੨੭ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਦੁਰਗ ਸ਼ਹਿਰ ਅਰਜਨ ਸਿੰਘ ਦੇ ਗ੍ਰਹਿ
ਸਾਵਣ ਕਹੇ ਪ੍ਰਭੂ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਪ੍ਰੇਮ ਨਾਲ ਮਹਿਕਾਈਆ। ਦਇਆ ਕਰਨੀ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸ਼ਰਨਾਈਆ। ਹਰਿ ਭਗਤ ਸੁਹੇਲੇ ਵੇਖ ਆਪਣੇ ਸੁਤ, ਦੁਲਾਰੇ ਨਿਰੰਕਾਰੇ ਆਪ ਵੇਖ ਵਖਾਈਆ। ਪਵਿਤ੍ਰ ਕਰ ਦੇ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਕਰ ਸਫ਼ਾਈਆ। ਬਿਨਾ ਹੱਥਾਂ ਤੋਂ ਗੋਦੀ ਚੁੱਕ, ਸਤਿਗੁਰ ਸ਼ਬਦ ਹੋ ਸਹਾਈਆ। ਕੂੜ ਕੁੜਿਆਰ ਪੈਂਡਾ ਜਾਏ ਮੁਕ, ਅਗੇ ਪੰਧ ਨਾ ਕੋਇ ਰਖਾਈਆ। ਆਤਮ ਪਰਮਾਤਮ ਧਾਰ ਸਮਝਾ ਦੇ ਆਪਣੀ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਲੇਖੇ ਲਾ ਲੈ ਉਲਟਾ ਮਾਤ ਗਰਭ ਦਾ ਰੁਖ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨਮ ਜਨਮ ਦਾ ਕਰਮ ਕਰਮ ਦਾ ਚੁਰਾਸੀ ਵਾਲਾ ਮਿਟਾ ਦੇ ਦੁੱਖ, ਦਰਦੀਆਂ ਦਰਦ ਦੇ ਗਵਾਈਆ। ਸਾਚੇ ਸੰਤਾਂ ਅੰਤਰ ਨਿਰੰਤਰ ਤੇਰੇ ਨਾਮ ਦਾ ਉਪਜੇ ਇਕੋ ਸੁਖ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦੇ ਚੁਕਾ, ਬਾਤਨ ਭੇਵ ਰਹੇ ਨਾ ਰਾਈਆ। ਸਾਵਣ ਕਹੇ ਮੇਰੇ ਸਾਹਿਬ ਸਵਾਮੀ ਸਤਿਗੁਰ, ਗੁਰਦੇਵ ਤੇਰੀ ਸ਼ਰਨਾਈਆ। ਮੇਰਾ ਲਹਿਣਾ ਦੇਣਾ ਵੇਖ ਧੁਰ, ਦੋ ਜਹਾਨਾਂ ਵਾਲੀ ਪਰਦਾ ਆਪ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਵੈਰ ਨਿਰਾਕਾਰ ਲੋਕਮਾਤੀ ਮੁੜ, ਆਪ ਆਪਣਾ ਵੇਸ ਵਟਾਈਆ। ਸਾਚੇ ਅੰਮ੍ਰਿਤ ਦੀ ਸਾਵਣ ਕਹੇ ਮੇਰੇ ਅੰਦਰ ਆਈ ਥੁੜ, ਸਚ ਸਰੋਵਰ ਤਾਲ ਨਾ ਕੋਇ ਭਰਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਧਰਨੀ ਉਤੇ ਤੇਰੀ ਲੋੜ, ਲੋੜੀਂਦੇ ਸਾਜਣ ਹੋਣਾ ਆਪ ਸਹਾਈਆ। ਚੜ੍ਹ ਕੇ ਆਉਣਾ ਸ਼ਬਦ ਅਗੰਮੀ ਘੋੜ, ਦੋ ਜਹਾਨਾਂ ਪੰਧ ਮੁਕਾਈਆ। ਤੈਨੂੰ ਸਭ ਨੇ ਆਖਿਆ ਬ੍ਰਹਿਮਣ ਗੌੜ, ਵੇਦ ਵਿਆਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਾਵਣ ਕਹੇ ਪ੍ਰਭੂ ਸੂਰੇ ਸਰਬਗ, ਚਰਨ ਕਵਲ ਤੇਰੀ ਸ਼ਰਨਾਈਆ। ਤੇਰੀ ਸ੍ਰਿਸ਼ਟੀ ਉਤੇ ਲੱਗੀ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਜਗਤ ਜਗਿਆਸੂ ਰਹੇ ਦਗ, ਸਾਂਤਕ ਸਤਿ ਨਾ ਕੋਇ ਵਰਤਾਈਆ।
ਨੌ ਖੰਡ ਪ੍ਰਿਥਮੀ ਸੱਤ ਦੀਪ ਨਿਰਗੁਣ ਸਵਾਮੀ ਤੈਨੂੰ ਰਹੇ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਕੂਕ ਕੂਕ ਰਸਨਾ ਵਾਲੇ ਸਾਰੇ ਵਜਾਉਂਦੇ ਨੱਦ, ਢੋਲੇ ਬੱਤੀਆਂ ਦੰਦਾਂ ਨਾਲ ਗਾਈਆ। ਤੇਰੀ ਕੂਟ ਨਜ਼ਰ ਆਏ ਕਿਸੇ ਨਾ ਹੱਦ, ਉੱਤਰ ਪੂਰਬ ਪੱਛਮ ਦੱਖਣ ਵੇਖਣ ਥਾਉਂ ਥਾਈਂਆ। ਤੇਰਾ ਮੇਲ ਹੁੰਦਾ ਨਾਲ ਸਬਬ, ਜੁਗ ਜਨਮ ਦੇ ਵਿਛੜਿਆਂ ਕਰ ਕਿਰਪਾ ਲੈਣਾ ਮਿਲਾਈਆ। ਮੈਂ ਨਿਮਾਣਾ ਹੋ ਕੇ ਜੋੜਾਂ ਹੱਥ, ਸਮਰਥ ਅਗੇ ਸੀਸ ਨਿਵਾਈਆ। ਸਾਚੇ ਨਾਮ ਦੀ ਅੰਮ੍ਰਿਤ ਧਾਰ ਦੇ ਦੇ ਵਥ, ਵਸਤ ਅਮੁਲ ਅਤੁਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਸਾਵਣ ਕਹੇ ਮੇਰੇ ਨਿਰੰਕਾਰ, ਨਿਰਵੈਰ ਤੇਰੀ ਵਡਿਆਈਆ। ਧਰਨੀ ਕਹੇ ਪੁਕਾਰ, ਕੂਕ ਕੂਕ ਸੁਣਾਈਆ। ਵੇਖ ਲੈ ਗਿਰਿਅਜ਼ਾਰ, ਚਾਰੋਂ ਕੁੰਟ ਦੁਹਾਈਆ। ਅਵਤਾਰ ਪੈਗ਼ੰਬਰ ਕਰਨ ਇੰਤਜ਼ਾਰ, ਗੁਰ ਗੁਰ ਬਿਨ ਨੈਣਾਂ ਨੈਣ ਤਕਾਈਆ। ਪ੍ਰਗਟ ਹੋ ਕਲ ਕਲਕੀ ਅਵਤਾਰ, ਕਲ ਕਲੇਸ਼ ਦੇ ਮਿਟਾਈਆ। ਤੂੰ ਅਮਾਮ ਅਮਾਮਾ ਨੂਰ ਨੁਰਾਨਾ ਸ਼ਾਹੋ ਭੂਪ ਇਕ ਸਿਕਦਾਰ, ਮਿਹਰਵਾਨ ਮਹਿਬੂਬ ਨੂਰ ਅਲਾਹੀਆ। ਲਹਿਣਾ ਦੇਣਾ ਪੂਰਾ ਕਰ ਕੂੜੀ ਕਿਰਿਆ ਮੇਟ ਅੰਧ ਅੰਧਿਆਰ, ਸਤਿ ਸਚ ਚੰਦ ਕਰ ਰੁਸ਼ਨਾਈਆ। ਅੰਮ੍ਰਿਤ ਆਤਮ ਬਖ਼ਸ਼ ਠੰਡਾ ਠਾਰ, ਨੌਜਵਾਨ ਸ੍ਰੀ ਭਗਵਾਨ ਮਿਹਰਵਾਨ ਆਪ ਬਰਸਾਈਆ। ਦੀਨ ਦੁਨੀ ਦ੍ਰਿਸ਼ਟੀ ਅੰਤਰ ਕਰ ਖ਼ਬਰਦਾਰ, ਸ੍ਰਿਸ਼ਟੀ ਇਸ਼ਟ ਇਕ ਸਮਝਾਈਆ। ਤੂੰ ਕੁਦਰਤ ਦਾ ਕਾਦਰ ਕਰਤਾ ਪੁਰਖ ਕਰਨੇਹਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਾਵਣ ਕਹੇ ਮੇਰੀ ਬੂੰਦ ਸਵਾਂਤੀ ਚਾਤ੍ਰਕ ਮਿਲੇ ਕਿਸੇ ਨਾ ਧਾਰ, ਉਲਟਾ ਹੋ ਕੇ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਾਵਣ ਕਹੇ ਪ੍ਰਭੂ ਧਰਨੀ ਤੱਕ ਲੈ ਆਪਣੀ ਦਾਸੀ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਵੇਖ ਕੇ ਆਉਂਦੀ ਹਾਸੀ, ਮਸਖ਼ਰਾ ਹੋ ਕੇ ਰਿਹਾ ਸੁਣਾਈਆ। ਤੇਰੇ ਮੰਡਲ ਸਚ ਦੀ ਪਾਏ ਕੋਇ ਨਾ ਰਾਸੀ, ਗੋਪੀ ਕਾਹਨ ਰੰਗ ਨਾ ਕੋਇ ਰੰਗਾਈਆ। ਮੈਂ ਜਿਧਰ ਤੱਕਾਂ ਦਿਸੇ ਉਦਾਸੀ, ਉਦਰ ਦਾ ਲੇਖਾ ਨਾ ਕੋਇ ਮੁਕਾਈਆ। ਨਾਮ ਰਮਿਆ ਨਹੀਂ ਪਵਣ ਸਵਾਸੀ, ਸਾਹ ਸਾਹ ਨਾ ਕੋਇ ਸਮਾਈਆ। ਪਿਆਰ ਮਿਲੇ ਨਾ ਤੇਰਾ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤੇ ਤੇਰੇ ਰੰਗ ਨਾ ਕੋਇ ਸਮਾਈਆ। ਜਿਧਰ ਤੱਕਾਂ ਦਿਸੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਮਾਲਕ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਕਲਜੁਗ ਜੀਵਾਂ ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤੀ, ਨਾਭੀ ਕਵਲ ਕਵਲ ਉਲਟਾਈਆ। ਤੇਰਾ ਸਤਿ ਸਰੂਪ ਇਹ ਸਾਰੇ ਤੇਰੀ ਜ਼ਾਤੀ, ਆਤਮ ਪਰਮਾਤਮ ਆਪਣਾ ਮੇਲ ਮਿਲਾਈਆ। ਅੱਠੇ ਪਹਿਰ ਹਰ ਹਿਰਦੇ ਅੰਦਰ ਕਰ ਪ੍ਰਭਾਤੀ, ਵੇਲਾ ਵਕਤ ਵੰਡ ਨਾ ਕੋਇ ਵੰਡਾਈਆ। ਚਰਨ ਕਵਲ ਉਪਰ ਧਵਲ ਜਨ ਭਗਤਾਂ ਜੋੜ ਲੈ ਆਪਣਾ ਨਾਤੀ, ਨਾਤਾ ਪੁਰਖ ਬਿਧਾਤਾ ਇਕੋ ਇਕ ਸਮਝਾਈਆ। ਦਰਸ਼ਨ ਦੇਣਾ ਆਪ ਇਕ ਇਕਾਂਤੀ, ਏਕੰਕਾਰ ਪਰਦਾ ਲਾਹੀਆ। ਤੂੰ ਸਭ ਦਾ ਪਿਤਾ ਮਾਤੀ, ਸੁਤ ਦੁਲਾਰੇ ਲੈਣੇ ਗੋਦ ਉਠਾਈਆ। ਸਾਵਣ ਕਹੇ ਪ੍ਰਭੂ ਮੇਰੇ ਅੰਤਰ ਆਪਣੇ ਅੰਮ੍ਰਿਤ ਦੀ ਦੇ ਦੇ ਦਾਤੀ, ਬਖ਼ਸ਼ਣਹਾਰ ਬਖ਼ਸ਼ਿਸ਼ ਮੇਰੀ ਝੋਲੀ ਪਾਈਆ। ਅੱਠ ਸੱਠ ਤੀਰਥ ਮੇਰਾ ਰਿਹਾ ਕੋਇ ਨਾ ਸਾਥੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸੰਗ ਨਾ ਕੋਇ ਨਿਭਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਦੀਨ ਦੁਨੀ ਵਿਚੋਂ ਮੇਟ ਦੇ ਵਾਟੀ, ਅਗਲਾ ਪੰਧ ਕੂੜ ਰਹੇ ਨਾ ਰਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਸਾਵਣ ਦੋਵੇਂ ਡਾਹੀਏ ਝੋਲੀ, ਝਲਕ ਦੇਵੇ ਬੇਪਰਵਾਹੀਆ। ਇਕੋ ਗਾਈਏ ਬੋਲੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਦੀ ਬਣੀਏ ਗੋਲੀ, ਸੇਵਕ ਹੋ ਕੇ ਸੇਵ ਕਮਾਈਆ। ਬਿਰਹੋਂ ਵਿਛੋੜੇ ਵਿਚ ਪਾਈਏ ਰੌਲੀ, ਬਹੁੜੀ ਤੇਰਾ ਨਾਮ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਦੀਨ ਦੁਨੀ ਉਤੇ ਹਰ ਘਟ ਅੰਦਰ ਮੌਲੀਂ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਅੰਮ੍ਰਿਤ ਆਤਮ ਧਾਰ ਬਖ਼ਸ਼ ਦੇ ਗੋਬਿੰਦ ਵਾਲੀ ਪਾਹੁਲੀ, ਬਿਨ ਰਸਨਾ ਰਸ ਚਖਾਈਆ। ਉਲਟੀ ਕਰ ਦੇ ਨਾਭ ਕਵਲ ਵਾਲੀ ਕੌਲੀ, ਬੂੰਦ ਸਵਾਂਤੀ ਅਗੰਮ ਟਪਕਾਈਆ। ਮੈਂ ਮਾਂਗਤ ਹੋ ਗਈ ਤੇਰੇ ਦਰ ਦੀ ਧੌਲੀ, ਧਵਲ ਰਹੀ ਸੁਣਾਈਆ। ਸਾਵਣ ਕਹੇ ਮੈਂ ਵੀ ਪੁਕਾਰਾਂ ਹੌਲੀ ਹੌਲੀ, ਆਹਿਸਤਾ ਆਹਿਸਤਾ ਰਿਹਾ ਜਣਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਦਰ ਦਵਾਰਾ ਇਕੋ ਖੋਲੀ, ਖ਼ਾਲਸ ਆਪਣਾ ਰੰਗ ਰੰਗਾਈਆ। ਧੁਰ ਦਾ ਸ਼ਬਦ ਬਣਾਈਂ ਢੋਲੀ, ਜਗਤ ਜਹਾਨ ਕਰੇ ਸ਼ਨਵਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜੀਵਾਂ ਜੰਤਾਂ ਰੰਗ ਦੇ ਚੋਲੀ, ਚੋਜੀ ਪ੍ਰੀਤਮ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਭੇਵ ਆਪ ਚੁਕਾਈਆ। ਧਰਨੀ ਕਹੇ ਸਾਵਣ ਚਰਨਾਂ ਲਾਈਏ ਧੂੜ, ਮਸਤਕ ਖ਼ਾਕ ਰਮਾਈਆ। ਅੰਤਸ਼ਕਰਨ ਰਹੇ ਨਾ ਮੂੜ੍ਹ, ਮੁਗਧਾਂ ਵਾਲਾ ਡੇਰਾ ਢਾਹੀਆ। ਕਲਪਣਾ ਰੰਗ ਰਹੇ ਨਾ ਕੂੜ, ਦੁਰਮਤ ਮੈਲ ਧਵਾਈਆ। ਇਕ ਬੇਨੰਤੀ ਕਰੀਏ ਜ਼ਰੂਰ, ਆਸ਼ਾ ਇਕ ਰਖਾਈਆ। ਤੂੰ ਸਦਾ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਮਾਲਕ ਧੁਰਦਰਗਾਹੀਆ। ਸਰਬ ਕਲਾ ਭਰਪੂਰ, ਬੇਪਰਵਾਹੀ ਵਿਚ ਸਮਾਈਆ। ਜੇ ਤੇਰੀ ਸ੍ਰਿਸ਼ਟੀ ਭੁਲ ਗਈ ਤੂੰ ਬਖ਼ਸ਼ ਦੇ ਜਨਮ ਜਨਮ ਦੇ ਸਭ ਕਸੂਰ, ਮਿਹਰਵਾਨ ਆਪਣੀ ਦਇਆ ਕਮਾਈਆ। ਆਪਣੀ ਜੋਤ ਦਾ ਦੇ ਦੇ ਨੂਰ, ਨੂਰ ਨੁਰਾਨੇ ਕਰ ਰੁਸ਼ਨਾਈਆ। ਤੇਰੇ ਨਾਮ ਦੀ ਸੁਣਨ ਸਾਰੇ ਤੂਰ, ਤੁਰੀਆ ਦੇ ਮਾਲਕ ਤੁਰਤ ਦੇਣੀ ਸੁਣਾਈਆ। ਤੇਰੇ ਸ਼ੁਕਰਾਨੇ ਵਿਚ ਹੋਈਏ ਮਸ਼ਕੂਰ, ਮੁਸ਼ਕਲ ਸਭ ਦੀ ਹੱਲ ਕਰਾਈਆ। ਕਲਜੁਗ ਕਰਮ ਕਾਂਡ ਦਾ ਬਦਲ ਦੇ ਦਸਤੂਰ, ਲਹਿਣਾ ਦੇਣਾ ਦਸਤ ਬਦਸਤ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਸਹਾਈਆ। ਪੁਰਖ ਅਕਾਲ ਕਹੇ ਸਾਵਣ ਧਰਨੀ ਮਾਗੋ ਤੁਸੀਂ ਕੀ, ਮੰਗਣਾ ਸਮਝ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਲੱਖ ਚੁਰਾਸੀ ਜੀਅ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਮੈਂ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਬੀਜਿਆ ਬੀ, ਬੂਟੇ ਲੋਕਮਾਤ ਰਖਾਈਆ। ਆਦਿ ਜੁਗਾਦਿ ਬਰਸਦਾ ਰਵ੍ਹਾਂ ਮੀਂਹ, ਮੇਘਲਾ ਅਗੰਮ ਅਥਾਹੀਆ। ਮੇਰਾ ਸਭ ਦੇ ਨਾਲ ਲੇਖਾ ਜੋ ਮੇਰੇ ਆਤਮ ਧਾਰ ਪੁੱਤਰ ਧੀ, ਦੂਸਰ ਵੰਡ ਨਾ ਕੋਇ ਵੰਡਾਈਆ। ਜਰਾ ਨਿਗਾਹ ਮਾਰ ਲਓ ਮੇਰਾ ਖੇਲ ਦੀਨਾਂ ਮਜ਼੍ਹਬਾਂ ਵਾਲੀ ਲੀਹ, ਰਸਤਾ ਜੁਗਤ ਜਗਤ ਜਣਾਈਆ। ਮੈਂ ਬਣਿਆ ਰਿਹਾ ਸ਼ਰੇਈ, ਸ਼ਰੀਅਤ ਆਪਣਾ ਹੁਕਮ ਸੁਣਾਈਆ। ਮੇਰੇ ਹੁਕਮ ਵਿਚ ਜੁਗ ਬੀਤੜੇ ਕਈ, ਕੋਟਨ ਕੋਟ ਪੰਧ ਮੁਕਾਈਆ। ਹੁਣ ਖੇਲ ਕਰਾਂ ਦੁਨੀਆ ਦੇ ਵਿਚ ਨਈ, ਨਵ ਸੱਤ ਆਪਣੀ ਕਾਰ ਕਮਾਈਆ। ਧੁਰ ਦਾ ਸ਼ਬਦ ਸਤਿਗੁਰ ਧਾਰ ਪਵੇ ਸਹੀ, ਸਹੀ ਸਲਾਮਤ ਕਾਰ ਭੁਗਤਾਈਆ। ਗੋਬਿੰਦ ਦਾ ਲਹਿਣਾ ਪੂਰਾ ਹੋਵੇ ਬਰਸ ਸੌ ਸਾਲ ਢਈ, ਢਈਆ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਧੁਰ ਫ਼ਰਮਾਨਾ ਅਗੰਮ ਸੁਣਾਈਆ। ਸਾਵਣ ਸੁਣ ਲੈ ਨਾਲ ਧਰਨੀ ਧਰਤ, ਧਰਮ ਦੀ ਧਰਮ ਧਾਰ ਜਣਾਈਆ। ਸਭ ਦੀ ਪੂਰੀ ਕਰਾਂ ਚਾਰ ਜੁਗ ਦੀ ਸ਼ਰਤ, ਬਿਨ ਅੱਖਰਾਂ ਅੱਖਰ ਖੋਜ ਖੁਜਾਈਆ। ਜੋਤੀ ਜਾਤਾ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਹੋਵਾਂ ਸਹਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਹੁਕਮ ਸੁਣਾਵਾਂ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਮੇਟਾਂ ਅੰਧੇਰਾ ਗਰਦ, ਨੂਰੀ ਚੰਦ ਕਰ ਰੁਸ਼ਨਾਈਆ। ਭਬਕ ਲਗਾਵਾਂ ਨਾਮ ਇਕੋ ਗਰਜ, ਦੋ ਜਹਾਨ ਸੁਣਾਈਆ। ਸਦੀ ਚੌਧਵੀਂ ਧੁਰ ਦਾ ਪੂਰਾ ਕਰਾਂ ਫ਼ਰਜ਼, ਫ਼ਾਜ਼ਲ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਝਟ ਨਾਰਦ ਲੈ ਕੇ ਆ ਗਿਆ ਪਤ੍ਰ, ਧਰਨੀਏ ਤੈਨੂੰ ਦਿਆਂ ਵਖਾਈਆ। ਓਏ ਸਾਵਣਾ ਇਹ ਲਿਖਿਆ ਨਹੀਂ ਵਿਚ ਕਿਸੇ ਸਤਰ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਇਹਦੀ ਕੀਮਤ ਨਹੀਂ ਕੋਈ ਹੀਰਾ ਰਤਨ, ਜਵਾਹਰ ਮਣੀਆ ਮੂਲ ਨਾ ਕੋਇ ਪਵਾਈਆ। ਇਹਨੂੰ ਪੜ੍ਹਨ ਦਾ ਕਿਆ ਕੋਈ ਕਰੇ ਯਤਨ, ਯਥਾਰਥ ਭੇਵ ਸਮਝ ਕਿਸੇ ਨਾ ਆਈਆ। ਮੈਂ ਤੇਰਾ ਧੁਰ ਦਾ ਸੰਦੇਸਾ ਆਇਆ ਦੱਸਣ, ਦਹਿ ਦਿਸ਼ਾ ਦਿਆਂ ਜਣਾਈਆ। ਭਗਤਾਂ ਨੂੰ ਆਖਾਂ ਜਨ ਭਗਤੋ ਤੁਹਾਨੂੰ ਵਿਰੋਲੇ ਪ੍ਰਭੂ ਵਾਂਗ ਮੱਖਣ, ਨਾਮ ਮਧਾਣਾ ਚੁਰਾਸੀ ਵਿਚ ਭਵਾਈਆ। ਤੁਹਾਡਾ ਅੰਤਰ ਰਹਿਣ ਨਾ ਦੇਵੇ ਸੱਖਣ, ਵਸਤ ਅਗੰਮ ਦਏ ਟਿਕਾਈਆ। ਦੱਸ ਕੇ ਆਪਣੀ ਮੰਜ਼ਲ ਘਾਟਣ, ਤਟ ਇਕ ਤਕਾਈਆ। ਜਿਥੇ ਮਿਲੇ ਪੁਰਖ ਸਮਰਥਣ, ਮਾਲਕ ਧੁਰਦਰਗਾਹੀਆ। ਤੁਸਾਂ ਤੱਕਣਾ ਨਿਜ ਅੱਖਣ, ਲੋਚਨ ਕਰੇ ਰੁਸ਼ਨਾਈਆ। ਜਿਸ ਤੂੰ ਮੇਰਾ ਮੈਂ ਤੇਰਾ ਗਾਇਆ ਬਚਨ, ਬਚਪਨ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੂੰ ਤੱਕਣਾ ਖੇਲ ਅਵੱਲਾ, ਸਾਵਣ ਪ੍ਰੇਮ ਨਾਲ ਮਿਲਾਈਆ। ਖੇਲੇ ਖੇਲ ਪ੍ਰਭੂ ਇਕੱਲਾ, ਵਾਹਿਦ ਆਪਣਾ ਹੁਕਮ ਵਰਤਾਈਆ। ਜੋ ਵਸੇ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਨੂਰ ਜੋਤ ਰੁਸ਼ਨਾਈਆ। ਉਹ ਸ਼ਬਦ ਸੰਦੇਸਾ ਸਤਿਗੁਰ ਸ਼ਬਦ ਹੋ ਕੇ ਰਿਹਾ ਘੱਲਾ, ਬਿਨ ਰਸਨਾ ਜਿਹਵਾ ਗਾਈਆ। ਜਿਸ ਨੇ ਫੜਾਉਣਾ ਸਭ ਨੂੰ ਪੱਲਾ, ਪਲਕਾਂ ਦੇ ਪਿਛੇ ਮੇਲ ਮਿਲਾਈਆ। ਜਿਸ ਪੰਜ ਵਿਕਾਰਾ ਮੇਟਣਾ ਦਲਾ, ਦਲਿਦ੍ਰੀਆਂ ਡੇਰਾ ਢਾਹੀਆ। ਦੂਈ ਦਵੈਤੀ ਦੂਰ ਕਰਾਏ ਸੱਲਾ, ਸਲਲ ਆਪਣਾ ਰੰਗ ਰੰਗਾਈਆ। ਜਿਸ ਇਕ ਸਿੰਘਾਸਣ ਮੱਲਾ, ਲੱਖ ਚੁਰਾਸੀ ਸੇਜ ਹੰਢਾਈਆ। ਉਹ ਸ਼ਬਦੀ ਧਾਰ ਰਲਾ, ਜੋਤੀ ਜਾਤਾ ਅਗੰਮ ਅਥਾਹੀਆ। ਕਰੇ ਵਲ ਛਲਾ, ਅਛਲ ਛਲ ਧਾਰੀ ਆਪਣੀ ਕਾਰ ਭੁਗਤਾਈਆ। ਜਿਸ ਦਾ ਸੰਦੇਸਾ ਬਾਵਨ ਦਿਤਾ ਦਵਾਰੇ ਬਲਾ, ਬਲ ਬਾਵਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਸਤਿ ਸਤਿ ਵਰਤਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਰਖ ਉਡੀਕਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਉਹ ਸਵਾਮੀ ਨੀਕਨ ਨੀਕਾ, ਨਿਰਗੁਣ ਨਿਰਵੈਰ ਨੂਰ ਅਲਾਹੀਆ। ਜਿਸ ਨੇ ਸਭ ਦਾ ਮੇਟਣਾ ਸ਼ਰੀਕਾ, ਸ਼ਰਕਤ ਕੂੜੀ ਦਏ ਗਵਾਈਆ। ਉਹ ਉਠਾਵਣ ਵਾਲਾ ਰਸ਼ੀਆ ਨਾਲ ਅਮਰੀਕਾ, ਅਮਰ ਰਹਿਣ ਕੋਇ ਨਾ ਪਾਈਆ। ਚੀਨਾ ਸਮਝ ਨਾ ਸਕੇ ਤਰੀਕਾ, ਫ਼ਰੰਗੀਆਂ ਗੰਢ ਰਿਹਾ ਖੁਲਾਈਆ। ਉਸ ਦਾ ਹੁਕਮ ਸਭ ਨੇ ਮੰਨਣਾ ਕਰ ਕੇ ਮੀਠਾ, ਭਾਣਾ ਭਾਣੇ ਵਿਚੋਂ ਜਣਾਈਆ।
ਇਹ ਖੇਲ ਹੋਣਾ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨੀ ਧਰਨੀਏ ਮਰਨੀਏ ਕੋਝੀਏ ਕਮਲੀਏ ਤੇਰੇ ਉਤੇ ਤਪਣ ਵਾਲਾ ਅੰਗੀਠਾ, ਗੋਬਿੰਦ ਦਾ ਅੰਗੀਠਾ ਦਏ ਗਵਾਹੀਆ। ਬਿਨ ਪ੍ਰਭੂ ਦੀ ਕਿਰਪਾ ਕਿਸੇ ਰੰਗ ਨਾ ਚੜ੍ਹੇ ਮਜੀਠਾ, ਦੁਰਮਤ ਮੈਲ ਨਾ ਕੋਇ ਧਵਾਈਆ। ਕਲਜੁਗ ਜੀਵ ਅੰਦਰੋਂ ਹੋਇਆ ਕੌੜਾ ਰੀਠਾ, ਅੰਮ੍ਰਿਤ ਵਿਖ ਰੂਪ ਬਣਾਈਆ। ਲੇਖਾ ਤੱਕ ਲੈ ਹਸਤ ਕੀਟਾ, ਰਾਜ ਰਾਜਾਨਾ ਖੋਜ ਖੁਜਾਈਆ। ਪਿਛਲਾ ਵਕਤ ਜੋ ਪਿਛੇ ਬੀਤਾ, ਬੀਤੀ ਕਥਾ ਕੀ ਦ੍ਰਿੜਾਈਆ। ਉਹ ਨਿਗਹ ਮਾਰ ਲੈ ਕੀ ਆਸਾ ਲਾਈ ਰਾਮ ਸੀਤਾ, ਬਨਵਾਸੀ ਬੈਠੇ ਅੱਖ ਉਠਾਈਆ। ਇਸ਼ਾਰਾ ਕੀਤਾ ਕ੍ਰਿਸ਼ਨ ਅਰਜਨ ਵਿਚ ਗੀਤਾ, ਅਠਾਰਾਂ ਧਿਆਏ ਦੇਣ ਗਵਾਹੀਆ। ਕੀ ਪੈਗ਼ੰਬਰਾਂ ਦੱਸੀ ਹਦੀਸਾ, ਬਿਨ ਅਲਿਫ਼ ਯੇ ਪੜ੍ਹਾਈਆ। ਕੀ ਗੁਰੂਆਂ ਜਣਾਇਆ ਮੀਤਾ, ਮਿਤਰ ਪਿਆਰਾ ਗੋਬਿੰਦ ਮਾਹੀਆ। ਜਿਸ ਬਦਲ ਦੇਣੀ ਰੀਤਾ, ਰੀਤੀਵਾਨ ਇਕ ਅਖਵਾਈਆ। ਝਗੜਾ ਮੇਟ ਕੇ ਮੰਦਰ ਮਸੀਤਾ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਉਹ ਸਤਿਗੁਰ ਸ਼ਬਦ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਇਕ ਅਖਵਾਈਆ। ਛਤਰ ਝੁਲਣਾ ਅੰਤ ਕਿਸੇ ਨਹੀਂ ਸੀਸਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਓਏ ਸਾਵਣਾ ਬਿਨਾ ਪ੍ਰਭੂ ਦੀ ਕਿਰਪਾ ਤੋਂ ਅੰਮ੍ਰਿਤ ਰਸ ਜਾਏ ਕਿਸੇ ਨਾ ਪੀਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਕਾਲਾ ਦੀਨ ਦਿਆਲਾ ਮਿਹਰਵਾਨ ਹੋ ਕੇ ਜੇ ਅੰਦਰੋਂ ਬਦਲ ਦੇਵੇ ਸਭ ਦੀਆਂ ਨੀਤਾ, ਮਨ ਕਾ ਮਣਕਾ ਆਪ ਭਵਾਈਆ। ਸਤਿਗੁਰ ਚਰਨ ਸ਼ਬਦ ਨਾਲ ਜੁੜ ਜਾਣ ਸੁਰਤੀ ਦੀਆਂ ਪ੍ਰੀਤਾ, ਸੁਰਤ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਸੋਹੇ ਭਗਤ ਦਵਾਰਾ ਇਕ, ਏਕੰਕਾਰ ਦਏ ਵਡਿਆਈਆ। ਜਿਥੇ ਸਤਿ ਦਾ ਮਾਲਕ ਜਾਏ ਟਿਕ, ਟਿੱਕੇ ਧੂੜੀ ਖ਼ਾਕ ਸਰਬ ਰਮਾਈਆ। ਆਤਮ ਪਰਮਾਤਮ ਬਣ ਕੇ ਮਿਤ, ਮਿਤਰ ਪਿਆਰਾ ਹੋਏ ਸਹਾਈਆ। ਮਨ ਠਗੌਰੀ ਮੇਟੇ ਚਿਤ, ਚਿੰਤਾ ਚਿਖਾ ਦੂਰ ਕਰਾਈਆ। ਸਵਾਮੀ ਹੋ ਕੇ ਕਰੇ ਹਿਤ, ਹਿਤਕਾਰੀ ਇਕ ਅਖਵਾਈਆ। ਦਰਸ਼ਨ ਦੇਵੇ ਨਿਤ, ਨਿਜ ਨੇਤਰ ਕਰ ਰੁਸ਼ਨਾਈਆ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਲੇਖ ਆਪਣੇ ਵਿਚ ਟਿਕਾਈਆ। ਪਹਿਲੇ ਪਿਆਰ ਵਿਚ ਬਣਾਏ ਸਿੱਖ, ਦੂਜਾ ਗੁਰਮੁਖ ਰੰਗ ਚੜ੍ਹਾਈਆ। ਤੀਜੇ ਸੰਤ ਸਾਜਣ ਮਿਲਾਏ ਆਪਣੇ ਵਿਚ, ਭੇਵ ਅਭੇਦਾ ਦਏ ਮਿਟਾਈਆ। ਚੌਥੇ ਜਨ ਭਗਤਾਂ ਧਾਮ ਵਖਾ ਕੇ ਇਕ ਅਨਡਿਠ, ਅਨਡਿਠੜੀ ਖੇਲ ਵਖਾਈਆ। ਸਤਿਗੁਰ ਸੱਜਣ ਸਵਾਮੀ ਮੀਤਾ ਹੋ ਕੇ ਕਦੀ ਨਾ ਦੇਵੇ ਪਿਠ, ਕਰਵਟ ਸਕੇ ਨਾ ਕਦੇ ਬਦਲਾਈਆ। ਪੈਂਡਾ ਮੁਕਾ ਕੇ ਮੇਰੂਡੰਡ ਦਾ ਸਵਾ ਗਿੱਠ, ਨਵ ਨੌ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਸ਼ਬਦ ਮਿਹਰਵਾਨਾ, ਮਿਹਰਵਾਨ ਮਹਿਬੂਬ ਅਗੰਮ ਅਥਾਹੀਆ। ਧਰਨੀਏ ਤੈਨੂੰ ਦੇਵੇ ਦਾਨਾ, ਦਾਤਾ ਦਾਨੀ ਆਪ ਵਰਤਾਈਆ। ਸਾਵਣਾ ਤੂੰ ਵੀ ਕਰਨਾ ਧਿਆਨਾ, ਬਿਨ ਅੱਖਾਂ ਅੱਖ ਉਠਾਈਆ। ਸਭ ਦਾ ਮਾਲਕ ਸ੍ਰੀ ਭਗਵਾਨਾ, ਭਗਵਨ ਇਕੋ ਇਕ ਨੂਰ ਅਲਾਹੀਆ। ਜੋ ਬੇਨੰਤੀਆਂ ਕਰੇ ਪ੍ਰਵਾਨਾ, ਪਰਮ ਪੁਰਖ ਹੋਵੇ ਆਪ ਸਹਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਨਿਸ਼ਾਨਾ, ਸਤਿਜੁਗ ਸਤਿ ਧਰਮ ਨਿਸ਼ਾਨ ਝੁਲਾਈਆ। ਜਨ ਭਗਤ ਸੁਹੇਲੇ ਸੰਤ ਕਰੇ ਪ੍ਰਵਾਨਾ, ਗੁਰਮੁਖ ਗੁਰਸਿੱਖ ਗੁਰ ਗੁਰ ਗੋਦ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਸਵਾਮੀ ਅੰਤਰਜਾਮੀ ਹਰ ਘਟ ਰਿਹਾ ਜਾਣਾ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਹਰਿ ਸੰਗਤ ਸਤਿ ਸਰੂਪ ਸ਼ਾਹੋ ਭੂਪ ਬਿਨ
ਰੰਗ ਰੂਪ ਸਚਖੰਡ ਦਵਾਰ ਕਰੇ ਪ੍ਰਵਾਨਾ, ਜੋ ਪਰਮ ਪੁਰਖ ਦਾ ਦਰਸ਼ਨ ਪਾਈਆ। ਜਿਸ ਦਾ ਲੇਖਾ ਭਗਤਾਂ ਨਾਲ ਜਹਾਨਾ, ਗੁਰਮੁਖ ਸਿੰਘ ਸਿੰਘ ਅਰਜਨ ਨਾਲ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੁਗ ਚੌਕੜੀ ਜਗਤ ਜਹਾਨ ਧਰਮ ਈਮਾਨ ਨੌਜਵਾਨਾ ਮਰਦ ਮਰਦਾਨਾ ਆਪਣੇ ਹੱਥ ਰਖਾਈਆ।
