੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਚੰਨੋ ਦੇਵੀ ਦੇ ਗ੍ਰਹਿ
ਮਾਇਆ ਕਹੇ ਮੈਂ ਬਹੁ ਬਿਧ ਰੂਪੀ, ਰੂਪ ਅਨੂਪ ਮੇਰੀ ਵਡਿਆਈਆ। ਮੇਰਾ ਲੇਖਾ ਸਤਿ ਸਰੂਪੀ, ਸਤਿ ਸਤਿਵਾਦੀ ਵੰਡ ਵੰਡਾਈਆ। ਮੇਰਾ ਸ਼ਹਿਨਸ਼ਾਹ ਸ਼ਾਹੋ ਭੂਪੀ, ਸੁਲਤਾਨ ਧੁਰਦਰਗਾਹੀਆ। ਮੇਰਾ ਲੇਖਾ ਚਾਰੇ ਕੂਟੀ, ਭੱਜਾਂ ਵਾਹੋ ਦਾਹੀਆ। ਮੈਂ ਦੋ ਜਹਾਨ ਪੰਘੂੜਾ ਰਹੀ ਝੂਟੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਹੁਲਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਬੇਪ੍ਰਵਾਹੀਆ। ਮਾਇਆ ਕਹੇ ਮੈਂ ਸਦਾ ਰਹਿੰਦੀ ਚੁਪ, ਮੁਖ ਬਚਨ ਨਾ ਕੋਇ ਸੁਣਾਈਆ । ਕਲਜੁਗ ਅੰਤ ਵੇਖਾਂ ਅੰਧੇਰਾ ਘੁਪ, ਨਵ ਸੱਤ ਨੈਣ ਉਠਾਈਆ।
ਸਤਿ ਧਰਮ ਦਾ ਦਿਸੇ ਕੋਈ ਨਾ ਸੁਤ, ਅਪਰਾਧੀ ਹੋਏ ਲੋਕਾਈਆ। ਲੇਖਾ ਜਾਣਾ ਅਬਿਨਾਸ਼ੀ ਅਚੁਤ, ਕੀ ਚੇਤਨ ਆਪਣਾ ਹੁਕਮ ਵਰਤਾਈਆ। ਕਿਸ ਬਿਧ ਕੂੜ ਕੁੜਿਆਰੀ ਮੌਲੇ ਰੁਤ, ਫਲ ਫੁੱਲ ਜੂਠ ਝੂਠ ਨਾਲ ਮਿਲਾਈਆ। ਮੈਂ ਵੇਖ ਕੇ ਹੋਵਾਂ ਖ਼ੁਸ਼, ਖ਼ੁਸ਼ੀਆਂ ਦੇ ਢੋਲੇ ਗਾਈਆ। ਧਰਨੀ ਧਰਤ ਧਵਲ ਧੌਲ ਆਪਣਾ ਰੋਵੇ ਦੁੱਖ, ਦੁਖੀ ਹੋ ਕੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਮਾਇਆ ਕਹੇ ਮੈਂ ਮੁਖੋਂ ਕਦੇ ਨਾ ਬੋਲੀ, ਅਨਬੋਲਤ ਦਿਤੀ ਵਡਿਆਈਆ। ਮੇਰੀ ਆਸ਼ਾ ਮੇਰੀ ਢੋਲੀ, ਜਗਤ ਜਹਾਨ ਕਰੇ ਰੁਸ਼ਨਾਈਆ। ਮੇਰੀ ਤ੍ਰਿਸ਼ਨਾ ਮੇਰੀ ਗੋਲੀ, ਜੁਗ ਜੁਗ ਸੇਵ ਕਮਾਈਆ। ਮੇਰੀ ਮਨਸਾ ਮੇਰੀ ਹੋਲੀ, ਲਾਲ ਰੰਗ ਦਏ ਚੜ੍ਹਾਈਆ। ਮੇਰੀ ਖ਼ਾਹਿਸ਼ ਬਣੇ ਤੋਲੀ, ਲੱਖ ਚੁਰਾਸੀ ਤੋਲ ਤੁਲਾਈਆ। ਮੇਰੀ ਕਲਪਣਾ ਹੋਵੇ ਡੋਲੀ, ਜੀਵਾਂ ਜੰਤਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮਾਂਗਤ ਮੰਗ ਮੰਗਾਈਆ। ਮਾਇਆ ਕਹੇ ਮੈਂ ਮੁਖੋਂ ਕੁਛ ਨਾ ਕਹਿੰਦੀ, ਕਹਿਣ ਨਾ ਕਿਛ ਜਣਾਈਆ। ਮੈਂ ਮੰਦਰ ਕਿਸੇ ਨਾ ਬਹਿੰਦੀ, ਆਸਣ ਜਗਤ ਨਾ ਕੋਇ ਵਿਛਾਈਆ। ਮੇਰੀ ਕਲਾ ਹੋਵੇ ਨਾ ਢਹਿੰਦੀ, ਚਾਰੋਂ ਕੁੰਟ ਲਵਾਂ ਅੰਗੜਾਈਆ। ਮੈਂ ਖੇਲ ਖੇਲਣਾ ਸਦੀ ਚੌਧਵੀਂ ਦਿਸ਼ਾ ਲਹਿੰਦੀ, ਲਹਿਣੇ ਦੇਣੇ ਮੁਹੰਮਦ ਪੂਰ ਕਰਾਈਆ। ਆਪਣੀ ਹੱਥੀਂ ਲਾ ਕੇ ਮਹਿੰਦੀ, ਸਗਨ ਜਗਤ ਧਾਰ ਰਖਾਈਆ। ਕਿਆਮਤ ਦੀ ਧਾਰ ਵੇਖਾਂ ਵਹਿੰਦੀ, ਸ਼ਾਮਤ ਦੀਨ ਦੁਨੀ ਸਮਝਾਈਆ। ਉਮਤ ਇਕ ਦੂਜੇ ਨਾਲ ਖਹਿੰਦੀ, ਖ਼ਾਹਮਖ਼ਾਹ ਦਿਆਂ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭਾਣਾ ਆਦਿ ਜੁਗਾਦਿ ਜੁਗ ਚੌਕੜੀ ਸਹਿੰਦੀ, ਭਾਣੇ ਅੰਦਰ ਭਾਵੀ ਜਗਤ ਜੁਗਤ ਵਰਤਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਸੋਭਾ ਸਿੰਘ ਦੇ ਗ੍ਰਹਿ ਜ਼ਿਲਾ ਜੰਮੂ
ਮਾਇਆ ਕਹੇ ਮੈਂ ਸ਼ਬਦ ਗੁਰੂ ਦੀ ਚੇਲੀ, ਜੋ ਚਿੱਲਾ ਤੀਰ ਕਮਾਨ ਇਕ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਬੇਲੀ, ਬੇਲੇ ਜੰਗਲਾਂ ਜੂਹਾਂ ਉਜਾੜ ਪਹਾੜਾਂ ਹੋਏ ਸਹਾਈਆ। ਜੋ ਸਤਿਜੁਗ ਤਰੇਤਾ ਦੁਆਪਰ ਕਲਜੁਗ ਮੇਲ ਰਿਹਾ ਮੇਲੀ, ਮਿਲ ਮਿਲ ਆਪਣਾ ਰੰਗ ਰੰਗਾਈਆ। ਮੈਨੂੰ ਕਦੇ ਹੋਣ ਨਾ ਦੇਵੇ ਵੇਹਲੀ, ਸੇਵਾ ਵਿਚੋਂ ਸੇਵਾ ਦਏ ਸਮਝਾਈਆ। ਜਿਸ ਮੇਰੀ ਬਣਨ ਨਹੀਂ ਦਿਤੀ ਅਵਰ ਕੋਈ ਸਹੇਲੀ, ਸਾਜਣ ਰੰਗ ਨਾ ਕੋਇ ਵਖਾਈਆ। ਮੈਂ ਵਸਾਂ ਧਾਮ ਨਵੇਲੀ, ਬਿਨ ਛੱਪਰ ਛੰਨ ਡੇਰਾ ਲਾਈਆ। ਮੈਂ ਸਦਾ ਰਹਾਂ ਅਕੇਲੀ, ਅਕਲ ਕਲਧਾਰੀ ਓਟ ਤਕਾਈਆ। ਮੈਂ ਜੋਬਨਵੰਤੀ ਅਲਬੇਲੀ, ਸੋਹਣਾ ਰੂਪ ਰਖਾਈਆ । ਮੇਰੀ ਖੇਲ ਵਿਸ਼ਨ ਬ੍ਰਹਮਾ ਸ਼ਿਵ ਖੇਲੀ, ਅਵਤਾਰ ਪੈਗ਼ੰਬਰ ਗੁਰ ਆਪਣੀ ਖ਼ੁਸ਼ੀ ਬਣਾਈਆ। ਮੈਂ ਸ਼ਾਹ ਸੁਲਤਾਨਾਂ ਘੱਲਾਂ ਜੇਲੀ, ਲੱਖ ਚੁਰਾਸੀ ਰਾਏ ਧਰਮ ਹੱਥ ਫੜਾਈਆ। ਕਿਸੇ ਦੀ ਕੀਮਤ ਰਹਿਣ ਨਾ ਦੇਵਾਂ ਪੈਸਾ ਧੇਲੀ, ਬਿਨ ਟਕਿਆਂ ਦਿਆਂ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਰੰਗ ਵਖਾਈਆ। ਮਾਇਆ ਕਹੇ ਮੇਰਾ ਵਸੇ ਇਕ ਮਹੱਲਾ, ਮਹਿਫ਼ਲ ਅਵਰ ਨਾ ਕੋਇ ਲਗਾਈਆ। ਮੇਰਾ ਸਤਿ ਸਰੂਪ ਇਕੱਲਾ, ਬੈਠਾ ਸੋਭਾ ਪਾਈਆ। ਜਿਸ ਦਾ ਨਾ ਉਪਰ
ਨਾ ਥੱਲਾ, ਮਧ ਨਜ਼ਰ ਕਿਸੇ ਨਾ ਆਈਆ। ਜਿਥੇ ਵਕਤ ਨਾ ਘੜੀ ਨਾ ਪਲਾ, ਦਿਵਸ ਰੈਣ ਗਣਤ ਨਾ ਕੋਇ ਗਿਣਾਈਆ । ਮੇਰਾ ਧਾਮ ਸਦਾ ਅਟੱਲਾ, ਅਚਲ ਸੋਭਾ ਪਾਈਆ। ਜੋ ਬਾਹਰ ਜਲਾ ਥਲਾ, ਅਸਗਾਹਾਂ ਨਜ਼ਰ ਕੋਇ ਨਾ ਆਈਆ। ਮੈਂ ਸਚ ਸੰਦੇਸ਼ਾ ਜੁਗ ਜੁਗ ਸਭ ਨੂੰ ਘੱਲਾ, ਸੁਨੇਹੁੜਾ ਦੇਵਾਂ ਥਾਉਂ ਥਾਈਂਆ। ਸਦੀ ਚੌਧਵੀਂ ਅੰਤਮ ਮੇਰਾ ਲੇਖਾ ਨਾਲ ਰਾਣੀ ਅੱਲਾ, ਅੱਲਾ ਬੇਪ੍ਰਵਾਹ ਦਏ ਵਡਿਆਈਆ। ਮੈਂ ਅਮਾਮ ਅਮਾਮਾ ਸ਼ਾਹ ਸੁਲਤਾਨ ਦਾ ਦਰ ਮੱਲਾ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਉਠਾਈਆ। ਮਾਇਆ ਕਹੇ ਮੈਂ ਕਦੀ ਨਾ ਪਵਾਂ ਸੋਚੀ, ਸੋਚ ਵਿਚ ਕਦੇ ਨਾ ਆਈਆ। ਮੈਂ ਜਗਤ ਤ੍ਰਿਸ਼ਨਾ ਕਦੇ ਨਾ ਲੋਚੀ, ਲੋਚਣ ਨੈਣ ਨਾ ਕੋਇ ਖੁਲਾਈਆ। ਮੈਨੂੰ ਇਕ ਗੱਲ ਯਾਦ ਆਉਂਦੀ ਰਵਦਾਸ ਚਮਾਰੇ ਵਾਲੀ ਮੋਚੀ, ਜੋ ਬਿਨ ਅੱਖਰਾਂ ਗਿਆ ਸਮਝਾਈਆ। ਕਲਜੁਗ ਅੰਤ ਤੂੰ ਸੁਣਨਾ ਇਕ ਸਲੋਕੀ, ਸੋਹਲਾ ਧੁਰਦਰਗਾਹੀਆ। ਜਿਸ ਨੂੰ ਵਾਚਣ ਚੌਦਾਂ ਲੋਕੀ, ਚੌਦਾਂ ਤਬਕ ਅੱਖ ਉਠਾਈਆ। ਉਸ ਨੂੰ ਸਕੇ ਕੋਈ ਨਾ ਰੋਕੀ, ਰੁਕਾਵਟ ਵਿਚ ਕਦੇ ਨਾ ਆਈਆ । ਜਿਸ ਨੂੰ ਲੱਭਦੇ ਕੋਟਨ ਕੋਟੀ, ਉਹ ਦਾਤਾ ਬੇਪ੍ਰਵਾਹੀਆ। ਉਸ ਦੀ ਖੇਲ ਅਗੰਮੀ ਛੋਟੀ, ਲੱਖ ਚੁਰਾਸੀ ਨਾਲ ਖਿਲਾਈਆ। ਦੀਨ ਦੁਨੀਆ ਹੋਵੇ ਬੋਟੀ ਬੋਟੀ, ਧਰਮ ਦਾ ਰੰਗ ਨਾ ਕੋਇ ਰੰਗਾਈਆ। ਸਭ ਦੀ ਖ਼ਾਲੀ ਕਰੇ ਲੁਟੀਆ ਲੋਟੀ, ਅੰਮ੍ਰਿਤ ਜਲ ਨਾ ਕੋਇ ਭਰਾਈਆ। ਸ਼ਾਹ ਸੁਲਤਾਨਾਂ ਮਤ ਹੋਵੇ ਹੋਛੀ, ਧੀਰਜ ਧੀਰ ਨਾ ਕੋਇ ਧਰਾਈਆ। ਕੂੜ ਕੁੜਿਆਰ ਨਾਲ ਸਭ ਨੂੰ ਕਰਾਂ ਦੋਸ਼ੀ, ਨਿਰਦੋਸ਼ੀ ਆਪਣਾ ਹੁਕਮ ਵਰਤਾਈਆ। ਮੈਂ ਖੇਲ ਵੇਖਾਂ ਬਣ ਖ਼ਾਮੋਸ਼ੀ, ਮੁਖ ਬਚਨ ਨਾ ਕੋਇ ਸੁਣਾਈਆ। ਚਾਰੋਂ ਕੁੰਟ ਇਕੋ ਪੁਰਖ ਅਕਾਲ ਦੀ ਜਗੇ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਆਤਮ ਧਾਰ ਜਿਸ ਦਾ ਗੋਤੀ, ਪਰਮਾਤਮ ਆਪਣਾ ਭੇਵ ਖੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਦ੍ਰਿਸ਼ਟ ਉਠਾਏ ਸੋਤੀ, ਆਲਸ ਨਿੰਦਰਾ ਵਿਚ ਸੋਇਆ ਰਹਿਣ ਕੋਇ ਨਾ ਪਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਈਸ਼ਰ ਦਾਸ ਦੇ ਗ੍ਰਹਿ ਜ਼ਿਲਾ ਜੰਮੂ
ਮਾਇਆ ਕਹੇ ਮੈਂ ਸਦਾ ਸਦਾ ਬੜੀ ਚਟਕ, ਚੇਟਕ ਵਿਚ ਰਖਾਂ ਲੋਕਾਈਆ । ਸ੍ਰਿਸ਼ਟੀ ਤ੍ਰਿਸ਼ਨਾ ਵਿਚ ਰਹੀ ਭਟਕ, ਭਟਕਣਾ ਵਿਚ ਭਟਕਾਈਆ। ਮੇਰਾ ਖੇਲ ਪਾਰ ਅਟਕ, ਅਟਕ ਅਟਕ ਕੇ ਦਿਆਂ ਜਣਾਈਆ। ਧੁਰ ਦੇ ਹੁਕਮ ਦਾ ਚੜ੍ਹਨਾ ਕਟਕ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਹਲੂਣਾ ਦੇਣਾ ਅਫ਼ਰੀਦੀ ਖਟਕ, ਸੁੱਤਿਆਂ ਲਵਾਂ ਉਠਾਈਆ। ਲਹਿਣਾ ਪੂਰਾ ਕਰਨਾ ਬਲ ਵਾਲਾ ਬਲਖ, ਆਪਣੀ ਕਾਰ ਭੁਗਤਾਈਆ। ਸ਼ਾਹ ਅਫ਼ਗਾਨਾ ਹੋਵੇ ਤਲਖ, ਤਲਖੀ ਵਿਚ ਦੁਹਾਈਆ। ਫੇਰ ਅਗੇ ਜਗਾਵਾਂ ਅਲਖ, ਅਰਬੀਆਂ ਲਵਾਂ ਉਠਾਈਆ। ਫੇਰ ਮਾਤਲੋਕ ਹੋ ਪ੍ਰਤੱਖ, ਮੂਸਾ ਈਸਾ ਦਿਆਂ ਜਗਾਈਆ। ਫੇਰ ਖੇਲ ਕਰ ਕੇ ਵੱਖ ਵੱਖ, ਦੋ ਧੜ ਦਿਆਂ ਕਰਾਈਆ। ਫੇਰ ਸਭ ਦੇ ਸਾੜ ਕੇ ਕੱਖ, ਅਗਨੀ ਅੱਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਹੋਏ ਆਪ ਸਹਾਈਆ। ਮਾਇਆ ਕਹੇ ਮੈਂ ਆਦਿ ਜੁਗਾਦਿ
ਸ਼ੌਕੀਨ, ਆਪਣਾ ਰੂਪ ਆਪ ਪ੍ਰਗਟਾਈਆ। ਮੇਰਾ ਇਕ ਦੇ ਉਤੇ ਯਕੀਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੇਰਾ ਮਾਰਗ ਜਗਤ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਜੁਗ ਜੁਗ ਕਰਾਂ ਤਰਮੀਮ, ਅਦਲੀ ਬਦਲੀ ਵੇਖਾਂ ਖ਼ਲਕ ਖ਼ੁਦਾਈਆ। ਮੇਰੀ ਹੋਣ ਵਾਲੀ ਤਕਸੀਮ, ਸੋਹਣੀ ਵੰਡ ਵੰਡਾਈਆ। ਮੈਂ ਲੇਖੇ ਲਾਉਣਾ ਡੰਡਾ ਮੀਮ, ਨੁਕਤਾ ਨੂਨ ਨਾਲ ਮਿਲਾਈਆ। ਮੈਂ ਹੋਣਾ ਨਹੀਂ ਕਿਸੇ ਅਧੀਨ, ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਜਾਣੇ ਜੁਗ ਜੁਗਾ ਪ੍ਰਾਚੀਨ, ਪੁਰਾਤਨ ਲਹਿਣਾ ਆਪਣੇ ਨਾਲ ਰਖਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਜ਼ਿਲਾ ਜੰਮੂ ਲਛਮਣ ਸਿੰਘ ਦੇ ਗ੍ਰਹਿ ਬਾਹਰ ਵਿਹੜੇ ਵਿਚ
ਮਾਇਆ ਕਹੇ ਜਨ ਭਗਤੋ ਪੈਂਦੀਆਂ ਰਾਸਾਂ, ਰਸਤੇ ਦੋ ਜਹਾਨ ਸੋਭਾ ਪਾਈਆ। ਸਭ ਦੀਆਂ ਪੂਰੀਆਂ ਹੋਵਣ ਆਸਾਂ, ਤ੍ਰਿਸ਼ਨਾ ਨਾਲ ਮਿਲਾਈਆ। ਧਰਨੀ ਉਤੇ ਮੈਨੂੰ ਦਿਸਦੀਆਂ ਲਾਸ਼ਾਂ, ਲਛਮੀ ਚਰਨਾਂ ਨਾਲ ਠੁਕਰਾਈਆ। ਕੀ ਮੈਂ ਖੋਲ ਕੇ ਦੱਸਾਂ ਖੁਲਾਸਾ, ਖੁਲ੍ਹੀ ਮੇਂਢੀ ਸੀਸ ਦੁਹਾਈਆ। ਨਵ ਸੱਤ ਦਿਸੇ ਉਦਾਸਾ, ਚਾਰ ਕੁੰਟ ਧੀਰ ਨਾ ਕੋਇ ਧਰਾਈਆ। ਮੇਰਾ ਮਹਿਬੂਬ ਬਦਲਣ ਵਾਲਾ ਪਾਸਾ, ਸਾਰ ਪਾਸ਼ਾ ਆਪਣੀ ਖੇਲ ਖਿਲਾਈਆ। ਮੈਨੂੰ ਵੇਖ ਵੇਖ ਖ਼ੁਸ਼ੀਆਂ ਦਾ ਆਵੇ ਹਾਸਾ, ਹੱਸ ਹੱਸ ਖ਼ੁਸ਼ੀ ਬਣਾਈਆ। ਮੈਂ ਖੇਲ ਤੱਕਾਂ ਓਸ ਪੁਰਖ ਅਬਿਨਾਸ਼ਾ, ਜੋ ਕਰਤਾ ਧੁਰਦਰਗਾਹੀਆ। ਜੋ ਜਨ ਭਗਤਾਂ ਦੇਵਣ ਆਇਆ ਭਰਵਾਸਾ, ਭਾਂਡਾ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਾਇਆ ਕਹੇ ਮੈਂ ਹਰਿਜਨ ਵੇਖੇ ਨੱਚਦੇ, ਸਚਖੰਡ ਸਾਚੇ ਨਜ਼ਰੀ ਆਈਆ। ਕੀ ਹੋਇਆ ਜੇ ਜਗਤ ਕਾਇਆ ਮਾਟੀ ਭਾਂਡੇ ਕੱਚ ਦੇ, ਤਤਵ ਤਤ ਨਾਲ ਵਡਿਆਈਆ। ਉਹ ਆਤਮ ਪਰਮਾਤਮ ਰੂਪ ਪ੍ਰਭੂ ਸਚ ਦੇ, ਸਚ ਸਚ ਨਾਲ ਮਿਲਾਈਆ। ਉਹ ਉਸ ਘਰਾਣੇ ਵਸਦੇ, ਜਿਥੇ ਵਸੇ ਬੇਪਰਵਾਹੀਆ। ਜਿਥੇ ਇਸ਼ਾਰੇ ਨਹੀਂ ਕਿਸੇ ਅੱਖ ਦੇ, ਸੈਨਤ ਜਗਤ ਨਾ ਕੋਇ ਸਮਝਾਈਆ। ਸਦ ਦਰਸ਼ਨ ਹੋਣ ਪ੍ਰਤੱਖ ਦੇ, ਸਨਮੁਖ ਸੋਭਾ ਪਾਈਆ । ਜਿਸ ਦੇ ਡੇਰੇ ਨਹੀਂ ਕੋਈ ਵੱਖ ਦੇ, ਵੱਖਰੀ ਵੰਡ ਨਾ ਕੋਇ ਵੰਡਾਈਆ। ਜਦੋਂ ਚਾਹੇ ਜਨ ਭਗਤਾਂ ਸਿਰ ਉਤੇ ਹੱਥ ਰਖ ਦਏ, ਰਖਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਾਇਆ ਕਹੇ ਮੈਂ ਵੇਖੇ ਹਰਿਜਨ ਤਰਦੇ, ਹਰਿ ਕਰਤਾ ਆਪ ਤਰਾਈਆ। ਜੋ ਇਕ ਵਾਰ ਬਣ ਗਏ ਇਸ ਦੇ ਬਰਦੇ, ਬੰਦੀਖ਼ਾਨਿਉਂ ਦਏ ਕਢਾਈਆ। ਜਿਨ੍ਹਾਂ ਲਹਿੰਦਿਉਂ ਜਾਣਾ ਚੜ੍ਹਦੇ, ਚੜ੍ਹਦੀ ਦਿਸ਼ਾ ਵੰਡ ਨਾ ਕੋਇ ਵੰਡਾਈਆ। ਗੜ੍ਹ ਤੋੜ ਹੰਕਾਰੀ ਮੜ੍ਹ ਦੇ, ਮੜ੍ਹੀ ਗੋਰਾਂ ਫੋਲ ਫੁਲਾਈਆ। ਰਸਨਾ ਜਿਹਵਾ ਜੀਵਾਂ ਜੰਤਾਂ ਢੋਲੇ ਵੇਖੇ ਪੜ੍ਹਦੇ, ਕੀ ਅੱਖਰਾਂ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਰਖਾਈਆ। ਮਾਇਆ ਕਹੇ ਜਨ ਭਗਤੋ ਤੁਹਾਡੀ ਆਸਾ ਪੁੰਨੀ, ਪੂਰਨ ਸਤਿਗੁਰ ਦਏ ਦ੍ਰਿੜਾਈਆ। ਤੁਹਾਡਾ ਮਾਲਕ ਕੁਨ ਕੁਨੀ, ਕਾਇਨਾਤ ਦਾ ਰਹਿਬਰ ਇਕ ਅਖਵਾਈਆ। ਜਿਸ ਨੇ ਲੱਖ ਚੁਰਾਸੀ ਕੱਟਣੀ ਜੂਨੀ, ਰਾਏ ਧਰਮ ਦਾ ਫੰਦ ਕਟਾਈਆ।
ਉਹ ਸਭ ਤੋਂ ਵੱਡਾ ਕਾਨੂੰਨੀ, ਕਾਇਦਾ ਆਪਣੇ ਹੱਥ ਰਖਾਈਆ। ਤੁਹਾਡਾ ਮੇਟ ਕੇ ਪਿਆਰ ਬੇਰੂਨੀ, ਅੰਤਰ ਆਪਣੀ ਲਿਵ ਲਗਾਈਆ। ਤੁਸੀਂ ਬੱਚੇ ਜਗਤ ਮਾਸੂਮੀ, ਬਾਲੇ ਨੰਨ੍ਹੇ ਗੋਦ ਉਠਾਈਆ। ਏਥੇ ਓਥੇ ਦੋ ਜਹਾਨਾਂ ਤੁਹਾਡੇ ਮਸਤਕ ਰਿਹਾ ਚੂੰਮੀ, ਚਰਨ ਕਵਲ ਧੂੜ ਮਸਤਕ ਦਏ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਲਹਿਣੇ ਦੇਣੇ ਆਪੇ ਰਿਹਾ ਵਸੂਲੀ, ਦੂਸਰ ਸੰਗ ਨਾ ਕੋਇ ਰਖਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਜ਼ਿਲਾ ਜੰਮੂ ਲਛਮਣ ਸਿੰਘ ਦੇ ਗ੍ਰਹਿ ਰਾਤ ਨੂੰ
ਮਾਇਆ ਕਹੇ ਮੈਂ ਦੀਨ ਦੁਨੀਆ ਕੀਤੀ ਲੋਭੀ, ਲੋਭ ਲਾਲਚ ਵਿਚ ਹਲਕਾਈਆ। ਦੁਰਮਤ ਮੈਲ ਧੋਏ ਕੋਈ ਨਾ ਧੋਬੀ, ਪਾਪਾਂ ਦਾਗ਼ ਨਾ ਕੋਇ ਮਿਟਾਈਆ। ਹਉਮੇ ਮੇਟੇ ਕੋਈ ਨਾ ਰੋਗੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ । ਪ੍ਰਭੂ ਦਾ ਮੇਲ ਨਾ ਹੋਏ ਸੰਜੋਗੀ, ਵਿਛੜਿਆਂ ਸੰਗ ਨਾ ਕੋਇ ਰਲਾਈਆ। ਧਰਮ ਦਾ ਰਹਿਣ ਦਿਤਾ ਨਹੀਂ ਕੋਈ ਜੋਗੀ, ਜੁਗੀਸ਼ਰਾਂ ਚਲੇ ਨਾ ਕੋਇ ਚਤੁਰਾਈਆ। ਸਭ ਦੀ ਬੁੱਧੀ ਹੋਈ ਕੋਝੀ, ਬਿਬੇਕੀ ਨਜ਼ਰ ਕੋਇ ਨਾ ਆਈਆ। ਜਗਤ ਵਾਸ਼ਨਾ ਸ੍ਰਿਸ਼ਟੀ ਹੋਈ ਭੋਗੀ, ਭਸਮੜ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਆਪ ਰੰਗਾਈਆ। ਮਾਇਆ ਕਹੇ ਮੈਂ ਘਰ ਘਰ ਪਾਈਆਂ ਵੰਡਾਂ, ਵੰਡੀ ਖ਼ਲਕ ਖ਼ੁਦਾਈਆ। ਮੈਂ ਮਮਤਾ ਦੀਆਂ ਬੱਧੀਆਂ ਪੰਡਾਂ, ਜਗਤ ਜਹਾਨ ਸੀਸ ਟਿਕਾਈਆ । ਕੂੜ ਕੁੜਿਆਰ ਦੀਆਂ ਵਖਾਈਆਂ ਗੰਢਾਂ, ਚਾਰੋਂ ਕੁੰਟ ਨੈਣ ਤਕਾਈਆ। ਨਾਲੇ ਖੇਲ ਦੱਸਿਆ ਕਲਜੁਗ ਅੰਤਮ ਕੰਢਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਮਾਇਆ ਕਹੇ ਮੇਰਾ ਖੇਲ ਇਕ ਅਪਾਰਾ, ਅਪਰ ਅਪਾਰ ਦਿਆਂ ਜਣਾਈਆ। ਮੇਰਾ ਦੀਨ ਦੁਨੀ ਲਲਕਾਰਾ, ਕੂਕ ਕੂਕ ਸੁਣਾਈਆ। ਸਭ ਦਾ ਦਿਸੇ ਅੰਤ ਕਿਨਾਰਾ, ਜਗਤ ਜਹਾਨ ਪੰਧ ਮੁਕਾਈਆ। ਜੋ ਸਭ ਨੂੰ ਦੇਂਦਾ ਗਿਆ ਲਾਰਾ, ਇਸ਼ਾਰੇ ਸੈਨਤਾਂ ਨਾਲ ਦ੍ਰਿੜਾਈਆ। ਓਹ ਆ ਗਿਆ ਚੌਬੀਸਾ ਅਵਤਾਰਾ, ਅਵਤਰੀ ਆਪਣਾ ਰੂਪ ਬਦਲਾਈਆ। ਰੂਪ ਰੰਗ ਰੇਖ ਨਾ ਦਿਸੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਆਪਣੀ ਧਾਰੋਂ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਹੁਕਮ ਸੰਦੇਸਾ ਮਿਲਣਾ ਫੇਰ ਦੁਬਾਰਾ, ਦੋਹਰੀ ਧਾਰ ਪ੍ਰਗਟਾਈਆ। ਝਗੜਾ ਛੇੜੇ ਵਿਚੋਂ ਕਾਹਿਰਾ, ਕਹਿਰ ਗ਼ਾਜ਼ੀਆਂ ਲਏ ਉਠਾਈਆ। ਮਾਇਆ ਕਹੇ ਕੋਈ ਰਹੇ ਨਾ ਦੁਨੀਆਦਾਰ ਬਾਹਿਰਾ, ਸਭ ਨੂੰ ਦਿਆਂ ਸੁਣਾਈਆ। ਮੇਰਾ ਖ਼ੁਸ਼ੀਆਂ ਵਾਲਾ ਮੁਸ਼ਾਇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਦ੍ਰਿੜਾਈਆ। ਮਾਇਆ ਕਹੇ ਮੈਂ ਨਿਗਾਹ ਮਾਰਾਂ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਕਰੇ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਸਾਰੇ ਮੰਗਦੇ ਬੂੰਦ ਸਵਾਂਤੀ, ਅੰਮ੍ਰਿਤ ਰਸ ਧਿਆਨ ਲਗਾਈਆ। ਉਹ ਕਿਸ ਬਿਧ ਮੇਟੇ ਕਲਜੁਗ ਅੰਧੇਰੀ ਰਾਤੀ, ਰੁਤੜੀ ਆਪਣੇ ਹੁਕਮ ਵਰਤਾਈਆ। ਮੈਨੂੰ
ਸਦੀ ਚੌਧਵੀਂ ਮੁਸ਼ਕਲ ਦਿਸਦੀ ਘਾਟੀ, ਮੰਜ਼ਲ ਪੰਧ ਆਪਣੀ ਬੈਠੀ ਡੇਰਾ ਲਾਈਆ। ਚਾਰ ਯਾਰੀ ਹੱਥ ਮਾਰਦੀ ਉਤੇ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਸਾਰੇ ਵੇਖਣ ਆਪੋ ਆਪਣੀ ਜ਼ਾਤੀ, ਪੈਗ਼ੰਬਰ ਅਵਤਾਰ ਅੱਖ ਉਠਾਈਆ। ਅਸੀਂ ਸਦੀ ਚੌਧਵੀਂ ਵੀਹਵੀਂ ਸਦੀ ਦੇ ਸਾਰੇ ਅਲਾਟੀ, ਢਈਏ ਦਾ ਪੰਧ ਸਮਝੇ ਕੋਇ ਨਾ ਰਾਈਆ। ਵੇਦ ਵਿਆਸ ਵੇਖੇ ਬਹਿ ਕੇ ਉਤੇ ਖਟੀਆ ਖਾਟੀ, ਬ੍ਰਹਿਮਣ ਗੌੜੇ ਵੱਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਪ੍ਰਗਟਾਈਆ। ਮਾਇਆ ਕਹੇ ਮੈਂ ਜੁਗ ਜੁਗ ਵਿਛੁੰਨੀ, ਵਿਛੜੀ ਨਜ਼ਰ ਕੋਇ ਨਾ ਆਈਆ। ਮੈਂ ਓਸ ਪ੍ਰਭੂ ਦੀ ਲਾਡਲੀ ਮੁੰਨੀ, ਜੋ ਮੁੰਨ ਸੁੰਨ ਤੋਂ ਬਾਹਰ ਡੇਰਾ ਲਾਈਆ। ਮੇਰੇ ਸੀਸ ਓਢਣ ਦਿਸੇ ਕੋਇ ਨਾ ਚੁੰਨੀ, ਪਰਦਾ ਸਕੇ ਨਾ ਕੋਇ ਵਖਾਈਆ। ਮੇਰਾ ਲੇਖਾ ਜਾਣੇ ਨਾ ਕੋਇ ਗੁੰਨ ਗੁੰਨੀ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਮਾਇਆ ਕਹੇ ਮੈਨੂੰ ਆਇਆ ਹੁਕਮ ਨਿਰੰਕਾਰੀ, ਨਿਰਵੈਰ ਦਿਆਂ ਸੁਣਾਈਆ। ਤੂੰ ਹੋ ਜਾ ਖ਼ਬਰਦਾਰੀ, ਆਪਣੀ ਲੈ ਅੰਗੜਾਈਆ। ਤੇਰੀ ਵੇਖਣੀ ਹੁਸ਼ਿਆਰੀ, ਹੋਸ਼ ਸੰਭਲ ਕੇ ਸੰਬਲ ਵਾਲੇ ਸੀਸ ਨਿਵਾਈਆ। ਤੂੰ ਫਿਰਨਾ ਜਗਤ ਵੰਡ ਤੋਂ ਬਾਹਰੀ, ਭੱਜਣਾ ਵਾਹੋ ਦਾਹੀਆ। ਸੱਤਾਂ ਦੀਪਾਂ ਦੇਣਾ ਹੁਲਾਰੀ, ਹਲੂਣਿਆਂ ਨਾਲ ਉਠਾਈਆ। ਅਗਲੇ ਸਾਲ ਤੇਰੀ ਖੇਲ ਹੋਣੀ ਨਿਆਰੀ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਰੂਸਾ ਚੀਨਾ ਹਲੂਣੇ ਦਾਹੜੀ, ਹੁਲਾਰਿਆਂ ਨਾਲ ਉਠਾਈਆ। ਸਭ ਦੇ ਫਿਰਨਾ ਪਿਛੇ ਅਗਾੜੀ, ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਤੇਰੀ ਸ਼ਰਨਾਈਆ। ਮਾਇਆ ਕਹੇ ਪ੍ਰਭੂ ਮੈਨੂੰ ਸਚ ਦਾ ਦੱਸ ਤਰੀਕਾ, ਸਤਿ ਸਚ ਦ੍ਰਿੜਾਈਆ। ਤੇਰਾ ਖੇਲ ਨੀਕਨ ਨੀਕਾ, ਨਿਰਵੈਰ ਤੇਰੀ ਵਡ ਵਡਿਆਈਆ। ਮੈਂ ਵੇਖਾਂ ਜਗਤ ਸ਼ਰੀਕਾ, ਸ਼ਰਅ ਵਾਲੇ ਦਿਆਂ ਉਠਾਈਆ। ਮੇਰਾ ਦਿਲ ਕਰਦਾ ਸਭ ਤੋਂ ਪਹਿਲੋਂ ਹਲੂਣਾ ਦੇਵਾਂ ਅਮਰੀਕਾ, ਅਮਰ ਤੇਰਾ ਹੁਕਮ ਵਰਤਾਈਆ। ਤੂੰ ਮਾਲਕ ਜੀਵ ਜੀਅ ਕਾ, ਤੇਰਾ ਲੇਖਾ ਖ਼ਲਕ ਖ਼ੁਦਾਈਆ। ਤੂੰ ਸਵਾਮੀ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਮਾਇਆ ਕਹੇ ਮੈਂ ਖੁਲ੍ਹੜੇ ਕਰ ਲਾਂ ਕੇਸ, ਆਪਣਾ ਵੇਸ ਵਟਾਈਆ। ਜਾਵਾਂ ਮਸੀਹ ਵਾਲੇ ਦੇਸ, ਮਸਲਾ ਆਪਣਾ ਹੱਲ ਕਰਾਈਆ । ਜੋ ਇਸ਼ਾਰਾ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਹੋਣਾ ਕਲੇਸ਼, ਕਲਕਾਤੀ ਆਪ ਕਰਾਈਆ। ਜੋ ਸੰਦੇਸ਼ਾ ਦੇਵੇ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਲੇਖਾ ਆਪ ਲਿਖਾਈਆ। ਮਾਇਆ ਕਹੇ ਮੇਰਾ ਰੂਪ ਬਗ ਬੱਪੜਾ, ਜਗਤ ਲਵਾਂ ਭਰਮਾਈਆ। ਮੇਰਾ ਇਰਾਦਾ ਆਦਿ ਜੁਗਾਦਿ ਪੱਕੜਾ, ਨਾ ਸਕੇ ਕੋਇ ਬਦਲਾਈਆ। ਮੈਂ ਫਿਰਾਂ ਜੰਗਲ ਜੂਹਾਂ ਵਿਚ ਰੱਕੜਾ, ਟਿੱਲੇ ਪਰਬਤਾਂ ਪੰਧ ਮੁਕਾਈਆ। ਹੱਥ ਵਿਚ ਫੜ ਕੇ ਕੂੜ ਕੁੜਿਆਰ ਦਾ ਤੱਕੜਾ, ਦੋ ਧੜ ਤੋਲਾਂ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਖੇਲ ਖਿਲਾਈਆ। ਮਾਇਆ ਕਹੇ ਮੈਂ ਖੇਲ ਕਰਾਂ ਸ਼ਤਾਬੀ, ਸਤਿ ਸਚ ਸੁਣਾਈਆ। ਮੇਰਾ ਮਿਤ੍ਰ ਪਿਆਰਾ ਅਹਿਬਾਬੀ, ਨੂਰ ਨੁਰਾਨਾ ਨੂਰ ਅਲਾਹੀਆ।
ਜਿਥੇ ਨਾ ਸਵਾਲ ਨਾ ਕੋਇ ਜਵਾਬੀ, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਮੈਂ ਉਸ ਨੂੰ ਕਰਨਾ ਰਾਜੀ, ਜੋ ਰਾਜਕ ਰਿਜ਼ਕ ਰਹੀਮ ਨੂਰ ਅਲਾਹੀਆ। ਜਿਸ ਦਾ ਅਸਵ ਅਗੰਮਾ ਤਾਜੀ, ਦੋ ਜਹਾਨ ਰਿਹਾ ਦੌੜਾਈਆ। ਉਹ ਮੈਨੂੰ ਮਾਰੇ ਆਵਾਜ਼ੀ, ਸੁੱਤੀ ਰਿਹਾ ਉਠਾਈਆ। ਚਾਰੋਂ ਕੁੰਟ ਕਰੀ ਖਰਾਬੀ, ਖੋਟੇ ਖਰੇ ਵੇਖ ਵਖਾਈਆ। ਨਾਲ ਸਿਤਾਰ ਜਣਾਏ ਰਬਾਬੀ, ਜੋ ਅਗਲੀ ਰਿਹਾ ਸੁਣਾਈਆ। ਲਹਿਣਾ ਪੂਰਾ ਕਰਨਾ ਨਾਨਕ ਵਾਲਾ ਬਗ਼ਦਾਦੀ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਦੀ ਵੇਖਣੀ ਸਰਬ ਆਬਾਦੀ, ਤਿੰਨ ਅਰਬ ਸਠ ਕਰੋੜ ਹਜ਼ਾਰਾਂ ਵਾਲੀ ਗਿਣਤੀ ਨਾਲ ਮਿਲਾਈਆ। ਨੀ ਤੂੰ ਬਣੀਂ ਨਾ ਕਿਤੇ ਕਮਲੀਏ ਪੰਜਾਬੀ, ਪੰਜਾਂ ਦਰਿਆਵਾਂ ਵਿਚ ਬਹਿ ਕੇ ਆਪਣਾ ਝਟ ਲੰਘਾਈਆ। ਤੂੰ ਫਿਰਨਾਂ ਨਾਲ ਮਜਾਜੀ, ਨੌ ਖੰਡ ਪ੍ਰਿਥਮੀ ਭੱਜਣਾ ਵਾਹੋ ਦਾਹੀਆ। ਕਿਤੇ ਲਾ ਨਾ ਬਹੀਂ ਸਮਾਧੀ, ਸੁੰਨ ਵਿਚ ਨਾ ਰੂਪ ਜਣਾਈਆ। ਦਿਵਸ ਰੈਣ ਰਹਿਣਾ ਜਾਗੀ, ਆਲਸ ਨਿੰਦਰਾ ਦੂਰ ਕਰਾਈਆ। ਤੂੰ ਕਲਜੁਗ ਜੀਵ ਵੇਖਣੇ ਕਾਗੀ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਮਾਇਆ ਕਹੇ ਮੈਨੂੰ ਹੁਕਮ ਆਇਆ ਬੇਖ਼ਬਰੀ, ਖ਼ਬਰ ਦਿਆਂ ਜਣਾਈਆ। ਮੇਰੇ ਅੰਦਰ ਆਈ ਬੇਸਬਰੀ, ਸਬੂਰੀ ਰਹਿਣ ਕੋਇ ਨਾ ਪਾਈਆ। ਮੇਰੇ ਪ੍ਰਭੂ ਦਾ ਹੁਕਮ ਵਰਤਣਾ ਜਬਰੀ, ਜਾਬਰਾਂ ਡੇਰਾ ਢਾਹੀਆ। ਜਿਹੜੀ ਉਸ ਦੀ ਹੋਈ ਬੇਕਦਰੀ, ਕਦਰ ਆਪਣਾ ਲਏ ਕਰਾਈਆ। ਜਿਸ ਦੀਨ ਦੁਨੀ ਕਰਨੀ ਪੱਧਰੀ, ਵੇਖਣਹਾਰਾ ਥਾਉਂ ਥਾਈਂਆ। ਉਹ ਖੇਲ ਖਿਲਾਵਣ ਵਾਲਾ ਗ਼ਦਰੀ, ਗਦਾਗਰ ਕਰੇ ਲੋਕਾਈਆ। ਮੈਂ ਰਹਿਣਾ ਨਹੀਂ ਅੱਡਰੀ, ਉਸੇ ਨੂੰ ਸੀਸ ਝੁਕਾਈਆ। ਜੋ ਮਿਹਰ ਕਰੇ ਨਦਰ ਨਦਰੀ, ਨਜ਼ਰ ਨਿਹਾਲ ਕਰਾਈਆ। ਮੇਰੀ ਆਸ਼ਾ ਮਨਸਾ ਪੂਰੀ ਕਰੇ ਸਧਰੀ, ਤ੍ਰਿਸ਼ਨਾ ਲੇਖੇ ਵਿਚ ਰਖਾਈਆ। ਅੰਤ ਅਖ਼ੀਰ ਬਣੇ ਅਦਲੀ, ਇਨਸਾਫ਼ ਇਕ ਦ੍ਰਿੜਾਈਆ। ਕੂੜ ਸਚ ਦੀ ਕਰੇ ਬਦਲੀ, ਬਦਲਾ ਦਏ ਚੁਕਾਈਆ। ਆਪਣੀ ਰੁਤ ਵਖਾਵੇ ਰੰਗਲੀ, ਰੰਗਤ ਇਕ ਚੜ੍ਹਾਈਆ। ਮੈਂ ਓਸੇ ਦੀ ਭਿਖਾਰਨ ਵਣਜਾਰਨ ਕੋਝੀ ਕਮਲੀ, ਜੋ ਕਵਲ ਨੈਣ ਅਖਵਾਈਆ। ਜਿਸ ਨੇ ਹੁਕਮ ਦਿਤਾ ਤਿਆਰੀ ਜੰਗ ਲਈ, ਜੰਗਲ ਜੂਹਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸੇਵਾ ਲਾਈ ਵਰਭੰਡ ਲਈ, ਵਰਭੰਡੀ ਭੰਡੀ ਪਾਵਾਂ ਚਾਈਂ ਚਾਈਂਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਜ਼ਿਲਾ ਜੰਮੂ ਕੁਲਵੰਤ ਸਿੰਘ ਦੇ ਗ੍ਰਹਿ
ਮਾਇਆ ਕਹੇ ਮੇਰੀ ਖ਼ੁਸ਼ੀ ਧਾਮ ਧੂਮ ਦੀ, ਧਰਨੀ ਧਵਲ ਉਤੇ ਵਡਿਆਈਆ। ਮੈਂ ਸਦਾ ਮਸਤੀਆਂ ਦੇ ਵਿਚ ਝੂੰਮਦੀ, ਹੁਲਾਰੇ ਜਗਤ ਜਹਾਨ ਰਖਾਈਆ। ਮੈਂ ਪਿਆਰੀ ਬਣੀ ਨਹੀਂ ਕਿਸੇ ਸੂਮ ਦੀ, ਸ਼ਾਹਾਂ ਸੰਗ ਨਾ ਕਦੇ ਨਿਭਾਈਆ। ਮੈਂ ਲੁਟੇਰੀ ਨਹੀਂ ਕਿਸੇ ਹਜੂਮ ਦੀ, ਝਗੜਿਆਂ ਵਿਚ ਕਦੇ ਨਾ ਆਈਆ। ਮੇਰੀ ਖੇਲ ਨਾਮਾਲੂਮ ਦੀ, ਭੇਵ ਸਕੇ ਕੋਇ ਨਾ ਪਾਈਆ। ਮੇਰੀ ਕਰਨੀ ਦਿਸਦੀ ਨਾਲ ਸ਼ਾਹ ਰੂਮ ਦੀ, ਰੂਮਾਂ ਦਏ ਹਿਲਾਈਆ। ਮੈਂ ਵਣਜਾਰਨ ਇਲਾਹ ਵਰਤ ਭੂਮ ਦੀ, ਭੂਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਖੇਲ ਖਿਲਾਏ ਇਕ ਅਸੂਲ ਦੀ, ਅਸਲ ਆਪਣੀ ਕਾਰ ਭੁਗਤਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਜ਼ਿਲਾ ਜੰਮੂ ਸੁਰਜੀਤ ਸਿੰਘ ਦੇ ਗ੍ਰਹਿ
ਮਾਇਆ ਕਹੇ ਮੈਂ ਚਾਰੋਂ ਕੁੰਟ ਪਾਵਾਂ ਧਮਾਲ, ਨੱਚਾਂ ਟੱਪਾਂ ਚਾਈਂ ਚਾਈਂਆ । ਮੇਰਾ ਲੇਖਾ ਖੰਡ ਕੇਤਮਾਲ, ਹਰਨ ਰਮਯ ਨਾਲ ਰਲਾਈਆ। ਕਿੰ ਪੁਰਖ ਦੀ ਕਰਾਂ ਭਾਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰੀ ਸਮਝੇ ਕੋਇ ਨਾ ਚਾਲ, ਚਾਲ ਨਿਰਾਲੀ ਆਪਣੀ ਆਪ ਪ੍ਰਗਟਾਈਆ। ਮੇਰੀ ਝਲੇ ਕੋਇ ਨਾ ਝਾਲ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮੈਂ ਘਰ ਘਰ ਅਗਨੀ ਦੇਣੀ ਬਾਲ, ਬਾਲੂ ਰੇਤ ਦੇਣੀ ਤਪਾਈਆ। ਕਿਸੇ ਦੀ ਕਰੇ ਨਾ ਕੋਈ ਸੰਭਾਲ, ਸੰਬਲ ਦਾ ਮਾਲਕ ਹੁਕਮ ਸੁਣਾਈਆ। ਮੈਂ ਝਗੜੇ ਤਕਣੇ ਸ਼ਾਹ ਕੰਗਾਲ, ਰਾਓ ਰੰਕਾਂ ਵੇਖ ਵਖਾਈਆ। ਮੈਂ ਧਰਮ ਦਾ ਰਹਿਣ ਦੇਣਾ ਨਹੀਂ ਕੋਈ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਹੋਵੇ ਬੇਮਿਸਾਲ, ਮਿਸਲ ਪਿਛਲੀ ਸਾਰੇ ਜਾਣ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਲ ਲਗਾਵੇ ਮੇਰੇ ਡਾਲ, ਫੁੱਲ ਖ਼ੁਸ਼ੀਆਂ ਵਾਲੇ ਮਹਿਕਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕਲਾਂ ਜ਼ਿਲਾ ਜੰਮੂ ਵਜ਼ੀਰੋ ਦੇ ਗ੍ਰਹਿ
ਮਾਇਆ ਕਹੇ ਮੈਂ ਧਰਮ ਨਾਲ ਧਰਮ ਲਗਾਵਾਂ ਟੱਕਰ, ਧਰਮ ਧਰਮ ਨਾਲ ਜਣਾਈਆ। ਮੈਂ ਸ਼ਰੀਣੀਆਂ ਵੰਡਾਂ ਗੁੜ ਸ਼ੱਕਰ, ਸ਼ਰਅ ਮੁਹੰਮਦ ਵਾਲੀ ਨਾਲ ਮਿਲਾਈਆ। ਮੈਂ ਚਾਰੋਂ ਕੁੰਟ ਮਾਰਨਾ ਚੱਕਰ, ਚੱਕਰਵਰਤੀ ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਜਗਤ ਉਠਾਉਣੇ ਫ਼ੱਕਰ, ਫ਼ਿਕਰੇ ਅੰਦਰੋਂ ਦੇਣੇ ਬਦਲਾਈਆ। ਸਾਰੇ ਕੂੜ ਦੇ ਤੋਲਣੇ ਤੱਕੜ, ਡੰਡੀ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਲੈਣੇ ਜਕੜ, ਗੰਢ ਸਕੇ ਨਾ ਕੋਇ ਖੁਲਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਮਕਰ, ਫ਼ਰੇਬੀਆਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਵੇਖੇ ਆਪਣੇ ਵਿਚੋਂ ਪੱਤਰ, ਜਿਸ ਪਤ੍ਰਕਾ ਦਾ ਲੇਖ ਨਜ਼ਰ ਕਿਸੇ ਨਾ ਆਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗੋਕਲੇ ਚੱਕ ਜ਼ਿਲਾ ਜੰਮੂ ਸੰਤ ਰਾਮ ਦੇ ਗ੍ਰਹਿ
