੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਾਜੇਆਣਾ ਜ਼ਿਲਾ ਫ਼ਰੀਦਕੋਟ ਜਸਵੰਤ ਸਿੰਘ ਦ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਅੰਤਮ ਗਈ ਲੁੱਟੀ, ਲੁਟੇਰੇ ਕਲਜੁਗ ਅੰਤਮ ਲੁੱਟ ਮਚਾਈਆ। ਸਚ ਧਰਮ ਦਾ ਗਾਨਾ ਰਿਹਾ ਕਿਸੇ ਨਾ ਗੁਟੀ, ਨਾਮ ਸਤਿ ਦਾ ਸਗਨ ਨਾ ਕੋਇ ਮਨਾਈਆ। ਸਭ ਦੀ ਪ੍ਰੀਤਮ ਪ੍ਰੀਤ ਤੇਰੇ ਨਾਲੋਂ ਟੁਟੀ, ਟੁਟਿਆਂ ਗੰਢ ਨਾ ਕੋਇ ਪਵਾਈਆ। ਸਚ ਦੀ ਚੋਗ ਗਈ ਨਿਖੁਟੀ, ਵਸਤ ਹਕ ਨਾ ਕੋਇ ਵਰਤਾਈਆ। ਸੁਹੰਜਣੀ ਦਿਸੇ ਕੋਇ ਨਾ ਰੁਤੀ, ਰੁਤੜੀ ਤੇਰਾ ਨਾਮ ਨਾ ਕੋਇ ਮਹਿਕਾਈਆ। ਵਿਕਾਰ ਵਧਿਆ ਕਾਇਆ ਬੁਤੀ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸੁੱਤੀ, ਸੁੱਤਿਆਂ ਸਕੇ ਨਾ ਕੋਇ ਜਗਾਈਆ। ਮਨ
ਮਨਸਾ ਹੋਈ ਲੁੱਚੀ, ਕੂੜ ਕੁਕਰਮ ਨਾਲ ਹਲਕਾਈਆ। ਮੁਹੱਬਤ ਪਿਆਰ ਦੀ ਧਾਰ ਦਿਸੇ ਕੋਇ ਨਾ ਸੁੱਚੀ, ਸੰਜਮ ਸਚ ਨਾ ਕੋਇ ਸਮਝਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਤੁਠੀ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਨੂੰ ਅੰਮ੍ਰਿਤ ਦੇਣਾ ਚਰਨੋਦਕ ਅਗੰਮਾ ਘੁਟੀ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਮੇਰੇ ਭਗਵਾਨਾ, ਭਗਵਨ ਤੇਰੀ ਆਸ ਰਖਾਈਆ। ਮੇਰਾ ਉਜੜਿਆ ਵੇਖ ਘਰਾਨਾ, ਨਵ ਸੱਤ ਫੇਰਾ ਪਾਈਆ। ਨਜ਼ਰ ਨਾ ਆਏ ਤੇਰਾ ਨਾਮ ਨਿਧਾਨਾ, ਗੁਣਵੰਤ ਤੇਰਾ ਢੋਲਾ ਕੋਇ ਨਾ ਗਾਈਆ। ਚਾਰੋਂ ਕੁੰਟ ਸੁੰਞ ਮਸਾਣਾ, ਸਤਿ ਧਰਮ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਗਾਏ ਕੋਇ ਨਾ ਗਾਣਾ, ਤੂੰ ਮੇਰਾ ਮੈਂ ਤੇਰਾ ਰਾਗ ਨਾ ਕੋਇ ਸੁਣਾਈਆ। ਚਾਰੋਂ ਕੁੰਟ ਦਿਸੇ ਨਾ ਕੋਇ ਨਿਸ਼ਾਨਾ, ਨਿਸ਼ਾਨਾ ਸਚ ਨਾ ਕੋਇ ਪ੍ਰਗਟਾਈਆ। ਉਠ ਵੇਖ ਲੈ ਆਪਣੀ ਲੱਖ ਚੁਰਾਸੀ ਆਤਮ ਧਾਰ ਦਿਆ ਕਾਹਨਾ, ਰਾਮ ਰਾਮਾ ਫੇਰਾ ਪਾਈਆ। ਨਿਗਾਹ ਮਾਰ ਲੈ ਨੂਰ ਅਲਾਹੀ ਅਮਾਮਾ, ਅਮਲ ਤੱਕ ਖ਼ਲਕ ਖ਼ੁਦਾਈਆ। ਕਿਰਪਾ ਕਰ ਦੇ ਸੂਰਬੀਰ ਬਲਵਾਨਾ, ਮੇਰੇ ਗੋਬਿੰਦ ਗੋਬਿੰਦ ਮਾਹੀਆ। ਮੈਂ ਤੇਰਾ ਰਾਹ ਤਕਾਨਾ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਕੋਝੀ ਕਮਲੀ ਨੂੰ ਦੇ ਦੇ ਮਾਣਾ, ਨਿਮਾਣੀ ਹੋ ਕੇ ਮੰਗ ਮੰਗਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਆਸ ਰਖਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪਿਆਰੇ, ਪੀਆ ਰੋ ਰੋ ਦਿਆਂ ਸੁਣਾਈਆ। ਮੇਰੀ ਨਈਆ ਵੇਖ ਲੈ ਅੰਤ ਕਿਨਾਰੇ, ਨਾਮ ਮੁਹਾਣਾ ਵੰਝ ਨਾ ਕੋਇ ਲਗਾਈਆ। ਮੈਂ ਇਸ਼ਾਰੇ ਦਿਤੇ ਤੇਈ ਅਵਤਾਰੇ, ਬਿਨ ਸੈਨਤ ਸੈਨਤ ਲਗਾਈਆ। ਪੈਗ਼ੰਬਰ ਪਾਓ ਮੇਰੀ ਸਾਰੇ, ਭੱਜੋ ਵਾਹੋ ਦਾਹੀਆ। ਗੁਰ ਸਤਿਗੁਰ ਮੇਰੇ ਮੰਨੋ ਹਾੜੇ, ਰੋ ਰੋ ਰਹੀ ਸੁਣਾਈਆ। ਸਾਰੇ ਤੱਕੋ ਕਲਜੁਗ ਕੂੜਾ ਕੂੜ ਦੇ ਲਾ ਕੇ ਬੈਠਾ ਅਖਾੜੇ, ਮਾਇਆ ਮਮਤਾ ਨਾਚ ਨਚਾਈਆ। ਜੀਵਾਂ ਜੰਤਾਂ ਰਿਹਾ ਸਾੜੇ, ਅਗਨੀ ਤਤ ਤਤ ਲਗਾਈਆ। ਮੇਰੀ ਪਤ ਲੁੱਟੀ ਜਾਂਦਾ ਦਿਨ ਦਿਹਾੜੇ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਆਦਿ ਨਿਰੰਜਣ, ਆਦਿ ਪੁਰਖ ਤੇਰੀ ਸਰਨਾਈਆ। ਤੂੰ ਦਾਤਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਬੇੜਾ ਪਾਰ ਦੇਣਾ ਕਰਾਈਆ। ਦਰ ਠਾਂਡੇ ਇਕੋ ਦਾਤ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਕੂੜ ਕੁੜਿਆਰੇ ਚਾੜ੍ਹ ਦੇ ਰੰਗਣ, ਰੰਗਤ ਇਕੋ ਇਕ ਰਖਾਈਆ। ਤੂੰ ਸਾਹਿਬ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਤੇਰੇ ਹੁਕਮ ਅੰਦਰ ਕੋਟਨ ਜੁਗ ਚੌਕੜੀ ਲੰਘਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਤੇਰਾ ਖੇਲ ਵੇਖਾਂ ਵਿਚ ਵਰਭੰਡਣ, ਬ੍ਰਹਿਮੰਡ ਖੋਜ ਖੁਜਾਈਆ। ਤੂੰ ਨਾਮ ਨਿਧਾਨਾ ਸ੍ਰੀ ਭਗਵਾਨਾ ਇਕ ਇਕੱਲਾ ਆਵੀਂ ਵੰਡਣ, ਏਕੰਕਾਰ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਕਰੀਂ ਖੰਡਣ, ਖੰਡਾ ਖੜਗ ਨਾਮ ਉਠਾਈਆ। ਤੇਰੀ ਸ਼ਬਦੀ ਧਾਰ ਹੋਵੇ ਚੰਡ ਪ੍ਰਚੰਡਣ, ਦੋ ਜਹਾਨਾਂ ਕਰੇ ਸਫ਼ਾਈਆ। ਮੈਂ ਚਾਹੁੰਦੀ ਤੈਨੂੰ ਇਕੋ ਸਜਦਾ ਹੋਵੇ ਬੰਦਨ, ਦੂਸਰ ਸੀਸ ਨਾ ਕੋਇ ਨਿਵਾਈਆ। ਤੂੰ ਮਾਲਕ ਖ਼ਾਲਕ ਤਨ ਵਜੂਦਾ ਤਤ ਪੰਚਮ, ਪੰਚਮ ਸ਼ਬਦ ਧੁਨ ਕਰ ਸ਼ਨਵਾਈਆ। ਚਰਨ ਧੂੜੀ ਦੇ ਦੇ ਧੁਰ ਦਾ ਮਜਨ, ਦੁਰਮਤ ਮੈਲ ਰਹੇ ਨਾ
ਰਾਈਆ। ਨਾਉਂ ਨਿਰੰਕਾਰ ਪਾ ਦੇ ਅੰਜਨ, ਨੇਤਰ ਲੋਚਨ ਨੈਣ ਅੱਖ ਸਰਬ ਖੁਲਾਈਆ। ਕਲਜੁਗ ਕੂੜ ਕੁੜਿਆਰ ਦੀ ਮੇਟ ਦੇ ਹੱਦਨ, ਪਾਂਧੀ ਅਗੇ ਪੰਧ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦਿਲਾਸਾ, ਦਰ ਤੇਰੇ ਆਸ ਰਖਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ਾ, ਹਰਿ ਕਰਤਾ ਅਗੰਮ ਅਥਾਹੀਆ। ਤੇਰਾ ਹਰ ਘਟ ਅੰਦਰ ਵਾਸਾ, ਘਰ ਘਰ ਰਿਹਾ ਸਮਾਈਆ। ਮੇਰੇ ਉਤੇ ਸਾਚੀ ਪਾ ਦੇ ਰਾਸਾ, ਰਸਤਾ ਰਸਤਿਆਂ ਵਿਚੋਂ ਬਦਲਾਈਆ। ਨਾਮ ਜਪਾ ਦੇ ਸਵਾਸ ਸਵਾਸਾ, ਸਾਹ ਸਾਹ ਆਪਣਾ ਆਪ ਟਿਕਾਈਆ। ਸਭ ਦਾ ਲੇਖਾ ਪੂਰਾ ਕਰ ਦੇ ਦਸ ਦਸ ਮਾਸਾ, ਜਨਣੀ ਕੁੱਖ ਦੇ ਵਡਿਆਈਆ। ਮੇਰੀ ਮੇਟ ਅੰਧੇਰੀ ਰਾਤਾ, ਕੂੜ ਕੁੜਿਆਰਾ ਡੇਰਾ ਢਾਹੀਆ। ਤੂੰ ਸਾਹਿਬ ਸਵਾਮੀ ਪੁਰਖ ਬਿਧਾਤਾ, ਬਿਧਨਾ ਦਾ ਲੇਖਾ ਦੇ ਚੁਕਾਈਆ। ਤੂੰ ਸਭ ਦਾ ਪਿਤਾ ਮਾਤਾ, ਹਰਿਜਨ ਆਪਣੀ ਗੋਦ ਟਿਕਾਈਆ। ਤੇਰੀ ਉੱਤਮ ਹੋਵੇ ਜਾਤਾ, ਜ਼ਾਤ ਅਜ਼ਾਤੀ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਜੋੜ ਦੇ ਨਾਤਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਮੇਰੀ ਅੰਤ ਅਖ਼ੀਰ ਇਕੋ ਖ਼ਾਹਿਸ਼ਾ, ਖ਼ਾਲਸ ਆਪਣਾ ਰੂਪ ਦਰਸਾਈਆ। ਕਲਜੁਗ ਜੀਵਾਂ ਕਾਇਆ ਮਾਟੀ ਖ਼ਾਲੀ ਵੇਖ ਲੈ ਲਾਸ਼ਾ, ਤੇਰਾ ਨਾਮ ਨਿਧਾਨਾ ਨਜ਼ਰ ਕੋਇ ਨਾ ਆਈਆ। ਤੂੰ ਦੀਨ ਦੁਨੀ ਦਾ ਨਿਰਗੁਣ ਸਰਗੁਣ ਬਦਲ ਦੇਣਾ ਪਾਸਾ, ਪਾਤਸ਼ਾਹ ਤੇਰੀ ਬੇਪ੍ਰਵਾਹੀਆ। ਆਪਣਾ ਭੇਵ ਅਭੇਦ ਖੋਲ ਖ਼ੁਲਾਸਾ, ਖ਼ਾਲਕ ਖ਼ਲਕ ਦੇ ਵਡਿਆਈਆ। ਮੈਂ ਰੋ ਪੁਕਾਰਾਂ ਪ੍ਰਿਥਮੀ ਕਹੇ ਤੂੰ ਵੇਖਣਾ ਉਤੋਂ ਆਕਾਸ਼ਾ, ਆਕਾਸ਼ ਆਕਾਸ਼ਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕੂੜੀ ਖ਼ਾਕ, ਖ਼ਾਕ ਧੂੜੀ ਚਰਨਾਂ ਦੇ ਰਮਾਈਆ। ਮੇਰਾ ਬੰਦ ਕਿਵਾੜਾ ਖੋਲ ਦੇ ਤਾਕ, ਪਰਦੇ ਓਹਲੇ ਆਪ ਉਠਾਈਆ। ਅਵਤਾਰ ਪੈਗ਼ੰਬਰਾਂ ਪੂਰੇ ਕਰ ਦੇ ਵਾਕ, ਗੁਰੂ ਗੁਰਦੇਵਾ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਲੇਖਾ ਮੁਕਾ ਦੇ ਸ਼ਾਖਿਆਤ, ਮੇਰੇ ਸੱਜਣ ਧੁਰਦਰਗਾਹੀਆ। ਤੂੰ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਤੂੰ ਲੇਖਾ ਲਿਖਣਾ ਬਿਨਾ ਕਲਮ ਦਵਾਤ, ਕਾਗ਼ਜ਼ ਸਿਆਹੀ ਦੀ ਲੋੜ ਰਹੇ ਨਾ ਰਾਈਆ। ਅੰਤ ਕੰਤ ਪ੍ਰਭ ਮੇਰੀ ਪੁਛ ਵਾਤ, ਗ਼ਰੀਬ ਨਿਮਾਣੀ ਤੇਰੀ ਆਸ ਰਖਾਈਆ। ਭੇਵ ਅਭੇਦਾ ਚੁਕਾਉਣਾ ਬਾਤਨ ਬਾਤ, ਜ਼ਾਹਰ ਜ਼ਹੂਰ ਆਪਣੀ ਕਰ ਰੁਸ਼ਨਾਈਆ। ਤੁਧ ਬਿਨ ਦੇਵੇ ਕੋਇ ਨਾ ਸ਼ਾਂਤ, ਸਾਂਤਕ ਸਤਿ ਨਾ ਕੋਇ ਕਰਾਈਆ। · ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਵੇਖ
ਵਖਾਈਆ। ਪੁਰਖ ਅਕਾਲ ਕਹੇ ਮੈਂ ਆਵਾਂਗਾ। ਤੇਰੇ ਦਰਦ ਵੰਡਾਵਾਂਗਾ। ਅੰਤਰ ਆਤਮ ਸੁਖ ਉਪਜਾਵਾਂਗਾ। ਜਨ ਭਗਤਾਂ ਉਜਲ ਕਰ ਕੇ ਮੁਖ, ਦੁਰਮਤ ਮੈਲ ਧਵਾਵਾਂਗਾ। ਲੱਖ ਚੁਰਾਸੀ ਵਿਚੋਂ ਵੇਖ ਮਨੁੱਖ, ਮਾਨਸ ਆਪਣੇ ਰੰਗ ਰੰਗਾਵਾਂਗਾ। ਤੇਰੀ ਸੁਫ਼ਲ ਕਰ ਕੇ ਕੁੱਖ, ਕੁਖੜੀ ਤੇਰੀ ਆਪ ਸੁਹਾਵਾਂਗਾ। ਜਨ ਸੰਤ ਸੁਹੇਲੇ ਗੋਦੀ ਚੁਕ, ਚਾਰੋਂ ਕੁੰਟ ਆਪਣੀ ਗੋਦ ਟਿਕਾਵਾਂਗਾ। ਕਲਜੁਗ ਕੂੜੀ ਕਿਰਿਆ ਪੈਂਡਾ ਜਾਏ ਮੁਕ, ਸਤਿਜੁਗ ਸਚ ਧਰਮ ਪ੍ਰਗਟਾਵਾਂਗਾ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣੀ ਤੁਕ, ਤੁਖ਼ਮ ਤਾਸੀਰ ਸਰਬ ਬਦਲਾਵਾਂਗਾ। ਅਗਲਾ ਲੇਖਾ ਅਵਰ ਦਾ ਅਵਰ ਕੁਛ ਦਾ ਕੁਛ, ਕਛ ਮਛ ਦਾ ਪੰਧ ਆਪ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ
ਟਿਕਾਵਾਂਗਾ। ਸਿਰ ਤੇਰੇ ਹੱਥ ਰਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਨਵ ਸੱਤ ਵੇਖ ਵਖਾਏਗਾ। ਅੱਠ ਸੱਠ ਫੋਲ ਫੁਲਾਏਗਾ। ਨੌ ਦਰ ਪਰਦਾ ਲਾਹੇਗਾ। ਦਸਵੇਂ ਜੋਤ ਜੋਤ ਡਗਮਗਾਏਗਾ। ਵਰਨ ਗੋਤ ਮੇਟ ਮਿਟਾਏਗਾ। ਜੀਵ ਜੰਤ ਵੇਖ ਕੋਟੀ ਕੋਟ, ਕੋਟਨ ਕੋਟਾਂ ਪਰਦੇ ਲਾਹੇਗਾ। ਸ਼ਬਦ ਨਗਾਰੇ ਲਗਾ ਕੇ ਚੋਟ, ਜੀਵ ਜੰਤ ਜੰਤ ਉਠਾਏਗਾ। ਕਲਜੁਗ ਆਲਣਿਉਂ ਡਿਗੇ ਬੋਟ, ਫੜ ਬਾਹੋਂ ਤੇਰੀ ਝੋਲੀ ਪਾਏਗਾ। ਇਕ ਪ੍ਰਕਾਸ਼ ਕਰ ਕੇ ਨਿਰਮਲ ਜੋਤ, ਜੋਤੀ ਜਾਤਾ ਡਗਮਗਾਏਗਾ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਇਕੋ ਹੋਵੇ ਬਹੁਤ, ਦੂਜਾ ਇਸ਼ਟ ਨਾ ਕੋਇ ਮਨਾਏਗਾ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ ਸਾਂਝਾ ਯਾਰਾ ਏਕੰਕਾਰਾ ਧਰਨੀ ਧਰਤ ਧਵਲ ਧੌਲ ਤੇਰੇ ਉਤੇ ਆਪੇ ਜਾਏ ਪਹੁੰਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਏਗਾ।
੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੜਿਕ ਜ਼ਿਲਾ ਫ਼ਰੀਦਕੋਟ ਕਰਤਾਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਚਾਰੇ ਗੁੱਠੀ, ਵਾਸੀ ਬੈਕੁੰਠ ਧਿਆਨ ਲਗਾਈਆ। ਪਵਿਤ੍ਰ ਰਹੀ ਖ਼ਾਕ ਨਾ ਮੁੱਠੀ, ਦੁਰਮਤ ਮੈਲ ਚਾਰੋਂ ਕੁੰਟ ਨਜ਼ਰੀ ਆਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਤੂੰ ਤੁਠੀਂ, ਨਿਰਗੁਣ ਆਪਣਾ ਨੈਣ ਉਠਾਈਆ। ਕਲਜੁਗ ਜੀਵਾਂ ਬੁੱਧੀ ਮਤ ਨਾ ਰਹੇ ਪੁੱਠੀ, ਮਨ ਕਾ ਮਣਕਾ ਦੇਣਾ ਬਦਲਾਈਆ। ਦਰੋਹੀ ਮੇਰੀ ਧਾਰ ਅੰਤ ਨਾ ਜਾਏ ਲੁੱਟੀ, ਲੁਟੇਰੇ ਕਲਜੁਗ ਕੋਲੋਂ ਲੈਣਾ ਬਚਾਈਆ। ਧੁਰ ਸਵਾਮੀਆਂ ਤੇਰੀ ਪ੍ਰੀਤ ਪ੍ਰੀਤਮ ਜਾਂਦੀ ਟੁੱਟੀ, ਟੁੱਟੀ ਲੈਣੀ ਗੰਢ ਪਵਾਈਆ। ਸਚਖੰਡ ਦਵਾਰਿਉਂ ਸਤਿ ਦਾ ਮਾਲਕ ਹੋ ਕੇ ਉਠੀਂ, ਆਪਣਾ ਬਲ ਵਖਾਈਆ। ਧਰਮ ਦਾ ਗਾਨਾ ਸਭ ਦੇ ਬੰਨ੍ਹਣਾ ਗੁੱਟੀਂ, ਤਨ ਵਜੂਦਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਧਰਨੀ ਕਹੇ ਮੇਰੀ ਪਵਿਤ੍ਰ ਰਹੀ ਮੂਲ ਨਾ ਧਰਨੀ, ਧਵਲ ਦੇ ਮਾਲਕ ਦਿਆਂ ਜਣਾਈਆ। ਡੰਡਾਵਤ ਕਰਾਂ ਢਹਿ ਕੇ ਚਰਨੀ, ਧੂੜੀ ਖ਼ਾਕ ਖ਼ਾਕ ਰਮਾਈਆ। ਤੇਰੇ ਪਿਆਰ ਦੀ ਮਰੇ ਕੋਇ ਨਾ ਮਰਨੀ, ਮਰ ਜੀਵਤ ਰੂਪ ਨਾ ਕੋਇ ਬਣਾਈਆ। ਸਤਿ ਪੁਰਖ ਨਿਰੰਜਣ ਤੇਰੀ ਤੁਕ ਕਿਸੇ ਨਾ ਪੜ੍ਹਨੀ, ਗੀਤ ਸੰਗੀਤ ਸਕੇ ਨਾ ਕੋਇ ਸੁਣਾਈਆ। ਮੇਰੀ ਦਰੋਹੀ ਤੇਰੀ ਮੰਜ਼ਲ ਮਹਿਬੂਬ ਕਿਸੇ ਨਾ ਚੜ੍ਹਨੀ, ਕਦਮ ਕਦਮ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਨੂੰ ਪਾ ਦੇ ਪ੍ਰੇਮ ਦੀ ਭਿਛਿਆ, ਵਸਤ ਅਗੰਮ ਅਥਾਹ ਵਰਤਾਈਆ। ਮੇਰਾ ਸੀਨਾ ਤੇਰੇ ਚਰਨਾਂ ਹੇਠਾਂ ਵਿਛਿਆ, ਵਿਸ਼ਵ ਦੇ ਮਾਲਕ ਵੇਖਣਾ ਚਾਈਂ ਜਾਈਂਆ। ਮਿਹਰਵਾਨ ਮੇਰੇ ਉਤੇ ਕਰਨੀ ਰਛਿਆ, ਰਖਕ ਹੋ ਕੇ ਹੋਣਾ ਸਹਾਈਆ। ਤੇਰਾ ਨੂਰ ਨੁਰਾਨਾ ਨੌਜਵਾਨਾ ਸ੍ਰੀ ਭਗਵਾਨਾ ਲੋਕਮਾਤ ਕਿਸੇ ਨਾ ਦਿਸਿਆ, ਦਹਿ ਦਿਸ਼ਾ ਅੰਧੇਰਾ ਛਾਈਆ। ਕਲਜੁਗ ਕੂੜ ਕੁੜਿਆਰਾ ਵਿਚ ਜਗਤ ਜਗਿਆਸੂਆਂ ਵਿਕਿਆ, ਕੀਮਤ ਮਾਇਆ ਮਮਤਾ ਵਾਲੀ ਪਵਾਈਆ। ਮਨੂਆ ਮਨ ਕਿਸੇ ਨਾ ਟਿਕਿਆ, ਟਿੱਕੇ ਮਸਤਕ ਧੂੜੀ ਖ਼ਾਕ
ਨਾ ਕੋਇ ਰਮਾਈਆ। ਦੁਨੀਆ ਪੂਜਦੀ ਪੱਥਰ ਇੱਟਿਆ, ਪਾਹਨਾਂ ਸੀਸ ਨਿਵਾਈਆ। ਤੇਰਾ ਨੂਰ ਨੁਰਾਨਾ ਸ਼ਾਹੋ ਭੂਪ ਨਿਜ ਨੇਤਰ ਕਿਸੇ ਨਾ ਦਿਸਿਆ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਤੈਨੂੰ ਬਣਾਏ ਕੋਇ ਨਾ ਪਿਆਰਾ ਮਿਤਿਆ, ਮਿਤਰ ਪਿਆਰੇ ਤੇਰਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੇਰਾ ਪ੍ਰਭੂ ਭਰ ਭੰਡਾਰ, ਭੰਡਾਰੀ ਸੰਘਾਰੀ ਬ੍ਰਹਮਾ ਨਾਲ ਮਿਲਾਈਆ। ਤੂੰ ਦੇਵਣਹਾਰਾ ਆਦਿ ਜੁਗਾਦੀ ਦਾਤਾਰ, ਦਇਆਵਾਨ ਤੇਰੀ ਓਟ ਤਕਾਈਆ। ਮੈਂ ਰੋ ਰੋ ਕਰਾਂ ਪੁਕਾਰ, ਨਿਵ ਨਿਵ ਸੀਸ ਨਿਵਾਈਆ। ਤੂੰ ਮੇਰਾ ਮਾਲਕ ਖ਼ਾਲਕ ਬੇਐਬ ਪਰਵਰਦਿਗਾਰ, ਨੂਰ ਨੂਰ ਅਲਾਹੀਆ। ਤੇਰੀ ਚਰਨ ਕਦਮਾਂ ਧੂੜੀ ਮਸਤਕ ਲਾਵਾਂ ਛਾਰ, ਖ਼ਾਕੀ ਖ਼ਾਕ ਰਮਾਈਆ। ਤੂੰ ਲਹਿਣਾ ਦੇਣਾ ਪੂਰਬ ਕਰਜ਼ ਦੇਣਾ ਉਤਾਰ, ਲੇਖਾ ਅਵਰ ਰਹੇ ਨਾ ਰਾਈਆ। ਸਦੀ ਚੌਧਵੀਂ ਪਾਉਣੀ ਸਾਰ, ਚੌਦਾਂ ਤਬਕਾਂ ਵੇਖਣਾ ਥਾਉਂ ਥਾਈਂਆ। ਔਹ ਤੱਕ ਲੈ ਮੁਹੰਮਦ ਅੱਖਾਂ ਰਿਹਾ ਉਘਾੜ, ਚਾਰ ਯਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਤੇਰੇ ਦਰ ਜਗਾਵਾਂ ਅਲਖ, ਅਲਖਣੇ ਅਲਖ ਵੇਖ ਵਖਾਈਆ। ਪਰਮ ਪੁਰਖ ਪਰਮਾਤਮ ਹੋ ਪ੍ਰਤਖ, ਪਾਰਬ੍ਰਹਮ ਆਪਣਾ ਪਰਦਾ ਆਪ ਉਠਾਈਆ। ਮੇਰਾ ਖ਼ਾਲੀ ਭਾਂਡਾ ਭਰ ਦੇ ਸੱਖ, ਸੁਖ਼ਨ ਗੋਬਿੰਦ ਵਾਲਾ ਪੂਰ ਕਰਾਈਆ। ਜਨ ਭਗਤਾਂ ਨਿਜ ਨੇਤਰ ਲੋਚਨ ਨੈਣ ਖੋਲ ਦੇ ਅੱਖ, ਆਖ਼ਰ ਆਪਣਾ ਦਰਸ ਦੇ ਦਿਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਲੋਂ ਕਰ ਦੇ ਵੱਖ, ਵਖਰੇ ਗ੍ਰਹਿ ਦੇਣੀ ਵਡਿਆਈਆ। ਤੂੰ ਵਸਣਹਾਰਾ ਘਟ ਘਟ, ਘਟ ਸਵਾਮੀ ਸੋਭਾ ਪਾਈਆ। ਦੁਰਮਤ ਮੈਲ ਦੇ ਕੱਟ, ਕਟਾਕਸ਼ ਆਪਣਾ ਨਾਮ ਰਖਾਈਆ। ਦੂਈ ਦਵੈਤੀ ਮੇਟ ਦੇ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਤੇਰਾ ਨੂਰ ਉਜਾਲਾ ਹੋਵੇ ਲਟ ਲਟ, ਲਿਟਾਂ ਵਾਲੇ ਸਾਰੇ ਤੈਨੂੰ ਸੀਸ ਨਿਵਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਪੁਰਖ ਤੇਰੀ ਵਡ ਵਡਿਆਈਆ। ਤੇਰੀ ਸਿਫ਼ਤ ਸਲਾਹ ਅਕਥ, ਰਸਨਾ ਜਿਹਵਾ ਗਾ ਸਕੇ ਕੋਇ ਨਾ ਰਾਈਆ। ਮੈਂ ਸਰਨ ਸਰਨਾਈ ਤੇਰੀ ਰਹੀ ਢਠ, ਆਪ ਆਪਣਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਮਗਰੀ ਝੋਲੀ ਦੇਣੀ ਪਾਈਆ। ਧਰਨੀ ਕਹੇ ਪ੍ਰਭੂ ਆਪਣੀ ਹਾਲਤ ਦੱਸਾਂ ਸਾਹਿਬ ਸਵਾਮੀ ਕੀ, ਕਰਤੇ ਪੁਰਖ ਦ੍ਰਿੜਾਈਆ। ਤੂੰ ਆਪਣੀ ਚਾਰੇ ਖਾਣੀ ਦਾ ਤੱਕ ਲੈ ਜੰਤ ਜੀਅ, ਜੀਵ ਈਸ਼ ਪਰਦਾ ਆਪ ਉਠਾਈਆ। ਕਲਜੁਗ ਕੂੜ ਕੁੜਿਆਰੇ ਚਾਰੋਂ ਕੁੰਟ ਜੂਠ ਝੂਠ ਦਾ ਬੀਜਿਆ ਬੀ, ਕੂੜ ਕੁੜਿਆਰਾ ਫਲ ਰਿਹਾ ਲਗਾਈਆ। ਬਿਨ ਤੇਰੀ ਕਿਰਪਾ ਅੰਮ੍ਰਿਤ ਦਾ ਸੀਰ ਸਕੇ ਕੋਇ ਨਾ ਪੀ, ਮੇਘਲਾ ਨਜ਼ਰ ਕੋਇ ਨਾ ਆਈਆ। ਲੇਖਾ ਕਰ ਦੇ ਪੂਰਾ ਵੀਹ ਇਕੀਹ, ਭਾਈ ਗੁਰਦਾਸ ਬੈਠਾ ਅੱਖ ਉਠਾਈਆ। ਰਵਦਾਸ ਦਾ ਲਹਿਣਾ ਤੱਕ ਲੈ ਸਾਢੇ ਤਿੰਨ ਹੱਥ ਸੀਅ, ਨੌ ਸੱਤ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਅੰਦਰ ਪੈਗ਼ੰਬਰ ਰਹੇ ਪੁਕਾਰ, ਮਕਬਰਿਆਂ ਵਿਚ ਆਸਣ ਲਾਈਆ। ਅਮਾਮ ਸਾਡੇ ਧੁਰ ਦੇ ਯਾਰ, ਯਾਰ ਯਾਰਾ ਵੇਸ ਵਟਾਈਆ। ਅਸੀਂ ਤੇਰੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੂੰ ਨੂਰ ਅਲਾਹੀ ਆਪਣਾ ਨੂਰ ਕਰ ਉਜਿਆਰ, ਚੌਦਾਂ ਤਬਕ ਡਗਮਗਾਈਆ। ਸਜਦਿਆਂ ਵਿਚ ਤੇਰੀ ਕਦਮਬੋਸੀ ਲੈ ਕੇ ਧੂੜੀ ਮਸਤਕ ਲਾ ਆਪਣੇ
ਛਾਰ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਸਭ ਦਾ ਲਹਿਣਾ ਦੇਣਾ ਕਰਜ਼ਾ ਦੇ ਉਤਾਰ, ਬਾਕੀ ਰਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੁਗ ਜੁਗ ਦੇਵਣਹਾਰ ਅਖਵਾਈਆ। ਧਰਨੀ ਕਹੇ ਸੁਣ ਧੁਰ ਦੀ ਧਾਰ ਪਿਆਰੇ ਸ਼ਬਦ, ਅਨਾਦ ਅਨਾਦੀ ਦਿਆਂ ਜਣਾਈਆ। ਪਹਿਲੋਂ ਤੇਰਾ ਕਰਾਂ ਅਦਬ, ਨਿਵ ਨਿਵ ਸੀਸ ਝੁਕਾਈਆ। ਉਠ ਵੇਖ ਲੈ ਦਰੋਹੀ ਤੇਰੇ ਉਤੇ ਹੁੰਦਾ ਗ਼ਜ਼ਬ, ਗ਼ਰਜ ਕਲਜੁਗ ਕੂੜੀ ਨਾਲ ਰਲਾਈਆ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਤੇਰਾ ਕਰੇ ਕੋਇ ਨਾ ਅਦਬ, ਸੀਸ ਜਗਦੀਸ਼ ਨਾ ਕੋਿੱੲ ਨਿਵਾਈਆ। ਪਿਆਰ ਵਿਚ ਚੜ੍ਹੇ ਕਿਸੇ ਨਾ ਵਜਦ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਸਦੀ ਚੌਧਵੀਂ ਮੈਂ ਹੈਰਾਨ ਹੋਈ ਤਅੱਜੁਬ, ਹੈਰਾਨੀ ਮੇਰੇ ਅੰਤਰ ਆਈਆ। ਕੀ ਲਹਿਣਾ ਦੇਣਾ ਮੇਰਾ ਪੈਗ਼ੰਬਰਾਂ ਰਸੂਲਾਂ ਨਾਲ ਹੋਣਾ ਮਗ਼ਰਬ, ਕੀ ਸ਼ਰਕਨ ਤੇਰਾ ਹੁਕਮ ਨਜ਼ਰੀ ਆਈਆ। ਕਿਸ ਬਿਧ ਦੀਨ ਦੁਨੀ ਦਾ ਨਾਸ ਹੋਣਾ ਦਰਬ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਮੈਨੂੰ ਐਂ ਜਾਪਦਾ ਮੇਰੇ ਸਵਾਮੀਆਂ ਅੰਤਰਜਾਮੀਆਂ ਹੁਣ ਝਗੜਾ ਉਠਣ ਵਾਲਾ ਦੇਸ ਅਰਬ, ਅਰਬ ਅਰਬਾਨੀਆਂ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਰੰਗਣ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਵੇਖਾਂ ਖੇਲ ਦੂਰ ਦੁਰਾਡਾ, ਬੇਅੰਤ ਤੇਰਾ ਧਿਆਨ ਲਗਾਈਆ। ਤੇਰਾ ਹੁਕਮ ਸੰਦੇਸਾ ਇਕੋ ਆਦਿ ਜੁਗਾਦੀ ਡਾਹਢਾ, ਜੋ ਡੰਡਾਵਤ ਸਭ ਦੀ ਦਏ ਬਦਲਾਈਆ। ਤੇਰੇ ਨਾਮ ਸ਼ਬਦ ਦੀ ਇਕੋ ਅਗੰਮੀ ਰਾਡਾ, ਜਿਸ ਨੂੰ ਦੋ ਜਹਾਨ ਸੀਸ ਨਿਵਾਈਆ। ਤੈਨੂੰ ਵਾਹਿਦ ਅੱਲਾ ਸਾਰੇ ਕਹਿਣ ਪੈਗ਼ੰਬਰ ਗਾਡਾ, ਤੁਧ ਬਿਨ ਗਾਈਡ ਅਵਰ ਨਜ਼ਰ ਕੋਇ ਨਾ ਆਈਆ। ਜੋ ਇਸ਼ਾਰਾ ਦੇ ਕੇ ਆਇਆ ਨਿਰਗੁਣ ਸਰਗੁਣ ਨਾਨਕ ਵਿਚ ਬਗ਼ਦਾਦਾ, ਸੋ ਲਹਿਣਾ ਦੇਣਾ ਸਭ ਦਾ ਵੇਖਣਾ ਥਾਉਂ ਥਾਈਂਆ। ਉਹ ਮਾਲਕ ਖ਼ਾਲਕ ਆਪਣਾ ਪੂਰਾ ਕਰਨਾ ਵਾਇਦਾ, ਇਕਰਾਰਨਾਮਾ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਮੈਂ ਦਰ ਤੇਰੇ ਧਰਨੀ ਕਹੇ ਸੀਸ ਨਿਵਾਈਆ। ਦਰ ਤੇਰੇ ਨਿਵਾ ਕੇ ਸੀਸ, ਸਵਾਮੀ ਤੇਰੀ ਆਸ ਤਕਾਈਆ। ਤੂੰ ਮਾਲਕ ਇਕ ਜਗਦੀਸ਼, ਜਗਦੀਸ਼ਰ ਧੁਰਦਰਗਾਹੀਆ। ਤੇਰਾ ਲੇਖਾ ਬੀਸ ਇਕੀਸ, ਨਿਰਗੁਣ ਸਰਗੁਣ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਰਹੀ ਬੀਤ, ਆਪਣਾ ਆਪ ਪੰਧ ਮੁਕਾਈਆ। ਤੂੰ ਅਗਲੀ ਦੱਸ ਦੇ ਰੀਤ, ਰੀਤੀਵਾਨ ਪਰਦਾ ਆਪ ਉਠਾਈਆ। ਕਿਸ ਬਿਧ ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬਿਆਂ ਕਰੇ ਰੁਸ਼ਨਾਈਆ। ਆਤਮ ਪਰਮਾਤਮ ਗਾਵੇ ਗੀਤ, ਢੋਲਾ ਅਗੰਮ ਅਥਾਹੀਆ। ਝਗੜਾ ਰਹੇ ਨਾ ਊਚ ਨੀਚ, ਨੀਚਾਂ ਊਚਾਂ ਆਪਣਾ ਰੰਗ ਰੰਗਾਈਆ। ਤੇਰਾ ਇਕੋ ਨਾਮ ਕਲਮਾ ਹੋਏ ਹਦੀਸ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਹਰ ਘਟ ਅੰਦਰ ਵਸੇ ਚੀਤ, ਜਗਤ ਠਗੌਰੀ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲੇ ਆਪਣੀ ਦੱਸ ਹਕ ਪ੍ਰੀਤ, ਪ੍ਰੀਤਮ ਮੇਲਾ ਮੇਲੇ ਸਹਿਜ ਸੁਭਾਈਆ। ਧਰਨੀ ਕਹੇ ਮੈਂ ਚਾਹੁੰਦੀ ਮੇਰੇ ਉਤੇ ਸਭ ਦੀ ਅੰਦਰੋਂ ਬਦਲ ਦੇ ਨੀਤ, ਨੀਤੀਵਾਨ ਆਪਣੀ ਦਇਆ ਕਮਾਈਆ। ਮੈਂ ਆਦਿ ਜੁਗਾਦੀ ਨਿਮਾਣੀ ਕੋਝੀ ਕਮਲੀ ਕੀਟਨ ਕੀਟ, ਕੀਟ ਕੀਟਾ ਰੂਪ ਸਮਾਈਆ। ਤੂੰ ਮੇਰਾ ਮਾਲਕ ਇਕ ਮੀਤ, ਮਿਤਰ ਪਿਆਰਾ ਨੂਰ ਅਲਾਹੀਆ। ਮੈਨੂੰ ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਨ ਧਨੀ ਤੇਰੀ ਆਸ ਰਖਾਈਆ। ਮੇਰੀ ਅਗਨੀ ਕਰ ਦੇ ਠਾਂਡੀ ਸੀਤ, ਤਤਵ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਸਤਿ ਦੀ ਦੇ ਪ੍ਰੀਤ, ਪ੍ਰੀਤਮ ਪੀਆ ਹੋ ਕੇ ਵਿਛੜ ਕਦੇ ਨਾ ਜਾਈਆ।
੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੜਿਕ ਜ਼ਿਲਾ ਫ਼ਿਰੋਜ਼ਪੁਰ ਮਹਿੰਦਰ ਕੌਰ ਦੇ ਗ੍ਰਹਿ
ਨੇਤਰ ਰੋ ਕੇ ਕਹਿਣ ਰਵ ਸਸ, ਸੂਰੀਆ ਚੰਦ ਚੰਦ ਕੁਰਲਾਈਆ। ਪ੍ਰਭੂ ਕਲਜੁਗ ਮੇਟ ਅੰਧੇਰੀ ਮੱਸ, ਸਾਡਾ ਨੂਰ ਕੰਮ ਕਿਸੇ ਨਾ ਆਈਆ। ਸਾਚਾ ਮਾਰਗ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ, ਦਹਿ ਦਿਸ਼ਾ ਦੇ ਸਮਝਾਈਆ। ਮਨੂਆ ਸਤਿਗੁਰ ਆਪਣੇ ਕਰ ਵਸ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਅੰਮ੍ਰਿਤ ਆਤਮ ਦੇ ਦੇ ਰਸ, ਝਿਰਨਾ ਧੁਰ ਦਾ ਨਾਮ ਝਿਰਾਈਆ। ਸ਼ਬਦ ਅਣਿਆਲਾ ਤੀਰ ਮਾਰ ਕਸ, ਬਜਰ ਕਪਾਟੀ ਕੁੰਡਾ ਦੇ ਖੁਲਾਈਆ। ਕੂੜ ਵਿਕਾਰ ਚਰਨਾਂ ਹੇਠ ਝੱਸ, ਮਾਇਆ ਮਮਤਾ ਮੋਹ ਗਵਾਈਆ। ਅਸੀਂ ਪੰਧ ਮੁਕਾਇਆ ਜੁਗ ਚੌਕੜੀ ਤੇਰਾ ਨੱਸ ਨੱਸ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਰਵ ਸਸ ਕਹਿਣ ਪ੍ਰਭੂ ਕਲਜੁਗ ਕੂੜ ਮੇਟ ਅਗਿਆਨ, ਅਗਨੀ ਅੱਗ ਨਾ ਕੋਇ ਬੁਝਾਈਆ। ਸਾਡੀ ਬੇਨੰਤੀ ਕਰ ਪ੍ਰਵਾਨ, ਨਿਵ ਨਿਵ ਸੀਸ ਨਿਵਾਈਆ। ਸਚ ਵਸਤ ਦੇ ਦੇ ਦਾਨ, ਦਾਤ ਅਨਮੁੱਲ ਝੋਲੀ ਦੇਣੀ ਪਾਈਆ। ਤੂੰ ਆਤਮ ਧਾਰ ਪਰਮਾਤਮ ਲੱਖ ਚੁਰਾਸੀ ਦਾ ਕਾਹਨ, ਰਮਈਆ ਰਾਮ ਨਜ਼ਰੀ ਆਈਆ। ਮੇਰੇ ਨੂਰ ਅਲਾਹੀ ਅਮਾਮ, ਬੇਐਬ ਧੁਰਦਰਗਾਹੀਆ। ਮੇਰੀ ਬੇਨੰਤੀ ਤੇਰੇ ਚਰਨ ਕਵਲ ਪ੍ਰਨਾਮ, ਝੁਕ ਝੁਕ ਸੀਸ ਨਿਵਾਈਆ। ਅਸੀਂ ਜੁਗ ਚੌਕੜੀ ਤੇਰੇ ਗ਼ੁਲਾਮ, ਚਾਕਰ ਹੋ ਕੇ ਸੇਵ ਕਮਾਈਆ। ਅਸੀਂ ਵੇਖੀਏ ਨਿਗਾਹ ਨਾਲ ਧਿਆਨ, ਧਰਨੀ ਧਰਤ ਧਵਲ ਧੌਲ ਉਤੇ ਅੱਖ ਉਠਾਈਆ। ਮਾਨਵ ਜ਼ਾਤੀ ਤੇਰੀ ਹੋਈ ਬੇਈਮਾਨ, ਬੇਵਾ ਰੂਪ ਦਿਸੇ ਲੋਕਾਈਆ। ਤੂੰ ਕਿਰਪਾ ਕਰ ਸ੍ਰੀ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਰਵ ਸਸ ਕਹਿਣ ਅਸੀਂ ਦਿਵਸ ਰੈਣ ਫਿਰਦੇ, ਭੱਜੇ ਵਾਹੋ ਦਾਹੀਆ। ਤੇਰੇ ਖੇਲ ਵੇਖੀਏ ਚਿਰ ਦੇ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਅੰਤ ਪ੍ਰਭ ਕਿਸੇ ਦੇ ਸਾਫ਼ ਰਹੇ ਨਹੀਂ ਹਿਰਦੇ, ਹਿਰਦੇ ਵਿਚ ਨਾ ਕੋਈ ਤੈਨੂੰ ਵਸਾਈਆ। ਆਪਣੀ ਮੰਜ਼ਲ ਉਤੋਂ ਸਾਰੇ ਵੇਖੇ ਗਿਰਦੇ, ਗਰਦਿਸ਼ ਵਿਚ ਲੋਕਾਈਆ। ਪਿਆਰ ਰਹੇ ਨਹੀਂ ਤੇਰੇ ਪਿਰ ਦੇ, ਪੀਆ ਪ੍ਰੀਤਮ ਤੇਰਾ ਮੇਲ ਨਾ ਕੋਇ ਮਿਲਾਈਆ। ਬਿਨ ਤੇਰੀ ਕਿਰਪਾ ਸਾਰੇ ਜਾਂਦੇ ਵਿਛੜਦੇ, ਵਿਛੋੜਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਮਾਇਆ ਮਮਤਾ ਭਰੇ ਚਿੱਕੜ ਦੇ, ਦੁਰਮਤ ਮੈਲ ਨਾ ਕੋਇ ਧਵਾਈਆ। ਸ੍ਰੀ ਭਗਵਾਨਾ ਜਗਤ ਲੇਖੇ ਕਦੇ ਨਾ ਨਿਬੜਦੇ, ਲਹਿਣਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਰਵ ਸਸ ਕਹਿਣ ਪ੍ਰਭੂ ਅਸੀਂ ਤੱਕੀਏ ਤੇਰੀ ਚੁਰਾਸੀ, ਅੱਠੇ ਪਹਿਰ ਧਿਆਨ ਲਗਾਈਆ। ਤੂੰ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਤੇਰੀ ਮੰਡਲਾਂ ਵਾਲੀ ਰਾਸੀ, ਜੋ ਗ੍ਰਹਿ ਸਾਡੇ ਰਹੀ ਸੁਹਾਈਆ। ਸਾਡੇ ਅੰਦਰ ਆਈ ਉਦਾਸੀ,
ਸਤਿਗੁਰ ਸ਼ਬਦ ਸ਼ਬਦ ਸੁਣਾਈਆ। ਸਾਨੂੰ ਐਂ ਜਾਪਦਾ ਕਲਜੁਗ ਜੀਵ ਰਾਏ ਧਰਮ ਦੀ ਚੜ੍ਹਨ ਵਾਲੇ ਫਾਸੀ, ਜਮ ਕਾ ਫਾਸ ਨਾ ਕੋਇ ਕਟਾਈਆ। ਰਸਨਾ ਜਿਹਵਾ ਸਭ ਦੀ ਹੋ ਗਈ ਮਦਿਰਾ ਮਾਸੀ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼ੀ, ਦੋ ਜਹਾਨ ਵੱਜੇ ਵਧਾਈਆ। ਸਾਡੀ ਪੂਰੀ ਕਰ ਦੇ ਆਸੀ, ਆਪ ਆਪਣਾ ਰੰਗ ਰੰਗਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸੀ, ਸ਼ਾਹ ਸੁਲਤਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਦਰ ਆਦਿ ਜੁਗਾਦੀ ਵਾਸੀ, ਵਾਸਤਾ ਸਭ ਦੇ ਨਾਲ ਰਖਾਈਆ।
੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਾਮੂਵਾਲਾ ਜ਼ਿਲਾ ਫ਼ਰੀਦਕੋਟ ਗੁਰਦਿਆਲ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਾਹਿਬ ਸੂਰੇ ਸਰਬੰਗਾ, ਸਚ ਸਵਾਮੀ ਹੋਣਾ ਅੰਤ ਸਹਾਈਆ। ਮੇਰੀ ਜੁਗ ਚੌਕੜੀ ਇਕੋ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿ ਪਿਆਰ ਦਾ ਚਾੜ੍ਹ ਦੇ ਰੰਗਾ, ਮਾਨਸ ਮਾਨਵ ਆਪਣੇ ਰੰਗ ਰੰਗਾਈਆ। ਕੂੜੀ ਕਿਰਿਆ ਮੇਟ ਦੇ ਦੰਗਾ, ਸਤਿ ਧਰਮ ਦੇ ਉਪਜਾਈਆ। ਤੇਰਾ ਨਾਮ ਨਿਧਾਨਾ ਸਭ ਤੋਂ ਲੱਗੇ ਚੰਗਾ, ਚਾਰੋਂ ਕੁੰਟ ਵੱਜੇ ਵਧਾਈਆ। ਮਾਇਆ ਮੋਹ ਮਿਟਾ ਦੇ ਧੰਦਾ, ਸਾਂਤਕ ਸਤਿ ਸਤਿ ਵਰਤਾਈਆ। ਕਲਜੁਗ ਜੀਵ ਰਹੇ ਨਾ ਅੰਧਾ, ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਪ੍ਰੇਮ ਪਿਆਰ ਦਾ ਬਣਾ ਬੰਦਾ, ਬੰਦਗੀ ਵਿਚ ਸਰਬ ਸਮਾਈਆ। ਤੇਰਾ ਪ੍ਰਕਾਸ਼ ਹੋਵੇ ਨੂਰ ਅਲਾਹੀ ਚੰਦਾ, ਚੰਦ ਚਾਂਦਨੇ ਕਰ ਰੁਸ਼ਨਾਈਆ। ਲੇਖਾ ਜਾਣ ਲੈ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਆਤਮ ਪਰਮਾਤਮ ਪਾ ਦੇ ਗੰਢਾ, ਗੰਢਣਹਾਰ ਹੋਣਾ ਸਹਾਈਆ। ਮੇਰਾ ਭਾਰ ਉਠਾ ਸਕੇ ਨਾ ਕੰਧਾ, ਪਾਪਾਂ ਭਰੀ ਖ਼ਲਕ ਖ਼ੁਦਾਈਆ। ਸ੍ਰੀ ਭਗਵਾਨ ਤੇਰਾ ਖੇਲ ਤੱਕਾਂ ਅਚੰਭਾ, ਚਾਰ ਜੁਗ ਤੋਂ ਵੱਖਰਾ ਦੇਣਾ ਵਖਾਈਆ। ਵਿਛੋੜਾ ਰਹੇ ਮੂਲ ਨਾ ਲੰਬਾ, ਲਮਹ ਲਮਹ ਤੇਰੀ ਓਟ ਤਕਾਈਆ। ਮੈਂ ਭੈ ਵਿਚ ਭਗਵਾਨ ਤੇਰੇ ਕੋਲੋਂ ਕੰਬਾ, ਥਰਥਰਾਹਟ ਵਿਚ ਕੁਰਲਾਈਆ। ਝਗੜਾ ਮੇਟ ਦੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਮੈਂ ਧਰਨੀ ਪੁਕਾਰਦੀ ਸਭ ਦੀ ਅੰਮਾ, ਅੰਮੜੀ ਹੋ ਕੇ ਦਿਆਂ ਸੁਣਾਈਆ। ਮੇਰੇ ਉਤੇ ਹਰਖ ਸੋਗ ਰਹੇ ਨਾ ਗ਼ਮਾ, ਚਿੰਤਾ ਚਿਖਾ ਦੇਣੀ ਮਿਟਾਈਆ। ਸਚ ਜੋਤ ਜਗਾ ਦੇ ਸ਼ਮਅ, ਸ਼ਾਮ ਅੰਧੇਰਾ ਰਹੇ ਨਾ ਰਾਈਆ। ਮੈਂ ਤੇਰਾ ਹੁਕਮ ਮੰਨਾ ਨਿਵ ਨਿਵ ਲਾਗਾਂ ਪਾਈਂਆ। ਤੂੰ ਵੀ ਤੱਕ ਲੈ ਗੋਬਿੰਦ ਵਾਲਾ ਕੰਨਾ, ਕਾਇਨਾਤ ਖੋਜ ਖੁਜਾਈਆ। ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਮਿਹਰ ਨਾਲ ਬਦਲ ਦੇ ਸਮਾਂ, ਸਮਝ ਸਮਝ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਕਰ ਦੇ ਮਿਹਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਸ਼ਹਿਨਸ਼ਾਹ ਬੱਬਰ ਕੇਹਰ, ਭਬਕ ਇਕੋ ਦੇ ਸੁਣਾਈਆ। ਸਦੀ ਚੌਧਵੀਂ ਨਾ ਲਾਈਂ ਦੇਰ, ਦੂਰ ਦੁਰਾਡੇ ਹੋਣਾ ਆਪ ਸਹਾਈਆ। ਮੇਰਾ ਵਕਤ ਸੁਹਾ ਦੇ ਨੇਰਨ ਨੇਰ, ਗ੍ਰਹਿ ਮੇਰੇ ਵੱਜੇ ਵਧਾਈਆ। ਝਗੜਾ ਮੇਟ ਦੇ ਮੇਰ ਤੇਰ, ਤੂੰ ਮੇਰਾ ਮੈਂ ਤੇਰਾ ਸਭ ਨੂੰ ਦੇ ਸਮਝਾਈਆ। ਦਹਿ ਦਿਸ਼ਾ ਨਾ ਰਹੇ ਅੰਧੇਰ, ਚਾਰ ਕੁੰਟ ਕਰ ਰੁਸ਼ਨਾਈਆ। ਮੇਰਾ ਲੇਖਾ ਦੇ ਨਬੇੜ, ਸਿਰ
