ਪੁਸਤਕਾਲਾਭਾਗ ੨੩

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਸਤਿਗੁਰ ਸ਼ਬਦ ਕਹੇ ਮੈਂ ਬੜੇ ਲਗਾਏ ਦੁੜੰਗੇ, ਮੇਰੀ ਚਾਲ ਨਜ਼ਰ ਕਿਸੇ ਨਾ ਆਈਆ। ਮੈਂ ਦੀਪਾਂ ਖੰਡਾਂ ਪਾਏ ਅੜੰਗੇ, ਆਪ ਆਪਣੀ ਕਲ ਪ੍ਰਗਟਾਈਆ। ਸਭ ਦੇ ਪੂਰਬ ਲੇਖੇ ਵੇਖੇ ਟੰਗੇ, ਜੋ ਨਿਰਗੁਣ ਸਰਗੁਣ ਧਾਰ ਦਿਤੇ ਫੜਾਈਆ। ਨਵ ਨਵ ਚਾਰ ਦੇ ਤੱਕੇ ਦੰਗੇ, ਝਗੜਿਆਂ ਖੋਜ ਖੁਜਾਈਆ। ਮੈਂ ਸਮੁੰਦ ਸਾਗਰ ਲੰਘੇ, ਪਰਬਤਾਂ ਪੰਧ ਮੁਕਾਈਆ। ਮੈਂ ਪੈਂਡੇ ਕੀਤੇ ਲੰਬੇ, ਬਿਨਾ ਕਦਮ ਕਦਮ ਉਠਾਈਆ। ਮੈਂ ਜਗਤ ਜਗਿਆਸੂ ਵੇਖੇ ਭੁੱਖੇ ਨੰਗੇ, ਓਢਣ ਤਨ ਨਾ ਕੋਇ ਰਖਾਈਆ। ਮੈਂ ਰੋਂਦੀ ਤੱਕੀ ਗੋਦਾਵਰੀ ਗੰਗੇ, ਜਮਨਾ ਸੁਰਸਤੀ ਧਿਆਨ ਲਗਾਈਆ। ਮੈਂ ਦੁਹਾਈ ਦੇਂਦਾ ਤੱਕਿਆ ਕਲਜੁਗ ਆਪਣੇ ਕੰਢੇ, ਕੰਢੀ ਘਾਟ ਡੇਰਾ ਲਾਈਆ। ਨਾਲੇ ਹੱਸ ਕੇ ਕਹੇ ਸਤਿਗੁਰ ਮੇਰੇ ਵੇਖ ਪਾਖੰਡੇ, ਜੋ ਤੇਰੇ ਹੁਕਮ ਨਾਲ ਵਰਤਾਈਆ। ਨਾਲੇ ਨਿਗਾਹ ਮਾਰ ਵਿਚ ਵਰਭੰਡੇ, ਨਵ ਸੱਤ ਨੈਣ ਉਠਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡੇ, ਪਾਂਧੀ ਪੰਧ ਨਾ ਕੋਇ ਮੁਕਾਈਆ। ਟੁੱਟੀ ਯਾਰੀ ਕੋਈ ਨਾ ਗੰਢੇ, ਸਗਲਾ ਸੰਗ ਨਾ ਕੋਇ ਨਿਭਾਈਆ। ਸੀਨਾ ਦਿਸੇ ਕਿਸੇ ਨਾ ਠੰਡੇ, ਅਗਨੀ ਤਤ ਨਾ ਕੋਇ ਬੁਝਾਈਆ। ਜਿਧਰ ਤੱਕਿਆ ਚਮਕੇ ਚੰਡ ਪ੍ਰਚੰਡੇ, ਮੋਹਣੀ ਰੂਪ ਵਖਾਈਆ। ਹਉਮੇ ਹੰਗਤਾ ਹੋਈ ਕੰਧੇ, ਹੰਕਾਰ ਵਿਕਾਰ ਲਏ ਅੰਗੜਾਈਆ। ਮੈਂ ਜਗਤ ਜਹਾਨ ਵੇਖਿਆ ਵਿਚ ਧੰਦੇ, ਧੂੰਏ ਧਾਰ ਵਿਚ ਲੋਕਾਈਆ। ਸਾਡਾ ਸੁਣੇ ਕੋਈ ਨਾ ਛੰਦੇ, ਨਾਮ ਰਬਾਬ ਨਾ ਕੋਇ ਵਜਾਈਆ। ਮੈਂ

ਨਾਰਦ ਪੁੱਛਿਆ ਕੋਲੋਂ ਪੰਡੇ, ਪੰਡਤਾ ਦੇ ਦ੍ਰਿੜਾਈਆ। ਨਾਰਦ ਕਹੇ ਪ੍ਰਭੂ ਜੇ ਮੇਰੀ ਮੰਨੇਂ ਜਗਤ ਜਹਾਨ ਵਾਲੇ ਸਾਰੇ ਕਰ ਦੇ ਰੰਡੇ, ਕੰਤ ਸੁਹਾਗ ਸਕੇ ਨਾ ਕੋਇ ਹੰਢਾਈਆ। ਨੌ ਖੰਡ ਪ੍ਰਿਥਮੀ ਜਗਤ ਨਿਸ਼ਾਨੇ ਰਹਿ ਜਾਣ ਪਿਪਲ ਲੰਡੇ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਵੇਖੀਂ ਕਿਤੇ ਤੂੰ ਵੀ ਹੱਥ ਫੜੀਂ ਨਾ ਗੋਬਿੰਦ ਵਾਲੇ ਖੰਡੇ, ਸ਼ਬਦੀ ਧਾਰ ਕਰੀਂ ਸ਼ਨਵਾਈਆ। ਤੈਨੂੰ ਝੁਕਦੇ ਸੂਰੀਆ ਚੰਦੇ, ਚੰਦ ਸਿਤਾਰ ਸੀਸ ਨਿਵਾਈਆ। ਮੈਂ ਕੀ ਵੇਖਿਆ ਭਰਮੇ ਭੁੱਲੇ ਖ਼ਾਕੀ ਬੰਦੇ, ਬੰਦਗੀ ਵਿਚ ਨਾ ਕੋਇ ਸਮਾਈਆ। ਗੁਰ ਅਵਤਾਰ ਪੈਗ਼ੰਬਰ ਲੇਖਾ ਗਣਤੀ ਗਣੀ ਜਨ ਭਗਤਾਂ ਸੰਗ ਹੋਏ ਬਵੰਜੇ, ਬਾਵਨ ਧਾਰ ਦਏ ਗਵਾਹੀਆ। ਸਚ ਸਿੰਘਾਸਣ ਸੋਏ ਕੋਈ ਨਾ ਮੰਜੇ, ਸਤਿ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜੀ ਕਿਰਿਆ ਹਾਥ ਨਾ ਆਵੇ ਵੰਝੇ, ਵੰਝ ਮੁਹਾਣਾ ਕੰਮ ਕੋਇ ਨਾ ਆਈਆ। ਸਤਿਗੁਰ ਸ਼ਬਦ ਕਹੇ ਮੈਂ ਸੁਣ ਸੁਣ ਖ਼ੁਸ਼ ਹੋਇਆ ਰਾਏ ਧਰਮ ਸਭ ਨੂੰ ਕਹੇ ਉਠੋ ਕਾਲ ਦੀ ਚੜ੍ਹੋ ਸਾਰੇ ਜੰਞੇ, ਲਾੜਾ ਮਹਾਕਾਲ ਨਾਲ ਮਿਲਾਈਆ। ਨਾਲੇ ਪਰਖੋ ਜਗਤ ਜਹਾਨ ਵਾਲੇ ਚੰਮੇ, ਚੰਮ ਦ੍ਰਿਸ਼ਟੀ ਧਿਆਨ ਲਗਾਈਆ। ਨਜ਼ਾਰੇ ਵੇਖੋ ਅਗੇ ਬਦਲੇ ਨਹੀਂ ਕਦੇ ਇਹੋ ਜਿਹੇ ਸਮੇਂ, ਜੋ ਹਾਲਤ ਸਮਾਂ ਕਲਜੁਗ ਦਏ ਵਖਾਈਆ। ਨਿਗਾਹ ਮਾਰੋ ਵਜੂਦ ਤਨੇ, ਸ਼ਰੀਰਾਂ ਫੋਲ ਫੁਲਾਈਆ। ਕਵਣ ਧਾਰ ਫ਼ਰਮਾਨਾ ਮੰਨੇ, ਮਨਸਾ ਨਾਲ ਮਿਲਾਈਆ। ਲੇਖਾ ਤੱਕੋ ਗੋਬਿੰਦ ਵਾਲੇ ਕੰਨੇ, ਕੰਨਾਂ ਤੋਂ ਬਾਹਰ ਸੁਣੋ ਸ਼ਬਦ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਫਿਰਿਆ ਨਾਲ ਜ਼ੋਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਮੰਤਰ ਸਮਝੇ ਕੋਈ ਨਾ ਫੋਰ, ਫ਼ੁਰਨੇ ਵਿਚ ਭੇਵ ਕੋਇ ਨਾ ਪਾਈਆ। ਮੈਂ ਨਵਾਂ ਖੰਡਾਂ ਵਿਚ ਰੂਪ ਬਦਲਿਆ ਹੋਰ ਦਾ ਹੋਰ, ਸੱਤਾਂ ਦੀਪਾਂ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਅੰਦਰ ਵੜਿਆ ਬਣ ਕੇ ਚੋਰ, ਚੋਰੀ ਚੋਰੀ ਆਪਣੀ ਕਾਰ ਕਮਾਈਆ। ਨਾਲੇ ਕੀਆ ਅੰਧੇਰਾ ਘੋਰ, ਘੋਰੀ ਹੋ ਕੇ ਵੇਖ ਵਖਾਈਆ। ਨਵ ਸੱਤ ਦਾ ਤੱਕਿਆ ਸ਼ੋਰ, ਬਹੁੜੀ ਬਹੁੜੀ ਕਰੇ ਖ਼ਲਕ ਖ਼ੁਦਾਈਆ। ਮੈਂ ਨਿਗਾਹ ਮਾਰੀ ਨਾਲ ਗੌਰ, ਗੌਰਵ ਨਾਲ ਸੁਣਾਈਆ। ਦੀਨ ਦੁਨੀ ਦੀ ਆਤਮ ਧਾਰ ਪਰਮਾਤਮ ਨਾਲੋਂ ਟੁਟੀ ਡੋਰ, ਡੋਰੀ ਬੰਧ ਨਾ ਕੋਇ ਬੰਧਾਈਆ। ਭਾਗ ਹੋਵੇ ਨਾ ਕਿਸੇ ਮਥੋਰ, ਜਗਤ ਮਿਲੇ ਨਾ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਲੇਖਾ ਦੱਸਾਂ ਹਾਂਗਕਾਂਗੂ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਵੇਸ ਅਵੱਲੜਾ ਸਵਾਂਗੂ, ਸਮਝ ਕਿਸੇ ਨਾ ਆਈਆ। ਜਿਸ ਦੀ ਸਾਰੇ ਕਰਦੇ ਤਾਂਘੂ, ਬੈਠੇ ਧਿਆਨ ਲਗਾਈਆ। ਸਤਿਗੁਰ ਸ਼ਬਦ ਕਹੇ ਮੈਂ ਦੀਨ ਦੁਨੀ ਤੋਂ ਇਕੋ ਵਸਤ ਮਾਂਗੂ, ਪ੍ਰੇਮ ਨਾਲ ਮੰਗ ਮੰਗਾਈਆ। ਸਚ ਦੱਸੋ ਤੁਹਾਨੂੰ ਪ੍ਰੇਮ ਡੋਰੀ ਨਾਲ ਕਵਣ ਬਾਂਧੂ, ਬੰਧਨ ਆਪਣਾ ਨਾਮ ਵਖਾਈਆ। ਕਿਹੜਾ ਢੋਲਾ ਦੱਸੇ ਛਾਂਦੂ, ਕਵਣ ਰਾਗ ਵਡਿਆਈਆ। ਕਵਣ ਦੋ ਜਹਾਨਾਂ ਬਣੇ ਸਾਂਝੂ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਨਾਲ ਮਿਤ੍ਰ ਅਹਿਬਾਬੀ, ਨੂਰ ਨੁਰਾਨੇ ਨਾਲ ਵਡਿਆਈਆ। ਮੇਰਾ ਨਾਤਾ ਨਹੀਂ ਇਸ਼ਕ ਹਕੀਕੀ ਤੇ ਮਜਾਜ਼ੀ, ਦੋਹਾਂ ਤੋਂ ਬਾਹਰ ਆਪਣਾ ਖੇਲ ਖਿਲਾਈਆ। ਮੇਰੀ ਧਾਰ ਨਹੀਂ ਰਬਾਬੀ, ਸਿਤਾਰਾਂ ਨਾਲ ਸ਼ਨਵਾਈਆ। ਮੈਂ ਕੋਈ ਸ਼ੇਖ਼ ਮੁਸਾਇਕ ਮੁੱਲਾ ਨਹੀਂ ਕਾਜੀ, ਪੰਡਤ ਪਾਂਧਾ ਨਾ ਰੂਪ ਬਦਲਾਈਆ।

ਮੇਰਾ ਲੇਖਾ ਜਗਤ ਨਹੀਂ ਜਗਤ ਧਾਰ ਸਮਾਧੀ, ਬਿਨ ਨੇਤਰਾਂ ਨੇਤਰ ਲਵਾਂ ਉਠਾਈਆ। ਮੈਂ ਸਚ ਦੱਸਾਂ ਨੌ ਖੰਡ ਪ੍ਰਿਥਮੀ ਫਿਰਿਆ ਮੈਨੂੰ ਸਾਰਿਆਂ ਆਖਿਆ ਇਹ ਜੋਤੀ ਜਾਤਾ ਪੁਰਖ ਬਿਧਾਤਾ ਤਤਾਂ ਵਾਲਾ ਰੂਪ ਬਣ ਗਿਆ ਪੰਜਾਬੀ, ਤਤਾਂ ਦੇ ਲੇਖੇ ਦਏ ਮੁਕਾਈਆ। ਜਿਸ ਦਾ ਹੋਰ ਕੋਈ ਨਹੀਂ ਇਮਦਾਦੀ, ਇਕੋ ਇਕ ਨੂਰ ਅਲਾਹੀਆ। ਜਿਸ ਖੇਲ ਖਿਲਾਉਣੀ ਦੋ ਦੋ ਆਬੀ, ਦੋਹਰੀ ਆਪਣੀ ਕਲ ਪ੍ਰਗਟਾਈਆ। ਦੀਨ ਦੁਨੀ ਦੀ ਬਦਲ ਕੇ ਬਾਜ਼ੀ, ਬਾਜਾਂ ਵਾਲੇ ਦਾ ਲਹਿਣਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਮਸਤ ਦੀਵਾਨਾ, ਦੀਵਾਨਿਉਂ ਦਿਆਂ ਜਣਾਈਆ। ਸੁਣੋ ਧੁਰ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਸੁਣਾਈਆ। ਕੀ ਕਰੇ ਖੇਲ ਸ੍ਰੀ ਭਗਵਾਨਾ, ਹਰਿ ਕਰਤਾ ਆਪਣੀ ਕਾਰ ਕਮਾਈਆ। ਜਿਸ ਦਾ ਖੇਲ ਦੋ ਜਹਾਨਾ, ਜੁਗ ਚੌਕੜੀ ਵੇਖ ਵਖਾਈਆ। ਜੋਤੀ ਧਾਰ ਪਹਿਰ ਕੇ ਬਾਣਾ, ਵੇਸ ਅਵੱਲੜਾ ਆਇਆ ਬਦਲਾਈਆ। ਜਿਸ ਨੂੰ ਪੈਗ਼ੰਬਰ ਕਰਨ ਸਲਾਮਾ, ਬਿਨ ਸਜਦਿਆਂ ਸੀਸ ਝੁਕਾਈਆ। ਧੂੜੀ ਖ਼ਾਕ ਰਮਾਵਣ ਕ੍ਰਿਸ਼ਨਾ ਰਾਮਾ, ਨਿਵ ਨਿਵ ਲਾਗਣ ਪਾਈਂਆ। ਗੁਰੂ ਗੁਰਦੇਵ ਕਹਿਣ ਤੂੰ ਸ਼ਹਿਨਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਆਦਿ ਜੁਗਾਦੀ ਨੌਜਵਾਨਾ, ਜੋਬਨਵੰਤਾ ਧੁਰ ਦਾ ਮਾਹੀਆ। ਜਿਸ ਨੇ ਦੀਨ ਦੁਨੀ ਦਾ ਵੇਖਿਆ ਖੇਲ ਵਿਚ ਜਹਾਨਾ, ਜ਼ਿਮੀਂ ਜ਼ਮਾਂ ਫੋਲ ਫੁਲਾਈਆ। ਪ੍ਰਕਾਸ਼ ਕਰ ਕੇ ਉਤੇ ਅਸਮਾਨਾ, ਇਸਮ ਆਜ਼ਮ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਲੇਖਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਪੰਜਾਬੀਓ ਮੇਰਾ ਪਿਆਰ ਆਇਆ ਤੁਹਾਡੇ ਵਿਚ ਪੰਜੇ, ਪੰਜਾਂ ਦੇਣੀ ਮਾਣ ਵਡਿਆਈਆ। ਜੋ ਇਸ਼ਾਰਾ ਕੀਤਾ ਸ਼ਬਦੀ ਧਾਰ ਕ੍ਰਿਸ਼ਨ ਸੰਜੇ, ਸਹਿਜ ਨਾਲ ਦ੍ਰਿੜਾਈਆ। ਜੋ ਗੋਬਿੰਦ ਦੱਸਿਆ ਕਵੀ ਬਵੰਜੇ, ਕਟਾਕਸ਼ ਇਕੋ ਨਾਮ ਲਗਾਈਆ। ਜੋ ਮੁਹੰਮਦ ਇਸ਼ਾਰਾ ਕੀਤਾ ਜਿਸ ਵੇਲੇ ਮੇਰੀ ਸਦੀ ਚੌਧਵੀਂ ਲੰਘੇ, ਆਪਣਾ ਪੰਧ ਮੁਕਾਈਆ। ਈਸਾ ਇਕੋ ਆਸ਼ਾ ਵਿਚ ਮੰਗ ਮੰਗੇ, ਖ਼ਾਲੀ ਝੋਲੀ ਅਗੇ ਡਾਹੀਆ। ਵੇਦ ਵਿਆਸ ਆਸ ਰੱਖੀ ਉਸ ਦੀ ਨਾ ਕੋਈ ਸਵੇਰ ਨਾ ਕੋਈ ਸੰਝੇ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਵਿਚ ਕੋਟਨ ਜੁਗ ਚੌਕੜੀ ਲੰਘੇ, ਬਣ ਬਣ ਪਾਂਧੀ ਆਪਣਾ ਪੰਧ ਮੁਕਾਈਆ। ਉਹ ਖੇਲ ਕਰੇ ਸੂਰਾ ਸਰਬੰਗੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਨਾਲ ਜੁਗ ਚੌਕੜੀ ਹੁੰਦੇ ਰਹੇ ਜੰਗੇ, ਕਲਜੁਗ ਅੰਤਮ ਖੇਲ ਖਿਲਾਈਆ। ਦੀਨਾਂ ਮਜ਼੍ਹਬਾਂ ਦੇ ਲਹੂ ਧਾਰ ਚੋਲੇ ਜਾਵਣ ਰੰਗੇ, ਸੋਹਣਾ ਰੰਗ ਰੰਗਾਈਆ। ਸੂਰ ਗਾਂ ਢੋਰ ਕਿੱਲੀਆਂ ਉਤੇ ਰਹਿ ਜਾਣ ਟੰਗੇ, ਬਾਹੋਂ ਫੜ ਨਾ ਕੋਇ ਉਠਾਈਆ। ਪਤਾ ਨਹੀਂ ਕਿਹੜੇ ਵੇਲੇ ਦੁਨੀਆਦਾਰ ਜਾਣੇ ਵੰਡੇ, ਵੰਡ ਆਪਣੇ ਹੱਥ ਰਖਾਈਆ। ਤੂੰ ਵੀ ਸੁਣ ਲੈ ਨਾਰਦ ਪੰਡੇ, ਪੰਡਤਾ ਦਿਆਂ ਜਣਾਈਆ। ਕੀ ਹਾਲ ਹੋਣਾ ਨਵਖੰਡੇ, ਖੰਡੇ ਖੜਗਾਂ ਨਾਲ ਖੜਕਾਈਆ। ਨਾਰਦ ਕਹੇ ਪ੍ਰਭੂ ਧੰਨਭਾਗ ਜੇ ਤੂੰ ਆਪਣਾ ਹੁਕਮ ਵੰਡੇਂ, ਘਰ ਘਰ ਝੋਲੀ ਪਾਈਆ। ਮੈਂ ਚਾਹੁੰਦਾ ਮੇਰੇ ਵਾਂਗ ਦੀਨ ਦੁਨੀਆ ਦੇ ਮਾਨਸ ਮਾਨੁਖ ਮਾਨਵ ਸਾਰੇ ਦੋਹਰੀ ਧਾਰ ਕਰ ਦੇ ਰੰਡੇ, ਜੋੜੀ ਜੋੜੀ ਨਜ਼ਰ ਕੋਇ ਨਾ ਆਈਆ। ਫੇਰ ਮੈਂ ਸਾਹ ਲਵਾਂਗਾ ਠੰਡੇ, ਖ਼ੁਸ਼ੀਆਂ ਵਿਚ ਤੇਰੇ ਢੋਲੇ ਗਾਈਆ। ਪ੍ਰਭੂ ਤੇਰੇ ਭਾਣੇ ਮੈਨੂੰ ਜੁਗ ਜੁਗ ਲਗਦੇ ਚੰਗੇ, ਭਾਵੇਂ ਅਵਤਾਰਾਂ ਬਨਵਾਸਾਂ ਵਿਚ ਭਵਾਈਆ। ਮੈਂ ਕਦੇ ਨਹੀਂ ਕਹਿਣਾ ਦੀਨ ਦੁਨੀ ਦੇ ਹਾਲ ਹੋਏ ਮੰਦੇ, ਮੈਂ ਆਖਾਂ ਮੇਰਾ ਸਾਹਿਬ ਸਦ ਚਲੇ ਆਪਣੀ ਸਚ ਰਜਾਈਆ। ਜੇ ਸਚ ਪੁਛੇ ਮੈਨੂੰ ਕਲਜੁਗ ਜੀਵ ਚੰਗੇ ਨਹੀਂ

ਲਗਦੇ ਬੰਦੇ, ਜਿਹੜੇ ਤੇਰੀ ਬੰਦਗੀ ਗਏ ਭੁਲਾਈਆ। ਮੇਰਾ ਦਿਲ ਕਰਦਾ ਸਭ ਨੂੰ ਬੰਨ੍ਹ ਕੇ ਇਕ ਫੰਦੇ, ਫਾਂਸੀ ਦੇ ਕੇ ਦਿਆਂ ਮੁਕਾਈਆ। ਜਿਨ੍ਹਾਂ ਸਾਰ ਨਹੀਂ ਪਾਈ ਗੋਬਿੰਦ ਵਾਲੇ ਕੰਘੇ, ਕੰਗਣਾਂ ਰੰਗ ਨਾ ਕੋਇ ਰੰਗਾਈਆ। ਉਹ ਮਾਨਸ ਚੀਰ ਦੇਵਾਂ ਦੋ ਟੰਗੇ, ਦੋ ਧੜ ਕਰਾਂ ਲੋਕਾਈਆ। ਫੇਰ ਵੇਖਾਂ ਤੇਰੇ ਖੇਲ ਵਿਚ ਬ੍ਰਹਿਮੰਡੇ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਨਾਰਦ ਕਹੇ ਸਤਿਗੁਰ ਸ਼ਬਦ ਕੀ ਕਰੇਂ ਹੇਰਾ ਫੇਰੀ, ਸਚ ਦੇ ਸਮਝਾਈਆ। ਕੀ ਲੋਕਮਾਤ ਮਰਜ਼ੀ ਤੇਰੀ, ਪਰਦਾ ਦੇ ਉਠਾਈਆ। ਕਿਤਨੀ ਲਾਵੇਂ ਆਪਣੀ ਦੇਰੀ, ਪੈਂਡਾ ਪੰਧ ਦੇ ਸਮਝਾਈਆ। ਐਵੇਂ ਲਾਰਿਆਂ ਵਾਲੀ ਦੇਵੀਂ ਨਾ ਹੱਲਾਸ਼ੇਰੀ, ਸ਼ੇਰ ਹੋ ਕੇ ਆਪਣਾ ਆਪ ਛੁਪਾਈਆ। ਮੈਂ ਚਾਹੁੰਦਾ ਸਾਰੀ ਦੁਨੀਆ ਇਕੋ ਵਾਰ ਲੈ ਘੇਰੀ, ਘੇਰਾ ਨਾਮ ਵਾਲਾ ਪਾਈਆ। ਕਲਜੁਗ ਕੂੜੀ ਕਿਰਿਆ ਵੇਖ ਲਈ ਬਥੇਰੀ, ਚਾਰੋਂ ਕੁੰਟ ਖੋਜ ਖੁਜਾਈਆ। ਸਚ ਦੀ ਚੜ੍ਹੇ ਕੋਈ ਨਾ ਤੇਰੀ ਬੇੜੀ, ਬੇੜਾ ਡੋਬ ਦੇ ਥਾਉਂ ਥਾਈਂਆ। ਸਭ ਦੀ ਜੜ ਦੇ ਉਖੇੜੀ, ਲੋਕਮਾਤ ਰਹਿਣ ਨਾ ਪਾਈਆ। ਅੰਤਮ ਕਰਦੇ ਹਕ ਨਬੇੜੀਂ, ਸਤਿ ਸਚ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਰੱਖੀ ਜਿਹੜੀ, ਸਭ ਦੀ ਪੂਰ ਦੇ ਕਰਾਈਆ। ਅੰਤ ਹਕੀਕਤ ਵਾਲਾ ਫੈਸਲਾ ਹਕ ਨਬੇੜੀਂ, ਭੇਵ ਰਹੇ ਨਾ ਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਇਕ ਵਾਰ ਭੇੜੀਂ, ਟੱਕਰ ਅਮੀਰ ਗ਼ਰੀਬ ਲਗਾਈਆ। ਅਗਲੀ ਖੇਲ ਦੱਸਾਂ ਮੈਂ ਕਿਹੜੀ, ਜਿਹੜੀ ਸਾਹਿਬ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਜਲਦੀ ਜਲਦੀ, ਜਲਧਾਰਾ ਤੋਂ ਬਾਹਰ ਧਿਆਨ ਲਗਾਈਆ। ਮੇਰੇ ਹੁਕਮ ਦੀ ਅਗ ਬਲਦੀ, ਕਲਜੁਗ ਘਰ ਘਰ ਅਗਨੀ ਰਿਹਾ ਲਗਾਈਆ। ਮੈਂ ਖੇਲ ਤੱਕੀ ਪੰਚ ਵਿਕਾਰੇ ਦਲ ਦੀ, ਤ੍ਰੈਗੁਣ ਮਾਇਆ ਨਾਲ ਰਲਾਈਆ। ਮੈਂ ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਭਰੀ ਛਲ ਦੀ, ਕੂੜ ਕਪਟ ਨਾਲ ਹਲਕਾਈਆ। ਮੇਰੇ ਕੋਲ ਆਸਾ ਪੁਰਾਣੀ ਬਲ ਦੀ, ਜੋ ਬਾਵਨ ਨਾਲ ਸੁਣਾਈਆ। ਜਿਸ ਵੇਲੇ ਕਾਲੀ ਰੈਣ ਹੋਣੀ ਕਲ ਦੀ, ਸਾਚਾ ਚੰਦ ਨਾ ਕੋਇ ਚਮਕਾਈਆ। ਵਡਿਆਈ ਰਹਿਣੀ ਨਹੀਂ ਤੀਰਥਾਂ ਵਾਲੇ ਜਲ ਦੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਉਸ ਵੇਲੇ ਸਮਝ ਆਉਂਣੀ ਨਹੀਂ ਕਿਸੇ ਨੂੰ ਘੜੀ ਪਲ ਦੀ, ਕੀ ਪਰਮ ਪੁਰਖ ਆਪਣੀ ਕਾਰ ਭੁਗਤਾਈਆ। ਸਤਿਗੁਰ ਸ਼ਬਦ ਕਹੇ ਬਿਨ ਭਗਤਾਂ ਆਤਮ ਪਰਮਾਤਮ ਨਾਲ ਕੋਇ ਨਾ ਰਲਦੀ, ਸਚ ਦਵਾਰ ਮਿਲਣ ਕੋਇ ਨਾ ਪਾਈਆ। ਮੰਜ਼ਲ ਮਿਲੇ ਨਾ ਨਿਹਚਲ ਧਾਮ ਅਟੱਲ ਦੀ, ਸਚਖੰਡ ਨਾ ਕੋਇ ਸਮਾਈਆ। ਭਗਤੋ ਤੁਹਾਡੇ ਬਿਨਾ ਆਸ਼ਾ ਕਿਸੇ ਨਾ ਫਲਦੀ, ਫਲ ਫੁੱਲ ਨਾ ਕੋਇ ਮਹਿਕਾਈਆ। ਤੁਸੀਂ ਕੀਮਤ ਜਾਨਣੀ ਪੁਰਖ ਅਕਾਲ ਵਾਲੀ ਇਕ ਗੱਲ ਦੀ, ਜੋ ਆਤਮ ਪਰਮਾਤਮ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਪਰਦੇ ਦੇਵਾਂ ਢਕ, ਸਿਰ ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਤੁਹਾਡਾ ਮਿਲੇ ਹਕ, ਹਕੀਕਤ ਨਾਲ ਝੋਲੀ ਪਾਈਆ। ਕਿਸੇ ਅੰਤਰ ਰਹੇ ਨਾ ਸ਼ੱਕ, ਸ਼ਕੂਕ ਦੇਵਾਂ ਮਿਟਾਈਆ। ਸਤਿਗੁਰ ਧਾਰ ਲਵੋ ਤੱਕ, ਤਕਵਾ ਇਕੋ ਇਕ ਜਣਾਈਆ। ਤੁਹਾਡੇ ਨਾਲ ਰਿਸ਼ਤਾ ਹੋਇਆ ਪੱਕ, ਕੱਚੀ ਗੰਢ ਨਾ ਕੋਇ ਵਖਾਈਆ। ਤੁਸੀਂ ਫਿਰਨਾ ਜਗਤ ਅਨਝੱਕ, ਭੱਜਣਾ ਵਾਹੋ ਦਾਹੀਆ। ਤੁਹਾਡੇ ਵਸੇ ਘਟ ਘਟ, ਬੈਠਾ

ਡੇਰਾ ਲਾਈਆ। ਜੋ ਅਠਾਰਾਂ ਚੇਤ ਆਏ ਵਹੀਰਾਂ ਘੱਤ, ਚਲੇ ਵਾਹੋ ਦਾਹੀਆ। ਤਿਨ੍ਹਾਂ ਦੀ ਲੇਖੇ ਲੱਗੇ ਰੱਤ, ਕਤਰਾ ਕਤਰਾ ਆਪਣੇ ਰੰਗ ਰੰਗਾਈਆ। ਜੋ ਯਾਰੜੇ ਸਥਰ ਗਏ ਲਥ, ਸੇਜ ਸੁਹੰਜਣੀ ਆਪ ਹੰਢਾਈਆ। ਤੁਹਾਡਾ ਮੇਲਾ ਨਾਲ ਪਰਮੇਸ਼ਵਰ ਪਤ, ਦਰ ਘਰ ਸਾਚੇ ਵੱਜੇ ਵਧਾਈਆ। ਤੁਹਾਡੀ ਇਹੋ ਸਤਿਗੁਰ ਧਾਰ ਦੀ ਮਤ, ਮਨ ਮਤ ਦਾ ਡੇਰਾ ਢਾਹੀਆ। ਨਾਮ ਬੀਜਣਾ ਬੀਅ ਆਪਣੇ ਵਤ, ਜਗਤ ਰੁੱਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਸਾਹਿਬ ਸਦਾ ਸਮਰਥ, ਸਿਰ ਆਪਣਾ ਹੱਥ ਰਖਾਈਆ।

੧੯ ਚੇਤ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਕੁੰਦਨ ਸਿੰਘ ਕੱਲਾ ਨਵਿਤ

ਸਤਿਗੁਰ ਪੂਰਾ ਲਏ ਰੱਖ, ਰੱਖਕ ਹੋ ਕੇ ਦਇਆ ਕਮਾਈਆ। ਹਰਿਜਨ ਹੋਵਣ ਦਏ ਕਦੇ ਨਾ ਵੱਖ, ਵੱਖਰੀ ਵੰਡ ਨਾ ਕੋਇ ਵੰਡਾਈਆ। ਅੰਤਰ ਨਿਰੰਤਰ ਖੋਲ ਕੇ ਅੱਖ, ਮੇਲਾ ਮੇਲੇ ਸਹਿਜ ਸੁਭਾਈਆ। ਦਰਸ਼ਨ ਦਏ ਪ੍ਰਭੂ ਪ੍ਰਤਖ, ਸਾਖਿਆਤ ਨਜ਼ਰੀ ਆਈਆ। ਕਰਨਹਾਰਾ ਕੂੜੇ ਭਾਂਡੇ ਸਖ, ਵਸਤ ਸਚ ਵਿਚ ਟਿਕਾਈਆ। ਮਿਹਰਵਾਨ ਅਲਖਣਾ ਅਲਖ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪ੍ਰਵਾਹੀਆ। ਸਤਿਗੁਰ ਪੂਰਾ ਸਦਾ ਸਦਾ ਸਦ ਮਿਹਰਵਾਨਾ, ਮਿਹਰਵਾਨ ਅਖਵਾਈਆ। ਜਨ ਭਗਤਾਂ ਦੇਵੇ ਜ਼ਿੰਦਗੀ ਦਾਨਾ, ਜੀਵਣ ਆਪਣੇ ਹੱਥ ਰਖਾਈਆ। ਚਰਨ ਕਵਲ ਬਖ਼ਸ਼ ਧਿਆਨਾ, ਧੂੜੀ ਖ਼ਾਕ ਦਏ ਰਮਾਈਆ। ਘਰ ਸੁਹਾ ਕੇ ਇਕ ਇਕ ਸ੍ਰੀ ਭਗਵਾਨਾ, ਦਰ ਠਾਂਡੇ ਰੰਗ ਰੰਗਾਈਆ। ਲੇਖਾ ਜਾਣ ਕੇ ਆਵਣ ਜਾਣਾ, ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੂਰਾ ਸਦਾ ਸਹਾਈ, ਸਾਹਿਬ ਇਕ ਅਖਵਾਈਆ। ਜਿਸ ਦੇ ਨਾਮ ਦੀ ਵੱਜੇ ਵਧਾਈ, ਵਾਧਾ ਭਗਤਾਂ ਨਾਲ ਰਖਾਈਆ। ਬੰਸ ਸਰਬੰਸ ਮੇਲਾ ਮੇਲੇ ਸਹਿਜ ਸੁਭਾਈ, ਸਿਰ ਆਪਣਾ ਹੱਥ ਟਿਕਾਈਆ। ਜੀਵਣ ਜ਼ਿੰਦਗੀ ਵਿਚ ਹੋਵੇ ਨਾ ਕਦੇ ਜੁਦਾਈ, ਵਿਛੜੇ ਲਏ ਮਿਲਾਈਆ। ਕਿਰਪਾ ਕਰੇ ਹਰਿ ਗੁਸਾਈਂ, ਗਹਿਰ ਗਵਰ ਵਡ ਵਡਿਆਈਆ। ਭਗਤ ਸੁਹੇਲਾ ਸੰਗੀ ਸਭਨੀ ਥਾਈਂ, ਥਾਨ ਥਨੰਤਰ ਵੇਖ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਸਦਾ ਸਦ ਦਏ ਵਡਿਆਈ, ਹਰਿ ਵੱਡਾ ਆਪ ਅਖਵਾਈਆ। ਭਗਤ ਸੁਹੇਲੇ ਪਾਰ ਲੰਘਾਏ ਫੜ ਕੇ ਬਾਹੀਂ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜੋ ਲੇਖਾ ਜਾਣੇ ਥਲ ਅਸਗਾਹੀ, ਸਮੁੰਦ ਸਾਗਰਾਂ ਖੋਜ ਖੁਜਾਈਆ। ਜੋ ਭਗਤਨ ਮੀਤਾ ਇਕ ਇਕੱਲਾ ਨੂਰ ਇਲਾਹੀ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਹਿਣਾ ਦੇਣਾ ਦੇਵੇ ਬੇਪਰਵਾਹੀ, ਬੇਪ੍ਰਵਾਹ ਅਗੰਮ ਅਥਾਹ ਬੇਪ੍ਰਵਾਹੀਆ।

੨੪ ਚੇਤ ਸ਼ਹਿਨਸ਼ਾਹੀ ਸੰਮਤ ਦਸ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ ਕਿਸ਼ਨ ਸਿੰਘ ਦੇ ਗ੍ਰਹਿ

ਨਾਰਦ ਕਹੇ ਸੁਣ ਨੀ ਨੀਂਦੇ, ਨੀਂਦਰੇ ਵਾਲੀਏ ਤੈਨੂੰ ਦਿਆਂ ਜਣਾਈਆ। ਜਗਿਆਸੂ ਤੇਰੇ ਪਿਆਰ ਵਿਚ ਬਾਹਰੋਂ ਮਰੇ ਤੇ ਅੰਦਰੋਂ ਜੀਂਦੇ, ਸੁਫ਼ਨਿਆਂ ਵਿਚ ਭੱਜਣ ਵਾਹੋ ਦਾਹੀਆ। ਸਮੁੰਦ ਸਾਗਰਾਂ ਜਗਤ ਦਰਿਆਵਾਂ ਜਲ ਪੀਂਦੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਗਵਾਹੀਆ। ਖ਼ੁਸ਼ੀਆਂ ਵਿਚ ਬਲ ਬਲ ਥੀਂਦੇ, ਵਾਹਵਾ ਆਪਣੇ ਢੋਲੇ ਗਾਈਆ। ਇਹ ਮਾਰਗ ਪੁਰਾਣੇ ਅਗੰਮੀ ਲੀਹ ਦੇ, ਰਸਤੇ ਜੁਗੋ ਜੁਗ ਵਖਾਈਆ। ਵਸ ਨਹੀਂ ਕੁਛ ਜੀਅ ਦੇ, ਜੀਵ ਜੰਤ ਪ੍ਰਭ ਹੁਕਮ ਵਿਚ ਭਵਾਈਆ। ਤੇਰੇ ਰਿਸ਼ਤੇ ਨਹੀਂ ਕਿਸੇ ਪੁੱਤਰ ਧੀ ਦੇ, ਬੰਸ ਸਰਬੰਸ ਨਾ ਕੋਇ ਵਡਿਆਈਆ। ਲੇਖੇ ਤੱਕ ਲੈ ਇਕੀਹ ਵੀਹ ਦੇ, ਭਾਈ ਗੁਰਦਾਸ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨੀਂਦ ਕਹੇ ਨਾਰਦਾ ਮੈਂ ਬੜੀ ਸੁਚੱਜੀ, ਬਾਹਮਣਾ ਤੈਨੂੰ ਦਿਆਂ ਜਣਾਈਆ। ਮੈਂ ਸਭ ਦੀ ਰੱਖਾਂ ਲੱਜੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਦਿਵਸ ਰੈਣ ਫਿਰਾਂ ਭੱਜੀ, ਬਿਨ ਕਦਮਾ ਕਦਮ ਉਠਾਈਆ। ਮੇਰੀ ਮੁਹੱਬਤ ਜਗਿਆਸੂਆਂ ਨਾਲ ਉਨ੍ਹਾਂ ਨੇਤਰਾਂ ਵਿਚ ਲੱਗੀ, ਜਿਨ੍ਹਾਂ ਨੇਤਰਾਂ ਵਿਚੋਂ ਮਿਲੇ ਧੁਰ ਦਾ ਮਾਹੀਆ। ਮੈਂ ਵੀ ਬੜੀ ਲਾਲਚਨ ਤੇ ਲਬੀ, ਤੈਨੂੰ ਸਚ ਦਿਆਂ ਸੁਣਾਈਆ। ਜਦੋਂ ਮੇਰਾ ਸਾਹਿਬ ਸਵਾਮੀ ਲੋਕਮਾਤ ਆਉਂਦਾ ਕਦੀ ਕਦੀ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਮੈਂ ਵੀ ਪਾਰ ਕਰਾਂ ਸਮੁੰਦ ਸਾਗਰ ਨਾਲੇ ਨਦੀ, ਪਰਬਤ ਚੋਟੀਆਂ ਪੰਧ ਮੁਕਾਈਆ। ਮੇਰੇ ਅੰਤਰ ਪ੍ਰੀਤ ਹੋਵੇ ਲੱਗੀ, ਲਗ ਮਾਤਰ ਡੇਰਾ ਢਾਹੀਆ। ਜਿਥੇ ਪੁਰਖ ਅਕਾਲ ਦੀ ਜੋਤ ਹੋਵੇ ਜਗੀ, ਜਾਵਾਂ ਚਾਈਂ ਚਾਈਂਆ। ਮੇਰਾ ਲਹਿਣਾ ਦੇਣਾ ਨਾਲ ਸ਼ਾਹ ਰਗੀ, ਰਘੁਪਤ ਦਿਤੀ ਮਾਣ ਵਡਿਆਈਆ। ਮੈਂ ਮਸਤੀ ਵਿਚ ਮਸਤਾਨੀ ਮਧੀ, ਮਧੁਰ ਧੁਨ ਸੁਣਾਂ ਚਾਈਂ ਚਾਈਂਆ। ਮੇਰਾ ਮੇਲ ਹੁੰਦਾ ਸਬੱਬੀ, ਸਾਹਿਬ ਦੇਵੇ ਮਾਣ ਵਡਿਆਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਨਾਰਦ ਕਹੇ ਨੀਂਦੇ ਤੂੰ ਬੜੀ ਉਚੱਕੀ, ਚਾਤਰੇ ਤੈਨੂੰ ਦਿਆਂ ਸੁਣਾਈਆ। ਤੂੰ ਨਿਗਾਹ ਮਾਰ ਕੇ ਤੱਕੀਂ, ਬਿਨ ਨੈਣਾਂ ਨੈਣ ਉਠਾਈਆ। ਆਪਣਾ ਲੇਖਾ ਤੱਕ ਲੈ ਹਕੀ, ਹਕੀਕਤ ਵਿਚੋਂ ਫੋਲ ਫੁਲਾਈਆ। ਤੇਰੇ ਅੰਦਰ ਜਗਤ ਜਗਿਆਸੂ ਹੁੰਦੇ ਸ਼ੱਕੀ, ਸਹਿੰਸਿਆਂ ਵਿਚ ਖ਼ਲਕ ਖ਼ੁਦਾਈਆ। ਕਈਆਂ ਸੁਹਾਗਣਾਂ ਦੇ ਤੂੰ ਲੁੱਟ ਲੈਂਦੀ ਪਤੀ, ਨਾਤਾ ਜਗਤ ਨਾਲੋਂ ਤੁੜਾਈਆ। ਕਈਆਂ ਨੂੰ ਤੂੰ ਰਾਗ ਸੁਣਾ ਕੇ ਛੱਤੀ, ਢੋਲੇ ਨਾਦ ਦ੍ਰਿੜਾਈਆ। ਕਈਆਂ ਦਾ ਖੇਲ ਵਖਾ ਕੇ ਹੱਠੀ, ਹਠ ਦਏਂ ਸਮਝਾਈਆ। ਕਈਆਂ ਨੂੰ ਤੂੰ ਤਪਾ ਕੇ ਵਿਚ ਭੱਠੀ, ਅਗਨੀ ਤਤ ਜਲਾਈਆ। ਤੇਰੀ ਖੇਲ ਅਨੋਖੀ ਸਮਝੇ ਕੋਇ ਨਾ ਰਤੀ, ਰਤੀ ਸਮਝ ਕਿਸੇ ਨਾ ਆਈਆ। ਤੂੰ ਮਸਤੀ ਦੇ ਵਿਚ ਮੱਤੀ, ਮਤਵਾਲੀਏ ਤੈਨੂੰ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨੀਂਦ ਕਹੇ ਨਾਰਦਾ ਮੈਨੂੰ ਸਾਹਿਬ ਦੇਵੇ ਮਾਣ, ਸਿਰ ਮੇਰੇ ਹੱਥ ਟਿਕਾਈਆ। ਤੂੰ ਨਿਗਾਹ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲਾਈਆ। ਮੇਰਾ ਸਾਰੇ ਰਾਹ ਤਕਾਣ, ਵੇਖਣ ਚਾਈਂ ਚਾਈਂਆ। ਮੈਂ ਪਿਆਰੀ ਤੇਰੇ ਨਾਲੋਂ ਭਗਵਾਨ, ਤੈਨੂੰ ਸਚ ਦਿਆਂ ਸੁਣਾਈਆ। ਮੇਰੀ ਮੁਹੱਬਤ ਵਿਚ ਮਾਂ ਪੁੱਤਰ ਨਾ ਸਕੇ ਪਛਾਣ, ਕਰਵਟ ਸਭ ਦੀ ਦਿਆਂ ਬਦਲਾਈਆ। ਮੈਂ ਸਾਰਾ ਜਗ ਕਰਾਂ ਸੁੰਞ ਮਸਾਣ, ਮੁਰਦੇ ਬਿਸਤਰਿਆਂ

ਉਤੇ ਲਿਟਾਈਆ। ਫੇਰ ਵੇਖਾਂ ਮਾਰ ਧਿਆਨ, ਬਿਨ ਮੇਰੇ ਬਚਿਆ ਨਜ਼ਰ ਕੋਇ ਨਾ ਆਈਆ। ਮੇਰੇ ਅਗੇ ਅੜ ਸਕੇ ਨਾ ਕੋਇ ਰਾਜ ਰਾਜਾਨ, ਸ਼ਾਹ ਸੁਲਤਾਨ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਮੇਰਾ ਲੈ ਕੇ ਦਾਨ, ਆਪਣੀ ਕਾਇਆ ਚੋਲੀ ਵਿਚ ਟਿਕਾਈਆ। ਮੈਂ ਵੇਖ ਕੇ ਹੁੰਦੀ ਰਹੀ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਨਾਰਦ ਕਹੇ ਨੀਂਦੇ ਕਰ ਨਾ ਐਡੀ ਚਲਾਕੀ, ਚਲਾਕੇ ਤੈਨੂੰ ਦਿਆਂ ਸਮਝਾਈਆ। ਤੇਰਾ ਨਾਤਾ ਨਾਲ ਤਤਾਂ ਖ਼ਾਕੀ, ਪੰਜਾਂ ਮਿਲ ਕੇ ਵੱਜੇ ਵਧਾਈਆ। ਤੂੰ ਸਤਿ ਧਾਰ ਨਾ ਅਜੇ ਪਛਾਤੀ, ਪਾਰਬ੍ਰਹਮ ਭੇਵ ਨਾ ਆਇਆ ਰਾਈਆ। ਨੀ ਤੂੰ ਕਾਲੀ ਰੈਣ ਤੇਰਾ ਲੇਖਾ ਨਾਲ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਤੇਰੀ ਪੁਛੇ ਕੋਇ ਨਾ ਵਾਤੀ, ਤੇਰਾ ਸੰਗ ਨਾ ਕੋਇ ਰਖਾਈਆ। ਸਚ ਸਰੋਵਰ ਨਾ ਕਦੇ ਨਹਾਤੀ, ਸਤਿ ਰੰਗ ਨਾ ਕੋਇ ਵਟਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪੰਧ ਮੁਕਿਆ ਜ਼ਰਾ ਨਾ ਰਾਈਆ। ਤੂੰ ਚੁਰਾਸੀ ਵਿਚ ਰਿਹੋਂ ਫਾਸੀ, ਦਿਵਸ ਰੈਣ ਭੱਜੇਂ ਵਾਹੋ ਦਾਹੀਆ। ਤੇਰਾ ਮੰਡਲ ਦੀਨ ਦੁਨੀ ਦਾ ਤੱਕਿਆ ਰਾਸੀ, ਰਸਤਾ ਧਰਨੀ ਉਤੇ ਪ੍ਰਗਟਾਈਆ। ਕਮਲੀਏ ਕਦੇ ਪੁਰਖ ਅਕਾਲ ਨਹੀਂ ਤੱਕਿਆ ਅਬਿਨਾਸ਼ੀ, ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਤੂੰ ਕਿਧਰੋਂ ਆਇਆ ਬੁਲਾਰਾ, ਬੋਲੀ ਕੀ ਜਣਾਈਆ। ਪੰਡਤਾ ਤੇਰਾ ਕੀ ਇਸ਼ਾਰਾ, ਸੈਨਤ ਕੀ ਸਮਝਾਈਆ।, ਤੂੰ ਮੂਰਖ ਮੁਗਧ ਗਵਾਰਾ, ਸਮਝ ਸਕੇਂ ਨਾ ਰਾਈਆ। ਮੇਰਾ ਸਭ ਦੇ ਨਾਲ ਪ੍ਰੇਮ ਪਿਆਰਾ, ਪ੍ਰੀਤਮ ਨਾਲੋਂ ਵੱਡੀ ਨਜ਼ਰੀ ਆਈਆ। ਮੇਰਾ ਵਸੇਰਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵਿਚ ਗੁਰੂਦਵਾਰਾ, ਤੀਰਥ ਤੱਟਾਂ ਡੇਰਾ ਲਾਈਆ। ਮੈਂ ਜੀਵਾਂ ਜੰਤਾਂ ਸਾਧਾਂ ਸੰਤਾਂ ਚਾੜ੍ਹਾਂ ਖ਼ੁਮਾਰਾ, ਮਸਤੀ ਇਕ ਵਖਾਈਆ। ਮੈਂ ਆਪਣੀ ਮੁਹੱਬਤ ਵਿਚ ਪ੍ਰਭੂ ਦਾ ਨਾਮ ਵਿਸਾਰਾਂ, ਯਾਦ ਯਾਦ ਵਿਚੋਂ ਕਢਾਈਆ। ਸੂਰਬੀਰ ਜਵਾਨਾਂ ਮੂੰਹ ਦੇ ਭਾਰ ਮਾਰਾਂ, ਸਿਰ ਧਰਤੀ ਉਤੇ ਟਿਕਾਈਆ। ਠੱਗਾਂ ਚੋਰਾਂ ਯਾਰਾਂ ਲਾਵਾਂ ਬਹਾਰਾਂ, ਇਹ ਮੇਰੀ ਬੇਪਰਵਾਹੀਆ। ਪਤੀਆਂ ਸੁੱਤਿਆਂ ਕੋਲੋਂ ਛਡ ਜਾਵਣ ਨਾਰਾਂ, ਪਾਂਧੀਆਂ ਪੰਧ ਭਵਾਈਆ। ਮੇਰਾ ਖੇਲ ਸਦਾ ਜੁਗ ਚਾਰਾ, ਬਦਲੀ ਕਰਨ ਕੋਇ ਨਾ ਆਈਆ। ਮੇਰਾ ਇਕੋ ਇਕ ਜੈਕਾਰਾ, ਸਚ ਦਿਆਂ ਸੁਣਾਈਆ। ਜੋ ਮਾਤਲੋਕ ਵਿਚ ਜੰਮਿਆਂ ਉਸ ਨੂੰ ਮੇਰਾ ਲੈਣਾ ਪਵੇਗਾ ਸਹਾਰਾ, ਬਿਨ ਮੇਰੇ ਜੀਵਣ ਕੰਮ ਕਿਸੇ ਨਾ ਆਈਆ। ਮੇਰਾ ਨਾਰਦਾ ਪ੍ਰਭੂ ਵਰਗਾ ਨਹੀਂ ਲਾਰਾ, ਜੋ ਜੁਗ ਜੁਗ ਭਗਤਾਂ ਰਿਹਾ ਲਗਾਈਆ। ਓਹ ਕਹਿੰਦਾ ਮੈਂ ਤੁਹਾਨੂੰ ਜ਼ਰੂਰ ਮਿਲਾਂਗਾ ਜ਼ਾਹਿਰਾ, ਪਤਾ ਨਹੀਂ ਮਿਲਣ ਕਦੋਂ ਕਦ ਆਈਆ। ਮੈਂ ਅੱਠਾਂ ਪਹਿਰਾਂ ਵਿਚ ਦੋ ਚਾਰ ਵੇਰਾਂ ਆਪਣਾ ਦੇਵਾਂ ਨਜ਼ਾਰਾ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਸੰਗ ਰਖਾਈਆ। ਨਾਰਦ ਕਹੇ ਨੀਂਦੇ ਤੂੰ ਭਗਤਾਂ ਕੋਲ ਨਾ ਆਵੀਂ, ਐਂਵੇਂ ਆਪਣਾ ਆਪ ਗਵਾਈਆ। ਆਪਣੇ ਗੁਣ ਮੂਲ ਨਾ ਗਾਵੀਂ, ਚਲੇ ਨਾ ਕੋਇ ਚਤੁਰਾਈਆ। ਨੀਂਦ ਕਹੇ ਨਾਰਦਾ ਮੇਰੀ ਖੇਲ ਭਗਤਾਂ ਨਾਲ ਸਾਵੀਂ, ਇਕੋ ਰੰਗ ਰੰਗਾਈਆ। ਮੈਂ ਫਿਰਦੀ ਚਾਵੀਂ ਚਾਵੀਂ, ਚਾਓ ਘਨੇਰਾ ਇਕ ਸੁਣਾਈਆ। ਤੂੰ ਭੇਵ ਮੇਰਾ ਪਾਵੀਂ, ਤੈਨੂੰ ਦਿਆਂ ਦ੍ਰਿੜਾਈਆ। ਪਹਿਲੋਂ ਰਾਵੀ ਦੇ ਵਿਚੋਂ ਨਹਾਵੀਂ, ਆਪਣੀ ਅੱਖ ਖੁਲਾਈਆ। ਫੇਰ ਬਾਹਵਾਂ ਦੋਵੇਂ ਹਿਲਾਵੀਂ, ਬੋਦੀ ਨਾਲ ਮਿਲਾਈਆ। ਫੇਰ ਸਿੰਘਾਸਣ ਆਪਣਾ

ਵਖਾਵੀਂ, ਸੇਜ ਕਵਣ ਸੁਹਾਈਆ। ਸੋਹਣਿਆਂ ਮੈਂ ਕਦੇ ਨਾ ਹੋਈ ਨਿਥਾਵੀਂ, ਨਿਥਾਂਵਿਆ ਤੈਨੂੰ ਦਿਆਂ ਦ੍ਰਿੜਾਈਆ। ਜਾਂ ਮੈਂ ਰੂਪ ਬਦਲਿਆ ਤੂੰ ਵੀ ਵੇਖੇਂ ਨੈਣ ਉਠਾਵੀਂ, ਬਿਨ ਨੈਣਾਂ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਾਰਦ ਕਹੇ ਧਰਨੀਏ ਭਗਤ ਕਦੇ ਨਾ ਸੌਂਦੇ, ਸੁੱਤੀਏ ਤੈਨੂੰ ਦਿਆਂ ਜਣਾਈਆ। ਓਹ ਪ੍ਰਭੂ ਦੇ ਪਿਆਰ ਵਿਚ ਭੌਂਦੇ, ਤ੍ਰੈਭਵਣ ਧਨੀ ਵੇਖ ਵਖਾਈਆ। ਓਹ ਸੁਰਤੀ ਅੰਦਰ ਸ਼ਬਦ ਅਨਾਦੀ ਗਾਉਂਦੇ, ਢੋਲੇ ਧੁਰਦਰਗਾਹੀਆ। ਆਤਮ ਪਰਮਾਤਮ ਵਿਚ ਮਿਲਾਉਂਦੇ, ਤੇਰੀ ਲੋੜ ਰਹੇ ਨਾ ਰਾਈਆ। ਸਚ ਸਿੰਘਾਸਣ ਸੋਭਾ ਪਾਉਂਦੇ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨੀਂਦ ਕਹੇ ਨਾਰਦਾ ਨਾ ਕਰ ਏਡੀ ਸ਼ੇਖ਼ੀ, ਤੇਰੀ ਕੀ ਚਤੁਰਾਈਆ। ਮੈਂ ਵੇਖੇ ਜਗਤ ਜਹਾਨ ਦੇ ਭੇਖੀ, ਜਗਤ ਜਗਿਆਸੂਆਂ ਧਿਆਨ ਲਗਾਈਆ। ਜਿਹੜੇ ਸੰਤ ਘਰ ਛਡ ਹੋਣ ਪ੍ਰਦੇਸ਼ੀ, ਜੰਗਲਾਂ ਡੇਰਾ ਲਾਈਆ। ਵਟਾ ਰੂਪ ਅਵੇਸੀ, ਅਨਕ ਧਾਰ ਪ੍ਰਗਟਾਈਆ। ਮੂੰਡ ਮੁੰਡਾ ਕੇ ਕੇਸੀ, ਭੱਜਣ ਵਾਹੋ ਦਾਹੀਆ। ਸਭ ਨੂੰ ਮੇਰੇ ਅਗੇ ਭੁਗਤਣੀ ਪੈਂਦੀ ਪੇਸ਼ੀ, ਬਚਿਆ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਜਗਤ ਵਿਸ਼ੇਸ਼ੀ, ਵਿਸ਼ਿਆਂ ਤੋਂ ਬਾਹਰ ਦ੍ਰਿੜਾਈਆ। ਮੈਂ ਸਦਾ ਰਹਾਂ ਹਮੇਸ਼ੀ, ਮਰਨ ਜੰਮਣ ਵਿਚ ਕਦੇ ਨਾ ਆਈਆ। ਮੇਰਾ ਮਾਲਕ ਇਕ ਨਰੇਸ਼ੀ, ਨਰ ਨਰਾਇਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਨਾਰਦ ਕਹੇ ਨੀਂਦੇ ਨੀ ਤੈਨੂੰ ਕਾਹਦੀ ਚੜ੍ਹੀ ਖ਼ੁਮਾਰੀ, ਨਿਖ਼ਸਮੀਏ ਦੇ ਜਣਾਈਆ। ਜਗਤ ਜਗਿਆਸੂਆਂ ਨਾਲ ਤੇਰੀ ਕਾਹਦੀ ਯਾਰੀ, ਮੁਹੱਬਤ ਕੀ ਵਖਾਈਆ। ਤੂੰ ਜੀਵਦਿਆਂ ਨੂੰ ਜਾਵੇਂ ਮਾਰੀ, ਕੀ ਤੇਰੀ ਦਾਨਾਈਆ। ਪਰਮਾਤਮਾ ਨੂੰ ਜਾਵੇਂ ਵਿਸਾਰੀ, ਤੇਰੇ ਹੱਥ ਕਿਛ ਨਾ ਆਈਆ। ਨੀ ਨਾ ਤੂੰ ਮਰਦ ਨਾ ਤੂੰ ਨਾਰੀ, ਆਪਣਾ ਰੂਪ ਦੇ ਦ੍ਰਿੜਾਈਆ। ਨਾ ਤੂੰ ਵਿਆਹੀ ਨਾ ਕਵਾਰੀ, ਲਾੜੀ ਬਣ ਕੇ ਖ਼ੁਸ਼ੀ ਨਾ ਕੋਇ ਬਣਾਈਆ। ਤੂੰ ਜੁਗ ਜੁਗ ਘਰਾਨੇ ਗਈ ਉਜਾੜੀ, ਸੁੱਤਿਆਂ ਦੇ ਸੀਸ ਦਿਤੇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨੀਂਦ ਕਹੇ ਨਾਰਦਾ ਨਾਰੀ ਮਰਦ ਮੇਰਾ ਰਾਹ ਤੱਕਦਾ, ਬਿਰਧ ਬਾਲ ਧਿਆਨ ਲਗਾਈਆ। ਮੈਥੋਂ ਲੇਖਾ ਮੰਗਣ ਹਕ ਦਾ, ਹਕੀਕਤ ਦੇਣ ਸਮਝਾਈਆ। ਤਨ ਸ਼ਰੀਰ ਜਗਤ ਵਿਚ ਥੱਕਦਾ, ਮੇਰੇ ਬਿਨਾ ਥਕਾਵਟ ਦੂਰ ਨਾ ਕੋਇ ਕਰਾਈਆ। ਮੇਰੇ ਪਿਆਰ ਵਿਚ ਕੋਈ ਪਿਆਰਾ ਰਹਿੰਦਾ ਨਹੀਂ ਰਤ ਦਾ, ਪਿਤਾ ਪੂਤ ਨਾਲੋਂ ਹੋਵੇ ਜੁਦਾਈਆ। ਮੇਰਾ ਲੇਖਾ ਸਦਾ ਸਤਿ ਦਾ, ਸਤਿ ਸਤਿਵਾਦੀ ਦਿਤਾ ਬਣਾਈਆ। ਜੇ ਮੇਰਾ ਲੇਖਾ ਪੁਛਣਾ ਓਨ੍ਹਾਂ ਤੋਂ ਪੁਛ ਜਿਨ੍ਹਾਂ ਦਾ ਸਰੀਰ ਪੰਜ ਤਤ ਦਾ, ਮਨ ਮਤ ਬੁਧ ਨਾਲ ਮਿਲ ਕੇ ਮੇਰੇ ਵਿਚ ਸਮਾਈਆ। ਨਾਰਦ ਕਹੇ ਨੀਂਦੇ ਤੂੰ ਜ਼ਰਾ ਝਾਕ ਜਿਨ੍ਹਾਂ ਦਾ ਲਹਿਣਾ ਬ੍ਰਹਮ ਮਤ ਦਾ, ਤੈਨੂੰ ਚਰਨਾਂ ਹੇਠ ਦਬਾਈਆ। ਨੀਂਦ ਕਹੇ ਨਾਰਦਾ ਐਵੇਂ ਨਾ ਫਿਰ ਟੱਪਦਾ, ਆਪਣੀ ਲੈ ਅੰਗੜਾਈਆ। ਜਗਤ ਜਹਾਨ ਵਿਚੋਂ ਕੋਈ ਭਗਤ ਮੇਰੇ ਕੋਲੋਂ ਨਹੀਂ ਬਚਦਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨੀਂਦ ਕਹੇ ਨਾਰਦ ਤੂੰ ਆਇਉਂ ਕਿਹੜੇ ਦਿਹਾੜੇ, ਮੈਨੂੰ ਦੇ ਸਮਝਾਈਆ। ਮਿੰਨਤਾਂ ਕੱਢੇਂ ਕਿ ਹਾੜੇ, ਤਰਲਿਆਂ ਵਿਚ ਜਣਾਈਆ। ਨਾਰਦ ਕਹੇ ਮੈਂ

ਆਇਉਂ ਉਸ ਧਰਮ ਦੇ ਅਖਾੜੇ, ਜਿਥੇ ਖੜਾ ਹੋ ਕੇ ਬਿਨ ਸੀਸ ਸੀਸ ਝੁਕਾਈਆ। ਮੈਂ ਫਿਰੇ ਜੰਗਲ ਜੂਹ ਉਜਾੜੇ, ਟਿੱਲੇ ਪਰਬਤ ਧਿਆਨ ਲਗਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਜੁਗ ਮੰਗੇ ਵਾੜੇ, ਨਿਤ ਨਿਤ ਆਪਣੀਆਂ ਫੇਰੀਆਂ ਪਾਈਆ। ਨੀਂਦਰੇ ਮੈਂ ਤੈਨੂੰ ਆਉਣ ਨਹੀਂ ਦਿਤਾ ਵਿਚ ਆਪਣੇ ਚੁਬਾਰੇ, ਚੋਬਦਾਰ ਹੋ ਕੇ ਤੈਨੂੰ ਪਰੇ ਦਿਤਾ ਧਕਾਈਆ। ਨੀਂਦ ਕਹੇ ਨਾਰਦਾ ਤੂੰ ਇਕ ਇਕੱਲਾ ਤੇ ਮੈਂ ਵਸ ਕੀਤੇ ਜਗਿਆਸੂ ਵਿਚ ਸਰਬ ਸੰਸਾਰੇ, ਸਾਰੇ ਮੇਰੇ ਪਿਆਰੇ ਨਜ਼ਰੀ ਆਈਆ। ਜੇ ਮੈਂ ਨਾ ਆਵਾਂ ਤੇ ਇਹ ਰੋਣ ਜ਼ਾਰੋ ਜਾਰੇ, ਬਹੁੜੀ ਬਹੁੜੀ ਕਰ ਕੁਰਲਾਈਆ। ਪੁਤਰਾਂ ਦੀਆਂ ਮਾਵਾਂ ਮੈਨੂੰ ਆਵਾਜ਼ਾਂ ਰਹੀਆਂ ਮਾਰੇ, ਸੱਦਣ ਚਾਈਂ ਚਾਈਂਆ। ਜੇ ਨੀਂਦੇ ਤੂੰ ਆ ਜਾਵੇਂ ਸਾਡੇ ਸੌਂ ਜਾਣ ਦੁਲਾਰੇ, ਖ਼ੁਸ਼ੀਆਂ ਵਿਚ ਆਪਣਾ ਝਟ ਲੰਘਾਈਆ। ਜੇ ਮੈਂ ਨਾ ਆਵਾਂ ਓਹ ਰੋਣ ਜ਼ਾਰੋ ਜ਼ਾਰੇ, ਨੰਨ੍ਹੇ ਬੱਚੇ ਦੇਣ ਦੁਹਾਈਆ। ਨਾਰਦ ਆਂਹਦਾ ਮੇਰਾ ਜੀਅ ਕਰਦਾ ਕਿ ਤੇਰੇ ਭੰਨ ਦੇਵਾਂ ਚਬਾੜੇ, ਮੁੱਕੀ ਜ਼ੋਰ ਨਾਲ ਲਗਾਈਆ। ਪਰ ਤੂੰ ਇਕ ਗੱਲ ਦੱਸ ਜੇ ਤੂੰ ਆਉਂਦੀ ਏਂ ਤੇਰੇ ਵਿਚ ਕਿਥੋਂ ਆਉਂਦੇ ਨੇ ਘੁਰਾੜੇ, ਨੀਂਦ ਕਹੇ ਨਾਰਦਾ ਕਿਸ਼ਨ ਸਿੰਘ ਤੋਂ ਪੁਛ ਲੈ ਚਾਈਂ ਚਾਈਂਆ। ਨੀਂਦ ਕਹੇ ਨਾਰਦਾ ਮੈਂ ਆਪਣੇ ਚੀਥੜ ਪਾੜੇ, ਦਰੋਹੀ ਮੇਰੀ ਦੁਹਾਈਆ। ਇਹ ਘਰਾੜੇ ਨਹੀਂ ਇਹ ਖ਼ਬਰਦਾਰੀ ਦੇ ਲਲਕਾਰੇ, ਜੋ ਮੈਨੂੰ ਰਹੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਲਸ ਨਿੰਦਰਾ ਵਿਚ ਸਭ ਦੀ ਪੈਜ ਸਵਾਰੇ, ਭਗਤਨ ਮੀਤਾ ਸਿਰ ਸਿਰ ਹੋਏ ਆਪ ਸਹਾਈਆ।

੨੪ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ ਧਿਰਤਾ ਸਿੰਘ ਕਲਾਨੌਰ ਦੇ ਨਵਿਤ

ਨਾਰਦ ਕਹੇ ਭਗਤੋ ਮੇਰੀ ਗੱਲ ਸੁਣੋ ਕੋਰੀ, ਕੂੜ ਨਾ ਸਮਝਣਾ ਰਾਈਆ। ਤੁਹਾਡੇ ਵਿਚ ਮੇਰੀ ਬੋਦੀ ਹੋ ਗਈ ਚੋਰੀ, ਮੈਨੂੰ ਚੋਰ ਦਿਓ ਫੜਾਈਆ। ਜੇ ਨਾ ਦੱਸੋਗੇ ਮੈਂ ਪਾਵਾਂਗਾ ਸ਼ੋਰੀ, ਆਪਣੇ ਸ਼ੌਹਰ ਨੂੰ ਦਿਆਂ ਸੁਣਾਈਆ। ਓਹ ਆਵੇਗਾ ਧੁਰ ਦਾ ਘੋਰੀ, ਕਾਇਆ ਘੁਰਨਿਆਂ ਵਿਚੋਂ ਵੇਖ ਵਖਾਈਆ। ਜਿਸ ਦੇ ਨਾਲ ਸਭ ਦੀ ਬੱਧੀ ਡੋਰੀ, ਤੰਦ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਨਾਰਦਾ ਅਸੀਂ ਆਤਮਾ ਪਰਮਾਤਮਾ ਦੀ ਜੋੜੀ, ਤਤਾਂ ਵਾਲੀ ਧਾਰ ਨਾ ਕੋਇ ਸਮਝਾਈਆ। ਸਾਨੂੰ ਖ਼ਬਰ ਥੋੜੀ ਥੋੜੀ, ਤੈਨੂੰ ਦਈਏ ਜਣਾਈਆ। ਤੇਰੀ ਬੋਦੀ ਨਾਲ ਪ੍ਰਭੂ ਨੇ ਸਤਾਰਾਂ ਹਾੜ ਨੂੰ ਆਪਣੇ ਘੋੜੇ ਦੀ ਵਾਗ ਗੁੰਦਣੀ ਮੋਹਰੀ, ਤੰਦ ਤੰਦ ਤੰਦ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਭਗਤੋ ਜੇ ਮੇਰੀ ਬੋਦੀ ਨਾਲ ਗੁੰਦ ਲਈ ਵਾਗ, ਵਾਗਾਂ ਵਾਲਿਓ ਦਿਆਂ ਜਣਾਈਆ। ਮੈਂ ਵੀ ਰੌਲਾ ਪਾਵਾਂਗਾ ਵਾਂਗ ਕਾਗ, ਕਾਗਾਂ ਵਾਂਗ ਕੁਰਲਾਈਆ। ਦੁਨੀਆਦਾਰੋ ਕਿਸੇ ਦੇ ਘਰ ਜਗਦਾ ਨਹੀਂ ਰਹਿਣਾ ਚਰਾਗ਼, ਚਰਾਗਾਹਾਂ ਦੇਣ ਦੁਹਾਈਆ। ਦਰੋਹੀ ਆਪਣੇ ਪੁਰਖ ਅਕਾਲ ਤੋਂ ਧਵਾ ਲਓ ਦਾਗ਼, ਅਗੇ ਕਰੇ ਨਾ ਕੋਇ ਸਫ਼ਾਈਆ। ਸੁੱਤਿਓ ਜਾਓ ਜਾਗ, ਆਲਸ ਨਿੰਦਰਾ ਵਿਚੋਂ ਆਪਣਾ ਆਪ ਉਠਾਈਆ। ਇਕ ਪ੍ਰਭੂ ਦਾ ਆਪਣੇ ਅੰਤਰ ਕਰੋ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਬਾਹਰੋਂ ਨਹੀਂ ਲੱਭਣਾ ਤੇ ਘਰ