ਮਾਇਆ ਕਹੇ ਮੈਂ ਕਰਨ ਵਾਲੀ ਸ਼ਤਾਬੀ, ਜਲਦੀ ਜਲਦੀ ਖੇਲ ਖਿਲਾਈਆ । ਮੇਰਾ ਹੁੰਦਾ ਅੰਤ ਹਿਸਾਬੀ, ਅੰਕੜੇ ਅੱਖਰਾਂ ਬਿਨਾ ਲਗਾਈਆ।
ਹਿੰਦਸਿਆਂ ਵਾਲੀ ਨਹੀਂ ਕਿਤਾਬੀ, ਕੁਤਬਖਾਨਿਆਂ ਵਿਚ ਨਾ ਕਦੇ ਟਿਕਾਈਆ। ਮੈਂ ਆਪਣੇ ਸਾਹਿਬ ਨੂੰ ਕਰਾਂ ਰਾਜੀ, ਜੋ ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਮੈਂ ਸ਼ਰਅ ਦੇ ਮੇਟਣੇ ਕਾਜ਼ੀ, ਅਜ਼ਲ ਨੂੰ ਹੁਕਮ ਦੇਣਾ ਸੁਣਾਈਆ। ਹਉਮੇ ਦਾ ਰਹੇ ਕੋਇ ਨਾ ਗਾਜ਼ੀ, ਗਜ਼ਲ ਜਣਾਵਾਂ ਚਾਈਂ ਚਾਈਂਆ। ਮੈਨੂੰ ਪਿਛਲਾ ਲੇਖਾ ਯਾਦ ਮਾਜੀ, ਜੁਗ ਚੌਕੜੀ ਧਿਆਨ ਲਗਾਈਆ। ਧਰਨੀ ਉਤੇ ਕਾਇਮ ਨਹੀਂ ਰਹਿਣ ਦਿਤੀ ਕਿਸੇ ਦੀ ਅਰਾਜ਼ੀ, ਮਲਕੀਅਤ ਹਕ ਨਾ ਕੋਇ ਰਖਾਈਆ। ਸਦਾ ਰਹੇ ਕੋਇ ਨਾ ਮਾਜੀ, ਡੰਡਾਵਤਾਂ ਵਾਲਾ ਨਜ਼ਰ ਕੋਇ ਨਾ ਆਈਆ। ਮਜ਼੍ਹਬਾਂ ਦਾ ਰਹੇ ਕੋਇ ਨਾ ਵਾਅਜ਼ੀ, ਵਾਜ਼ਿਆ ਕਰ ਕੇ ਦਿਆਂ ਸੁਣਾਈਆ। ਮੇਰਾ ਸਾਹਿਬ ਉਲਟਾਵਣ ਵਾਲਾ ਬਾਜ਼ੀ, ਬਾਜਾਂ ਵਾਲਾ ਆਪਣੇ ਸੰਗ ਰਖਾਈਆ। ਕਲਜੁਗ ਕੂੜਾ ਰਹਿਣਾ ਨਹੀਂ ਪਾਜੀ, ਜੋ ਪਜ਼ਲ ਕਰੇ ਲੋਕਾਈਆ। ਮੇਰੀ ਇਕ ਆਵਾਜ਼ ਸੁਣ ਕੇ ਸਾਰੇ ਹੋਣ ਰਾਜੀ, ਸਚ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਮਾਇਆ ਕਹੇ ਮੈਂ ਮਮਤਾ ਦੇ ਵਿਚ ਭੱਜਾਂ, ਨੱਠਾਂ ਵਾਹੋ ਦਾਹੀਆ। ਘਰ ਘਰ ਦੇ ਵਿਚ ਸਜਾਂ, ਗ੍ਰਹਿ ਗ੍ਰਹਿ ਡੇਰਾ ਲਾਈਆ। ਜਗਤ ਜਗਿਆਸੂਆਂ ਖੂਨ ਪੀ ਪੀ ਰੱਜਾਂ, ਇਹ ਮੇਰੀ ਬੇਪਰਵਾਹੀਆ। ਕਿਸੇ ਲਾਉਣ ਨਾ ਦੇਵਾਂ ਪੱਜਾ, ਫ਼ਰੇਬ ਵੇਖਾਂ ਥਾਉਂ ਥਾਈਂਆ। ਮੇਰੇ ਪਿਆਰ ਵਿਚ ਸ਼ਾਹ ਗ਼ਰੀਬ ਹੋਵੇ ਬੱਝਾ, ਪੱਲੂ ਸਕੇ ਨਾ ਕੋਇ ਛੁਡਾਈਆ। ਮੇਰਾ ਡੌਲਾ ਫਰਕੇ ਸੱਜਾ, ਸੱਜੀ ਬਾਂਹ ਰਹੀ ਉਠਾਈਆ। ਮੈਂ ਨੌ ਖੰਡ ਪ੍ਰਿਥਮੀ ਵੇਖਣੀ ਜਗਹ, ਸੱਤਾਂ ਦੀਪਾਂ ਧਿਆਨ ਲਗਾਈਆ। ਮੈਨੂੰ ਪ੍ਰਭੂ ਦਾ ਨਜ਼ਰ ਆਵੇ ਅਸਵ ਬੱਗਾ, ਜੋ ਦੋ ਜਹਾਨਾਂ ਬਿਨ ਕਦਮਾਂ ਕਦਮ ਟਿਕਾਈਆ। ਮੈਂ ਸਭ ਦੀਆਂ ਵੇਖਣੀਆਂ ਕੱਟੀਆਂ ਲਬਾਂ, ਲਬਰੇਜ਼ ਹੋਏ ਲੋਕਾਈਆ। ਮੈਂ ਫਿਰਨਾ ਭਾਰ ਪੱਬਾ, ਅੱਡੀ ਜ਼ਿਮੀਂ ਨਾ ਕੋਇ ਛੁਹਾਈਆ। ਚਾਰੋਂ ਕੁੰਟ ਉਫ਼ ਹਾਏ ਸਭ ਨੇ ਕਹਿਣਾ ਰੱਬਾ, ਬਹੁੜੀ ਤੇਰਾ ਨਾਮ ਦੁਹਾਈਆ। ਕਿਸੇ ਨੂੰ ਪੀਣੀ ਪਏ ਨਾ ਮਧਾ, ਰਸਨਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹ ਸੂਰਾ ਸਰਬਗਾ, ਸਰਬਗ ਆਪਣਾ ਹੁਕਮ ਵਰਤਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਪ੍ਰੇਮੀ ਦੇਵੀ ਦੇ ਗ੍ਰਹਿ ਸੇਈ ਕਲਾਂ ਜੰਮੂ
ਮਾਇਆ ਕਹੇ ਮੇਰਾ ਸਭ ਤੋਂ ਉੱਤਮ ਕਰਮ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਮੇਰਾ ਜਾਣੇ ਕੋਈ ਨਾ ਜਰਮ, ਜੰਮਣ ਵਾਲੀ ਦਿਸੇ ਕੋਇ ਨਾ ਮਾਈਆ। ਮੇਰਾ ਵੇਖੇ ਕੋਈ ਨਾ ਬ੍ਰਹਮ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੇਰਾ ਜਗਿਆਸੂਆਂ ਵਾਲਾ ਨਹੀਂ ਕੋਈ ਭਰਮ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਮੈਂ ਪੂਜਾਂ ਕਿਸੇ ਨਾ ਚਰਨ, ਚਰਨੋਦਕ ਮੁਖ ਨਾ ਕੋਇ ਲਗਾਈਆ। ਮੇਰੀ ਸਾਰੇ ਲੈਂਦੇ ਸਰਨ, ਜਗਤ ਜਗਿਆਸੂ ਸੀਸ ਨਿਵਾਈਆ । ਮੈਂ ਸਾਬਤ ਰਹਿਣ ਦੇਣਾ ਨਹੀਂ ਕੋਈ ਧਰਮ, ਧੀਰਜ ਧੀਰ ਨਾ ਕੋਇ ਬੰਧਾਈਆ । ਮੈਂ ਝਗੜੇ ਪਾਵਾਂ ਮਾਟੀ ਚਰਮ, ਚੰਮ ਦ੍ਰਿਸ਼ਟੀ ਸਭ ਦੀ ਦੇਵਾਂ ਬਦਲਾਈਆ। ਮੇਰਾ ਅੰਦਰ ਬਾਹਰ ਸਭ ਨੂੰ ਹੋਵੇ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਮੇਰੇ ਪਿਆਰੇ ਸ਼ਾਹ ਸੁਲਤਾਨ ਲੜਨ, ਗ਼ਰੀਬ ਨਿਮਾਣੇ ਰੋਵਣ ਮਾਰਨ ਧਾਹੀਂਆ । ਮੇਰੇ ਕਾਰਨ ਗ੍ਰੰਥੀ ਪੰਥੀ ਪੰਡਤ ਪਾਂਧੇ ਪੜ੍ਹਨ, ਮੁੱਲਾ ਸ਼ੇਖ਼ ਤਸਬੀਆਂ
ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਰੰਗ ਰੰਗਾਈਆ। ਮਾਇਆ ਕਹੇ ਮੈਂ ਸਭ ਨੂੰ ਲੱਗਾਂ ਪਿਆਰੀ, ਪ੍ਰੀਤਮ ਸਕਾਂ ਨਾ ਕਿਸੇ ਬਣਾਈਆ। ਮੈਂ ਵੇਖਾਂ ਚਾਰ ਕੁੰਟ ਦੀ ਯਾਰੀ, ਨਵ ਸੱਤ ਧਿਆਨ ਲਗਾਈਆ। ਮੇਰੇ ਦਰ ਦੇ ਦਰਵੇਸ਼ ਦੀਨ ਦੁਨੀ ਦਰਬਾਰੀ, ਸ਼ਾਹ ਸੁਲਤਾਨ ਸੀਸ ਨਿਵਾਈਆ। ਮੇਰਾ ਲੇਖਾ ਲੇਖ ਲਿਖਣ ਤੋਂ ਬਾਹਰੀ, ਕਲਮ ਸ਼ਾਹੀ ਨਾ ਕੋਇ ਸਮਝਾਈਆ। ਮੈਂ ਖੰਡੇ ਖੜਕਾਵਾਂ ਕਟਾਰੀ, ਖੜਗਾਂ ਨਾਲ ਮਿਲਾਈਆ। ਮੈਂ ਵਿਭਚਾਰ ਕਰਾਂ ਦੁਰਾਚਾਰੀ, ਦੋਹਰੀ ਆਪਣੀ ਕਲ ਵਰਤਾਈਆ। ਬੰਦ ਹੋਵਾਂ ਨਾ ਕਿਸੇ ਭੰਡਾਰੀ, ਵਰਭੰਡੀ ਵੇਖ ਵਖਾਈਆ। ਮੇਰੀ ਸਭ ਤੋਂ ਵੱਖਰੀ ਹੁਸ਼ਿਆਰੀ, ਹੋਸ਼ ਸਮਝ ਸਭ ਦੀ ਦਿਆਂ ਭੁਲਾਈਆ। ਮੈਂ ਲੇਖਾ ਜਾਣਾ ਨਰ ਨਾਰੀ, ਨਰ ਨਰਾਇਣ ਦਿਤੀ ਵਡਿਆਈਆ। ਮੈਂ ਕਲਜੁਗ ਅੰਤਮ ਪਾਵਾਂ ਸਾਰੀ, ਸਦੀ ਚੌਧਵੀਂ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਰਾਵਾਂ ਹਾਹਾਕਾਰੀ, ਹਉਮੇ ਹੰਗਤਾ ਨਾਲ ਮਿਲਾਈਆ। ਚਾਰੋਂ ਕੁੰਟ ਹੋਵੇ ਅੰਧੇਰ ਗੁਬਾਰੀ, ਸੂਰੀਆ ਸਤਿ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਸਿਕਦਾਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਜਲੰਧਰ ਸਿੰਘ ਦੇ ਗ੍ਰਹਿ ਸੇਈ ਕਲਾਂ ਜੰਮੂ
