੧੮ ਹਾੜ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਰਾਤ ਦੇ ਸਮੇਂ
ਨਾਰਦ ਕਹੇ ਧਰਨੀਏ ਮੈਂ ਜੁਗ ਚੌਕੜੀ ਮਾਰੀਆਂ ਵਾਟਾਂ, ਵਟਣੇ ਮਲਣ ਵਾਲੀਏ ਤੇਰੇ ਉਤੇ ਫੇਰੀਆਂ ਪਾਈਆ। ਲੱਖ ਚੁਰਾਸੀ ਜੀਵਾਂ ਜੰਤਾਂ ਜੋਤੀ ਜਗਦੀਆਂ ਵੇਖੀਆਂ ਲਾਟਾਂ, ਲਾਟਾਂ ਵਾਲੀਏ ਤੇਰਾ ਧਿਆਨ ਰਖਾਈਆ। ਦਿਵਸ ਰੈਣ ਘੜੀ ਪਲ ਤੱਕਦਾ ਰਿਹਾ ਤੇਰੀਆਂ ਵਾਧਾਂ ਘਾਟਾਂ, ਨਫ਼ੇ ਨੁਕਸਾਨਾਂ ਖੋਜ ਖੁਜਾਈਆ। ਸੌਂਦਾ ਰਿਹਾ ਤੇਰੀ ਸੁਹੰਜਣੀ ਸੇਜ ਜਗਤ ਖਾਟਾ, ਆਸਣ ਸਿੰਘਾਸਣ ਨਾਲ ਮਿਲਾਈਆ। ਤੇਰੇ ਨਾਲ ਮੇਰਾ ਧਰਮ ਦਾ ਜੁੜਿਆ ਰਿਹਾ ਨਾਤਾ, ਨਾਤਵਾਂ ਤੈਨੂੰ ਦਿਆਂ ਜਣਾਈਆ। ਸਤਿਗੁਰ ਸ਼ਬਦ ਦੀਆਂ ਸੁਣਦਾ ਰਿਹਾ ਬਾਤਾ, ਜੋ ਬਾਤਨ ਆਪਣਾ ਹੁਕਮ ਸੁਣਾਈਆ। ਦੀਨ ਮਜ਼੍ਹਬ ਰੰਗ ਤੱਕਦਾ ਰਿਹਾ ਜਾਤਾ ਪਾਤਾ, ਸ਼ਰਅ ਸ਼ਰੀਅਤ ਵੇਖ ਵਖਾਈਆ। ਜੁਗ ਚੌਕੜੀ ਖੇਲ ਤਮਾਸ਼ੇ ਤੇਰੇ ਤੱਕਦਾ ਰਿਹਾ ਦਿਵਸ ਰਾਤਾ, ਰੈਣ ਭਿੰਨੜੀ ਨਾਲ ਮਿਲਾਈਆ। ਓਹ ਅੰਮੀਏ ਜਗਤ ਦੀਏ ਮੰਮੀਏ ਤੇਰਾ ਚਿੱਟਾ ਹੋ ਗਿਆ ਝਾਟਾ, ਧਵਲੇ ਧੌਲੇ ਆਪਣੇ ਵੇਖ ਵਖਾਈਆ। ਤੇਰਾ ਚੀਥੜ ਪੁਰਾਣਾ ਬਸਤਰ ਅੰਤਮ ਪਾਟਾ, ਓਢਣ ਰੰਗ ਨਾ ਕੋਇ ਰੰਗਾਈਆ। ਮੈਂ ਦਿਵਸ ਰੈਣ ਬਿਨ ਕਦਮਾਂ ਤੋਂ ਰਿਹਾ ਨਾਠਾ, ਭੱਜਿਆ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਉਤੇ ਜਗਤ ਲਹਿਰ ਦੀਆਂ ਵੇਖੀਆਂ ਠਾਠਾ, ਬਿਨ ਨੈਣਾਂ ਨੈਣ ਉਠਾਈਆ। ਮੈਂ ਜੁਗ ਚੌਕੜੀ ਬਣਿਆ ਰਿਹਾ ਹਾਠਾ, ਬਲ ਆਪਣਾ ਆਪ ਵਧਾਈਆ। ਖੇਲ ਤੱਕਦਾ ਰਿਹਾ ਪੁਰਖ ਸਮਰਾਥਾ, ਜੋ ਅਵਤਾਰ ਪੈਗ਼ੰਬਰ ਗੁਰੂ ਨਾਉਂ ਧਰਾਈਆ। ਨਾਮ ਕਲਮਿਆਂ ਦੀਆਂ ਸੁਣਦਾ ਰਿਹਾ ਗਾਥਾ, ਰਸਨਾ ਵਾਲੇ ਢੋਲੇ ਜਗਤ ਵਡਿਆਈਆ। ਸੀਸ ਝੁਕਦੇ ਵੇਂਹਦਾ ਰਿਹਾ ਧੂੜੀ ਲਗਦੀ ਵੇਖੀ ਮਸਤਕ ਖ਼ਾਕਾ, ਆਪਣਾ ਰੰਗ ਬਣਾਈਆ। ਰੂਪ ਅਨੂਪ ਤੱਕਦਾ ਰਿਹਾ ਅਗੰਮੀ ਆਕਾ, ਜੋ ਅਕਲ ਕਲਧਾਰੀ ਇਕ ਅਖਵਾਈਆ। ਲਾਰੇ ਵੇਖਦਾ ਰਿਹਾ ਉਸ ਦੇ ਅਗੰਮੀ ਨਿੱਕੇ ਕਾਕਾ, ਜੋ ਨਿੱਕਾ ਵੱਡਾ ਰੂਪ ਨਾ ਕਦੇ ਬਦਲਾਈਆ। ਉਸ ਮੈਨੂੰ ਸ਼ਬਦ ਸੰਦੇਸ਼ਾ ਹਮੇਸ਼ਾ ਲਈ ਇਕੋ ਆਖਾ, ਅੱਖਰਾਂ ਤੋਂ ਬਾਹਰ ਸੁਣਾਈਆ। ਓਏ ਨਾਰਦਾ ਪਰਮ ਪੁਰਖ ਜਨ ਭਗਤਾਂ ਬਣਿਆ ਰਹੇ ਸਦਾ ਰਾਖਾ, ਰਖਕ ਹੋ ਕੇ ਵੇਖ ਵਖਾਈਆ। ਮੇਰੇ ਅੰਤਰ ਨਿਰੰਤਰ ਇਕੋ
ਮੰਤਰ ਭਾਖਾ, ਭਾਖਿਆ ਅੰਤਰ ਅੰਤਰ ਉਪਜਾਈਆ। ਕੀ ਖੇਲ ਕਰੇ ਮੇਰਾ ਪੁਰਖ ਅਲਖਣਾ ਅਲਾਖਾ, ਅਲਖ ਅਗੋਚਰ ਕੀ ਕਾਰ ਭੁਗਤਾਈਆ। ਮੈਂ ਕਿਸ ਬਿਧ ਕਰਾਂ ਭਰਵਾਸਾ, ਯਕੀਨ ਇਤਿਮਾਦ ਨਾਲ ਰਖਾਈਆ। ਮੈਨੂੰ ਖ਼ਬਰ ਆਈ ਉਤੋਂ ਆਕਾਸ਼ਾ, ਬਿਨਾ ਸਰਵਣਾਂ ਦਿਤਾ ਸੁਣਾਈਆ। ਆਹ ਵੇਖ ਪ੍ਰਭੂ ਦੀ ਰਾਸਾ, ਬਿਨ ਮੰਡਲਾਂ ਦਏ ਵਖਾਈਆ। ਜਿਸ ਦਾ ਸਚਖੰਡ ਨੂਰ ਜੋਤ ਪ੍ਰਕਾਸ਼ਾ, ਦੋ ਜਹਾਨ ਕਰੇ ਰੁਸ਼ਨਾਈਆ। ਉਸ ਦਾ ਅੰਤਮ ਸੰਬਲ ਹੋਣਾ ਵਾਸਾ, ਸੰਭਲ ਆਪਣਾ ਆਪ ਟਿਕਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੀਆਂ ਸ਼ਾਖ਼ਾ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਆਪਣੇ ਹੱਥ ਰਖਾਈਆ। ਨਾਰਦ ਕਹੇ ਸੁਣ ਨੀ ਜਗਤ ਦੀ ਧਰਨੀ ਮਈਆ, ਮੰਮੀਏ ਅੰਮੀਏ ਤੈਨੂੰ ਦਿਆਂ ਜਣਾਈਆ। ਬਾਂਹ ਕਢ ਕੇ ਇਸ਼ਾਰਾ ਦੇਵੇ ਅਗੰਮੀ ਬਹੀਆ, ਜਿਸ ਦਾ ਰੂਪ ਨਜ਼ਰ ਕੋਇ ਨਾ ਆਈਆ। ਉਹ ਤੱਕ ਸਵਾਮੀ ਆਪਣਾ ਸਈਆ, ਜੋ ਸਈਆ ਸਖ਼ੀਆਂ ਲੱਖ ਚੁਰਾਸੀ ਹੰਢਾਈਆ। ਜਿਸ ਨੂੰ ਰਾਮ ਨੇ ਕਿਹਾ ਰਮਈਆ, ਕ੍ਰਿਸ਼ਨ ਕਾਹਨ ਭਗਵਾਨ ਮੰਨ ਕੇ ਸੀਸ ਨਿਵਾਈਆ। ਪੈਗ਼ੰਬਰਾਂ ਕਿਹਾ ਨੂਰ ਅਲਹੀਆ। ਅੱਲਾ ਆਲਮੀਨ ਵਡਿਆਈਆ। ਗੁਰੂਆਂ ਕਿਹਾ ਹਰ ਘਟ ਸਮਈਆ, ਸਮੀਪਤ ਖ਼ਲਕ ਖ਼ੁਦਾਈਆ। ਜਿਸ ਬਿਨ ਥੰਮਾਂ ਗਗਨ ਰਹਈਆ, ਰਹਿਮਤ ਹਕ ਕਮਾਈਆ। ਉਹ ਪੂਰਾ ਕਰ ਕੇ ਗਿਆ ਗੋਬਿੰਦ ਦਾ ਢਈਆ, ਢੌਂਕਾ ਤੇਰੇ ਤੋਂ ਪਰੇ ਲਗਾਈਆ। ਜਿਹੜਾ ਆਦਿ ਜੁਗਾਦੀ ਸ਼ਬਦ ਨਾਦ ਵਜਾਈਆ, ਧੁਨ ਅੰਤਰ ਅੰਤਰ ਸੁਣਾਈਆ। ਉਸ ਦਾ ਵਹਿਣ ਤੱਕ ਲੈ ਕਿਸ ਬਿਧ ਚਲਦੀ ਨਈਆ, ਨੌਕਾ ਨਾਮ ਚਲਾਈਆ। ਜਿਸ ਨੂੰ ਬੁਲ੍ਹੇ ਗਾਇਆ ਕਹਿ ਕੇ ਥਈਆ ਥਈਆ, ਦਈਆ ਦਈਆ ਕਹਿ ਕੇ ਸੀਸ ਨਿਵਾਈਆ। ਦਰੋਹੀ ਓਹਦੇ ਹੁਕਮ ਤੋਂ ਹੁਕਮ ਵਿਚ ਰਾਏ ਧਰਮ ਕਢ ਕੇ ਬੈਠਾ ਵਹੀਆ, ਲੇਖੇ ਨੈਣਾਂ ਨਾਲ ਤਕਾਈਆ। ਚਿਤ੍ਰਗੁਪਤ ਜੋ ਪਾਉਂਦਾ ਰਿਹਾ ਸਭ ਤੇ ਸਹੀਆ, ਸ਼ਹਾਦਤ ਹੁਕਮ ਵਾਲੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਨੀ ਜਗਤ ਦੀ ਅੰਮੀਜਾਨ, ਅੰਮੜੀਏ ਦਿਆਂ ਜਣਾਈਆ। ਤੇਰੇ ਉਤੇ ਜੁਗ ਬੀਤੇ ਕੋਟ ਮਹਾਨ, ਆਪਣਾ ਆਪਣਾ ਪੰਧ ਮੁਕਾਈਆ। ਤੂੰ ਖੇਲ ਵੇਖੇ ਸੀਤਾ ਰਾਮ, ਗੋਪੀਆਂ ਵਾਲੇ ਕਾਹਨ ਖ਼ੁਸ਼ੀਆਂ ਗਏ ਬਣਾਈਆ। ਪੈਗ਼ੰਬਰ ਸੁਣਦੇ ਵੇਖੇ ਪੈਗ਼ਾਮ, ਸੋਹਲੇ ਧੁਰਦਰਗਾਹੀਆ। ਗੁਰ ਸਤਿਗੁਰ ਸੁਣਦੇ ਰਹੇ ਸਤਿਨਾਮ, ਨਾਮ ਸਤਿ ਸਤਿ ਜਣਾਈਆ। ਨੀ ਤੂੰ ਖ਼ਬਰਾਂ ਸੁਣੀਆਂ ਆਉਣਾ ਅਗੰਮ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਤੂੰ ਜਾਣਿਆ ਮੇਰਾ ਨਿਹਕਲੰਕ ਬਲੀ ਬਲਵਾਨ, ਕਲ ਕਲਕੀ ਇਕ ਅਖਵਾਈਆ। ਜਿਸ ਨੇ ਜੁਗ ਚੌਕੜੀ ਦਾ ਮੇਰੇ ਉਤੋਂ ਬਦਲ ਦੇਣਾ ਵਿਧਾਨ, ਵਾਅਦੇ ਸਭ ਦੇ ਪੂਰ ਕਰਾਈਆ। ਆਪ ਬਣ ਕੇ ਸ਼ਾਹ ਸੁਲਤਾਨ, ਸ਼ਹਿਨਸ਼ਾਹ ਨੂਰ ਚਮਕਾਈਆ। ਬੇਖ਼ਬਰਾਂ ਖ਼ਬਰ ਸੰਦੇਸ਼ੇ ਦੇਵੇ ਆਣ, ਫ਼ਰਮਾਨੇ ਧੁਰਦਰਗਾਹੀਆ। ਜੋ ਆਦਿ ਜੁਗਾਦੀ ਨੌਜਵਾਨ, ਜੋਬਨਵੰਤਾ ਖੇਲ ਖਿਲਾਈਆ। ਜਿਸ ਨੂੰ ਸਭ ਨੇ ਮੰਨਿਆ ਸ੍ਰੀ ਭਗਵਾਨ, ਭਗਵਨ ਹੋ ਕੇ ਹੁਕਮ ਵਰਤਾਈਆ। ਉਹ ਮਿਹਰਵਾਨ ਮਹਿਬੂਬਾ ਅੰਤਮ ਬਹਿ ਕੇ ਸੰਬਲ ਆਪਣੇ ਵਿਚ ਮਕਾਨ, ਮੁਕਾਮੇ ਹਕ ਦਾ ਖੇਲ ਖਿਲਾਈਆ। ਜਿਸ ਨੂੰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਝੁਕਣੇ ਤਮਾਮ, ਸਜਦਿਆਂ ਵਿਚ ਸੀਸ ਝੁਕਾਈਆ। ਉਹਦਾ ਖੇਲ ਜਾਣੇ ਨਾ ਕੋਇ ਵਿਚ ਅਵਾਮ, ਆਮ ਸਮਝ ਕਿਸੇ ਨਾ ਆਈਆ। ਉਸ ਨੇ ਜੋ ਖੇਲ ਕਰਨਾ ਜੋਤ ਸ਼ਬਦ
ਦੀ ਧਾਰ ਨਾਲ ਬਨਾਮ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਨੀ ਉਸ ਦਾ ਸੁਣ ਲੈ ਪੈਗ਼ਾਮ, ਕੀ ਤੇਰੇ ਉਤੇ ਰਿਹਾ ਜਣਾਈਆ। ਧਰਨੀ ਕਹੇ ਮੈਂ ਰੋ ਰੋ ਕੇ ਦੱਸਾਂ ਆਪਣੇ ਅਮਾਮ, ਕੂਕ ਕੂਕ ਸੁਣਾਈਆ। ਤੇਰੇ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਸਤਿ ਨਜ਼ਰ ਕੋਇ ਨਾ ਆਈਆ। ਹਕੀਕੀ ਪੀਏ ਕੋਇ ਨਾ ਜਾਮ, ਹਕੀਕਤ ਵਿਚ ਨਾ ਕੋਇ ਸਮਾਈਆ। ਤੇਰੇ ਅਵਤਾਰ ਪੈਗ਼ੰਬਰ ਗੁਰੂ ਮੇਰੇ ਉਤੇ ਹੁਣ ਕਰ ਸਕਦੇ ਨਹੀਂ ਇੰਤਜ਼ਾਮ, ਬੰਦੋਬਸਤ ਸਚ ਨਾ ਕੋਇ ਵਖਾਈਆ। ਪ੍ਰਭੂ ਮਾਣ ਰਿਹਾ ਨਹੀਂ ਤੇਰੇ ਕੋਈ ਕਲਾਮ, ਕਲਮੇ ਰੋਵਣ ਮਾਰਨ ਧਾਹੀਆ। ਸਭ ਦੇ ਹੁੰਦਿਆਂ ਹੋਈ ਅੰਧੇਰੀ ਸ਼ਾਮ, ਸ਼ਮਅ ਨੂਰ ਚੰਦ ਨਾ ਕੋਇ ਰੁਸ਼ਨਾਈਆ। ਜਿਧਰ ਤੱਕਾਂ ਮੇਰੇ ਉਤੇ ਹੋਏ ਹਰਾਮ, ਹੁਰਮਖ਼ਾਨੇ ਸਾਰੇ ਰਹੇ ਕੁਰਲਾਈਆ। ਤੁਧ ਬਿਨ ਸੱਚਾ ਹੋਏ ਨਾ ਕੋਇ ਮਿਹਰਵਾਨ, ਮਿਹਰ ਨਜ਼ਰ ਨਾ ਕੋਇ ਉਠਾਈਆ। ਤੇਰਾ ਨੂਰ ਭੁਲ ਗਏ ਤੇਰੇ ਇਨਸਾਨ, ਜ਼ਹੂਰ ਵਿਚ ਨਾ ਕੋਇ ਸਮਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਅਗੇ ਵਾਸਤਾ ਪਾਈਆ। ਜੇ ਤੂੰ ਆ ਗਿਆ ਨਿਰਗੁਣ ਰੂਪ ਮਹਾਨ, ਆਪਣਾ ਵੇਸ ਵਟਾਈਆ। ਮੈਂ ਨਿਮਾਣੀ ਕੋਝੀ ਕਮਲੀ ਨੂੰ ਦੇ ਦੇ ਇਕੋ ਦਾਨ, ਦਾਤੇ ਦਾਨੀ ਦਇਆ ਕਮਾਈਆ। ਤੇਰੀ ਸ੍ਰਿਸ਼ਟੀ ਮੇਰੇ ਉਤੇ ਖ਼ਾਕ ਰਹੀ ਛਾਣ, ਸ਼ਹਿਨਸ਼ਾਹ ਤੇਰੇ ਰੰਗ ਨਾ ਕੋਇ ਸਮਾਈਆ। ਕਲਜੁਗ ਜੀਵ ਹੋਏ ਅਣਜਾਣ, ਬੁਧ ਬਿਬੇਕ ਨਾ ਕੋਇ ਬਣਾਈਆ। ਮੈਂ ਜਿਧਰ ਤੱਕਾਂ ਰਾਓ ਰੰਕ ਕੁਰਲਾਣ, ਕਾਅਬਿਆਂ ਪਈ ਦੁਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਨੇਤਰ ਨੀਰ ਵਹਾਣ, ਗੁਰੂਦਵਾਰ ਗੋਦ ਨਾ ਕੋਇ ਸੁਹਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਤੂੰ ਰਹਿਮਤਾਂ ਦਾ ਰਹਿਮਾਨ, ਰਹੀਮ ਕਰੀਮ ਨੂਰ ਅਲਾਹੀਆ। ਮੇਰੀ ਸਦਾ ਸਾਚੇ ਦਰ ਕਰੀਂ ਪ੍ਰਵਾਨ, ਪਰਮ ਪੁਰਖ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਵੇਖ ਵਖਾਈਆ। ਧਰਨੀ ਕਹੇ ਨਾਰਦਾ ਪ੍ਰਭੂ ਅਗੇ ਕਰੀਏ ਅਰਦਾਸਾ, ਬੇਨੰਤੀ ਅਰਜ਼ ਇਕ ਜਣਾਈਆ। ਨਾਰਦ ਕਹੇ ਧਰਨੀਏ ਸ਼ੰਕਰ ਨੂੰ ਸਦ ਲੈ ਉਤੋਂ ਕੈਲਾਸ਼ਾ, ਆਪਣਾ ਸੰਗ ਬਣਾਈਆ। ਬ੍ਰਹਮੇ ਨੂੰ ਆਵਾਜ਼ ਮਾਰ ਲੈ ਆ ਜਾ ਮੇਰੇ ਪਾਸਾ, ਬ੍ਰਹਮ ਦੀ ਧਾਰ ਵੇਖ ਵਖਾਈਆ। ਵਿਸ਼ਨੂੰ ਨੂੰ ਕਹਿ ਵਿਸ਼ਵ ਦਾ ਤੱਕ ਲੈ ਖ਼ੁਲਾਸਾ, ਪਰਦਾ ਖ਼ੁਦ ਉਠਾਈਆ। ਅਵਤਾਰਾਂ ਨੂੰ ਆਖ ਲੈ ਉਹ ਤੱਕ ਲਓ ਆਪਣੀਆਂ ਰਾਸਾ, ਰਸਤੇ ਵੇਖੋ ਚਾਈਂ ਚਾਈਂਆ। ਪੈਗ਼ੰਬਰਾਂ ਨੂੰ ਕਹਿ ਦੇ ਕਾਇਨਾਤ ਦੀਆਂ ਤੱਕ ਲਓ ਸ਼ਾਖ਼ਾ, ਸ਼ਰਅ ਵਾਲੀਆਂ ਧਿਆਨ ਲਗਾਈਆ। ਗੁਰੂਆਂ ਨੂੰ ਕਹਿ ਦੇ ਆਪਣੇ ਭਵਿਖ ਦੀਆਂ ਜਾਣ ਲਓ ਬਾਤਾ, ਪਰਦੇ ਬਾਤਨ ਬਾਤਨ ਖੁਲਾਈਆ। ਫੇਰ ਆਪਣਾ ਤੱਕ ਲੈ ਨੌ ਖੰਡ ਪ੍ਰਿਥਮੀ ਵਾਲਾ ਅਹਾਤਾ, ਸਤਾਂ ਦੀਪਾਂ ਖੋਜ ਖੁਜਾਈਆ। ਨਿਗਾਹ ਮਾਰ ਲੈ ਉਤੇ ਤੀਰਥ ਤਾਟਾ, ਕਾਅਬਿਆਂ ਮਕਬਰਿਆਂ ਕਬਰਾਂ ਫੋਲ ਫੁਲਾਈਆ। ਫੇਰ ਵੇਖ ਲੈ ਤੇਰੇ ਉਤੇ ਦੀਨ ਦੁਨੀ ਦੇ ਮਜ਼੍ਹਬਾਂ ਦਾ ਖੁਲ੍ਹਿਆ ਹਾਟਾ, ਹੱਟੀਆਂ ਬਣਾਉਣ ਵਾਲੀਏ ਆਪਣੀ ਨਿਗਾਹ ਉਠਾਈਆ। ਝਟ ਧਰਨੀ ਨੇ ਬਚਨ ਨਾਰਦ ਨੂੰ ਆਖਾ, ਅੱਖੀਆਂ ਵਿਚੋਂ ਨੀਰ ਵਹਾ ਕੇ ਦਿਤਾ ਸੁਣਾਈਆ। ਨਾਰਦਾ ਓਹ ਸਾਹਿਬ ਮੇਰਾ ਅਬਿਨਾਸ਼ਾ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜਿਸ ਦਾ ਹਰ ਘਟ ਅੰਦਰ ਵਾਸਾ, ਰਮਿਆ ਰੂਪ ਅਨੂਪ ਨੂਰ ਅਲਾਹੀਆ। ਮੈਨੂੰ ਤੇ ਐਵੇਂ ਬਣਾ ਦਿਤਾ ਜਗਤ ਦੀ ਮਾਤਾ, ਮਈਆ ਹੋ ਕੇ ਆਪ ਆਪਣਾ ਮੁਖ ਛੁਪਾਈਆ। ਮੈਂ ਸਚ ਦਾ ਬਚਨ ਆਖਾ, ਕਹਿ ਦੇ ਦਿਆਂ ਸੁਣਾਈਆ। ਜੇ ਮੈਂ ਸੱਚੀ ਮਾਂ ਹੋਵਾਂ ਆਪਣੇ ਉਤੇ ਸਾੜ ਫੂਕ ਕੇ ਆਪਣਿਆਂ ਬੱਚਿਆਂ ਦੀ ਕਦੀ ਨਾ ਵੇਖਾਂ ਰਾਖਾ,
ਮਕਬਰਿਆਂ ਵਿਚ ਨਾ ਕਦੇ ਦਬਾਈਆ। ਮਾਤਾ ਸਦਾ ਬੱਚਿਆਂ ਆਪਣਿਆਂ ਨੂੰ ਚੁੱਕਦੀ ਆਪਣੇ ਢਾਕਾ, ਮੋਢਿਆਂ ਨਾਲ ਲਗਾਈਆ। ਮੈਂ ਨਿਮਾਣੀ ਜੁਗ ਚੌਕੜੀ ਨਾਰਦਾ ਅਜੇ ਤੱਕ ਜੰਮਿਆ ਨਹੀਂ ਕੋਈ ਕਾਕਾ, ਜਿਸ ਨੂੰ ਪਿਆਰ ਨਾਲ ਉਠਾਈਆ। ਮੇਰਾ ਕਿਸੇ ਦੇ ਨਾਲ ਨਹੀਂ ਕੋਈ ਸਾਕਾ, ਨਾਤਾ ਜਗਤ ਨਾ ਕੋਇ ਰਖਾਈਆ। ਵੇ ਕਮਲਿਆ ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਰਹਿਣ ਨਹੀਂ ਦਿਤੀਆਂ ਲਾਸ਼ਾਂ, ਸ਼ਰੀਰ ਨਜ਼ਰ ਕਿਸੇ ਨਾ ਆਈਆ। ਮੇਰੇ ਅੰਦਰ ਮਾਂ ਵਾਲੀ ਮੁਹੱਬਤ ਨਹੀਉਂ ਕੋਈ ਮਾਸਾ, ਰਤੀ ਰਤੀ ਰੰਗ ਨਾ ਕੋਇ ਰੰਗਾਈਆ। ਮੈਂ ਜੁਗ ਚੌਕੜੀ ਸਗੋਂ ਵੇਖਦੀ ਰਹੀ ਤਮਾਸ਼ਾ, ਆਪਣੇ ਅੰਗਣ ਧਿਆਨ ਲਗਾਈਆ। ਸੁਣਦੀ ਰਹੀ ਅਗੰਮੀ ਆਵਾਜ਼ਾ, ਜੋ ਅਨਾਦੀ ਧੁਨ ਨਾਲ ਸ਼ਨਵਾਈਆ। ਖੇਲ ਤੱਕਦੀ ਰਹੀ ਸ਼ਹਿਨਸ਼ਾਹ ਰਾਜਾ, ਕੀ ਭੂਪ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਧਰਨੀ ਕਹੇ ਨਾਰਦਾ ਮੇਰਾ ਸਾਹਿਬ ਧੁਰ ਦੀ ਮਾਈ, ਪਿਤਾ ਇਕੋ ਇਕ ਅਖਵਾਈਆ। ਜਿਸ ਜੁਗ ਜੁਗ ਭਗਤਾਂ ਪੈਜ ਰਖਾਈ, ਸਿਰ ਆਪਣਾ ਹੱਥ ਟਿਕਾਈਆ। ਆਪਣੇ ਵਿਚੋਂ ਜੋਤ ਪ੍ਰਗਟਾਈ, ਅੰਤ ਆਪਣੇ ਵਿਚ ਸਮਾਈਆ। ਨਿਰਗੁਣ ਨੂਰ ਕਰ ਰੁਸ਼ਨਾਈ, ਦੀਪਕ ਦੀਆ ਦਿਤਾ ਜਗਾਈਆ। ਸ਼ਬਦ ਧੁਨ ਨਾਦ ਕਰ ਸ਼ਨਵਾਈ, ਹੁਕਮ ਸੰਦੇਸਾ ਇਕ ਸਮਝਾਈਆ। ਅੰਮ੍ਰਿਤ ਬੂੰਦ ਸਵਾਂਤੀ ਨਿਝਰ ਝਿਰਨਾ ਜਾਮ ਪਿਆਈ, ਪਿਆਲਾ ਹੱਥ ਨਾ ਕੋਇ ਉਠਾਈਆ। ਜਨ ਭਗਤ ਬਣਾ ਕੇ ਆਪਣੇ ਮਾਰਗ ਰਾਹੀ, ਰਹਿਬਰ ਹੋ ਕੇ ਰਾਹ ਵਖਾਈਆ। ਮੇਰੇ ਉਤੇ ਦੇਂਦਾ ਰਿਹਾ ਵਡਿਆਈ, ਜਿਸ ਸਿਰ ਆਪਣਾ ਹੱਥ ਟਿਕਾਈਆ। ਉਹ ਗਾਉਂਦਾ ਰਹੇ ਚਾਈਂ ਚਾਈਂ, ਚਾਓ ਘਨੇਰਾ ਨਾਲ ਜਣਾਈਆ। ਉਹ ਭਗਤਾਂ ਦੀ ਕੱਟ ਨਾ ਸਕੇ ਜੁਦਾਈ, ਜੁਗ ਵਿਛੜੇ ਆਪਣੇ ਨਾਲ ਮਿਲਾਈਆ। ਧਰਨੀ ਕਹੇ ਜਿਸ ਭਗਤਾਂ ਦੇ ਅੰਦਰ ਆਪਣੀ ਸੇਜ ਵਿਛਾਈ, ਵਿਸ਼ਿਆਂ ਤੋਂ ਬਾਹਰ ਡੇਰਾ ਲਾਈਆ। ਸਚ ਦਾ ਬਣ ਕੇ ਇਕ ਗੁਸਾਈਂ, ਗੋਦ ਆਪਣੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾਤਾ ਇਕ ਅਖਵਾਈਆ। ਨਾਰਦ ਕਹੇ ਧਰਨੀਏ ਤੂੰ ਕੀ ਦੱਸੇਂ ਵਿਚਾਰਾ, ਕਹਿ ਕੇ ਕੀ ਸੁਣਾਈਆ। ਮੈਂ ਉਸੇ ਦਾ ਸੁਤ ਦੁਲਾਰਾ, ਦੁਲ੍ਹਾ ਧੁਰ ਦਾ ਨਜ਼ਰੀ ਆਈਆ। ਜਿਹੜਾ ਜੁਗ ਜੁਗ ਰਿਹਾ ਕਵਾਰਾ, ਕਵਾਰੀਏ ਤੇਰੇ ਉਤੇ ਆਪਣਾ ਫੇਰਾ ਪਾਈਆ। ਮੈਨੂੰ ਸਚ ਦੱਸ ਕਿਹੜਾ ਖ਼ਸਮ ਤੁਮਹਾਰਾ, ਕਵਣ ਤੇਰੀ ਸੇਵ ਕਮਾਈਆ। ਕਵਣ ਮੁਹੱਬਤ ਕਰੇ ਪਿਆਰਾ, ਕਵਣ ਆਪਣਾ ਰੰਗ ਰੰਗਾਈਆ। ਤੇਰਾ ਕਵਣ ਕੰਤ ਕੰਤੂਹਲ ਕਿਹੜਾ ਸਚ ਭਤਾਰਾ, ਮਾਲਕ ਕਵਣ ਅਖਵਾਈਆ। ਧਰਨੀ ਰੋ ਕੇ ਮਾਰਿਆ ਨਾਅਰਾ, ਦੁਹੱਥੜ ਪੱਟਾਂ ਉਤੇ ਲਗਾਈਆ। ਵੇ ਨਾਰਦਾ ਮੈਂ ਰੋਵਾਂ ਜਾਰੋ ਜਾਰਾ, ਨੈਣਾਂ ਨੀਰ ਵਹਾਈਆ। ਅਵਤਾਰ ਪੈਗ਼ੰਬਰ ਗੁਰੂ ਮੈਨੂੰ ਦੇਂਦੇ ਗਏ ਇਸ਼ਾਰਾ, ਸਿਫ਼ਤਾਂ ਨਾਲ ਸੁਣਾਈਆ। ਨੀ ਧਰਨੀਏ ਮਰਨੀਏ ਜਿਸ ਵੇਲੇ ਕਲ ਕਲਕੀ ਤੇਰੇ ਉਤੇ ਆਏ ਚਵ੍ਹੀਆਂ ਅਵਤਾਰਾ, ਚੌਬੀਸਾ ਰੂਪ ਬਦਲਾਈਆ। ਤੂੰ ਸੁਲੱਖਣੀ ਉਸ ਦੀ ਪਤਨੀ ਬਣੀਂ ਸਚ ਦੀ ਨਾਰਾ, ਨਰ ਨਰਾਇਣ ਇਕ ਹੰਢਾਈਆ। ਪਰ ਯਾਦ ਰਖੀਂ ਉਸ ਦਾ ਰੂਪ ਹੋਣਾ ਨਿਆਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਸ ਵੇਸ ਵਟਾ ਕੇ ਤੇਰੇ ਉਤੇ ਆਉਣਾ ਦੋਬਾਰਾ, ਦੋਹਰੀ ਖੇਲ ਖਿਲਾਈਆ। ਬਣ ਅਗੰਮੀ ਲਾੜਾ, ਸਿਹਰਾ ਸੀਸ ਜਗਦੀਸ਼ ਟਿਕਾਈਆ। ਤੂੰ ਉਸ ਦੇ ਚਰਨਾਂ ਕਵਲਾਂ ਲਾਉਣੀ ਧੂੜ ਛਾਰਾ, ਸ਼ਰਅ ਦਾ ਡੇਰਾ ਢਾਹੀਆ। ਕਮਲੀਏ ਉਸ ਕਮਲਾਪਾਤ ਦਾ ਕਰੀਂ ਇੰਤਜ਼ਾਰਾ, ਅੰਤ ਉਸੇ ਦਾ
ਰਾਹ ਤਕਾਈਆ। ਜਿਸ ਦਾ ਸੰਬਲ ਹੋਣਾ ਸੱਚਾ ਘਰਬਾਰਾ, ਗ੍ਰਹਿ ਮੰਦਰ ਇਕ ਵਡਿਆਈਆ। ਉਸ ਤੇਰੇ ਉਤੇ ਚਰਨ ਨਹੀਂ ਟਿਕਾਉਣਾ, ਤਤਾਂ ਵਾਲਾ ਰੂਪ ਨਾ ਕੋਇ ਦਰਸਾਈਆ। ਜੇ ਸਚ ਪੁਛੇਂ ਉਹ ਪੂਰਨ ਦਾ ਰੂਪ ਤੇ ਪੂਰਨ ਦਾ ਪਿਆਰਾ, ਪੂਰਨ ਸਤਿਗੁਰ ਪੂਰਨ ਵਿਚ ਸਮਾਈਆ। ਬਿਨਾ ਪੂਰਨ ਤੋਂ ਤੈਨੂੰ ਦੇਣਾ ਨਹੀਂ ਕਿਸੇ ਸਹਾਰਾ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਮੇਰੇ ਉਤੇ ਕਰੀਂ ਇਤਬਾਰਾ, ਬੇਇਤਬਾਰੀਏ ਜੁਗ ਜੁਗ ਦੀਏ ਕਵਾਰੀਏ ਤੈਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਨਾਰਦਾ ਮੇਰੇ ਅੰਦਰ ਚਾਓ ਘਨੇਰਾ, ਖ਼ੁਸ਼ੀਆਂ ਨਾਲ ਜਣਾਈਆ। ਮੈਂ ਵੀ ਚਾਹੁੰਦੀ ਕਦੀ ਕੋਈ ਸਾਈਂ ਬਣੇਗਾ ਮੇਰਾ, ਸਵਾਮੀ ਕਹਿ ਕੇ ਜਿਸ ਨੂੰ ਸੀਸ ਨਿਵਾਈਆ। ਮੈਂ ਗੁਰੂਆਂ ਪੀਰਾਂ ਅਵਤਾਰਾਂ ਪੈਗ਼ੰਬਰਾਂ ਤੱਕਿਆ ਜੋ ਆਇਆ ਸੋ ਬਣ ਕੇ ਉਸ ਦਾ ਚੇਰਾ, ਉਸੇ ਦੇ ਅਗੇ ਵਾਸਤਾ ਪਾਈਆ। ਜਿਹੜਾ ਧੁਰ ਦਾ ਮੰਗਤਾ ਉਹ ਮੇਰਾ ਬੰਨ੍ਹੇ ਕੀ ਬੇੜਾ, ਜੋ ਬੇੜੀ ਆਪਣੀ ਪ੍ਰਭ ਦੇ ਨਾਮ ਨਾਲ ਚਲਾਈਆ। ਜਿਸ ਨੂੰ ਬਧਾ ਨਾਲ ਸ਼ਰਅ ਦੇ ਜੇੜਾ, ਤੰਦ ਸਕੇ ਨਾ ਕੋਇ ਕਟਾਈਆ। ਮੈਂ ਵਕਤ ਲੰਘਾਇਆ ਬਥੇਰਾ, ਕੋਟਨ ਕੋਟ ਜੁਗ ਬਿਤਾਈਆ। ਕਦੀ ਚਾਨਣ ਤੱਕਿਆ ਕਦੀ ਤੱਕਿਆ ਅੰਧੇਰਾ, ਦੋਵੇਂ ਰੂਪ ਦਰਸਾਈਆ। ਮੈਨੂੰ ਜਦੋਂ ਸੰਦੇਸ ਆਇਆ ਆਵੇਗਾ ਸਤਿਗੁਰ ਸ਼ਬਦ ਸ਼ਬਦ ਸ਼ੇਰਾ, ਸਿੰਘ ਆਪਣਾ ਰੂਪ ਬਦਲਾਈਆ। ਭਾਗ ਲਗਾਏ ਤੇਰੇ ਨਵ ਸੱਤ ਦੇ ਵਿਹੜਾ, ਗ੍ਰਹਿ ਦੇਵੇ ਮਾਣ ਵਡਿਆਈਆ। ਤੂੰ ਆਪਣਾ ਵੇਸ ਕਰਨਾ ਚੰਗੇਰਾ, ਚੰਗੀ ਤਰਾ ਜਣਾਈਆ। ਨੀ ਉਸ ਨੇ ਨਾ ਤੈਨੂੰ ਮੰਦਰ ਲੱਭਣਾ ਮਸੀਤ ਲੱਭਣਾ ਨਾ ਲੱਭਣਾ ਵਿਚੋਂ ਕਿਸੇ ਦਿਉਹਰਾ, ਤੇ ਦਿਉਰ ਭਾਬੀ ਆਖਣ ਵਾਲਾ ਤੇਰਾ ਨਜ਼ਰ ਕੋਇ ਨਾ ਆਈਆ। ਜੇ ਉਸ ਨੂੰ ਲੱਭਣਾ ਤੇ ਉਹ ਮਿਲੇਗਾ ਸੰਬਲ ਵਿਚ ਖੇੜਾ, ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਜਣਾਈਆ। ਨਾਰਦ ਕਹੇ ਧਰਨੀਏ ਮੈਨੂੰ ਆਉਂਦਾ ਹਾਸਾ, ਮਸਕਰੀਆਂ ਨਾਲ ਜਣਾਈਆ। ਮੈਂ ਵੀ ਵੇਖਣਾ ਚਾਹੁੰਦਾ ਤਮਾਸ਼ਾ, ਕੀ ਤਮਾਸ਼ਬੀਨ ਆਪਣੀ ਖੇਲ ਖਿਲਾਈਆ। ਕਿਸ ਬਿਧ ਤੇਰਾ ਸਵਾਮੀ ਤੇਰੇ ਕੋਲ ਆਵੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਰੂਪ ਅਲਾਹੀਆ। ਮੈਨੂੰ ਸਚ ਦੱਸ ਤੂੰ ਕਿਸ ਬਿਧ ਲਾਏ ਦੰਦਾਂ ਦੰਦਾਸਾ, ਕੱਜਲ ਕਵਣ ਨੈਣ ਛੁਹਾਈਆ। ਕਵਣ ਲਿਬਾਸ ਸੁਹਾਏ ਤੇਰੀ ਪੂਰੀ ਕਰੇ ਆਸਾ, ਕਵਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਧਰਨੀ ਕਹੇ ਨਾਰਦਾ ਮੈਂ ਲੱਖ ਲੱਖ ਸ਼ੁਕਰ ਮਨਾਵਾਂਗੀ। ਬਿਨਾ ਅੱਖ ਅੱਖ ਉਠਾਵਾਂਗੀ। ਉਸ ਦੇ ਨਾਮ ਦੀ ਅਲਖ ਜਗਾਵਾਂਗੀ। ਦੀਨ ਦੁਨੀ ਤੋਂ ਹੋ ਕੇ ਵੱਖ ਉਸੇ ਦਾ ਰੂਪ ਵੇਖਣ ਆਵਾਂਗੀ। ਤੂੰ ਵੀ ਦੂਰ ਦੁਰਾਡੇ ਆਉਣਾ ਨੱਸ, ਮੈਂ ਬਚਨ ਸਚ ਸੁਣਾਵਾਂਗੀ। ਜੇ ਉਹ ਸੰਬਲ ਗਿਆ ਵਸ, ਵਾਸਤਾ ਉਸੇ ਅਗੇ ਪਾਵਾਂਗੀ। ਜਿਉਂ ਭਾਵੇ ਤਿਉਂ ਮੈਨੂੰ ਲੈਣਾ ਰਖ, ਚਰਨਾਂ ਉਤੇ ਸੀਸ ਟਿਕਾਵਾਂਗੀ। ਨਾਰਦ ਕਹੇ ਜੇ ਕਮਲੀਏ ਉਹ ਅਛਲ ਛਲਧਾਰੀ ਤੈਨੂੰ ਛਡ ਕੇ ਗਿਆ ਨੱਸ, ਫਿਰ ਕਿਸ ਦਾ ਮੁਖ ਤਕਾਵੇਂਗੀ। ਧਰਨੀ ਕਹੇ ਮੈਂ ਚਰਨ ਕਵਲ ਜਾਵਾਂ ਢੱਠ, ਧੂੜੀ ਖ਼ਾਕ ਰਮਾਵਾਂਗੀ। ਮੇਰੇ ਸਾਹਿਬ ਸਵਾਮੀਆਂ ਅੰਤਰਜਾਮੀਆਂ ਤੇਰਾ ਰੂਪ ਨਹੀਂ ਤਤ ਅੱਠ, ਅੱਠਾਂ ਤਤਾਂ ਤੋਂ ਬਾਹਰ ਉਸ ਨੂੰ ਮਨਾਵਾਂਗੀ। ਜੋ ਮੇਰੇ ਮਨਜ਼ੂਰ ਕਰ ਲਏ ਜੋੜੇ ਹੱਥ, ਵਾਸਤਾ ਉਸੇ ਅਗੇ ਪਾਵਾਂਗੀ। ਨਾਰਦ ਕਹੇ ਉਹ ਸਾਹਿਬ ਪੁਰਖ ਸਮਰਥ,
ਕੀ ਉਸ ਦਾ ਰੰਗ ਰੰਗਾਵੇਂਗੀ। ਧਰਨੀ ਕਹੇ ਨਾਰਦਾ ਜਿਥੇ ਭਗਤਾਂ ਦਾ ਹੋਇਆ ਇਕੱਠ, ਮੈਂ ਉਥੇ ਖ਼ੁਸ਼ੀ ਖ਼ੁਸ਼ੀ ਵਿਚ ਜਾਵਾਂਗੀ। ਨਾਰਦ ਕਿਹਾ ਨੀ ਕਮਲੀਏ ਰਮਲੀਏ ਜੇ ਉਹ ਭਗਵਾਨ ਰੂਪ ਬਦਲ ਕੇ ਬਣਿਆ ਹੋਵੇ ਜੱਟ, ਫੇਰ ਕਿਸ ਦੇ ਨਾਲ ਅੱਖ ਮਿਲਾਵੇਗੀ। ਧਰਨੀ ਕਹੇ ਮੈਂ ਇਕੋ ਪ੍ਰੇਮ ਦੀ ਲਾਵਾਂ ਰਟ, ਤੂੰ ਮੇਰਾ ਮੈਂ ਤੇਰਾ ਢੋਲਾ ਗਾਵਾਂਗੀ। ਵੇ ਮੇਰਿਆ ਮਾਹੀ ਬੇਪਰਵਾਹੀ ਨੌਜਵਾਨਾ ਸ੍ਰੀ ਭਗਵਾਨਾ ਮੈਨੂੰ ਜਾਈਂ ਨਾ ਛਡ, ਗਲ ਪੱਲੂ ਪਾ ਕੇ ਵਾਸਤਾ ਪਾਵਾਂਗੀ। ਮੇਰੇ ਨਹੀਂ ਕੋਈ ਮਾਸ ਨਾੜੀ ਹੱਡ, ਆਪਣੀ ਧੂੜ ਖ਼ਾਕ ਉਸੇ ਦੇ ਚਰਨਾਂ ਵਿਚ ਰਮਾਵਾਂਗੀ। ਮੈਂ ਪਿਛੇ ਰਹਿ ਗਈ ਤੈਥੋਂ ਅੱਡ, ਅਗੇ ਆਪਣਾ ਘਰ ਤੇਰੇ ਨਾਲ ਵਸਾਵਾਂਗੀ। ਨਾਲੇ ਰੋ ਕੇ ਪੁਕਾਰਾਂ ਧਾਹਾਂ ਮਾਰਾਂ ਮੇਰੇ ਮਾਹੀ ਧੁਰ ਦੇ ਸਾਈਂ ਕਲਜੁਗ ਕੂੜਿਆਂ ਕੁੜਿਆਰਿਆਂ ਮੇਰੇ ਵਿਚੋਂ ਕਢ, ਧਰਨੀ ਕਹੇ ਮੈਂ ਰੋ ਰੋ ਹਾਲ ਸੁਣਾਵਾਂਗੀ। ਜੇ ਮੇਰਾ ਮਾਹੀ ਨਾ ਮੰਨਿਆ ਤੇ ਹੌਲੀ ਹੌਲੀ ਉਸ ਦੇ ਚਰਨ ਦੱਬ, ਲਛਮੀ ਨੂੰ ਕੋਲ ਸੱਦਾਂਗੀ ਝੱਬ, ਸੋਹਣਾ ਸ਼ਿੰਗਾਰ ਕਰ ਕੇ ਆਪ ਬਹਾਂਗੀ ਫੱਬ, ਜੇ ਪੈਗ਼ੰਬਰਾਂ ਉਸ ਨੂੰ ਕਿਹਾ ਰੱਬ, ਤੇ ਮੈਂ ਰਹੀਮ ਕਹਿ ਕੇ ਰਹਿਮਾਨ ਕਹਿ ਕੇ ਆਪਣਾ ਈਮਾਨ ਉਸੇ ਉਤੇ ਰਖਾਵਾਂਗੀ। ਨਾਰਦ ਕਹੇ ਨੀ ਓਹ ਇੰਨਾ ਨਿੱਕਾ ਜਿਹਾ ਉਹ ਏਡਾ ਲੰਮਾ ਉਹਦਾ ਵੱਡਾ ਸਾਰਾ ਕੱਦ, ਕਦੀਮ ਦਾ ਮਾਲਕ ਧਰਨੀਏ ਕਿਸ ਬਿਧ ਤੇਰਾ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਵੇਗਾ। ਨਾਰਦ ਕਹੇ ਧਰਤੀ ਮੈਂ ਵੇਖਾਂ ਤੇਰਾ ਦੂਲ੍ਹਾ, ਦੂਹਲਣੇ ਤੂੰ ਵੀ ਲੈ ਅੰਗੜਾਈਆ। ਧਰਨੀ ਕਹੇ ਨਾਰਦਾ ਓਹਦਾ ਬੜਾ ਸਖ਼ਤ ਅਸੂਲਾ, ਅਸਲ ਦਾ ਮਾਲਕ ਬੇਪ੍ਰਵਾਹੀਆ। ਪਹਿਲੋਂ ਚਰਨਾਂ ਦੀ ਲਾਵਾਂ ਧੂਲਾ, ਮਸਤਕ ਖ਼ਾਕ ਰਮਾਈਆ। ਫੇਰ ਧੂੜੀ ਲਾਵਾਂ ਬੁੱਲਾਂ, ਜੋ ਬੁੱਲ੍ਹਾ ਇਸ਼ਾਰੇ ਨਾਲ ਸਮਝਾਈਆ। ਫੇਰ ਆਪਣੇ ਸ਼ਰੀਰ ਪਿਆਰ ਦਾ ਬੇਨਜ਼ੀਰ ਬਣਾ ਕੇ ਚੁੱਲ੍ਹਾ, ਅਗਨੀ ਸਤਿ ਪ੍ਰੇਮ ਜਲਾਈਆ। ਮੇਰਿਆ ਮਾਹੀਆ ਮਹਿਬੂਬਾ ਮੇਰੇ ਗ੍ਰਹਿ ਆ ਜਾ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵਿਚੋਂ ਭੁਲਾ, ਭੁਲੇਖੇ ਪਾਉਣ ਵਾਲਿਆ ਆਪਣਾ ਦਰਸ ਦਿਖਾਈਆ। ਆਪਣਿਆਂ ਦੀਨਾਂ ਮਜ਼੍ਹਬਾਂ ਦੀ ਮੇਰੇ ਉਤੇ ਕਰਾ ਸੁਲਹ, ਸੁਲਹਕੁਲ ਤੇਰੀ ਸਚ ਵਡਿਆਈਆ। ਤੂੰ ਆਤਮ ਧਾਰ ਪਰਮਾਤਮ ਬ੍ਰਹਮ ਤੇਰੀ ਦਿਸਦੀ ਕੁਲਾ, ਕੁਲਵੰਤ ਤੇਰੀ ਸ਼ਰਨਾਈਆ। ਤੇਰਾ ਮਾਨਵ ਮੇਰੇ ਉਤੇ ਰੁਲਾ, ਰੁਲਦਿਆਂ ਲੈ ਉਠਾਈਆ। ਇਕੋ ਆਪਣੇ ਨਾਮ ਦਾ ਦੇ ਦੇ ਤੁਲਾ, ਜਗਤ ਬੇੜਾ ਪਾਰ ਕਰਾਈਆ। ਸਚ ਘਰਾਣਾ ਦੱਸ ਦੇ ਖੁੱਲ੍ਹਾ, ਹਦੂਦਾ ਹੱਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਵਖਾਈਆ। ਧਰਨੀ ਕਹੇ ਮੈਂ ਆਪਣਾ ਆਪ ਸ਼ਿੰਗਾਰਾਂਗੀ। ਨੈਣ ਰੂਪ ਨਿਖਾਰਾਂਗੀ। ਘੜੀਆਂ ਥਿਤ ਵਿਚਾਰਾਂਗੀ। ਤੂੰ ਹੀ ਮੇਰਾ ਮਿਤ, ਮਿਤਰ ਪਿਆਰਾ ਕਹਿ ਪੁਕਾਰਾਂਗੀ। ਮੇਰੀ ਸੇਜ ਸੁਹੰਜਣੀ ਉਤੇ ਆ ਕੇ ਮਾਹੀ ਲਿਟ, ਲਟਾਂ ਖੋਲ ਕੇ ਤੇਰੇ ਅਗੇ ਵਾਸਤਾ ਪਾਵਾਂਗੀ। ਮੇਰਿਆ ਸਵਾਮੀਆ ਮੇਰੀ ਦੁਹਾਈ ਤੇਰਾ ਰੂਪ ਬਣਾ ਕੇ ਦੁਨੀਆ ਪੂਜਦੀ ਰਹੀ ਪੱਥਰ ਇੱਟ, ਮੈਂ ਪਾਹਨਾਂ ਪੱਥਰਾਂ ਕੋਲੋਂ ਆਪਣਾ ਪਲੂ ਛੁਡਾਵਾਂਗੀ। ਸਭ ਨੂੰ ਕਹਾਂਗੀ ਇਕੋ ਦੇ ਉਤੇ ਤੁਹਾਡਾ ਅੰਤਰ ਨਿਰੰਤਰ ਜਾਵੇ ਟਿਕ, ਟਿੱਕੇ ਨਾਮ ਵਾਲੇ ਲਗਾਵਾਂਗੀ। ਝਟ ਨਾਰਦ ਕਹੇ ਧਰਨੀਏ ਆਹ ਵੇਖ ਮੇਰੇ ਕੋਲ ਚਿਟ, ਚਿੱਟੇ ਝਾਟੇ ਵਾਲੀਏ ਕੀ ਆਪਣਾ ਰੰਗ ਵਖਾਵਾਂਗੀ। ਉਹਦੀ ਬੇਪ੍ਰਵਾਹੀ ਸ਼ਹਿਨਸ਼ਾਹੀ ਕਿਤੇ ਤੱਕਦੀ ਨਾ ਰਹਿ ਜਾਈਂ ਬਿਟ ਬਿਟ, ਕੀ ਨੈਣ ਨੈਣ ਉਠਾਵਾਂਗੀ। ਤੈਨੂੰ ਪਤਾ ਨਹੀਂ ਬਿਨਾ ਭਗਤਾਂ ਤੋਂ ਉਹਦੇ ਦਰ ਤੇ ਸਕੇ ਕੋਈ ਨਾ ਵਿਕ, ਕੀਮਤ ਸਚ ਵਾਲੀ ਪਵਾਈਆ।
ਤੂੰ ਨਿਗਾਹ ਮਾਰ ਲੈ ਜਿਸ ਨੇ ਸੋਹੰ ਗੁਰਮੁਖਾਂ ਦੀ ਲਗਾਇਆ ਛਾਤੀ ਉਤੇ ਹਿਕ, ਹਿਕਮਤ ਨਾਲ ਦਏ ਵਡਿਆਈਆ। ਨੀ ਉਹ ਖ਼ਸਮ ਖ਼ਸਮਾਨਾ ਇਕ, ਖ਼ਸਮ ਅਗੰਮੜਾ ਬੇਪ੍ਰਵਾਹੀਆ। ਜਗਤ ਨੇਤਰ ਪਏ ਨਾ ਦਿਖ, ਨਿਜ ਲੋਚਨ ਕਰੇ ਰੁਸ਼ਨਾਈਆ। ਜੇ ਤੂੰ ਦਰਸ਼ਨ ਪਾਉਣਾ ਪਹਿਲੋਂ ਬਣੀ ਪ੍ਰੇਮ ਦਾ ਸਿੱਖ, ਸਿਖਿਆ ਸਚ ਵਿਚ ਸਮਾਈਆ। ਜੇ ਮਿਹਰਵਾਨ ਹੋ ਕੇ ਤੇਰਾ ਲੇਖਾ ਦੇਵੇ ਲਿਖ, ਲੇਖ ਜਗਤ ਬਦਲਾਈਆ। ਤੇਰੇ ਉਤੋਂ ਲਾਹ ਕੇ ਕੂੜੀ ਵਿਖ, ਅੰਮ੍ਰਿਤ ਦਏ ਭਰਾਈਆ। ਰਸ ਧਰ ਕੇ ਤੇਰੇ ਵਿਚ, ਅੰਮਿਉਂ ਰਸ ਦਏ ਚੁਆਈਆ। ਤੂੰ ਵੇਖਣਾ ਆਪਣੇ ਨਿਜ, ਧੁਰ ਦਾ ਮਾਲਕ ਧੁਰਦਰਗਾਹੀਆ। ਤੂੰ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਨਾਲ ਗਈਉਂ ਗਿਝ, ਖੇਲ ਮਜ਼੍ਹਬਾਂ ਵਾਲੇ ਤਕਾਈਆ। ਪਹਿਲੋਂ ਆਪਣਾ ਮੁਖ ਧੋ ਕੇ ਸ਼ਰਅ ਦੀ ਸਾਫ਼ ਕਰ ਲੈ ਗਿਡ, ਨਾਮ ਨਾਲ ਨੈਣ ਲੈ ਮਟਕਾਈਆ। ਫੇਰ ਨਿਮਾਣੀ ਹੋ ਕੇ ਚਰਨੀ ਡਿਗ, ਪੱਲੂ ਗਲ ਵਿਚ ਪਾਈਆ। ਆਪਣੀ ਖੁਲ੍ਹੀ ਕਰ ਲੈ ਮਿਡ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਆਪਣਾ ਖ਼ਾਲੀ ਵਜਾ ਦੇ ਢਿੱਡ, ਤੇਰਾ ਨਾਮ ਦੁਹਾਈਆ। ਫੇਰ ਕਹੋ ਭਾਗ ਲਗਾ ਦੇ ਮੇਰੇ ਪਿੰਡ, ਸੰਬਲ ਇਕ ਸੁਹਾਈਆ। ਜੇ ਤੂੰ ਤਤਾਂ ਵਾਲਿਆ ਵਸਿਓ ਵਿਚ ਘਵਿੰਡ, ਘੇਰਾ ਦੋ ਜਹਾਨ ਰਖਾਈਆ। ਲੇਖੇ ਲਾ ਲੈ ਮੇਰੀ ਬੋਦੀ ਵਾਲੀ ਟਿੰਡ, ਕੇਸਾਂ ਰੰਗ ਰੰਗਾਈਆ। ਮੈਨੂੰ ਪਤਾ ਨਹੀਂ ਲੱਗਾ ਕਿਸ ਵੇਲੇ ਤੂੰ ਪ੍ਰਗਟ ਹੋ ਗਿਉਂ ਵਿਚ ਹਿੰਦ, ਭਾਰਤ ਦਿਤੀ ਵਡਿਆਈਆ। ਮੇਰੀ ਸਗਲੀ ਮੇਟ ਦੇ ਚਿੰਦ, ਚਿੰਤਾ ਦੇ ਗਵਾਈਆ। ਮੇਰੇ ਮਾਹੀਆ ਤੂੰ ਹੀ ਮੇਰੀ ਜਾਨ ਤੂੰ ਹੈਂ ਮੇਰੀ ਜਿੰਦ, ਮੇਰੀ ਜ਼ਿੰਦਗੀ ਦੇ ਬਦਲਾਈਆ। ਤੂੰ ਗਹਿਰ ਗੰਭੀਰਾ ਸਾਗਰ ਸਿੰਧ, ਅੰਮ੍ਰਿਤ ਬੂੰਦ ਦੇ ਬਰਸਾਈਆ। ਤੂੰ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਜਿਨ ਮੈਨੂੰ ਪ੍ਰਗਟ ਕੀਤਾ ਬਿਨਾ ਕਿਸੇ ਲਿੰਗ, ਜਗਤ ਵਾਸ਼ਨਾ ਨਾ ਕੋਇ ਹਲਕਾਈਆ। ਦੀਨ ਦਿਆਲ ਮੇਰੇ ਬਖਸ਼ਿੰਦ, ਰਹਿਮਤ ਦੇ ਕਮਾਈਆ। ਤੂੰ ਦਾਤਾ ਗੁਣੀ ਗਹਿੰਦ, ਗਵਰ ਤੇਰੀ ਸ਼ਰਨਾਈਆ। ਝਟ ਨਾਰਦ ਕਹੇ ਧਰਨੀਏ ਮੇਰੀ ਸੁਣ ਲੈ ਕਿੰਗ, ਮੈਂ ਕਿੰਗਰੇ ਕਿੰਗਰੇ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਬੇਪਰਵਾਹੀਆ। ਨਾਰਦ ਕਹੇ ਧਰਨੀਏ ਉਹ ਸ਼ਹਿਨਸ਼ਾਹ ਸ਼ਹਾਨਾ, ਪਾਤਸ਼ਾਹ ਬੇਪਰਵਾਹੀਆ। ਵਸੇ ਸਚਖੰਡ ਮਕਾਨਾ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਸੂਰੀਆ ਚੰਦ ਨਹੀਂ ਨਿਸ਼ਾਨਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਦੀਨ ਦੁਨੀ ਨਹੀਂ ਜਹਾਨਾ, ਚੁਰਾਸੀ ਰੰਗ ਨਾ ਕੋਇ ਰੰਗਾਈਆ। ਅਵਤਾਰ ਪੈਗ਼ੰਬਰ ਗੁਰ ਗਾਵੇ ਨਹੀਂ ਕੋਈ ਤਰਾਨਾ, ਤੁਰੀਆ ਪਦ ਨਾ ਕੋਇ ਚਤੁਰਾਈਆ। ਸੰਝ ਸਵੇਰ ਨਹੀਂ ਕੋਈ ਸ਼ਾਮਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜਗਤ ਨਗਾਰਾ ਨਹੀਂ ਕੋਈ ਦਮਾਮਾ, ਧੌਂਸਾ ਧਵਲ ਨਾ ਕੋਇ ਵਜਾਈਆ। ਉਹ ਮਿਹਰਵਾਨ ਮਿਹਰਵਾਨ ਮਿਹਰਵਾਨਾ, ਮਹਿਬੂਬ ਨੂਰ ਅਲਾਹੀਆ। ਉਹ ਲੇਖਾ ਜਾਣੇ ਗੋਪੀ ਕਾਹਨਾ, ਸਭ ਨੂੰ ਫੋਲ ਫੁਲਾਈਆ। ਤੂੰ ਕਮਲੀਏ ਸਚ ਦੱਸ ਬਿਰਧ ਕਿ ਨੌਜਵਾਨਾ, ਕਿ ਅਲ੍ਹੜ ਰੂਪ ਅਖਵਾਈਆ। ਕੀ ਸ਼ਾਨ ਸ਼ੌਕਤ ਵਖਾਏ ਸ੍ਰੀ ਭਗਵਾਨਾ, ਆਪਣਾ ਆਪ ਬਦਲਾਈਆ। ਕੀ ਤੂੰ ਮੁਟਿਆਰ ਦਿਸੇ ਜਹਾਨਾਂ, ਜੋਬਨਵੰਤੀ ਰੰਗ ਰੰਗਾਈਆ। ਨੀ ਤੂੰ ਸਲਵਾਰ ਪਾਏਂ ਕਿ ਪਜਾਮਾ, ਕੀ ਤਹਿਮਤ ਧੋਤੀਆਂ ਸਾੜ੍ਹੀਆਂ ਰੰਗ ਰੰਗਾਈਆ। ਸਚ ਦੱਸ ਤੇਰਾ ਕਿਹੋ ਜਿਹਾ ਹੋਵੇ ਬਾਣਾ, ਕਵਣ ਓਢਣ ਸੀਸ ਟਿਕਾਈਆ। ਓਹ ਸ਼ਹਿਨਸ਼ਾਹ ਨੂਰ ਅਲਾਹੀ ਨੂਰ ਨੁਰਾਨਾ, ਨਰ ਨਰਾਇਣ ਇਕ ਅਖਵਾਈਆ। ਕਿਸ ਬਿਧ ਤੈਨੂੰ ਕਰੇ ਪ੍ਰਵਾਨਾ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਧਰਨੀ ਕਹੇ ਮੈਂ ਕੋਝੀ
ਕਮਲੀ ਉਹ ਮੇਰਾ ਗੁਣ ਨਿਧਾਨਾ, ਗਹਿਰ ਗੰਭੀਰ ਅਖਵਾਈਆ। ਨਾਰਦਾ ਮੈਂ ਇਕੋ ਰਖਾਂ ਚਰਨ ਧਿਆਨਾ, ਦੂਜੀ ਆਸ ਨਾ ਕੋਇ ਰਖਾਈਆ। ਉਹ ਮੇਰਾ ਜੀਓ ਪ੍ਰਾਣਾ, ਸਾਹ ਸਾਹ ਕਹਿ ਕੇ ਸ਼ੁਕਰ ਮਨਾਈਆ। ਮੈਂ ਦੁਨੀਆਦਾਰਾਂ ਨੂੰ ਦੱਸਣਾ ਮੇਰੇ ਉਤੇ ਰਹਿਣ ਵਾਲਿਓ ਜੇ ਮਿਲਣਾ ਸ੍ਰੀ ਭਗਵਾਨਾ, ਸਿਰ ਸਰ ਉਸੇ ਦੇ ਚਰਨਾਂ ਭੇਟ ਕਰਾਈਆ। ਭਾਵੇਂ ਉਹ ਮਸਤ ਹੋਵੇ ਭਾਵੇਂ ਹੋਵੇ ਦੀਵਾਨਾ, ਦੀਵਾਨ ਭਾਵੇਂ ਭਗਤਾਂ ਨਾਲ ਲਗਾਈਆ। ਭਾਵੇਂ ਉਹ ਸਖ਼ੀ ਹੋਵੇ ਭਾਵੇਂ ਰੂਪ ਧਰੇ ਕਾਹਨਾ, ਗੋਪੀਆਂ ਵਾਲੇ ਰੰਗ ਰੰਗਾਈਆ। ਉਸੇ ਦੇ ਚਰਨਾਂ ਕਰਾਂ ਪ੍ਰਨਾਮਾ, ਜੋ ਪਰਾ ਪਸੰਤੀ ਮਧਮ ਬੈਖਰੀ ਬਾਣੀ ਤੋਂ ਬਾਹਰ ਦਰਸ ਦਿਖਾਈਆ। ਨਾ ਸ਼ਰਅ ਦਾ ਕਿਸੇ ਨੂੰ ਰਹਿਣ ਦੇਵੇ ਗ਼ੁਲਾਮਾ, ਗ਼ੁਲਾਮੋ ਤੁਹਾਡੇ ਜ਼ੰਜੀਰ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਸਦ ਆਪਣਾ ਘਰ ਸੁਹਾਈਆ। ਧਰਨੀ ਕਹੇ ਮੈਂ ਰੂਪ ਬਣਾ ਬਸੰਤੀ, ਬਸਨ ਬਨਵਾਰੀ ਵੱਲ ਧਿਆਨ ਲਗਾਈਆ। ਅੰਤਰ ਗਾਵਾਂ ਤੂੰ ਹੀ ਮਾਹੀ ਤੂੰ ਹੀ ਕੰਤੀ, ਕੰਤੂਹਲ ਤੇਰੀ ਸਰਨਾਈਆ। ਮੈਂ ਲੱਭਣਾ ਨਹੀਂ ਕਿਸੇ ਕੋਲੋਂ ਸਾਧ ਸੰਤੀ, ਸਾਧਨਾ ਜਗਤ ਨਾ ਕੋਇ ਬਣਾਈਆ। ਤੂੰ ਮੇਰਾ ਮਾਲਕ ਇਕ ਭਗਵੰਤੀ, ਭਗਵਨ ਤੇਰੀ ਵਡ ਵਡਿਆਈਆ। ਮੈਂ ਭਿਖਾਰਨ ਤੇਰੇ ਦਰ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਪਿਆਰ ਬਣਾ ਦੇ ਨਾਲ ਭਗਤਾਂ ਦੀ ਸੰਗਤੀ, ਸੰਗ ਸ਼ਰਮ ਹਯਾ ਦੇਣੀ ਉਠਾਈਆ। ਮੈਂ ਵਣਜਾਰਨ ਰਹਿਵਾਂ ਨਾ ਪੰਜ ਤਤ ਤਨ ਦੀ, ਜੋਤੀ ਜਾਤੇ ਹੋਣਾ ਸਹਾਈਆ। ਮੈਂ ਤੇਰਾ ਹੁਕਮ ਸਦਾ ਮੰਨਦੀ, ਦਰ ਤੇਰੇ ਸੀਸ ਝੁਕਾਈਆ। ਜੇ ਤੂੰ ਆਸਾ ਪੂਰੀ ਕੀਤੀ ਗੋਬਿੰਦ ਚੰਨ ਦੀ, ਚੰਨਾਂ ਦੇ ਚਾਂਦਨੇ ਮੈਨੂੰ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਨਾਰਦ ਕਹੇ ਧਰਨੀਏ ਧੁਰ ਦਾ ਦੂਹਲਾ ਵੇਖ ਲੈ ਲਾੜਾ, ਜਿਸ ਨੂੰ ਲਾੜੀ ਮੌਤ ਨਾ ਕਦੇ ਪ੍ਰਨਾਈਆ। ਉਹਦਾ ਧਰਮ ਦਾ ਵੇਖ ਅਖਾੜਾ, ਜੋ ਸਚ ਨਾਲ ਲਗਾਈਆ। ਜਿਸ ਨੇ ਖੇਲ ਖਿਲਾਇਆ ਸੰਮਤ ਸ਼ਹਿਨਸ਼ਾਹੀ ਨੌ ਦਿਵਸ ਸਤਾਰਾਂ ਹਾੜਾ, ਅਠਾਰਾਂ ਵੰਡ ਵੰਡਾਈਆ। ਉਹ ਤੇਰੇ ਉਤੇ ਰੰਗ ਚਾੜ੍ਹੇ ਗਾੜ੍ਹਾ, ਦੁਰਮਤ ਮੈਲ ਧਵਾਈਆ। ਜਨ ਭਗਤ ਸੁਹੇਲੇ ਵੇਖੇ ਜਗਤ ਦੀ ਜੰਗਲ ਜੂਹ ਵਿਚ ਉਜਾੜਾ, ਟਿੱਲੇ ਪਰਬਤਾਂ ਫੋਲ ਫੁਲਾਈਆ। ਦਿਵਸ ਰੈਣ ਉਨ੍ਹਾਂ ਦੇ ਫਿਰੇ ਪਿਛੇ ਅਗਾੜਾ, ਭੱਜੇ ਵਾਹੋ ਦਾਹੀਆ। ਸਤਿ ਸਚ ਦਾ ਮਾਰ ਕੇ ਧਾੜਾ, ਧਾੜਵੀ ਲੁਟੇਰਾ ਹੋਵੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਧਰਨੀ ਕਹੇ ਨਾਰਦਾ ਉਹ ਕਿੱਡਾ ਸੋਹਣਾ ਚੰਗਾ, ਮਤਵਾਲਾ ਬੇਪਰਵਾਹੀਆ। ਜਿਸ ਦੇ ਕੋਲ ਪ੍ਰੇਮ ਦੀ ਗੰਗਾ, ਖ਼ੁਸ਼ੀਆਂ ਵਹਿਣ ਵਹਾਈਆ। ਉਹ ਪਾਰ ਕਰਾਏ ਭੁੱਖਾ ਨੰਗਾ, ਕੋਝਿਆਂ ਕਮਲਿਆਂ ਕੰਧੇ ਉਠਾਈਆ। ਅੰਤਮ ਮੇਰੀ ਆ ਗਿਆ ਵੰਡਾ, ਬ੍ਰਹਿਮੰਡਾਂ ਦਿਆਂ ਸੁਣਾਈਆ। ਜਿਸ ਦਾ ਸ਼ਬਦ ਅਗੰਮੀ ਖੰਡਾ, ਖੜਗਾਂ ਕਰੇ ਸਫ਼ਾਈਆ। ਇਕੋ ਫੜ ਕੇ ਸੱਤ ਰੰਗ ਦਾ ਡੰਡਾ, ਡੰਡਾਵਤ ਸਭ ਦੀ ਰਿਹਾ ਬਦਲਾਈਆ। ਫਿਰੇ ਦਰੋਹੀ ਵਿਚ ਵਰਭੰਡਾ, ਵਰਭੰਡੀ ਰਹੀ ਕੁਰਲਾਈਆ। ਜਨ ਭਗਤਾਂ ਪੱਕੀਆਂ ਕਰਨ ਆਇਆ ਗੰਢਾ, ਟੁੱਟੀ ਰਿਹਾ ਜੁੜਾਈਆ। ਸਚ ਸਵਾਮੀ ਹੋ ਕੇ ਦੇਵੇ ਸੰਗਾ, ਸਗਲਾ ਸੰਗ ਬਣਾਈਆ। ਮੈਂ ਵੇਖ ਕੇ ਹੋਈ ਅਚੰਭਾ, ਹੈਰਾਨੀ ਮੇਰੇ ਅੰਦਰ ਆਈਆ। ਜਿਸ ਦਾ ਸਫ਼ਰ ਆਦਿ ਜੁਗਾਦਿ ਜੁਗ ਚੌਕੜੀ ਲੰਬਾ, ਲਾਂਬੂਆਂ ਨਾਲ ਸਭ ਨੂੰ ਦਏ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਨਾਰਦ ਕਹੇ ਧਰਨੀਏ ਉਹਦਾ ਬੜਾ ਸੋਹਣਾ ਲਿਬਾਸ, ਜਗਤ ਰੰਗ ਨਾ ਕੋਇ ਰੰਗਾਈਆ। ਮੈਂ ਵੇਖਿਆ ਉਤੇ ਆਕਾਸ਼, ਆਕਾਸ਼ ਆਕਾਸ਼ਾਂ ਉਤੇ ਸੋਭਾ ਪਾਈਆ। ਉਹ ਨੂਰ ਰੂਪ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਕਲਜੁਗ ਅੰਤ ਆਇਆ ਭਗਤਾਂ ਪਾਸ, ਪਾਸਾ ਆਪਣਾ ਲਿਆ ਬਦਲਾਈਆ। ਤੇਰੀ ਪੂਰੀ ਕਰੇ ਆਸ, ਤ੍ਰਿਸ਼ਨਾ ਦਏ ਮਿਟਾਈਆ। ਸਤਿ ਸਚ ਦੀ ਪਾ ਕੇ ਰਾਸ, ਖ਼ੁਸ਼ੀਆਂ ਰੰਗ ਰੰਗਾਈਆ। ਨੀ ਤੈਨੂੰ ਵਧਾਈਆਂ ਦੇਵੇ ਸ਼ੰਕਰ ਉਤੇ ਕੈਲਾਸ਼, ਦੂਰੋਂ ਹੱਥ ਉਠਾਈਆ। ਬ੍ਰਹਮਾ ਕਹੇ ਸ਼ਾਬਾਸ਼, ਵਾਹਵਾ ਤੇਰੀ ਵਡ ਵਡਿਆਈਆ। ਵਿਸ਼ਨੂੰ ਕਹੇ ਮੇਰਾ ਸਾਹਿਬ ਸਵਾਮੀ ਖ਼ਾਸ, ਖ਼ਾਲਸ ਰੰਗ ਰੰਗਾਈਆ। ਅਵਤਾਰ ਕਹਿਣ ਜਿਸ ਦੇ ਬਣੇ ਦਾਸੀ ਦਾਸ, ਸੋ ਦਾਤਾ ਧੁਰਦਰਗਾਹੀਆ। ਪੈਗ਼ੰਬਰ ਕਹਿਣ ਜਿਸ ਮਕਬਰਿਆਂ ਵਿਚ ਲੇਖੇ ਲਾਈ ਸਾਡੀ ਲਾਸ਼, ਲਸ਼ਕਰ ਨਜ਼ਰ ਕੋਇ ਨਾ ਆਈਆ। ਗੁਰੂ ਗੁਰਦੇਵ ਕਹਿਣ ਜਿਸ ਸ਼ਬਦ ਜਣਾਇਆ ਸਵਾਸ ਸਵਾਸ, ਸਾਹ ਸਾਹ ਸਮਾਈਆ। ਉਹ ਪ੍ਰਗਟ ਹੋ ਕੇ ਆਪ, ਆਪਣੀ ਦਇਆ ਕਮਾਈਆ। ਭਾਵੇਂ ਉਸ ਨੂੰ ਪੂਰਨ ਸਤਿਗੁਰ ਮੰਨੋ ਤੇ ਭਾਵੇਂ ਮੰਨ ਲਓ ਧੁਰ ਦਾ ਬਾਪ, ਤੇ ਭਾਵੇਂ ਮਈਆ ਕਹਿ ਕੇ ਗੋਦੀ ਆਸਣ ਲਾਈਆ। ਭਾਵੇਂ ਆਤਮਾ ਕਹੋ ਤੇ ਭਾਵੇਂ ਪਰਮਾਤਮਾ ਕਹੋ ਤੇ ਭਾਵੇਂ ਉਸੇ ਦਾ ਜਪੋ ਜਾਪ, ਉਹੋ ਨੂਰ ਤੇ ਉਹੋ ਜ਼ਹੂਰ ਨਜ਼ਰੀ ਆਈਆ। ਜਨ ਭਗਤੋ ਜੇ ਨਹੀਂ ਖੁਲ੍ਹਿਆ ਤੇ ਖੋਲ ਦੇਵੇਗਾ ਤਾਕ, ਜਿਨ੍ਹਾਂ ਦਾ ਤਕਵਾ ਲਿਆ ਬੰਨ੍ਹਾਈਆ। ਮਿਹਰਵਾਨ ਹੋ ਕੇ ਬਖ਼ਸ਼ੇ ਦਾਤ, ਦਾਤਾ ਦਾਨੀ ਵਡ ਵਡਿਆਈਆ। ਤੁਹਾਡੀ ਲੇਖੇ ਲਾਵੇ ਅਠਾਰਾਂ ਹਾੜ ਦੀ ਰਾਤ, ਰਾਤੀ ਜਾਗਣ ਵਾਲਿਓ ਜਾਗਰਤ ਵਿਚ ਤੁਹਾਨੂੰ ਆਪਣਾ ਦਰਸ ਦਿਖਾਈਆ। ਕਿਤੇ ਸੰਸਾਰ ਵਾਲਾ ਸਮਝ ਨਾ ਛੱਡਿਓ ਸਾਕ, ਏਸ ਨੇ ਸਾਕਾ ਸਾਰਾ ਜਾਣਾ ਬਦਲਾਈਆ। ਫੇਰ ਲੱਭਿਆਂ ਨਹੀਂ ਆਉਣਾ ਹਾਥ, ਹਥੇਲੀਆਂ ਮਲੇ ਖ਼ਲਕ ਖ਼ੁਦਾਈਆ। ਜਨ ਭਗਤਾਂ ਜਰੂਰ ਦੇਵੇਗਾ ਸਾਥ, ਸਾਥੀ ਧੁਰ ਦੇ ਲਏ ਬਣਾਈਆ। ਧਰਨੀ ਕਹੇ ਮੇਰਾ ਭਾਗ ਮਥੋਰ ਧੂੜੀ ਲੱਗੀ ਮਾਥ, ਚਰਨ ਸਰਨ ਸ਼ਰਨਾਈਆ। ਮੈਂ ਖ਼ੁਸ਼ੀਆਂ ਨਾਲ ਨੌਵਾਂ ਖੰਡਾਂ ਨੂੰ ਦੇਣਾ ਆਖ, ਬਿਨ ਅੱਖਰਾਂ ਢੋਲੇ ਗਾਈਆ। ਮੇਰਾ ਸਾਹਿਬ ਸਵਾਮੀ ਅੰਤਰਜਾਮੀ ਮੇਰਾ ਏਸੇ ਨਾਲ ਜੁੜਿਆ ਨਾਤ, ਜੋ ਆਪਣਾ ਰੰਗ ਰਿਹਾ ਰੰਗਾਈਆ। ਦੁਨੀਆਦਾਰੋ ਸਭ ਦਾ ਲੇਖਾ ਲਏ ਵਾਚ, ਵਾਚਣਹਾਰਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਤਿਗੁਰ ਸਾਚ, ਸਾਚਾ ਸਤਿਗੁਰ ਇਕ ਅਖਵਾਈਆ।
੧੯ ਹਾੜ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ
ਨਾਰਦ ਕਹੇ ਧਰਨੀਏ ਤੂੰ ਸੋਹਣੀ ਨਹਾਤੀ ਧੋਤੀ, ਸਾਫ਼ ਸੁਥਰੀ ਨਜ਼ਰੀ ਆਈਆ। ਤੇਰੇ ਨੂਰ ਦੀ ਜਗਦੀ ਨੁਰਾਨੀ ਜੋਤੀ, ਜੋਤ ਜੋਤ ਜੋਤ ਜੋਤ ਨਾਲ ਰੁਸ਼ਨਾਈਆ। ਨੀ ਤੂੰ ਫਿਰੇਂ ਇਕ ਇਕਲੌਤੀ, ਇਕੱਲੀ ਵਾਹੋ ਦਾਹੀਆ। ਤੇਰੇ ਉਤੇ ਮਾਣਕ ਹੀਰੇ ਮੋਤੀ, ਜਨ ਭਗਤ ਸੁਹੇਲੇ ਸੋਭਾ ਪਾਈਆ। ਜਿਹੜੇ ਦਿਸਦੇ ਵਿਚੋਂ ਕੋਟਨ ਕੋਟੀ, ਅਣਗਿਣਤਾਂ ਵਿਚੋਂ ਗਣਤ ਨਾ ਕੋਇ ਗਿਣਾਈਆ। ਤੂੰ ਜਾਗ ਸਵਾਣੀ ਸੋਤੀ, ਸੁੱਤੀ ਲੈ ਅੰਗੜਾਈਆ। ਤੇਰੀ ਯਾਦ ਬੀਤ ਗਈ ਬਹੁਤੀ, ਜੁਗ ਚੌਕੜੀ ਪੰਧ ਮੁਕਾਈਆ। ਨੀ ਨਾ ਕੋਈ ਤੇਰੀ ਧੀ ਨਾ ਕੋਈ ਪੁਤ ਤੇ ਪੋਤੀ, ਪੋਤਰਾ ਦੋਹਤਰਾ ਨਜ਼ਰ ਕੋਇ
