ ਨਾ ਕੋਇ ਕਰਾਈਆ। ਤੇਰੇ ਨਾਮ ਦਾ ਵਣਜਾਰਾ ਰਿਹਾ ਨਾ ਕੋਇ ਸੌਦਾਗਰ, ਸੌਦਾ ਸਚ ਹੱਟ ਨਾ ਕੋਇ ਕਰਾਈਆ। ਸੁਰਤ ਰਹੀ ਨਾ ਕਿਸੇ ਇਕਾਗਰ, ਜਗਤ ਵਾਸਨਾ ਕਾਗ ਵਾਂਗ ਕੁਰਲਾਈਆ। ਸਚ ਦਵਾਰੇ ਮਿਲੇ ਕੋਇ ਨਾ ਆਦਰ, ਸਿਰ ਹੱਥ ਨਾ ਕੋਇ ਟਿਕਾਈਆ। ਤੂੰ ਕਰਤਾ ਕਰੀਮ ਧੁਰ ਦਾ ਕਾਦਰ, ਬੇਐਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ
ਵਡਿਆਈਆ। ਧਰਨੀ ਕਹੇ ਪ੍ਰਭੂ ਤੇਰਾ ਖੇਲ ਅਗੰਮ ਅਥਾਹ, ਅਥਰਬਣ ਵੇਦ ਦਏ ਗਵਾਹੀਆ। ਕੁੱਲ ਮਾਲਕ ਬੇਪ੍ਰਵਾਹ, ਬੇਅੰਤ ਤੇਰੀ ਵਡਿਆਈਆ। ਤੇਰੀ ਸ੍ਰਿਸ਼ਟੀ ਭਰੀ ਨਾਲ ਗੁਨਾਹ, ਪਤਤ ਪੁਨੀਤ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਸੰਦੇਸਾ ਗਏ ਜਣਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਕਲਜੁਗ ਅੰਤਮ ਆਵੇ ਨੂਰ ਅਲਾਹ, ਅਮਾਮ ਅਮਾਮਾ ਵਡ ਵਡਿਆਈਆ। ਕਲ ਕਲਕੀ ਵੇਸ ਲਏ ਵਟਾ, ਵਟਾਂਦਰਾ ਸ਼ਬਦ ਗੁਰੂ ਕਰਾਈਆ। ਨਿਹਕਲੰਕ ਨੂਰ ਜੋਤ ਕਰੇ ਰੁਸ਼ਨਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਹੋਏ ਸਹਾ, ਸਹਾਇਕ ਨਾਇਕ ਬੇਪਰਵਾਹੀਆ। ਕਲਜੁਗ ਸੋਏ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਨਾਮ ਕਲਮਾ ਦਏ ਦ੍ਰਿੜਾ, ਢੋਲਾ ਧੁਰ ਦਾ ਇਕ ਸੁਣਾਈਆ। ਦੀਨ ਮਜ਼੍ਹਬ ਦਾ ਲੇਖਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਸਚ ਸਰਨਾਈ ਲਏ ਰਖਾ, ਰਖਕ ਹੋ ਕੇ ਰਖਿਆ ਕਰੇ ਥਾਉਂ ਥਾਈਂਆ। ਸਭ ਦੀ ਕਬੂਲ ਕਰੇ ਦੁਆ, ਜੋ ਦੋਏ ਜੋੜ ਵਾਸਤਾ ਪਾਈਆ। ਧਰਨੀਏ ਤੇਰਾ ਲਹਿਣਾ ਦੇਣਾ ਲੇਖਾ ਪੂਰਾ ਕਰੇ ਆ ਆ, ਆਪਣਾ ਫੇਰਾ ਪਾਈਆ। ਨਿਰਗੁਣ ਦਾਤਾ ਨਿਰਵੈਰ ਪ੍ਰਗਟ ਹੋਵੇ ਸ਼ਹਿਨਸ਼ਾਹ, ਪਾਤਸ਼ਾਹ ਇਕ ਅਖਵਾਈਆ। ਜਿਸ ਨੂੰ ਸਦੀ ਚੌਧਵੀਂ ਅੰਤ ਅਖ਼ੀਰ ਸਾਰੇ ਕਰਨ ਵਾਹ ਵਾਹ, ਵਾਹਵਾ ਤੇਰੀ ਵਡ ਵਡਿਆਈਆ। ਸੋ ਜਨ ਭਗਤਾਂ ਲਹਿਣਾ ਦੇਣਾ ਪੂਰਬ ਜਨਮ ਦਾ ਝੋਲੀ ਦੇਵੇ ਪਾ, ਕਰਮ ਕਰਮ ਦਾ ਲੇਖ ਰਹੇ ਨਾ ਰਾਈਆ। ਓਸ ਸਵਾਮੀ ਅੰਤਰਜਾਮੀ ਸੀਸ ਦੇਣਾ ਨਿਵਾ, ਨਿਵ ਨਿਵ ਲਗਣਾ ਪਾਈਂਆ। ਉਹ ਸੰਤ ਸੁਹੇਲਾ ਇਕ ਇਕੇਲਾ ਤੇਰੀ ਪਕੜੇ ਬਾਂਹ, ਸਹਾਇਕ ਨਾਇਕ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਮਿੱਟੀ ਖ਼ਾਕ ਧੂੜ ਉਡਾਈਆ। ਸਤਿਜੁਗ ਸਾਚਾ ਦਏ ਲਗਾ, ਲਗ ਮਾਤਰ ਦਾ ਡੇਰਾ ਢਾਹੀਆ। ਇਕੋ ਇਸ਼ਟ ਦਏ ਮਨਾ, ਦ੍ਰਿਸ਼ਟ ਸਭ ਦੀ ਆਪ ਖੁਲਾਈਆ। ਨਾਉਂ ਨਿਰੰਕਾਰਾ ਆਪ ਪ੍ਰਗਟਾ, ਪ੍ਰਗਟ ਹੋ ਕੇ ਖੇਲ ਖਿਲਾਈਆ। ਸਤਿ ਧਰਮ ਦਾ ਡੰਕਾ ਦਏ ਵਜਾ, ਚਾਰ ਕੁੰਟ ਕਰੇ ਸ਼ਨਵਾਈਆ। ਜਨ ਭਗਤ ਸੁਹੇਲੇ ਲਏ ਤਰਾ, ਤਾਰਨਹਾਰ ਇਕ ਅਖਵਾਈਆ। ਹਰਿ ਸੰਗਤ ਮੇਲਾ ਲਏ ਮਿਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਗੁਰ ਚੇਲਾ ਇਕੋ ਰੰਗ ਰੰਗਾ, ਰੰਗਤ ਚਾੜ੍ਹੇ ਧੁਰ ਦਾ ਮਾਹੀਆ। ਵਕਤ ਸੁਹੰਜਣਾ ਕਰੇ ਆ, ਸੋਭਾਵੰਤ ਦਏ ਵਡਿਆਈਆ। ਤੂੰ ਚਰਨ ਸਰਨ ਪੈਣਾ ਸਰਨਾ, ਸਰਨਗਤ ਇਕ ਰਖਾਈਆ। ਉਹ ਤੇਰਾ ਲਹਿਣਾ ਦੇਣਾ ਪੂਰਾ ਦਏ ਕਰਾ, ਪੂਰਬ ਪੱਛਮ ਉੱਤਰ ਦੱਖਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰਨ ਦਏ ਕਰਾ, ਨਿਰਾਸ਼ਾ ਰਹਿਣ ਕੋਇ ਨਾ ਪਾਈਆ।
੩੦ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪਾਤਸ਼ਾਹ ਜੀ ਦੀ ਬੰਬੀ ਤੇ
ਕਸ਼ਮੀਰ ਸਿੰਘ, ਜਸਬੀਰ ਸਿੰਘ, ਭਾਗ ਸਿੰਘ, ਕੁਲਵੰਤ ਸਿੰਘ, ਮੇਲਾ ਸਿੰਘ, ਜਗਤਾਰ ਸਿੰਘ,
ਗੁਰਮੀਤ ਕੌਰ, ਚਰਨ ਕੌਰ, ਜਗੀਰ ਸਿੰਘ, ਨਿਰਮਲ ਸਿੰਘ ਸੁਲਖਣ ਸਿੰਘ, ਜਰਨੈਲ ਸਿੰਘ,
ਦਲੀਪ ਸਿੰਘ, ਰਤਨ ਸਿੰਘ, ਜੋਗਾ ਸਿੰਘ, ਭਜਨ ਸਿੰਘ, ਪ੍ਰੀਤਮ ਸਿੰਘ, ਕਸ਼ਮੀਰ ਸਿੰਘ
ਨਾਰਦ ਕਹੇ ਮੈਨੂੰ ਆਵੇ ਹਾਸਾ, ਦੰਦੀਆਂ ਕਢ ਕੇ ਦਿਆਂ ਵਖਾਈਆ। ਮੈਂ ਪਿਛਲਾ ਦੱਸਾਂ ਖੁਲਾਸਾ, ਭੇਵ ਅਭੇਦ ਜਣਾਈਆ। ਕੀ ਖੇਲ ਵਰਤਾਇਆ ਪੁਰਖ ਅਬਿਨਾਸ਼ਾ, ਹਰਿ ਕਰਤੇ ਧੁਰਦਰਗਾਹੀਆ। ਮੈਂ ਵੇਖਦਾ ਰਿਹਾ ਤਮਾਸ਼ਾ, ਨੈਣਾਂ ਨੈਣ ਉਠਾਈਆ। ਬਾਲਮੀਕ ਬੈਠਾ ਏਥੇ ਪਿਆਸਾ, ਆਸ ਅੰਤਰ ਅੰਤਰ ਰਖਾਈਆ। ਪ੍ਰਭੂ ਭਗਤਾਂ ਦਾ ਭਰ ਦੇ ਪ੍ਰੇਮ ਵਾਲਾ ਕਾਸਾ, ਕਸਮ ਖਾ ਕੇ ਦਿਤਾ ਸਮਝਾਈਆ। ਨਿਜ ਘਰ ਜਿਨ੍ਹਾਂ ਰਖੇਂ ਵਾਸਾ, ਆਪਣਾ ਰੰਗ ਰੰਗਾਈਆ। ਮੇਰੀ ਵੇਖ ਲੈ ਕਾਇਆ ਮਾਟੀ ਲਾਸ਼ਾ, ਤਨ ਸਰੀਰ ਖੋਜ ਖੁਜਾਈਆ। ਸ਼ਬਦ ਸੰਦੇਸਾ ਮਿਲਿਆ ਤੈਨੂੰ ਦੇਵਾਂ ਧਰਵਾਸਾ, ਧਰਮ ਧਾਰ ਸੁਣਾਈਆ। ਭੇਵ ਅਭੇਦਾ ਇਕ ਸੁਣਾਸਾ, ਅਣਸੁਣਤ ਹੋ ਕੇ ਦਿਆਂ ਜਣਾਈਆ। ਜਿਹੜੇ ਅਯੁਧਿਆ ਵਾਸੀ ਰਾਮ ਨੂੰ ਛਡਣ ਆਏ ਬਨਬਾਸਾ, ਰਸਤੇ ਵਿਚ ਨੈਣਾਂ ਨੀਰ ਵਹਾਈਆ। ਉਨ੍ਹਾਂ ਅੰਤਮ ਕਲਜੁਗ ਜਨਮ ਕਰਾਂ ਰਾਸਾ, ਜਨਮ ਜਨਮ ਵਿਚੋਂ ਦਵਾਈਆ। ਪ੍ਰੇਮ ਪਿਆਰ ਦੀ ਮਿਲ ਕੇ ਓਨ੍ਹਾਂ ਨਾਲ ਪਾਵਾਂ ਰਾਸਾ, ਰਸਤਾ ਦੀਨ ਦੁਨੀ ਬਦਲਾਈਆ। ਸ਼ੰਕਰ ਚਲ ਕੇ ਆਵੇ ਉਤੋਂ ਕੈਲਾਸ਼ਾ, ਵਿਸ਼ਨ ਬ੍ਰਹਮਾ ਸਿਰ ਨਿਵਾਈਆ। ਮੈਂ ਭਗਤਾਂ ਹੋ ਕੇ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਖੇਲ ਕਰਾਂ ਅਲਖਣਾ ਅਲਾਖਾ, ਅਲਖ ਅਗੋਚਰ ਆਪਣੇ ਹੱਥ ਰਖਾਂ ਵਡਿਆਈਆ। ਦਿਵਸ ਰੈਣ ਹੋਵਾਂ ਰਾਖਾ, ਅੱਠੇ ਪਹਿਰ ਸਹਾਈਆ। ਸਾਚੇ ਜਲ ਦੀਆਂ ਦੇਵਾਂ ਦਾਤਾ, ਭੰਡਾਰਾ ਅੰਮ੍ਰਿਤ ਨਾਮ ਵਰਸਾਈਆ। ਸੋ ਵਕਤ ਸੁਹੰਜਣਾ ਜਾਤਾ, ਨਾਰਦ ਕਹੇ ਮੇਰੇ ਅੰਤਰ ਵੱਜੀ ਵਧਾਈਆ। ਖ਼ੁਸ਼ੀ ਹੋਵੇ ਅੱਜ ਧਰਤੀ ਮਾਤਾ, ਮਾਤਾ ਤ੍ਰਿਪਤ ਦੀ ਨਾਲ ਮਿਲਾਈਆ। ਮੇਰਾ ਸਤਿਗੁਰ ਵਾਲਾ ਡੂੰਘਾ ਖਾਤਾ, ਭੇਵ ਸਕੇ ਕੋਇ ਨਾ ਪਾਈਆ। ਸੀਤਾ ਵੈਰਾਗ ਵਿਚ ਰਿਸ਼ੀ ਨਾਲ ਕੱਟੀਆਂ ਏਥੇ ਢਾਈ ਰਾਤਾ, ਗਿਆਰਾਂ ਦਿਨ ਗ਼ਮੀ ਵਿਚ ਲੰਘਾਈਆ। ਨਾਰਦ ਕਹੇ ਮੈਂ ਪਿਛਲਾ ਮਾਰਿਆ ਝਾਕਾ, ਸਹਿਜ ਨਾਲ ਵੇਖ ਵਖਾਈਆ। ਮੇਰੇ ਕੋਲ ਇਕ ਚਾਰ ਪੰਜ ਤਿੰਨ ਦਾ ਖ਼ਾਕਾ, ਖ਼ਾਕ ਮਿਟੀ ਵਾਲਾ ਸਮਝ ਕੋਇ ਨਾ ਪਾਈਆ। ਮੈਂ ਸਚ ਸੰਦੇਸਾ ਆਖਾ, ਆਖ ਕੇ ਦਿਆਂ ਦ੍ਰਿੜਾਈਆ। ਸ਼ਬਦ ਸੰਦੇਸਾ ਦੇਵਾਂ ਸਾਚਾ, ਸਚ ਨਾਲ ਸਮਝਾਈਆ। ਜਨ ਭਗਤਾਂ ਅੰਦਰ ਨਿਰਗੁਣ ਹੋ ਕੇ ਰਾਚਾ, ਰੋਮ ਰੋਮ ਵਿਚ ਸਮਾਈਆ। ਉਹ ਦਿਵਸ ਰੈਣ ਪ੍ਰੇਮ ਪਿਆਰ ਦੀਆਂ ਕੱਟਣ ਵਾਟਾ, ਭੱਜਣ ਵਾਹੋ ਦਾਹੀਆ। ਜਗਤ ਕਾਰ ਓਨ੍ਹਾਂ ਦਾ ਲੇਖਾ ਕਰ ਹਾਥਾ, ਲੇਖਾ ਹੱਥੋਂ ਹੱਥ ਚੁਕਾਈਆ। ਇਹ ਪੂਰਬ ਦਾ ਲਹਿਣਾ ਤਰੇਤੇ ਦਾ ਸਾਥਾ, ਕਲਜੁਗ ਅੰਤਮ ਪੂਰ ਕਰਾਈਆ। ਜਨਮ ਜਨਮ ਦੀ ਸੇਵਾ ਕਰਮ ਕਰਮ ਦਾ ਪੂਰਾ ਕਰੇ ਘਾਟਾ, ਘਾਟ ਅਗੇ ਰਹੇ ਨਾ ਰਾਈਆ। ਨਿਰਗੁਣ ਨੂਰ ਜੋਤ ਦੀ ਧਾਰ ਦੇਵੇ ਲਾਟਾ, ਲਿਲਾਟ ਆਪਣਾ ਰੰਗ ਰੰਗਾਈਆ। ਜਨ ਭਗਤ ਸੁਹੇਲੇ ਸਗਲਾ ਬਣਿਆ ਧੁਰ ਦਾ ਸਾਥਾ, ਸੰਗੀ ਇਕ ਅਖਵਾਈਆ। ਗੁਰਮੁਖੋ ਤੁਹਾਡਾ ਪ੍ਰਵਾਨ ਹੋਇਆ ਟੇਕਿਆ ਮਾਥਾ, ਮਸਤਕ ਮਿਲੇ ਵਡਿਆਈਆ। ਜਲ ਧਾਰਾ ਕਹੇ ਮੈਂ ਚਰਨ ਛੋਹ ਕੇ
ਪਵਿਤ ਹੋ ਕੇ ਨਹਾਤਾ, ਆਪਣਾ ਆਪ ਪਵਿਤ ਬਣਾਈਆ। ਗੁਰਮੁਖੋ ਤੁਹਾਡੇ ਪ੍ਰੇਮ ਦੀ ਧਾਰ, ਏਸ ਬੰਬੀ ਦੀ ਆਬ ਸ਼ਾਰ, ਜਲ ਅੱਠ ਸੱਠ ਤੀਰਥ ਨਾਲੋਂ ਵਡ ਵਡਿਆਈਆ। ਤੁਹਾਡੀ ਲੇਖੇ ਲੱਗੀ ਘਾਲ ਕੀਤੀ ਕਾਰ, ਕਰਮ ਦੀ ਧਾਰ ਕਰਮ ਨਾਲ ਰਖਾਈਆ। ਪੂਰਨ ਸਤਿਗੁਰ ਪੂਰਨ ਅਵਤਾਰ, ਪੂਰਨ ਜੋਤ ਸ਼ਬਦ ਦੀ ਧਾਰ, ਪੂਰਨ ਸਤਿਗੁਰ ਹੋਏ ਸਹਾਈਆ। ਇਹ ਲੇਖਾ ਪੂਰਬ ਚੁਕਾਏ ਸੱਚੀ ਸਰਕਾਰ, ਲਹਿਣਾ ਸਭ ਦਾ ਵੇਖ ਵਖਾਈਆ। ਆਗਿਆ ਕੌਰ ਉਸ ਵੇਲੇ ਪੈਂਸਠ ਸਾਲ ਦੀ ਹੁੰਦੀ ਸੀ ਇਕ ਵਿਧਵਾ ਨਾਰ, ਪੰਜ ਸਾਲ ਵਿਛੋੜਾ ਪਤੀ ਵਾਲਾ ਪਹਿਲੋਂ ਪਾਈਆ। ਓਸ ਸਤਾਰਾਂ ਘੰਟਿਆਂ ਪਿਛੋਂ ਰਿਸ਼ੀ ਨੂੰ ਪਾਣੀ ਦਿਤਾ ਪਿਆਲ, ਸੀਤਾ ਨੂੰ ਸੁੱਤੀ ਆਪ ਉਠਾਲ, ਨੇਤਰ ਪ੍ਰੇਮ ਨਾਲ ਤਕਾਈਆ। ਧੁਰ ਸੰਦੇਸਾ ਦਿਤਾ ਦੀਨ ਦਿਆਲ, ਦਇਆਨਿਧ ਹੁਕਮ ਸੁਣਾਈਆ। ਜਿਸ ਵੇਲੇ ਕਲਜੁਗ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬਹਿਬਲ ਹੋ ਕੇ ਰੋਵੇ ਮਾਰੇ ਧਾਹੀਆ। ਉਸ ਵੇਲੇ ਕਿਰਪਾ ਕਰੇ ਪੁਰਖ ਅਕਾਲ, ਜਨ ਭਗਤਾਂ ਹੋਏ ਆਪ ਸਹਾਈਆ। ਸਚ ਦਾ ਪ੍ਰਵਿਸ਼ਟਾ ਕੀਤਾ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਤੁਹਾਡੀ ਸਚ ਪ੍ਰੀਤੀ ਦਾ ਪ੍ਰੀਤਮ ਕੋਲ ਮਾਣ, ਦੇਵਣਹਾਰ ਆਪ ਅਖਵਾਈਆ। ਸਭ ਦੀ ਘਾਲ ਕੀਤੀ ਹੋਈ ਪ੍ਰਵਾਨ, ਪਰਮ ਪੁਰਖ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ।
੩੧ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਮੌਤਾ ਸਿੰਘ ਕਲਸੀਆਂ ਵਾਲੇ ਦੇ ਨਵਿਤ
ਵਿਸਾਖ ਕਹੇ ਮੇਰਾ ਅੰਤ ਪ੍ਰਵਿਸ਼ਟਾ ਮੁਕਿਆ, ਮੁਕਤ ਦੇ ਮਾਲਕ ਦਿਤਾ ਮੁਕਾਈਆ। ਜਿਸ ਦਾ ਭਾਣਾ ਕਦੇ ਨਾ ਰੁਕਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਓਸ ਗੁਰ ਅਵਤਾਰ ਪੈਗ਼ੰਬਰ ਉਠਾਇਆ ਆਪਣੀ ਧਾਰ ਸੁੱਤਿਆ, ਨਿਰਗੁਣ ਨੂਰ ਨੂਰ ਜਗਾਈਆ। ਉਠੋ ਤੱਕੋ ਧਰਮ ਧਾਰ ਦੀ ਰੁੱਤਿਆ, ਕੀ ਰੁਤੜੀ ਮਾਤ ਮਹਿਕਾਈਆ। ਭੇਵ ਅਭੇਦ ਰਹੇ ਕੋਇ ਨਾ ਲੁਕਿਆ, ਓਹਲਾ ਪਰਦਾ ਆਪ ਚੁਕਾਈਆ। ਸਚ ਵਕਤ ਸੁਹੰਜਣਾ ਢੁਕਿਆ, ਘੜੀ ਥਿਤ ਵਾਰ ਵੱਜੇ ਵਧਾਈਆ। ਜਿਸ ਨਵ ਨੌ ਚਾਰ ਦਾ ਬੀੜਾ ਚੁਕਿਆ, ਬੇੜਾ ਜਗਤ ਜਹਾਨ ਵੇਖ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਮੇਟੇ ਦੁਖੀਆ, ਦੁਖੀਆਂ ਦਰਦ ਵੰਡਾਈਆ। ਸਾਚਾ ਵਕਤ ਸੁਹੰਜਣਾ ਕਰੇ ਸੁੱਖਿਆ, ਸੁਖ ਸਾਗਰ ਵਿਚ ਸਮਾਈਆ। ਗੁਰਸਿਖ ਰਹਿਣ ਦੇਵੇ ਕੋਈ ਨਾ ਭੁੱਖਿਆ, ਭੁੱਖਿਆਂ ਭੁੱਖ ਮਿਟਾਈਆ। ਜੋ ਹਰ ਘਟ ਅੰਦਰ ਵੜ ਕੇ ਰਿਹਾ ਪੁਛਿਆ, ਖੋਜਣਹਾਰਾ ਥਾਉਂ ਥਾਈਂਆ। ਉਹ ਸਭ ਨੂੰ ਬਖ਼ਸ਼ਣਹਾਰਾ ਖ਼ੁਸ਼ੀਆਂ, ਖ਼ੁਸ਼ੀਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਨਜ਼ਰ ਆਪ ਉਠਾਈਆ। ਵਿਸਾਖ ਕਹੇ ਮੇਰੇ ਬੀਤੇ ਸਾਲ ਸਹੰਸ, ਕੋਟਨ ਕੋਟ ਪੰਧ ਮੁਕਾਈਆ। ਮੈਂ ਜਨ ਭਗਤ ਸੁਹੇਲੇ ਪ੍ਰਭੂ ਦੇ ਪਿਆਰੇ ਤੱਕਾਂ ਹੰਸ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਸਤਿਗੁਰ ਧਾਰ ਦਾ ਤੱਕਾਂ ਬੰਸ, ਸਰਬੰਸ ਇਕੋ ਨਜ਼ਰੀ ਆਈਆ। ਕਲਜੁਗ ਕੂੜ ਹੰਕਾਰੀ ਰਹੇ ਨਾ ਕੰਸ, ਖੰਡਾ ਖੜਗ ਨਾਮ ਖੜਕਾਈਆ। ਦੇਵੇ ਮਾਣ ਜਗਤ ਦੀ ਧਾਰ ਕੌਰ ਹਰਬੰਸ, ਮਿਹਰਵਾਨ ਮਿਹਰ ਨਜ਼ਰ
ਉਠਾਈਆ। ਜੋ ਇਸ਼ਾਰਾ ਕੀਤਾ ਤਬਰੇਜ਼ ਸ਼ਮਸ਼, ਸ਼ਮਅ ਜਗਤ ਧਿਆਨ ਲਗਾਈਆ। ਜੋ ਸੰਦੇਸਾ ਦਿਤਾ ਹਮਜ਼ਾ ਗਮਸ, ਖ਼ੁਦ ਖ਼ੁਦੀ ਵਿਚੋਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਵਿਸਾਖ ਕਹੇ ਮੇਰੇ ਅੰਤਰ ਇਕ ਵੈਰਾਗ, ਬ੍ਰਿਹੋਂ ਵਿਚ ਜਣਾਈਆ। ਮਹੀਨੇ ਜੇਠ ਲੱਗਣਾ ਭਾਗ, ਭਗਵਨ ਦਏ ਵਡਿਆਈਆ। ਸਾਚੇ ਘਰ ਜਗਣਾ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਪੁਰਖ ਅਕਾਲਾ ਰਖੇ ਲਾਜ, ਬੰਸ ਸਰਬੰਸ ਸਿਰ ਆਪਣਾ ਹੱਥ ਟਿਕਾਈਆ। ਸਭ ਦਾ ਜੀਵਣ ਜਾਏ ਜਾਗ, ਜਾਗਰਤ ਜੋਤ ਨਾਲ ਵਡਿਆਈਆ। ਕੂੜੀ ਬੁਧੀ ਰਹਿਣ ਨਾ ਦੇਵੇ ਕਾਗ, ਗੁਰਮੁਖ ਰੰਗ ਰੰਗਾਈਆ। ਪੂਰਬ ਜਨਮ ਦਾ ਧੋ ਦਾਗ਼, ਪਤਤ ਪੁਨੀਤ ਵਖਾਈਆ। ਸਤਿ ਦਾ ਸਚ ਸੁਹਾਏ ਕਾਜ, ਕਰਨੀ ਦਾ ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਵਿਸਾਖ ਕਹੇ ਮੇਰੀ ਨਮੋ ਨਮੋ ਨਿਮਸਕਾਰਾ, ਸੀਸ ਜਗਦੀਸ਼ ਝੁਕਾਈਆ। ਸਤਿਗੁਰ ਸ਼ਬਦ ਦਾ ਦੱਸਾਂ ਇਸ਼ਾਰਾ, ਕੀ ਸੰਦੇਸਾ ਰਿਹਾ ਜਣਾਈਆ। ਸੁਖੀ ਵਸੇ ਮੇਰਾ ਪ੍ਰਵਾਰਾ, ਬੰਸ ਸਰਬੰਸ ਵਡਿਆਈਆ। ਜਗਤ ਦਲਿੱਦਰ ਕੂੜ ਨਿਵਾਰਾ, ਦੁੱਖਾਂ ਰੋਗਾਂ ਡੇਰਾ ਢਾਹੀਆ। ਘਰ ਸਚ ਕਰੇ ਪਸਾਰਾ, ਸਿਰ ਆਪਣਾ ਹੱਥ ਟਿਕਾਈਆ। ਹੁਕਮ ਸੰਦੇਸਾ ਦੇਵੇ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਉਤੇ ਜਣਾਈਆ। ਜਿਥੇ ਮਨੀ ਸਿੰਘ ਦੀ ਖ਼ਾਕ ਦਾ ਬੁਝਿਆ ਰਖਿਆ ਅੰਗਿਆਰਾ, ਹੱਡੀਆਂ ਢੇਰ ਸੁਹਾਈਆ। ਪੰਜ ਜੇਠ ਤੇਜਾ ਸਿੰਘ ਲਾਵੇਗਾ ਪੰਜ ਜੈਕਾਰਾ, ਇੰਦਰ ਸਿੰਘ ਨਾਲ ਮਿਲਾਈਆ। ਦੇਗ ਦਾ ਮੋਤਾ ਸਿੰਘ ਬਣੇ ਵਰਤਾਰਾ, ਖ਼ੁਸ਼ੀਆਂ ਨਾਲ ਵਰਤਾਈਆ। ਜਗਤਾਰ ਸਿੰਘ ਸੀਸ ਬੰਨ੍ਹ ਚਿੱਟਾ ਦਸਤਾਰਾ, ਫਿਰੇ ਚਾਈਂ ਚਾਈਂਆ। ਇਹ ਖੇਲ ਅਗੰਮ ਅਪਾਰਾ, ਹਰਿ ਕਰਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦੀ ਇਕ ਅਧਾਰਾ, ਦੂਸਰ ਓਟ ਨਾ ਕੋਇ ਜਣਾਈਆ।
ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਖੇਲ ਕੇ ਗਏ ਗੋਦੀ, ਗੋਦਾਵਰੀ ਦਾ ਕੰਢਾ ਅੰਤਮ ਦਏ ਗਵਾਹੀਆ। ਜਗਤ ਰੂਪ ਦਰਸਾਉਂਦੇ ਗਏ ਸੋਢੀ ਤੇ ਵੇਦੀ, ਜਗਤ ਵਿਦਿਆ ਤੋਂ ਬਾਹਰ ਜਿਨ੍ਹਾਂ ਪੜ੍ਹਾਈਆ। ਕੂੜ ਕਿਰਿਆ ਦੂਰ ਕਰਦੇ ਗਏ ਮਮਤਾ ਮੋਹ ਵਾਲੇ ਬਚਾਉਂਦੇ ਗਏ ਰੋਗੀ, ਹੰਕਾਰ ਵਿਕਾਰ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਮੇਲ ਮਿਲਾਉਂਦੇ ਗਏ ਧੁਰ ਸੰਯੋਗੀ, ਵਿਛੋੜਾ ਨਾਤਾ ਜਗਤ ਵਾਲਾ ਗਵਾਈਆ। ਸਤਿ ਸਚ ਦਾ ਬਣਨਾ ਦੱਸਦੇ ਗਏ ਜੋਗੀ, ਜੁਗੀਸ਼ਰਾਂ ਤੋਂ ਬਾਹਰ ਪੜ੍ਹਾਈਆ। ਭਸਮੜ ਰੂਪ ਦਰਸਾਉਂਦੇ ਗਏ ਭੋਗੀ, ਭਗਵਨ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੇਰੇ ਉਤੋਂ ਲੇਖ ਜਿਨ੍ਹਾਂ ਮੁਕਾਇਆ ਭਾਉ ਦੋਜੀ, ਦੁਤੀਆ ਭੇਵ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਜੁਗ ਜੁਗ ਹੁੰਦਾ ਰਿਹਾ ਸਵੰਬਰ, ਸਾਹਿਬ
