ਪੁਸਤਕਾਲਾਭਾਗ ੨੩

੨੬ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ

ਛੱਬੀ ਕੱਤਕ ਕਹੇ ਮੈਂ ਸੰਦੇਸ਼ਾ ਦੇਵਾਂ ਪੋਹ ਛੱਬੀ, ਵਦੀ ਸੁਦੀ ਸੰਗ ਨਾ ਕੋਇ ਰਖਾਈਆ। ਚੁਰਾਸੀ ਗੁਰਮੁਖ ਆਵਣ ਹੱਥ ਬੱਧੀ, ਬੰਦਨਾ ਵਿਚ ਸੀਸ ਨਿਵਾਈਆ। ਚੁਰਾਸੀਆਂ ਦੇ ਹੱਥ ਵਿਚ ਹੋਵੇ ਲਿਖੀ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਚੁਰਾਸੀਆਂ ਕੋਲ ਹੋਵੇ ਨੂਹ ਨੂਹ ਨਦੀ, ਲੇਖਾ ਉਰਦੂ ਵਿਚ ਸਮਝਾਈਆ। ਚੁਰਾਸੀਆਂ ਇਕ ਦੂਜੇ ਨਾਲ ਹੋਵੇ ਗਰਦ ਬੱਧੀ, ਸੋਹਣਾ ਜੋੜ ਜੁੜਾਈਆ। ਚੁਰਾਸੀਆਂ ਲੰਮੀ ਬਾਂਹ ਹੋਵੇ ਕਢੀ, ਖ਼ੁਸ਼ੀਆਂ ਢੋਲੇ ਢੋਲ ਗਾਈਆ। ਚੁਰਾਸੀਆਂ ਲੋਕਮਾਤ ਬਣ ਕੇ ਲਬੀ, ਲਬਾਂ ਲਾਲ ਰੰਗ ਰੰਗਾਈਆ। ਚੁਰਾਸੀਆਂ ਤੁਰਨਾ ਭਾਰ ਪੱਬੀ, ਕਦਮ ਕਦਮ ਨਾਲ ਬਦਲਾਈਆ। ਚੁਰਾਸੀਆਂ ਹੱਥ ਜੋਤ ਹੋਵੇ ਜਗੀ, ਜਗਿਆਸੂਆਂ ਦੇਣ ਸਮਝਾਈਆ। ਚੁਰਾਸੀਆਂ ਲਾਉਂਦੇ ਆਉਣਾ ਅੱਗੀ, ਅਗਨੀ ਤਤ ਤਪਾਈਆ। ਚੁਰਾਸੀਆਂ ਸੀਸ ਹੋਵੇ ਸੱਗੀ, ਸੁਹਾਗੀ ਕੰਤ ਕੰਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਕੱਤਕ ਕਹੇ ਮੈਂ ਸੰਦੇਸ਼ਾ ਦੇਵਾਂ ਪੋਹ ਛੱਬੀ, ਛਹਿਬਰ ਪ੍ਰੇਮ ਵਾਲੀ ਲਗਾਈਆ। ਚੁਰਾਸੀਆਂ ਪੱਗੜੀ ਚਿੱਟੀ ਹੋਵੇ ਬੱਧੀ, ਮੱਥੇ ਤਿਲਕ ਸੰਧੂਰ ਸੁਹਾਈਆ। ਕਰੇ ਖੇਲ ਸੂਰਾ ਸਰਬਗੀ, ਹਰਿ ਕਰਤਾ ਧੁਰਦਰਗਾਹੀਆ। ਜੋ ਭਗਤਾਂ ਸੰਤਾਂ ਲੇਖਾ ਜਾਣੇ ਉਪਰ ਸ਼ਾਹ ਰਗੀ, ਰਘੁਪਤ ਦਾ ਲਹਿਣਾ ਦਏ ਚੁਕਾਈਆ। ਕੂੜੀ ਕਿਰਿਆ ਪੰਧ ਮੁਕਾ ਕੇ ਹੱਦੀ, ਹਦੂਦ ਆਪਣੀ ਦਏ ਵਖਾਈਆ। ਜਿਥੇ ਮੇਲ ਹੁੰਦਾ ਸਬੱਬੀ, ਸਹਿਜ ਨਾਲ ਆਪ ਮਿਲਾਈਆ। ਧੁਰ ਦਾ ਮਿਲਦਾ ਇਕੋ ਪਦੀ, ਪਦ ਯਾਤਰਾ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਜਾਮ ਖ਼ੁਮਾਰੀ ਦੇਵੇ ਮਧੀ, ਰਸ ਇਕੋ ਇਕ ਵਖਾਈਆ। ਦੀਨ ਦੁਨੀ ਵਿਚੋਂ ਬਾਹਰ ਕਢੀ, ਮਾਰਗ ਦੇਵੇ ਸਹਿਜ ਸੁਖਦਾਈਆ। ਚੁਰਾਸੀ ਪੱਗੜੀ ਬੱਧੀ ਹੋਵੇ ਡੱਬੀ, ਚਿੱਟਾ ਲਾਲ ਰੰਗ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਚ ਤੇਰੀ ਵਡਿਆਈਆ। ਛੱਬੀ ਪੋਹ ਕਹੇ ਮੇਰਾ ਦਿਵਸ ਦਿਹਾੜਾ ਆਉਣਾ ਮਾਤ, ਲੋਕ ਪ੍ਰਲੋਕ ਸੁਣਾਈਆ। ਜਗਤ ਸੁਹੰਜਣੀ ਹੋਣੀ ਰਾਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਭਗਤਾਂ ਹੋਣੀ ਸਚ ਜਮਾਤ, ਧੁਰ ਦਾ ਰੰਗ ਵਖਾਈਆ। ਚੁਰਾਸੀਆਂ ਹੱਥ ਵਿਚ ਆਪਣੇ ਕਰਮ ਦੇ ਫੜੇ ਹੋਣ ਕਾਗ਼ਜ਼ਾਤ, ਚੁਰਾਸੀਆਂ ਕੋਲ ਲਿਖਿਆ ਹੋਵੇ ਕਾਇਨਾਤ, ਕਾਇਨਾਤ ਦਾ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਮੈਨੂੰ ਖ਼ੁਸ਼ੀਆਂ ਵਿਚ ਆਉਂਦੀ ਹਾਸੀ, ਹੱਸ ਹੱਸ ਦਿਆਂ ਜਣਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਮੰਡਲ ਮੰਡਪ ਰਾਸੀ, ਦੋ ਜਹਾਨਾਂ ਖੇਲ ਖਿਲਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਨੂਰ ਨੁਰਾਨਾ ਨੂਰ ਅਲਾਹੀਆ। ਜਨ ਭਗਤਾਂ ਕਟੇ ਗਲੋਂ ਜਮ ਕੀ ਫਾਸੀ, ਲੇਖ ਫਾਸੀ ਚੁਰਾਸੀਆਂ ਹੱਥ ਫੜਾਈਆ। ਚੁਰਾਸੀ ਹੋਣ ਰਸਨ ਸਵਾਸੀ, ਅੰਤਰ ਨਿਰੰਤਰ ਢੋਲੇ ਗਾਈਆ। ਚੁਰਾਸੀਆਂ ਹੱਥ ਵਿਚ ਫੜਿਆ ਹੋਵੇ ਲੇਖਾ ਸ਼ੰਕਰ ਕੈਲਾਸ਼ੀ, ਕਲਾਧਾਰ ਕਲ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਵੱਡਾ ਵਡ ਵਡਿਆਈਆ। ਛੱਬੀ ਪੋਹ ਕਹੇ ਮੇਰੀਆਂ ਖ਼ੁਸ਼ੀਆਂ ਵਾਲੀਆਂ ਬਹਾਰਾਂ, ਜਗਤ ਜਹਾਨ ਦਿਆਂ ਜਣਾਈਆ। ਚੁਰਾਸੀਆਂ ਗੁਰਮੁਖਾਂ ਹੋਣ ਨੰਗੀਆਂ ਤਲਵਾਰਾਂ, ਤਿਖੀਆਂ ਧਾਰਾਂ ਨਾਲ ਸੁਹਾਈਆ। ਚੁਰਾਸੀ ਹੋਣ ਨਵਜਵਾਨ ਮੁਟਿਆਰਾਂ, ਹੱਥ ਤੀਰ ਕਮਾਨ ਸੁਹਾਈਆ। ਚੁਰਾਸੀ ਲਾਵਣ ਤੂੰ ਮੇਰਾ ਮੈਂ ਤੇਰਾ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੈਂ ਦੇਵਾਂ ਸ਼ੁਭ ਅਸੀਸ, ਆਸ਼ਿਆਂ ਵਿਚ ਸੁਣਾਈਆ। ਕਿਰਪਾ ਕਰੇ ਮੇਰਾ ਜਗਦੀਸ਼, ਜਗਦੀਸ਼ਰ ਦਇਆ ਕਮਾਈਆ। ਛੱਤਰ ਹੋਵੇ ਜਿਸ ਦੇ ਸੀਸ, ਸੋਹਣੀ ਖ਼ੁਸ਼ੀ ਬਣਾਈਆ। ਪੰਜ ਪਿਆਰੇ ਇਕ ਦੂਜੇ ਦੀ ਕਰਨ ਰੀਸ, ਬਸਤਰ ਪੀਲੇ ਤਨ ਵਡਿਆਈਆ। ਪੰਜ ਲਿਖਾਰੀ ਮਸਤਕ ਲਾ ਕੇ ਲੀਕ, ਲਾਲ ਲਾਈਨ ਲੈਣ ਵਖਾਈਆ। ਪੰਜ ਦਰਬਾਰੀ ਹੱਥ ਵਿਚ ਫੜ ਕੇ ਹਸਤ ਕੀਟ, ਲੇਖਾ ਸਭ ਨੂੰ ਦੇਣਾ ਸਮਝਾਈਆ। ਸਦੀ ਚੌਧਵੀਂ ਦੀ ਗੋਲੀ ਨੀਲਾ ਨਿਸ਼ਾਨ ਬੰਨ੍ਹ ਕੇ ਪੀਠ, ਉਲਟਾ ਤਾਰਾ ਚੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਛੱਬੀ ਕੱਤਕ ਕਹੇ ਜਨ ਭਗਤੋ ਤੁਹਾਡਾ ਘਰ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਪ੍ਰਕਾਸ਼ ਕਰੇ ਆਦਿ ਨਿਰੰਜਣਾ,

ਜੋਤੀ ਜਾਤਾ ਡਗਮਗਾਈਆ। ਦੀਨਾਂ ਨਾਥਾ ਹੋ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਸਾਚੇ ਨਾਮ ਦੀ ਚਾੜ੍ਹ ਕੇ ਰੰਗਣਾ, ਦੁਰਮਤ ਮੈਲ ਧਵਾਈਆ। ਸਭ ਦੀ ਲੇਖੇ ਲਾਵੇ ਬੰਦਨਾ, ਜੋ ਨਿਵ ਨਿਵ ਸੀਸ ਝੁਕਾਈਆ। ਸਤਿਗੁਰ ਸ਼ਬਦ ਅੰਗੀਕਾਰ ਕਰੇ ਅੰਗਣਾ, ਗੋਦੀ ਗੋਦ ਟਿਕਾਈਆ। ਧੂੜੀ ਖ਼ਾਕ ਬਖ਼ਸ਼ ਕੇ ਮਜਣਾ, ਦੁਰਮਤ ਮੈਲ ਧਵਾਈਆ। ਜਿਸ ਦਾ ਨਾਮ ਨਗਾਰਾ ਵੱਜਣਾ, ਜਗਤ ਜਹਾਨ ਕਰੇ ਸ਼ਨਵਾਈਆ। ਸੋ ਸਵਾਮੀ ਸਚ ਦਵਾਰੇ ਸੱਜਣਾ, ਸੋਭਾਵੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੁੱਖ ਦਲਿਦ੍ਰ ਖੰਡਣਾ, ਖੰਡਾ ਖੜਗ ਨਾਮ ਚਮਕਾਈਆ।

੨੯ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਸੁਰਜੀਤ ਸਿੰਘ ਜੇਠੂਵਾਲ ਵਾਲੇ ਦੇ ਛੋਟੇ ਕਾਕੇ ਦੇ ਨਵਿਤ

ਕੱਤਕ ਕਹੇ ਮੇਰਾ ਪ੍ਰਵਿਸ਼ਟਾ ਉਨੱਤੀ, ਉਨਤੀ ਨਾਲ ਜਣਾਈਆ। ਮੈਂ ਸੰਦੇਸ਼ਾ ਦੇਵਾਂ ਦੰਦ ਬੱਤੀ, ਬਤੀਸਾ ਧਾਰ ਨਾਲ ਸਮਝਾਈਆ। ਸਭ ਦਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜਿਸ ਦਾ ਹੁਕਮ ਚਲੇ ਸਦਾ ਜੁਗ ਛੱਤੀ, ਨਾਨਕ ਨਿਰਗੁਣ ਸਰਗੁਣ ਧਾਰ ਦਏ ਗਵਾਹੀਆ। ਹੁਕਮ ਵਿਚ ਫ਼ਰਕ ਰਹੇ ਨਾ ਰਤੀ, ਵਾਧ ਘਾਟ ਨਾ ਕੋਇ ਜਣਾਈਆ। ਕਲਪਣਾ ਦਿਸੇ ਨਾ ਕੋਇ ਮਨ ਮਤੀ, ਮਤ ਮਤਾਂਤਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕੱਤਕ ਕਹੇ ਮੇਰਾ ਅੰਤਸ਼ ਪੁਰਖ ਅਕਾਲ ਇਕ ਅਰਾਧੂ, ਦੂਸਰ ਇਸ਼ਟ ਨਾ ਕੋਇ ਮਨਾਈਆ। ਸਤਿ ਧਰਮ ਦਾ ਜੋ ਆਦਿ ਜੁਗਾਦਿ ਸਾਧੂ, ਸਦ ਸਾਧਨਾ ਵਿਚ ਸਮਾਈਆ। ਜਿਸ ਦਾ ਲੇਖਾ ਨਾਲ ਮੋਹਨ ਮਾਧਵ ਮਾਧੂ, ਮਧੁਰ ਧੁਨ ਨਾਲ ਸ਼ਨਵਾਈਆ। ਜਿਸ ਖੇਲ ਖਿਲਾਇਆ ਗੋਬਿੰਦ ਧਾਰ ਨਾਲ ਦਾਦੂ, ਜਗਤ ਜਹਾਨ ਖ਼ੁਸ਼ੀ ਬਣਾਈਆ। ਸ਼ਬਦ ਅਗੰਮੀ ਮਾਰ ਕੇ ਆਵਾਜ਼ੂ, ਭੇਵ ਅਭੇਦ ਦਿਤਾ ਖੁਲਾਈਆ। ਨਾਮ ਕੰਡੇ ਤੋਲ ਤਰਾਜ਼ੂ, ਵਜ਼ਨ ਸਚ ਦਿਤਾ ਸਮਝਾਈਆ। ਨਾਲ ਉਠਾ ਕੇ ਸੱਜਾ ਬਾਜ਼ੂ, ਬਾਜ਼ਾਂ ਵਾਲੇ ਭੇਵ ਦਿਤਾ ਖੁਲਾਈਆ। ਉਠ ਵੇਖ ਲੈ ਧਰਮ ਧਾਰ ਸਮਾਜੂ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰੀ ਅੰਤ ਸ੍ਰੀ ਭਗਵੰਤ ਰਖੇ ਲਾਜੂ, ਸਿਰ ਆਪਣਾ ਹੱਥ ਟਿਕਾਈਆ। ਜਿਸ ਵੇਲੇ ਪ੍ਰਗਟ ਹੋਇਆ ਦੇਸ਼ ਮਾਝੂ, ਮਜਲਸ ਭਗਤਾਂ ਨਾਲ ਬਣਾਈਆ। ਤੇਰਾ ਲੇਖਾ ਪੂਰਬ ਵੇਖੇ ਨਾਨਕ ਧਾਰ ਬਗ਼ਦਾਦੂ, ਬਹਿਲੋਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਕਰਾਈਆ। ਕੱਤਕ ਕਹੇ ਪਿਛਲਾ ਲੇਖਾ ਨਾਨਕ ਧਾਰ ਬਗ਼ਦਾਦ, ਬਗ਼ਲਗੀਰ ਹੋ ਕੇ ਦਿਆਂ ਜਣਾਈਆ। ਦੀਨ ਦੁਨੀ ਵਿਚੋਂ ਜਾਗ, ਆਲਸ ਨਿੰਦਰਾ ਦੂਰ ਕਰਾਈਆ। ਜਿਹੜਾ ਬਹਿਲੋਲ ਦੇ ਮਕਬਰੇ ਉਤੇ ਜਗਾਉਂਦਾ ਸੀ ਚਰਾਗ਼, ਤੇਲ ਬਾਤੀ ਨਾਲ ਵਡਿਆਈਆ। ਉਹ ਅੰਤਰ ਨਿਰੰਤਰ ਇਕੋ ਇਕ ਨੂੰ ਰਿਹਾ ਅਰਾਧ, ਅੱਲਾ ਕਹਿ ਕੇ ਸੀਸ ਨਿਵਾਈਆ। ਉਸ ਨਾਨਕ ਨਾਲ ਕੀਤਾ ਵਾਦ, ਖ਼ੁਸ਼ੀਆਂ ਢੋਲੇ ਗਾਈਆ। ਜਿਸ ਦਾ ਨਾਮ ਸੀ ਸੁਰਾਜ, ਸੁਰਾਜੁਲਦੌਲਾ ਕਹਿ ਕੇ ਸਾਰੇ ਗਾਈਆ। ਉਹ ਬਿਸਮਿਲ ਹੋ ਕੇ ਸਦਾ ਰਹੇ ਬਿਸਮਾਦ, ਇਕ ਧਿਆਨ ਰਖਾਈਆ। ਨਾਨਕ ਦੀ ਸਰਗੁਣ ਧਾਰ ਸੁਣ ਰਬਾਬ, ਖ਼ੁਸ਼ੀਆਂ ਵਿਚ ਸੀਸ ਨਿਵਾਈਆ। ਮੈਨੂੰ

ਤੇਰਾ ਬੜਾ ਅੱਛਾ ਲੱਗੇ ਮਜਾਜ਼, ਪੀਰ ਦਸਤਗੀਰ ਤੇਰੀ ਵਡਿਆਈਆ। ਮੇਰੇ ਅੰਤਰ ਆਉਣੀ ਤੇਰੀ ਯਾਦ, ਹਿਰਦੇ ਰਹੀ ਉਠਾਈਆ। ਸਚ ਮੁਹੱਬਤ ਗਈ ਲਾਗ, ਸਕੇ ਨਾ ਕੋਇ ਤੁੜਾਈਆ। ਕੀ ਤੇਰਾ ਸਚ ਸਮਾਜ, ਮੈਨੂੰ ਦੇ ਸਮਝਾਈਆ। ਕੀ ਲਹਿਣਾ ਦੇਣਾ ਆਜ, ਭੇਵ ਦੇਣਾ ਖੁਲਾਈਆ। ਮੈਂ ਚਾਹੁੰਦਾ ਮੈਂ ਵੀ ਬਣਾਂ ਤੇਰਾ ਪਿਆਰ ਵਾਲਾ ਸਾਧ, ਸਚ ਸਾਧਨਾ ਵਿਚ ਸਮਾਈਆ। ਝਟ ਨਾਨਕ ਖੋਲ ਕੇ ਦੱਸਿਆ ਰਾਜ਼, ਭੇਵ ਦਿਤਾ ਸਮਝਾਈਆ। ਤੇਰਾ ਲਹਿਣਾ ਹੋਵੇ ਮੇਰੇ ਤੋਂ ਬਾਦ, ਗੋਬਿੰਦ ਧਾਰ ਦਸ ਦਸ ਸਮਝਾਈਆ। ਜਿਸ ਦੇ ਹੱਥ ਵਿਚ ਸੋਹਣਾ ਬਾਜ, ਬਾਜ਼ੀ ਤੇਰੀ ਜੀਵਣ ਵਾਲੀ ਦਏ ਬਦਲਾਈਆ। ਹੁਣ ਦੀਨ ਦੁਨੀ ਜਾਣੀ ਛਾਡ, ਤਨ ਵਜੂਦ ਮਕਬਰੇ ਵਿਚ ਦਬਾਈਆ। ਫੇਰ ਹੋਵਣ ਵਡ ਵਡ ਭਾਗ, ਮਿਲੇ ਮਾਣ ਵਡਿਆਈਆ। ਤੇਰਾ ਲੇਖਾ ਲਹਿਣਾ ਦੇਣਾ ਕਦੇ ਨਾ ਭੁਲੇ ਯਾਦ, ਯਾਦਦਾਸ਼ਤ ਆਪਣੇ ਨਾਲ ਰਖਾਈਆ। ਸਤਿਗੁਰ ਸ਼ਬਦ ਮਾਰੇ ਆਵਾਜ਼, ਸੁੱਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਨਕ ਕਿਹਾ ਤੈਨੂੰ ਦੇਵਾਂ ਦਾਦ, ਦਾਦੂ ਤੇਰਾ ਨਾਮ ਵਡਿਆਈਆ। ਸਤਿ ਸਚ ਦਾ ਬਖ਼ਸ਼ਾਂ ਰਾਜ, ਧਰਮ ਧਾਰ ਸ਼ਹਿਨਸ਼ਾਹੀਆ। ਤੇਰੇ ਅੰਦਰ ਉਪਜੇ ਇਕ ਵੈਰਾਗ, ਇਕੋ ਨਾਮ ਸੁਣਾਈਆ। ਸਚ ਪ੍ਰੀਤੀ ਵਿਚ ਤੇਰਾ ਹੋਵੇ ਸਮਾਜ, ਮਿਲੇ ਨਾਮ ਵਡਿਆਈਆ। ਤੇਰੇ ਦਵਾਰਿਉਂ ਗੋਬਿੰਦ ਉਡਾਏ ਬਾਜ਼, ਸੋਹਣੀ ਆਪਣੀ ਖੇਲ ਖਿਲਾਈਆ। ਨਾਨਕ ਕਿਹਾ ਫੇਰ ਦਾਦੂ ਦਿਉਹਰਾ ਜਾਣਾ ਛੋੜ, ਨਾਤਾ ਜਗਤ ਤੁੜਾਈਆ। ਗੋਬਿੰਦ ਸ਼ਬਦ ਲੈਣਾ ਜੋੜ, ਆਪਣਾ ਹੁਕਮ ਵਰਤਾਈਆ। ਜੋ ਚੜ੍ਹ ਕੇ ਆਏ ਨੀਲੇ ਘੋੜ, ਸ਼ਾਹ ਸਵਾਰਾ ਰੂਪ ਬਦਲਾਈਆ। ਸਚ ਪ੍ਰੀਤੀ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਫੇਰ ਸ਼ਬਦ ਸੰਦੇਸ਼ਾ ਦੇਵੇ ਹੋਰ, ਹੋਰ ਹੋਰ ਜਣਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਵੇ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਪੰਚ ਵਿਕਾਰਾ ਪਾਏ ਸ਼ੋਰ, ਛੁਰੀ ਸ਼ਰਅ ਰੂਪ ਬਣੇ ਕਸਾਈਆ। ਤੇਰੇ ਭਾਗ ਫੇਰ ਹੋਣ ਮਥੋਰ, ਮਿਹਰਵਾਨ ਦੇਵੇ ਮਾਣ ਵਡਿਆਈਆ। ਸਚ ਦੀ ਧਾਰੋਂ ਦੇਵੇ ਤੋਰ, ਲੋਕਮਾਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਨਕ ਕਿਹਾ ਦਾਦੂ ਤੇਰਾ ਲੇਖਾ ਹੋਣਾ ਦੋਹਰਾ, ਦੋਹਰੀ ਧਾਰ ਬਣਾਈਆ। ਗੋਬਿੰਦ ਦੇ ਸਿਰ ਤੇ ਹੋਣਾ ਕਲਗੀ ਤੋੜਾ, ਟੁਟੀ ਤੋੜ ਨਿਭਾਈਆ। ਤੇਰੇ ਜੀਵਣ ਵਿਚ ਤੇਰੇ ਜੀਵਣ ਦਾ ਪੈਣਾ ਮੋੜਾ, ਮਿਹਰ ਨਜ਼ਰ ਨਾਲ ਸਮਝਾਈਆ। ਤੈਨੂੰ ਫੇਰ ਬਣਾਵੇ ਬਾਂਕਾ ਛੋਰਾ, ਲੋਕਮਾਤ ਰੰਗ ਰੰਗਾਈਆ। ਭੇਵ ਚੁਕਾ ਕੇ ਤੋਰਾ ਮੋਰਾ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਦੀਨ ਦਿਆਲ ਨਾਲ ਬੰਨ੍ਹੇ ਤੇਰੀ ਡੋਰਾ, ਡੋਰੀ ਆਪਣਾ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਏਗਾ। ਗੋਬਿੰਦ ਧਾਰ ਵੇਸ ਵਟਾਏਗਾ। ਦੇਸ ਪ੍ਰਦੇਸ ਵਕਤ ਸੁਹਾਏਗਾ। ਨਰ ਨਰੇਸ਼ ਇਕ ਅਖਵਾਏਗਾ। ਦਸ ਦਸਮੇਸ਼ ਰੂਪ ਸਮਝਾਏਗਾ। ਮੁੱਛ ਦਾਹੜੀ ਕੇਸ ਰੰਗ ਰੰਗਾਏਗਾ। ਜੋ ਸਦਾ ਰਹੇ ਹਮੇਸ਼, ਆਪਣਾ ਹੁਕਮ ਵਰਤਾਏਗਾ। ਤੈਨੂੰ ਉਸ ਦੇ ਹੋਣਾ ਪਏ ਪੇਸ਼, ਪੇਸ਼ੀਨਗੋਈਆਂ ਤੇਰੇ ਨਾਲ ਮਿਲਾਏਗਾ। ਕੀ ਹੋਇਆ ਜੇ ਹੁਣ ਬਣਿਉਂ ਸ਼ਰਅ ਦਾ ਸ਼ੇਖ਼, ਫੇਰ ਦਾਦੂ ਦਿਉਹਰੇ ਵਾਲਾ ਅਖਵਾਏਗਾ। ਫੇਰ ਬਦਲੇ ਤੇਰੀ ਰੇਖ, ਰਿਖਪ ਦਾ ਲਹਿਣਾ ਤੇਰੀ ਝੋਲੀ ਪਾਏਗਾ। ਜੋਤ ਅਵੱਲੜਾ ਕਰ ਕੇ ਭੇਸ, ਭੇਖਾਧਾਰੀ

ਖੋਜ ਖੁਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਏਗਾ। ਜਿਸ ਸਾਹਿਬ ਦੇ ਸਿਰ ਤੇ ਹੋਣਾ ਸੀਸ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਰੂਪ ਬਦਲਾਈਆ। ਤਿਸ ਦੀ ਕਿਆ ਕੋਈ ਕਰੇ ਰੀਸ, ਦੋ ਜਹਾਨਾਂ ਸੰਗ ਨਾ ਕੋਇ ਬਣਾਈਆ। ਉਸ ਦਾ ਹੁਕਮ ਅਗੰਮਾ ਵਰਤੇ ਬੀਸ ਇਕੀਸ, ਇਕ ਇਕੀਸਾ ਵਡ ਵਡਿਆਈਆ। ਜਿਸ ਦੀ ਸਿਫ਼ਤ ਗਾਈ ਮੁਹੰਮਦ ਤੀਸ ਬਤੀਸ, ਆਇਤਾਂ ਨਾਲ ਵਡਿਆਈਆ। ਜਿਸ ਦੀ ਸਭ ਤੋਂ ਵੱਖਰੀ ਹਦੀਸ, ਸ਼ਰਅ ਸ਼ਰਅ ਨਾਲ ਦਰਸਾਈਆ। ਉਹ ਕਿਰਪਾ ਕਰੇ ਪੁਰਖ ਅਕਾਲ ਜਗਦੀਸ਼, ਜਗਦੀਸ਼ ਸਿੰਘ ਤੇਰਾ ਨਾਮ ਬਦਲਾਈਆ। ਤੀਜੇ ਜਨਮ ਵਿਚ ਤੀਜੀ ਧਾਰ ਤੇਰੀ ਹੋਵੇ ਜਗਤ ਮੀਤ, ਮਿਤ੍ਰਾਂ ਮਿਤ੍ਰ ਸਮਝਾਈਆ। ਨਾਲੇ ਨਾਨਕ ਸਰਗੁਣ ਧਾਰ ਮਾਰ ਕੇ ਤਿੰਨ ਲੀਕ, ਲਕੀਰ ਫ਼ਕੀਰ ਦਿਤੀ ਵਖਾਈਆ। ਨਾਮ ਸਤਿ ਦੀ ਕਰ ਤਸਦੀਕ, ਸ਼ਹਾਦਤ ਸ਼ਰਅ ਤੋਂ ਬਾਹਰ ਸਮਝਾਈਆ। ਤੇਰੀ ਆਸਾ ਮਨਸਾ ਪੂਰੀ ਕਰੇ ਉਮੀਦ, ਆਸ਼ਾ ਆਪਣੇ ਨਾਲ ਰਖਾਈਆ। ਤੇਰੀ ਖ਼ੁਸ਼ੀਆਂ ਵਾਲੀ ਸਦਾ ਹੋਵੇ ਦੀਦ, ਈਦ ਦਾ ਚੰਦ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਤਿ ਸਚ ਮੁਰੀਦ, ਮੁਰਸ਼ਦ ਹੋ ਕੇ ਮੁਰੀਦਾਂ ਵੇਖ ਵਖਾਈਆ।