ਮਾਇਆ ਕਹੇ ਮੈਂ ਸਦਾ ਚਕਰਵਰਤੀ, ਵਰਤਮਾਨ ਦਾ ਲੇਖਾ ਦਿਆਂ ਸਮਝਾਈਆ। ਮੈਂ ਫਿਰਦੀ ਰਹਿੰਦੀ ਉਤੇ ਧਰਤੀ, ਧਰਨੀ ਉਤੇ ਫੇਰੀਆਂ ਪਾਈਆ । ਮੇਰਾ ਜੁਗ ਚੌਕੜੀ ਖੇਲ ਹੁੰਦਾ ਸ਼ਰਤੀ, ਸ਼ਰਤੀਆ ਪੂਰਾ ਦਿਆਂ ਕਰਾਈਆ। ਮੈਂ ਹੁਕਮ ਮੰਨਾਂ ਮਾਲਕ ਅਰਸ਼ੀ, ਅਰਸ਼ੀ ਪ੍ਰੀਤਮ ਜੋ ਸੁਣਾਈਆ। ਮੈਂ ਖੇਲ ਖਿਲਾਵਾਂ ਉਤੇ ਫ਼ਰਸ਼ੀ, ਮਿੱਟੀ ਖ਼ਾਕੀ ਰੰਗ ਰੰਗਾਈਆ। ਮੇਰੀ ਆਉਂਦੀ ਜਾਂਦੀ ਖ਼ੁਸ਼ੀਆਂ ਵਾਲੀ ਬਰਸੀ, ਆਪ ਆਪਣਾ ਪੰਧ ਮੁਕਾਈਆ। ਪ੍ਰਭੂ ਮੇਰੀ ਪੂਰੀ ਕਰਨੀ ਹਰਸੀ, ਹਵਸ ਮੇਰੀ ਵੇਖ ਵਖਾਈਆ। ਮੇਰੇ ਉਤੇ ਕਰੇ ਤਰਸੀ, ਰਹਿਮਤ ਸਚ ਕਮਾਈਆ। ਨਿਰਗੁਣ ਧਾਰ ਦੇਵੇ ਦਰਸੀ, ਨੂਰ ਜੋਤ ਕਰ ਰੁਸ਼ਨਾਈਆ। ਫੇਰ ਕਰਾਂ ਮੈਂ ਆਪਣੀ ਮਰਜ਼ੀ, ਮਰੀਜ ਤੱਕਾਂ ਜਗਤ ਲੋਕਾਈਆ। ਮੈਂ ਵੇਖਾਂ ਚਾਰ ਜੁਗ ਦੇ ਕਰਜ਼ੀ, ਥਾਉਂ ਥਾਈਂ ਧਿਆਨ, ਲਗਾਈਆ। ਮੇਰਾ ਖੇਲ ਹੋਵੇ ਅਸਚਰਜੀ, ਅਚਰਜ ਆਪਣੀ ਖੇਲ ਬਣਾਈਆ। ਮੈਂ ਮਾਲਕ ਹੋਵਾਂ ਘਰ ਘਰ ਦੀ, ਗ੍ਰਹਿ ਗ੍ਰਹਿ ਆਪਣਾ ਆਸਣ ਲਾਈਆ। ਮੈਂ ਧਾਰ ਤੱਕਾਂ ਚੋਟੀ ਜੜ ਦੀ, ਜੜ ਚੇਤਨ ਨਾਲ ਮਿਲਾਈਆ। ਮੈਂ ਨਵ ਸੱਤ ਇਕੋ ਢੋਲਾ ਫਿਰਾਂ ਪੜ੍ਹਦੀ, ਬਿਨ ਪੁਸਤਕਾਂ ਰਾਗ ਅਲਾਈਆ। ਨਾਲੇ ਸ੍ਰਿਸ਼ਟੀ ਵੇਖਾਂ ਸੜਦੀ, ਅਗਨੀ ਤਤ ਤਪਾਈਆ। ਮੈਂ ਵੇਖਾਂ ਦਿਸ਼ਾ ਲਹਿੰਦੀ ਚੜ੍ਹਦੀ, ਚੜ੍ਹਦਾ ਲਹਿੰਦਾ ਅੱਖ ਉਠਾਈਆ। ਮੈਂ ਵਣਜਾਰਨ ਨਰਾਇਣ ਨਰ ਦੀ, ਨਰ ਹਰਿ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਦਾ ਇਕੋ ਲੜ ਫੜਦੀ, ਦੂਸਰ ਓਟ ਰਹੇ ਨਾ ਰਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਪੁਨੂੰ ਰਾਮ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ
ਮਾਇਆ ਕਹੇ ਮੇਰੀਆਂ ਘਰ ਘਰ ਜਗਣ ਜੋਤਾਂ, ਦੀਪਕ ਘਿਰਤ ਨਾਲ ਸੁਹਾਈਆ। ਮੇਰੇ ਬਿਸਤਰ ਸੁਹੰਜਣੇ ਸੋਹਵਣ ਹੋਵਣ ਸੋਤਾਂ, ਆਸਣ ਜਗਤ ਵਡਿਆਈਆ। ਮੈਂ ਬਿਨਾ ਬੁੱਧੀ ਤੋਂ ਸੋਚਾਂ, ਕੀ ਮੇਰੇ ਵਿਚ ਚਤੁਰਾਈਆ। ਸਾਰੇ ਕਹਿੰਦੇ ਸਾਡੀਆਂ ਪੂਰੀਆਂ ਕਰ ਦੇ ਲੋਚਾਂ, ਤ੍ਰਿਸ਼ਨਾ ਤੇਰੇ ਨਾਲ ਮਿਲਾਈਆ। ਤੇਰੇ ਨਾਲ ਮਾਣੀਏ ਮੌਜਾਂ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਕਿਸ ਬਿਧ ਘਰ ਘਰ ਜਾ ਪਹੁੰਚਾਂ, ਆਪਣਾ ਪੰਧ ਮੁਕਾਈਆ। ਸਭ ਦੇ ਪੂਰੇ ਕਰਾਂ ਸ਼ੌਕਾ, ਸ਼ੌਕੀਨ ਕਰਾਂ ਲੋਕਾਈਆ। ਮੈਂ ਵੇਖਾਂ ਚੌਦਾਂ ਲੋਕਾਂ ਚੌਦਾਂ ਤਬਕਾਂ ਚੌਦਾਂ ਤੌਕਾਂ, ਚੌਦਾਂ ਵਿਦਿਆ ਧਿਆਨ ਲਗਾਈਆ। ਫੇਰ ਨਿਗਾਹ ਮਾਰਾਂ ਗੋਬਿੰਦ ਵਾਲੇ ਢੌਂਕਾ, ਢਈਆ ਵੇਖ ਵਖਾਈਆ। ਫੇਰ ਕਲਜੁਗ ਜੀਵ ਰੂਪ ਵੇਖਾਂ ਕਾਉਂ ਕਾ, ਕਾਗ ਵਾਂਗ ਕੁਰਲਾਈਆ। ਫੇਰ ਹੁਕਮ ਸੰਦੇਸ਼ਾ ਸੁਣਾਂ ਬੇਪਰਵਾਹੋ ਕਾ, ਜੋ ਬੇਪਰਵਾਹੀ ਵਿਚ ਸਮਾਈਆ। ਫੇਰ ਡਰ ਰਖਾਂ ਅਗੰਮੇ ਭਾਉ ਕਾ, ਜੋ ਭੈ ਇਕ ਸਮਝਾਈਆ। ਫੇਰ ਲੇਖਾ ਤੱਕਾਂ ਸ਼ੌਹ ਦਰਿਆਓ ਕਾ, ਜੋ ਕਲਜੁਗ ਵਹਿਣਾ ਵਹਿਣ ਵਹਾਈਆ । ਫੇਰ ਲਹਿਣਾ ਵੇਖਾਂ ਧੁਰ ਕੀ ਨਾਓ ਕਾ, ਜੋ ਨਈਆ ਨਾਮ ਨਿਧਾਨ ਨਜ਼ਰੀ ਆਈਆ । ਫੇਰ ਰਾਹ ਤੱਕਾਂ ਥਲ ਅਸਗਾਹੋ ਕਾ, ਜਲ ਥਲ ਮਹੀਅਲ ਭੱਜਾਂ ਵਾਹੋ ਦਾਹੀਆ । ਫੇਰ ਲਹਿਣਾ ਦੇਣਾ ਤੱਕਾਂ ਧੁਰ ਦੇ ਸ਼ਾਹੋ ਕਾ, ਕੀ ਲੇਖਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਾਣੇ ਆਪਣੇ ਸੁਆਓ ਕਾ, ਸੋ ਪੁਰਖ ਨਿਰੰਜਣ ਦਇਆ ਕਮਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਰੋਸ਼ਨ ਲਾਲ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ
ਮਾਇਆ ਕਹੇ ਮੈਂ ਤਕਦੀ ਚਾਰ ਜੁਗ ਦੇ ਰਾਹੀਆਂ, ਰਹਿਬਰ ਵੱਲ ਅੱਖ ਉਠਾਈਆ। ਇਸ਼ਾਰੇ ਦੇਵੇ ਕਰ ਉਚੀਆਂ ਬਾਹੀਂਆਂ, ਹਥੇਲੀ ਹੱਥਾਂ ਵਾਲੀ ਬਦਲਾਈਆ। ਆਓ ਤੱਕੋ ਆਪਣੀਆਂ ਦੀਨਾਂ ਮਜ਼੍ਹਬਾਂ ਵਾਲੀਆਂ ਵਹੀਆਂ, ਵਾਅਦਿਆਂ ਵਾਲਿਓ ਧਿਆਨ ਲਗਾਈਆ। ਕੂੜੀਆਂ ਸਭ ਦੇ ਮਸਤਕ ਵੇਖੋ ਸ਼ਾਹੀਆਂ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਸਚ ਦਵਾਰ ਦੇਵੋ ਗਵਾਹੀਆਂ, ਸ਼ਹਾਦਤ ਦਿਉ ਭੁਗਤਾਈਆ। ਨਾਤਾ ਤੁੱਟ ਗਿਆ ਭੈਣਾਂ ਭਾਈਆਂ, ਪਿਤਾ ਪੂਤ ਨਾ ਗੋਦ ਸੁਹਾਈਆ। ਪਿਆਰ ਰਿਹਾ ਨਾ ਛੀਂਬਿਆਂ ਝੀਂਵਰ ਨਾਈਆਂ, ਜੱਟਾਂ ਸੰਗ ਨਾ ਕੋਇ ਬਣਾਈਆ। ਜਗਤ ਜਹਾਨ ਤੱਕੋ ਬੇਲੇ ਰੱਕੜ ਕਾਹੀਆਂ, ਪੱਥਰ ਪਾਹਨ ਵੇਖ ਵਖਾਈਆ। ਨਿਗਾਹ ਮਾਰੋ ਥਲ ਅਸਗਾਹੀਆਂ, ਚਾਰੋਂ ਕੁੰਟ ਧਿਆਨ ਲਗਾਈਆ। ਕਿਸੇ ਨਾ ਮਿਲਿਆ ਧੁਰ ਦਾ ਮਾਹੀਆ, ਮਹਿਬੂਬ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਸੂਰੀਆ ਚੰਦ ਨਾ ਕੋਇ ਚਮਕਾਈਆ। ਮਾਇਆ ਕਹੇ ਮੈਂ ਮਾਇਆ ਪਰਦਾ ਪਾਇਆ, ਮੁਖ ਘੁੰਗਟ ਨਾ ਕੋਇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕਿਸੇ ਨਾ ਗਾਇਆ, ਸਤਿ ਵਿਚ ਨਾ ਕੋਇ ਸਮਾਈਆ। ਸਤਿਗੁਰ ਸ਼ਬਦ ਦਾ ਦਿਸੇ ਕੋਇ ਨਾ ਜਾਇਆ, ਜਨਣੀ ਕੁੱਖ ਸਾਰੇ ਰਹੇ ਹੰਢਾਈਆ। ਪੁਰਖ ਅਕਾਲੇ ਦਰਸ ਕਿਸੇ ਨਾ ਪਾਇਆ, ਸਨਮੁਖ ਨਜ਼ਰ ਕਿਸੇ ਨਾ ਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਖੇਲ ਰਚਾਇਆ, ਰਚਨਾ ਆਪਣੀ ਦਿਤੀ ਵਡਿਆਈਆ।
ਜੋਤੀ ਜਾਤੇ ਭੇਸ ਵਟਾਇਆ, ਨਰ ਨਰੇਸ਼ਾ ਰੂਪ ਬਦਲਾਈਆ। ਜਨ ਭਗਤ ਸੁਹੇਲਾ ਹਰਿਜਨ ਸਾਚੇ ਮੇਲ ਮਿਲਾਇਆ, ਮਿਲਣੀ ਜਗਦੀਸ਼ ਆਪ ਕਰਾਈਆ। ਗ਼ਰੀਬ ਨਿਮਾਣਿਆਂ ਗਲੇ ਲਗਾਇਆ, ਫੜ ਬਾਹੋਂ ਗੋਦ ਟਿਕਾਈਆ। ਜਨਮ ਜਨਮ ਦਾ ਲਹਿਣਾ ਪੂਰ ਕਰਾਇਆ, ਪੂਰਨ ਸਤਿਗੁਰ ਬੂਝ ਬੁਝਾਈਆ। ਮੈਂ ਖ਼ੁਸ਼ੀਆਂ ਦਾ ਮੰਗਲ ਗਾਇਆ, ਗਾ ਗਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਸਬਾਇਆ, ਸਦ ਆਪਣਾ ਹੁਕਮ ਵਰਤਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਿਸ਼ਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ
ਮਾਇਆ ਕਹੇ ਮੈਂ ਆਪਣੀ ਖ਼ੁਸ਼ੀ ਬਣਾਵਾਂਗੀ। ਪ੍ਰਭੂ ਦੇ ਚਰਨ ਚੁੰਮ ਕੇ ਮਸਤੀ ਸਚ ਦ੍ਰਿੜਾਵਾਂਗੀ। ਸੀਸ ਜਗਦੀਸ਼ ਇਕ ਨਿਵਾਵਾਂਗੀ। ਪੱਟੀ ਸੋਹਣੀ ਸਚ ਗੁੰਦਾਵਾਂਗੀ। ਫੁੱਲ ਸੱਗੀ ਸੀਸ ਟਿਕਾਵਾਂਗੀ। ਪਰਾਂਦਾ ਲਾਲ ਗੁੱਤ ਰੰਗ ਰੰਗਾਵਾਂਗੀ। ਮਸਤਕ ਬਿੰਦੀ ਧੂੜ ਵਖਾਵਾਂਗੀ। ਨੇਤਰ ਕੱਜਲ ਧਾਰ ਚਮਕਾਵਾਂਗੀ। ਰੁਖ਼ਸਾਰ ਮਸਤੀ ਵਿਚ ਮਸਤਾਵਾਂਗੀ। ਦੰਦਾਂ ਦੰਦਾਸਾ ਇਕ ਵਖਾਵਾਂਗੀ। ਬੁੱਲਾਂ ਰੂਪ ਅਗੰਮ ਚੜ੍ਹਾਵਾਂਗੀ। ਮੁਖ ਧੂੜ ਖ਼ਾਕ ਰਖਾਵਾਂਗੀ। ਗਰਦਨ ਉਚੀ ਕਰ ਵਖਾਵਾਂਗੀ। ਦੋ ਤੁਕੀ ਰਾਗ ਅਲਾਵਾਂਗੀ। ਜਨ ਭਗਤੋ ਰਹਿਣਾ ਸੁਖੀ, ਸਚ ਸੰਦੇਸ਼ੇ ਆਪ ਸੁਣਾਵਾਂਗੀ। ਦੀਨ ਦੁਨੀ ਨੇ ਹੋਣਾ ਦੁਖੀ, ਇਹ ਆਪਣਾ ਭੇਵ ਖੁਲਾਵਾਂਗੀ। ਸ਼ਾਹ ਸੁਲਤਾਨਾਂ ਕੋਲੋਂ ਮੈਂ ਮਾਇਆ ਨੇ ਜਾਣਾ ਲੁੱਟੀ, ਲੁਟੇਰਾ ਕਲਜੁਗ ਨਾਲ ਉਠਾਵਾਂਗੀ। ਮੈਂ ਭਾਗ ਲੱਗਾ ਰਹਿਣ ਨਹੀਂ ਦੇਣਾ ਕਿਸੇ ਪੁੱਤੀਂ, ਪੁਤ ਪੋਤਰਿਆਂ ਨਾਤਾ ਮਾਤ ਤੁੜਾਵਾਂਗੀ। ਮੈਂ ਕਲਾ ਜਗਾਵਾਂ ਸੁੱਤੀ, ਸੁੱਤਿਆਂ ਆਪ ਉਠਾਵਾਂਗੀ। ਚਰਨ ਛੁਹਾ ਕੇ ਚੰਮੜੀ ਵਾਲੀ ਜੁੱਤੀ, ਜੂਤੇ ਕੂੜ ਕੁੜਿਆਰੇ ਸਿਰ ਲਗਾਵਾਂਗੀ। ਮੈਂ ਇਕ ਸਾਹਿਬ ਦੀ ਕਰਾਂ ਬੁੱਤੀ, ਬੁਤਖ਼ਾਨਿਆਂ ਵੇਖ ਵਖਾਵਾਂਗੀ। ਮੈਨੂੰ ਸਾਰਿਆਂ ਕਹਿਣਾ ਲੁੱਚੀ, ਲੁੱਚੇ ਲੰਡੇ ਜਗਤ ਵਿਚੋਂ ਮੁਕਾਵਾਂਗੀ। ਜਨ ਭਗਤਾਂ ਇਕੋ ਪਿਆਰ ਦੀ ਬੰਨ੍ਹ ਕੇ ਰੁਚੀ, ਰਚਨਾ ਪ੍ਰਭ ਦੀ ਆਪ ਸਮਝਾਵਾਂਗੀ। ਜਿਨ੍ਹਾਂ ਮੈਨੂੰ ਸਾਂਭ ਕੇ ਰੱਖਿਆ ਵਿਚ ਗੁੱਥੀ, ਉਨ੍ਹਾਂ ਦੇ ਹੱਥ ਪੈਰ ਵਢਾਵਾਂਗੀ। ਜਿਨ੍ਹਾਂ ਮੇਰੇ ਪਿਛੇ ਝੂਠ ਮਾਰਿਆ ਬੂਥੀ, ਨੱਕ ਕੰਨ ਉਨ੍ਹਾਂ ਦੇ ਖ਼ਾਕ ਵਿਚ ਰਲਾਵਾਂਗੀ। ਮੈਂ ਸਦੀ ਚੌਧਵੀਂ ਆਪਣੀ ਪਹਿਨ ਕੇ ਕਾਲੀ ਸੂਸੀ, ਸੋ ਪੁਰਖ ਨਿਰੰਜਣ ਇਕ ਧਿਆਵਾਂਗੀ। ਚੌਥੇ ਸਾਲ ਨੂੰ ਬਾਣਾ ਪਹਿਨ ਕੇ ਰੂਸੀ, ਰੂਸਾ ਚੀਨਾ ਫੇਰਾ ਪਾਵਾਂਗੀ। ਮੇਰਾ ਪੁਰਖ ਅਕਾਲਾ ਮੇਰੇ ਨਾਲ ਕਰੇ ਜਾਸੂਸੀ, ਗੁਝਾ ਉਸ ਨੂੰ ਭੇਵ ਸਮਝਾਵਾਂਗੀ। ਇਹ ਮੇਰੀ ਵਡ ਖ਼ਸੂਸੀ, ਖ਼ਸੂਸੀਅਤ ਆਪਣੀ ਇਕ ਪਰਗਟਾਵਾਂਗੀ। ਮਾਲਕ ਰਹੇ ਨਾ ਕੋਈ ਮਾਰੂਸੀ, ਸਭ ਦੇ ਲੇਖੇ ਪੂਰ ਕਰਾਵਾਂਗੀ। ਦੀਨ ਦੁਨੀ ਹੋਏ ਮਾਯੂਸੀ, ਮਾਸੂਮ ਸਾਰੇ ਆਪ ਵਖਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਦੀ ਧਾਰ ਵੇਖੇ ਲੂਸੀ, ਚਾਰੋਂ ਕੁੰਟ ਰਾਹ ਤਕਾਵਾਂਗੀ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਚੂਹੜਾ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ
ਮਾਇਆ ਕਹੇ ਮੇਰਾ ਲੇਖਾ ਕੁਲਾ ਖੰਡ, ਕੁਲ ਮਾਲਕ ਰਿਹਾ ਦ੍ਰਿੜਾਈਆ । ਮੈਂ ਧਰਮ ਦੀਆਂ ਵੰਡਾਂ ਰਹੀ ਵੰਡ, ਸਤਿ ਸਚ ਸਮਝਾਈਆ। ਜਿਥੇ ਜੀਵਾਂ ਜੰਤਾਂ ਪਾਉਣੀ ਡੰਡ, ਡੰਡਾਵਤ ਸਮਝ ਕਿਸੇ ਨਾ ਆਈਆ। ਮੈਂ ਕੱਚੇ ਭੰਨਣੇ ਅੰਡ, ਅੰਡਜ ਜੇਰਜ ਵੇਖ ਵਖਾਈਆ। ਮੈਂ ਸਭ ਦੀ ਵੱਢਣੀ ਕੰਡ, ਕੰਡਾ ਖਾਰ ਦੇਣਾ ਚੁਭਾਈਆ। ਮੈਂ ਕਰਨਾ ਅਨੋਖਾ ਪਾਖੰਡ, ਭੇਖ ਲੈਣਾ ਬਦਲਾਈਆ। ਧੂਹ ਮਿਆਨੋ ਚੰਡ, ਪਰਚੰਡ ਦੇਣੀ ਚਮਕਾਈਆ। ਕਿਸੇ ਸੀਨੇ ਰਹਿਣ ਨਾ ਦੇਵਾਂ ਠੰਡ, ਅਗਨੀ ਤਤ ਦਿਆਂ ਤਪਾਈਆ। ਸਭ ਦੀ ਧਰਮ ਵਾਲੀ ਕਟਾਂ ਗੰਢ, ਖ਼ਾਲੀ ਹੱਥ ਦਿਆਂ ਵਖਾਈਆ। ਮੈਂ ਸ਼ੁਰੂ ਕਰਾਉਣਾ ਸ਼ਰਅ ਵਾਲਾ ਜੰਗ, ਜਗਤ ਜਹਾਨ ਦਿਆਂ ਜਣਾਈਆ। ਕਿਸੇ ਨੂੰ ਲੈਣ ਨਹੀਂ ਦੇਣਾ ਅਨੰਦ, ਅਨੰਦ ਪੁਰੀ ਵਾਲੇ ਵੱਜੇ ਵਧਾਈਆ। ਅਗੋਂ ਦੱਸਦੀ ਦੇ ਮੇਰੇ ਜੁੜਦੇ ਦੰਦ, ਕੀ ਹਾਲਤ ਹੋਵੇ ਲੋਕਾਈਆ । ਮੇਰੇ ਅੰਦਰ ਆਵੇ ਰੰਜ, ਰੰਜਸ਼ ਵਿਚ ਸੁਣਾਈਆ। ਨੇਤਰ ਰੋਵੇ ਸੂਰੀਆ ਸਿਤਾਰਾ ਚੰਦ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਰਖੇ ਬਿਨਾ ਮੁਹਾਣਿਆਂ ਵੰਝ, ਵੰਝੀ ਹਾਥ ਕਿਸੇ ਨਾ ਆਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਬਚਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ
ਮਾਇਆ ਕਹੇ ਮੈਂ ਆਪਣੀ ਲਾਹੀ ਅੰਗੀ, ਬਸਤਰ ਤਨ ਨਾ ਕੋਇ ਰਖਾਈਆ। ਮੈਨੂੰ ਮੇਰੀ ਭਾਵਨਾ ਲੱਗੀ ਚੰਗੀ, ਭਾਵੀ ਬੈਠੀ ਰਾਹ ਤਕਾਈਆ। ਕਲਜੁਗ ਬਾਣਾ ਪਹਿਨ ਕੇ ਜੰਗੀ, ਮੇਰੇ ਪਿਛੇ ਅਗੇ ਫਿਰੇ ਵਾਹੋ ਦਾਹੀਆ। ਮੈਂ ਬਿਨਾ ਓਢਣ ਤੋਂ ਨੰਗੀ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਮੈਂ ਬੇਪੜਦ ਨੇ ਵਾਹੀ ਕੰਘੀ, ਆਪਣਾ ਸੀਸ ਸੁਹਾਈਆ। ਫੇਰ ਹੱਸ ਕੇ ਆਪਣੀ ਦੰਦੀ, ਦਹਿ ਦਿਸ਼ਾ ਮੁਖ ਭਵਾਈਆ। ਇਸ਼ਾਰਾ ਕੀਤਾ ਵੱਲ ਫ਼ਰੰਗੀ, ਸੈਨਤ ਨਾਲ ਸਮਝਾਈਆ। ਜਿਸ ਦੇ ਸਾਥੀ ਦੇਸ਼ ਹੋਣਗੇ ਪੰਝੀ, ਪੰਜਾਂ ਪੰਜਾਂ ਵੰਡ ਵੰਡਾਈਆ । ਇਹ ਕਲਾ ਵਰਤਣੀ ਬਵੰਜੀ, ਬਾਵਨ ਦਾ ਲੇਖਾ ਨਾਲ ਮਿਲਾਈਆ। ਮੈਂ ਸਿਰੋਂ ਹੋ ਕੇ ਗੰਜੀ, ਚੋਟੀਆਂ ਸਭ ਦੀਆਂ ਦੇਣੀਆਂ ਮੁੰਨਾਈਆ। ਮੈਂ ਫਿਰਾਂ ਇਕ ਟੰਗੀ, ਲੰਗੜੀ ਲੂਲੀ ਨਜ਼ਰੀ ਆਈਆ। ਕਿਸੇ ਦੀ ਛਾਤੀ ਰਹਿਣ ਨਹੀਂ ਦੇਣੀ ਠੰਡੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੈਨੂੰ ਯਾਦ ਆਉਣੀ ਗੋਬਿੰਦ ਵਾਲੀ ਝੰਗੀ, ਮਾਛੂਵਾੜਾ ਸੋਭਾ ਪਾਈਆ। ਜਿਸ ਨੇ ਕਲਜੁਗ ਆਯੂ ਮੇਟੀ ਲੰਬੀ, ਲੰਮਾ ਪੈ ਕੇ ਸੂਲਾਂ ਸਥਰ ਸੇਜ ਹੰਢਾਈਆ। ਮੇਰਾ ਸੀਨਾ ਛਿੱਲੇ ਰਵੀਦਾਸ ਵਾਲੀ ਰੰਬੀ, ਤਿੱਖੀ ਧਾਰ ਨਜ਼ਰੀ ਆਈਆ। ਮੈਂ ਖੇਲ ਵੇਖਾਂ ਲੱਗ ਲੱਗ ਨਾਲ ਕੰਧੀ, ਆਪ ਆਪਣਾ ਜਗਤ ਛੁਪਾਈਆ। ਕਿਸੇ ਨੂੰ ਸਮਝ ਨਾ ਆਵੇ ਸਵੇਰ ਸੰਝੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਮੈਂ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਅੰਧੀ, ਨਿਜ ਲੋਚਨ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਸੰਧੀ, ਲਿਖਿਆ ਲੇਖ ਨਾ ਕੋਇ ਬਦਲਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਤਰੇਵਾ ਜ਼ਿਲਾ ਜੰਮੂ