੨੮ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਜਬਲਪੁਰ ਰਖੜੀ ਵਾਲੇ ਦਿਨ ਰਖੜੀ ਬੰਨ੍ਹਣ ਸਮੇਂ ਮਹਾ ਸਿੰਘ ਦੇ ਗ੍ਰਹਿ
ਹਨਵੰਤ ਰਾਮ ਨੂੰ ਬੰਨ੍ਹੀ ਰਖੀ, ਦੁਮਾ ਦੁਬਾ ਕੇ ਦਿਤੀ ਹਿਲਾਈਆ। ਫੇਰ ਹੱਸ ਕੇ ਕਿਹਾ ਮੈਂ ਤੇਰੀ ਸੀਆ ਨਾਲੋਂ ਚੰਗੀ ਸਖ਼ੀ, ਹਾਸੇ ਵਿਚ ਸੁਣਾਈਆ। ਨਾਲੇ ਮਿਲਾ ਕੇ ਅੱਖ ਵਿਚ ਅੱਖੀ, ਇਸ਼ਾਰਾ ਅੱਖੀਆਂ ਨਾਲ ਕਰਾਈਆ। ਤੂੰ ਸਰਬ ਧਾਰ ਭਖੀ, ਭਾਖਿਆ ਦੇ ਦ੍ਰਿੜਾਈਆ। ਫੇਰ ਛੇੜ ਕੇ ਰਾਮ ਦੀ ਵੱਖੀ, ਹਲੂਣਾ ਦਿਤਾ ਲਗਾਈਆ। ਫੇਰ ਫੜ ਕੇ ਝਟ ਪੱਖੀ, ਹਵਾ ਰਿਹਾ ਝੁਲਾਈਆ। ਫੇਰ ਲੈ ਕੇ ਤਿਨਕਾ ਕੱਖੀ, ਪਿੱਠ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹਨਵੰਤ ਰਖੀ ਬੰਨ੍ਹ ਕੇ ਗਾਨਾ, ਗੁਨ ਗੁਨਾ ਕੇ ਦਿਤਾ ਜਣਾਈਆ। ਮੈਂ ਬਾਨਰ ਤੇਰਾ ਭਗਵਾਨਾ, ਭਗਵਨ ਤੇਰੀ ਆਸ ਰਖਾਈਆ। ਨਾਲੇ ਮਸਤਕ ਲਾ ਨਿਸ਼ਾਨਾ, ਧੂੜੀ ਖ਼ਾਕ ਰਮਾਈਆ। ਫੇਰ ਆਖਿਆ ਨਾਲ ਮਾਣਾ, ਨਿਮਾਣਾ ਹੋ ਕੇ ਸੀਸ ਝੁਕਾਈਆ। ਤੂੰ ਕਿਹਦਾ ਸੱਚਾ ਰਾਮਾ, ਰਮਈਆ ਦੇ ਦ੍ਰਿੜਾਈਆ। ਜਗਤ ਵਕਤ ਤੱਕ ਸੁਬਹ ਸ਼ਾਮਾ, ਸ਼ਾਮ ਕੀ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਰਖੀ ਕਹੇ ਜਿਸ ਵੇਲੇ ਮੈਂ ਰਾਮ ਦੇ ਗੁਟ ਨਾਲ ਗਈ ਛੂਹ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਮੈਨੂੰ ਇਉਂ ਦਿਸਿਆ ਜਿਉਂ ਹਾਜ਼ਰ ਹੋਇਆ ਵਸ਼ਿਸ਼ਟ ਗੁਰੂ, ਵਿਸ਼ਵ ਦਾ ਰੰਗ ਰੰਗਾਈਆ। ਉਸ ਨੇ ਮਿੱਠਾ ਲਾਇਆ ਰਾਮ ਦੇ ਮੂੰਹ, ਖ਼ੁਸ਼ੀਆਂ ਸਗਨ ਮਨਾਈਆ। ਰਾਮ ਨੂੰ ਰਾਮ ਰੂਪ ਸਮਝਿਆ ਹੂਬਹੂ, ਇਕੋ ਰਾਮ ਨਜ਼ਰੀ ਆਈਆ। ਫੇਰ ਕਿਹਾ ਤੂੰ ਹੀ ਤੂੰ, ਤੇਰੀ ਬੇਪ੍ਰਵਾਹੀਆ। ਝਟ ਨਜ਼ਰੀ ਆਇਆ ਧਰੂ, ਪ੍ਰਹਿਲਾਦ ਨਾਲ ਮਿਲਾਈਆ। ਫੇਰ ਹਨਵੰਤ ਨੇ ਆਪਣੇ ਸੀਨੇ ਦਾ ਪਾੜ ਕੇ ਖੂਹ, ਅੰਮ੍ਰਿਤ ਦਿਤਾ ਜਣਾਈਆ। ਫੇਰ ਵਖਾ ਕੇ ਬੇਗਾਨੀ ਜੂਹ, ਜੰਗਲਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਖੀ ਕਹੇ ਮੈਂ ਲੱਗੀ ਰਾਮ ਦੀ ਬਹੀਆ, ਖ਼ੁਸ਼ੀਆਂ ਢੋਲੇ ਗਾਈਆ। ਮੈਨੂੰ ਮਿਲਿਆ ਮੇਰਾ ਸਈਆ, ਸਾਹਿਬ ਅਗੰਮ ਅਥਾਹੀਆ। ਜਿਸ ਤਰੇਤੇ ਡੋਬਣੀ ਨਈਆ, ਦੁਆਪਰ ਧਾਰ ਬਣਾਈਆ। ਝਟ ਵਸ਼ਿਸ਼ਟ ਨੇ ਕਿਹਾ ਇਹ ਬਣੇ ਘਨਈਆ, ਘਨੀਸ਼ਾਮ ਰੂਪ ਬਦਲਾਈਆ। ਝਟ ਹਾਜਰ ਹੋਈ ਦੁਰਗਾ ਇਸ਼ਟ ਮਈਆ, ਇਸ਼ਾਰੇ ਨਾਲ ਸੁਣਾਈਆ। ਹਨਵੰਤ ਕਿਹਾ ਇਹ ਸਵਾਮੀ ਸਮੀਪਤ ਰਮਈਆ, ਮੇਰਾ ਮੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਖੀ ਕਹੇ ਝਟ ਆ ਗਿਆ ਬ੍ਰਾਹਮਣ ਇਕ ਨਾਥੀ, ਜਿਸ ਨੂੰ ਨਥੂ ਕਹਿ ਕੇ ਸਾਰੇ ਗਾਈਆ। ਉਨ ਰਖੀ ਫੜੀ ਹਾਥੀ, ਬਾਂਹ ਰਾਮ ਵੱਲ ਵਧਾਈਆ। ਵਾਹ
ਮੇਰੇ ਜਜਮਾਨ ਸਮਰਾਥੀ, ਦਰ ਤੇਰੇ ਵੱਜੇ ਵਧਾਈਆ। ਮੈਂ ਗ਼ਰੀਬ ਨਿਮਾਣਾ ਅਨਾਥੀ, ਤੂੰ ਨਾਥ ਅਨਾਥਾਂ ਹੋਏਂ ਸਹਾਈਆ। ਝਟ ਹਨਵੰਤ ਕਿਹਾ ਤੂੰ ਮੇਰੀ ਮੰਨ ਆਖੀ, ਸਹਿਜ ਨਾਲ ਸੁਣਾਈਆ। ਗ਼ੁੱਸਾ ਨਾ ਕਰੀਂ ਗੁਸਤਾਖ਼ੀ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਥੀ ਕਿਹਾ ਦੋਵੇਂ ਹੱਥ ਬੰਨ੍ਹ, ਬੰਦਨਾ ਸੀਸ ਨਿਵਾਈਆ। ਭਾਗ ਦਿਹਾੜਾ ਧੰਨ, ਧੰਨ ਵੱਜੇ ਵਧਾਈਆ। ਜੇ ਮੇਰੀ ਰਾਖੀ ਰਾਮ ਛੁਹਾਏ ਤਨ, ਮੇਰੇ ਤੰਦਵੇ ਵਾਂਗ ਤੰਦ ਕਟਾਈਆ। ਮੈਂ ਤੇਰਾ ਹੋਵਾਂ ਜਨ, ਜਨਮ ਦਾ ਲੇਖਾ ਰਹੇ ਨਾ ਰਾਈਆ। ਮੈਂ ਬ੍ਰਾਹਮਣ ਤੇਰਾ ਹੋਵਾਂ ਬ੍ਰਹਮ, ਜੋ ਬ੍ਰਾਹਮਣੀ ਲਿਆ ਜਾਈਆ। ਰਖੜੀ ਬੰਨ੍ਹਣਾ ਮੇਰਾ ਧਰਮ, ਇਹ ਰੀਤੀ ਪਿਛਲੀ ਚਲੀ ਆਈਆ। ਨਾਲੇ ਰੋਇਆ ਛੰਮ ਛੰਮ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਖੀ ਕਹੇ ਝਟ ਸੀਤਾ ਆ ਗਈ ਪਹਿਨ ਲਬਾਸ, ਬਸਤਰ ਭਿਕਸ਼ੂਆਂ ਵਾਲੇ ਪਾਈਆ। ਰਾਮ ਦੇ ਪਹੁੰਚੀ ਪਾਸ, ਬ੍ਰਾਹਮਣ ਵੱਲ ਤਕਾਈਆ। ਨਾਲੇ ਬਚਨ ਹੱਸ ਕੇ ਕਿਹਾ ਖ਼ਾਸ, ਸਹਿਜ ਨਾਲ ਸੁਣਾਈਆ। ਮੇਰੇ ਰਾਮ ਦਾ ਵੇਖ ਪ੍ਰਕਾਸ਼, ਜੋ ਮਾਲਕ ਧੁਰਦਰਗਾਹੀਆ। ਜੇ ਰਖੀ ਬੰਨ੍ਹਣੀ ਪਹਿਲੋਂ ਭਗਤ ਬਣ ਦਾਸ, ਦਾਸੀ ਹੋ ਕੇ ਸੇਵ ਕਮਾਈਆ। ਫੇਰ ਚਰਨ ਕਵਲ ਰਖ ਆਸ, ਆਸਾ ਜਗਤ ਵਾਲੀ ਤਜਾਈਆ। ਝਟ ਪਾਣੀ ਦਾ ਫੜ ਗਿਲਾਸ, ਵਿਚੋਂ ਰਾਮ ਰੂਪ ਰਹੀ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਆਪ ਕਮਾਈਆ। ਸੀਤਾ ਕਿਹਾ ਸੁਣ ਨਾਥੀ ਜਗਤ ਪਾਂਧੇ, ਪੰਡਤਾ ਦਿਆਂ ਜਣਾਈਆ। ਜਿਸ ਰਾਮ ਨੂੰ ਰਾਮ ਗਾਂਦੇ, ਉਹ ਰਾਮ ਬੇਪ੍ਰਵਾਹੀਆ। ਤੂੰ ਜਗਤ ਢੋਲੇ ਗਾਂਦੇ, ਸਿਫ਼ਤਾਂ ਨਾਲ ਸਲਾਹੀਆ। ਦੀਨ ਦੁਨੀ ਵਿਹਾਰ ਕਰਾਉਂਦੇ, ਬੰਧਨ ਬੰਧਨਾ ਵਾਲੇ ਰਖਾਈਆ। ਇਹ ਖੇਲ ਅਗੰਮ ਅਥਾਹ ਦੇ, ਅਗੰਮੀ ਕਾਰ ਕਮਾਈਆ। ਇਹ ਵਿਵਹਾਰ ਭੈਣ ਭਰਾ ਦੇ, ਭਈਆ ਭੈਣਾਂ ਸੰਗ ਬਣਾਈਆ। ਜਾਂ ਲੇਖੇ ਭਗਤ ਭਗਵਾਨ ਅਥਾਹ ਦੇ, ਦੂਜੀ ਵੰਡ ਨਾ ਕੋਇ ਵੰਡਾਈਆ। ਨਥੂ ਦੇ ਅੰਦਰੋਂ ਨਾਅਰੇ ਨਿਕਲੇ ਆਹ ਦੇ, ਕੂਕ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੀਤਾ ਕਿਹਾ ਨਾਥੀ ਰਾਮ ਦੇ ਚਰਨ ਦੀ ਲਾ ਧੂੜੀ, ਧੂੜੀ ਖ਼ਾਕ ਰਮਾਈਆ। ਪ੍ਰਭੂ ਦਾ ਭਗਤ ਬਣੀਂ ਨਾਲੇ ਜਨਮ ਦੀ ਬਣੀਂ ਕੁੜੀ, ਦੋਵੇਂ ਰੰਗ ਰੰਗਾਈਆ। ਤੇਰੀ ਆਸ਼ਾ ਫੇਰ ਕਦੇ ਨਾ ਥੁੜੀ, ਥੁੜਿਆ ਥੁੜਕਿਆ ਦਿਆਂ ਸਮਝਾਈਆ। ਚਰਨ ਪ੍ਰੀਤੀ ਦੇ ਵਿਚ ਜੁੜੀਂ, ਜੋੜਾ ਧੁਰ ਦੇ ਰਾਮ ਨਾਲ ਰਖਾਈਆ। ਤੇਰੀ ਆਸ਼ਾ ਨਾ ਹੋਵੇ ਨਿਗੁਰੀ, ਸਗਨ ਜਗਤ ਵਾਲਾ ਮਨਾਈਆ। ਨਾਲੇ ਇਸ਼ਾਰਾ ਕੀਤਾ ਉਹ ਲੇਖਾ ਤੱਕ ਅਨੰਦ ਪੁਰੀ, ਪੁਰੀ ਅਨੰਦ ਕੀ ਜਣਾਈਆ। ਜ਼ਿਮੀਂ ਤੱਕ ਲੈ ਜੋ ਫਿਰਦੀ ਉਤੇ ਅਗੰਮੀ ਧੁਰੀ, ਭੱਜੇ ਵਾਹੋ ਦਾਹੀਆ। ਰਾਮ ਦਾ ਨਾਮ ਤੱਕ ਲੈ ਬਣਿਆ ਛੁਰੀ, ਸ਼ਰਅ ਜਗਤ ਵਾਲੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਖੀ ਕਹੇ ਨਾਥੀ ਨਥੂ ਸੁਣਿਆ ਸੰਦੇਸ਼ਾ, ਚੁਪ ਚਾਪ ਧਿਆਨ ਲਗਾਈਆ। ਝਟ ਆ ਗਿਆ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਪੰਧ ਮੁਕਾਈਆ। ਇਸ਼ਾਰਾ ਕਰੇ ਗਣੇਸ਼ਾ, ਗਣਪਤ ਰੂਪ ਦ੍ਰਿੜਾਈਆ। ਉਹ ਕਲਜੁਗ ਤੱਕ ਲੈ ਭੇਸਾ, ਨਿਰਗੁਣ ਧਾਰ ਰੂਪ ਅਗੰਮ ਅਥਾਹੀਆ। ਜਿਸ ਦਾ ਲਹਿਣਾ ਦੇਣਾ ਪੈਗ਼ੰਬਰਾਂ ਮੁੱਲਾ