ਸਵਾਮੀ ਦਿਤੀ ਮਾਣ ਵਡਿਆਈਆ। ਨੂਰ ਪ੍ਰਕਾਸ਼ ਤੱਕਿਆ ਰਸੂਲ ਪੈਗ਼ੰਬਰ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਜ਼ਹੂਰ ਵੇਖਿਆ ਤਨ ਵਜੂਦ ਮਾਟੀ ਖ਼ਾਕ ਮੰਦਰ, ਕਾਅਬਿਆਂ ਸੋਭਾ ਪਾਈਆ। ਸਰਗੁਣ ਧਾਰ ਟੁੱਟਾ ਵੇਖਿਆ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜ਼ਹੂਰ ਤੱਕਦੀ ਰਹੀ ਉਤੇ ਅੰਬਰ, ਅਸਮਾਨਾਂ ਪਰੇ ਵੇਖ ਵਖਾਈਆ। ਨਵ ਨਵ ਚਾਰ ਤੋਂ ਬਾਹਰ ਢੂੰਡਣ ਗਈ ਲੱਭਣ, ਖੋਜਨ ਖੋਜ ਖੁਜਾਈਆ। ਮੇਰਾ ਮਹਿਬੂਬ ਮਾਹੀ ਮੈਨੂੰ ਨਜ਼ਰ ਆਇਆ ਵਾਹਿਦ ਇਕੋ ਰੱਬਨ, ਰਬੀਉਲ ਸਾਨੀ ਜਿਸ ਦਾ ਧਿਆਨ ਲਗਾਈਆ। ਜਿਸ ਦਾ ਹੁਕਮ ਸੰਦੇਸ਼ਾ ਕਲਮੇ ਦੀ ਧਾਰ ਦਿਤਾ ਮੇਰੀ ਬੁਝਾਈ ਅਗਨ, ਆਬੇ ਹਯਾਤ ਨਾਲ ਨਜਾਤ ਕਰਾਈਆ। ਮੈਂ ਖ਼ੁਸ਼ੀਆਂ ਵਿਚ ਹੋਈ ਮਗਨ, ਮਸਤੀ ਵਿਚ ਲਈ ਅੰਗੜਾਈਆ। ਨਿਰਮਾਣਤਾ ਵਿਚ ਲੱਗੀ ਸੱਦਣ, ਸਦਕੇ ਵਾਰੀ ਘੋਲ ਘੁਮਾਈਆ। ਆ ਮੇਰੇ ਮਹਿਬੂਬ ਪੁਰਖ ਸਮਰਥਣ, ਤੇਰੀ ਓਟ ਤਕਾਈਆ। ਮੈਂ ਮਹਿੰਦੀ ਲਾ ਕੇ ਹੱਥਨ, ਬਿਨ ਹੱਥਾਂ ਤੋਂ ਸਗਨ ਮਨਾਈਆ। ਬਿਨ ਅੱਖਰਾਂ ਤੋਂ ਖੋਲ ਕੇ ਅੱਖਨ, ਨੇਤਰ ਲੋਚਨ ਨੈਣ ਲਈ ਅੰਗੜਾਈਆ। ਕਦਮਾਂ ਤੇ ਸਿਰ ਲੱਗੀ ਸੱਟਣ, ਧੂੜੀ ਖ਼ਾਕ ਰਮਾਈਆ। ਖ਼ੁਸ਼ੀਆਂ ਵਿਚ ਲੱਗੀ ਨੱਠਣ, ਭੱਜਾਂ ਵਾਹੋ ਦਾਹੀਆ। ਸੰਦੇਸਾ ਸੁਣਿਆ ਅਲਖ ਅਲੱਖਣ, ਕੀ ਅਗੋਚਰ ਦਿਤਾ ਦ੍ਰਿੜਾਈਆ। ਧਰਨੀ ਤੇਰੀ ਧਾਰ ਦਾ ਵੇਖਾਂ ਲੇਖਾ ਆਵਾਂ ਦੱਸਣ, ਦਸ ਦਸ ਦੀ ਧਾਰ ਤੋਂ ਬਾਹਰ ਸਮਝਾਈਆ। ਮਹਿਬੂਬ ਹੋ ਕੇ ਮੁਹੱਬਤ ਵਿਚ ਆਵਾਂ ਵਸਣ, ਵਸਲ ਇਕੋ ਯਾਰ ਵਖਾਈਆ। ਕਲਮਿਆਂ ਤੋਂ ਬਾਹਰ ਕਲਾਮ ਕਾਇਮ ਮੁਕਾਮ ਧੁਰ ਦਾ ਦੱਸਾਂ ਬਚਨ, ਬਚਪਨ ਤੇਰਾ ਵੇਖ ਵਖਾਈਆ। ਸਦੀ ਚੌਧਵੀਂ ਦਾ ਘਾਟ ਤੱਕੀਂ ਪਤਣ, ਕਿਨਾਰੇ ਬੈਠਾ ਮੁਹੰਮਦ ਅੱਖ ਖੁਲਾਈਆ। ਧਰਨੀ ਕਹੇ ਮੈਂ ਨੇਤਰ ਵਿਰੋਲੇ ਅੱਥਣ, ਹੰਝੂਆਂ ਹਾਰ ਬਣਾਈਆ। ਕੀ ਮੇਰੇ ਮਾਲਕ ਖ਼ਾਲਕ ਦੀਨ ਦੁਨੀ ਆਵੇ ਮਥਣ, ਜੋ ਮਿਥਿਆ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਓਸ ਦੀ ਸਰਨੀ ਪਰੀ, ਜੋ ਪਰਮ ਪੁਰਖ ਬੇਪ੍ਰਵਾਹੀਆ। ਜਿਸ ਖੇਲ ਅਵੱਲੜੀ ਕਰੀ, ਕਰਤਾ ਪੁਰਖ ਅਗੰਮ ਅਥਾਹੀਆ। ਜਿਸ ਤਨ ਵਜੂਦਾਂ ਧਾਰ ਬਣਾ ਕੇ ਲੜੀ, ਕੰਨੀ ਗੰਢ ਦਿਤੀ ਬੰਧਾਈਆ। ਮੈਨੂੰ ਯਾਦ ਪੁਰਾਣੀ ਘੜੀ, ਘੜੀ ਘੜੀ ਖੋਜ ਖੁਜਾਈਆ। ਧਰਨੀ ਕਹੇ ਮੇਰੀ ਨਿਗਾਹ ਅਕਾਸ਼ਾਂ ਤੋਂ ਉਪਰ ਚੜ੍ਹੀ, ਚੜ੍ਹਦਾ ਲਹਿੰਦਾ ਨਜ਼ਰਾਂ ਹੇਠ ਦਬਾਈਆ। ਮੈਂ ਮਹਿਬੂਬ ਤੱਕਿਆ ਜਿਥੇ ਕਿਰਪਾ ਹੁੰਦੀ ਬੜੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਂ ਦਰਵੇਸ਼ਣ ਹੋ ਕੇ ਖੜੀ, ਨਿਮਰਤਾ ਵਿਚ ਸੀਸ ਝੁਕਾਈਆ। ਨਿਗਾਹ ਮਾਰੀ ਤੇ ਧਾਰ ਬਿਨਾ ਅੱਖਰਾਂ ਤੋਂ ਪੜ੍ਹੀ, ਜਿਸ ਦਾ ਰੂਪ ਰੰਗ ਰੇਖ ਜਗਤ ਨਾ ਕੋਇ ਜਣਾਈਆ। ਜਿਸ ਵਿਚ ਸ਼ਰਅ ਨਾ ਕੋਇ ਸ਼ਰਈ, ਸ਼ਰੀਅਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਧਰਨੀ ਕਹੇ ਮੈਂ ਵੇਖ ਕੇ ਜ਼ਿਮੀਂ ਅਸਮਾਨਾ, ਦੋ ਜਹਾਨਾਂ ਪਰੇ ਧਿਆਨ ਲਗਾਈਆ। ਜਲਵਾ ਤੱਕ ਕੇ ਨੂਰ ਨੁਰਾਨਾ, ਜ਼ਾਹਰ ਜ਼ਹੂਰ ਵੇਖ ਵਖਾਈਆ। ਨਿਗਾਹ ਨਾਲ ਵੇਖ ਕੇ ਕਾਹਨਾ, ਨੈਣ ਨੈਣਾਂ ਵਿਚ ਟਿਕਾਈਆ। ਸਤਿ ਸਰੂਪ ਦਾ ਜਾਣ ਕੇ ਰਾਮਾ, ਰਾਮ ਰਾਮ ਰੂਪ ਅਖਵਾਈਆ। ਜੋ ਆਦਿ ਜੁਗਾਦੀ ਮਿਹਰਵਾਨਾ, ਮਹਿਬੂਬ ਨੂਰ ਅਲਾਹੀਆ। ਉਸ ਨੇ ਦਿਤਾ ਹਕੀਕੀ ਹਕ ਪੈਗ਼ਾਮਾ, ਕਲਮਿਆਂ ਤੋਂ ਬਾਹਰ ਸੁਣਾਈਆ। ਧਰਨੀਏ ਨਿਗਾਹ ਮਾਰ ਲੈ ਤੇਰੇ ਉਤੇ ਅੰਤ ਕੰਤ ਭਗਵੰਤ ਪਹਿਰ ਕੇ ਆਵੇ ਬਾਣਾ, ਭੇਵ ਅਭੇਦ
ਅਲੱਖ ਅਗੋਚਰ ਆਪਣੇ ਵਿਚ ਛੁਪਾਈਆ। ਜਿਸ ਦਾ ਖੇਲ ਹੋਣਾ ਜਗਤ ਮਹਾਨਾ, ਮਹਿੰਮਾ ਅਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਤੱਕ ਕੇ ਧੁਰ ਧਰਮ ਦੀ ਧਾਰ, ਧਰਮ ਧਰਮ ਨਾਲ ਜਣਾਈਆ। ਬਿਨਾ ਜ਼ਬਾਨ ਤੋਂ ਕਰ ਪੁਕਾਰ, ਕੂਕ ਕੂਕ ਸੁਣਾਈਆ। ਸੁਣ ਸ਼ਹਿਨਸ਼ਾਹ ਮਹਿੰਡੋ ਯਾਰ, ਨੂਰ ਨੁਰਾਨਾ ਨੂਰ ਅਲਾਹੀਆ। ਮੇਰੇ ਆਲੀਜਾਹ ਵਲੀਆਂ ਦੀ ਸਰਕਾਰ, ਸ਼ਹਿਨਸ਼ਾਹ ਪੈਗ਼ੰਬਰਾਂ ਦੇ ਵਖਾਈਆ। ਮੈਂ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੀਸ ਝੁਕਾਈਆ। ਮੇਰੇ ਅਮਾਮ ਅਮਾਮਾ ਤੂੰ ਮੇਰੇ ਉਤੇ ਹੋਣਾ ਜ਼ਾਹਰ, ਜ਼ਾਹਰ ਜ਼ਹੂਰ ਲੈਣੀ ਅੰਗੜਾਈਆ। ਮੈਂ ਤੇਰੀ ਕਦਮ ਬੋਸੀ ਵਿਚ ਕਦੀਮ ਦਾ ਕਰਾਂ ਇੰਤਜ਼ਾਰ, ਕੁਦਰਤ ਦੇ ਕਾਦਰ ਤੇਰਾ ਰਾਹ ਤਕਾਈਆ। ਦਰਗਾਹ ਸਾਚੀ ਦੇ ਮਾਲਕ ਖ਼ਲਕ ਦੇ ਖ਼ਾਲਕ ਆਪਣੇ ਅੰਦਰੋਂ ਹੋਵੀਂ ਬਾਹਰ, ਗੁਪਤ ਜ਼ਾਹਰ ਆਪਣਾ ਰੰਗ ਰੰਗਾਈਆ। ਮੈਂ ਤੇਰੀ ਦੀਦ ਦਾ ਦਰਸ ਕਰਨ ਨੂੰ ਰਹਾਂ ਤਿਆਰ, ਦਿਵਸ ਰੈਣ ਰਾਹ ਤਕਾਈਆ। ਤੂੰ ਮਾਲਕ ਮੇਰਾ ਆਦਿ ਜੁਗਾਦੀ ਤੇਰੇ ਸਭ ਕੁਛ ਅਖ਼ਤਿਆਰ, ਮੁਖ਼ਤਿਆਰ ਗੁਰ ਅਵਤਾਰ ਪੈਗ਼ੰਬਰ ਮੈਨੂੰ ਦੇ ਕੇ ਗਏ ਸਲਾਹੀਆ। ਧਰਨੀਏ ਤੇਰੇ ਉਤੇ ਅੰਤ ਆਵੇ ਕਲ ਕਲਕੀ ਅਵਤਾਰ, ਨਿਹਕਲੰਕ ਰੂਪ ਬਦਲਾਈਆ। ਜਿਸ ਦਾ ਇਕੋ ਨੂਰ ਜੋਤ ਹੋਵੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਸਤਿਗੁਰ ਸ਼ਬਦ ਸ਼ਬਦ ਦੀ ਹੋਵੇ ਧਾਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਗਤ ਅੱਖਰਾਂ ਦਾ ਲੇਖ ਸਮਝ ਸਕੇ ਨਾ ਵਿਸਥਾਰ, ਸਿਫ਼ਤਾਂ ਵਿਚ ਨਾ ਸਿਫ਼ਤ ਸਲਾਹੀਆ। ਉਹ ਬੋਧ ਅਗਾਧਾ ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕੇ ਜਿਸ ਨੂੰ ਸਾਰੇ ਗਾਈਆ। ਸੋ ਤੇਰਾ ਲਹਿਣਾ ਦੇਣਾ ਕਰਜ਼ ਦਏ ਉਤਾਰ, ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਲੇਖਾ ਤੇਰੀ ਝੋਲੀ ਪਾਈਆ। ਉਸ ਦਾ ਇਕੋ ਹੁਕਮ ਹੋਵੇ ਦਰੇ ਦਰਬਾਰ, ਅਦਲ ਇਨਸਾਫ਼ ਇਕ ਕਮਾਈਆ। ਇਕੋ ਕਲਮਾ ਤੇਰੇ ਉਤੇ ਦਏ ਉਚਾਰ, ਇਕੋ ਨਾਮ ਦਏ ਸਮਝਾਈਆ। ਦੀਨਾਂ ਮਜ਼੍ਹਬਾਂ ਮੇਟ ਕੇ ਖਾਰ, ਖ਼ਾਲਸ ਇਕੋ ਰੰਗ ਰੰਗਾਈਆ। ਤਨ ਵਜੂਦਾਂ ਦੁਤੀਆ ਭਾਉ ਦਏ ਨਿਵਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਗਫ਼ਲਤ ਵਿਚੋਂ ਹੋਣਾ ਬੇਦਾਰ, ਆਲਸ ਨਿੰਦਰਾ ਵਿਚੋਂ ਅੱਖ ਖੁਲਾਈਆ। ਖੇਲ ਤੱਕਣਾ ਏਕੰਕਾਰ, ਕੀ ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਦਾ ਸੰਬਲ ਹੋਣਾ ਧਾਮ ਨਿਆਰ, ਸੰਬਲ ਬਹਿ ਕੇ ਆਪਣਾ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰੇ ਅੰਦਰ ਆਵਾਜ਼ ਅਗੰਮੀ ਆਈ, ਆਇਤਾਂ ਤੋਂ ਬਾਹਰ ਦਿਤਾ ਦ੍ਰਿੜਾਈਆ। ਤੇਰੇ ਉਤੇ ਕਲਜੁਗ ਕੂੜ ਬਣੇ ਕਸਾਈ, ਛੁਰੀ ਸ਼ਰਅ ਵਾਲੀ ਉਠਾਈਆ। ਧਰਨੀ ਕਹੇ ਮੈਂ ਰੋ ਕੇ ਦਿਤੀ ਦੁਹਾਈ, ਦੁਹੱਥੜ ਸੀਨੇ ਉਤੇ ਲਗਾਈਆ। ਮਿਹਰ ਕਰ ਮੇਰੇ ਮਿਹਰਵਾਨ ਨੂਰ ਅਲਾਹੀ, ਅੱਲਾ ਤੇਰੀ ਓਟ ਰਖਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਮੇਰੀ ਦੇਣ ਗਵਾਹੀ, ਸ਼ਹਾਦਤ ਰਹੇ ਭੁਗਤਾਈਆ। ਤੇਰੀ ਨਾਮ ਦੀ ਦਰੋਹੀ ਤੇਰੀ ਆਦਿ ਵਿਚ ਦੁਹਾਈ, ਕਲਮਿਆਂ ਤੋਂ ਬਾਹਰ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਝਟ ਨਾਰਦ ਆ ਗਿਆ ਪਾਉਂਦਾ ਰੌਲਾ, ਤਾੜੀ ਪੁੱਠੇ ਹੱਥਾਂ ਵਜਾਈਆ। ਮੌਲੀ ਤੰਦ ਬੰਨ੍ਹ ਕੇ ਡੌਲਾ, ਬਾਜ਼ੂ ਰਿਹਾ ਹਿਲਾਈਆ। ਨਾਲੇ ਵਖਾਵੇ ਪੈਗ਼ੰਬਰਾਂ ਵਾਲਾ ਕੌਲਾ, ਇਕਰਾਰ ਰਿਹਾ ਜਣਾਈਆ। ਆਹ ਕਮਲੀਏ ਤੱਕ
ਲੈ ਆਪਣਾ ਮੌਲਾ, ਜੋ ਮੌਲਿਆ ਹਰ ਘਟ ਥਾਈਂਆ। ਜਿਸ ਤੇਰੇ ਉਤੇ ਭਾਰ ਕਰਨਾ ਹੌਲਾ, ਹੌਲੀ ਹੌਲੀ ਆਪਣਾ ਵਕਤ ਵਿਹਾਈਆ। ਜਿਸ ਦਾ ਰੂਪ ਨਾ ਕਾਲਾ ਨਾ ਸੌਲਾ, ਜੋਤ ਨੂਰ ਨੂਰ ਅਲਾਹੀਆ। ਓਸ ਦੀ ਕਰਨੀ ਨੂੰ ਆਪਣੇ ਉਤੇ ਆਪੇ ਟੋਹ ਲਾ, ਆਪਣਾ ਬਲ ਆਪ ਪ੍ਰਗਟਾਈਆ। ਜਿਸ ਸਚ ਦਵਾਰਾ ਇਕੋ ਖੋਲਾ, ਖ਼ਾਲਕ ਖ਼ਲਕ ਦਏ ਵਡਿਆਈਆ। ਨੀ ਧੌਲੇ ਤੇਰਾ ਝਾਟਾ ਹੋ ਗਿਆ ਧੌਲਾ, ਕੋਟਨ ਕੋਟ ਜੁਗ ਤੇਰੇ ਉਤੇ ਗਏ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਸੁਣ ਲੈੱ ਮੇਰੀ ਮਨਸਾ, ਮਮਤਾ ਤੋਂ ਬਾਹਰ ਜਣਾਈਆ। ਆਪਣਾ ਰੂਪ ਬਣਾ ਲੈ ਹੰਸਾ, ਕਾਗ ਵਾਂਗ ਨਾ ਕੂੜ ਕੁਰਲਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਗਾਉਂਦੇ ਅਸੰਖਾ, ਸਹੰਸਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਮੈਂ ਪੰਡਤ ਪੁਰਾਣਾ, ਵੇਦ ਸ਼ਾਸਤਰਾਂ ਤੋਂ ਬਾਹਰ ਮੇਰੀ ਪੜ੍ਹਾਈਆ। ਮੇਰੇ ਪ੍ਰਭੂ ਨੇ ਮੈਨੂੰ ਇਕੋ ਲੇਖ ਸਮਝਾਇਆ, ਜਿਸ ਨੂੰ ਲੇਖਣੀ ਲਿਖ ਸਕੇ ਨਾ ਰਾਈਆ। ਜਿਸ ਦਾ ਰਾਗ ਕਿਸੇ ਰਸਨਾ ਜਿਹਵਾ ਨਹੀਂ ਗਾਇਆ, ਸਿਫ਼ਤਾਂ ਵਿਚ ਸਕਿਆ ਨਾ ਕੋਇ ਸਲਾਹੀਆ। ਤ੍ਰੈਗੁਣ ਮਾਇਆ ਰੰਗ ਨਾ ਕੋਇ ਰੰਗਾਇਆ, ਰੰਗਤ ਜਗਤ ਨਾ ਕੋਇ ਦ੍ਰਿੜਾਈਆ। ਮੈਂ ਓਹ ਸੰਦੇਸਾ ਅਗੰਮਾ ਰਿਹਾ ਸੁਣਾਇਆ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਉਹ ਤੱਕ ਲੈ ਬੇਪ੍ਰਵਾਹਿਆ, ਜੋ ਬੇਪਰਵਾਹੀ ਵਿਚ ਸਮਾਈਆ। ਜੋ ਸਭ ਦਾ ਦਾਈ ਦਾਇਆ, ਆਦਿ ਅੰਤ ਆਪ ਅਖਵਾਈਆ। ਉਹ ਜੋਤ ਸਰੂਪੀ ਸ਼ਾਹੋ ਭੂਪੀ ਆਪਣਾ ਵੇਸ ਵਟਾਇਆ, ਵਟਾਂਦਰਾ ਸਤਿਗੁਰ ਸ਼ਬਦ ਨਾਲ ਕਰਾਈਆ। ਜਿਸ ਨੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਹੋ ਕੇ ਇਕੋ ਡਾਹਿਆ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਘਰ ਸੁਹੰਜਣੇ ਆਪ ਰਖਾਇਆ, ਆਦਿ ਨਿਰੰਜਣ ਦਇਆ ਕਮਾਈਆ। ਦੁੱਖ ਭੈ ਭੰਜਣ ਤੇਰੇ ਦੁੱਖ ਨਿਵਾਰਨ ਆਇਆ, ਦੁਖੀਆਂ ਹੋਏ ਸਹਾਈਆ। ਨਾਰਦ ਕਹੇ ਮੈਂ ਕੂਕ ਕੂਕ ਦ੍ਰਿੜਾਇਆ, ਦਰੋਹੀ ਦਰੋਹੀ ਕਰ ਸੁਣਾਈਆ। ਧਰਨੀ ਕਹੇ ਮੈਨੂੰ ਉਸ ਦਾ ਦਰਸ਼ਨ ਦੇ ਕਰਾਇਆ, ਜੋ ਕਰਨੀ ਦਾ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਨਾਰਦ ਕਹੇ ਧਰਨੀਏ ਦਰਸ਼ਨ ਕਰ ਲੈ ਅਗੰਮੇ ਹਰਿ ਦਾ, ਜੋ ਹਰ ਹਿਰਦੇ ਡੇਰਾ ਲਾਈਆ। ਜੋ ਮਾਲਕ ਤੇਰੇ ਨਵ ਸੱਤ ਘਰ ਦਾ, ਗ੍ਰਹਿ ਮੰਦਰ ਹੋਏ ਸਹਾਈਆ। ਉਸ ਦਾ ਅੰਦਰੋਂ ਚੁੱਕ ਦੇ ਪਰਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹਦਾ ਖੇਲ ਵੇਖ ਲੈ ਲਹਿੰਦਾ ਚੜ੍ਹਦਾ, ਚੜ੍ਹਦਾ ਲਹਿੰਦਾ ਆਪਣਾ ਹੁਕਮ ਦਏ ਵਰਤਾਈਆ। ਜਿਸ ਦੇ ਚਰਨਾਂ ਵਿਚ ਸਚਖੰਡ ਦਵਾਰੇ ਅਵਤਾਰ ਪੈਗ਼ੰਬਰ ਗੁਰੂ ਨਿਰਗੁਣ ਧਾਰ ਹੋ ਹੋ ਬਹਿੰਦਾ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਉਹ ਪੁਰਖ ਅਕਾਲ ਦੀਨ ਦਿਆਲ ਸ਼ਬਦ ਸੰਦੇਸ਼ਾ ਨਰ ਨਰੇਸ਼ਾ ਪਰਵਰਦਿਗਾਰ ਸਾਂਝਾ ਯਾਰ ਇਕੋ ਕਹਿੰਦਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਆਪ ਸੁਣਾਈਆ। ਤੇਰਾ ਬੁਰਜ ਮੁਨਾਰਾ ਅੰਤ ਵੇਖ ਲੈ ਜਾਂਦਾ ਢਹਿੰਦਾ, ਢਈਆ ਗੋਬਿੰਦ ਵਾਲਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਜ਼ਰਾ ਨਿਗਾਹ ਮਾਰ ਲੈ ਹੇਠਾਂ, ਨੈਣ ਨੈਣ ਨਾਲ ਬਦਲਾਈਆ ਰੁਤ ਸੁਹੰਜਣੀ ਤਕ ਲੈ ਮਹੀਨਾ ਜੇਠਾ, ਵਦੀ ਸੁਦੀ ਤੋਂ ਬਾਹਰ
ਧਿਆਨ ਲਗਾਈਆ। ਜੋ ਸਭ ਨੂੰ ਰਖੇ ਸਾਇਆ ਹੇਠਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦਾ ਸ਼ਬਦ ਧਾਰ ਸਤਿਗੁਰ ਬੇਟਾ, ਜਨਮ ਵਾਲੀ ਅਵਰ ਕੋਇ ਨਾ ਮਾਈਆ। ਜੋ ਸਚ ਸਿੰਘਾਸਣ ਆਤਮ ਲੇਟਾ, ਘਰ ਘਰ ਡੇਰਾ ਲਾਈਆ। ਜੋ ਅੰਤਮ ਤੇਰਾ ਬਣੇ ਖੇਵਟ ਖੇਟਾ, ਬੇੜਾ ਜਗਤ ਜਹਾਨ ਚਲਾਈਆ। ਦੋ ਜਹਾਨਾਂ ਹੋ ਕੇ ਆਵੇ ਨੇਤਾ, ਨੇਤਰ ਨੈਣਾਂ ਦਰਸ਼ਨ ਲੈਣਾ ਪਾਈਆ। ਜੋ ਦੀਨ ਦੁਨੀ ਕਾਇਨਾਤ ਰਣਭੂਮੀ ਵੇਖੇ ਖੇਤਾ, ਖ਼ਾਤਰ ਧੁਰ ਦੀ ਖੇਲ ਖਿਲਾਈਆ। ਜਿਸ ਦੇ ਪਿਆਰ ਵਿਚ ਸਤਿਗੁਰ ਅਰਜਨ ਸੀਸ ਪਵਾਈ ਰੇਤਾ, ਰਾਵੀ ਧਾਰ ਸੀਸ ਨਿਵਾਈਆ। ਉਹ ਭੁਲੇ ਕਦੇ ਨਾ ਚੇਤਾ, ਚੇਤਨ ਤੈਨੂੰ ਦਏ ਕਰਾਈਆ। ਸਭ ਦਾ ਪੂਰਾ ਕਰਾ ਲੇਖਾ, ਲਿਖਤ ਭਵਿਖਤ ਨਾਲ ਮਿਲਾਈਆ। ਜਿਸ ਦਾ ਇਸ਼ਾਰਾ ਕੀਤਾ ਗੋਬਿੰਦ ਧਾਰੀ ਕੇਸਾ, ਕੇਸਗੜ੍ਹ ਦਾ ਲੇਖਾ ਦਏ ਚੁਕਾਈਆ। ਉਸ ਖੇਲ ਖਿਲਾਉਣਾ ਮੁੱਲਾ ਸ਼ੇਖ਼ਾ, ਮੁਸਾਇਕਾਂ ਵੇਖ ਵਖਾਈਆ। ਜਿਸ ਈਸਾ ਮੂਸਾ ਧਾਰ ਮੇਟਣੀ ਰੇਖਾ, ਰਿਖੀਆਂ ਮੁਨੀਆਂ ਪਰਦਾ ਆਪ ਉਠਾਈਆ। ਤੇਰੇ ਉਤੇ ਸਤਿਜੁਗ ਧਰਮ ਦੀ ਲਾਏ ਮੇਖਾ, ਮੇਖ ਬਿਰਖ ਦੋਵੇਂ ਦੇਣ ਗਵਾਹੀਆ। ਜਿਸ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਉਣਾ ਭੁਲੇਖਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਉਹਦਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਸੁਤ ਦੁਲਾਰਾ ਪਲੇਠਾ, ਜਿਸ ਦੀ ਆਯੂ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਧਰਨੀਏ ਪਹਿਲੀ ਜੇਠ ਕੀ ਰਿਹਾ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਤੇਰੇ ਵੱਲ ਵੇਖ ਕੇ ਰਿਹਾ ਹੱਸ, ਨਾਲ ਹਸਤੀ ਤੱਕ ਬੇਪਰਵਾਹੀਆ। ਚਾਰੋਂ ਕੁੰਟ ਰਿਹਾ ਨੱਸ, ਭੱਜੇ ਵਾਹੋ ਦਾਹੀਆ। ਹੈਰਾਨ ਹੋ ਕੇ ਕਹੇ ਪ੍ਰਭੂ ਦਾ ਗਾਏ ਕੋਇ ਨਾ ਜਸ, ਸਚ ਸਿਫ਼ਤ ਨਾ ਕੋਇ ਸਲਾਹੀਆ। ਜਗਤ ਵਿਕਾਰ ਵਿਚ ਸ੍ਰਿਸ਼ਟੀ ਗਈ ਫਸ, ਫਾਸੀ ਜਮ ਨਾ ਕੋਇ ਕਟਾਈਆ। ਸਚ ਦੇ ਆਗੂ ਗਏ ਨੱਸ, ਭੱਜੇ ਵਾਹੋ ਦਾਹੀਆ। ਅੰਤ ਧਰਮ ਦੀ ਹੋ ਗਈ ਬਸ, ਧਰਨੀਏ ਓਹ ਵੀ ਬੈਠਾ ਮੁਖ ਛੁਪਾਈਆ। ਤੈਨੂੰ ਪੈਣ ਵਾਲੀ ਗਸ਼, ਬਸੁਧੇ ਬਸੁਧੇ ਸੁਧ ਰਹੇ ਨਾ ਰਾਈਆ। ਕਲਜੁਗ ਕਰਦਾ ਫਿਰੇ ਅਸ਼ ਅਸ਼, ਐਸ਼ੋ ਇਸ਼ਰਤ ਨਾਲ ਮਿਲਾਈਆ। ਬਿਨਾ ਕਦਮਾਂ ਤੋਂ ਸ੍ਰਿਸ਼ਟੀ ਰਿਹਾ ਕਛ, ਕਛ ਮਛ ਵੇਖਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜੇਠ ਕਹੇ ਧਰਨੀਏ ਮੈਂ ਪ੍ਰਭ ਦਾ ਸੁਤ ਦੁਲਾਰਾ, ਦੂਹਲਾ ਇਕ ਅਖਵਾਈਆ। ਮੇਰਾ ਖੇਲ ਸਦਾ ਜੁਗ ਚਾਰਾ, ਚੌਕੜੀ ਵੱਜਦੀ ਰਹੇ ਵਧਾਈਆ। ਮੇਰੀ ਪਾਏ ਕੋਇ ਨਾ ਸਾਰਾ, ਮੇਰਾ ਮਹਾਸਾਰਥੀ ਇਕ ਅਖਵਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਈਆ। ਮੈਂ ਖੇਲ ਖਿਲਾਇਆ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਮੇਰੇ ਵਿਚ ਆਪਣਾ ਆਸਣ ਲਾਈਆ। ਮੈਂ ਸੰਦੇਸੇ ਸੁਣਦਾ ਰਿਹਾ ਸਤਿ ਸਚ ਦੇ ਵਿਚ ਪਿਆਰਾ, ਪ੍ਰੇਮ ਨਾਲ ਆਪਣੇ ਵਿਚ ਟਿਕਾਈਆ। ਸਭ ਨੇ ਕਿਹਾ ਕਲਜੁਗ ਆਵੇ ਅੰਤ ਸ੍ਰੀ ਭਗਵੰਤ ਕਲ ਕਲਕੀ ਅਵਤਾਰਾ, ਨਿਹਕਲੰਕ ਆਪਣਾ ਵੇਸ ਵਟਾਈਆ। ਅਮਾਮ ਅਮਾਮਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦੀਨ ਦੁਨੀ ਦਾ ਵੇਖਣਾ ਦਾਇਰਾ, ਹਦੂਦਾਂ ਫੋਲ ਫੁਲਾਈਆ। ਨਾਮ ਕਲਮਿਆਂ ਕਰਾਉਣਾ ਮੁਸ਼ਾਇਰਾ, ਮਸ਼ਵਰਿਆਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅਗੰਮ ਅਥਾਹੀਆ। ਜੇਠ ਕਹੇ
ਮੇਰਾ ਜਗਤ ਧਾਰ ਮਹੀਨਾ, ਮਹਿਵ ਦਿਆਂ ਸਮਝਾਈਆ। ਮੈਂ ਸਭ ਦਾ ਵੇਖਣਾ ਕਾਇਆ ਅੰਤਰ ਸੀਨਾ, ਸੀਨਾ ਬਸੀਨਾ ਖੋਜ ਖੁਜਾਈਆ। ਮੈਂ ਖੇਲ ਖਿਲਾਉਣਾ ਦੀਨ ਦੁਨੀ ਦੀ ਧਾਰ ਰੂਸਾ ਚੀਨਾ, ਰੁਸਤਮ ਕੂੜ ਵਾਲੇ ਉਠਾਈਆ। ਝਗੜਾ ਪਾਉਣਾ ਮੱਕਾ ਮਦੀਨਾ, ਕਾਅਬਿਆਂ ਦਿਤਾ ਹਿਲਾਈਆ। ਸਭ ਦੀ ਰਹਿਣ ਨਹੀਂ ਦੇਣੀ ਤਾਅਲੀਮਾ, ਤੁਲਬੇ ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਸਾਰੇ ਰੋਵਣ ਮਾਰਨ ਧਾਹੀਆ। ਮੇਰਾ ਰੂਪ ਨਹੀਂ ਕਮੀਨਾ, ਕਮਲਾਪਤ ਮੈਨੂੰ ਦਿਤੀ ਵਡਿਆਈਆ। ਮੈਂ ਅਗਨੀ ਤਾਵਾਂ ਉਤੇ ਧਰਨੀ ਤੇਰੀ ਜ਼ਮੀਨਾ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਦਾ ਹਕ ਹਕੂਕ ਸਭ ਦਾ ਜਾਣਾ ਛੀਨਾ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਨਵ ਸੱਤ ਸਤਿਗੁਰ ਸ਼ਬਦ ਦੇ ਹੋਣਾ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਜੇਠ ਕਹੇ ਮੈਂ ਸਭ ਦਾ ਮਿਤਰ ਪਿਆਰਾ ਮੀਤ, ਧਰਨੀਏ ਧਰਮ ਧਾਰ ਜਣਾਈਆ। ਮੇਰੇ ਇਕੋ ਸੁਣ ਲੈ ਗੀਤ, ਜੋ ਗੀਤ ਗੋਬਿੰਦ ਗਾਇਆ ਧੁਰ ਦੇ ਮਾਹੀਆ। ਤੇਰੇ ਉਤੇ ਬਦਲਣੀ ਰੀਤ, ਰੀਤੀਵਾਨ ਹੋਏ ਸਹਾਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਮਸਲੇ ਸਭ ਦੇ ਹਲ ਕਰਾਈਆ। ਦੀਨ ਦੁਨੀ ਕਰ ਕੇ ਪਤਤ ਪੁਨੀਤ, ਪਤਤ ਪਾਵਨ ਦਏ ਵਡਿਆਈਆ। ਝਗੜਾ ਮੁਕਾ ਕੇ ਊਚ ਨੀਚ, ਨੀਚ ਨੀਚਾਂ ਹੋਏ ਸਹਾਈਆ। ਲੇਖਾ ਰਹੇ ਨਾ ਹਸਤ ਕੀਟ, ਕੀਟ ਕੀਟਾਂ ਰੰਗ ਰੰਗਾਈਆ। ਤੇਰੇ ਹੱਥ ਟਿਕਾਏ ਉਤੇ ਪੀਠ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਬਦਲ ਦੇਵੇ ਨੀਤ, ਨੇਤਰ ਲੋਚਨ ਨੈਣ ਭਗਤਾਂ ਅੱਖ ਖੁਲਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਭ ਨੇ ਗਾਉਣਾ ਗੀਤ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਤਿਗੁਰ ਸ਼ਬਦ ਹੋ ਕੇ ਵਸੇ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਦੱਸ ਆਪਣੀ ਪ੍ਰੀਤ, ਪ੍ਰੀਤਮ ਹੋ ਕੇ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਸਚ ਦਾ ਘਰ ਇਕ ਸੁਹਾਈਆ। ਪਹਿਲੀ ਜੇਠ ਕਹੇ ਧਰਨੀਏ ਤੇਰਾ ਘਰ ਹੋਵੇ ਸੁਹੰਜਣਾ, ਸਤਿਗੁਰ ਸ਼ਬਦ ਦੇਵੇ ਵਡਿਆਈਆ। ਪ੍ਰਕਾਸ਼ ਕਰੇ ਆਦਿ ਨਿਰੰਜਣਾ, ਕਲਜੁਗ ਅੰਧ ਅੰਧੇਰ ਗਵਾਈਆ। ਤੇਰਾ ਲੇਖਾ ਪੂਰਾ ਕਰੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਦਾ ਪਾ ਕੇ ਅੰਜਣਾ, ਲੋਚਨ ਨੈਣ ਕਰੇ ਰੁਸ਼ਨਾਈਆ। ਜਿਸ ਦਾ ਇਕੋ ਦੀਪਕ ਜਗਣਾ, ਦੋ ਜਹਾਨਾਂ ਡਗਮਗਾਈਆ। ਇਕੋ ਨਾਮ ਕਲਮਾ ਹੋਣਾ ਭਜਣਾ, ਬੰਦਗੀ ਇਕ ਦਰਸਾਈਆ। ਇਕੋ ਡੰਕਾ ਡੌਰੂ ਨਾਮ ਵੱਜਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਇਕੋ ਸਰੋਵਰ ਹੋਵੇ ਮਜਨਾ, ਦੁਰਮਤ ਮੈਲ ਗਵਾਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਗੋਦ ਟਿਕਾਈਆ। ਉਸ ਦਾ ਜਗਤ ਪ੍ਰਤਾਪ ਵਧਣਾ, ਵਾਧਾ ਤੱਕੇ ਖ਼ਲਕ ਖ਼ੁਦਾਈਆ। ਜਿਸ ਦੀ ਸਾਂਝੀ ਹੋਣੀ ਬੰਦਨਾ, ਸੀਸ ਜਗਦੀਸ਼ ਸਰ ਝੁਕਾਈਆ। ਜਿਸ ਕਲਜੁਗ ਅੰਤਮ ਲੇਖੇ ਲਾਉਣਾ ਕੂੜ ਕੁੜਿਆਰ ਦਾ ਕੰਢਣਾ, ਘਾਟ ਪੱਤਣ ਫੋਲ ਫੁਲਾਈਆ। ਜਨ ਭਗਤਾਂ ਸੰਗ ਕਦੇ ਨਾ ਛਡਣਾ, ਨਾਤਾ ਛੁਟੇ ਕੂੜ ਲੋਕਾਈਆ। ਭਾਗ ਲਗਾਏ ਕਾਇਆ ਮਾਟੀ ਹੱਡਣਾ, ਨਾੜੀ ਨਾੜੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਧਰਨੀ ਕਹੇ ਜੇਠ ਮੈਂ ਬੇਨੰਤੀ ਸੁਣਾਵਾਂ ਏਕ, ਏਕੰਕਾਰ ਅਗੇ ਸੀਸ ਨਿਵਾਈਆ। ਪੁਰਖ ਅਕਾਲ ਦੀ ਰਖੀ ਟੇਕ, ਟਿੱਕਾ ਧੂੜੀ