ਮਿਲੇ ਕੰਤ ਸੁਹਾਗ, ਪਤਿਪਰਮੇਸ਼ਵਰ ਧੁਰ ਦਾ ਮਾਹੀਆ। ਬਿਨਾ ਰਸਨਾ ਤੋਂ ਮਾਰੇ ਆਵਾਜ਼, ਸੋਈ ਸੁਰਤੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਜੇ ਮੇਰੀ ਬੋਦੀ ਦੀਆਂ ਘੁੱਟ ਘੁੱਟ ਕੇ ਬੰਨ੍ਹ ਦਿਤੀਆਂ ਗੰਢਾਂ, ਗੰਢਾਂ ਵਾਲਿਓ ਦਿਆਂ ਜਣਾਈਆ। ਜਗਤ ਜਗਿਆਸੂਓ ਇਹ ਦੁਨੀਆ ਦੀਆਂ ਪੈ ਜਾਣੀਆਂ ਵੰਡਾਂ, ਵੰਡਣ ਵਾਲਾ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜ ਕਪਟ ਦੀਆਂ ਸਭ ਦੇ ਸਿਰ ਤੇ ਚੁੱਕੀਆਂ ਰਹਿ ਜਾਣੀਆਂ ਪੰਡਾਂ, ਹੌਲਾ ਭਾਰ ਨਾ ਕੋਇ ਕਰਾਈਆ। ਫਿਰਨੀ ਦਰੋਹੀ ਜੇਰਜ ਅੰਡਾਂ, ਉਤਭੁਜ ਸੇਤਜ ਦਏ ਦੁਹਾਈਆ। ਇਕੋ ਚਮਕਣਾ ਦਮਕਣਾ ਨਾਮ ਦਾ ਖੰਡਾ, ਬ੍ਰਹਿਮੰਡਾਂ ਦਏ ਹਿਲਾਈਆ। ਪੈਗ਼ੰਬਰਾਂ ਵਖਾਉਣਾ ਅੰਤਮ ਕੰਢਾ, ਰਸੂਲਾਂ ਅੱਖ ਖੁਲਾਈਆ। ਧਰਮ ਦੀ ਧਾਰ ਜਿਸ ਦਾ ਇਕੋ ਝੁਲਣਾ ਝੰਡਾ, ਝਾਕੇ ਸਭ ਦੇ ਵੇਖ ਵਖਾਈਆ। ਜਿਸ ਦਾ ਸਤਿ ਸਤਿਵਾਦੀ ਅਗੰਮਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਮੇਟਣਾ ਭੇਖ ਪਖੰਡਾ, ਧਰਮ ਦੀ ਧਾਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਜਨ ਭਗਤ ਕਹਿਣ ਨਾਰਦਾ ਤੇਰੀ ਬੋਦੀ ਚੁਰਾ ਕੇ ਲੈ ਗਿਆ ਸ਼ਬਦ ਗੁਰਦੇਵਾ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਉਸ ਨੂੰ ਹੁਕਮ ਦਿਤਾ ਅਲਖ ਅਭੇਵਾ, ਭੇਵ ਅਭੇਦ ਆਪਣੇ ਵਿਚ ਰਖਾਈਆ। ਜੋ ਵਸਿਆ ਸਚਖੰਡ ਨਿਹਚਲ ਧਾਮ ਨਿਹਕੇਵਾ, ਦਰਗਾਹ ਸਾਚੀ ਸੋਭਾ ਪਾਈਆ। ਉਸ ਦੀ ਸਿਫ਼ਤ ਵਡਿਆਈ ਕੀ ਕਰੇ ਜਿਹਵਾ, ਰਸਨ ਕਹਿਣ ਸਕੇ ਕਿਛ ਨਾ ਰਾਈਆ। ਤੂੰ ਸ਼ੁਕਰ ਕਰੀਂ ਜੇ ਤੇਰੀ ਪ੍ਰਵਾਨ ਕਰ ਲਏ ਸੇਵਾ, ਸੇਵਕ ਹੋ ਕੇ ਆਪਣੀ ਸੇਵ ਕਮਾਈਆ। ਪਤਾ ਨਹੀਂ ਤੈਨੂੰ ਇਸ ਦੇ ਬਦਲੇ ਕਿਹੜਾ ਅੰਮ੍ਰਿਤ ਫਲ ਮਿਲਦਾ ਮੇਵਾ, ਅਨਰਸ ਆਪਣਾ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਮੇਲੇ ਸਹਿਜ ਸੁਭਾਈਆ। ਨਾਰਦ ਕਹੇ ਜਨ ਭਗਤੋ ਮੇਰੀ ਬੋਦੀ ਦਿਓ ਲੱਭ, ਲਬਾਂ ਕਟਾਉਣ ਵਾਲੇ ਮੈਨੂੰ ਰਹੇ ਜਣਾਈਆ। ਕਿਤੇ ਮੈਨੂੰ ਰਾਮ ਦੇ ਥਾਂ ਕਹਿਣਾ ਪਏ ਨਾ ਅਲਾਹੀ ਰੱਬ, ਨੂਰ ਨੁਰਾਨਾ ਨੂਰ ਅਲਾਹੀਆ। ਤੁਹਾਡਾ ਮੇਲਾ ਹੋਇਆ ਨਾਲ ਸਬੱਬ, ਸਭ ਨੂੰ ਦਿਆਂ ਸੁਣਾਈਆ। ਜਨ ਭਗਤ ਕਹਿਣ ਨਾਰਦਾ ਕਿਉਂ ਦੁਹਾਈ ਦੇਂਦਾ ਵਿਚ ਜਗ, ਕੂਕ ਕੂਕ ਸੁਣਾਈਆ। ਤੇਰੀ ਬੋਦੀ ਨੇ ਘਰ ਘਰ ਲਾਉਣੀ ਅੱਗ, ਸਾਂਤਕ ਸਤਿ ਨਾ ਕੋਇ ਕਰਾਈਆ। ਤੂੰ ਸੀਸ ਤੇ ਬੰਨ੍ਹ ਲੈ ਚਿੱਟੀ ਪੱਗ, ਮਿਲੇ ਮਾਣ ਵਡਿਆਈਆ। ਜਨ ਭਗਤਾਂ ਵਿਚ ਬਹਿ ਜਾ ਸਜ, ਸੱਜਣ ਇਕ ਅਖਵਾਈਆ। ਨਾਰਦ ਕਹੇ ਮੈਨੂੰ ਬੜੀ ਲੋਕ ਲਜ, ਬ੍ਰਾਹਮਣ ਹੋ ਕੇ ਆਪਣੀ ਆਣ ਗਵਾਈਆ। ਮੈਨੂੰ ਸਭ ਨਾਲੋਂ ਮਾਣ ਵੱਧ, ਮਿਲੀ ਵਡ ਵਡਿਆਈਆ। ਜਨ ਭਗਤ ਕਹਿਣ ਨਾਰਦਾ ਹੁਣ ਸਭ ਦੀ ਹੋਣੀ ਅੰਤਮ ਹੱਦ, ਵੱਖਰਾ ਰਹਿਣ ਕੋਇ ਨਾ ਪਾਈਆ। ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਸਤਿਗੁਰ ਸ਼ਬਦ ਦੀ ਹੋਣੇ ਯਦ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਅਸੀਂ ਖ਼ੁਸ਼ੀਆਂ ਵਿਚ ਹੋਈਏ ਗਦ ਗਦ, ਪ੍ਰੇਮ ਦੇ ਢੋਲੇ ਗਾਈਆ। ਤੇਰੀ ਬੋਦੀ ਸਚ ਦੇ ਨਾਲ ਜਾਣੀ ਸਜ, ਸੱਜਣਾ ਤੈਨੂੰ ਦੇਈਏ ਸੁਣਾਈਆ। ਸਾਡਾ ਬਚਨ ਸੁਣੀ ਜੋ ਕੀਤਾ ਅੱਜ, ਵਾਰ ਥਿਤ ਨਾਲ ਮਿਲਾਈਆ। ਸਭ ਦਾ ਸ਼ਰਅ ਦਾ ਠੀਕਰ ਜਾਣਾ ਭੱਜ, ਇਕੋ ਰੰਗ ਪ੍ਰਭ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਹੀਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ ਵਕੀਲ ਸਿੰਘ ਦੇ ਗ੍ਰਹਿ

ਸਚ ਕਹੇ ਮੈਂ ਆਦਿ ਜੁਗਾਦੀ ਸੱਚਾ, ਸਾਚੇ ਪ੍ਰਭ ਦਿਤੀ ਵਡਿਆਈਆ। ਮੈਂ ਇਕੋ ਪਰਮ ਪੁਰਖ ਦਾ ਬੱਚਾ, ਮੈਨੂੰ ਜਨਮੇ ਕੋਇ ਨਾ ਮਾਈਆ। ਮੇਰਾ ਹੱਡ ਮਾਸ ਨਾੜੀ ਭਾਂਡਾ ਨਹੀਂ ਕੱਚਾ, ਤਨ ਵਜੂਦ ਨਾ ਕੋਇ ਵਖਾਈਆ। ਮੈਂ ਜੁਗ ਜੁਗ ਸਚ ਦਵਾਰੇ ਨੱਚਾ ਟੱਪਾ, ਕੁੱਦਾਂ ਚਾਈਂ ਚਾਈਂਆ। ਭਗਤਾਂ ਲੂੰ ਲੂੰ ਅੰਦਰ ਰਚਾ, ਰਚਨਾ ਪ੍ਰਭ ਦੀ ਦਿਆਂ ਵਖਾਈਆ। ਸਚ ਪ੍ਰੀਤੀ ਵਿਚ ਮੱਚਾ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਦਏ ਬਣਾਈਆ। ਸਚ ਕਹੇ ਮੈਂ ਪਰਮ ਪੁਰਖ ਦਾ ਪੂਤ, ਪੁਰਖ ਅਕਾਲ ਬਣਤ ਬਣਾਈਆ। ਮੈਂ ਬਿਨਾ ਕਦਮਾਂ ਤੋਂ ਦੋ ਜਹਾਨਾਂ ਦੂਤ, ਭੱਜਾਂ ਵਾਹੋ ਦਾਹੀਆ। ਮੇਰਾ ਤਾਣਾ ਪੇਟਾ ਨਹੀਂ ਕਿਸੇ ਸੂਤ, ਬਾਡੀ ਬਣਤ ਨਾ ਕੋਇ ਬਣਾਈਆ। ਮੇਰਾ ਲੇਖਾ ਕਾਇਆ ਪੰਜ ਭੂਤ, ਗੁਰ ਅਵਤਾਰ ਪੈਗ਼ੰਬਰਾਂ ਸੰਗ ਬਣਾਈਆ। ਮੇਰੀ ਧਰਮ ਦੀ ਧਾਰ ਸੁਹਾਏ ਰੂਤ, ਰੁਤੜੀ ਇਕੋ ਰੰਗ ਰੰਗਾਈਆ। ਮੇਰਾ ਨਿਯਮ ਸੰਜਮ ਸੂਚ, ਸਚ ਦਿਆਂ ਸੁਣਾਈਆ। ਮੇਰਾ ਧਾਮ ਅਗੰਮ ਊਚ, ਪਰਮ ਪੁਰਖ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਮੈਂ ਸ਼ਬਦ ਗੁਰੂ ਦਾ ਬੇਟਾ, ਦੂਸਰ ਅਵਰ ਕੋਇ ਨਾ ਮਾਈਆ। ਮੈਂ ਸਾਚਾ ਸਤਿ ਸਚ ਦਾ ਖੇਵਟ ਖੇਟਾ, ਜੁਗ ਜੁਗ ਖੇਲ ਖਿਲਾਈਆ। ਮੈਂ ਵਸਾਂ ਤਨ ਵਜੂਦਾਂ ਕਾਇਆ ਪੇਟਾ, ਅੰਦਰ ਮੰਦਰ ਸੋਭਾ ਪਾਈਆ। ਜੁਗ ਚੌਕੜੀ ਸਭ ਦਾ ਬਣਾਂ ਨੇਤਾ, ਨਿਰਗੁਣ ਮੈਨੂੰ ਦਏ ਵਡਿਆਈਆ। ਮੇਰਾ ਨਾਮ ਨਿਧਾਨੇ ਨਾਲ ਹੇਤਾ, ਸਾਚੇ ਕਲਮੇ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਸਚ ਕਹੇ ਮੈਂ ਧਰਮ ਧਾਰ ਦਾ ਸਾਥੀ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਜੁਗ ਜੁਗ ਸੰਗ ਨਿਭਾਵਾਂ ਪੁਰਖ ਸਮਰਾਥੀ, ਆਪਣੀ ਗੰਢ ਪਵਾਈਆ। ਮੇਰਾ ਰੂਪ ਅਨਾਥ ਅਨਾਥੀ, ਹੰਕਾਰ ਵਿਚ ਕਦੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਅੰਦਰੋਂ ਸਚ ਕਢਾਵਾਂ ਗਾਥੀ, ਸੋਹਲੇ ਢੋਲੇ ਨਾਮ ਜਣਾਈਆ। ਸਭ ਦੇ ਭਾਗ ਵੇਖਾਂ ਮਸਤਕ ਮਾਥੀ, ਸੰਤਾਂ ਭਗਤਾਂ ਧਿਆਨ ਲਗਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਤ੍ਰੈਲੋਕੀ ਨਾਥੀ, ਕਾਹਨ ਕਾਹਨਾ ਆਪ ਦ੍ਰਿੜਾਈਆ। ਤੇਰਾ ਲੇਖਾ ਅਲਖਣਾ ਅਲਾਖੀ, ਅਲਖ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਮਾਲਕ ਸ਼ਾਹੋ ਸ਼ਾਬਾਸੀ, ਸ਼ਹਿਨਸ਼ਾਹ ਇਕ ਅਖਵਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ ਗੁਰਦੇਵ ਸਿੰਘ ਸ਼ੋਹਣ ਦੇ ਨਵਿਤ

ਸਚ ਕਹੇ ਮੇਰਾ ਰੂਪ ਕਿਸੇ ਨਾ ਲੱਭਦਾ, ਜਗ ਨੇਤਰ ਨਜ਼ਰ ਨਾ ਆਈਆ। ਮੇਰਾ ਖੇਲ ਚੌਕੜੀ ਜੁਗ ਜਗ ਦਾ, ਜਾਗਰਤ ਜੋਤ ਦਏ ਵਡਿਆਈਆ। ਮੇਰਾ ਜਨਮ ਨਹੀਂ ਕਿਸੇ ਭਗ ਦਾ, ਖਿਟਾਂ ਵਿਚ ਨਾ ਕਦੇ ਸਮਾਈਆ। ਮੇਰਾ ਘਾੜਨ ਨਹੀਂ ਕਿਸੇ ਅੰਗ ਦਾ, ਤਨ ਵਜੂਦ ਨਾ ਕਦੇ ਸੁਹਾਈਆ। ਮੇਰਾ ਸਿੰਘਾਸਣ ਨਹੀਂ ਕਿਸੇ ਪਲੰਘ ਦਾ, ਜਗਤ ਸੇਜ ਨਾ ਕੋਇ ਹੰਢਾਈਆ। ਮੈਂ ਪ੍ਰੇਮੀ ਇਕੋ ਸੂਰੇ ਸਰਬਗ ਦਾ, ਜੋ

ਮਾਲਕ ਧੁਰਦਰਗਾਹੀਆ। ਮੇਰੀਆਂ ਮੰਗਾਂ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਮੰਗਦਾ, ਪ੍ਰਭ ਅਗੇ ਝੋਲੀਆਂ ਡਾਹੀਆ। ਮੈਂ ਸਭ ਦੇ ਅੰਦਰ ਸਤਿ ਹੋ ਕੇ ਲੰਘਦਾ, ਸਚ ਨਾਲ ਜਣਾਈਆ। ਮੇਰਾ ਝਗੜਾ ਕੂੜ ਵਿਕਾਰੇ ਜੰਗ ਦਾ, ਆਦਿ ਜੁਗਾਦਿ ਲੜਾਈਆ। ਮੈਂ ਵਣਜਾਰਾ ਨਹੀਂ ਤਨ ਵਜੂਦਾਂ ਨੰਗ ਦਾ, ਭੂਸ਼ਣ ਤਨ ਨਾ ਕੋਇ ਵਡਿਆਈਆ। ਮੇਰਾ ਖੇਲ ਆਤਮ ਪਰਮਾਤਮ ਸਬੰਧ ਦਾ, ਸੁਰਤ ਸ਼ਬਦ ਵੇਖ ਵਖਾਈਆ। ਮੈਂ ਵਣਜਾਰਾ ਬਣਿਆ ਨਹੀਂ ਵਿਕਾਰ ਪੰਜ ਦਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਸੰਗ ਰਖਾਈਆ। ਮੈਂ ਸੰਦੇਸ਼ਾ ਸੁਣਾਂ ਸਦ ਬਖ਼ਸ਼ੰਦ ਦਾ, ਜੋ ਰਹਿਮਤ ਸਚ ਕਮਾਈਆ। ਮੇਰਾ ਸਰੂਪ ਸਤਿ ਚਿਤ ਅਨੰਦ ਦਾ, ਚਿੰਤਾ ਰੋਗ ਨਾ ਕੋਇ ਪ੍ਰਗਟਾਈਆ। ਮੈਂ ਵਣਜਾਰਾ ਇਕੋ ਛੰਦ ਦਾ, ਸੋਹੰ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਸਚ ਕਹੇ ਮੈਂ ਸਚ ਦੀ ਦੱਸਾਂ ਰੀਤੀ, ਭਗਤ ਭਗਵਾਨ ਮੇਲ ਮਿਲਾਈਆ। ਮੇਰੀ ਇਕ ਦੇ ਨਾਲ ਪ੍ਰੀਤੀ, ਏਕੰਕਾਰ ਦਿਆਂ ਜਣਾਈਆ। ਮੇਰੀ ਖੇਲ ਸਦਾ ਅਤੀਤੀ, ਤ੍ਰੈਗੁਣ ਵਿਚ ਕਦੇ ਨਾ ਆਈਆ। ਮੇਰੀ ਘੜੀ ਕਦੇ ਨਾ ਬੀਤੀ, ਜੁਗ ਚੌਕੜੀ ਇਕੋ ਰੰਗ ਸਮਾਈਆ। ਮੇਰੀ ਧਾਰ ਠਾਂਡੀ ਸੀਤੀ, ਅਗਨੀ ਤਤ ਨਾ ਕੋਇ ਤਪਾਈਆ। ਮੈਨੂੰ ਯਾਦ ਜੁਗ ਚੌਕੜੀ ਪਿਛਲੀ ਬੀਤੀ, ਕੋਟਨ ਕੋਟ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਬਖ਼ਸ਼ਣਹਾਰਾ ਧਰਮ ਧਾਰ ਦੀ ਨੀਤੀ, ਨੀਤੀਵਾਨ ਦਇਆ ਕਮਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ ਸਰੂਪ ਸਿੰਘ ਦੇ ਗ੍ਰਹਿ

ਸਚ ਕਹੇ ਮੈਂ ਜੁਗ ਜੁਗ ਦੇਵਾਂ ਸ਼ਬਦ ਸੰਦੇਸ਼, ਸਚ ਸਚ ਸੁਣਾਈਆ। ਮੇਰਾ ਮਾਲਕ ਇਕ ਨਰੇਸ਼, ਨਰਾਇਣ ਧੁਰਦਰਗਾਹੀਆ। ਜੋ ਵਸੇ ਸਚਖੰਡ ਦੇਸ਼, ਦਰਗਾਹ ਸਾਚੀ ਸੋਭਾ ਪਾਈਆ। ਸਦਾ ਰਹੇ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਲਾਗੇ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਹੋਵਣ ਪੇਸ਼, ਆਪਣੀਆਂ ਝੋਲੀਆਂ ਅਗੇ ਡਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਿਸ ਦਾ ਸਮਝੇ ਕੋਇ ਨਾ ਵੇਸ, ਅਵੱਲੜੀ ਕਾਰ ਕਮਾਈਆ। ਉਹ ਮੇਰਾ ਲਹਿਣਾ ਦੇਣਾ ਦੇਵਣਹਾਰਾ ਇਕ ਨਰੇਸ਼, ਹਰਿ ਕਰਤਾ ਧੁਰਦਰਗਾਹੀਆ। ਮੈਂ ਜੁਗ ਜੁਗ ਦੀਨ ਦੁਨੀ ਦਾ ਵੇਖਾਂ ਕਲੇਸ਼, ਝਗੜਾ ਤੱਕਾਂ ਖ਼ਲਕ ਖ਼ੁਦਾਈਆ। ਮੇਰਾ ਭੇਵ ਦੱਸਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਗੁਣ ਗਾਏ ਸਹੰਸਰ ਮੁਖ ਸ਼ੇਸ਼, ਜਿਹਵਾ ਦੋ ਦੋ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਚ ਕਹੇ ਮੇਰੀ ਸਾਹਿਬ ਬਣਾਈ ਬਣਤ, ਘੜਨ ਭੰਨਣਹਾਰ ਦਿਤੀ ਵਡਿਆਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਗਿਣਤੀ ਵਿਚ ਕਦੇ ਨਾ ਆਈਆ। ਜਿਸ ਦਾ ਨਾਮ ਇਕ ਅਨੰਤ, ਅਗੰਮ ਦਏ ਸਮਝਾਈਆ। ਜੋ ਸਭ ਦਾ ਸਵਾਮੀ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਦਾ ਭੇਵ ਜਾਣੇ ਹਰਿਜਨ ਸੰਤ, ਜਿਸ ਪਰਦਾ ਆਪ ਚੁਕਾਈਆ।

ਉਸ ਦਾ ਲੇਖਾ ਸਦਾ ਅਨੰਤ, ਕਥਨੀ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਚ ਕਹੇ ਮੇਰਾ ਸ਼ਬਦ ਸ਼ਬਦ ਗੁਰਬਾਣੀ, ਜੁਗ ਜੁਗ ਦਿਆਂ ਜਣਾਈਆ। ਮੇਰਾ ਪਿਆਰ ਮੁਹੱਬਤ ਵਾਲਾ ਇਕੋ ਹਾਣੀ, ਜੋ ਇਕੋ ਰੂਪ ਸਮਾਈਆ। ਜਿਸ ਰਚਨਾ ਰਚੀ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜਿਸ ਦੀ ਸਦਾ ਤਰਲ ਜਵਾਨੀ, ਜੋਬਨਵੰਤਾ ਬੇਪ੍ਰਵਾਹੀਆ। ਜੋ ਅੰਮ੍ਰਿਤ ਬਖ਼ਸ਼ਣਹਾਰਾ ਪਾਣੀ, ਸਰੋਵਰ ਆਪਣੇ ਵਿਚੋਂ ਵਰਤਾਈਆ। ਜੋ ਹੋਵੇ ਤਾਣ ਨਿਤਾਣੀ, ਨਿਮਾਣਿਆਂ ਦਏ ਵਡਿਆਈਆ। ਜਿਸ ਦਾ ਖੇਲ ਲੱਖ ਚੁਰਾਸੀ ਜੀਵ ਪ੍ਰਾਣੀ, ਘਰ ਘਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨੀ, ਦੋਹਰੀ ਆਪਣੀ ਖੇਲ ਖਿਲਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ ਬਹਾਦਰ ਸਿੰਘ ਦੇ ਗ੍ਰਹਿ

ਸਚ ਕਹੇ ਮੇਰੀ ਸੱਚੀ ਸਿਫ਼ਤ ਸਲਾਹ, ਸਦ ਸਾਚੇ ਰੰਗ ਸਮਾਈਆ। ਜਗਤ ਧਾਰ ਬਣਾਂ ਮਲਾਹ, ਬੇੜਾ ਸਚ ਨਾਮ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਮੇਰੇ ਗਵਾਹ, ਜੋ ਲਿਖ ਲਿਖ ਸਚ ਗਏ ਵਡਿਆਈਆ। ਮੇਰਾ ਇਕੋ ਅਗੰਮਾ ਥਾਂ, ਜਿਥੇ ਵਜਦੀ ਰਹੇ ਵਧਾਈਆ। ਮੇਰਾ ਸੰਗੀ ਇਕੋ ਪ੍ਰਭ ਦਾ ਨਾਂ, ਨਾਉਂ ਨਿਰੰਕਾਰਾ ਵਡ ਵਡਿਆਈਆ। ਮੇਰੇ ਅੰਤਸ਼ਕਰਨ ਇਕੋ ਘਨੇਰਾ ਚਾਅ, ਖ਼ੁਸ਼ੀਆਂ ਢੋਲੇ ਗਾਈਆ। ਸਤਿ ਦੀ ਧਾਰ ਵਿਚ ਭਗਤ ਸੁਹੇਲੇ ਲਵਾਂ ਮਨਾ, ਮਿਲਣੀ ਹਰਿ ਜਗਦੀਸ਼ ਕਰਾਈਆ। ਮੇਰੇ ਉਤੇ ਕੋਟਨ ਕੋਟ ਕਰਦੇ ਗਿਲਾ, ਭੇਵ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਸਚ ਕਹੇ ਮੇਰਾ ਮਿਤ੍ਰ ਪਿਆਰਾ ਕੋਈ, ਕੋਟਾਂ ਵਿਚੋਂ ਨਜ਼ਰੀ ਆਈਆ। ਮੈਨੂੰ ਭਗਤਾਂ ਬਿਨਾ ਮਿਲੇ ਨਾ ਢੋਈ, ਘਰ ਮਿਲੇ ਨਾ ਕੋਇ ਵਡਿਆਈਆ। ਮੇਰੀ ਇਕੋ ਇਕ ਦਰੋਹੀ, ਦੋ ਜਹਾਨਾਂ ਦਿਆਂ ਸੁਣਾਈਆ। ਮੇਰੀ ਆਸ਼ਾ ਜਗਤ ਤ੍ਰਿਸ਼ਨਾ ਕਦੇ ਨਾ ਮੋਹੀ, ਕੂੜ ਮੁਹੱਬਤ ਨਾ ਕੋਇ ਰਖਾਈਆ। ਮੈਂ ਜੁਗ ਜੁਗ ਭਗਤਾਂ ਸੁਰਤ ਉਠਾਵਾਂ ਸੋਈ, ਆਲਸ ਨਿੰਦਰਾ ਦੂਰ ਕਰਾਈਆ। ਮੇਰੀ ਧਾਰ ਜਗ ਰਸਾਂ ਵਿਚ ਨਾ ਚੋਈ, ਅੰਮਿਉਂ ਰਸ ਧੁਰ ਦਾ ਜਾਮ ਪਿਆਈਆ। ਮੇਰੀ ਕਲਾ ਕਲਧਾਰੀ ਨਾਲ ਛੋਹੀ, ਅਕਲ ਕਲਧਾਰੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸਦਾ ਸੁਣੇ ਅਰਜ਼ੋਈ, ਆਰਜ਼ੂ ਜਿਸ ਦੇ ਅਗੇ ਰਖਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ ਦਾਰਾ ਸਿੰਘ ਦੇ ਗ੍ਰਹਿ

ਸਚ ਕਹੇ ਮੈਂ ਮਾਲਕ ਸਚ ਘਰ ਦਾ, ਘਰਾਨਾ ਇਕੋ ਸੋਭਾ ਪਾਈਆ। ਜਿਥੇ ਨਾ ਜੰਮਦਾ ਨਾ ਮਰਦਾ, ਜਨਮ ਜਨਮ ਨਾ ਕਦੇ ਬਦਲਾਈਆ।

ਆਦਿ ਜੁਗਾਦਿ ਇਕੋ ਕਰਨੀ ਕਰਦਾ, ਜੋ ਕਰਤੇ ਪੁਰਖ ਦਿਤੀ ਸਮਝਾਈਆ। ਧਰਨੀ ਉਤੇ ਕਦੇ ਨਾ ਡਰਦਾ, ਭੈ ਸਿਰ ਨਾ ਕੋਇ ਰਖਾਈਆ। ਇਕੋ ਧੁਰ ਦਾ ਨਾਮ ਪੜ੍ਹਦਾ, ਕਲਮਾ ਅਗੰਮ ਅਥਾਹੀਆ। ਸਦਾ ਕੂੜ ਕੁੜਿਆਰ ਨਾਲ ਲੜਦਾ, ਇਹ ਮੇਰੀ ਬੇਪਰਵਾਹੀਆ। ਮੇਰਾ ਫਲ ਕਦੇ ਨਾ ਝੜਦਾ, ਪੱਤ ਟਹਿਣੀ ਨਾ ਕਦੇ ਕੁਮਲਾਈਆ। ਮੈਂ ਗੜ੍ਹ ਤੋੜਾਂ ਹੰਕਾਰ ਵਾਲੇ ਧੜ ਦਾ, ਨਿਮਰਤਾ ਦਿਆਂ ਜਣਾਈਆ। ਮੈਂ ਭੇਵ ਖੁਲਾਵਾਂ ਚੋਟੀ ਜੜ ਦਾ, ਚੇਤਨ ਪਰਦਾ ਲਾਹੀਆ। ਮੈਂ ਅਗਨੀ ਵਿਚ ਕਦੇ ਨਾ ਸੜਦਾ, ਤਤਵ ਤਤ ਨਾ ਕੋਇ ਤਪਾਈਆ। ਮੇਰਾ ਮੇਲਾ ਨਰਾਇਣ ਨਰ ਦਾ, ਨਰ ਹਰਿ ਬਖ਼ਸ਼ੇ ਆਪ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਸਚ ਕਹੇ ਮੇਰਾ ਸਾਥੀ ਇਕ ਰਘੁਬੰਸ, ਰਘੁਪਤ ਬੇਪਰਵਾਹੀਆ। ਜਿਸ ਸਤਿ ਬਣਾਇਆ ਬੰਸ, ਸਚ ਦਿਤੀ ਵਡਿਆਈਆ। ਧਰਮ ਬਣਾ ਕੇ ਅੰਸ, ਉਤਪਤ ਦਿਤੀ ਵਖਾਈਆ। ਨਾਮ ਬਣਾ ਕੇ ਹੰਸ, ਭਗਤਾਂ ਚੋਗ ਚੁਗਾਈਆ। ਜਿਸ ਦਾ ਖੇਲ ਸਦਾ ਬੇਅੰਤ, ਕਹਿਣ ਕਿਛ ਨਾ ਪਾਈਆ। ਓਹ ਮੇਰਾ ਸਾਹਿਬ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਰੁੱਤ ਸੁਹਾਈ ਸੁਹੰਜਣੀ ਬਸੰਤ, ਪੱਤ ਟਹਿਣੀ ਨਾਲ ਮਹਿਕਾਈਆ। ਮੇਰੀ ਆਦਿ ਬਣਾ ਕੇ ਬਣਤ, ਜੁਗ ਚੌਕੜੀ ਦਿਤੀ ਵਖਾਈਆ। ਮੈਨੂੰ ਲੱਭਦੇ ਫਿਰਦੇ ਸਾਧ ਸੰਤ, ਹਰਿਜਨ ਭੱਜਣ ਵਾਹੋ ਦਾਹੀਆ। ਮੈਂ ਹੱਥ ਨਾ ਆਵਾਂ ਕਿਸੇ ਪੰਡਤ, ਗਠੜੀ ਬੰਨ੍ਹ ਨਾ ਕੋਇ ਟਿਕਾਈਆ। ਮੇਰਾ ਖੇਲ ਜੁਗਾ ਜੁਗੰਤ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਆਪ ਮਿਲਾਈਆ। ਸਚ ਕਹੇ ਮੈਂ ਸੁਘੜ ਸਿਆਣਾ ਸੁਚੱਜਾ, ਮੇਰੇ ਸਾਹਿਬ ਦਿਤੀ ਸਰਨਾਈਆ। ਮੇਰਾ ਨਿਤ ਨਿਤ ਦੀਪਕ ਜਗਾ, ਜਾਗਰਤ ਜੋਤ ਨਾਲ ਰੁਸ਼ਨਾਈਆ। ਮੇਰਾ ਵਧਦਾ ਰਿਹਾ ਅਗਾ, ਅਗੇ ਹੋ ਨਾ ਕੋਇ ਅਟਕਾਈਆ। ਮੇਰਾ ਰੂਪ ਸਤਿ ਸਰੂਪ ਬੱਗਾ, ਬਪੜਿਆਂ ਡੇਰਾ ਢਾਹੀਆ। ਮੈਨੂੰ ਜਗਤ ਵਾਸ਼ਨਾ ਨਹੀਂ ਕੋਈ ਲਬਾ, ਲਾਲਚ ਵਿਚ ਕਦੇ ਨਾ ਆਈਆ। ਜਗਤ ਖ਼ੁਮਾਰੀ ਪੀਤੀ ਨਹੀਂ ਮਧਾ, ਸ਼ਬਦੀ ਧੁਨ ਵਿਚ ਸਮਾਈਆ। ਮੈਂ ਦੇਵਾਂ ਇਕੋ ਹਮੇਸ਼ਾ ਸੱਦਾ, ਪ੍ਰਭ ਦਾ ਨਾਮ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਬੱਧਾ, ਨਿਤ ਨਵਿਤ ਸੇਵ ਕਮਾਈਆ। ਸਚ ਕਹੇ ਮੈਂ ਕਦੇ ਨਹੀਂ ਭੁਗਤੀ ਸਜ਼ਾ, ਦੁੱਖ ਸੰਤਾਪ ਨਾ ਕੋਇ ਰਖਾਈਆ। ਜਨ ਭਗਤ ਚਲਾਵਾਂ ਇਕੋ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਕਿਸੇ ਨਾਲ ਕਰਾਂ ਨਾ ਦਗ਼ਾ, ਫ਼ਰੇਬਾਂ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਚਰਨ ਕਵਲ ਮੇਰੀ ਧੁਰ ਦੀ ਜਗਹ, ਦੂਸਰ ਧਾਮ ਆਸਣ ਕਦੇ ਨਾ ਲਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅੱਲੜਭਿੰਡੀ ਜ਼ਿਲਾ ਗੁਰਦਾਸਪੁਰ ਹਜ਼ਾਰਾ ਸਿੰਘ ਦੇ ਗ੍ਰਹਿ

ਸਚ ਕਹੇ ਸਦਾ ਸਚ ਦਾ ਰਾਜ, ਆਦਿ ਜੁਗਾਦਿ ਮਿਲੀ ਵਡਿਆਈਆ। ਸਤਿ ਸਚ ਦਾ ਸਾਚਾ ਤਾਜ, ਤਖਤ ਨਿਵਾਸੀ ਇਕ ਸੁਹਾਈਆ। ਸਚ ਮਾਰ ਅਵਾਜ, ਸਚ ਲਏ ਉਠਾਈਆ। ਸਚ ਚਲਾ ਜਹਾਜ਼, ਬੇੜਾ ਜਗਤ ਜਹਾਨ ਵਖਾਈਆ। ਸਚ ਦੀ ਸਚ ਰੱਖੇ ਲਾਜ, ਹੋਏ ਸਚ

ਸਹਾਈਆ। ਸਚ ਸਤਿਗੁਰੂ ਸ਼ਬਦ ਗੁਰੂ ਗੁਰ ਮਹਾਰਾਜ, ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਦੀ ਸਾਚੀ ਯਾਦ, ਭੁਲ ਅਭੁਲ ਰੂਪ ਨਾ ਕੋਇ ਬਦਲਾਈਆ। ਸਚ ਦੀ ਸਚ ਸਚ ਫ਼ਰਿਆਦ, ਸਚ ਸਚ ਸਚ ਸਮਝਾਈਆ। ਸਚ ਦਾ ਸਚ ਹੋਵੇ ਅਹਿਲਾਦ, ਸਚ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਸੋ ਪੁਰਖ ਨਿਰੰਜਣ ਸਾਚਾ, ਹਰਿ ਪੁਰਖ ਨਿਰੰਜਣ ਇਕ ਅਖਵਾਈਆ। ਏਕੰਕਾਰ ਵੇਖੇ ਤਮਾਸ਼ਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕਰੇ ਹਾਸਾ, ਸ੍ਰੀ ਭਗਵਾਨ ਖ਼ੁਸ਼ੀ ਬਣਾਈਆ। ਪਾਰਬ੍ਰਹਮ ਤੱਕੇ ਰਾਸਾ, ਮੰਡਲ ਮੰਡਪ ਖੇਲ ਖਿਲਾਈਆ। ਪ੍ਰਕਾਸ਼ ਦੇ ਕੇ ਰਵ ਸਾਸਾ, ਸੂਰੀਆ ਚੰਦ ਦਿਤੇ ਚਮਕਾਈਆ। ਖੇਲ ਖਿਲਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਦਿਤੀ ਵਡਿਆਈਆ। ਜੋ ਆਦਿ ਅੰਤ ਨਾ ਕਦੇ ਵਿਨਾਸਾ, ਸਚ ਕਹੇ ਸੋ ਮੇਰਾ ਧੁਰ ਦਾ ਮਾਹੀਆ। ਜਿਸ ਦੇ ਸਦਾ ਵਸਾਂ ਮੈਂ ਪਾਸਾ, ਸਗਲਾ ਸੰਗ ਰਖਾਈਆ। ਬਣ ਕੇ ਦਾਸੀ ਦਾਸਾ, ਜੁਗ ਜੁਗ ਸੇਵ ਕਮਾਈਆ। ਉਸ ਦਾ ਭੇਵ ਕੀ ਦੱਸਾਂ ਖ਼ੁਲਾਸਾ, ਕਿਛ ਕਹਿ ਨਾ ਸਕਾਂ ਰਾਈਆ। ਜੋ ਮੇਰੀ ਜੁਗ ਜੁਗ ਪੂਰੀ ਕਰੇ ਆਸਾ, ਜਨ ਭਗਤਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਮੇਰਾ ਆਦਿ ਅੰਤ ਇਕੋ ਰੰਗ, ਬਦਲੀ ਵਿਚ ਕਦੇ ਨਾ ਆਈਆ। ਆਤਮ ਧਾਰ ਦੇਵਾਂ ਸੰਗ, ਬ੍ਰਹਮ ਪਰਦਾ ਆਪ ਚੁਕਾਈਆ। ਈਸ਼ ਜੀਵ ਮੇਲ ਕਰਾਂ ਨਿਸ਼ੰਗ, ਇਹ ਮੇਰੀ ਬੇਪਰਵਾਹੀਆ। ਆਤਮ ਧਾਰ ਵਹਾਵਾਂ ਗੰਗ, ਗੰਗੋਤਰੀ ਸੀਸ ਨਿਵਾਈਆ। ਸਾਚੀ ਮੰਜ਼ਲ ਜਾਵਾਂ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਜੁਗ ਚੌਕੜੀ ਮਾਰਾਂ ਪੰਧ, ਭੱਜਾਂ ਵਾਹੋ ਦਾਹੀਆ। ਸਚ ਨਾਮ ਸੁਣਾ ਕੇ ਛੰਦ, ਢੋਲਾ ਦਿਆਂ ਦਰਸਾਈਆ। ਜਨ ਭਗਤੋ ਮੈਂਨੂੰ ਲਾਵੋ ਅੰਗ, ਅੰਗੀਕਾਰ ਬਣਾਈਆ। ਮੰਜ਼ਲ ਸਚ ਦੀ ਜਾਣਾ ਲੰਘ, ਸਚਖੰਡ ਸਾਚੇ ਮਿਲੇ ਵਡਿਆਈਆ। ਜਿਥੇ ਝਗੜਾ ਨਹੀਂ ਤਤ ਪੰਜ, ਪੰਚਮ ਮੇਲਾ ਸਹਿਜ ਸੁਭਾਈਆ। ਨਾ ਖ਼ੁਸ਼ੀ ਨਾ ਕੋਈ ਰੰਜ, ਗ਼ਮੀ ਰੂਪ ਨਾ ਕੋਇ ਦਿਖਾਈਆ। ਲੇਖਾ ਮੁਕੇ ਭੁੱਖ ਨੰਗ, ਪ੍ਰਭ ਇਕੋ ਦਰ ਦਏ ਵਡਿਆਈਆ। ਸਚ ਕਹੇ ਮੈਂ ਸਦਾ ਪ੍ਰਭ ਦੇ ਹੁਕਮ ਦਾ ਪਾਬੰਦ, ਹੁਕਮ ਮੰਨ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਬਖ਼ਸ਼ਣਹਾਰਾ ਸਚ ਅਨੰਦ, ਸਚ ਸਚ ਸਚ ਵਿਚੋਂ ਪ੍ਰਗਟਾਈਆ।