ਨਾ ਆਈਆ। ਕਿਉਂ ਬਿਨ ਨੈਣਾਂ ਰਹੀ ਰੋਤੀ, ਹੰਝੂਆਂ ਹਾਰ ਬਣਾਈਆ। ਤੂੰ ਨੰਨ੍ਹੀ ਨਿੱਕੀ ਜਿਹੀ ਛੋਟੀ, ਵੱਡੀ ਵਡ ਨਾ ਕੋਇ ਵਡਿਆਈਆ। ਤੇਰੇ ਉਤੇ ਦੀਨ ਦੁਨੀ ਦੀ ਵਾਸਨਾ ਹੋ ਗਈ ਖੋਟੀ, ਕੂੜ ਵਿਚ ਲੋਕਾਈਆ। ਝਗੜਾ ਦਿਸੇ ਅੰਨ ਰੋਟੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਏਸੇ ਕਾਰਨ ਧਰਨੀਏ ਮੈਂ ਚਾਰ ਜੁਗ ਰਖੀ ਲੰਗੋਟੀ, ਓਢਣ ਸੀਸ ਨਾ ਕੋਇ ਟਿਕਾਈਆ। ਮੇਰਾ ਇਕ ਕਰਮੰਡਲ ਇਕ ਲੋਟੀ, ਜਿਸ ਨੂੰ ਲੁਟੀਆ ਕਹਿ ਕੇ ਸਾਰੇ ਗਾਈਆ। ਮੈਂ ਸਾਂਭ ਕੇ ਰੱਖਿਆ ਪ੍ਰੇਮ ਪਿਆਰ ਦੀ ਕੋਠੀ, ਕੁਟੀਆ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਤੇਰੀ ਪ੍ਰੇਮ ਪਿਆਰ ਦੀ ਅੰਗੀ, ਅੰਗਣ ਸੋਹਣਾ ਨਜ਼ਰੀ ਆਈਆ। ਨੀ ਤੂੰ ਇਕੋ ਜਿਹੀ ਉਚੀ ਲੰਮੀ, ਛੋਟਾ ਵੱਡਾ ਹਿੱਸਾ ਨਾ ਕੋਇ ਰਖਾਈਆ। ਪ੍ਰਭ ਦੀ ਚਰਨ ਧੂੜ ਵਿਚੋਂ ਜੰਮੀ, ਦੂਸਰ ਦਿਸੇ ਕੋਇ ਨਾ ਮਾਈਆ। ਮੇਰੀ ਇਕ ਬੇਨੰਤੀ ਮੰਨੀ, ਮਨਸਾ ਵਾਲੀਏ ਦਿਆਂ ਜਣਾਈਆ। ਸਾਚੇ ਸਾਹਿਬ ਦੀ ਬਣੀ ਚੰਨੀ, ਜਿਸ ਚੰਦ ਸਿਤਾਰ ਨਿਸ਼ਾਨ ਦੇਣੇ ਮਿਟਾਈਆ। ਵੇਖੀਂ ਜਗਤ ਲਾਲਚ ਵਿਚ ਨਾ ਬਣੀਂ ਤਮੀ, ਤਾਮਸ ਤ੍ਰਿਸ਼ਨਾ ਨਾ ਕੋਇ ਰਖਾਈਆ। ਸਾਹਿਬ ਸਵਾਮੀ ਗਾਵੀਂ ਦਮ ਦਮੀ, ਦਾਮਨਗੀਰ ਇਕੋ ਇਕ ਰਖਾਈਆ। ਜਿਸ ਤੇਰੇ ਉਤੇ ਖੇਲ ਖੇਲਣੀ ਨਵੀਂ, ਨਵ ਨੌ ਚਾਰ ਦਾ ਪੰਧ ਮੁਕਾਈਆ। ਤੂੰ ਓਸੇ ਦਾ ਢੋਲਾ ਗਵੀਂ, ਗਾ ਗਾ ਸ਼ੁਕਰ ਬਣਾਈਆ। ਓਸੇ ਦੇ ਚਰਨਾਂ ਢਵੀਂ, ਜੋ ਢਈਏ ਦਾ ਮਾਲਕ ਸੋਭਾ ਪਾਈਆ। ਵੇਖੀਂ ਗ਼ਫ਼ਲਤ ਵਿਚ ਕਦੇ ਨਾ ਸਵੀਂ, ਨੇਤਰ ਨੈਣ ਲੈਣੇ ਖੁਲਾਈਆ। ਓਸੇ ਦੀ ਦਾਸਨ ਹੋ ਕੇ ਰਵ੍ਹੀਂ, ਦਾਸੀ ਦਾਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਨਾਰਦ ਕਹੇ ਧਰਨੀਏ ਤੈਨੂੰ ਮਾਰਗ ਦੱਸਾਂ ਸੁਖੱਲਾ, ਸਹਿਜ ਨਾਲ ਦ੍ਰਿੜਾਈਆ। ਤੇਰਾ ਵਸਦਾ ਰਹੇ ਮਹੱਲਾ, ਮਹੱਲ ਅਟੱਲ ਵੱਜੇ ਵਧਾਈਆ। ਤਰਸ ਕਰੇ ਜੋ ਸਾਹਿਬ ਤੇਰਾ ਇਕੱਲਾ, ਏਕੰਕਾਰਾ ਨੂਰ ਅਲਾਹੀਆ। ਜੋ ਵਸਿਆ ਜਲਾ ਥਲਾ, ਮਹੀਅਲ ਰਿਹਾ ਸਮਾਈਆ। ਉਹ ਪ੍ਰਗਟ ਹੋਵੇ ਪਲ ਪਲਾ, ਪਾਰਬ੍ਰਹਮ ਧੁਰਦਰਗਾਹੀਆ। ਉਹ ਜ਼ਿੰਦਗੀ ਦਾ ਮੂਲ ਦੇਵੇ ਫਲਾ, ਫਲ ਫੁਲਵਾੜੀ ਆਪ ਮਹਿਕਾਈਆ। ਉਸ ਦੀ ਸਰਨ ਪਵੀਂ ਜੋ ਸਭ ਦਾ ਕਰੇ ਭਲਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਹ ਜੋਤੀ ਸ਼ਬਦੀ ਧਾਰ ਰਲਾ, ਨੂਰ ਜ਼ਹੂਰ ਵਿਚ ਟਿਕਾਈਆ। ਜਿਸ ਨੇ ਸਚ ਸਿੰਘਾਸਣ ਸਚ ਦਵਾਰੇ ਮੱਲਾ, ਮਾਲਕ ਹੋ ਕੇ ਖ਼ੁਸ਼ੀ ਬਣਾਈਆ। ਧਰਨੀਏ ਉਸ ਦੇ ਨਾਮ ਦਾ ਫੇਰ ਦੇ ਪੱਲਾ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਵਿਚ ਜਲ ਥਲਾ, ਮਹੀਅਲ ਵਿਚ ਮਹਿਬੂਬ ਆਪਣਾ ਦਰਸ ਦਿਖਾਈਆ।
੩੦ ਹਾੜ ਸ਼ਹਿਨਸ਼ਾਹੀ ਸੰਮਤ ਨੌ ਫ਼ਿਰੋਜ਼ਪੁਰ ਛਾਉਣੀ ਗਵਾਲ ਟੋਲੀ ਰਾਮ ਸਿੰਘ ਦੇ ਗ੍ਰਹਿ
ਧਰਨੀ ਕਹੇ ਤੇਰੇ ਪਿਆਰ ਦੀ ਪ੍ਰਭੂ ਕਸਮਾ, ਸੁਗੰਦ ਖਾ ਕੇ ਦਿਆਂ ਜਣਾਈਆ। ਤੇਰੀਆਂ ਜੁਗ ਚੌਕੜੀ ਵੇਖੀਆਂ ਰਸਮਾਂ, ਕਿਸ ਬਿਧ
ਆਪਣੀ ਵੰਡ ਵੰਡਾਈਆ। ਮੈਂ ਤਕਦੀ ਰਹੀ ਬਿਨਾ ਚਸ਼ਮਾਂ, ਚਸ਼ਮੇ ਦੀਦ ਧਿਆਨ ਲਗਾਈਆ। ਮੇਰੇ ਮਹਿਬੂਬ ਧੁਰ ਦੇ ਖ਼ਸਮਾ, ਖ਼ਸਮਾਨੇ ਸੀਸ ਝੁਕਾਈਆ। ਵੰਡੀ ਵੇਖ ਲੈ ਸਰੀਰ ਜਿਸਮਾ, ਜ਼ਮੀਰਾਂ ਫੋਲ ਫੁਲਾਈਆ। ਤੇਰਾ ਨਜ਼ਰ ਨਾ ਆਏ ਇਸ਼ਟ ਇਸਮਾ, ਅਜ਼ੀਮ ਆਜ਼ਮ ਤੇਰਾ ਨੂਰ ਨਾ ਕੋਇ ਦਰਸਾਈਆ। ਮੈਂ ਸੰਦੇਸੇ ਦਿਤੇ ਵਿਸ਼ਨ ਬ੍ਰਹਮਾ ਵਿਸ਼ਨਾ, ਵਿਸ਼ਵ ਧਾਰ ਸੁਣਾਈਆ। ਮੈਂ ਆਖਿਆ ਰਾਮਾ ਕ੍ਰਿਸ਼ਨਾ, ਪ੍ਰੇਮ ਵਿਚ ਸੁਣਾਈਆ। ਪੈਗ਼ੰਬਰਾਂ ਦਿਤੀਆਂ ਚਿਟਨਾ, ਬਿਨਾ ਹਰਫ਼ ਹਰੂਫ਼ ਲਿਖਾਈਆ। ਗੁਰੂਆਂ ਅਗੇ ਪਾ ਕੇ ਪਿਟਨਾ, ਬਹੁੜੀ ਬਹੁੜੀ ਕਰ ਕੁਰਲਾਈਆ। ਮੇਰੇ ਉਤੇ ਪੂਜਾ ਰਹਿ ਜਾਣੀ ਪੱਥਰ ਇੱਟਨਾ, ਪ੍ਰਭੂ ਸੀਸ ਨਾ ਕੋਇ ਨਿਵਾਈਆ। ਧੁਰ ਦਾ ਨਾਮ ਟਕਿਆਂ ਵਿਚ ਵਿਕਣਾ, ਕੀਮਤ ਹੱਟਾਂ ਵਿਚ ਵਿਚ ਰਖਾਈਆ। ਸਤਿਗੁਰ ਸ਼ਬਦ ਮਿਲੇ ਨਾ ਮਿਤਨਾ, ਮਿਤਰ ਪਿਆਰਾ ਸੰਗ ਨਾ ਕੋਇ ਬਣਾਈਆ। ਆਤਮ ਪਰਮਾਤਮ ਕਰੇ ਕੋਇ ਨਾ ਹਿਤਨਾ, ਹਿਤਕਾਰੀ ਰੰਗ ਨਾ ਕੋਇ ਸਮਾਈਆ। ਪੁਛਦੀ ਰਹੀ ਪ੍ਰਭੂ ਤੇਰਾ ਸਮਾਂ ਕਿਤਨਾ, ਭੇਵ ਅਭੇਦਾ ਦੇ ਖੁਲਾਈਆ। ਤੂੰ ਵਸ ਜਾ ਮੇਰੇ ਚਿਤਨਾ, ਚਿਤ ਠਗੌਰੀ ਰਹੇ ਨਾ ਰਾਈਆ। ਤੂੰ ਸਵਾਮੀ ਮੇਰਾ ਪਿਤਨਾ, ਪਤਿਪਰਮੇਸ਼ਵਰ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਦੱਸ ਦੇ ਹਿਤਨਾ, ਬਿਨ ਹੱਥਾਂ ਹੱਥ ਉਠਾਈਆ। ਕਵਣ ਦਵਾਰੇ ਤੇਰਾ ਚਰਨ ਟਿਕਣਾ, ਧੂੜੀ ਮਸਤਕ ਖ਼ਾਕ ਰਮਾਈਆ। ਕਿਸ ਬਿਧ ਮੇਰਾ ਲੇਖ ਨਜਿੱਠਣਾ, ਸਾਹਿਬ ਦੇਣਾ ਸਮਝਾਈਆ। ਧਰਨੀ ਕਹੇ ਮੈਨੂੰ ਸੁਣਾ ਦੇ ਅਗੰਮੀ ਸਿਖਨਾ, ਸਿਖਿਆ ਸਚ ਸਮਝਾਈਆ। ਤੇਰਾ ਲੇਖਾ ਲੇਖ ਕਿਸ ਬਿਧ ਲਿਖਣਾ, ਕੀ ਆਪਣਾ ਹੁਕਮ ਵਰਤਾਈਆ। ਤੂੰ ਵੇਸ ਵਟਾਏਂ ਨਿਤ ਨਵਿਤਨਾ, ਜੁਗ ਜੁਗ ਫੇਰੀਆਂ ਪਾਈਆ। ਧਰਨੀ ਕਹੇ ਕਿਸ ਬਿਧ ਮੇਰੀ ਬਦਲੇ ਰਿਖਨਾ, ਰੇਖ ਆਪਣੇ ਨਾਲ ਬਣਾਈਆ। ਕਿਸ ਨੈਣ ਨੇਤਰ ਦਿਸਨਾ, ਪਰਦਾ ਦੇਣਾ ਖੁਲਾਈਆ। ਕਿਸ ਧਾਰ ਭਗਤਾਂ ਅੰਦਰ ਲਿਟਣਾ, ਆਤਮ ਸੇਜ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਮੇਰੇ ਮਿਤਨਾ, ਮੀਤ ਰੀਤ ਆਪਣੀ ਦੇਣੀ ਸਮਝਾਈਆ।