ਸ਼ੇਖ਼ਾ, ਸ਼ਰਅ ਜਗਤ ਖੋਜ ਖੁਜਾਈਆ। ਦੋ ਜਹਾਨਾਂ ਹੋਵੇ ਨੇਤਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਪਿਛਲਾ ਰਖੇ ਚੇਤਾ, ਚੇਤਨ ਭੁਲ ਕਦੇ ਨਾ ਜਾਈਆ। ਤੇਰੀ ਆਤਮ ਧਾਰ ਕਰੇ ਹੇਤਾ, ਪਰਮਾਤਮ ਮੇਲ ਮਿਲਾਈਆ। ਤੇਰੀ ਝੋਲੀ ਪਾਏ ਲੇਖਾ, ਅਗਲਾ ਲੇਖ ਸਮਝਾਈਆ। ਜਿਸ ਦਾ ਰੂਪ ਦਸ ਦਸਮੇਸ਼ਾ, ਜੋਤੀ ਜਾਤਾ ਡਗਮਗਾਈਆ। ਉਹ ਸਵਾਮੀ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਈਆ। ਵਸੇ ਸੰਬਲ ਦੇਸਾ, ਸਚ ਘਰ ਸੋਭਾ ਪਾਈਆ। ਤੇਰੀ ਕਬੂਲ ਕਰੇ ਭੇਟਾ, ਭਾਵਨਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਝਟ ਨਾਥੀ ਖ਼ੁਸ਼ੀਆਂ ਦੇ ਵਿਚ ਮੰਨਿਆ, ਸੀਤਾ ਰਾਮ ਸੀਸ ਨਿਵਾਈਆ। ਸੀਤਾ ਹੱਸ ਕੇ ਕਿਹਾ ਤੇਰਾ ਰੂਪ ਜ਼ਰੂਰ ਹੋਵੇਗਾ ਕੰਨਿਆ, ਕੰਨ ਵਿਚ ਦਿਤਾ ਸੁਣਾਈਆ। ਲਹਿਣਾ ਦੇਣਾ ਹੋਵੇ ਧੰਨ ਧੰਨਿਆ, ਧੰਨ ਹੋਵੇ ਜਣੇਂਦੀ ਮਾਈਆ। ਗੜ੍ਹ ਹੰਕਾਰੀ ਹੋਵੇ ਭੰਨਿਆ, ਆਤਮ ਬ੍ਰਹਮ ਸਮਝਾਈਆ। ਗ੍ਰਹਿ ਮੰਦਰ ਛਡ ਦੇ ਛੱਪਰ ਛੰਨਿਆ, ਜੰਗਲ ਜੂਹਾਂ ਵੇਖ ਵਖਾਈਆ। ਵਕਤ ਸੁਹਾਵੇ ਆਪਣਾ ਸਮਿਆਂ, ਸਮੇਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਰਖੀ ਕਹੇ ਖ਼ੁਸ਼ੀਆਂ ਵਿਚ ਮੇਘਾ ਬਰਸੇ ਇੰਦਰ, ਇੰਦਰ ਇੰਦਰਾਸ ਖ਼ੁਸ਼ੀ ਬਣਾਈਆ। ਸਹੰਸਰ ਮੁਖ ਗਾਏ ਫੁਨਿੰਦਰ, ਸ਼ੇਸ਼ਾ ਵਡ ਵਡਿਆਈਆ। ਨਾਥੂ ਦਾ ਰੂਪ ਦਰਸਾ ਜੁਗਿੰਦਰ, ਜੋਗ ਜੁਗਤ ਦਿਤੀ ਬਣਾਈਆ। ਪੂਰਬ ਲੇਖਾ ਤੋੜ ਕੇ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਰਖੀ ਕਹੇ ਮੈਂ ਰਾਮ ਦੀ ਧਾਰ ਰਾਮ ਦੀ ਰਾਮ ਲਾਲ ਗਈ ਬੱਝ, ਸੋਹਣਾ ਰੂਪ ਬਣਾਈਆ। ਮੇਰਾ ਲੇਖਾ ਪੂਰਾ ਹੋਇਆ ਅੱਜ, ਤਰੇਤਾ ਦੁਆਪਰ ਕਲਜੁਗ ਬੈਠੀ ਅੱਖ ਉਠਾਈਆ। ਇਹ ਸਗਨ ਨਹੀਂ ਕੋਈ ਜਗ, ਜੁਗਤ ਜਗਤ ਵਾਲੀ ਬਣਾਈਆ। ਚਾਰੋਂ ਕੁੰਟ ਲਗਣੀ ਅੱਗ, ਗਾਨਿਆਂ ਵਾਲੇ ਰੋਵਣ ਮਾਰਨ ਧਾਹੀਆ। ਧੀਰਜ ਸਕੇ ਕਿਸੇ ਨਾ ਬੱਝ, ਸਬੂਰੀ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ। ਰਖੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਤਿਵਹਾਰ, ਨਿਵ ਨਿਵ ਸੀਸ ਨਿਵਾਈਆ। ਮੈਂ ਸਭ ਦਾ ਵੇਖਾਂ ਪਿਆਰ, ਭੈਣ ਭਈਆ ਖੋਜ ਖੁਜਾਈਆ। ਚਾਰੋਂ ਕੁੰਟ ਹੋਇਆ ਅੰਧਿਆਰ, ਅੰਧ ਅਗਿਆਨ ਨਾ ਕੋਇ ਚੁਕਾਈਆ। ਮੇਰੀ ਆਸ਼ਾ ਹੋਈ ਸ਼ਰਮਸਾਰ, ਨੈਣਾਂ ਨੀਰ ਵਹਾਈਆ। ਬਿਨਾ ਭਗਤਾਂ ਤੋਂ ਪ੍ਰਭੂ ਦਾ ਰਿਹਾ ਨਾ ਕਿਸੇ ਪਿਆਰ, ਪ੍ਰੇਮ ਵਿਚ ਨਾ ਕੋਇ ਸਮਾਈਆ। ਜਗਤ ਬੰਧਨ ਹੋਏ ਦੁਖਿਆਰ, ਨਾਤਾ ਕੂੜ ਦਿਸੇ ਲੋਕਾਈਆ। ਮੈਂ ਖ਼ੁਸ਼ੀਆਂ ਵਿਚ ਬੋਲਾਂ ਇਕ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਚ ਸੰਦੇਸਾ ਦੇਵਾਂ ਆਪਣੀ ਵਾਰ, ਵਾਰਤਾ ਪਿਛਲੀ ਨਾਲ ਮਿਲਾਈਆ। ਹਨਵੰਤ ਦੀ ਰਖੜੀ ਦਾ ਰੱਖਿਆ ਵਾਲਾ ਤਿਉਹਾਰ, ਦੂਸਰ ਵੰਡ ਨਾ ਕੋਇ ਵੰਡਾਈਆ। ਜਿਸ ਰਾਮ ਨੇ ਰਾਵਣ ਦਿਤਾ ਸੰਘਾਰ, ਦੈਤਾਂ ਕੀਤੀ ਸਫ਼ਾਈਆ। ਉਹ ਭਗਤਾਂ ਬਖ਼ਸ਼ੇ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਕਲ ਕਲਕੀ ਲਏ ਅਵਤਾਰ, ਅੰਤ ਹੋਏ ਆਪ ਸਹਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਅਗੰਮ ਅਥਾਹੀਆ। ਸੋ ਭਗਤਾਂ ਪੈਜ ਰਿਹਾ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਭ ਦੇ ਬੇੜੇ ਲਾਵੇ ਪਾਰ, ਚੁਰਾਸੀ ਵਿਚ ਨਾ ਕੋਇ ਭਵਾਈਆ। ਲਹਿਣਾ ਦੇਣਾ ਦੇਵੇ
ਕਰਜ਼ ਉਤਾਰ, ਪੂਰਬ ਲੇਖਾ ਲੇਖੇ ਪਾਈਆ। ਰਖੀ ਕਹੇ ਮੇਰੀ ਓਸ ਨੂੰ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਅਪਣਾ ਰੰਗ ਰੰਗਾਈਆ। ਸੀਤਾ, ਏ ਰਾਮ ਰਖੀ ਕਿਹੜੀ ਧਾਰ, ਰਖੜੀ ਕੀ ਵਡਿਆਈਆ। ਓਧਰੋਂ ਝਟ ਸ਼ਤਰੀ ਜੀਦੂ ਖੇਡਦਾ ਆਇਆ ਸ਼ਿਕਾਰ, ਭੱਜਿਆ ਵਾਹ ਦਾਹੀਆ। ਨੇੜੇ ਪੁਜ ਕੇ ਪਹਿਲੋਂ ਸੀਤਾ ਨੂੰ ਕੀਤੀ ਨਿਮਸਕਾਰ, ਫੇਰ ਰਾਮ ਵੱਲ ਤਕਾਈਆ। ਹਨਵੰਤ ਨੂੰ ਗ਼ੁੱਸਾ ਚੜ੍ਹਿਆ ਉਨ ਕੂਕ ਕਿਹਾ ਪੁਕਾਰ, ਕਿਉਂ ਮੇਰਾ ਭਗਵਨ ਦਿਤਾ ਭੁਲਾਈਆ। ਇਹ ਰਾਮ ਮੇਰੀ ਸਰਕਾਰ, ਰਾਜਨ ਰਾਜ ਇਕ ਅਖਵਾਈਆ। ਕੀ ਹੋਇਆ ਜੇ ਅਯੁਧਿਆ ਤੋਂ ਆਇਆ ਬਾਹਰ, ਜੰਗਲਾਂ ਵਿਚ ਫੇਰਾ ਪਾਈਆ। ਸੀਤਾ ਏਸ ਦੀ ਨਾਰ, ਪਤ ਪਤਨੀ ਰੂਪ ਬਦਲਾਈਆ। ਉਹ ਬੋਲਿਆ ਨਾਲ ਹੰਕਾਰ, ਗ਼ੁੱਸੇ ਵਿਚ ਜਣਾਈਆ। ਮੈਂ ਆਪਣੀ ਮਰਜੀ ਦਾ ਮੁਖ਼ਤਿਆਰ, ਜਿਸ ਨੂੰ ਚਾਹਾਂ ਸੀਸ ਨਿਵਾਈਆ। ਹਨਵੰਤ ਫੇਰ ਕਿਹਾ ਲਲਕਾਰ, ਜ਼ੋਰ ਨਾਲ ਸੁਣਾਈਆ। ਮੇਰਾ ਦਿਲ ਚਾਹੁੰਦਾ ਤੈਨੂੰ ਹੁਣੇ ਦੇਵਾਂ ਮਾਰ, ਗੁਰਜ ਤੇਰੇ ਸੀਸ ਟਿਕਾਈਆ। ਝਟ ਰਾਮ ਨੇ ਪ੍ਰੇਮ ਨਾਲ ਕਿਹਾ ਪੁਕਾਰ, ਹਨਵੰਤ ਦਿਤਾ ਦ੍ਰਿੜਾਈਆ। ਇਹ ਮੇਰਾ ਖੇਲ ਅਪਾਰ, ਜੋ ਹਰ ਹਿਰਦੇ ਵਿਚ ਸਮਾਈਆ। ਤੂੰ ਝਗੜਾ ਨਾ ਕਰ ਤਕਰਾਰ, ਗ਼ੁੱਸਾ ਨਾ ਕੋਇ ਰਖਾਈਆ। ਫੇਰ ਹਨਵੰਤ ਕਿਹਾ ਇਸ ਪਹਿਲੋਂ ਸੀਤਾ ਦਿਤਾ ਅਧਿਕਾਰ, ਤੇਰਾ ਮਾਣ ਗਵਾਈਆ। ਮੈਂ ਵੀ ਭਗਤ ਤੇਰੇ ਚਰਨ ਕਰਾਂ ਨਿਮਸਕਾਰ, ਦਰ ਤੇਰੇ ਸੀਸ ਨਿਵਾਈਆ। ਮੇਰੀ ਬੇਨੰਤੀ ਮਨਜ਼ੂਰ ਕਰੀਂ ਸਰਕਾਰ, ਮੇਰੇ ਰਾਮ ਰਾਮ ਦੁਹਾਈਆ। ਮੈਂ ਚਾਹੁੰਦਾ ਜਦ ਇਹ ਫੇਰ ਮਿਲੇ ਤੈਨੂੰ ਇਹਦਾ ਇਸਤਰੀ ਰੂਪ ਹੋਵੇ ਵਿਚ ਸੰਸਾਰ, ਆਪਣਾ ਜਨਮ ਆਪ ਬਦਲਾਈਆ। ਰਾਮ ਨੇ ਹੱਸ ਕੇ ਕਿਹਾ ਇਹ ਕੀ ਮਾਰਿਆ ਤੀਰ ਅਣਿਆਲ, ਅਣਿਆਲਾ ਦਿਤਾ ਚਲਾਈਆ। ਨਾਲੇ ਰਾਮ ਨੇ ਹੱਸ ਕੇ ਕਿਹਾ ਤੇਰਾ ਲੇਖਾ ਜ਼ਰੂਰ ਪੂਰਾ ਹੋਵੇਗਾ ਇਹ ਮੇਰਾ ਇਕਰਾਰ, ਭੁਲ ਰਹੇ ਨਾ ਰਾਈਆ। ਪਰ ਤੇਰੇ ਬਚਨ ਦਾ ਸਦਕਾ ਮੈਨੂੰ ਇਹਦਾ ਰਖਣਾ ਪਏਗਾ ਅਧਿਕਾਰ, ਗ੍ਰਹਿ ਆਪਣੇ ਰੰਗ ਰੰਗਾਈਆ। ਉਹ ਪੂਰਬ ਲੇਖਾ ਬਲਵਿੰਦਰ ਨੇ ਜਨਮ ਲਿਆ ਤਰੇਤਾ ਦੁਆਪਰ ਕਲਜੁਗ ਅੰਤਮ ਦੂਜੀ ਵਾਰ, ਤ੍ਰੈ ਜੁਗ ਚੁਰਾਸੀ ਵਿਚ ਕਦੇ ਨਾ ਆਈਆ। ਜਿਸ ਦਾ ਲਹਿਣਾ ਦੇਣਾ ਲੇਖਾ ਅਗੰਮ ਅਪਾਰ, ਲੇਖੇ ਵਿਚ ਦ੍ਰਿੜਾਈਆ। ਜੁਗਿੰਦਰ ਸਿੰਘ ਪਿਸ਼ੌਰਾ ਸਿੰਘ ਇਸ ਸ਼ਿਕਾਰੀ ਦੇ ਸੀ ਨਾਲ, ਸਾਥੀ ਹੋ ਕੇ ਸੰਗ ਬਣਾਈਆ। ਇਨ੍ਹਾਂ ਵੱਲ ਸਭ ਨੇ ਨਿਗਾਹ ਕੀਤੀ ਏਕਾ ਵਾਰ, ਵਸ਼ਿਸ਼ਟ ਰਾਮ ਹਨਵੰਤ ਧਿਆਨ ਲਗਾਈਆ। ਨਾਲੇ ਤਾਲੀ ਮਾਰ ਕੇ ਕਿਹਾ ਇਹ ਲਹਿਣਾ ਦੇਣਾ ਕਲਜੁਗ ਅੰਤਮ ਵਾਰ, ਕਲ ਕਲਕੀ ਲੇਖਾ ਪੂਰ ਕਰਾਈਆ। ਸੋ ਵਕਤ ਸੁਹੰਜਣਾ ਪਹੁੰਚਿਆ ਆਣ, ਸਭ ਦੀ ਤ੍ਰਿਪਤ ਨਾਲ ਤ੍ਰਿਖਾ ਦਿਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਸੁਰਤ ਰਿਹਾ ਸੰਭਾਲ, ਸੰਬਲ ਬਹਿ ਕੇ ਆਪਣੀ ਦਇਆ ਕਮਾਈਆ।