ਖ਼ਾਕ ਰਮਾਈਆ। ਜਗਤ ਜਹਾਨ ਲੱਗਣਾ ਸੇਕ, ਅਗਨੀ ਤਤ ਤਪਾਈਆ। ਬਿਨਾ ਭਗਤਾਂ ਤੋਂ ਬੁੱਧੀ ਰਹੇ ਨਾ ਕਿਸੇ ਬਿਬੇਕ, ਦੁਰਮਤ ਮੈਲ ਨਾ ਕੋਇ ਧਵਾਈਆ। ਮਨੂਆ ਮਨ ਨਾ ਬਣੇ ਨੇਕ, ਦਹਿ ਦਿਸ਼ਾ ਉਠ ਉਠ ਧਾਹੀਆ। ਸਤਿ ਧਰਮ ਨੂੰ ਸਾਰੇ ਜਾਣ ਵੇਚ, ਕਲਜੁਗ ਕੂੜੇ ਹੱਥ ਫੜਾਈਆ। ਪ੍ਰਭੂ ਦਾ ਦਰਸ ਕੋਈ ਨਾ ਕਰੇ ਨੇਤਨ ਨੇਤ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਅੰਤਰ ਨਿਰੰਤਰ ਖੁਲ੍ਹੇ ਕਿਸੇ ਨਾ ਭੇਤ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਖੇਲ ਵਖਾਈਆ। ਪਹਿਲੀ ਜੇਠ ਕਹੇ ਧਰਨੀ ਮੇਰਾ ਸਤਿਗੁਰ ਪੁਰਖ ਸੁਲਤਾਨਾ, ਅਕਲ ਕਲਧਾਰੀ ਆਪ ਅਖਵਾਈਆ। ਜੋ ਪਹਿਰ ਕੇ ਅੰਤਮ ਬਾਣਾ, ਵੇਸ ਅਵੱਲੜਾ ਆਇਆ ਵਟਾਈਆ। ਜਿਸ ਦਾ ਸ਼ਬਦ ਅਗੰਮੀ ਗਾਣਾ ਤਰਾਨਾ, ਤੁਰੀਆ ਤੋਂ ਬਾਹਰ ਸੁਣਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਦੋ ਜਹਾਨਾਂ, ਦੋਹਰੀ ਆਪਣੀ ਕਲ ਵਰਤਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਘਰ ਮੰਦਰ ਕਰੇ ਸੁਹਾਨਾ, ਗ੍ਰਹਿ ਵੱਜਦੀ ਰਹੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਨਿਸ਼ਾਨ ਆਪਣਾ ਦਏ ਸਮਝਾਈਆ। ਆਤਮ ਧਾਰ ਪਰਮਾਤਮ ਬਣ ਕੇ ਕਾਹਨਾ, ਗੁਰਮੁਖ ਗੋਪੀ ਲਏ ਪ੍ਰਨਾਈਆ। ਅੰਮ੍ਰਿਤ ਰਸ ਦੇ ਕੇ ਪੀਣਾ ਖਾਣਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧਾਨ ਹੋਏ ਸਹਾਈਆ। ਧਰਨੀ ਕਹੇ ਮੈਂ ਸਾਹਿਬ ਸਤਿਗੁਰ ਤੋਂ ਬਲਿਹਾਰੀ, ਬਲ ਬਲ ਆਪ ਕਰਾਈਆ। ਜੋ ਆਇਆ ਆਪਣੀ ਧਾਰੀ, ਧਰਮ ਦੀ ਧਾਰ ਨਾਲ ਪ੍ਰਗਟਾਈਆ। ਜਿਸ ਲੇਖਾ ਪੂਰਾ ਕਰਨਾ ਪੈਗ਼ੰਬਰ ਗੁਰ ਅਵਤਾਰੀ, ਅਵਤਰੀ ਵੇਖ ਵਖਾਈਆ। ਸੋ ਲੇਖਾ ਜਾਣੇ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਸਾਰੀ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਜਿਸ ਦੇ ਬ੍ਰਹਮਾ ਸ਼ਿਵ ਪੁਜਾਰੀ, ਨਿਵ ਨਿਵ ਸੀਸ ਨਿਵਾਈਆ। ਉਹ ਨਿਰਗੁਣ ਜੋਤ ਕਰ ਉਜਿਆਰੀ, ਉਜਾਲਾ ਕਰੇ ਥਾਉਂ ਥਾਈਂਆ। ਜੋ ਸਤਿਗੁਰ ਸ਼ਬਦ ਧਾਰ ਭੰਡਾਰੀ, ਨਾਮ ਨਿਧਾਨਾ ਆਪ ਵਰਤਾਈਆ। ਜਨ ਭਗਤਾਂ ਪੈਜ ਜਾਏ ਸਵਾਰੀ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਨਾ ਕਰੇ ਖ਼ੁਆਰੀ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਲੇਖਾ ਮੰਗੇ ਨਾ ਆਪਣੀ ਵਾਰੀ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤ ਸੁਹੇਲੇ ਜਨਮ ਜਨਮ ਦੇ ਵਿਛੜੇ ਫੜ ਫੜ ਬਾਹੋਂ ਜਾਏ ਤਾਰੀ, ਦੂਰ ਦੁਰਾਡੇ ਪੰਧ ਮੁਕਾਈਆ। ਪਹਿਲੀ ਜੇਠ ਕਹੇ ਧਰਨੀਏ ਮੈਂ ਵੀ ਕਰਾਂ ਉਸ ਨੂੰ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਨਾਲ ਮਿਲਾਈਆ। ਜੇਠ ਕਹੇ ਮੈਂ ਭਗਤਾਂ ਦੱਸਾਂ ਨਾਲ ਪਿਆਰ, ਮੁਹੱਬਤ ਵਿਚ ਜਣਾਈਆ। ਖ਼ੁਸ਼ੀਆਂ ਦਾ ਵਿਵਹਾਰ, ਦਿਵਸ ਰੈਣ ਵੱਜੇ ਵਧਾਈਆ। ਗੁਰਮੁਖੋ ਰਹਿਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਵੇਖੋ ਖੇਲ ਸਚੀ ਸਰਕਾਰ, ਕੀ ਕਰਤਾ ਕਾਰ ਕਮਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਵੇਖ ਵਖਾਈਆ। ਜਿਧਰ ਤੱਕੋ ਉਧਰ ਦਿਸੇ ਹਾਰ, ਜਿੱਤ ਰੂਪ ਨਾ ਕੋਇ ਬਦਲਾਈਆ। ਚਾਰੋਂ ਕੁੰਟ ਹੋਵੇ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਤੁਹਾਡਾ ਇਕੋ ਗ੍ਰਹਿ ਇਕੋ ਮੰਦਰ ਇਕ ਦਵਾਰ, ਇਕੋ ਭੂਮਿਕਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਜਨ ਭਗਤਾਂ ਦੇਵੇ ਤਾਰ, ਤਾਰਨਹਾਰ ਆਪਣੀ ਦਇਆ ਕਮਾਈਆ।