ਮੇਰੇ ਹੱਥ ਟਿਕਾਈਆ। ਮੇਰਾ ਚੌਥੇ ਜੁਗ ਦਾ ਵੇਖ ਲੈ ਗੇੜ, ਕਲਜੁਗ ਆਪਣੀ ਕਲ ਕੀ ਵਰਤਾਈਆ। ਦੀਨਾ ਮਜ਼੍ਹਬਾਂ ਰਿਹਾ ਭੇੜ, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭੂ ਸਤਿ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਏਕ, ਇਕ ਇਕੱਲੇ ਦਿਆਂ ਜਣਾਈਆ। ਬਖ਼ਸ਼ ਦੇ ਸਾਚੀ ਟੇਕ, ਟਿੱਕੇ ਖ਼ਾਕ ਰਮਾਈਆ। ਮੇਰਾ ਅੰਤਸ਼ਕਰਨ ਕਰ ਬਿਬੇਕ, ਅਗਨੀ ਤਤ ਨਾ ਲਾਗੇ ਰਾਈਆ। ਮੈਂ ਸਤਿ ਸਰੂਪ ਤੈਨੂੰ ਲਵਾਂ ਵੇਖ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜਾਤੇ ਤੇਰਾ ਅਵੱਲੜਾ ਭੇਖ, ਭੇਖਾਧਾਰੀ ਸੋਭਾ ਪਾਈਆ। ਮੇਰੇ ਜਨਮ ਕਰਮ ਦੀ ਬਦਲ ਦੇ ਰੇਖ, ਲੇਖਾ ਆਪਣੇ ਹੱਥ ਵਖਾਈਆ। ਮੈਨੂੰ ਯਾਦ ਆਉਂਦਾ ਗੋਬਿੰਦ ਵਾਲਾ ਸੰਦੇਸ਼, ਜੋ ਸੰਧਿਆ ਸਰਘੀ ਤੋਂ ਬਾਹਰ ਸੁਣਾਈਆ। ਤੂੰ ਆਉਣਾ ਮੇਰੇ ਦੇਸ਼ ਗ੍ਰਹਿ ਆਪਣੇ ਹੱਥ ਟਿਕਾਈਆ। ਜਨ ਭਗਤਾਂ ਕਰਨਾ ਹੇਤ, ਪ੍ਰੀਤਮ ਹੋ ਕੇ ਪ੍ਰੇਮ ਬਣਾਈਆ। ਸਦਾ ਰੁੱਤ ਬਸੰਤੀ ਰਖਣੀ ਚੇਤ, ਚਾਤ੍ਰਕ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਸ਼ਾਹ ਸ਼ਹਾਨੇ ਨਰ ਨਰੇਸ਼, ਨਰ ਹਰਿ ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ।
੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਾਲਬ ਰਣ ਸਿੰਘ ਵਾਲਾ ਜ਼ਿਲਾ ਲੁਧਿਆਣਾ ਗੁਰਨਾਮ ਸਿੰਘ ਦੇ ਗ੍ਰਹਿ
ਪੁਰਖ ਅਕਾਲ ਦਾ ਕਰੋ ਧੰਨਵਾਦ, ਜੋ ਮੰਦਭਾਗਿਆਂ ਭਾਗ ਦਏ ਬਣਾਈਆ। ਦੁਰਮਤ ਮੈਲ ਧੋਵੇ ਦਾਗ਼, ਕਰਮ ਕਾਂਡ ਦੀ ਕਰੇ ਸਫ਼ਾਈਆ। ਅੰਤਰ ਦੀਪਕ ਜੋਤ ਜਗਾ ਚਰਾਗ਼, ਅੰਧ ਅੰਧੇਰ ਦਏ ਮਿਟਾਈਆ। ਸ਼ਬਦੀ ਧੁਨ ਮਾਰ ਕੇ ਆਵਾਜ਼, ਸੋਈ ਸੁਰਤ ਆਪ ਉਠਾਈਆ। ਨਿਜ ਨੇਤਰ ਖੋਲ ਕੇ ਜਾਗ, ਲੋਚਨ ਪਰਦੇ ਆਪ ਉਠਾਈਆ। ਦੇਵੇ ਦਰਸ ਪਰਮ ਪੁਰਖ ਪ੍ਰਭ ਆਪ, ਆਪਣੀ ਦਇਆ ਕਮਾਈਆ। ਜਨਮ ਕਰਮ ਦਾ ਮੇਟੇ ਪਾਪ, ਦੁਖੀਆਂ ਦੁੱਖ ਗਵਾਈਆ। ਹਰਖ ਸੋਗ ਨਾ ਰਹੇ ਸੰਤਾਪ, ਦੇਵੇ ਮਾਣ ਵਡਿਆਈਆ। ਝਗੜਾ ਮੇਟ ਕੇ ਜ਼ਾਤ ਪਾਤ, ਆਤਮ ਬ੍ਰਹਮ ਦਏ ਸਮਝਾਈਆ। ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਇਕ ਅਖਵਾਈਆ। ਘਰ ਮੰਦਰ ਖੋਲ ਕੇ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਜ਼ਰੀ ਆਵੇ ਸਾਖਿਆਤ, ਸੋ ਪੁਰਖ ਨਿਰੰਜਣ ਅਗੰਮ ਅਥਾਹੀਆ। ਹਰਿ ਪੁਰਖ ਨਿਰੰਜਣ ਦੇਵੇ ਦਾਤ, ਦਇਆਵਾਨ ਦਇਆ ਕਮਾਈਆ। ਏਕੰਕਾਰਾ ਪੁਛੇ ਵਾਤ, ਭੇਵ ਅਭੇਦਾ ਆਪ ਖੁਲਾਈਆ। ਆਦਿ ਨਿਰੰਜਣ ਕਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਸਚ ਜੋੜ ਕੇ ਨਾਤ, ਨਾਤਾ ਆਪਣੇ ਨਾਲ ਰਖਾਈਆ। ਸ੍ਰੀ ਭਗਵਾਨ ਵਖਾਵੇ ਖੇਲ ਤਮਾਸ਼, ਤਮਾਸ਼ਬੀਨ ਆਪਣਾ ਪਰਦਾ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜੋ ਸਦ ਸਦ ਵਸੇ ਸਾਥ, ਸਗਲਾ ਸੰਗ ਬਣਾਈਆ। ਜਿਸ ਮਾਣ ਵਡਿਆਈ ਦਿਤੀ ਸਹਾਈ ਹੋਣਾ ਅਨਾਥਾਂ ਨਾਥ, ਦੀਨਨ ਗਲੇ ਲਗਾਈਆ। ਤਿਸ ਸਾਹਿਬ ਦਾ ਸਾਰੇ ਮਿਲ ਕੇ ਕਰੋ ਧੰਨਵਾਦ, ਜਿਸ ਮਾਨਸ ਜਨਮ ਜਨਮ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪੁਰਖ ਆਪਣੀ ਦਇਆ ਕਮਾਈਆ। ਧੰਨ ਭਾਗ ਕਹੋ ਪੁਰਖ ਅਕਾਲ, ਅਕਲ
ਕਲਧਾਰੀ ਇਕ ਅਖਵਾਈਆ। ਜੋ ਆਦਿ ਜੁਗਾਦੀ ਦੀਨ ਦਿਆਲ, ਦੀਨਾ ਬੰਧਪ ਬੇਪ੍ਰਵਾਹੀਆ। ਜੋ ਦਰਸ ਵਖਾਵੇ ਕਾਇਆ ਮੰਦਰ ਸੱਚੀ ਧਰਮਸਾਲ, ਗੁਰੂਦਵਾਰਾ ਇਕੋ ਇਕ ਸੁਹਾਈਆ। ਹਰਿ ਭਗਤ ਸੁਹੇਲੇ ਬਣਾਏ ਆਪਣੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਕਾਲ ਚਲੇ ਨਾ ਕੋਇ ਚਤੁਰਾਈਆ। ਚੁਰਾਸੀ ਵਿਚੋਂ ਕਰੇ ਬਹਾਲ, ਜਮ ਕੀ ਫਾਸੀ ਨਾ ਕੋਇ ਲਟਕਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਸਤਿਗੁਰ ਧੁਰਦਰਗਾਹੀਆ। ਸਭ ਦਾ ਜੀਵਣ ਹੱਲ ਕਰੇ ਸਵਾਲ, ਜਵਾਬ ਦੀ ਲੋੜ ਰਹੇ ਨਾ ਰਾਈਆ। ਜੋ ਭਗਤਾਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਇਕ ਅਖਵਾਈਆ। ਓਸੇ ਦੇ ਪਿਆਰ ਵਿਚ ਘਾਲੋ ਘਾਲ, ਜੋ ਘਾਇਲ ਆਪਣਾ ਆਪ ਕਰਾਈਆ। ਬਿਨ ਸਤਿਗੁਰ ਸ਼ਬਦ ਨਾ ਦਿਸੇ ਕੋਇ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਧੰਨਵਾਦ ਕਰੋ ਓਸ ਦਾ ਜੋ ਨਾਮ ਦਾ ਦੇਵੇ ਧਨ ਮਾਲ, ਖ਼ਜ਼ਾਨਾ ਅਤੋਟ ਅਤੁਟ ਵਰਤਾਈਆ। ਜੋ ਭਾਗ ਲਗਾਏ ਕਾਇਆ ਮਾਟੀ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਧੰਨਵਾਦ ਕਰੋ ਓਸ ਸਾਹਿਬ ਮਰਗਿੰਦ, ਜੋ ਮਹਾਬਲੀ ਅਖਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਸੁਰਪਤ ਇੰਦ, ਗਣ ਗੰਧਰਵ ਸੀਸ ਨਿਵਾਈਆ। ਜਿਸ ਦਾ ਖੇਲ ਲੱਖ ਚੁਰਾਸੀ ਜੀਉ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਜੋ ਅੰਮ੍ਰਿਤ ਧਾਰਾ ਦੇਵੇ ਸਾਗਰ ਸਿੰਧ, ਗਹਿਰ ਗਵਰ ਆਪ ਵਰਤਾਈਆ। ਜਿਸ ਦੀਨ ਦੁਨੀ ਵਿਚ ਸਭ ਦੀ ਮੇਟਣੀ ਚਿੰਦ, ਚਿੰਤਾ ਚਿਖਾ ਦੂਰ ਕਰਾਈਆ। ਪੂਜਾ ਰਹਿਣ ਨਹੀਂ ਦੇਣੀ ਕਿਸੇ ਬੁਤ ਸਰੀਰ ਲਿੰਗ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਜਿਸ ਨੇ ਆਤਮ ਧਾਰ ਪ੍ਰਗਟਾਉਣੀ ਬਿੰਦ, ਬਿੰਦਰਾਬਨ ਦੇ ਕਾਹਨ ਜਿਸ ਨੂੰ ਸੀਸ ਨਿਵਾਈਆ। ਸੋ ਸਾਹਿਬ ਸਵਾਮੀ ਹੋਵੇ ਬਖ਼ਸ਼ਿੰਦ, ਬਖ਼ਸ਼ਣਹਾਰ ਅਗੰਮ ਅਥਾਹੀਆ। ਉਸ ਦਾ ਲੇਖਾ ਲਹਿਣਾ ਦੇਣਾ ਨਵ ਖੰਡ ਸੱਤ ਦੀਪ ਜੋਤ ਪ੍ਰਗਟਾਏ ਵਿਚ ਹਿੰਦ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਨਾਮ ਨਿਧਾਨ ਦੀ ਤਨ ਵਜੂਦਾਂ ਅੰਦਰ ਸਤਿ ਸੁਰੰਗੀ ਵਾਲੀ ਵੱਜਣੀ ਕਿੰਗ, ਨਾਮ ਸਿਤਾਰ ਸਤਿ ਸਤਿਗੁਰ ਨਾਨਕ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਧੁਰਦਰਗਾਹੀਆ। ਧੰਨਭਾਗ ਕਹੋ ਸਾਹਿਬ ਪੁਰਖ ਨਿਰੰਜਣ ਆਦਿ ਨਿਰੰਜਣ ਸੀਸ ਨਿਵਾਈਆ। ਜੋ ਦਾਤਾ ਦੀਨ ਦਿਆਲ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਜਿਸ ਦੇ ਕੋਲੋਂ ਜੁਗ ਚੌਕੜੀ ਸਾਰੇ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਉਹ ਸਾਹਿਬ ਸਭ ਨੂੰ ਚਾੜ੍ਹੇ ਅਗੰਮੀ ਰੰਗਣ, ਰੰਗਤ ਆਪਣੀ ਆਪ ਰੰਗਾਈਆ। ਆਤਮ ਬ੍ਰਹਮ ਦਾ ਦੇਵੇ ਅਨੰਦਨ, ਸੁਖ ਸਾਗਰ ਵਿਚ ਰਖਾਈਆ। ਸਤਿ ਸਚ ਦਾ ਦੇ ਕੇ ਪ੍ਰੇਮ ਅਨੰਦਨ, ਬਿਨਾ ਅਨੰਦ ਅਨੰਦ ਵਖਾਈਆ। ਕੂੜੀ ਕਿਰਿਆ ਕਰੇ ਖੰਡਨ, ਖੰਡਾ ਖੜਗ ਨਾਮ ਉਠਾਈਆ। ਲੇਖਾ ਜਾਣੇ ਚੰਡ ਪ੍ਰਚੰਡਣ, ਵਰਭੰਡ ਧਿਆਨ ਲਗਾਈਆ। ਜੋ ਸਭ ਦੇ ਮੇਟੇ ਬੰਧਨ, ਬੰਦਗੀ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਧੰਨ ਭਾਗ ਕਹੋ ਏਕਾ ਏਕੰਕਾਰ, ਅਕਲ ਕਲਧਾਰੀ ਜੋ ਅਖਵਾਈਆ। ਜਿਸ ਕੀਤਾ ਸਰਬ ਪਸਾਰ, ਪਸਰ ਪਸਾਰੀ ਨਾਉਂ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾ ਕੇ ਸੇਵਾਦਾਰ, ਸੰਘਾਰੀ ਭੰਡਾਰੀ ਸੰਸਾਰੀ ਦਏ ਵਡਿਆਈਆ। ਖੇਲ ਕਰੇ ਜੁਗ ਚਾਰ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਦਾ ਲੇਖਾ
ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਭੇਵ ਚੁਕਾਈਆ। ਜਿਸ ਦਾ ਹੁਕਮ ਸੰਦੇਸਾ ਸਤਿਗੁਰ ਦੇਵੇ ਵਿਚ ਸੰਸਾਰ, ਸੰਸਾਰੀ ਬ੍ਰਹਮੇ ਰਿਹਾ ਹਿਲਾਈਆ। ਉਠ ਕੇ ਖੇਲ ਵੇਖ ਲੈ ਓਸ ਅਗੰਮੇ ਯਾਰ, ਜਿਸ ਦਾ ਯਰਾਨਾ ਵੇਖਣ ਕੋਇ ਨਾ ਪਾਈਆ। ਜੋ ਲਹਿਣੇ ਦੇਣੇ ਦੇਵੇ ਕਰਜ਼ ਉਤਾਰ, ਲੇਖੇ ਸਭ ਦੇ ਝੋਲੀ ਪਾਈਆ। ਬ੍ਰਹਮਾ ਨਿਵ ਨਿਵ ਕਰੇ ਨਿਮਸਕਾਰ, ਸ਼ੰਕਰ ਰਿਹਾ ਜਣਾਈਆ। ਕੈਲਾਸ਼ਾ ਵਾਲੇ ਤੂੰ ਆਪਣੀ ਕਰ ਲੈ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਵਿਸ਼ਨੂੰ ਭੇਵ ਦੱਸ ਅਪਾਰ, ਅਪਰੰਪਰ ਦੇ ਸਮਝਾਈਆ। ਨਿਗਾਹ ਮਾਰ ਲੈ ਧਰਤੀ ਉਤੇ ਸੰਸਾਰ, ਚਾਰੋਂ ਕੁੰਟ ਅੱਖ ਉਠਾਈਆ। ਧਰਮ ਰਿਹਾ ਨਾ ਕਾਇਆ ਮੰਦਰ ਅੰਦਰ ਦਵਾਰ, ਤਨ ਵਜੂਦ ਨਾ ਕੋਇ ਵਡਿਆਈਆ। ਨੌ ਸੱਤ ਹਾਹਾਕਾਰ, ਹਸਤ ਕੀਟ ਰਹੇ ਕੁਰਲਾਈਆ। ਸ਼ਾਹ ਸੁਲਤਾਨ ਅਦਲ ਕਰੇ ਨਾ ਕੋਇ ਸਚ ਦੀ ਧਾਰ, ਇਨਸਾਫ਼ ਹੱਥ ਨਾ ਕੋਇ ਫੜਾਈਆ। ਧਰਨੀ ਰੋਵੇ ਧਾਹਾਂ ਮਾਰ, ਦਰੋਹੀ ਕਰ ਸੁਣਾਈਆ। ਸ਼ਾਸਤਰ ਸਿਮਰਤ ਰਹੇ ਉਚਾਰ, ਉਚੀ ਕੂਕ ਕੂਕ ਜਣਾਈਆ। ਕਿਰਪਾ ਕਰ ਦੇ ਸਾਂਝੇ ਯਾਰ, ਕਿਰਪਨ ਵੇਖ ਵਖਾਈਆ। ਭਾਗ ਲਗਾ ਦੇ ਜਨ ਭਗਤਾਂ ਦੇ ਘਰ ਬਾਹਰ, ਗ੍ਰਹਿ ਵਜਦੀ ਰਹੇ ਵਧਾਈਆ। ਤੁਧ ਬਿਨ ਅਵਰ ਨਾ ਕੋਈ ਪਾਵੇ ਸਾਰ, ਮਾਂਹਸਾਰਥੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚਖੰਡ ਨਿਵਾਸੀ ਏਕੰਕਾਰ, ਪਰਵਰਦਿਗਾਰ ਸਾਂਝੇ ਯਾਰ ਨੂਰ ਅਲਾਹ ਬੇਪ੍ਰਵਾਹ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।