ਪੁਸਤਕਾਲਾਭਾਗ ੨੩

੨੭ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਸਤਿਗੁਰ ਸ਼ਬਦ ਕਹੇ ਮੇਰੀ ਜੁਗ ਜੁਗ ਦੀ ਯਾਤਰਾ, ਲੋਕਮਾਤ ਮਾਤਰ ਭੂਮੀ ਉਤੇ ਜਣਾਈਆ। ਮੇਰਾ ਭੇਵ ਅਭੇਦਾ ਸਮਝ ਸਕੇ ਕੋਈ ਨਾ ਮਾਤਰਾ, ਮਾਤਰ ਭੂਮੀ ਨਾਲ ਮਿਲਾਈਆ। ਮੇਰਾ ਲਹਿਣਾ ਦੇਣਾ ਲੇਖਾ ਬਾਹਰ ਸ਼ਾਸਤਰਾ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਮੈਂ ਤਨ ਵਜੂਦਾਂ ਸ਼ਸਤਰ ਤੱਕਾਂ ਗਾਤਰਾ, ਗਹਿਰ ਗੰਭੀਰ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਅੰਤ ਪ੍ਰਦੇਸੀ, ਭੇਵ ਅਭੇਦਾ ਦਿਆਂ ਜਣਾਈਆ। ਮੇਰਾ ਸਭ ਤੋਂ ਵੱਖਰਾ ਵੇਸੀ, ਵੇਸ ਅਨੇਕਾ ਆਪ ਵਟਾਈਆ। ਮੈਂ ਬਣਿਆ ਨਾ ਕਦੇ ਜਗਤ ਧਾਰ ਦਾ ਸੇਠੀ, ਲਾਲਚ ਲੋਭ ਨਾ ਕਦੇ ਹਲਕਾਈਆ। ਮੈਂ ਪ੍ਰਨਾਈ ਨਹੀਂ ਕਿਸੇ ਦੀ ਬੇਟੀ, ਜਗਤ ਰਸਮ ਨਾ ਕੋਇ ਰਖਾਈਆ। ਮੇਰੀ ਧਾਰ ਅਗੰਮੇ ਸਿੰਘਾਸਣ ਲੇਟੀ, ਲਿਟਾ ਖੋਲਣ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਖੇਲ ਪੋਹ ਸਤਾਈ, ਸੱਤ ਦੀਪ ਧਿਆਨ ਲਗਾਈਆ। ਕੀ ਲੇਖਾ ਦਿਸੇ ਬੇਪਰਵਾਹੀ, ਕੀ ਕਲ ਕਲਕੀ ਰੂਪ ਵਟਾਈਆ। ਜਿਸ ਦੇ ਨਾਮ ਦੀ ਪਈ ਦੁਹਾਈ, ਤੋਬਾ ਤੋਬਾ ਕਰੇ ਲੋਕਾਈਆ। ਜੋ ਵਸੇ ਥਲ ਅਸਗਾਹੀ, ਹਰ ਘਟ ਰਿਹਾ ਸਮਾਈਆ। ਸੋ ਹੁਕਮ ਹਾਕਮ ਦੇਵੇ ਸ਼ਹਿਨਸ਼ਾਹੀ, ਸ਼ਾਹ ਸੁਲਤਾਨਾਂ ਆਪ ਜਣਾਈਆ। ਜਨ ਭਗਤ ਸੁਹੇਲੇ ਉਠਾਏ ਫੜ ਕੇ ਬਾਹੀਂ, ਹਲੂਣਾ ਆਪਣਾ ਹੁਕਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮ ਅਗੰਮਾ, ਭੇਵ ਸਕੇ ਕੋਇ ਨਾ ਪਾਈਆ। ਆਤਮ ਪਰਮਾਤਮ ਦੱਸਾਂ ਧਰਮਾ, ਜਗਤ ਨੀਤੀ ਦੀ ਲੋੜ ਰਹੇ ਨਾ ਰਾਈਆ। ਲੇਖਾ ਜਾਣਾ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਚਰਨਾਂ, ਚਰਨ ਕਵਲ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਨਾਮ ਦੀ ਪਏ ਦੁਹਾਈ, ਦੋ ਜਹਾਨ ਕੁਰਲਾਈਆ। ਨਾਤਾ ਤੁਟੇ ਭਾਈ ਭਾਈ, ਮੇਲ ਮਿਲਾਵਾ

ਹੋਵੇ ਧੁਰ ਦੇ ਮਾਹੀਆ। ਵਕਤ ਸੁਹੰਜਣਾ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਤੱਕੇ ਚਾਰੇ ਕੂਟ, ਕੂਚਾ ਗਲੀ ਧਿਆਨ ਲਗਾਈਆ। ਜਿਧਰ ਵੇਖਾਂ ਦਿਸੇ ਫੂਟ, ਫੁਟਕਲ ਹੋਈ ਲੋਕਾਈਆ। ਮੇਰਾ ਹੁਕਮ ਅਨੋਖਾ ਦੂਤ, ਦੁਤੀਆ ਭਾਉ ਖੋਜ ਖੁਜਾਈਆ। ਸਤਿ ਸਚ ਨਾ ਦਿਸੇ ਰੂਪ, ਅਨੂਪਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਆਪਣੀਆਂ ਖ਼ਬਰਾਂ, ਬੇਖ਼ਬਰਾਂ ਖ਼ਬਰ ਜਣਾਈਆ। ਅੰਤ ਲਹਿਣਾ ਵੇਖਣਾ ਪੈਗ਼ੰਬਰਾਂ ਵਾਲੀਆਂ ਕਬਰਾਂ, ਮਕਬਰਿਆਂ ਧਿਆਨ ਲਗਾਈਆ। ਸੰਦੇਸ਼ੇ ਜਾਣਾ ਜਬਰਾਈਲ ਜਬਰਾ, ਹੁਕਮ ਹੁਕਮ ਵਿਚੋਂ ਪ੍ਰਗਟਾਈਆ। ਮੇਰਾ ਲੇਖਾ ਹੋਣ ਵਾਲਾ ਬੇਸਬਰਾ, ਜਗਤ ਸਬੂਰੀ ਰਹਿਣ ਕੋਇ ਨਾ ਪਾਈਆ। ਮੈਂ ਸੰਦੇਸ਼ਾ ਸੁਣਾਂ ਸ਼ੇਰ ਬੱਬਰਾ, ਜੋ ਭੱਬਕ ਨਾਮ ਵਾਲੀ ਲਗਾਈਆ। ਸਤਿ ਸਚ ਦਾ ਕਰੇ ਅਦਲਾ, ਇਨਸਾਫ਼ ਨਾਲ ਵਡਿਆਈਆ। ਕਲਜੁਗ ਸਤਿਜੁਗ ਨਾਲ ਜਾਵੇ ਬਦਲਾ, ਬਦਲੀ ਹੋਵੇ ਥਾਉਂ ਥਾਈਂਆ। ਕੂੜ ਕਿਰਿਆ ਵਿਚ ਹਰਿਜਨ ਰਹੇ ਕੋਈ ਨਾ ਪਗ਼ਲਾ, ਬੁੱਧ ਬਿਬੇਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਗਤ ਦਿਵਸ ਸਤਾਈ ਪੋਹ, ਸਤ੍ਹਾ ਬੁਲੰਦੀ ਦੋਵੇਂ ਧਿਆਨ ਲਗਾਈਆ। ਦੋ ਜਹਾਨਾਂ ਰਿਹਾ ਜੋਹ, ਲੇਖਾ ਵੇਖੇ ਥਾਉਂ ਥਾਈਂਆ। ਪ੍ਰਭ ਦਾ ਭੇਵ ਨਾ ਜਾਣੇ ਕੋ, ਕੂਕ ਕੂਕ ਸਾਰੇ ਰੋਵਣ ਮਾਰਨ ਧਾਹੀਂਆ। ਜਿਸ ਦਾ ਇਕੋ ਅੱਖਰ ਸੋ, ਸੋ ਸਾਹਿਬ ਦਏ ਵਡਿਆਈਆ। ਜਿਹੜਾ ਅੰਦਰੋਂ ਇਕ ਤੇ ਬਾਹਰੋਂ ਦੋ, ਦੋਹਰੀ ਧਾਰ ਪ੍ਰਗਟਾਈਆ। ਪੂਰਨ ਸਤਿਗੁਰ ਪੂਰਨ ਵਰਗਾ ਆਪੇ ਹੋ, ਹੋਕਾ ਦੇਵੇ ਚਾਈਂ ਚਾਈਂਆ। ਬਾਕੀ ਸਭ ਕੁਛ ਸਭ ਤੋਂ ਖੋਹ, ਖੋਹ ਖੋਹ ਦਾ ਝਗੜਾ ਦਏ ਮੁਕਾਈਆ। ਜਨ ਭਗਤਾਂ ਅੰਦਰ ਬਖ਼ਸ਼ਦੇ ਲੋ, ਲੋਇਣ ਤੀਜਾ ਦਏ ਖੁਲਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਸਚ ਵਸਤ ਦਾ ਨਾਮ ਨਿਧਾਨਾ ਢੋਆ ਲਵੇ ਢੋ, ਵਸਤ ਅਗੰਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਮੇਰੇ ਸਾਹਿਬ ਅਬਿਨਾਸ਼ੀਆ, ਹਰਿ ਕਰਤੇ ਤੇਰੀ ਵਡ ਵਡਿਆਈਆ। ਭੇਵ ਦੱਸ ਦੇ ਕਿਉਂ ਲੇਖ ਬਣਾਇਆ ਚੁਰਾਸੀਆ, ਚੁਰਾਸੀਆਂ ਵੰਡ ਵੰਡਾਈਆ। ਸ਼ੰਕਰ ਭੱਜਾ ਫਿਰੇ ਕੈਲਾਸ਼ੀਆ, ਦੋਵੇਂ ਹੱਥ ਉਠਾਈਆ। ਬ੍ਰਹਮਾ ਤੇਰਾ ਨੂਰ ਤੱਕੇ ਪ੍ਰਕਾਸ਼ੀਆ, ਜੋਤੀ ਜਾਤਾ ਨਜ਼ਰੀ ਆਈਆ। ਵਿਸ਼ਨੂੰ ਪੂਰੀ ਕਰਨੀ ਆਸੀਆ, ਤ੍ਰਿਸ਼ਨਾ ਰਹੇ ਨਾ ਰਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼ੀਆ, ਗਗਨ ਗਗਨੰਤਰ ਵੱਜੇ ਵਧਾਈਆ। ਕਿਸ ਬਿਧ ਜਨ ਭਗਤਾਂ ਲਾਹੇ ਉਦਾਸੀਆਂ, ਚਿੰਤਾ ਗ਼ਮ ਕਢਾਈਆ। ਦੀਨ ਦੁਨੀ ਦੀਆਂ ਬਦਲੇ ਰਾਸੀਆਂ, ਰਸਤਾ ਇਕ ਸਮਝਾਈਆ। ਦੀਨਾਂ ਮਜ਼੍ਹਬਾਂ ਵਿਚੋਂ ਕਰੇ ਬੰਦ ਖੁਲਾਸੀਆਂ, ਖ਼ਾਲਸ ਪਰਦਾ ਆਪ ਉਠਾਈਆ। ਕੂੜ ਦੀਆਂ ਰਹਿਣ ਨਾ ਦੇਵੇ ਬਦਮਾਸ਼ੀਆਂ, ਬਦੀ ਦਾ ਲਹਿਣਾ ਦਏ ਮੁਕਾਈਆ। ਜੇ ਤੇਰੇ ਪਿਛੇ ਪਿਛੇ ਭਗਤ ਚੜ੍ਹਦੇ ਰਹੇ ਫਾਸੀਆ, ਸਲੀਬਾਂ ਗਲਾਂ ਵਿਚ ਲਮਕਾਈਆ। ਹੁਣ ਕਰਦੇ ਵੇਖੇ ਹਾਸੀਆਂ, ਖ਼ੁਸ਼ੀਆਂ ਢੋਲੇ ਗਾਈਆ। ਇਨ੍ਹਾਂ ਸਭ ਦੀਆਂ ਕੱਟ ਦੇ ਬੰਦ ਖੁਲਾਸੀਆਂ, ਬੰਧਨ ਰਹੇ ਨਾ ਰਾਈਆ। ਤਨ ਵਜੂਦ ਰੂਹਾਂ ਕਰ ਦੇ ਪਾਕੀਆਂ, ਪਤਤ ਪੁਨੀਤ ਬਣਾਈਆ। ਖੋਲ ਦੇ ਅੰਦਰੋਂ ਖਿੜਕੀ ਤਾਕੀਆ, ਕੁੰਜੀ ਆਪਣਾ