੩੦ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਸ਼ਾਮ ਸਿੰਘ ਕਲਸੀਆਂ ਵਾਲੇ ਦੇ ਨਵਿਤ

ਸਦੀ ਚੌਧਵੀਂ ਕਹੇ ਮੈਂ ਫਿਰਾਂ ਦਿਵਸ ਰੈਣ ਨੱਠੀ, ਪਰਵਰਦਿਗਾਰ ਸਾਂਝੇ ਯਾਰ ਭੱਜਾਂ ਵਾਹੋ ਦਾਹੀਆ। ਦੀਨ ਦੁਨੀ ਦੇ ਅੰਤਸ਼ਕਰਨ ਵਿਚ ਵੇਖਾਂ ਅਗਨੀ ਮੱਠੀ ਮੱਠੀ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਕਿਸ ਬਿਧ ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਤੇਰੀ ਉਲਟੀ ਗਿੜਦੀ ਲੱਠੀ, ਦੋ ਜਹਾਨਾਂ ਨੌਜਵਾਨਾ ਸਮਝ ਕਿਸੇ ਨਾ ਆਈਆ। ਮੇਰੀ ਅਲਫ਼ੀ ਤੱਕ ਲੈ ਚੋਲੀ ਲੀਰੋ ਲੀਰ ਫਟੀ, ਤਨ ਵਜੂਦ ਮੇਰੇ ਮਹਿਬੂਬ ਸ਼ਿੰਗਾਰ ਨਜ਼ਰ ਕੋਇ ਨਾ ਆਈਆ। ਮੈਂ ਸੰਗ ਮੁਹੰਮਦ ਚਾਰ ਯਾਰਾਂ ਦੀ ਗਈ ਹੱਟੀ, ਦੀਨ ਦੁਨੀ ਤੋਂ ਬਾਹਰ ਪੰਧ ਮੁਕਾਈਆ। ਧਰਨੀ ਧਰਤ ਧਵਲ ਧੌਲ ਉਤੇ ਜੋ ਮੈਂ ਖੱਟੀ ਖੱਟੀ, ਖਟਕੇ ਵਿਚ ਦਿਆਂ ਸੁਣਾਈਆ। ਮੇਰੀ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਔਧ ਜਾਂਦੀ ਟੱਪੀ, ਆਯੂ ਅਵਰ ਨਾ ਕੋਇ ਵਧਾਈਆ। ਮੇਰਿਆ ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਤੇਰੇ ਨਾਲ ਪੱਕੀ, ਯਾਰੀ ਯਾਦਵਾਂ ਤੋਂ ਬਾਦ ਜਣਾਈਆ। ਤੂੰ ਵੇਖ ਲੈ ਖੇਲ ਹਕੀਕੀ ਹਕੀ, ਹਕ ਹਕੀਕਤ ਧਿਆਨ ਲਗਾਈਆ। ਮੈਂ ਦਿਵਸ ਰੈਣ ਤੇਰਾ ਰਾਹ ਰਹੀ ਤੱਕੀ, ਤਕਦੀਰ ਦੇ ਮਾਲਕ ਸਚ ਧਿਆਨ ਲਗਾਈਆ। ਕਵਣ ਸੁਵੇਲਾ ਮੇਰੀ ਪਤ ਲਏ ਰਖੀ, ਸਿਰ ਆਪਣਾ ਹੱਥ ਰਖਾਈਆ। ਤੇਰਾ ਖੇਲ ਵੇਖਾਂ ਧਰਮ ਧਾਰ ਦੀ ਅੱਖੀ, ਜਗ ਨੇਤਰ ਦੀ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੈਂ ਸ਼ਬੇ ਰੋਜ਼ ਭੱਜਦੀ, ਬਿਨ ਕਦਮਾ ਕਦਮ ਉਠਾਈਆ। ਮੇਰੀ ਆਸ਼ਾ ਇਕ ਮਹਿਬੂਬ ਦੇ ਹੱਜ ਦੀ, ਜੋ ਹੁਜਰਿਆਂ ਤੋਂ ਬਾਹਰ ਡੇਰਾ ਲਾਈਆ। ਜੋ ਮੇਰੀ ਲੇਖੇ ਲਾਵੇ ਸੁਲੱਖਣੀ ਘੜੀ ਅੱਜ ਦੀ, ਆਜਜ਼ ਹੋ ਕੇ ਸੀਸ ਨਿਵਾਈਆ। ਮੈਂ ਵਣਜਾਰਨ ਬਣਾਂ ਜਗ ਦੀ, ਜਾਗਰਤ ਜੋਤ ਦਾ ਮਾਲਕ ਮੈਨੂੰ ਦੇਵੇ ਵਡਿਆਈਆ। ਮੈਨੂੰ ਖ਼ੁਮਾਰੀ