੨੮ ਸਾਵਣ ਸ਼ਹਿਸ਼ਾਹੀ ਸੰਮਤ ਨੌ ਜਬਲਪੁਰ ਗੁਰਦਾਸ ਸਿੰਘ ਦੇ ਗ੍ਰਹਿ
ਧਰਨੀ ਕਹੇ ਕਲਜੁਗ ਹੋਇਆ ਹਕਾ ਬੱਕਾ, ਹੈਰਾਨੀ ਵਿਚ ਚਾਰੋਂ ਕੁੰਟ ਧਿਆਨ ਲਗਾਈਆ। ਕੀ ਪ੍ਰਭੂ ਦਾ ਕੌਲ ਇਕਰਾਰ ਵਾਅਦਾ ਪੱਕਾ,
ਪਰਮ ਪੁਰਖ ਆਪਣਾ ਸੁਖਨ ਤੋੜ ਨਿਭਾਈਆ। ਵਾਹਿਦ ਹੁਕਮ ਦੇਵੇ ਲਾਸ਼ਰੀਕ ਯਕਾ, ਏਕੰਕਾਰ ਆਪਣੀ ਕਾਰ ਭੁਗਤਾਈਆ। ਮੈਂ ਚਾਰੋਂ ਕੁੰਟ ਬਿਨ ਨੇਤਰ ਅੱਖ ਤੱਕਾ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਮੇਰੇ ਅੰਤਰ ਨਿਰੰਤਰ ਇਕੋ ਆਈ ਸ਼ੰਕਾ, ਸ਼ੱਕ ਦਿਆਂ ਸੁਣਾਈਆ। ਮੇਰੇ ਸਾਹਿਬ ਨੇ ਰਾਓ ਝਗੜਾ ਕਰਨਾ ਨਾਲ ਰੰਕਾ, ਰੰਕ ਰਾਜਾਨ ਸਰਬ ਕੁਰਲਾਈਆ। ਪਵਿਤ੍ਰ ਰਹਿਣਾ ਨਹੀਂ ਕੋਈ ਦਵਾਰ ਬੰਕਾ, ਧਰਨੀ ਗੜ੍ਹ ਨਾ ਕੋਇ ਵਡਿਆਈਆ। ਲਹਿਣਾ ਦੇਣਾ ਪੂਰਾ ਕਰਨਾ ਰਾਜੇ ਜਨਕਾ, ਅਯੁਧਿਆ ਵਾਸੀ ਰਾਮ ਦਏ ਦੁਹਾਈਆ। ਨਿਸ਼ਾਨ ਮਿਟਣਾ ਅੰਤਮ ਤਾਰੇ ਚੰਨ ਕਾ, ਮੁਹੰਮਦ ਬੈਠਾ ਅੱਖ ਉਠਾਈਆ। ਬੁਰਜ ਢਹਿਣਾ ਹੰਕਾਰੀ ਮਨ ਕਾ, ਮਨਸਾ ਕੂੜ ਰਹੇ ਨਾ ਰਾਈਆ। ਝਗੜਾ ਵੇਖਣਾ ਕਾਇਆ ਮਾਟੀ ਤਨ ਕਾ, ਤਤਾਂ ਖੋਜ ਖੁਜਾਈਆ। ਕਲਜੁਗ ਕਹੇ ਮੇਰਾ ਨੇਤਰ ਨੈਣ ਨਹੀਂ ਕੋਈ ਸ਼ਰਮ ਕਾ, ਹਯਾ ਦਿਤਾ ਗਵਾਈਆ। ਬਿਨ ਭਗਤਾਂ ਤੋਂ ਪਿਆਰਾ ਰਹਿਣ ਦੇਣਾ ਨਹੀਂ ਕੋਈ ਬ੍ਰਹਮ ਕਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਲੇਖਾ ਰਹਿਣ ਦੇਣਾ ਨਹੀਂ ਕੋਈ ਧਰਮ ਕਾ, ਧਰਨੀ ਧਰਤ ਧੌਲ ਨਾ ਕੋਇ ਵਡਿਆਈਆ। ਜਗਤ ਨਾਤਾ ਤੋੜਨਾ ਪ੍ਰਭ ਸ਼ਰਨਾਈ ਚਰਨ ਕਾ, ਚਰਨੋਦਕ ਮੁਖ ਨਾ ਕੋਇ ਚੁਆਈਆ। ਨੇਤਰ ਖੁਲ੍ਹਣ ਦੇਣਾ ਨਹੀਂ ਕੋਈ ਹਰਨ ਫਰਨ ਕਾ, ਨਿਜ ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਸਹਾਰਾ ਮਿਲਣਾ ਨਹੀਂ ਕਿਸੇ ਪ੍ਰਭੂ ਦੀ ਸ਼ਰਨ ਕਾ, ਸ਼ਰਨਗਤ ਨਾ ਕੋਇ ਜਣਾਈਆ। ਵਕਤ ਸੁਹੰਜਣਾ ਹੋਵੇ ਨਾ ਆਤਮ ਪਰਮਾਤਮ ਢੋਲਾ ਪੜ੍ਹਨ ਕਾ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਘਰ ਮਿਲੇ ਨਾ ਮੰਜ਼ਲ ਚੜ੍ਹਨ ਕਾ, ਨੌ ਦਰ ਕਾ ਡੇਰਾ ਢਾਹੀਆ। ਜਗਤ ਜਹਾਨ ਵਕਤ ਹੋਣਾ ਅਗਨੀ ਸੜਨ ਕਾ, ਕਲਜੁਗ ਕਹੇ ਮੈਂ ਚਾਰੋਂ ਕੁੰਟ ਧਿਆਨ ਲਗਾਈਆ। ਪਿਆਰ ਰਹਿਣਾ ਨਹੀਂ ਵਰਨ ਬਰਨ ਕਾ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਸਰਬ ਕੁਰਲਾਈਆ। ਵਕਤ ਆ ਗਿਆ ਦੀਨਾਂ ਮਜ਼੍ਹਬਾਂ ਲੜਨ ਕਾ, ਹਿੰਦੂ ਮੁਸਲਿਮ ਸਿਖ ਈਸਾਈ ਬਚਿਆ ਰਹਿਣ ਕੋਇ ਨਾ ਪਾਈਆ। ਇਹ ਖੇਲ ਪ੍ਰਭੂ ਘਾੜਨ ਘੜਨ ਦਾ, ਘੜਨ ਭੰਨਣਹਾਰ ਆਪਣੀ ਕਲ ਵਰਤਾਈਆ। ਜਿਸ ਲੇਖ ਮੁਕਾਉਣਾ ਚੋਟੀ ਚੜ੍ਹਨ ਕਾ, ਚੇਤਨ ਪਰਦਾ ਦਏ ਉਠਾਈਆ। ਹੰਕਾਰ ਮੇਟਣਾ ਹਉਮੇ ਵਾਲੇ ਗੜ੍ਹਨ ਕਾ, ਹੰਗਤਾ ਕੂੜੀ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਮੇਰੇ ਅੰਤਰ ਆਈ ਦਿਲਗੀਰੀ, ਦਲਿੱਦ੍ਰੀਆਂ ਦਿਆਂ ਜਣਾਈਆ। ਬਹੁੜੀ ਮੇਰਾ ਵਕਤ ਅਖ਼ੀਰੀ, ਆਖ਼ਰ ਦਿਤਾ ਸਮਝਾਈਆ। ਮਾਲਕ ਤੱਕ ਲਓ ਮੀਰੀ ਪੀਰੀ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਅੱਖ ਉਠਾਈਆ। ਜਿਸ ਦੀ ਖੇਲ ਬੇਨਜ਼ੀਰੀ, ਜਗ ਨੇਤਰ ਦਰਸ ਕੋਇ ਨਾ ਪਾਈਆ। ਉਹ ਆ ਗਿਆ ਤਕਦੀਰੀ, ਤਕਦੀਰਾਂ ਦਾ ਮਾਲਕ ਨੂਰ ਅਲਾਹੀਆ। ਜਿਸ ਸ਼ਰਅ ਤੋੜਨੀ ਜ਼ੰਜੀਰੀ, ਸ਼ਰੀਅਤ ਲੇਖਾ ਦਏ ਮੁਕਾਈਆ। ਆਸ਼ਾ ਪੂਰੀ ਕਰੇ ਭਗਤ ਕਬੀਰੀ, ਕਾਅਬਿਆਂ ਪਰੇ ਧਿਆਨ ਲਗਾਈਆ। ਓਹ ਜਨ ਭਗਤਾਂ ਮੇਟੇ ਅੰਤ ਦਿਲਗੀਰੀ, ਚਿੰਤਾ ਗ਼ਮ ਨਾ ਕੋਇ ਸਤਾਈਆ। ਇਕੋ ਰੰਗ ਰੰਗਾਏ ਸ਼ਾਹ ਹਕੀਰੀ, ਊਚਾਂ ਨੀਚਾਂ ਡੇਰਾ ਢਾਹੀਆ। ਸਤਿਜੁਗ ਸਚ ਦੱਸ ਤਦਬੀਰੀ, ਤਰੀਕਾ ਇਕੋ ਨਾਮ ਸਮਝਾਈਆ। ਬਸਤਰ ਨਾਮ ਦੇ ਕੇ ਚੀਰੀ, ਚਿਰੀ ਵਿਛੁੰਨੇ ਲਏ ਮਿਲਾਈਆ। ਜੋ ਲੇਖਾ ਜਾਣੇ ਰਵਿਦਾਸ ਕਸੀਰੀ, ਗੰਗਾ ਗੰਗੋਤਰੀ ਲਏ ਅੰਗੜਾਈਆ। ਉਹ ਨਾਮ ਖੰਡਾ ਫੜ ਸ਼ਮਸ਼ੀਰੀ, ਚਾਰੋਂ ਕੁਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਮੇਰੇ ਅੰਤਰ ਆਇਆ ਦੁੱਖ, ਦੁਖੀਆਂ ਦਿਆਂ ਸੁਣਾਈਆ। ਮੈਂ ਕੋਈ ਮਾਨਸ ਨਹੀਂ ਮਨੁੱਖ, ਤਤਾਂ ਰੰਗ ਨਾ ਕੋਇ ਰੰਗਾਈਆ। ਉਲਟਾ ਗਰਭ ਨਾ ਹੋਇਆ ਰੁੱਖ, ਅਗਨੀ ਤਤ ਨਾ ਕੋਇ ਤਪਾਈਆ। ਮੈਂ ਨੂਰ ਨੁਰਾਨਾ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬ੍ਰਹਮ ਮੇਰੀ ਬਣਤ ਦਿਤੀ ਬਣਾਈਆ। ਮੈਂ ਆਪਣੀ ਸੁਹਾਵਣ ਆਇਆ ਰੁਤ, ਰੁਤੜੀ ਕੂੜ ਨਾਲ ਮਹਿਕਾਈਆ। ਪਵਿਤ੍ਰ ਰਹਿਣ ਦੇਣਾ ਨਹੀਂ ਕੋਈ ਬੁਤ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਅਪਰਾਧੀ ਕਰਨੇ ਸਾਰੇ ਸੁਤ, ਜਨਣੀ ਮਿਲੇ ਨਾ ਕਿਸੇ ਵਡਿਆਈਆ। ਪੰਜ ਵਿਕਾਰੇ ਸਭ ਨੂੰ ਦੇਣਾ ਕੁੱਟ, ਕਾਇਆ ਕੁਟੀਆ ਸਾਫ਼ ਨਾ ਕੋਇ ਕਰਾਈਆ। ਮੈਂ ਘਰ ਘਰ ਪਾਉਣੀ ਲੁੱਟ, ਲੁਟੇਰਾ ਹੋ ਕੇ ਭੱਜਾਂ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਪਾਉਣੀ ਫੁੱਟ, ਫੁਟਕਲ ਹੋਏ ਲੋਕਾਈਆ। ਰੰਕ ਰਾਜਾਨਾਂ ਨਾਤਾ ਜਾਣਾ ਟੁੱਟ, ਰਾਓ ਰੰਕਾਂ ਸੰਗ ਨਾ ਕੋਇ ਬਣਾਈਆ। ਸਭ ਦੇ ਭਾਗ ਜਾਣੇ ਨਿਖੁੱਟ, ਸਿਰ ਹੱਥ ਨਾ ਕੋਇ ਟਿਕਾਈਆ। ਅੰਮ੍ਰਿਤ ਮਿਲੇ ਕਿਸੇ ਨਾ ਘੁਟ, ਬੂੰਦ ਸਵਾਂਤੀ ਨਾ ਕੋਇ ਚੁਆਈਆ। ਆਤਮ ਪਰਮਾਤਮ ਨਾਤਾ ਰਿਹਾ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਬਿਨ ਭਗਤਾਂ ਪ੍ਰਭ ਦੀ ਰਹੇ ਕਿਸੇ ਨਾ ਓਟ, ਓੜਕ ਇਸ਼ਟ ਦੀਨ ਦੁਨੀ ਗਵਾਈਆ। ਮੈਂ ਕੂੜ ਨਗਾਰੇ ਲਗਾਵਣ ਲੱਗਾ ਚੋਟ, ਚੋਟੀ ਚੜ੍ਹ ਕੇ ਦਿਆਂ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਭਰਨਾ ਖੋਟ, ਸਚ ਧਰਮ ਬਾਹਰ ਕਢਾਈਆ। ਦਰਸ਼ਨ ਪਾ ਸਕੇ ਨਾ ਕੋਇ ਨਿਰਮਲ ਜੋਤ, ਜੋਤੀ ਜਾਤਾ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਸੁਣਾਵੇ ਅਗੰਮ ਸਲੋਕ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਨਿਰਗੁਣ ਆਪੇ ਸੋਚੇ ਸੋਚ, ਜਗਤ ਸਮਝ ਦੀ ਲੋੜ ਰਹੇ ਨਾ ਰਾਈਆ।
੨੮ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਜਬਲਪੁਰ ਮਹਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕਲਜੁਗ ਕੂੜਾ, ਕੁਕਰਮ ਰਹਿਣ ਕੋਇ ਨਾ ਪਾਈਆ। ਆਪਣੇ ਨਾਮ ਦਾ ਚਾੜ੍ਹ ਦੇ ਰੰਗ ਗੂੜ੍ਹਾ, ਲਾਲ ਗੁਲਾਲਾ ਆਪ ਰੰਗਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹਾ, ਦੁਰਮਤ ਮੈਲ ਧਵਾਈਆ। ਚਰਨ ਪ੍ਰੀਤੀ ਸਚ ਬਖ਼ਸ਼ ਦੇ ਧੂੜਾ, ਧੂੜੀ ਮਸਤਕ ਖ਼ਾਕ ਰਮਾਈਆ। ਸਾਚੇ ਨਾਮ ਸ਼ਬਦ ਦੀ ਦੇ ਦੇ ਤੂਰਾ, ਅਨਾਦੀ ਧੁਨ ਸੁਣਾਈਆ। ਜੋਤੀ ਬਖ਼ਸ਼ ਦੇ ਨੂਰਾ, ਨਿਰਮਲ ਜੋਤ ਕਰ ਰੁਸ਼ਨਾਈਆ। ਹਰ ਘਟ ਅੰਦਰ ਹੋਣਾ ਹਾਜ਼ਰ ਹਜ਼ੂਰਾ, ਤਨ ਮੰਦਰ ਸੋਭਾ ਪਾਈਆ। ਸਭ ਦਾ ਬਚਨ ਕਰਨਾ ਪੂਰਾ, ਪੂਰਨ ਸਤਿਗੁਰ ਦਇਆ ਕਮਾਈਆ। ਜਨਮ ਕਰਮ ਦਾ ਬਖ਼ਸ਼ ਕਸੂਰਾ, ਭਾਂਡਾ ਭਰਮ ਭਰਮ ਭੰਨਾਈਆ। ਪੰਧ ਮੁਕਾ ਕੇ ਨੇੜ ਦੂਰਾ, ਘਟ ਭੀਤਰ ਹੋਣਾ ਆਪ ਸਹਾਈਆ। ਇਕੋ ਪ੍ਰੇਮ ਦਾ ਬਖ਼ਸ਼ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਧਰਨੀ ਕਹੇ ਮੇਰੇ ਅਗੰਮੇ ਰਾਮ ਹਰ ਘਟ ਰਮਈਆ, ਸੀਸ ਨਿਵਾਈਆ। ਮੇਰੇ ਸਾਵਲ ਸੁੰਦਰ ਸ਼ਾਮ ਘਨਈਆ, ਮੁਕੰਦ ਮਨੋਹਰ ਲਖਮੀ
ਨਰਾਇਣ ਤੇਰੀ ਬੇਪਰਵਾਹੀਆ। ਮੇਰੇ ਅਮਾਮ ਅਮਾਮਾ ਨੂਰ ਅਲਹੀਆ। ਪਰਵਰਦਿਗਾਰ ਤੇਰੀ ਬੇਪਰਵਾਹੀਆ। ਮੇਰੇ ਸਤਿਨਾਮ ਦਾ ਸਤਿ ਡੰਕ ਵਜਈਆ, ਗੋਬਿੰਦ ਰੰਗ ਰੰਗੀਲਾ ਇਕੋ ਨਜ਼ਰੀ ਆਈਆ। ਕਿਰਪਾ ਕਰ ਦੇ ਸਾਚੇ ਸਈਆ, ਸਜਨੂਆਂ ਆਪਣੀ ਦਇਆ ਕਮਾਈਆ। ਲਖ ਚੁਰਾਸੀ ਸਖ਼ੀਆਂ ਫੜ ਲੈ ਬਹੀਆ, ਬਾਹੂ ਆਪਣਾ ਆਪ ਉਠਾਈਆ। ਸਾਚੇ ਨਾਮ ਚਲਾ ਦੇ ਨਈਆ, ਨੌਕਾ ਇਕ ਵਖਾਈਆ। ਲੇਖਾ ਪੂਰਾ ਕਰ ਦੇ ਆਦਿ ਸ਼ਕਤ ਦੁਰਗਾ ਅਸ਼ਟਭੁਜ ਮਈਆ, ਮਾਹਬਲੀ ਤੇਰੀ ਵਡਿਆਈਆ। ਦੀਨ ਦੁਨੀ ਨਾਤਾ ਜੋੜ ਦੇ ਭੈਣਾਂ ਭਈਆ, ਚਾਰ ਵਰਨ ਇਕ ਸਮਝਾਈਆ। ਤੂੰ ਸਵਾਮੀ ਸਦਾ ਗੁਸਈਂਆ, ਗਹਿਰ ਗਵਰ ਇਕ ਅਖਵਾਈਆ। ਕਲਜੁਗ ਕੂੜਾ ਮੇਟ ਰਵੱਈਆ, ਰਵਾਦਾਰ ਨਾ ਕੋਇ ਅਖਵਾਈਆ। ਸਤਿਜੁਗ ਸਤਿ ਧਰਮ ਹੋ ਪ੍ਰਗਟਈਆ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਲੇਖੇ ਲਾ ਲੈ ਗੋਬਿੰਦ ਵਾਲਾ ਢਈਆ, ਢਾਈ ਸਤਰਾਂ ਬਿਧਨਾ ਵਾਲੀਆਂ ਵੇਖ ਵਖਾਈਆ। ਮੁਹੰਮਦ ਚੌਦਾਂ ਸਦੀਆਂ ਲੇਖਾ ਰਿਹਾ ਵਖਈਆ, ਬਿਨਾ ਹਰਫ਼ ਹਰੂਫ਼ ਅਲਫ਼ ਯੇ ਉਠਾਈਆ। ਹਜ਼ਰਤ ਈਸਾ ਵੀਹਵੀਂ ਸਦੀ ਪਾਏ ਆਪਣੀ ਸਈਆ, ਵੀਹਵੀਂ ਸਦੀ ਮਿਲ ਕੇ ਵੱਜੇ ਵਧਾਈਆ। ਤੂੰ ਬੇਪਰਵਾਹ ਬੇਅੰਤ ਅਖਵਈਆ, ਅੱਖਰਾਂ ਤੋਂ ਬਾਹਰ ਤੇਰੀ ਵਡਿਆਈਆ। ਚਾਰ ਜੁਗ ਦੇ ਸ਼ਾਸਤਰ ਜਿਸ ਦੇ ਬਣੇ ਗਵਈਆ, ਗਾ ਗਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਪ੍ਰਭੂ ਅਗੰਮੇ ਨਾਥ, ਤ੍ਰੈਲੋਕੀ ਸਲੋਕੀ ਇਕ ਸੁਣਾਈਆ। ਮੈਂ ਨਿਵ ਨਿਵ ਮਸਤਕ ਟੇਕਾਂ ਧੂੜੀ ਰਮਾਵਾਂ ਮਾਥ, ਚਰਨ ਕਵਲ ਕਵਲ ਵਡਿਆਈਆ। ਤੇਰਾ ਸਤਿ ਸਰੂਪੀ ਸ਼ਾਹੋ ਭੂਪੀ ਵੇਖਾਂ ਰਾਥ, ਰਥਵਾਹੀ ਆਪਣੀ ਲੈ ਅੰਗੜਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਕਹਿ ਕੇ ਗਿਆ ਰਾਮ ਬੇਟਾ ਦਸਰਾਥ, ਦਹਿ ਦਿਸ਼ਾ ਅੱਖ ਉਠਾਈਆ। ਮੇਰੇ ਸਗਲ ਵਸੂਰੇ ਜਾਇਣ ਲਾਥ, ਦੁੱਖ ਦਲਿਦ੍ਰ ਦੇਣਾ ਗਵਾਈਆ। ਤੂੰ ਮਾਲਕ ਧੁਰ ਦਾ ਪਰਮ ਪੁਰਖ ਸਮਰਾਥ, ਸਮਰਥ ਤੇਰੀ ਵਡਿਆਈਆ। ਤੇਰੀ ਮਹਿੰਮਾ ਜੁਗ ਜੁਗ ਅਕਾਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਠਾਕਰ ਬੀਠਲੋ ਸਵਾਮੀ, ਗੁਰਦੇਵਾ ਨਿਵ ਨਿਵ ਸੀਸ ਨਿਵਾਈਆ। ਮੇਰੇ ਅੰਤਰ ਆਤਮ ਪਰਮਾਤਮ ਅੰਤਰਜਾਮੀ, ਘਟ ਘਟ ਤੇਰਾ ਖੇਲ ਵੇਖ ਵਖਾਈਆ। ਚਾਰ ਜੁਗ ਦੇ ਸ਼ਾਸਤਰ ਤੇਰੀ ਬਾਣੀ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਮੈਂ ਤੱਕਾਂ ਤੇਰੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਜਲ ਸਰੋਵਰ ਵੇਖਾਂ ਅੱਠ ਸੱਠ ਪਾਣੀ, ਤੀਰਥ ਤੱਟਾਂ ਧਿਆਨ ਲਗਾਈਆ। ਧਰਨੀ ਕਹੇ ਤੇਰੇ ਵਿਟਹੁ ਜਾਵਾਂ ਕੁਰਬਾਨੀ, ਆਪ ਆਪਣਾ ਘੋਲ ਘੁਮਾਈਆ। ਮੇਰੇ ਪਰਮ ਪੁਰਖ ਮੇਰੇ ਉਤੋਂ ਕਲਜੁਗ ਕੂੜ ਮੇਟ ਨਿਸ਼ਾਨੀ, ਨਿਸ਼ਾਨਾ ਸਚ ਧਰਮ ਝੁਲਾਈਆ। ਸਤਿਜੁਗ ਸਾਚੇ ਬਖ਼ਸ਼ ਚਰਨ ਧਿਆਨੀ, ਬਿਨ ਨੈਣਾਂ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਸਵਾਮੀ ਕਮਲਾਪਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਨਿਗਾਹ ਮਾਰ ਕੇ ਨਿਗਾਹਬਾਨ ਤੱਕ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਮੈਨੂੰ ਦੇ ਦੇ ਹਕ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਸੇ ਨੂੰ ਰਹੇ ਕੋਈ ਨਾ ਸ਼ੱਕ, ਦੀਨ ਦੁਨੀ ਸ਼ਿਕਵੇ ਦੇ ਗਵਾਈਆ। ਸਭ ਕਿਛ ਤੇਰੇ ਹੱਥ, ਸਮਰਥ ਤੇਰੀ ਬੇਪਰਵਾਹੀਆ।