ਪਿਆਰ ਲਗਾਈਆ। ਮੰਜ਼ਲ ਚੜ੍ਹਾ ਦੇ ਘਾਟੀਆਂ, ਅਧਵਿਚਕਾਰ ਨਾ ਕੋਇ ਰਖਾਈਆ। ਸਭ ਦੀਆਂ ਚੋਲੀਆਂ ਤੱਕ ਲੈ ਪਾਟੀਆਂ, ਸਚ ਰੰਗ ਨਾ ਕੋਇ ਰੰਗਾਈਆ। ਨਿਗਾਹ ਮਾਰ ਲੈ ਕਾਇਆ ਮਾਟੀਆਂ, ਮਟਕਿਆਂ ਫੋਲ ਫੁਲਾਈਆ। ਬਿਨ ਤੇਰੀ ਕਿਰਪਾ ਮੱਕਣ ਕਦੇ ਨਾ ਵਾਟੀਆਂ, ਪਾਂਧੀ ਪੰਧ ਨਾ ਕੋਇ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਤੇਰੇ ਮਜ਼੍ਹਬਾਂ ਵਾਲੇ ਅਲਾਟੀਆ, ਹਿੱਸੇ ਦੀਨ ਦੁਨੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਪੋਹ ਸਤਾਈ, ਸਤਿ ਸਤਿਵਾਦੀਓ ਦਿਆਂ ਜਣਾਈਆ। ਗੋਬਿੰਦ ਦਾ ਲਹਿਣਾ ਦੇਣਾ ਵੇਖੋ ਢਈਏ ਵਾਲਾ ਢਾਈ, ਢੌਂਕੇ ਬਾਦ ਲਏ ਅੰਗੜਾਈਆ। ਪੈਗ਼ੰਬਰਾਂ ਦੀ ਸ਼ਰਅ ਵਾਲੀ ਵੇਖੋ ਸ਼ਾਹੀ, ਸ਼ਹਿਨਸ਼ਾਹ ਰਿਹਾ ਜਣਾਈਆ। ਅਵਤਾਰਾਂ ਦੀ ਖੇਲ ਖੇਲ ਵੇਖੋ ਜੋ ਮਾਤਲੋਕ ਚਲਾਈ, ਚਾਰੇ ਵਰਨਾਂ ਸੰਗ ਬਣਾਈਆ। ਦੀਨ ਦੁਨੀ ਜਗਤ ਜਹਾਨ ਰਾਹ ਤੱਕੋ ਅਗੰਮ ਅਥਾਹੀ, ਕਿਸ ਬਿਧ ਆਪਣਾ ਹੁਕਮ ਵਰਤਾਈਆ। ਭੇਵ ਅਭੇਦਾ ਵੇਖੋ ਅਗੰਮੇ ਮਾਹੀ, ਮਹਿਬੂਬ ਕੀ ਆਪਣੀ ਕਾਰ ਭੁਗਤਾਈਆ। ਜਿਸ ਦਾ ਹੁਕਮ ਮਿਟ ਸਕੇ ਨਾ ਰਾਈ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਵੈਰਾਗ ਵਿਚ ਸਾਰੇ ਰੋ ਕੇ ਮਾਰਨ ਧਾਹੀ, ਕੂਕ ਕੂਕ ਸੁਣਾਈਆ। ਸੋ ਖੇਲ ਖੇਲੇ ਅਗੰਮ ਅਥਾਹੀ, ਹਰਿ ਵੱਡਾ ਵਡ ਵਡਿਆਈਆ। ਜਨ ਭਗਤ ਸੁਹੇਲੇ ਮੇਲੇ ਚਾਈਂ ਚਾਈਂ, ਚਾਓ ਘਨੇਰਾ ਆਪ ਜਣਾਈਆ। ਇਹ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਆਦਿ ਆਦਿ ਦਾ ਲਾਵਣ ਵਾਲਾ ਦਾਈ, ਦਾਓ ਆਪਣਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਾਈ ਪੋਹ ਕਹੇ ਮੈਂ ਖੇਲ ਤੱਕਾਂ ਸਤਿ ਸਤਿਵਾਦੀ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਦੀਨ ਦੁਨੀ ਦੀ ਤੱਕਾਂ ਆਬਾਦੀ, ਹਰਿ ਪੁਰਖ ਨਾਲ ਮਿਲਾਈਆ। ਜਗਤ ਜਹਾਨ ਦੀ ਸੁਣਾਂ ਆਵਾਜ਼ੀ, ਏਕੰਕਾਰਾ ਭੇਵ ਖੁਲਾਈਆ। ਲੇਖਾ ਜਾਣਾ ਦੀਨ ਦੁਨੀ ਸਮਾਜੀ, ਆਦਿ ਨਿਰੰਜਣ ਪਰਦਾ ਲਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਾਂ ਜਾਗੀ, ਸ੍ਰੀ ਭਗਵਾਨ ਕੀ ਹੁਕਮ ਵਰਤਾਈਆ। ਮਨ ਮਨੂਆ ਤੱਕਾਂ ਬਾਗੀ, ਅਬਿਨਾਸ਼ੀ ਕਰਤਾ ਭੇਵ ਖੁਲਾਈਆ। ਜੁਗ ਚੌਕੜੀ ਅੰਤਮ ਤੱਕਾਂ ਆਦੀ, ਪਾਰਬ੍ਰਹਮ ਹੋਏ ਸਹਾਈਆ। ਜਿਸ ਨੇ ਆਦਿ ਆਦਿ ਸਾਜਣਾ ਸਾਜੀ, ਸੱਜਣੋ ਦਿਆਂ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਰਚਣ ਲੱਗਾ ਸ਼ਾਦੀ, ਸ਼ਾਦਿਆਨੇ ਕਲਮਿਆਂ ਵਾਲੇ ਨਾਲ ਵਜਾਈਆ। ਉਹ ਦੀਨ ਦੁਨੀ ਦੀ ਉਲਟਣ ਲੱਗੀ ਬਾਜ਼ੀ, ਬਾਜਾਂ ਵਾਲਾ ਵੇਸ ਵਟਾਈਆ। ਚੜ੍ਹ ਕੇ ਅਸਵ ਅਗੰਮੇ ਤਾਜੀ, ਤਾਜਾਂ ਵਾਲਿਆਂ ਖ਼ਾਕ ਮਿਲਾਈਆ। ਜਨ ਭਗਤੋ ਤੁਹਾਨੂੰ ਜ਼ਰੂਰ ਰੱਖੇਗਾ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਨੇਤਰ ਰੋਵਣਗੇ ਮੁੱਲਾ ਸ਼ੇਖ਼ ਮੁਸਾਹਿਬ ਮੁਸਾਇਕ ਕਾਜ਼ੀ, ਕਜ਼ਾ ਸਭ ਦੇ ਸਿਰ ਤੇ ਛਾਈਆ। ਕੋਟਾਂ ਵਿਚੋਂ ਬਚੇਗਾ ਕੋਈ ਨਿਮਾਜ਼ੀ, ਜਿਸ ਸਿਰ ਆਪਣਾ ਹੱਥ ਟਿਕਾਈਆ। ਚੜ੍ਹਦੀ ਦਿਸ਼ਾ ਹੁਕਮ ਦੀ ਵੰਡਣ ਜਾਵੇ ਭਾਜੀ, ਭਾਜੜ ਪਾਵੇ ਥਾਉਂ ਥਾਈਂਆ। ਜਗਤ ਧਾਰ ਦਾ ਬਣ ਕੇ ਗਾਡੀ, ਗਾਡ ਆਪਣਾ ਹੁਕਮ ਸੁਣਾਈਆ। ਜਿਸ ਦੀ ਖੇਲ ਵਰਤਣੀ ਡਾਹਢੀ, ਭੇਵ ਸਕੇ ਨਾ ਕੋਇ ਖੁਲਾਈਆ। ਉਸ ਲੇਖ ਚੁਕਾਉਣਾ ਸਭ ਦਾ ਮਾਜ਼ੀ, ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਸ਼ਰਅ ਦੀ ਹੱਦ ਹਦੂਦ ਮਿਟੇ ਅਰਾਜ਼ੀ, ਧਰਨੀ ਉਤੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪੋਹ ਕਹੇ ਮੇਰਾ ਦਿਵਸ ਆਇਆ ਸਤਾਈਆ, ਸਤਿ ਨਾਲ ਜਣਾਈਆ। ਦੇਖੋ ਕੀ ਖੇਲ ਕਰੇ ਧੁਰ ਦਾ ਮਾਹੀਆ, ਮਹਿਬੂਬ ਨੂਰ ਅਲਾਹੀਆ। ਜਿਸ ਨੇ ਕਲਜੁਗ ਕੂੜ ਮੇਟਣੀਆਂ ਸ਼ਾਹੀਆਂ, ਸ਼ਹਿਨਸ਼ਾਹ ਧੁਰਦਰਗਾਹੀਆ। ਓਹ ਭਗਤੋ ਤੁਹਾਡੇ ਨਾਲ ਸਚ ਦੀਆਂ ਕਰੇ ਸਾਈਆਂ, ਸੌਦਾ ਧਰਮ ਧਾਰ ਬਣਾਈਆ। ਦੀਨ ਦੁਨੀ ਰੂਪ ਬਦਲੇ ਕਸਾਈਆਂ, ਕਸਮ ਖਾ ਕੇ ਪੀਰ ਪੈਗ਼ੰਬਰਾਂ ਜਾਣ ਭੁਲਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਨਾਲ ਛੀਂਬੇ ਨਾਈਆਂ, ਝੀਵਰਾਂ ਜੱਟਾਂ ਦਏ ਵਡਿਆਈਆ। ਤੁਹਾਡੀਆਂ ਜਗਤ ਜਹਾਨ ਵਿਚੋਂ ਫੜ ਕੇ ਬਾਹੀਆਂ, ਬਾਬਲ ਤੁਹਾਡਾ ਦਏ ਤਰਾਈਆ। ਤੁਸੀਂ ਖ਼ੁਸ਼ੀਆਂ ਨਾਲ ਕਰਦੇ ਰਹਿਣਾ ਵਾਹੀਆਂ, ਵਾਹਵਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਕਰਨੀ ਕਾਰ ਕਮਾਈਆ। ਪੋਹ ਕਹੇ ਮੇਰਾ ਦਿਵਸ ਦਿਹਾੜਾ ਅਨੋਖਾ, ਅਚਰਜ ਦਿਆਂ ਜਣਾਈਆ। ਜਨ ਭਗਤੋ ਦੀਨ ਦੁਨੀ ਨਾਲ ਹੋਵਣ ਲੱਗਾ ਧੋਖਾ, ਧ੍ਰੋਹ ਸਭ ਦੇ ਨਾਲ ਕਮਾਈਆ। ਧਰਨੀ ਧਰਤ ਧਵਲ ਦਾ ਢਹਿਣ ਲੱਗਾ ਕੋਠਾ, ਛੱਪਰ ਛੰਨ ਨਾ ਕੋਇ ਵਡਿਆਈਆ। ਪ੍ਰਕਾਸ਼ ਹੋਣ ਲੱਗਾ ਇਕੋ ਜੋਤਾ, ਅੰਧ ਅੰਧੇਰ ਦਏ ਮਿਟਾਈਆ। ਜਿਸ ਦਾ ਸਮਾਂ ਨਹੀਂ ਕੋਈ ਬਹੁਤਾ, ਨੇਰਨ ਨੇਰਾ ਰਿਹਾ ਵਖਾਈਆ। ਔਹ ਵੇਖੋ ਹਲੂਣਾ ਦੇਂਦਾ ਚੌਦਾਂ ਲੋਕਾਂ, ਚੌਦਾਂ ਤਬਕ ਜਗਾਈਆ। ਪੈਗ਼ੰਬਰੋ ਆ ਕੇ ਸੰਭਾਲ ਲਓ ਆਪਣਾ ਮੌਕਾ, ਸੰਬਲ ਦਾ ਮਾਲਕ ਰਿਹਾ ਸੁਣਾਈਆ। ਗੋਬਿੰਦ ਧਾਰ ਤੱਕ ਲੈ ਢਈਏ ਵਾਲਾ ਢੌਂਕਾ, ਆਪਣੀ ਅੱਖ ਖੁਲਾਈਆ। ਜਗਤ ਜਹਾਨ ਡੁੱਬਣ ਵਾਲੀ ਨੌਕਾ, ਬੇੜਾ ਪਾਰ ਨਾ ਕੋਇ ਲੰਘਾਈਆ। ਅਵਤਾਰ ਭਰੋ ਆਪਣਾ ਆਪਣਾ ਹੌਕਾ, ਹਾਏ ਉਫ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਆ ਗਿਆ ਔਹ ਬੋਦਿਆਂ ਵਾਲਿਓ ਬੋਧੀਓ, ਬਦੂ ਵੇਖੋ ਜਗਤ ਲੋਕਾਈਆ। ਜਨ ਭਗਤੋ ਆਪਣੇ ਆਪਣੇ ਹਿਰਦੇ ਸੋਧਿਓ, ਸੁਦੀ ਵਦੀ ਤੋਂ ਬਾਹਰ ਸਮਝਾਈਆ। ਅੰਮ੍ਰਿਤ ਨਾਮ ਦਾ ਰਸ ਭੋਗਿਓ, ਜਗਤ ਵਾਸਨਾ ਕੂੜੀ ਬਾਹਰ ਕਢਾਈਆ। ਰੰਗ ਚੜ੍ਹਾਉਣਾ ਆਪਣੇ ਕਾਇਆ ਚੋਗ਼ਿਓ, ਚੋਲੀ ਲੈਣੀ ਰੰਗਾਈਆ। ਸਵਾਧਾਨ ਹੋ ਜਾਇਓ ਕਮਲਿਓ ਕੋਝਿਓ, ਪ੍ਰਭ ਦੇਵਣਹਾਰ ਵਡਿਆਈਆ। ਆਪਣੇ ਖ਼ਾਲੀ ਭਰ ਲਓ ਬੋਝਿਓ, ਨਾਮ ਦੀ ਭੁੱਖ ਰਿਹਾ ਮਿਟਾਈਆ। ਦੇਵਣ ਆਇਆ ਦਰਸ ਅਮੋਘਿਓ, ਦਰਸ਼ਨ ਕਰਨਾ ਚਾਈਂ ਚਾਈਂਆ। ਤੁਹਾਡਾ ਹੋਇਆ ਧੁਰ ਦਾ ਧਰਮ ਸੰਜੋਗਿਓ, ਅਗੇ ਵਿਛੋੜਾ ਰਹੇ ਨਾ ਰਾਈਆ। ਸਚਖੰਡ ਵਾਸਤੇ ਤੁਸੀਂ ਕਦੇ ਨਾ ਸੋਚਿਓ, ਤੁਹਾਨੂੰ ਲੈ ਕੇ ਜਾਏ ਤੁਹਾਡਾ ਮਾਹੀਆ। ਤੁਸੀਂ ਜੰਗਲਾਂ ਵਿਚ ਕਦੇ ਨਾ ਖੋਜਿਓ, ਬਾਹਰ ਲੱਭਣ ਕੋਇ ਨਾ ਜਾਈਆ। ਘਰ ਆਪਣੇ ਸੌਣਾ ਨਾਲ ਮੌਜਿਓ, ਰਾਤੀ ਸੁੱਤਿਆਂ ਲਏ ਜਗਾਈਆ। ਤੁਸੀਂ ਹੋ ਗਏ ਪ੍ਰਭੂ ਦੇ ਜੋਗਿਓ, ਜੋਗੀਆਂ ਤੋਂ ਬਾਹਰ ਤੁਹਾਡੀ ਵਡਿਆਈਆ। ਤੁਹਾਨੂੰ ਹਲੂਣਾ ਦੇਵੇ ਫੜ ਕੇ ਮੋਢਿਉਂ, ਮੁਢਲਾ ਮਾਲਕ ਆਪ ਅਖਵਾਈਆ। ਸਭ ਦਾ ਛੁਟਕਾਰਾ ਕਰਾ ਦੇਣਾ ਨਿਮਾਜ਼ਾਂ ਰੋਜ਼ਿਓ, ਰਾਜ਼ਕ ਰਿਜ਼ਕ ਰਹੀਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਾਈ ਪੋਹ ਕਹੇ ਮੇਰਾ ਵਕਤ ਸੁਹੰਜਣਾ ਸਤਿਵੰਤਾ, ਸੁੱਤਿਓ ਦਿਆਂ ਜਗਾਈਆ। ਤੁਹਾਡਾ ਮਾਲਕ ਇਕ ਪਤਵੰਤਾ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜੋ ਤੁਹਾਨੂੰ ਬਣਾ ਕੇ ਸਾਚੇ ਸੰਤਾ, ਸਤਿਗੁਰ ਸ਼ਬਦ ਨਾਲ ਵਡਿਆਈਆ। ਬੁੱਧੀ ਤੋਂ ਪਰੇ ਦਾ ਬਣ ਕੇ ਪੰਡਤਾ, ਪਾਰਬ੍ਰਹਮ ਭੇਵ ਖੁਲਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਦਏ ਜਣਾਈਆ। ਜੋ ਲੇਖਾ ਜਾਣੇ

ਤੁਹਾਡੇ ਮਨ ਦਾ, ਮਨ ਮਨਸਾ ਪੂਰ ਕਰਾਈਆ। ਪ੍ਰਕਾਸ਼ ਕਰ ਅਗੰਮੇ ਚੰਨ ਦਾ, ਅੰਧ ਅੰਧੇਰਾ ਦਏ ਮਿਟਾਈਆ। ਤੁਹਾਨੂੰ ਰੂਪ ਦਰਸਾ ਕੇ ਤੁਹਾਡੇ ਸਤਿ ਸਰੂਪ ਬ੍ਰਹਮ ਦਾ, ਆਤਮ ਪਰਮਾਤਮ ਰੰਗ ਰੰਗਾਈਆ। ਤੁਹਾਡਾ ਲੇਖਾ ਪੂਰਾ ਕਰੇ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜਨ ਭਗਤੋ ਤੁਹਾਡਾ ਮਾਰਗ ਸਚ ਧਰਮ ਦਾ, ਜਿਸ ਧਰਮ ਦਾ ਰੂਪ ਬਿਨਾ ਭਗਤਾਂ ਤੋਂ ਨਜ਼ਰ ਕੋਇ ਨਾ ਆਈਆ। ਬਾਕੀ ਜਗਤ ਜਹਾਨ ਭਰਿਆ ਭਰਮ ਦਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੁਹਾਡੇ ਗ੍ਰਹਿ ਲੇਖਾ ਨਹੀਂ ਕੋਈ ਵਰਨ ਬਰਨ ਦਾ, ਜ਼ਾਤ ਪਾਤ ਨਾ ਕੋਇ ਰਖਾਈਆ। ਨਾਮ ਕਲਮਾ ਨਹੀਂ ਕੋਈ ਵੱਖਰਾ ਪੜ੍ਹਨ ਦਾ, ਹਰਫ਼ ਹਰੂਫ਼ ਹਿੱਸਾ ਕੋਇ ਨਾ ਪਾਈਆ। ਤੁਹਾਡਾ ਝਗੜਾ ਨਹੀਂ ਕੋਈ ਸ਼ਰਅ ਵਾਲੇ ਲੜਨ ਦਾ, ਸ਼ਰੀਅਤ ਸੰਗ ਨਾ ਕੋਇ ਰਖਾਈਆ। ਤੁਹਾਡਾ ਇਕੋ ਮਾਰਗ ਸਚਖੰਡ ਚੜ੍ਹਨ ਦਾ, ਬਿਨ ਪੌੜੀਉਂ ਡੰਡੇ ਦੇਵੇ ਚੜ੍ਹਾਈਆ। ਤੁਹਾਡਾ ਵਕਤ ਸੁਹੰਜਣਾ ਜਗਤ ਵਿਚੋਂ ਤਰਨ ਦਾ, ਫੜ ਬਾਹੋਂ ਪਾਰ ਕਰਾਈਆ। ਤੁਹਾਨੂੰ ਸਹਾਰਾ ਬਖ਼ਸ਼ਿਆ ਇਕੋ ਚਰਨ ਦਾ, ਚਰਨੋਦਕ ਧੁਰ ਦਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਵੇਖੋ ਤੁਹਾਨੂੰ ਕਿਡੀਆਂ ਦੇਵੇ ਦਲੇਰੀਆਂ, ਖ਼ੁਸ਼ੀਆਂ ਨਾਲ ਸੁਣਾਈਆ। ਤੁਸੀਂ ਗੱਲਾਂ ਸੁਣ ਲਓ ਮੇਰੀਆਂ, ਮੈਂ ਦੱਸਾਂ ਚਾਈਂ ਚਾਈਂਆ। ਇਸ ਦੇ ਹੁਕਮ ਦੀਆਂ ਜ਼ਰੂਰ ਝੁੱਲਣੀਆਂ ਹਨੇਰੀਆਂ, ਅੰਧੇਰਾ ਹੋਏ ਖ਼ਲਕ ਖ਼ੁਦਾਈਆ। ਜਿਧਰ ਵੇਖੋ ਮੁਰਦਿਆਂ ਦੀਆਂ ਹੋਵਣਗੀਆਂ ਢੇਰੀਆਂ, ਢਾਕੇ ਦਾ ਲੇਖਾ ਤੇਗ਼ ਬਹਾਦਰ ਵਾਲਾ ਪੂਰਾ ਦਏ ਕਰਾਈਆ। ਸ਼ੌਹ ਦਰਿਆ ਵਿਚ ਡੁੱਬਣਗੀਆਂ ਬੇੜੀਆਂ, ਬੇੜਾ ਪਾਰ ਨਾ ਕੋਇ ਲੰਘਾਈਆ। ਪਤਾ ਨਹੀਂ ਇਹਦੀ ਕਿਰਪਾ ਨਾਲ ਰੂਹਾਂ ਤਰਨਗੀਆਂ ਕਿਹੜੀਆਂ ਕਿਹੜੀਆਂ, ਕਿਸ ਨੂੰ ਫੜ ਕੇ ਆਪਣੇ ਗਲੇ ਲਗਾਈਆ। ਲੱਖ ਚੁਰਾਸੀ ਕੱਟ ਕੇ ਜੇੜੀਆਂ, ਫਾਸੀ ਗਲ ਨਾ ਕੋਇ ਵਖਾਈਆ। ਤਾਰਨ ਲੱਗਾ ਕਦੇ ਨਹੀਂ ਲਾਉਂਦਾ ਦੇਰੀਆਂ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਅਗੇ ਸਰਗੁਣ ਹੋ ਕੇ ਪਾਉਂਦਾ ਰਿਹਾ ਫੇਰੀਆਂ, ਹੁਣ ਨਿਰਗੁਣ ਹੋ ਕੇ ਆਇਆ ਧੁਰ ਦਾ ਮਾਹੀਆ। ਬਿਨਾ ਭਗਤੀ ਤੋਂ ਭਗਤੋ ਤੁਹਾਨੂੰ ਬਣਾਇਆ ਆਪਣੀਆਂ ਚੇਰੀਆਂ, ਚਿਰੀ ਵਿਛੁੰਨੇ ਲਏ ਮਿਲਾਈਆ। ਜੇ ਤੁਸੀਂ ਸਮਝ ਨਹੀਂ ਸਕੇ ਤੇ ਤੁਹਾਨੂੰ ਪਾਈਆਂ ਸ਼ਬਦ ਦੀਆਂ ਘੇਰੀਆਂ, ਘੇਰੇ ਵਿਚ ਲਿਆ ਟਿਕਾਈਆ। ਨਾ ਦੱਸੀਆਂ ਆਪਣੀਆਂ ਹੇਰੀਆਂ ਫੇਰੀਆਂ, ਕਿਸ ਬਿਧ ਨਾਲ ਨਾਤਾ ਲਿਆ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਨਾਰਦ ਕਹੇ ਜਨ ਭਗਤੋ ਕਲਜੁਗ ਭਗਤੀ ਦੀਆਂ ਲੱਗੀਆਂ ਮੰਡੀਆਂ, ਮੰਡਲ ਵੇਖਣਾ ਚਾਈਂ ਚਾਈਂਆ। ਸ਼ਰਅ ਦੀਆਂ ਵੇਖੋ ਡੰਡੀਆਂ, ਰਸਤੇ ਰਸਤਿਆਂ ਵਿਚੋਂ ਬਦਲਾਈਆ। ਮਜ਼੍ਹਬਾਂ ਦੀਆਂ ਵੇਖੋ ਕੰਢੀਆਂ, ਕੰਢੇ ਘਾਟ ਖੋਜ ਖੁਜਾਈਆ। ਜਗਤ ਜਹਾਨ ਦੀਆਂ ਆਸ਼ਾ ਵੇਖੋ ਮੁਸ਼ਟੰਡੀਆਂ, ਸਚ ਵਿਚ ਨਾ ਕੋਇ ਸਮਾਈਆ। ਕੂੜ ਕੁੜਿਆਰ ਦੀਆਂ ਨਾਰਾਂ ਵੇਖੋ ਰੰਡੀਆਂ, ਦੁਹਾਗਣ ਹੋਈ ਲੋਕਾਈਆ। ਤਨ ਵਜੂਦਾਂ ਪਾਈਂਆਂ ਵੰਡੀਆਂ, ਤਤ ਤਤਾਂ ਵਿਚੋਂ ਬਦਲਾਈਆ। ਨਾਮ ਕਲਮੇ ਦੀਆਂ ਕੰਨੀ ਬੰਨ੍ਹ ਕੇ ਗੰਢੀਆਂ, ਜਗਤ ਜਹਾਨ ਭੱਜੇ ਵਾਹੋ ਦਾਹੀਆ। ਜੇ ਸਚ ਪੁਛੋ ਬਿਨਾ ਭਗਤਾਂ ਤੋਂ ਆਤਮਾ ਹੋਈਆਂ ਕਿਸੇ ਨਹੀਂ ਠੰਡੀਆਂ, ਅਗਨੀ ਅੱਗ ਵਿਚ ਤਪੇ ਲੋਕਾਈਆ। ਕਿਉਂ ਅਗੇ ਖੜਕਣ ਵਾਲੀਆਂ ਚੰਡੀਆਂ, ਚੰਦ ਸੂਰਜ ਰੋਵਣ ਮਾਰਨ ਧਾਹੀਂਆ। ਕਿਉਂ ਮੁਹੰਮਦ ਦੀਆਂ ਸਦੀਆਂ ਪਿਛਲੀਆਂ ਲੰਘੀਆਂ, ਅਗੇ ਸਦਕਾ

ਹੁਕਮ ਦਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਨਾਰਦ ਕਹੇ ਜਨ ਭਗਤੋ ਵੇਖੋ ਸ਼ਰਅ ਦੀਆਂ ਛੁਰੀਆਂ, ਸ਼ਰੀਅਤ ਕੀ ਜਣਾਈਆ। ਫਿਰੇ ਦੁਹਾਈ ਲੋਆਂ ਪੁਰੀਆਂ, ਬ੍ਰਹਿਮੰਡ ਖੰਡ ਕੁਰਲਾਈਆ। ਸਚ ਦੀਆਂ ਸੁਣੇ ਕੋਇ ਨਾ ਸੁਰੀਆਂ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਜਗਤ ਜਹਾਨ ਦੀਆਂ ਵਾਸ਼ਨਾ ਹੋਈਆਂ ਬੁਰੀਆਂ, ਬੁਰਿਆਰ ਦਿਸੇ ਲੋਕਾਈਆ। ਬਿਨਾ ਸੰਤਾਂ ਭਗਤਾਂ ਸੂਫ਼ੀਆਂ ਆਤਮ ਧਾਰ ਪਵਿਤ੍ਰ ਦਿਸਣ ਮੂਲ ਨਾ ਕੁੜੀਆਂ, ਕਾਇਆ ਕੋਟ ਨਾ ਵੱਜੇ ਵਧਾਈਆ। ਜਿਧਰ ਵੇਖੋ ਸ਼ੌਹ ਦਰਿਆਏ ਸਾਰੀਆਂ ਜਾਂਦੀਆਂ ਰੁੜ੍ਹੀਆਂ, ਅਗੇ ਹੋ ਨਾ ਕੋਇ ਅਟਕਾਈਆ। ਨਾਮ ਕਲਮੇ ਦੀਆਂ ਗ੍ਰੰਥਾਂ ਅੰਦਰ ਬੱਝੀਆਂ ਰਹਿ ਗਈਆਂ ਪੁੜੀਆਂ, ਬਿਨਾ ਸਤਿਗੁਰ ਸ਼ਬਦ ਤੋਂ ਜਾਮ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਓਹ ਵੇਖ ਲਓ ਆਪਣਾ ਪ੍ਰਭੂ, ਪਰਮ ਪੁਰਖ ਧਿਆਨ ਲਗਾਈਆ। ਇਹ ਖੋਜਿਆਂ ਕਿਸੇ ਨਾ ਲੱਭੂ, ਨੈਣ ਨਾ ਕੋਇ ਬਿਗਸਾਈਆ। ਮਜ਼੍ਹਬਾਂ ਵਿਚ ਕਦੇ ਨਾ ਬੱਝੂ, ਸ਼ਰਅ ਗੰਢ ਨਾ ਕੋਇ ਅਟਕਾਈਆ। ਇਹ ਜਦੋਂ ਆਵੇ ਤੇ ਭਗਤਾਂ ਦੇ ਵਿਚ ਸਜੂ, ਇਹ ਇਹਦੀ ਬੇਪਰਵਾਹੀਆ। ਨਾਮ ਨਿਧਾਨ ਸੁਣਾ ਕੇ ਨੱਦੂ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸੰਤ ਸੁਹੇਲੇ ਚੁਰਾਸੀ ਵਿਚੋਂ ਕੱਢੂ, ਕਾਢ ਆਪਣੀ ਜਗਤ ਜਣਾਈਆ। ਗੁਰਮੁਖ ਨੌ ਖੰਡ ਪ੍ਰਿਥਮੀ ਵਿਚ ਨਾ ਛਡੂ, ਫੜ ਬਾਹੋਂ ਲਏ ਉਠਾਈਆ। ਨਾਮ ਪਿਆਲਾ ਪਿਆ ਕੇ ਮਧੂ, ਮਧੁਰ ਧੁਨ ਦਏ ਸੁਣਾਈਆ। ਪੰਜਾਂ ਸੱਤਾਂ ਬਰਸਾਂ ਵਿਚ ਸਭ ਨੂੰ ਸੱਦੂ, ਸਦਕੇ ਵਾਰੀ ਸਾਰੇ ਘੋਲ ਘੁਮਾਈਆ। ਪੁਰਖ ਅਕਾਲਾ ਦੀਨ ਦਿਆਲਾ ਦੀਨਾਂ ਮਜ਼੍ਹਬਾਂ ਵਾਲਾ ਨਹੀਂ ਕੋਈ ਡੱਡੂ, ਆਪਣੀ ਹੱਦ ਵਿਚ ਛਾਲਾਂ ਲਾਈਆ। ਇਹ ਬਿਨਾ ਲੱਤਾਂ ਪੈਰਾਂ ਤੋਂ ਭੱਜੂ, ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਬਿਨਾ ਸ਼ਰਅ ਤੋਂ ਸ਼ਰੀਅਤ ਤੋਂ ਬਾਹਰ ਗੱਜੂ, ਆਪ ਆਪਣਾ ਹੁਕਮ ਸੁਣਾਈਆ। ਸਦੀ ਚੌਧਵੀਂ ਤੋਂ ਬਾਦ ਦੀਨ ਦੁਨੀ ਨੂੰ ਤਜੂ, ਨਾਮ ਕਲਮਾ ਇਕ ਦ੍ਰਿੜਾਈਆ। ਜਿਸ ਨੂੰ ਸਾਰੇ ਕਹਿਣਗੇ ਰੱਬੂ, ਰੱਬੇ ਆਲਮੀਨ ਨੂਰ ਅਲਾਹੀਆ। ਉਹਦਾ ਹੁਕਮ ਮੰਨਣਗੇ ਸਬੂ, ਸਭਾ ਭਗਤਾਂ ਵਾਲੀ ਰਖਾਈਆ। ਦੀਨ ਦੁਨੀ ਦੀ ਮੇਟ ਕੇ ਹੱਦੂ, ਹਦੂਦ ਆਪਣੀ ਦਏ ਜਣਾਈਆ। ਜਿਸ ਦਾ ਇਕੋ ਹੁਕਮ ਲੱਗੂ, ਲਗ ਮਾਤਰ ਦਾ ਡੇਰਾ ਢਾਹੀਆ। ਕੂੜੀ ਕਿਰਿਆ ਚਰਨਾਂ ਹੇਠ ਦੱਬੂ, ਸਤਿ ਸਚ ਦਏ ਪ੍ਰਗਟਾਈਆ। ਸਾਰੀ ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਨਾਮ ਭੱਜੂ, ਭਜਨ ਬੰਦਗੀ ਇਕ ਜਣਾਈਆ। ਜਿਸ ਦੀ ਸਮਝੇ ਕੋਈ ਨਾ ਵਜੂਹ, ਵਜੂਹਾਤ ਨਾਲ ਦਏ ਦ੍ਰਿੜਾਈਆ। ਓਹ ਰਾਮ ਰਾਮਾ ਰਘੁਪਤ ਰਘੂ, ਰਗਾਂ ਤੋਂ ਉਪਰ ਡੇਰਾ ਲਾਈਆ। ਓਹ ਕ੍ਰਿਸ਼ਨਾ ਕਾਹਨਾ ਨੌਜਵਾਨਾ ਸ੍ਰੀ ਭਗਵਾਨਾ ਸਚ ਦਵਾਰੇ ਆਪਣੇ ਸੱਜੂ, ਸੱਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੇਰੇ ਪਸੀਨਾ ਆਉਂਦਾ ਉਤੇ ਪੇਸ਼ਾਨੀ, ਖ਼ੁਸ਼ੀ ਗ਼ਮੀਆਂ ਨਾਲ ਬਣਾਈਆ। ਤੁਸੀਂ ਸਤਿਗੁਰ ਲੱਭਦੇ ਜਗਤ ਜਿਸਮਾਨੀ, ਤਤਾਂ ਖੇਲ ਖਿਲਾਈਆ। ਅੱਖਰਾਂ ਵਾਲੀ ਮੰਜ਼ਲ ਸੁਣਦੇ ਰੁਹਾਨੀ, ਰੂਹ ਬੁਤ ਨਾਲ ਕੁੜਮਾਈਆ। ਸ਼ਰਅ ਵਾਲੀ ਜਾਣ ਕਲਾਮੀ, ਕਾਇਨਾਤ ਖ਼ੁਸ਼ੀ ਬਣਾਈਆ। ਮਜ਼੍ਹਬ ਤੱਕ ਗ਼ੁਲਾਮੀ, ਜ਼ੰਜੀਰਾਂ ਗੰਢ ਰਖਾਈਆ। ਮਾਲਾ ਮਣਕਿਆਂ ਵਾਲੀ ਨਿਸ਼ਾਨੀ, ਤਸਬੀਆਂ ਹੱਥ ਲਮਕਾਈਆ। ਰਸਨਾ ਜਿਹਵਾ ਨਾਲ ਜਪਦੇ ਪ੍ਰਾਣੀ, ਢੋਲੇ ਸਿਫ਼ਤਾਂ