ਰਹੇ ਸਤਿ ਸਚ ਦੇ ਮਧ ਦੀ, ਮਧੁਰ ਧੁਨ ਇਕ ਸ਼ਨਵਾਈਆ। ਮੇਰੀ ਸ਼ਰਅ ਮੁਕ ਜਾਏ ਹੱਦ ਦੀ, ਚੌਦਾਂ ਲੋਕ ਦੇਣ ਗਵਾਹੀਆ। ਜਿਸ ਮਹਿਬੂਬ ਨੂੰ ਫਿਰਾਂ ਲੱਭਦੀ, ਉਹ ਮਾਲਕ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਕਰਮ ਆਪ ਕਮਾਈਆ। ਸਦੀ ਚੌਧਵੀਂ ਕਹੇ ਮੈਂ ਦਿਵਸ ਰਾਤ ਫਿਰਾਂ ਜੰਗਲ ਜੂਹ, ਟਿੱਲੇ ਪਰਬਤਾਂ ਸਮੁੰਦ ਸਾਗਰਾਂ ਵੇਖ ਵਖਾਈਆ। ਨਵ ਸੱਤ ਸ਼ਰਅ ਤੋਂ ਬਾਹਰ ਵੇਖਾਂ ਰੂਹ, ਬੁਤ ਬੁਤਖ਼ਾਨਿਆਂ ਫੋਲ ਫੁਲਾਈਆ। ਨਾਲ ਸੰਦੇਸ਼ੇ ਸੁਣਾਂ ਸ਼ਬਦ ਸਤਿਗੁਰੂ, ਗੁਰੂ ਗੁਰਦੇਵਾ ਕੀ ਦ੍ਰਿੜਾਈਆ। ਕਿਸ ਬਿਧ ਸਤਿ ਧਰਮ ਦੀ ਧਾਰ ਹੋਵੇ ਸ਼ੁਰੂ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਸਤਿ ਧਰਮ ਦਾ ਮਾਰਗ ਕਿਸ ਵੇਲੇ ਮਾਤ ਤੁਰੂ, ਤੁਰੀਆ ਤੋਂ ਬਾਹਰ ਕਰਨੀ ਸ਼ਨਵਾਈਆ। ਸਚ ਮੰਤਰ ਨਾਮ ਕਲਮਾ ਇਕਾ ਫੁਰੂ, ਫ਼ੁਰਨੇ ਕੂੜੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਸਦੀ ਚੌਧਵੀਂ ਕਹੇ ਮੇਰੇ ਪਰਵਰਦਿਗਾਰਾ, ਗੰਭੀਰ ਗਹਿਰ ਤੇਰੀ ਸਰਨਾਈਆ। ਮੇਰਾ ਅੰਤ ਅਖ਼ੀਰੀ ਹਕੀਕੀ ਸੁਣਨਾ ਨਾਅਰਾ, ਲਾਸ਼ਰੀਕੀ ਦਿਆਂ ਦ੍ਰਿੜਾਈਆ। ਤੂੰ ਨੂਰ ਨੁਰਾਨਾ ਸ਼ਾਹੋ ਭੂਪ ਸ੍ਰੀ ਭਗਵਾਨਾ ਹੋ ਜ਼ਾਹਿਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਤੇਰੇ ਪਿਆਰ ਦਾ ਇਕੋ ਹੋਵੇ ਮੁਸ਼ਾਇਰਾ, ਮੁਸ਼ਕਲ ਮੇਰੀ ਹੱਲ ਕਰਾਈਆ। ਮੈਂ ਤੇਰਾ ਝਗੜਾ ਵੇਖਣਾ ਚਾਹੁੰਦੀ ਵਿਚ ਕਾਹਿਰਾ, ਕਾਇਮ ਮੁਕਾਮ ਦੇਣਾ ਦ੍ਰਿੜਾਈਆ। ਤੇਰਾ ਕਲਮਾ ਸੁਣਨਾ ਚਾਹੁੰਦੀ ਅਗੰਮੀ ਸ਼ਾਇਰਾ, ਸ਼ਾਇਰਾਂ ਤੋਂ ਬਾਹਰ ਦੇਣਾ ਸੁਣਾਈਆ। ਮੇਰਾ ਰੂਪ ਨਹੀਂ ਕੋਈ ਐਰਾ ਗੈਰਾ, ਗਹਿਰ ਗਵਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜੁਗ ਜੁਗ ਤਾਰੇ ਕਰ ਕਰ ਮਿਹਰਾ, ਮਿਹਰਵਾਨ ਸ੍ਰੀ ਭਗਵਾਨ ਨੌਜਵਾਨ ਇਕ ਅਖਵਾਈਆ।