ਧਰਨੀ ਕਹੇ ਮੈਂ ਚਾਹੁੰਦੀ ਕਲਜੁਗ ਕੂੜੀ ਕਿਰਿਆ ਦੇ ਮਥ, ਨਾਮ ਮਧਾਣਾ ਹੱਥ ਉਠਾਈਆ। ਮੇਰੇ ਉਤੇ ਸਤਿਜੁਗ ਸਚ ਧਰਮ ਦਾ ਚਲੇ ਰਥ, ਰਥਵਾਹੀ ਹੋ ਕੇ ਹੋਣਾ ਆਪ ਸਹਾਈਆ। ਤੇਰੇ ਚਰਨ ਕਵਲ ਜਾਵਾਂ ਢੱਠ, ਨਿਵ ਨਿਵ ਲਾਗਾਂ ਪਾਈਆ। ਧਰਨੀ ਕਹੇ ਪ੍ਰਭੂ ਕਲਜੁਗ ਸਮਾਂ ਬਦਲ ਦੇ ਵਿਚ ਸਾਲਾਂ ਅੱਠ, ਅੱਠਾਂ ਤਤਾਂ ਦਾ ਪੰਧ ਮੁਕਾਈਆ। ਮੈਂ ਵੀ ਕਰ ਕੇ ਬੈਠੀ ਹੱਠ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਲਗਾਈਆ। ਆਤਮ ਪਰਮਾਤਮ ਸਭ ਦਾ ਕਰ ਇਕੱਠ, ਦੀਨਾਂ ਮਜ਼੍ਹਬਾਂ ਝਗੜਾ ਰਹੇ ਨਾ ਰਾਈਆ। ਪਾਰਬ੍ਰਹਮ ਬ੍ਰਹਮ ਧਾਰ ਬਖ਼ਸ਼ ਦੇ ਸਤਿ, ਈਸ਼ ਜੀਵ ਜਗਦੀਸ਼ ਆਪਣੇ ਰੰਗ ਰੰਗਾਈਆ। ਹਰ ਹਿਰਦੇ ਉਪਜੇ ਬ੍ਰਹਮ ਮਤ, ਮਨ ਮਤ ਦਾ ਡੇਰਾ ਢਾਹੀਆ। ਨਿਜ ਨੇਤਰ ਖੋਲ ਦੇ ਅੱਖ, ਲੋਚਨ ਆਪਣੇ ਕਰ ਰੁਸ਼ਨਾਈਆ। ਲੋਕਮਾਤ ਸਭ ਦੀ ਪਤ ਰਖ, ਰਖੜੀ ਅੱਜ ਦੀ ਦਏ ਗਵਾਹੀਆ। ਲਹਿਣਾ ਮੁਕਾ ਦੇ ਕਿਸ਼ਨਾ ਸੁਕਲਾ ਪੱਖ, ਅੰਧ ਅੰਧੇਰ ਗਵਾਈਆ। ਜਨ ਭਗਤਾਂ ਦਰਸ ਦੇ ਪ੍ਰਤਖ, ਸਨਮੁਖ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਖੀ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪ੍ਰਭੂ ਚੰਗੀ ਦਏ ਵਡਿਆਈਆ। ਜਿਸ ਦੇ ਚਰਨ ਧਾਰ ਸਰੋਵਰ ਗੰਗਾ, ਗੰਗੋਤਰੀ ਖ਼ੁਸ਼ੀ ਮਨਾਈਆ। ਨਾਮ ਵਜਾਏ ਮਰਦੰਗਾ, ਸ਼ਬਦ ਕਰੇ ਸ਼ਨਵਾਈਆ। ਆਤਮ ਬਖ਼ਸ਼ ਅਨੰਦਾ, ਪਰਮਾਨੰਦ ਵਿਚ ਰਖਾਈਆ। ਲੇਖਾ ਜਾਣੇ ਤਾਰਾ ਚੰਦਾ, ਸੂਰੀਆ ਖੋਜ ਖੁਜਾਈਆ। ਜੋ ਮਨਸਾ ਰਖੀ ਪਰੀ ਅਰੰਭਾ, ਚੌਦਾਂ ਰਤਨਾਂ ਨਾਲ ਵਡਿਆਈਆ। ਜੋ ਚੌਦਾਂ ਤਬਕਾਂ ਇਕ ਰਖਾਇਆ ਹਕ ਯਕ ਸ਼ੰਭਾ, ਸਦੀ ਚੌਧਵੀਂ ਗੰਢ ਪਵਾਈਆ। ਚੌਦਾਂ ਲੋਕ ਪੰਧ ਰਹੇ ਨਾ ਲੰਬਾ, ਚੌਦਸ ਆਪਣਾ ਖੇਲ ਖਿਲਾਈਆ। ਰਾਖੀ ਕਹੇ ਪ੍ਰਭੂ ਦਾ ਖੇਲ ਸਦਾ ਅਚੰਭਾ, ਜੁਗ ਜੁਗ ਆਪਣੀ ਕਾਰ ਭੁਗਤਾਈਆ। ਸੱਜੇ ਅੰਗੂਠੇ ਚਰਨ ਤੇ ਤ੍ਰਿਪਤ ਪੁੱਠਿਆਂ ਹੱਥਾਂ ਨਾਲ ਬੱਧੇ ਤੰਦਾਂ, ਜਗਤ ਤੰਦਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਖੀ ਕਹੇ ਮੇਰੇ ਸਾਹਿਬ ਸਵਾਮੀ ਸਤਿਗੁਰ ਗੁਰਦੇਵਾ, ਜੁਗ ਜੁਗ ਤੇਰੀ ਬੇਪਰਵਾਹੀਆ। ਜੋ ਸਚਖੰਡ ਵਸੇ ਨਿਹਚਲ ਧਾਮ ਨਿਹਕੇਵਾ, ਨਿਰਗੁਣ ਆਪਣਾ ਆਸਣ ਲਾਈਆ। ਮੈਨੂੰ ਅੰਮ੍ਰਿਤ ਫਲ ਬਖ਼ਸ਼ ਦੇ ਅਗੰਮੀ ਮੇਵਾ, ਜਿਉਂ ਬੇਰ ਭੀਲਣੀ ਰਾਮ ਖਾਈਆ। ਕੌਸਤਕ ਮਣੀਆ ਮਸਤਕ ਲਾ ਦੇ ਥੇਵਾ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਸੱਜਾ ਚਰਨ ਕਹੇ ਮੈਂ ਉਡੀਕਾਂ ਰਖੀਆਂ, ਰਖੀ ਦਏ ਗਵਾਹੀਆ। ਜੋ ਇਸ਼ਾਰੇ ਕੀਤੇ ਭਗਤ ਧਾਰਾਂ ਆਤਮ ਸਖ਼ੀਆਂ, ਰਾਮ ਰਾਮਾ ਦਇਆ ਕਮਾਈਆ। ਉਹ ਇਕੋ ਪਿਆਰ ਦੇ ਵਿਚ ਰੱਤੀਆਂ, ਦੂਸਰ ਰੰਗ ਨਾ ਕੋਇ ਰੰਗਾਈਆ। ਸਚ ਪ੍ਰੀਤੀ ਜੋੜ ਕੇ ਨਤੀਆਂ, ਨਾਤਾ ਇਕੋ ਇਕ ਰਖਾਈਆ। ਅੰਦਰੋਂ ਕੂੜੀਆਂ ਬਦਲ ਦੇ ਮਤੀਆਂ, ਮਨ ਮਤ ਦਾ ਪੰਧ ਮੁਕਾਈਆ। ਸਚ ਪਿਆਰ ਵਿਚ ਹੋਈਆਂ ਸਤੀਆਂ, ਸਤਿਗੁਰ ਸ਼ਬਦ ਮਿਲ ਕੇ ਆਪਣਾ ਆਪ ਮਿਟਾਈਆ। ਨਾ ਠੰਡੀਆਂ ਨਾ ਤਤੀਆਂ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮੇਟੇ ਅੰਧੇਰੀ ਮੱਸਿਆ, ਸਤਿਜੁਗ ਸਾਚਾ ਚੰਦ ਨੂਰ ਕਰੇ ਰੁਸ਼ਨਾਈਆ।
੨੯ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਭਗਤ ਸਿੰਘ ਦੇ ਗ੍ਰਹਿ
ਵਿਸ਼ਨੂੰ ਕਹੇ ਮੇਰੇ ਭਗਵਾਨ, ਸ੍ਰੀ ਭਗਵਾਨ ਤੇਰੀ ਸਰਨਾਈਆ। ਮੈਂ ਤੇਰਾ ਰੂਪ ਮਹਾਨ, ਆਦਿ ਜੁਗਾਦਿ ਤੇਰਾ ਸੰਗ ਨਿਭਾਈਆ। ਮੇਰਾ ਲੇਖਾ ਜਾਣੇ ਨਾ ਕੋਇ ਜੀਵ ਜਹਾਨ, ਜਗਤ ਸਮਝ ਕਿਸੇ ਨਾ ਆਈਆ। ਤੂੰ ਸਚ ਸਵਾਮੀ ਨੌਜਵਾਨ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਆਪਣੇ ਹੁਕਮ ਦਾ ਦੇ ਦਾਨ, ਦਾਤੇ ਦਾਨੀ ਝੋਲੀ ਪਾਈਆ। ਮੈਂ ਚਾਰੋਂ ਕੁੰਟ ਵੇਖਾਂ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਕਲਜੁਗ ਕੂੜ ਵੇਖਾਂ ਸ਼ੈਤਾਨ, ਸ਼ਰਅ ਸ਼ਰੀਅਤ ਪਰਦਾ ਲਾਹੀਆ। ਤੂੰ ਮਿਹਰਵਾਨ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਮੈਂ ਚਾਹੁੰਦਾ ਤੇਰੇ ਹੁਕਮ ਦੀ ਧਾਰ ਤੇਰੇ ਭਗਤ ਸੁਹੇਲੇ ਕਰਾਂ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਭਗਵਨ ਕਹੇ ਵਿਸ਼ਨੂੰ ਮੇਰੀ ਵਿਸ਼ਵ ਦੀ ਧਾਰ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਤੇਰੀ ਸੇਵਾ ਵਿਚ ਜੁਗ ਚੌਕੜੀ ਬੀਤੇ ਅਨਕ ਬਾਰ, ਕੋਟਨ ਕੋਟ ਪੰਧ ਮੁਕਾਈਆ। ਖੇਲ ਖੇਲਦੇ ਰਹੇ ਪੈਗ਼ੰਬਰ ਗੁਰ ਅਵਤਾਰ, ਨਿਰਗੁਣ ਸਰਗੁਣ ਵਜਦੀ ਰਹੀ ਵਧਾਈਆ। ਮੇਰਾ ਅੰਤਮ ਲਹਿਣਾ ਦੇਣਾ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਧਰਾਈਆ। ਜੋਤੀ ਜਾਤਾ ਹੋ ਉਜਿਆਰ, ਸ਼ਬਦੀ ਡੰਕ ਇਕ ਸੁਣਾਈਆ। ਹੋ ਜਾ ਖ਼ਬਰਦਾਰ, ਆਲਸ ਨਿੰਦਰਾ ਰਹੇ ਨਾ ਰਾਈਆ। ਫਿਰਨਾ ਨਵ ਖੰਡ ਪ੍ਰਿਥਮੀ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਮਿਲ ਕੇ ਭੱਜਣਾ ਵਾਹੋ ਦਾਹੀਆ। ਸਾਚਿਆਂ ਭਗਤਾਂ ਪਾਉਣੀ ਸਾਰ, ਨਵ ਸੱਤ ਧਿਆਨ ਲਗਾਈਆ। ਹੁਕਮ ਸੁਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰਿਹਾ ਸੁਣਾਈਆ। ਸਭ ਦੇ ਖ਼ਾਲੀ ਭਰਨੇ ਭੰਡਾਰ, ਭੰਡਾਰਾ ਮੇਰਾ ਅਤੁਟ ਵਰਤਾਈਆ। ਭੁੱਖ ਦੁੱਖ ਨਾਲ ਰੋਵੇ ਕੋਇ ਨਾ ਜ਼ਾਰੋ ਜ਼ਾਰ, ਗਿਰਿਆਜ਼ਾਰੀ ਨਾ ਕੋਇ ਕਰਾਈਆ। ਪੂਰਬ ਲਹਿਣਾ ਸਭ ਦਾ ਕਰਜ਼ ਉਤਾਰ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਮੈਂ ਦੇਵਣਹਾਰ ਦਾਤਾਰ, ਦਇਆਵਾਨ ਦਇਆਨਿਧ ਬੇਪਰਵਾਹੀਆ। ਵਿਸ਼ਨੂੰ ਬਿਨਾ ਸੀਸ ਕਰ ਨਿਮਸਕਾਰ, ਜਗਦੀਸ਼ ਰਿਹਾ ਦ੍ਰਿੜਾਈਆ। ਮੈਂ ਘਰ ਘਰ ਪਾਵਾਂ ਸਾਰ, ਗ੍ਰਹਿ ਗ੍ਰਹਿ ਵੇਖ ਵਖਾਈਆ। ਅੱਜ ਦਾ ਸੁਹੰਜਣਾ ਦਿਵਸ ਮੈਂ ਕਰਾਂ ਆਪਣੀ ਕਾਰ, ਕਰਤਾ ਪੁਰਖ ਕਰਨੀ ਕਾਰ ਕਮਾਈਆ। ਤੇਰੇ ਭਗਤਾਂ ਦਾ ਭਰ ਸਚ ਭੰਡਾਰ, ਭੰਡਾਰੀ ਹੋ ਕੇ ਆਪ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚੀ ਸਰਕਾਰ, ਭੂਪਤ ਭੂਪ ਤੇਰੀ ਓਟ ਰਖਾਈਆ।