ਵਾਲੇ ਗਾਈਆ। ਮਹਿੰਮਾ ਵਾਲੀ ਗਾਉਂਦੇ ਕਹਾਣੀ, ਗਾ ਗਾ ਸ਼ੁਕਰ ਮਨਾਈਆ। ਅੱਠ ਸੱਠ ਤੀਰਥ ਨਹਾਉਂਦੇ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪੰਧ ਮੁਕਾਈਆ। ਜਗਤ ਸ਼ਾਸਤਰਾਂ ਸੁਣਦੇ ਬਾਣੀ, ਗ੍ਰੰਥਾਂ ਧਿਆਨ ਰਖਾਈਆ। ਨਾਰਦ ਕਹੇ ਜਨ ਭਗਤੋ ਇਹ ਪਿਛਲਿਆਂ ਜੁਗਾਂ ਦੀ ਗੱਲ ਪੁਰਾਣੀ, ਅਗਲੀ ਸਮਝ ਨਾ ਕੋਇ ਸਮਝਾਈਆ। ਜੇ ਉਹ ਪ੍ਰਭੂ ਚਾਹਵੇ ਇਕ ਛਿੰਨ ਵਿਚ ਸਭ ਨੂੰ ਮਿਲ ਜਾਏ ਹਾਣੀਆਂ ਦਾ ਹਾਣੀ, ਹਾਣੀਓ ਤੁਹਾਨੂੰ ਆਪਣੇ ਗਲੇ ਲਗਾਈਆ। ਤੁਸੀਂ ਓਸ ਸ਼ਹਿਨਸ਼ਾਹ ਦੀ ਬਣੇ ਰਾਣੀ, ਜਿਸ ਦੀ ਰਈਅਤ ਨਾ ਕੋਇ ਬਦਲਾਈਆ। ਜਿਸ ਨੇ ਕਦੇ ਨਹੀਂ ਹੋਣਾ ਫ਼ਾਨੀ, ਫ਼ੈਸਲਾ ਆਦਿ ਜੁਗਾਦਿ ਹਕੋ ਹਕ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਤੁਹਾਡੇ ਕਿਹੋ ਜਿਹੇ ਏਕੇ, ਸੱਜਣੋ ਦਿਓ ਜਣਾਈਆ। ਕੀ ਤੁਸਾਂ ਆਪਣੇ ਆਪ ਦੇ ਕੀਤੇ ਠੇਕੇ, ਕੀ ਆਪਣੀ ਬੋਲੀ ਨਿਲਾਮੀ ਵਾਲੀ ਕਰਾਈਆ। ਸਾਰੇ ਦੱਸ ਦਿਓ ਤੁਹਾਡੇ ਕਿੱਥੇ ਸੌਹਰੇ ਤੇ ਕਿਥੇ ਪੇਕੇ, ਕਿਥੇ ਤੁਹਾਡੀ ਵੱਜੇ ਵਧਾਈਆ। ਵੇਖਿਓ ਕਿਤੇ ਪ੍ਰਭੂ ਦੇ ਦਰ ਤੋਂ ਨਾ ਜਾਇਓ ਛੇਕੇ, ਛੇਕੜ ਬਿਨਾ ਪ੍ਰਭੂ ਤੋਂ ਕੰਮ ਕੋਇ ਨਾ ਆਈਆ। ਬਿਨਾ ਪੁਰਖ ਅਕਾਲ ਤੋਂ ਕੰਮ ਨਹੀਂ ਆਉਂਦੇ ਮੱਥੇ ਟੇਕੇ, ਟਿੱਕੇ ਧੂੜੀ ਖ਼ਾਕ ਨਾ ਕੋਇ ਰਮਾਈਆ। ਬਿਨਾ ਸਤਿਗੁਰ ਸ਼ਬਦ ਤੋਂ ਬਣਾਏ ਕੋਇ ਨਾ ਬੇਟੇ, ਦੋ ਜਹਾਨ ਗੋਦ ਨਾ ਕੋਇ ਟਿਕਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਮਜ਼੍ਹਬਾਂ ਵਿਚ ਕਦੇ ਨਾ ਬੇਚੇ, ਕੀਮਤ ਜਗਤ ਜਹਾਨ ਰਖਾਈਆ। ਅਗੇ ਆਪਣੇ ਪਾ ਕੇ ਨਾਮ ਦੇ ਪੇਚੇ, ਪੇਚੀਦਾ ਭੇਵ ਦਏ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੈਂ ਤੁਹਾਡੀਆਂ ਵੇਖੀਆਂ ਖਰਮਸਤੀਆਂ, ਦਿਵਸ ਰੈਣ ਧਿਆਨ ਲਗਾਈਆ। ਤੁਹਾਡੀਆਂ ਆਸ਼ਾ ਵੇਖੀਆਂ ਨੱਸਦੀਆਂ, ਭੱਜਣ ਵਾਹੋ ਦਾਹੀਆ। ਬਿਨਾ ਬੁੱਲਾਂ ਤੋਂ ਫਿਰਨ ਹੱਸਦੀਆਂ, ਖ਼ੁਸ਼ੀਆਂ ਢੋਲੇ ਗਾਈਆ। ਉਹ ਭਰੀਆਂ ਪਿਆਰ ਰਸ ਦੀਆਂ, ਪ੍ਰੀਤਮ ਵਿਚ ਸਮਾਈਆ। ਇਹ ਦਰ ਸੁਹੰਜਣੇ ਵਸਦੀਆਂ, ਜਿਥੋਂ ਬਾਹਰ ਸਕੇ ਨਾ ਕੋਇ ਕਢਾਈਆ। ਮੰਗਾਂ ਮੰਗਣ ਹਕ ਦੀਆਂ, ਹਕੀਕਤ ਦੇ ਮਾਲਕ ਅਗੇ ਝੋਲੀਆਂ ਡਾਹੀਆ। ਸਦਾ ਰਾਹ ਇਕੋ ਤਕਦੀਆਂ, ਬਿਨ ਨੈਣਾਂ ਨੈਣ ਉਠਾਈਆ। ਪ੍ਰਭੂ ਦੀ ਯਾਦ ਵਿਚ ਕਦੇ ਨਾ ਅੱਕਦੀਆਂ, ਅੱਖਰਾਂ ਵਾਲੀ ਨਾ ਕਰਨ ਪੜ੍ਹਾਈਆ। ਉਹ ਭਗਤਾਂ ਦੀਆਂ ਧਾਰਾਂ ਸੇਧਾਂ ਰੱਖਣ ਨੱਕ ਦੀਆਂ, ਸੱਜੇ ਖੱਬੇ ਰਾਹ ਨਾ ਕੋਇ ਤਕਾਈਆ। ਸਾਚੇ ਮਾਰਗ ਤੋਂ ਕਦੇ ਨਾ ਹਟਦੀਆਂ, ਭੱਜਣ ਚਾਈਂ ਚਾਈਂਆ। ਆਪ ਆਪਣਾ ਅੰਤਰ ਫਟਦੀਆਂ, ਨਾਮ ਖੰਡਾ ਇਕੋ ਵਾਹੀਆ। ਨਾਰਦ ਕਹੇ ਉਹ ਖੇਲਾਂ ਤੱਕਣ ਲਟ ਲਟ ਦੀਆਂ, ਨੂਰ ਨੁਰਾਨਾ ਨਜ਼ਰੀ ਆਈਆ। ਵਣਜਾਰਨਾਂ ਹੋਵਣ ਇਕ ਹੱਟ ਦੀਆਂ, ਸੌਦੇ ਲੈਣ ਚਾਈਂ ਚਾਈਂਆ। ਹੁਣ ਪ੍ਰੇਮਣਾਂ ਬਣਗੀਆਂ ਇਕ ਜੱਟ ਦੀਆਂ, ਜਿਥੇ ਜਟਾ ਜੂਟ ਨਜ਼ਰ ਕੋਇ ਨਾ ਆਈਆ। ਉਹ ਜਗਤ ਦੇ ਖੰਡਾਂ ਦੀਪਾਂ ਨੂੰ ਖਾਲਾਂ ਵਾਂਗ ਟੱਪਦੀਆਂ, ਕਦਮ ਕਦਮ ਨਾਲ ਬਦਲਾਈਆ। ਜਗਤ ਵਿਚਾਰਾਂ ਪ੍ਰਭ ਚਰਨਾਂ ਵਿਚ ਸੱਟਦੀਆਂ, ਖ਼ੁਸ਼ੀਆਂ ਨਾਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਰੰਗ ਰੰਗਾਈਆ। ਨਾਰਦ ਕਹੇ ਜਨ ਭਗਤੋ ਤੁਹਾਨੂੰ ਕਿਹੜੀ ਲੱਭੀ ਭਗਤੀ, ਸਚ ਦਿਓ ਸੁਣਾਈਆ। ਤੁਹਾਡੇ ਕਿਹੜੀ ਅੰਦਰ ਸ਼ਕਤੀ, ਜੋ ਸ਼ਿਕਵੇ ਰਹੀ ਮਿਟਾਈਆ। ਤੁਸੀਂ ਕਿਹੜੀ ਬੈਠੇ ਧਰਤੀ, ਧਵਲ ਸੋਭਾ ਪਾਈਆ।

ਕੀ ਨਿਸ਼ਾਨੀ ਤੁਹਾਡੇ ਕੋਲ ਨਰਾਇਣ ਨਰ ਦੀ, ਨਰ ਹਰਿ ਕੀ ਵਰਤਾਈਆ। ਕੀ ਵਡਿਆਈ ਤੁਹਾਡੇ ਦਰ ਦੀ, ਦਰੇ ਦਰਬਾਰ ਦੇਣਾ ਸੁਣਾਈਆ। ਕਿਸ ਬਿਧ ਤੁਹਾਡੀ ਜ਼ਿੰਦਗੀ ਜਾਂਦੀ ਤਰਦੀ, ਆਪਣਾ ਪੰਧ ਮੁਕਾਈਆ। ਨਾਰਦ ਕਹੇ ਕੀ ਤੁਹਾਡੀ ਆਸ਼ਾ ਪੜ੍ਹਦੀ, ਸਿਫ਼ਤਾਂ ਵਿਚ ਸਾਲਾਹੀਆ। ਕੀ ਖੇਲ ਤੁਹਾਡੇ ਹਰਿ ਦੀ, ਜੋ ਹਰ ਹਿਰਦੇ ਵਿਚ ਸਮਾਈਆ। ਮੈਂ ਗੱਲ ਪੁਛਣਾ ਨਹੀਂ ਚਾਹੁੰਦਾ ਪੁਰਾਣੀ ਪਰ ਦੀ, ਅਗਲੀ ਦਿਓ ਸਮਝਾਈਆ। ਕੀ ਕਥਾ ਕਹਾਣੀ ਕਲ ਦੀ, ਕਲ ਕਲਕੀ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਆਪਣਾ ਭੇਵ ਚੁਕਾਈਆ। ਜਨ ਭਗਤ ਕਹਿਣ ਨਾਰਦਾ ਤੈਨੂੰ ਅਸੀਂ ਸਾਰੇ ਦੱਸੀਏ ਇਕੱਠੇ, ਸੱਜਣਾ ਇਕੋ ਵਾਰ ਜਣਾਈਆ। ਅਸੀਂ ਇਕੋ ਸਾਹਿਬ ਦੀ ਸਰਨੀ ਢੱਠੇ, ਆਵਾਜ਼ ਜੱਟਾਂ ਵਾਲੀ ਸੁਣਾਈਆ। ਇਕੋ ਸਥਰ ਲਥੇ, ਯਾਰੜਾ ਸੇਜ ਹੰਢਾਈਆ। ਇਕੇ ਨੂੰ ਟੇਕੇ ਮੱਥੇ, ਮਸਤਕ ਇਕ ਨਿਵਾਈਆ। ਇਕੇ ਅਗੇ ਬੱਧੇ ਹੱਥੇ, ਬੰਦਨਾ ਸੀਸ ਝੁਕਾਈਆ। ਇਕੇ ਦੇ ਚੜ੍ਹ ਜਾਏ ਰਥੇ, ਜੋ ਭੱਜੇ ਵਾਹੋ ਦਾਹੀਆ। ਜੋ ਸਾਨੂੰ ਮਾਰਗ ਦੱਸੇ, ਸਹਿਜ ਨਾਲ ਸਮਝਾਈਆ। ਅਸੀਂ ਉਸ ਧਰਤੀ ਤੇ ਵਸੇ, ਜਿਥੇ ਆਇਆ ਗੋਬਿੰਦ ਮਾਹੀਆ। ਸਾਨੂੰ ਨਾਮ ਦੇ ਦੇਵੇ ਰਸੇ, ਰਸਤੇ ਅੰਦਰੋਂ ਦਿਤੇ ਬਦਲਾਈਆ। ਪ੍ਰੇਮ ਮੁਹੱਬਤ ਵਿਚ ਸਾਡੇ ਨਾਲ ਹੱਸੇ, ਹਸਤੀ ਆਪਣੀ ਇਕ ਜਣਾਈਆ। ਸਾਨੂੰ ਨਾਮ ਖ਼ੁਮਾਰੀ ਦੇ ਸੱਜਣਾ ਚਾੜ੍ਹ ਦਿਤੇ ਨਸ਼ੇ, ਜੀਵਣ ਵਿਚ ਉਤਰ ਕਦੇ ਨਾ ਜਾਈਆ। ਸਾਡੀ ਮਿਟ ਗਈ ਰੈਣ ਅੰਧੇਰੀ ਮੱਸੇ, ਨੂਰੀ ਚੰਦ ਦਿਤਾ ਚਮਕਾਈਆ। ਹੋੜਾ ਦੱਸ ਕੇ ਉਪਰ ਸੱਸੇ, ਸਰਗੁਣ ਨਿਰਗੁਣ ਨਾਲ ਦਿਤਾ ਮਿਲਾਈਆ। ਨਾਰਦਾ ਅਸੀਂ ਉਸ ਦੇ ਜਾਲ ਵਿਚ ਫਸੇ, ਜੋ ਜਮ ਫਾਸੀਆਂ ਦਏ ਕਟਾਈਆ। ਨਾਰਦ ਕਹੇ ਜਨ ਭਗਤੋ ਤੁਸੀਂ ਬੜੇ ਅੱਛੇ, ਅੱਛੀ ਤਰਾਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਪ੍ਰਭੂ ਮੈਂ ਆਇਆ ਉਤੋਂ ਗੰਗਾ, ਗੰਗੋਤਰੀ ਵਿਚ ਚਰਨ ਛੁਹਾਈਆ। ਮੇਰਾ ਸੀਸ ਵੇਖ ਲੈ ਨੰਗਾ, ਬੋਦੀ ਰਿਹਾ ਹਿਲਾਈਆ। ਮੈਂ ਇਕੋ ਮੰਗ ਮੰਗਾਂ, ਖ਼ਾਲੀ ਝੋਲੀ ਅਗੇ ਡਾਹੀਆ। ਮੈਂ ਫਿਰਿਆ ਵਿਚ ਬ੍ਰਹਿਮੰਡਾਂ, ਭੱਜਿਆ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਵਧਿਆ ਪਾਖੰਡਾ, ਭੇਖਾਧਾਰੀਆਂ ਖੋਜ ਖੁਜਾਈਆ। ਪਰ ਇਕ ਗੱਲ ਦੱਸ ਦੇ ਕਿਉਂ ਹੱਥ ਵਿਚ ਫੜਿਆ ਸੱਤ ਰੰਗ ਦਾ ਡੰਡਾ, ਡੰਡਾਵਤਾਂ ਕਰਾਉਣ ਵਾਲਿਆ ਦੇਣਾ ਦ੍ਰਿੜਾਈਆ। ਕਿਉਂ ਬ੍ਰਹਿਮਣ ਗੌੜਾ ਰੂਪ ਬਣਾਇਆ ਪੰਡਾ, ਆਪਣਾ ਭੇਵ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਡੰਡਾ ਕਹੇ ਸੁਣ ਉਏ ਬ੍ਰਾਹਮਣਾ ਵਾਲੇ ਬੋਦੀ, ਬੁੱਧੀ ਤੋਂ ਬਾਹਰ ਜਣਾਈਆ। ਤੈਨੂੰ ਨਹੀਂ ਪਤਾ ਦੀਨ ਦੁਨੀਆ ਹੋ ਗਈ ਲੋਭੀ, ਲਾਲਚ ਵਿਚ ਹਲਕਾਈਆ। ਕੂੜ ਕੁਕਰਮ ਵਿਚ ਹੋ ਗਈ ਕੋਝੀ, ਸਚ ਵਿਚ ਨਾ ਕੋਇ ਸਮਾਈਆ। ਧਰਮ ਦਾ ਦਿਸੇ ਕੋਈ ਨਾ ਜੋਗੀ, ਜੁਗੀਸ਼ਰ ਨਜ਼ਰ ਕੋਇ ਨਾ ਆਈਆ। ਕੀਮਤ ਰਹੀ ਕੋਈ ਨਾ ਕੌਡੀ, ਕੌਡੀ ਕੌਡੀ ਹੱਟ ਵਿਕਾਈਆ। ਧਾਰ ਪਵਿਤ੍ਰ ਦਿਸੇ ਨਾ ਵੇਦੀ ਸੋਢੀ, ਆਤਮ ਪਰਮਾਤਮ ਰੰਗ ਨਾ ਕੋਇ ਚੜ੍ਹਾਈਆ। ਸਾਰੇ ਇਕ ਦੂਜੇ ਦੇ ਹੱਥ ਲਾਉਂਦੇ ਗੋਡੀਂ, ਜਗਤ ਵੰਡ ਵੰਡਾਈਆ। ਸੱਤ ਰੰਗਾ ਕਹੇ ਨਾਰਦਾ ਮੇਰੇ ਬਿਨਾ ਕਦੇ ਸ੍ਰਿਸ਼ਟੀ ਨਹੀਂ ਜਾਂਦੀ ਸੋਧੀ, ਸ਼ੁਧ ਆਤਮਾ ਨਾ ਕੋਇ ਕਰਾਈਆ। ਮੈਂ ਸੱਤਾਂ ਦੀਪਾਂ ਵਿਚ ਇਕੋ ਵਾਰ ਫਿਰਨਾ ਤੇ ਸਭ ਦੇ ਹੌਲੇ ਕਰ ਦੇਣੇ ਬੋਝੀ, ਕਲਜੁਗ ਦਾ ਭਾਰ ਕੰਧ ਨਾ ਕੋਇ ਉਠਾਈਆ। ਹਉਮੇ ਦਾ ਰਹਿਣ ਨਹੀਂ ਦੇਣਾ ਕੋਈ ਰੋਗੀ, ਹੰਗਤਾ

ਦਾ ਗੜ੍ਹ ਦੇਣਾ ਤੁੜਾਈਆ। ਭਗਤਾਂ ਦੇ ਅਗੇ ਵੱਜਣਾ ਪਿਛੇ ਵੱਜਣਾ ਆਓ ਤੁਹਾਨੂੰ ਮਿਲਾਵਾਂ ਤੁਹਾਡਾ ਧੁਰ ਸੰਜੋਗੀ, ਤੁਹਾਡਾ ਮਾਲਕ ਤੁਹਾਨੂੰ ਦਿਆਂ ਵਖਾਈਆ। ਜਿਸ ਦੇ ਉਤੇ ਤੁਸੀਂ ਸਾਰੇ ਹੋਏ ਕਰੋਧੀ, ਗ਼ੁੱਸਾ ਆਪਣਾ ਆਪ ਪ੍ਰਗਟਾਈਆ। ਉਹ ਫੇਰ ਵੀ ਤੁਹਾਡੇ ਹਿਰਦੇ ਜਾਏ ਸੋਧੀ, ਸੋਝ ਤੋਂ ਪਰੇ ਆਪਣੀ ਸੋਚ ਜਣਾਈਆ। ਨਾਲੇ ਨਾਮ ਦੀ ਦੇਵੇ ਰੋਜ਼ੀ, ਰੋਜ਼ ਰੋਜ਼ ਰੋਜ਼ ਜਨ ਭਗਤੋ ਤੁਹਾਡੀ ਬਣਤ ਰਿਹਾ ਬਣਾਈਆ। ਏਸੇ ਕਰ ਕੇ ਉਸ ਮਾਹੀ ਨੂੰ ਗੋਬਿੰਦ ਨੇ ਕਿਹਾ ਚੋਜੀ, ਚੋਜੀ ਪ੍ਰੀਤਮ ਧੁਰਦਰਗਾਹੀਆ। ਆਦਿ ਜੁਗਾਦਿ ਦਾ ਸਦਾ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੇਰੀਆਂ ਸੁੱਕੀਆਂ ਵੇਖੋ ਲੱਤਾਂ, ਬਾਹੂ ਬਲ ਨਾ ਕੋਇ ਰਖਾਈਆ। ਤੁਹਾਨੂੰ ਕੀ ਦੇ ਸਮਝਾਵਾਂ ਮੱਤਾਂ, ਮਤ ਦੀ ਲੋੜ ਰਹੇ ਨਾ ਰਾਈਆ। ਤੁਹਾਡਾ ਲੇਖਾ ਵੇਖਾਂ ਤਤਾਂ, ਤਤਾਂ ਖੋਜ ਖੁਜਾਈਆ। ਜਿਸ ਖੇਲ ਖਿਲਾਉਣਾ ਦੀਪਾਂ ਸੱਤਾਂ, ਸਤਿ ਸਤਿਵਾਦੀ ਧੁਰਦਰਗਾਹੀਆ। ਉਸ ਦਾ ਨਜ਼ਾਰਾ ਤੱਕਾਂ ਰਤਾ, ਜੋ ਰਤਨ ਅਮੋਲਕ ਹੀਰੇ ਤੁਹਾਨੂੰ ਰਿਹਾ ਬਣਾਈਆ। ਉਸ ਦਾ ਘਰਾਨਾ ਸਮਝੋ ਪਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਇਕੋ ਡੰਕਾ ਫ਼ਤ੍ਹਾ, ਫ਼ਾਤਿਆ ਪੜ੍ਹੇ ਸਰਬ ਲੋਕਾਈਆ। ਉਹਦਾ ਲੇਖਾ ਚੂੰਕਿ ਚੁਨਾਂਚੇ ਨਾ ਕੋਈ ਅਲਬਤਾ, ਆਲਮੀਨ ਨੂਰ ਅਲਾਹੀਆ। ਉਹ ਨਿਰਗੁਣ ਧਾਰ ਅਗੰਮੀ ਸਤ੍ਹਾ, ਸਤਿ ਸਤਿਵਾਦੀ ਇਕ ਅਖਵਾਈਆ। ਤੁਹਾਡਾ ਪ੍ਰੇਮ ਪ੍ਰੀਤੀ ਨਾਲ ਜੋੜੇ ਨਤਾ, ਨਾਤਾ ਆਪਣੇ ਨਾਲ ਰਖਾਈਆ। ਵੇਖਿਓ ਕਲਜੁਗ ਦੀ ਧਾਰ ਖਾਇਓ ਨਾ ਖ਼ਤਾ, ਸਹਿਜ ਸਹਿਜ ਨਾਲ ਜਣਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਸਤਿਗੁਰ ਨਾਨਕ ਤਪਾ, ਤਪਦਿਆਂ ਹਿਰਦਿਆਂ ਸ਼ਾਂਤ ਕਰਾਈਆ। ਉਹ ਪੁਰਖ ਅਕਾਲਾ ਨੂਰ ਨੁਰਾਨਾ ਸਭ ਦਾ ਬਣ ਕੇ ਸਕਾ, ਸਾਜਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਜਨ ਭਗਤੋ ਮੇਰੀ ਕਮਰ ਗਈ ਝੁਕ, ਬੁਢੇਪਾ ਕਲਜੁਗ ਅੰਤਮ ਆਈਆ। ਮੈਂ ਕਿੱਥੇ ਜਾਵਾਂ ਲੁਕ, ਥਾਨ ਥਨੰਤਰ ਦਿਉ ਦ੍ਰਿੜਾਈਆ। ਮੇਰਾ ਪੈਂਡਾ ਜਾਵੇ ਮੁਕ, ਅਗੇ ਪੰਧ ਰਹੇ ਨਾ ਰਾਈਆ। ਜਨ ਭਗਤ ਕਹਿਣ ਨਾਰਦਾ ਤੂੰ ਗਾ ਲੈ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ। ਜਿਸ ਬਦਲਿਆ ਆਪਣਾ ਰੁਖ਼, ਪਾਸਾ ਆਇਆ ਬਦਲਾਈਆ। ਜੋ ਜਨ ਭਗਤਾਂ ਦੇਵੇ ਸੁਖ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਜਿਸ ਦਾ ਲਹਿਣਾ ਸਮਝੇ ਨਾ ਕੋਇ ਮਨੁਖ, ਮਾਨਵ ਸਾਰ ਕੋਇ ਨਾ ਪਾਈਆ। ਜੋ ਸਾਡੇ ਰਹੇ ਸਨਮੁਖ, ਜਨ ਭਗਤ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਜੇ ਸਾਹਿਬ ਤੁਹਾਡੀਆਂ ਮੰਨੇ, ਮਨਸਾ ਮੇਰੀ ਨਾਲ ਲਓ ਮਨਾਈਆ। ਜਿਸ ਭਾਗ ਲਗਾਇਆ ਧੰਨੇ, ਦਿਤੀ ਮਾਣ ਵਡਿਆਈਆ। ਭੋਗ ਲਗਾਇਆ ਛੱਪਰ ਛੰਨੇ, ਸੋਹਣੇ ਬੰਕ ਸੁਹਾਈਆ। ਉਹ ਵੇਖਣਹਾਰਾ ਨੇਤਰ ਹੀਣ ਅੰਨ੍ਹੇ, ਅੰਧ ਆਤਮ ਖੋਜ ਖੁਜਾਈਆ। ਜਨ ਭਗਤ ਚਮਕਾ ਕੇ ਆਪਣੇ ਚੰਨੇ, ਨੂਰ ਚੰਦ ਕਰੇ ਰੁਸ਼ਨਾਈਆ। ਜੋ ਜੁਗ ਜੁਗ ਬਦਲਣ ਵਾਲਾ ਸਮੇਂ, ਨਿਤ ਨਵਿਤ ਆਪਣਾ ਫੇਰਾ ਪਾਈਆ। ਨਾ ਹਰਖ ਸੋਗ ਕੋਈ ਗ਼ਮੇ, ਚਿੰਤਾ ਚਿਖਾ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਤਾਈ ਪੋਹ ਕਹੇ ਮੇਰਾ ਸਭ ਨੂੰ