ਮਾਇਆ ਕਹੇ ਮੇਰਾ ਖੇਲ ਅਗੰਮਾ ਵਿਚ ਖ਼ਲਕ, ਖ਼ਾਲਕ ਦਿਤੀ ਮਾਣ ਵਡਿਆਈਆ। ਮੈਂ ਰਾਓ ਰੰਕਾਂ ਦੇਵਾਂ ਝਲਕ, ਝੱਲੀ ਦੀਨ ਦੁਨੀ ਬਣਾਈਆ। ਮੇਰਾ ਨਾਤਾ ਸੱਚਾ ਕਿਸੇ ਨਾਲ ਨਹੀਂ ਤੁਅਲਕ, ਤਅਲਕੇਦਾਰ ਸਰਬ ਬਣਾਈਆ। ਮੇਰਾ ਵਿਛੋੜਾ ਕੋਈ ਝਲ ਨਾ ਸਕੇ ਪਲਕ, ਪਲਕਾਂ ਦੇ ਓਹਲੇ ਨਜ਼ਰ ਕਿਸੇ ਨਾ ਆਈਆ। ਮੈਂ ਨੌ ਖੰਡ ਪ੍ਰਿਥਮੀ ਫਿਰਨਾ ਨਾਲ ਡਲਕ, ਜੋਬਨਵੰਤੀ ਭੱਜਾਂ ਵਾਹੋ ਦਾਹੀਆ। ਸਦੀ ਚੌਧਵੀਂ ਕੂਕ ਕੇ ਮਾਰਾਂ ਕਿਲਕ, ਕਲ ਆਪਣੀ ਦਿਆਂ ਵਖਾਈਆ। ਸ਼ਾਹ ਸੁਲਤਾਨ ਜਾਣ ਤਿਲਕ, ਰਾਜ ਰਾਜਾਨਾਂ ਪਾਸਾ ਦਿਆਂ ਬਦਲਾਈਆ। ਮੈਂ ਦੀਨਾਂ ਮਜ਼੍ਹਬਾਂ ਵਿਚ ਕਰਨੀ ਇੱਲਤ, ਆਲਮਾਂ ਇਲਮ ਦੇਣਾ ਭੁਲਾਈਆ। ਮੈਂ ਕੂੜ ਪਹਿਨਾਉਣਾ ਸਭ ਨੂੰ ਖ਼ਿੱਲਤ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਖ਼ਆਰੀ ਕਰਨੀ ਜ਼ਿੱਲਤ, ਜ਼ਲੀਲ ਹੋਵੇ ਲੋਕਾਈਆ। ਸਚ ਪਿਆਰ ਦੀ ਰਹਿਣ ਨਹੀਂ ਦੇਣੀ ਮਿੱਲਤ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਮੈਂ ਫਿਰਨਾ ਚੜ੍ਹਦੀ ਲਹਿੰਦੀ ਸਿੰਮਤ, ਸੀਮਾ ਆਪਣੀ ਵੰਡ ਵੰਡਾਈਆ। ਮੇਰੀ ਸਦੀ ਚੌਧਵੀਂ ਨਾਲੋਂ ਬਹੁਤੀ ਹਿੰਮਤ, ਹੌਸਲਾ ਆਪਣਾ ਆਪ ਪਰਗਟਾਈਆ। ਕਲਮੇ ਦੀ ਕਾਇਨਾਤ ਹੋਣੀ ਕਿੱਲਤ, ਕਾਇਮ ਮੁਕਾਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਸਾਚਾ ਖੇਲ ਖਿਲਾਈਆ। ਮਾਇਆ ਕਹੇ ਮੇਰੀਆਂ ਪੂਰੀਆਂ ਹੋਣ ਉਮੀਦਾਂ, ਆਸ਼ਾ ਆਸ਼ਾ ਨਾਲ ਮਿਲਾਈਆ। ਮੇਰੇ ਕੋਲ ਜੁਗ ਚੌਕੜੀ ਦੀਆਂ ਰਸੀਦਾਂ, ਖਾਤੇ ਸਭ ਦੇ ਵੇਖੇ ਥਾਉਂ ਥਾਈਂਆ। ਮੈਂ ਦੀਨ ਦੁਨੀ ਖੋਲਣੀਆਂ ਨੀਂਦਾਂ, ਗ਼ਫ਼ਲਤ ਵਿਚ ਸੋਇਆ ਰਹਿਣ ਕੋਇ ਨਾ ਪਾਈਆ। ਮੇਰਾ ਲੇਖਾ ਕੂੜ ਕੁੜਿਆਰੇ ਵੇਖਣਾ ਝੱਖੜ ਮੀਂਹ ਦਾ, ਚਾਰੋਂ ਕੁੰਟ ਤੁਫ਼ਾਨ ਚੜ੍ਹਾਈਆ। ਨਾਤਾ ਰਹਿਣ ਨਹੀਂ ਦੇਣਾ ਮਾਂ ਧੀ ਦਾ, ਧਰਨੀ ਧਰਤ ਧਵਲ ਦੇਣਾ ਵਖਾਈਆ। ਖੇਲ ਵੇਖਣਾ ਜੀਵ ਜੀਅ ਦਾ, ਜੰਤੂ ਰੋਵਣ ਮਾਰਨ ਧਾਹੀਆ। ਲੇਖਾ ਪੂਰਾ ਹੋਣਾ ਵੀਹ ਵੀਹ ਦਾ, ਬੀਸ ਬੀਸਾ ਆਪਣਾ ਰੰਗ ਵਖਾਈਆ। ਲਹਿਣਾ ਚੁੱਕਣਾ ਸਾਢੇ ਤਿੰਨ ਹੱਥ ਸੀਂਅ ਦਾ, ਰਵੀਦਾਸ ਚਮਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਹੋਏ ਸਹਾਈਆ। ਮਾਇਆ ਕਹੇ ਮੈਂ ਵੇਖਾਂ ਚਾਰ ਚੁਫੇਰ, ਚੌਹ ਵੰਨੀ ਧਿਆਨ ਲਗਾਈਆ । ਮੇਰਾ ਸਵਾਮੀ ਕਰੇ ਮਿਹਰ, ਅੰਤਰਜਾਮੀ ਹੋਏ ਸਹਾਈਆ। ਜੋ ਕਲਜੁਗ ਲਹਿਣੇ ਦੇਣੇ ਰਿਹਾ ਨਬੇੜ, ਲੇਖੇ ਸਭ ਦੇ ਝੋਲੀ ਪਾਈਆ। ਉਹਦਾ ਸਦੀ ਚੌਧਵੀਂ ਉਲਟਾ ਗੇੜ, ਚਕਰਵਰਤੀ ਚੱਕਰਾਂ ਵਿਚ ਰਖਾਈਆ। ਸੰਮਤ ਸ਼ਹਿਨਸ਼ਾਹੀ ਦਸ ਬਵੰਜਾ ਦੇਸ਼ਾਂ ਛੇੜੇ ਛੇੜ, ਛੇਕੜ ਆਪਣਾ ਹੁਕਮ ਵਰਤਾਈਆ। ਮੁਹੰਮਦੀ ਮੁਹੰਮਦੀਆਂ ਦੇਵੇ ਭੇੜ, ਈਸਾ ਮੂਸਾ ਗੰਢ ਰਖਾਈਆ। ਜੋ ਇਸ਼ਾਰਾ ਗੋਬਿੰਦ ਦਿਤਾ ਨੰਦੇੜ, ਗੋਦਾਵਰੀ ਕੰਢਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਲੇਖਾ ਜਾਣੇ ਨੇਰਨ ਨੇਰ, ਦੂਰ ਦੁਰਾਡਾ ਦੋ ਜਹਾਨਾਂ ਪੰਧ ਵੇਖੇ ਚਾਈਂ ਚਾਈਂਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਾਂਈ ਦਾਸ ਦੇ ਗ੍ਰਹਿ ਪਿੰਡ ਤਰੇਵਾ ਜ਼ਿਲਾ ਜੰਮੂ
ਮਾਇਆ ਕਹੇ ਮੈਂ ਜਗਤ ਦੀ ਵੇਖਾਂ ਬੁੱਧੀ, ਮਤ ਮਤਾਂਤਰਾਂ ਧਿਆਨ ਲਗਾਈਆ। ਸਾਚੀ ਆਵੇ ਕਿਸੇ ਨਾ ਸੁੱਧੀ, ਸੁਧ ਸਾਰੇ ਬੈਠੇ ਗਵਾਈਆ। ਕੂੜ ਕੁੜਿਆਰ ਵਿਚ ਸ੍ਰਿਸ਼ਟੀ ਖੁੱਭੀ, ਬਾਹਰ ਸਕੇ ਨਾ ਕੋਇ ਕਢਾਈਆ। ਧਰਨੀ ਰੋਵੇ ਸਾਹ ਉਭੀ, ਹੌਕੇ ਰਹੀ ਸੁਣਾਈਆ। ਕੀ ਮੇਰੇ ਉਤੇ ਲੇਖਾ ਹੋਣਾ ਯੁੱਧੀ, ਚਾਰ ਕੁੰਟ ਹਲਕਾਈਆ। ਮੈਨੂੰ ਰਮਜ਼ ਦੱਸ ਜਾ ਗੁੱਝੀ, ਭੇਵ ਦੇ ਖੁਲਾਈਆ। ਮੈਨੂੰ ਖ਼ਬਰ ਅਗੰਮੀ ਸੁੱਝੀ, ਸਹਿਜ ਨਾਲ ਸੁਣਾਈਆ। ਤੇਰੀ ਧੂੜ ਖ਼ਾਕ ਵੇਖ ਲੈ ਉਡੀ, ਮਿੱਟੀ ਧੂੰਆਂਧਾਰ ਬਣਾਈਆ। ਕਲਜੁਗ ਅਸਮਾਨੇ ਚਾੜ੍ਹ ਕੇ ਗੁੱਡੀ, ਗਾਡ ਸਭ ਨੂੰ ਦਿਤਾ ਭੁਲਾਈਆ। ਤੂੰ ਹੋ ਗਈ ਲੰਗੜੀ ਲੂਲੀ ਡੁੱਡੀ, ਬਲਹੀਣ ਨਜ਼ਰੀ ਆਈਆ। ਤੈਨੂੰ ਪਤਾ ਨਹੀਂ ਪਿਛਲੇ ਜੁਗੀ, ਕੀ ਪ੍ਰਭ ਨੇ ਕਲ ਵਰਤਾਈਆ। ਅੰਤਮ ਕਲਜੁਗ ਔਧ ਪੁਗੀ, ਪੈਂਡਾ ਰਿਹਾ ਮੁਕਾਈਆ। ਨੀ ਓਹ ਵੜ ਕੇ ਸੰਬਲ ਝੁੱਗੀ, ਝੁੱਗੇ ਸਭ ਦੇ ਦੇਵੇ ਢਾਹੀਆ। ਲੁਕਿਆ ਰਹੇ ਕੋਈ ਨਾ ਖੁੱਡੀ, ਫੜ ਬਾਹੋਂ ਬਾਹਰ ਕਢਾਈਆ। ਤੂੰ ਬੜੀ ਪੁਰਾਣੀ ਬੁੱਢੀ, ਬੁਢੇਪਾ ਤੇਰੇ ਉਤੇ ਨਜ਼ਰੀ ਆਈਆ। ਤੂੰ ਮੇਰੀ ਖੇਲ ਵੇਖਣੀ ਉਘੀ, ਉਗਣ ਆਥਣ ਦਿਆਂ ਵਖਾਈਆ। ਕਿਤੇ ਚੁੱਪ ਬਣ ਰਹੀਂ ਨਾ ਗੂੰਗੀ, ਰਸਨਾ ਜਿਹਵਾ ਦੇਣਾ ਸੁਣਾਈਆ। ਤੂੰ ਧਾਰ ਤੱਕਣੀ ਨੈਣ ਮੂੰਧੀ, ਕੀ ਕਵਲ ਨੈਣ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਖੇਲ ਸਤਿਗੁਰ ਸ਼ਬਦ ਗੁਰੂ ਦੀ, ਗੁਰਦੇਵ ਦੇਵਾ ਬੇਪਰਵਾਹੀਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਅਨੰਤ ਰਾਮ ਦੇ ਗ੍ਰਹਿ ਤਰੇਵਾ ਜ਼ਿਲਾ ਜੰਮੂ
ਮਾਇਆ ਕਹੇ ਮੇਰੀ ਮਮਤਾ ਦਾ ਵੱਜੇ ਡੰਕਾ, ਡੌਰੂ ਚਾਰ ਕੁੰਟ ਸ਼ਨਵਾਈਆ । ਖ਼ਬਰਦਾਰ ਕਰਾਂ ਰਾਓ ਰੰਕਾਂ, ਰਾਜ ਰਾਜਾਨਾਂ ਦਿਆਂ ਉਠਾਈਆ। ਗ਼ਰੀਬ ਨਿਮਾਣਿਆਂ ਲਾਵਾਂ ਤਨਕਾ, ਹਲੂਣਿਆਂ ਨਾਲ ਜਗਾਈਆ। ਵੇਖੋ ਨਿਸ਼ਾਨ ਮਿਟਦਾ ਤਾਰੇ ਚੰਨ ਕਾ, ਆਪਣਾ ਪੰਧ ਮੁਕਾਈਆ। ਕਿਸ ਬਿਧ ਨਾਸ ਹੋਣਾ ਕੂੜੇ ਧਨ ਕਾ, ਧਨਵਾਨ ਰਹਿਣ ਕੋਇ ਨਾ ਪਾਈਆ। ਸ਼ਿੰਗਾਰ ਰਹਿਣਾ ਨਹੀਂ ਕਿਸੇ ਕੰਨ ਕਾ, ਕਨਕ ਕਾਮਨੀ ਰੋਵੇ ਮਾਰੇ ਧਾਹੀਆ। ਹੰਕਾਰ ਰਹਿਣਾ ਨਹੀਂ ਮਨ ਕਾ, ਮਨ ਕਾ ਮਣਕਾ ਦਏ ਭਵਾਈਆ। ਕੀ ਲੇਖਾ ਹੋਣਾ ਭਗਤ ਸੁਹੇਲੇ ਜਨ ਕਾ, ਜਨਮ ਵਿਚ ਮਿਲੇ ਵਡਿਆਈਆ। ਕੀ ਖੇਲ ਹੋਣਾ ਪੰਜ ਤਤ ਤਨ ਕਾ, ਤਤਵ ਖੋਜ ਖੁਜਾਈਆ। ਕੀ ਲੇਖਾ ਅੰਤਮ ਬ੍ਰਹਮ ਕਾ, ਪਾਰਬ੍ਰਹਮ ਹੋਏ ਸਹਾਈਆ । ਮੈਂ ਝਗੜਾ ਮੇਟਣਾ ਭਰਮ ਕਾ, ਭਾਂਡਾ ਭਰਮ ਭੰਨਾਈਆ। ਨਿਸ਼ਾਨ ਤੱਕਣਾ ਧਰਮ ਕਾ, ਧਰਮ ਦਵਾਰੇ ਸੋਭਾ ਪਾਈਆ। ਮੈਂ ਸਹਾਰਾ ਵੇਖਣਾ ਇਕੋ ਚਰਨ ਕਾ, ਚਰਨਗਤ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹੰਜਣਾ ਦੱਸੇ ਲੜ ਫੜਨ ਕਾ, ਪੱਲੂ ਪੱਲੂ ਨਾਲ ਬੰਧਾਈਆ।