ਇਕ ਪ੍ਰਨਾਮ, ਜਨ ਭਗਤੋ ਸੀਸ ਨਿਵਾਈਆ। ਸ਼ਰਅ ਦਾ ਰਿਹੋ ਨਾ ਕੋਇ ਗ਼ੁਲਾਮ, ਬੰਧਨ ਬੰਧ ਨਾ ਕੋਇ ਰਖਾਈਆ। ਅੱਜ ਵਾਹਿਦਾ ਕਰੋ ਤਮਾਮ, ਇਕੋ ਵਾਰ ਸੁਣਾਈਆ। ਸਾਡਾ ਧੁਰ ਦਾ ਅਗੰਮਾ ਰਾਮ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸਾਡਾ ਨਿਰਗੁਣ ਘਨਈਆ ਸ਼ਾਮ, ਕਾਹਨਾ ਇਕ ਅਖਵਾਈਆ। ਸਾਡਾ ਮਾਲਕ ਪੈਗ਼ੰਬਰਾਂ ਦਾ ਅਮਾਮ, ਅਮਾਮ ਅਮਾਮਾ ਨੂਰ ਅਲਾਹੀਆ। ਸਾਡਾ ਗੁਰੂਆਂ ਦਾ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਇਕੋ ਇਕ ਵਿਧਾਨ, ਦੂਜੀ ਸ਼ਰਅ ਨਾ ਕੋਇ ਬਦਲਾਈਆ। ਇਕੋ ਹੁਕਮ ਦੀ ਆਵੇ ਆਣ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਵਸਤ ਦੇਵੇ ਮਹਾਨ, ਮਿਹਰਵਾਨ ਦਇਆ ਕਮਾਈਆ। ਝੋਲੀ ਪਾ ਦੇ ਨਾਮ ਨਿਧਾਨ, ਖ਼ਾਲੀ ਭੰਡਾਰੇ ਦਏ ਭਰਾਈਆ। ਜਿਸ ਦਾ ਝੁਲਣਾ ਇਕ ਧਰਮ ਨਿਸ਼ਾਨ, ਸੱਤ ਰੰਗ ਦਾ ਡੰਡਾ ਦਏ ਗਵਾਹੀਆ। ਸੋ ਲੇਖਾ ਵੇਖੇ ਸਭ ਦਾ ਆਣ, ਆਪ ਆਪਣਾ ਫੇਰਾ ਪਾਈਆ। ਜਨ ਭਗਤੋ ਤੁਹਾਡਾ ਲੇਖੇ ਲੱਗਾ ਆਵਣ ਜਾਣ, ਚਰਨ ਕਵਲ ਮਿਲੇ ਸਰਨਾਈਆ। ਘਰ ਬੈਠੇ ਬਿਰਧ ਬਾਲ ਜਵਾਨ ਸਾਰੇ ਤਰ ਜਾਣ, ਦੇਵੇ ਮਾਣ ਵਡਿਆਈਆ। ਤੁਹਾਡੀ ਸੇਵਾ ਬੜੀ ਬਲਵਾਨ, ਜੋ ਪ੍ਰਭੂ ਨੂੰ ਰਹੀ ਝੁਕਾਈਆ। ਤੁਹਾਡੀ ਮੰਜ਼ਲ ਕੀਤੀ ਆਸਾਨ, ਪੈਂਡਾ ਦਿਤਾ ਮੁਕਾਈਆ। ਤੁਸੀਂ ਨਾ ਜ਼ਿਮੀਂ ਰਹੋ ਨਾ ਰਹੋ ਉਤੇ ਅਸਮਾਨ, ਅਸਮਾਨਾਂ ਤੋਂ ਪਰੇ ਤੁਹਾਡਾ ਡੇਰਾ ਦਿਤਾ ਲਗਾਈਆ। ਜਿਥੇ ਇਕੋ ਵਸੇ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਭੰਡਾਰਾ ਬਖ਼ਸ਼ਿਆ ਪਕਵਾਨ, ਦੇਵੇ ਰਿਜ਼ਕ ਸਬਾਈਆ। ਉਹ ਲਹਿਣਾ ਦੇਣਾ ਚੁਕਾਏ ਆਣ, ਆਪਣਾ ਫੇਰਾ ਪਾਈਆ। ਜਿਸ ਦਾ ਰੂਪ ਬੇਪਹਿਚਾਨ, ਰੰਗ ਰੇਖ ਨਾ ਕੋਇ ਵਖਾਈਆ। ਉਸ ਦਾ ਦਿਤਾ ਸਾਰੇ ਪੀਣ ਖਾਣ, ਤਨ ਵਜੂਦ ਰਹੇ ਹੰਢਾਈਆ। ਉਹ ਦਰ ਆਇਆਂ ਨੂੰ ਦੇਵੇ ਪ੍ਰੇਮ ਦਾ ਦਾਨ, ਪ੍ਰੀਤੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਵੇ ਮਿਹਰਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਨਜ਼ਰ ਉਠਾਈਆ।

੨੮ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ ਸ਼ਾਦੀਆਂ ਸਮੇਂ

ਸਤਿਗੁਰ ਸ਼ਬਦ ਕਹੇ ਪੁਰਖ ਅਬਿਨਾਸ਼ੀ ਮਿਹਰਾਂ ਕੀਤੀਆਂ, ਕਰਤੇ ਪੁਰਖ ਦਿਤੀ ਵਡਿਆਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬੀਤੀਆਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਧਾਰ ਬਦਲਦਾ ਰਿਹਾ ਰੀਤੀਆਂ, ਨਿਰਗੁਣ ਸਰਗੁਣ ਆਪ ਸਮਝਾਈਆ। ਜਿਸ ਦਾ ਲੇਖਾ ਤ੍ਰੈਗੁਣ ਅਤੀਤੀਆਂ, ਤ੍ਰੈਭਵਣ ਧਨੀ ਬੇਪਰਵਾਹੀਆ। ਓਹ ਪਰਖਣਹਾਰਾ ਸਭ ਦੀਆਂ ਨੀਤੀਆਂ, ਘਟ ਘਟ ਅੰਤਰ ਵੇਖ ਵਖਾਈਆ। ਜਿਸ ਖਹਿੜਾ ਛੁਡਾਉਣਾ ਮੰਦਰ ਮਸੀਤੀਆਂ, ਮੱਠਾਂ ਦੇਹੁਰਿਆਂ ਲੇਖ ਚੁਕਾਈਆ। ਜਨ ਭਗਤਾਂ ਕਾਇਆ ਕਰ ਕੇ ਠਾਂਡੀਆਂ ਸੀਤੀਆਂ, ਅਗਨੀ ਤਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਗੀਤੀਆਂ, ਗੋਬਿੰਦ ਕਰੀ ਸਚ ਪੜ੍ਹਾਈਆ। ਚਾਰ ਜੁਗ ਦੇ ਸ਼ਾਸਤਰ ਵੱਟਣ ਕਚੀਚੀਆਂ, ਆਪਣਾ ਨੈਣ ਉਠਾਈਆ। ਸਾਡੀਆਂ ਗੰਢਾਂ ਖੁਲ੍ਹੀਆਂ ਪੀਚੀਆਂ, ਪੇਚਾ ਸ਼ਬਦ ਗੁਰੂ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਮੇਰਾ ਹੋਇਆ

ਵਕਤ ਸੁਹਾਵਾ, ਪ੍ਰਭ ਦਿਤੀ ਮਾਣ ਵਡਿਆਈਆ। ਮੇਰਾ ਉਸ ਦੇ ਉਤੇ ਦਾਅਵਾ, ਜੋ ਦਾਅਵੇਦਾਰ ਅਖਵਾਈਆ। ਮੈਂ ਓਸੇ ਦੇ ਢੋਲੇ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਜਿਸ ਦਾ ਆਦਿ ਅੰਤ ਦਾ ਇਕੋ ਨਾਂਵਾਂ, ਨਵ ਸੱਤ ਜਣਾਈਆ। ਜੋ ਖੇਲ ਖੇਲੇ ਵਾਂਗ ਪੁਤਰਾਂ ਮਾਂਵਾਂ, ਪਿਤਾ ਪੂਤ ਆਪ ਅਖਵਾਈਆ। ਜਨ ਭਗਤਾਂ ਦੇਵੇ ਠੰਡੀਆਂ ਛਾਂਵਾਂ, ਸ਼ਹਿਨਸ਼ਾਹ ਸਿਰ ਆਪਣਾ ਹੱਥ ਟਿਕਾਈਆ। ਹਰਿ ਸੰਗਤ ਮੇਲ ਮਿਲਾ ਕੇ ਭੈਣ ਭਰਾਵਾਂ, ਭਾਂਡਾ ਭਰਮ ਭਉ ਭਨਾਈਆ। ਜਗਤ ਧਾਰ ਧਰਮ ਦੀਆਂ ਲਾਵਾਂ, ਸਤਿਗੁਰ ਸ਼ਬਦ ਕਰੇ ਕੁੜਮਾਈਆ। ਜੋ ਫਿਰਦਾ ਨਗਰ ਖੇੜੇ ਪਿੰਡ ਗਰਾਵਾਂ, ਦੋ ਜਹਾਨਾਂ ਵੇਖ ਵਖਾਈਆ। ਜਿਸ ਨੇ ਹਿੰਦੂ ਮੁਸਲਮ ਸਿੱਖ ਈਸਾਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੋਲ ਤੋਲਿਆ ਸਾਂਵਾਂ, ਕੰਡਾ ਨਾਮ ਹੱਥ ਉਠਾਈਆ। ਮੈਂ ਨਿਵ ਨਿਵ ਉਸ ਨੂੰ ਸੀਸ ਨਿਵਾਵਾਂ, ਝੁਕ ਝੁਕ ਲਾਗਾਂ ਪਾਈਆ। ਚਾਰ ਕੁੰਟ ਦਹਿ ਦਿਸ਼ਾ ਉਠਾ ਕੇ ਬਾਹਵਾਂ, ਸਭ ਨੂੰ ਦਿਆਂ ਸੁਣਾਈਆ। ਜਗਤ ਵਾਸ਼ਨਾ ਕੂੜ ਰਹੇ ਨਾ ਕਾਂਵਾਂ, ਕਾਗ ਹੰਸ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਮੇਰਾ ਵਕਤ ਸੁਹਾਵਾ ਮਾਤ, ਪ੍ਰਭ ਦਿਤੀ ਮਾਣ ਵਡਿਆਈਆ। ਸਤਿ ਸਚ ਦੀ ਬਖ਼ਸ਼ ਕੇ ਦਾਤ, ਮੇਰਾ ਭੰਡਾਰਾ ਦਿਤਾ ਭਰਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਦੀਨ ਦੁਨੀ ਦਾ ਮਾਰਗ ਦਿਤਾ ਬਦਲਾਈਆ। ਕਲਜੁਗ ਅੰਤ ਮਾਰ ਕੇ ਝਾਤ, ਝਾਕੇ ਭਗਤਾਂ ਦਿਤੇ ਖੁਲਾਈਆ। ਭਗਤਾਂ ਦੀ ਭਗਤ ਬਣਾ ਬਰਾਤ, ਦੂਲ੍ਹਾ ਵੇਖੇ ਚਾਈਂ ਚਾਈਂਆ। ਕੰਨਿਆ ਦਾ ਕਾਇਨਾਤ, ਸਾਕ ਸੱਜਣ ਸਾਜਣ ਸੋਭਾ ਪਾਈਆ। ਨਵ ਸੱਤ ਦਾ ਇਕ ਪਰਾਂਤ, ਹਿੱਸਾ ਧਰਮ ਧਾਰ ਵੰਡਾਈਆ। ਇਕੋ ਪ੍ਰੀਤ ਬਖ਼ਸ਼ ਕੇ ਨਾਤ, ਚਰਨ ਕਵਲ ਦਏ ਸਰਨਾਈਆ। ਸਤਿਗੁਰ ਹੋ ਕੇ ਪੁਛੇ ਵਾਤ, ਵੇਖੇ ਥਾਉਂ ਥਾਈਂਆ। ਆਪਣੇ ਹੁਕਮ ਦੀ ਦੱਸ ਕੇ ਬਾਤ, ਬਾਤਨ ਪਰਦਾ ਦਏ ਖੁਲਾਈਆ। ਸਭ ਦੇ ਜਨਮ ਕਰਮ ਦੇ ਲੇਖੇ ਲਏ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਭਾਗ ਲਗਾ ਕੇ ਕਾਇਆ ਮਾਟੀ ਕਾਚ, ਕੰਚਨ ਗੜ੍ਹ ਦਏ ਸੁਹਾਈਆ। ਜਨ ਭਗਤੋ ਤੁਹਾਡਾ ਮੰਗਲਾਚਾਰ ਦਾ ਨਾਚ, ਤਾਲੀ ਖ਼ੁਸ਼ੀਆਂ ਵਾਲੀ ਵਜਾਈਆ। ਤੁਹਾਡੀ ਪ੍ਰੇਮ ਪਿਆਰ ਦੀ ਪਰਭਾਤ, ਢੋਲੇ ਸੋਹਲੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਜੁਗ ਕਹੇ ਮੈਂ ਬਚਨ ਦੱਸਾਂ ਸਚ ਦਾ, ਸਚ ਨਾਲ ਸਮਝਾਈਆ। ਖ਼ੁਸ਼ੀਆਂ ਵਿਚ ਫਿਰਾਂ ਨੱਚਦਾ, ਭੱਜਾਂ ਵਾਹੋ ਦਾਹੀਆ। ਮੇਰੇ ਸਾਹਿਬ ਨੇ ਭਰਮ ਚੁਕਾਇਆ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਦਏ ਵਡਿਆਈਆ। ਜੋ ਲੂੰ ਲੂੰ ਅੰਦਰ ਰਿਹਾ ਰਚਦਾ, ਹਰ ਘਟ ਰਿਹਾ ਸਮਾਈਆ। ਮਾਰਗ ਦੱਸ ਕੇ ਧਰਮ ਧਾਰ ਦੀ ਮਤ ਦਾ, ਮਨ ਮਤ ਦਾ ਡੇਰਾ ਢਾਹੀਆ। ਭੇਵ ਖੁਲਾ ਕੇ ਸਾਚੀ ਰਤ ਦਾ, ਰਤਨ ਅਮੋਲਕ ਹੀਰੇ ਲਏ ਪਰਗਟਾਈਆ। ਪਿਆਰ ਬਖ਼ਸ਼ ਕੇ ਸਤਿ ਦਾ, ਸਤਿ ਵਿਚ ਸਮਾਈਆ। ਨਾਤਾ ਜੋੜ ਕੇ ਤਤ ਦਾ, ਤਤਵ ਤਤ ਰੰਗ ਰੰਗਾਈਆ। ਖੇਲ ਸਮਝਾ ਕੇ ਪਰਮੇਸ਼ਵਰ ਪਤਿ ਦਾ, ਪਤਤ ਪੁਨੀਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਮੈਨੂੰ ਕਿਰਪਾ ਕੀਤੀ ਪੁਰਖ ਅਬਿਨਾਸ਼ੀ, ਦਿਤੀ ਮਾਣ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਹਾਸੀ, ਹਸਤੀ ਤੱਕਾਂ ਚਾਈਂ ਚਾਈਂਆ। ਸਾਚੇ ਮੰਡਲ ਪਾਵੇ ਰਾਸੀ, ਖ਼ੁਸ਼ੀਆਂ ਢੋਲੇ ਗਾਈਆ। ਮੇਰੀ ਪੂਰੀ ਹੋਵੇ ਆਸੀ, ਤ੍ਰਿਸ਼ਨਾ

ਰੰਗ ਰੰਗਾਈਆ। ਭਗਤ ਭਗਤਾਂ ਉਤੇ ਕਰਨ ਵਿਸ਼ਵਾਸੀ, ਵਿਸ਼ਵ ਦਾ ਰਾਹ ਸਮਝਾਈਆ। ਜਿਥੇ ਦਿਸੇ ਕੋਇ ਨਾ ਮਦਿਰਾ ਮਾਸੀ, ਰਸਨਾ ਰਸਨ ਨਾ ਕੋਇ ਹਲਕਾਈਆ। ਵੱਜੇ ਵਧਾਈ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਸੋਭਾ ਪਾਈਆ। ਦੇਵਤ ਸੁਰ ਗਣ ਗੰਧਰਵ ਸਾਰੇ ਗਾਸੀ, ਗਾਵਣ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਕਿਆਸੀ, ਕਾਇਮ ਮੁਕਾਮ ਸੋਭਾ ਪਾਈਆ। ਸਤਿਗੁਰ ਸ਼ਬਦ ਹਰਿਜਨ ਬਣਾ ਕੇ ਦਾਸਨ ਦਾਸੀ, ਦਾਸ ਦਾਸਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਜੁਗ ਕਹੇ ਵੇਖੋ ਖੇਲ ਪੁਰਖ ਸਮਰਾਥ, ਹਰਿ ਕਰਤਾ ਆਪ ਕਰਾਈਆ। ਜੋ ਦੀਨ ਦਿਆਲ ਵੇਖਣਹਾਰਾ ਅਨਾਥਾਂ ਅਨਾਥ, ਪਰਦੇ ਪਰਦਿਆਂ ਵਿਚੋਂ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸੋਹੰ ਕੀਤੀ ਸਚ ਪੜ੍ਹਾਈਆ। ਜਨ ਭਗਤਾਂ ਭਗਤਾਂ ਨਾਲ ਬਣਾ ਕੇ ਸਾਥ, ਜੋੜੀ ਜਗਤ ਜਹਾਨ ਜਣਾਈਆ। ਸਤਿ ਸਚ ਚਲਾ ਕੇ ਰਾਥ, ਰਥਵਾਹੀ ਬਣਿਆ ਧੁਰਦਰਗਾਹੀਆ। ਮਸਤਕ ਲਹਿਣਾ ਵੇਖ ਕੇ ਮਾਥ, ਪੂਰਬ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਸਤਿਜੁਗ ਕਹੇ ਜਨ ਭਗਤੋ ਮੇਰੀ ਨਮੋ ਨਮੋ ਨਿਮਸਕਾਰ, ਸਤਿ ਸਚ ਵਿਚ ਸੀਸ ਨਿਵਾਈਆ। ਕਿਰਪਾ ਕੀਤੀ ਆਪ ਕਰਤਾਰ, ਕੁਦਰਤ ਦਾ ਮਾਲਕ ਹੋਇਆ ਸਹਾਈਆ। ਨਵ ਸੱਤ ਦੀ ਬੰਨ੍ਹ ਕੇ ਧਾਰ, ਆਤਮ ਪਰਮਾਤਮ ਜੋੜ ਜੁੜਾਈਆ। ਰੀਤੀ ਦੱਸ ਅਪਰ ਅਪਾਰ, ਅਗੰਮ ਦਿਤਾ ਸਮਝਾਈਆ। ਜਨ ਭਗਤਾਂ ਜੋੜੀ ਖ਼ੁਸ਼ੀ ਰਹੇ ਵਿਚ ਸੰਸਾਰ, ਖ਼ੁਸ਼ੀਆਂ ਢੋਲੇ ਗਾਈਆ। ਵਕਤ ਸੁਹੰਜਣਾ ਹੋਵੇ ਭਗਤ ਦਵਾਰ, ਦੋਹਰੀ ਆਪਣੀ ਕਾਰ ਭੁਗਤਾਈਆ। ਸਤਿਜੁਗ ਕਹੇ ਮੈਂ ਕੂਕ ਕਰਾਂ ਪੁਕਾਰ, ਸਭ ਨੂੰ ਦਿਆਂ ਸੁਣਾਈਆ। ਲਾਲਚ ਛਡਣਾ ਨਰ ਨਾਰ, ਨਰ ਨਰਾਇਣ ਹੋਏ ਸੁਹਾਈਆ। ਜੋ ਆਦਿ ਜੁਗਾਦੀ ਸਾਂਝਾ ਯਾਰ, ਮਿਤ੍ਰ ਪਿਆਰਾ ਇਕ ਅਖਵਾਈਆ। ਜਿਸ ਦੇ ਹੁਕਮ ਦੀ ਸਾਰੇ ਕਰਨ ਇੰਤਜ਼ਾਰ, ਅਵਤਾਰ ਪੈਗ਼ੰਬਰ ਗੁਰੂ ਰਾਹ ਤਕਾਈਆ। ਸੋ ਵਕਤ ਸੁਹੇਲਾ ਕਰੇ ਕਰਨੀ ਦਾ ਕਰਨੇਹਾਰ, ਕੁਦਰਤ ਦਾ ਕਾਦਰ ਵਡ ਵਡਿਆਈਆ। ਸਤਿਜੁਗ ਕਹੇ ਪੋਹ ਅਠਾਈ ਤੇਰਾ ਬਣਿਆ ਰਹੇ ਪਿਆਰ, ਪ੍ਰੇਮ ਪ੍ਰੀਤੀ ਭਗਤਾਂ ਨਾਲ ਜਣਾਈਆ। ਹਰਿ ਸੰਗਤ ਖ਼ੁਸ਼ੀਆਂ ਦੇ ਲਾਉਂਦੀ ਰਹੇ ਜੈਕਾਰ, ਸਾਚੇ ਢੋਲੇ ਗਾਈਆ। ਹਰਿਜਨ ਸਦਾ ਵਸਦਾ ਰਹੇ ਘਰ ਬਾਰ, ਤਨ ਮਾਟੀ ਸੋਭਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰ, ਮਹਾਸਾਰਥੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਸਭ ਨੂੰ ਦੇਵੇ ਪਿਆਰ, ਪਿਆਰ ਮੁਹੱਬਤ ਵਿਚ ਨਾਤਾ ਆਪਣੇ ਨਾਲ ਰਖਾਈਆ।