੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸਪੁਰ ਬਚਨ ਸਿੰਘ ਦੇ ਗ੍ਰਹਿ
ਧਰਨੀ ਕਹੇ ਕਿਰਪਾ ਕਰ ਮੇਰੇ ਭਗਵੰਤ, ਸਚ ਸਵਾਮੀ ਅੰਤਰਜਾਮੀ ਦਇਆ ਕਮਾਈਆ। ਨਵ ਸੱਤ ਦੁਖੀ ਹੋਵੇ ਜੀਵ ਜੰਤ, ਧੀਰਜ ਧਰਮ ਧਾਰ ਨਾ ਕੋਇ ਦ੍ਰਿੜਾਈਆ। ਹਕੀਕੀ ਮੰਜ਼ਲ ਚੜ੍ਹੇ ਕੋਇ ਨਾ ਸੰਤ, ਸੂਫ਼ੀ ਸੁਖ ਵਿਚ ਨਾ ਕੋਇ ਸਮਾਈਆ। ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਬੁੱਧੀ ਤੋਂ ਪਰੇ ਭੇਵ ਕੋਇ ਨਾ ਖੁਲਾਈਆ। ਦਹਿ ਦਿਸ਼ਾ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਜਣਾਈਆ। ਤੇਰਾ ਖੇਲ ਅਬਿਨਾਸ਼ੀ ਕਰਤੇ ਜੁਗੋ ਜੁਗ ਅਨੰਤ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਦਰੋਹੀ ਤੇਰੇ ਨਾਮ ਦੀ ਮੇਰੀ ਮਿੰਨਤ, ਸੀਸ ਜਗਦੀਸ਼ ਰਹੀ ਝੁਕਾਈਆ। ਸਚ ਰਿਹਾ ਨਾ ਕਿਸੇ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਕਲਕਾਤੀ ਮਨੂਆ ਕਰੇ ਇੱਲਤ, ਦਹਿ ਦਿਸ਼ਾ ਉਠ ਉਠ ਧਾਹੀਆ। ਸਾਚੇ ਨਾਮ ਦੀ ਤਨ ਪਹਿਨੇ ਕੋਈ ਨਾ ਖ਼ਿੱਲਤ, ਓਢਣ ਸੀਸ ਨਾ ਕੋਇ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਹੋਈ ਨਿੰਦਕ, ਮਾਨਸ ਮਾਨੁੱਖ ਤੇਰੇ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭੂ ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਸ਼ਕਰਨ ਮਾਰ ਲੈ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਕਿਰਪਾ ਕਰ ਦੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਚੰਦ ਨਾ ਕੋਇ ਚਮਕਾਈਆ। ਹਕੀਕੀ ਮੰਜ਼ਲ ਮਿਲੇ ਕਿਸੇ ਨਾ ਘਾਟੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਤੇਰਾ ਨੂਰ ਜ਼ਹੂਰ ਜੋਤੀ ਜਾਤੇ ਨਜ਼ਰ ਨਾ ਆਏ ਲਲਾਟੀ, ਨੂਰ ਨੁਰਾਨਾ ਰੂਪ ਨਾ ਕੋਇ ਦਰਸਾਈਆ। ਸਚ ਦਵਾਰ ਏਕੰਕਾਰ ਮੇਰੇ ਉਤੇ ਖੋਲ ਦੇ ਹਾਟੀ, ਧਰਮ ਦੀ ਧਾਰ ਦੇ ਸਮਝਾਈਆ। ਕਲਜੁਗ ਵੇਸ ਤੱਕ ਲੈ ਬਾਜ਼ੀਗਰ ਨਾਟੀ, ਕੀ ਸਵਾਂਗੀ
ਆਪਣਾ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਕਲਜੁਗ ਵਕਤ ਸੁਹੇਲਾ, ਸਤਿ ਸਚ ਨਾਲ ਜਣਾਈਆ। ਨਵ ਸੱਤ ਤੇਰਾ ਮਿਲਣ ਹੋਇਆ ਦੁਹੇਲਾ, ਨਿਰਗੁਣ ਸਰਗੁਣ ਰੰਗ ਨਾ ਕੋਇ ਰੰਗਾਈਆ। ਸੁਰਤੀ ਸ਼ਬਦੀ ਨਜ਼ਰ ਆਏ ਕੋਈ ਨਾ ਚੇਲਾ, ਗੁਰੂ ਗੁਰ ਨਾਦ ਨਾ ਕੋਇ ਸੁਣਾਈਆ। ਆਤਮ ਪਰਮਾਤਮ ਪਰਮ ਪੁਰਖ ਕਰਾਏ ਕੋਈ ਨਾ ਮੇਲਾ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਤੇਰਾ ਭੇਵ ਅਭੇਦਾ ਸਮਝੇ ਕੋਈ ਨਾ ਧਾਮ ਨਵੇਲਾ, ਦਰਗਾਹ ਸਾਚੀ ਵੇਖਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੈਂ ਦੱਬੀ ਪਾਪਾਂ ਭਾਰ, ਕਲਜੁਗ ਕੂੜ ਰਿਹਾ ਦਬਾਈਆ। ਸਤਿ ਧਰਮ ਦੀ ਪਾਏ ਕੋਈ ਨਾ ਸਾਰ, ਸਚ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਧੂੰਆਂਧਾਰ, ਸਤਿ ਜੋਤ ਨਾ ਕੋਇ ਰੁਸ਼ਨਾਈਆ। ਲਹਿਣਾ ਤੱਕ ਲੈ ਪੈਗ਼ੰਬਰ ਗੁਰ ਅਵਤਾਰ, ਪੇਸ਼ੀਨਗੋਈਆਂ ਨਾਲ ਮਿਲਾਈਆ। ਮੈਂ ਨਿਰਧਨ ਹੋ ਕੇ ਕਰਾਂ ਪੁਕਾਰ, ਬਿਨ ਨੈਣਾਂ ਨੀਰ ਵਹਾਈਆ। ਤੂੰ ਸਰਧਨ ਪਾਵਣਹਾਰਾ ਸਾਰ, ਸਤਿਗੁਰ ਸਾਚਾ ਸਹਿਜ ਸੁਖਦਾਈਆ। ਮੇਰੀ ਹਾਲਤ ਵੇਖ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਤੇਰਾ ਅਲਾਹੀ ਰੂਪ ਅਪਾਰ, ਅਮਾਮ ਅਮਾਮੇ ਭੇਵ ਦੇਣਾ ਚੁਕਾਈਆ। ਮੇਰੀ ਡੰਡਾਵਤ ਬੰਦਨਾ ਸਜਦਿਆਂ ਵਿਚ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਮੈਂ ਸਦੀ ਚੌਧਵੀਂ ਹੋਈ ਦੁਖਿਆਰ, ਬੀਸਵੀਂ ਲੇਖਾ ਰਹੀ ਵਖਾਈਆ। ਕਿਰਪਾ ਕਰ ਮੇਰੇ ਕਰਤਾਰ, ਕੁਦਰਤ ਕਾਦਰ ਹੋ ਸਹਾਈਆ। ਮੇਰਾ ਪੂਰਬ ਲਹਿਣਾ ਦੇਣਾ ਕਰਜ਼ ਉਤਾਰ, ਮਕਰੂਜ਼ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਸਾਂਝਾ ਯਾਰ, ਪਰਵਰਦਿਗਾਰ ਇਕ ਅਖਵਾਈਆ। ਮੈਂ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਨਿਤ ਨਿਤ ਕਰਦੀ ਰਹੀ ਇੰਤਜ਼ਾਰ, ਵੇਖਾਂ ਥਾਉਂ ਥਾਈਂਆ। ਤੇਰਾ ਖੇਲ ਕਲ ਕਲਕੀ ਅਵਤਾਰ, ਨਿਰਗੁਣ ਧਾਰ ਤੇਰੀ ਬੇਪਰਵਾਹੀਆ। ਮੇਰਾ ਦੁੱਖੜਾ ਦੇ ਨਿਵਾਰ, ਦੁੱਖ ਭੈ ਭੰਜਣ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਮੇਰੀ ਪਾਉਣੀ ਸਾਰ, ਨਿਰਵੈਰ ਆਪਣੀ ਦਇਆ ਕਮਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਸ਼ਹਿਰ ਦੀਨਾ ਨਗਰ ਮਹਿੰਦਰ ਸਿੰਘ ਸਵਰਨ ਸਿੰਘ ਹਰਭਜਨ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਧਰਨੀ ਲੱਗਾ ਭਾਗ, ਧਵਲ ਧੌਲ ਮਿਲੀ ਵਡਿਆਈਆ। ਜਿਸ ਦੇ ਉਤੇ ਦੀਪਕ ਜੋਤ ਜਗੇ ਚਰਾਗ਼, ਨਿਰਗੁਣ ਨੂਰ ਨੁਰਾਨਾ ਡਗਮਗਾਈਆ। ਮੇਲਾ ਮੇਲੇ ਸਾਹਿਬ ਕੰਤ ਸੁਹਾਗ, ਹਰਿ ਕਰਤਾ ਧੁਰਦਰਗਾਹੀ। ਦੁਰਮਤ ਮੈਲ ਧੋਵੇ ਦਾਗ਼, ਪਾਪਾਂ ਕਰੇ ਸਫ਼ਾਈਆ। ਸਾਚਾ ਬਖ਼ਸ਼ੇ ਅੰਤਸ਼ਕਰਨ ਵਿਚ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਹਰਿਜਨ ਹੰਸ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਧਰਮ ਦੀ ਧਾਰ ਪ੍ਰਗਟਾਏ ਸਮਾਜ, ਸਮਿਗਰੀ ਨਾਮ ਵਾਲੀ ਵਰਤਾਈਆ। ਜਨ ਭਗਤਾਂ ਨਿਜ ਨੇਤਰ ਖੋਲ ਕੇ ਜਾਗ, ਲੋਚਨ ਆਪਣੇ ਨਾਲ ਮਿਲਾਈਆ। ਕਲਜੁਗ ਵਿਚ ਸਤਿਜੁਗ ਦੱਸ ਰਿਵਾਜ, ਰੀਤੀ ਧਰਮ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਸੁਹਿਆ ਥਾਨ ਥਨੰਤਰ, ਪ੍ਰਭ ਦੇਵੇ ਮਾਣ ਵਡਿਆਈਆ। ਮੇਰੇ ਖ਼ੁਸ਼ੀ ਹੋਈ ਅੰਤਰ, ਅੰਤਸ਼ਕਰਨ ਲਏ ਅੰਗੜਾਈਆ। ਸਤਿ ਸਚ ਦਾ ਸੁਣ ਕੇ ਮੰਤਰ, ਮੇਰੇ ਅੰਦਰ ਵੱਜੀ ਵਧਾਈਆ। ਖੇਲੇ ਖੇਲ ਆਪ ਨਿਰੰਤਰ, ਨਿਰਵੈਰ ਦਇਆ ਕਮਾਈਆ। ਜੋ ਵੇਸ ਵਟਾਏ ਜੁਗਾ ਜੁਗੰਤਰ, ਅਵਤਾਰ ਪੈਗ਼ੰਬਰ ਗੁਰੂ ਗੁਰ ਨਾਮ ਦੁਹਰਾਈਆ। ਉਹ ਲੇਖਾ ਜਾਣੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋ ਧਰਮ ਦੀ ਧਾਰ ਬਣਾਏ ਬਣਤਰ, ਕਲਜੁਗ ਕਿਰਿਆ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ, ਢੋਲੇ ਬੇਪਰਵਾਹੀਆ। ਸਾਹਿਬ ਮਿਲਿਆ ਇਕ ਅਤੀਤ, ਤ੍ਰੈਭਵਣ ਧਨੀ ਬੇਪਰਵਾਹੀਆ। ਮੇਰਾ ਤਨ ਵਜੂਦ ਹੋਇਆ ਠਾਂਡਾ ਸੀਤ, ਅਗਨੀ ਤਤ ਦਿਆਂ ਬੁਝਾਈਆ। ਜਿਸ ਭੇਵ ਚੁਕਾਉਣਾ ਮੰਦਰ ਮਸੀਤ, ਕਾਇਆ ਕਾਅਬਿਆਂ ਦਏ ਵਡਿਆਈਆ। ਜੀਵਾਂ ਜੰਤਾਂ ਬਦਲ ਕੇ ਨੀਤ, ਨੀਤੀ ਆਪਣੀ ਇਕ ਦ੍ਰਿੜਾਈਆ। ਪਵਿਤ੍ਰ ਕਰ ਕੇ ਪਤਤ ਪੁਨੀਤ, ਦੁਰਮਤ ਮੈਲ ਧਵਾਈਆ। ਕਿਰਪਾ ਕਰ ਹਰਿ ਜਗਦੀਸ਼, ਜਗਦੀਸ਼ਰ ਦੇਵੇ ਮਾਣ ਵਡਿਆਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਬੀਸ ਬੀਸ, ਬੀਸ ਇਕੀਸਾ ਇਕ ਅਖਵਾਈਆ। ਜਿਸ ਦੇ ਛਤਰ ਝੁਲਣਾ ਸੀਸ, ਸਤਿਗੁਰ ਸ਼ਬਦ ਦਏ ਵਡਿਆਈਆ। ਇਕੋ ਕਲਮਾ ਨਾਮ ਦੱਸੇ ਹਦੀਸ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਰੰਗ ਰੰਗਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਤੱਕਾਂ, ਬਿਨ ਨੈਣਾਂ ਨੈਣ ਉਠਾਈਆ। ਵੇਖਾਂ ਹਕੀਕਤ ਹਕਾ, ਸਚ ਸਚ ਨਾਲ ਵਡਿਆਈਆ। ਜਿਸ ਲੇਖ ਚੁਕਾਉਣਾ ਕਾਅਬਿਆਂ ਵਾਲਾ ਮੱਕਾ, ਮਕਬਰੇ ਪੈਗ਼ੰਬਰਾਂ ਫੋਲ ਫੁਲਾਈਆ। ਉਹ ਜਗਤ ਜਹਾਨ ਦੇਣ ਵਾਲਾ ਧੱਕਾ, ਚਾਰੋਂ ਕੁੰਟ ਦਏ ਹਿਲਾਈਆ। ਜਿਸ ਦੀਨ ਦੁਨੀ ਦੀ ਕੀਮਤ ਰਹਿਣ ਦੇਣੀ ਨਹੀਂ ਕੋਈ ਟਕਾ, ਚਾਰੋਂ ਕੁੰਟ ਖੋਜ ਖੁਜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਆਪਣੀਆਂ ਖ਼ੁਸ਼ੀਆਂ ਦੇ ਵਿਚ ਰੱਤਾ, ਰਤਨ ਅਮੋਲਕ ਹੀਰੇ ਵੇਖ ਵਖਾਈਆ। ਜਿਸ ਦੀ ਜੋਤ ਧਾਰ ਅਗੰਮੀ ਸਤ੍ਹਾ, ਸਤਿ ਸਤਿਵਾਦੀ ਇਕ ਅਖਵਾਈਆ। ਜਿਸ ਦਾ ਨਿਰਗੁਣ ਸਰਗੁਣ ਅਵਤਾਰ ਪੈਗ਼ੰਬਰ ਗੁਰੂ ਦੇ ਕੇ ਗਏ ਪਤਾ, ਪਤਿਪਰਮੇਸ਼ਵਰ ਨਾਉਂ ਪ੍ਰਗਟਾਈਆ। ਜਿਸ ਦੇ ਗੋਬਿੰਦ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਕਥਾ, ਅੱਖਰ ਅੱਖਰਾਂ ਨਾਲ ਮਿਲਾਈਆ। ਜਿਸ ਨੂੰ ਦੀਨ ਦੁਨੀ ਟੇਕਦੀ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਉਹ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਪੁਰਖ ਸਮਰਥਾ, ਸਮਰਥ ਪੁਰਖ ਅਗੰਮ ਅਥਾਹੀਆ। ਜੋ ਲਹਿਣਾ ਦੇਣਾ ਭਗਤਾਂ ਦਏ ਇਕੱਠਾ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਸ਼ਬਦੀ ਧਾਰ ਹੋ ਕੇ ਦੋ ਜਹਾਨਾਂ ਫਿਰੇ ਨੱਠਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਲਹਿਣਾ ਦੇਣਾ ਦੇਵੇ ਯਥਾਰਥ ਯਥਾ, ਜੁਗ ਜੁਗ ਆਪਣਾ ਹੁਕਮ ਵਰਤਾਈਆ।
੨੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਗੁਰਦਾਸਪੁਰ ਸ਼ਹਿਰ ਸਰੂਪ ਸਿੰਘ ਦੇ ਗ੍ਰਹਿ
ਸਚ ਕਹੇ ਸਤਿਗੁਰ ਸ਼ਬਦ ਸ਼ਬਦ ਗੁਰਦੇਵਾ, ਦੇਵ ਆਤਮਾ ਦਏ ਵਡਿਆਈਆ। ਆਦਿ ਜੁਗਾਦੀ ਅਲਖ ਅਭੇਵਾ, ਅਗੋਚਰ ਕਹਿਣ ਕਿਛ ਨਾ ਪਾਈਆ। ਵਸਣਹਾਰਾ ਸਚਖੰਡ ਨਿਹਚਲ ਧਾਮ ਨਿਹਕੇਵਾ, ਦਰਗਾਹ ਸਾਚੀ ਸੋਭਾ ਪਾਈਆ। ਜਨ ਭਗਤਾਂ ਜੁਗ ਜੁਗ ਅੰਮ੍ਰਿਤ ਰਸ ਦੇਵੇ ਮੇਵਾ, ਅੰਮਿਉਂ ਰਸ ਆਪਣਾ ਨਾਮ ਚਖਾਈਆ। ਸਿਫ਼ਤ ਸਲਾਹੀ ਬਖ਼ਸ਼ੇ ਜਿਹਵਾ, ਰਸਨਾ ਹਰਿ ਹਰਿ ਰੰਗ ਰੰਗਾਈਆ। ਕੌਸਤਕ ਮਨੀਆ ਮਸਤਕ ਲਾਵੇ ਥੇਵਾ, ਜੋਤ ਲਲਾਟੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਬੇਪ੍ਰਵਾਹੀਆ। ਸਚ ਕਹੇ ਸਤਿਗੁਰ ਸ਼ਬਦ ਬਲੀ ਬਲਵਾਨ, ਬਲਧਾਰੀ ਇਕ ਅਖਵਾਈਆ। ਜੋ ਵਸੇ ਦਰਗਾਹ ਸਾਚੀ ਮੁਕਾਮੇ ਹਕ ਹਕ ਮਕਾਨ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਹੁਕਮ ਦੋ ਜਹਾਨ, ਸੰਦੇਸ਼ੇ ਨਰ ਨਰੇਸ਼ੇ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਉਣ, ਦੇਵਤ ਸੁਰ ਲਾਗਣ ਪਾਈਂਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਧਰਨ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਦਿਵਸ ਰੈਣ ਝੁਕਦੇ ਜ਼ਿਮੀਂ ਅਸਮਾਨ, ਲੱਖ ਚੁਰਾਸੀ ਜੀਵ ਜੰਤ ਆਤਮ ਧਾਰ ਲਾਗੇ ਪਾਈਂਆ। ਜੋ ਪੁਰਖ ਅਕਾਲਾ ਦੀਨ ਦਿਆਲਾ ਹੋਏ ਸਦ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਅੰਤਰ ਆਤਮ ਨਾਮ ਨਿਧਾਨ ਦੇਵੇ ਦਾਨ, ਵਸਤ ਅਮੁਲ ਅਤੁਲ ਵਰਤਾਈਆ। ਅੰਮਿਉਂ ਰਸ ਦੇ ਕੇ ਪੀਣ ਖਾਣ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਦੀਪਕ ਜੋਤ ਜਗਾ ਮਹਾਨ, ਕਾਇਆ ਮੰਦਰ ਅੰਦਰ ਕਰੇ ਰੁਸ਼ਨਾਈਆ। ਕੂੜੀ ਕਿਰਿਆ ਮਿਟੇ ਨਿਸ਼ਾਨ, ਸਤਿ ਸਚ ਨਾਲ ਪ੍ਰਗਟਾਈਆ। ਘਰ ਸਵਾਮੀ ਮਿਲੇ ਆਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਹਰਿ ਕਰਤਾ ਨੌਜਵਾਨ, ਜੋਬਨਵੰਤਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਸਤਿਗੁਰ ਸ਼ਬਦ ਆਦਿ ਆਦਿ ਦਾ ਦਾਤਾ, ਦੇਵਣਹਾਰ ਅਖਵਾਈਆ। ਲੱਖ ਚੁਰਾਸੀ ਪਿਤਾ ਮਾਤਾ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਆਤਮ ਪਰਮਾਤਮ ਜੋੜੇ ਨਾਤਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਈਸ਼ ਜੀਵ ਦੱਸੇ ਗਾਥਾ, ਨਿਸ਼ਅੱਖਰ ਕਰ ਪੜ੍ਹਾਈਆ। ਭੇਵ ਖੁਲਾਏ ਮਸਤਕ ਮਾਥਾ, ਜੋਤ ਲਲਾਟੀ ਡਗਮਗਾਈਆ। ਲਹਿਣਾ ਦੇਣਾ ਦੇਵੇ ਹਾਥੋ ਹਾਥਾ, ਹਰਿਜਨ ਹੋਏ ਆਪ ਸਹਾਈਆ। ਕਿਰਪਾ ਕਰੇ ਨਾਥ ਅਨਾਥਾ, ਦੀਨਨ ਆਪਣੀ ਗੋਦ ਟਿਕਾਈਆ। ਆਦਿ ਜੁਗਾਦਿ ਜਨ ਭਗਤਾਂ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਪੂਜਾ ਪਾਠਾ, ਸੋਹੰ ਸਤਿ ਸਰੂਪ ਦ੍ਰਿੜਾਈਆ। ਲੇਖ ਚੁਕਾਏ ਤੀਰਥ ਅੱਠ ਸਾਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਕਾਇਆ ਅੰਤਰ ਦਏ ਜਣਾਈਆ। ਭੇਵ ਰਹੇ ਨਾ ਮੰਦਰ ਮਸਜਦ ਸ਼ਿਵਦਵਾਲੇ ਮਾਠਾ, ਕਾਇਆ ਗੁਰੂਦਵਾਰ ਇਕ ਪ੍ਰਗਟਾਈਆ। ਸ਼ਬਦ ਅਗੰਮੀ ਮਾਰੇ ਸਾਟਾ, ਸੋਈ ਸੁਰਤ ਆਪ ਉਠਾਈਆ। ਅੰਮ੍ਰਿਤ ਜਾਮ ਪਿਆ ਕੇ ਬਾਟਾ, ਜਨਮ ਜਨਮ ਦੀ ਤ੍ਰਿਸ਼ਨਾ ਦਏ ਮੁਕਾਈਆ। ਦੀਪਕ ਜੋਤ ਜਗਾਏ ਲਲਾਟਾ, ਨੂਰੀ ਚੰਦ ਚੰਦ ਰੁਸ਼ਨਾਈਆ। ਆਤਮ ਸੇਜ ਸੁਹਾਏ ਖਾਟਾ, ਸਚ ਸਿੰਘਾਸਣ ਡੇਰਾ ਲਾਈਆ। ਜਨ ਭਗਤਾਂ ਆਵਣ ਜਾਵਣ ਮੇਟੇ ਵਾਟਾ, ਲੱਖ ਚੁਰਾਸੀ ਫੰਦ ਕਟਾਈਆ। ਕਿਰਪਾ ਕਰੇ ਪੁਰਖ ਸਮਰਾਥਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰੇ ਪਾਵੇ ਰਾਸਾ, ਮੰਡਲ ਮੰਡਪ
ਵੇਖ ਵਖਾਈਆ। ਹਰਿਜਨ ਜਨਹਰਿ ਦੇਵੇ ਆਪ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਵਿਸ਼ਿਆਂ ਤੋਂ ਬਾਹਰ ਦੇਵੇ ਵਿਸ਼ਵਾਸਾ, ਵਿਸ਼ਵ ਆਪਣਾ ਰੰਗ ਦਰਸਾਈਆ। ਕਿਰਪਾ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਈਆ। ਸਚ ਕਹੇ ਸਤਿਗੁਰ ਸ਼ਬਦ ਮਾਲਕ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਈਆ। ਵੇਖੇ ਵਿਗਸੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪਰਦਾ ਲਾਹੀਆ। ਧੁਰ ਅਗੰਮੀ ਸੁਣਾ ਕੇ ਨਾਦ, ਆਤਮਕ ਰਾਗ ਦਏ ਜਣਾਈਆ। ਸਚ ਸੰਦੇਸ਼ਾ ਕਰੇ ਅਹਿਲਾਦ, ਧੁਰ ਫ਼ਰਮਾਨਾ ਆਪ ਪ੍ਰਗਟਾਈਆ। ਸੰਤ ਸੁਹੇਲੇ ਵੇਖੇ ਆਪ, ਹਰਿਜਨ ਹਰਿ ਹਰਿ ਰੰਗ ਰੰਗਾਈਆ। ਅੰਦਰੋਂ ਕੱਢ ਕੇ ਵਾਦ ਵਿਵਾਦ, ਅੰਮ੍ਰਿਤ ਰਸ ਦਏ ਭਰਾਈਆ। ਬਿਨ ਰਸਨਾ ਜਿਹਵਾ ਦਏ ਸਵਾਦ, ਅਨਰਸ ਆਪਣਾ ਆਪ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਯਾਦ, ਪੂਰਬ ਲੇਖਾ ਦਏ ਮੁਕਾਈਆ। ਕਾਇਆ ਖੇੜਾ ਕਰ ਆਬਾਦ, ਸਾਢੇ ਤਿੰਨ ਹੱਥ ਵਸੇ ਧੁਰ ਦਾ ਮਾਹੀਆ। ਭਗਤ ਸੁਹੇਲੇ ਖੋਲ ਕੇ ਜਾਗ, ਸੁਰਤੀ ਸੁਰਤ ਸ਼ਬਦ ਜਗਾਈਆ। ਰਾਤੀ ਸੁੱਤਿਆਂ ਮਾਰ ਆਵਾਜ਼, ਦਿਨੇ ਜਾਗਦਿਆਂ ਮੇਲ ਮਿਲਾਈਆ। ਸਤਿ ਸਚ ਵਜਾ ਰਬਾਬ, ਰੱਬੀ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਸਤਿਗੁਰ ਸ਼ਬਦ ਆਦਿ ਜੁਗਾਦਿ ਮਿਲਾਪੀ, ਮਿਲਣੀ ਹਰਿ ਜਗਦੀਸ਼ ਕਰਾਈਆ। ਦੋ ਜਹਾਨਾਂ ਵਡ ਪ੍ਰਤਾਪੀ, ਬ੍ਰਹਿਮੰਡਾਂ ਖੰਡਾਂ ਖੇਲ ਖਿਲਾਈਆ। ਨਾਮ ਸੰਦੇਸ਼ਾ ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵੇ ਪਾਤੀ, ਬਿਨ ਹਰਫ਼ ਹਰੂਫ਼ ਜਣਾਈਆ। ਸ਼ਬਦ ਸੰਦੇਸ਼ਾ ਦੱਸ ਕੇ ਧੁਰ ਦਾ ਜਾਪੀ, ਕਲਮੇ ਨਾਮ ਨਾਲ ਵਡਿਆਈਆ। ਕੋਟਨ ਕੋਟ ਉਧਾਰੇ ਪਾਪੀ, ਪਤਤ ਪੁਨੀਤ ਬਣਾਈਆ। ਜਨ ਭਗਤਾਂ ਪੁਸ਼ਤ ਪਨਾਹ ਲਾ ਕੇ ਥਾਪੀ, ਥਪਕ ਥਪਕ ਆਪਣੀ ਗੋਦ ਟਿਕਾਈਆ। ਜਗਤ ਜਹਾਨ ਮੰਜ਼ਲ ਚਾੜ੍ਹੇ ਘਾਟੀ, ਅਗੇ ਹੋ ਨਾ ਕੋਇ ਅਟਕਾਈਆ। ਆਵਣ ਜਾਵਣ ਮੁਕਾਏ ਵਾਟੀ, ਲੱਖ ਚੁਰਾਸੀ ਪੰਧ ਰਹੇ ਨਾ ਰਾਈਆ। ਕਲਜੁਗ ਮੇਟੇ ਅੰਧੇਰੀ ਰਾਤੀ, ਨਿਰਗੁਣ ਨੂਰੀ ਚੰਦ ਕਰੇ ਰੁਸ਼ਨਾਈਆ। ਪੁਰਖ ਅਕਾਲ ਬਣ ਕੇ ਸਾਥੀ, ਸਗਲਾ ਸੰਗ ਰਖਾਈਆ। ਕਿਰਪਾ ਕਰੇ ਸਰਬ ਕਲਾ ਸਮਰਾਥੀ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਲੇਖਾ ਜਾਣੇ (ਦਿਵਸ ਰਾਤੀ), ਘੜੀ ਪਲ ਆਪਣੇ ਹੁਕਮ ਵਿਚ ਚਲਾਈਆ।
੨੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਦਿਆਂ ਵਧਾਈ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਜਿਨ੍ਹਾਂ ਦਾ ਮਾਲਕ ਪ੍ਰਿਤਪਾਲਕ ਧੁਰਦਰਗਾਹੀ, ਸਚਖੰਡ ਨਿਵਾਸੀ ਇਕ ਅਖਵਾਈਆ। ਆਦਿ ਜੁਗਾਦੀ ਬਣ ਕੇ ਪਿਤਾ ਮਾਈ, ਹਰਿਜਨ ਆਪਣੀ ਗੋਦ ਟਿਕਾਈਆ। ਸਚ ਪ੍ਰੀਤੀ ਜੋੜ ਕੇ ਥਾਉਂ ਥਾਈਂ, ਥਾਨ ਥਨੰਤਰ ਦਏ ਸੁਹਾਈਆ। ਜੋ ਹੁਕਮ ਸੰਦੇਸ਼ਾ ਸੁਣਦੇ ਚਾਈਂ ਚਾਈਂ, ਚਾਓ ਘਨੇਰਾ ਇਕ ਜਣਾਈਆ। ਪ੍ਰੇਮ ਪ੍ਰੀਤੀ ਅੰਦਰ ਕਰਦੇ ਵਾਹੀ,
ਵਾਇਦੇ ਪੂਰਬ ਜਨਮ ਪੂਰ ਕਰਾਈਆ। ਰਾਮ ਦੀ ਰਾਮ ਨਾਲ ਦੁਹਾਈ, ਰਮਈਆ ਹੋ ਕੇ ਰਿਹਾ ਸੁਣਾਈਆ। ਪੂਰਬਲੇ ਲੇਖੇ ਰਿਹਾ ਭੁਗਤਾਈ, ਭਗਵਨ ਆਪਣਾ ਰੰਗ ਰੰਗਾਈਆ। ਜੋ ਵਿਛੋੜੇ ਵਿਚ ਪਿਛੇ ਕਟੀ ਜੁਦਾਈ, ਸੋ ਲਹਿਣੇ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਤਿ ਸੱਚਾ ਪਿਆਰ, ਰੀਤੀ ਸਚ ਜਣਾਈਆ। ਮੇਰਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਦਏ ਵਡਿਆਈਆ। ਮੈਂ ਸਦਾ ਰਹਾਂ ਜੁਗ ਚਾਰ, ਚੌਕੜੀ ਖੇਲ ਖਿਲਾਈਆ। ਭਗਤ ਸੁਹੇਲੇ ਵੇਖਾਂ ਮੀਤ ਮੁਰਾਰ, ਨਿਰਗੁਣ ਹੋ ਕੇ ਰੰਗ ਰੰਗਾਈਆ। ਬੋਧ ਅਗਾਧਾ ਹੋ ਕੇ ਪਾਵਾਂ ਸਾਰ, ਪਰਦੇ ਪਰਦਿਆਂ ਵਿਚੋਂ ਉਠਾਈਆ। ਸਚ ਪ੍ਰੀਤੀ ਬਖ਼ਸ਼ ਅਧਾਰ, ਧੀਰਜ ਧੀਰ ਆਪ ਧਰਾਈਆ। ਰੋਗ ਸੋਗ ਜਗਤ ਨਿਵਾਰ, ਲੱਖ ਚੁਰਾਸੀ ਫੰਦ ਕਟਾਈਆ। ਵੇਖਾਂ ਵਿਗਸਾਂ ਪਾਵਾਂ ਸਾਰ, ਬਿਨ ਨੈਣਾਂ ਨੈਣ ਖੁਲਾਈਆ। ਜੋ ਹਰਿਜਨ ਸੰਤ ਸੁਹੇਲੇ ਪਿਛੇ ਰਹੇ ਵਿਚ ਦਰਬਾਰ, ਹਰਿ ਭਗਤ ਦਵਾਰੇ ਸੇਵ ਕਮਾਈਆ। ਤਿਨ੍ਹਾਂ ਦਾ ਪੂਰਬ ਕਰਜ਼ਾ ਦਿਆਂ ਹੁਦਾਰ, ਲੇਖੇ ਲੇਖਿਆਂ ਨਾਲ ਮਿਲਾਈਆ। ਜਨਮ ਕਰਮ ਤੋਂ ਕੱਢ ਕੇ ਬਾਹਰ, ਸਚਖੰਡ ਸਾਚੇ ਦਿਆਂ ਮਾਣ ਵਡਿਆਈਆ। ਫੇਰ ਜਨਮ ਨਾ ਹੋਵੇ ਦੂਜੀ ਵਾਰ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਜੋ ਵਿਛੋੜੇ ਵਿਚ ਕਰਦੇ ਰਹੇ ਯਾਦ, ਦਿਵਸ ਰੈਣ ਧਿਆਨ ਲਗਾਈਆ। ਤਿਨ੍ਹਾਂ ਨਾਮ ਨਿਧਾਨਾ ਦੇਵਾਂ ਦਾਦ, ਵਸਤ ਅਮੁਲ ਅਤੁਲ ਵਰਤਾਈਆ। ਨਿਜ ਨੇਤਰ ਖੋਲਾਂ ਜਾਗ, ਪਰਦਾ ਪਰਦਿਆਂ ਵਿਚੋਂ ਉਠਾਈਆ। ਹਰਿਜਨ ਹੋਵਣ ਵਡ ਵਡ ਭਾਗ, ਮੇਲਾ ਮੇਲੇ ਸਹਿਜ ਸੁਖਦਾਈਆ। ਘਰ ਦੀਪਕ ਜਗਾਏ ਚਰਾਗ਼, ਨੂਰ ਨੁਰਾਨਾ ਕਰ ਰੁਸ਼ਨਾਈਆ। ਸੰਤ ਸੁਹੇਲੇ ਬਣਾਏ ਸਾਧ, ਸਾਧਨਾ ਚਰਨ ਕਵਲ ਸਮਝਾਈਆ। ਜੋ ਤੂੰ ਮੇਰਾ ਮੈਂ ਤੇਰਾ ਰਹੇ ਅਰਾਧ, ਸੋਹੰ ਢੋਲਾ ਗਾਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੀ ਸੇਵਾ ਸਦਾ ਮਨਜ਼ੂਰ, ਸਿਰ ਸਿਰ ਮਿਲੇ ਮਾਣ ਵਡਿਆਈਆ। ਸਤਿਗੁਰ ਦਾ ਪੰਧ ਨਹੀਂ ਕੋਈ ਦੂਰ, ਦੂਰ ਨੇੜੇ ਇਕੋ ਸੋਭਾ ਪਾਈਆ। ਸਵਾਮੀ ਸਦਾ ਸਦ ਹਾਜ਼ਰ ਹਜ਼ੂਰ, ਹਰ ਘਟ ਬੈਠਾ ਬੇਪਰਵਾਹੀਆ। ਨਾਮ ਖ਼ੁਮਾਰੀ ਬਖ਼ਸ਼ੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਤੁਸੀਂ ਆਤਮ ਪਰਮਾਤਮ ਦੇ ਮਜ਼ਦੂਰ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਵਖਾਈਆ। ਕੋਟਨ ਕੋਟ ਜਨਮ ਦੇ ਤੁਹਾਡੇ ਬਖ਼ਸ਼ ਦਿਤੇ ਕਸੂਰ, ਪਿਛਲਾ ਲੇਖਾ ਰਿਹਾ ਨਾ ਰਾਈਆ। ਅਗੇ ਨਾਮ ਭੰਡਾਰੇ ਨਾਲ ਕਰ ਭਰਪੂਰ, ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜੋ ਹਰਿ ਭਗਤ ਦਵਾਰੇ ਵਸਦੇ, ਬਿਰਧ ਬਾਲ ਪੁਰਖ ਨਾਰ ਇਕੋ ਰੰਗ ਰੰਗਾਈਆ। ਉਨ੍ਹਾਂ ਅੰਦਰ ਭਰੇ ਭੰਡਾਰੇ ਨਾਮ ਜਸ ਦੇ, ਸਿਫ਼ਤ ਸਿਫ਼ਤਾਂ ਨਾਲ ਸਲਾਹੀਆ। ਉਹ ਪ੍ਰੇਮੀ ਪਿਆਰੇ ਅਲਖਣਾ ਅਲਖ ਦੇ, ਅਲਖ ਅਗੋਚਰ ਜੋ ਅਖਵਾਈਆ। ਜੋ ਸਰਨ ਸਰਨਾਈ ਢੱਠ ਦੇ, ਧੂੜੀ ਖ਼ਾਕ ਰਮਾਈਆ। ਉਨ੍ਹਾਂ ਝਗੜੇ ਮੁਕ ਗਏ ਤਤ ਅੱਠ ਦੇ, ਨਵ ਦਰ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਭਗਤ ਦਵਾਰ ਕਹੇ ਜਨ ਭਗਤ
ਮੇਰੇ ਪਿਆਰੇ ਮੀਤ, ਜੋ ਦਿਵਸ ਰੈਣ ਮੇਰੇ ਅੰਦਰ ਖ਼ੁਸ਼ੀ ਬਣਾਈਆ। ਮੇਰਾ ਸਾਹਿਬ ਵਸੇ ਚੀਤ, ਠਗੌਰੀ ਮਨ ਰਹੇ ਨਾ ਰਾਈਆ। ਮੇਰੀ ਸਾਚੀ ਚਲੇ ਰੀਤ, ਜਗਤ ਵੱਜੇ ਵਧਾਈਆ। ਸਭ ਦੀ ਪਵਿਤ੍ਰ ਕਰੇ ਨੀਤ, ਨੀਤੀ ਕੂੜ ਰਹੇ ਨਾ ਰਾਈਆ। ਕਾਇਆ ਹੋਏ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਤੁਹਾਡਾ ਪੂਰਬ ਜਨਮ ਦਾ ਲੇਖਾ, ਜਨ ਭਗਤੋ ਧਰਮ ਧਾਰ ਜਣਾਈਆ। ਜਿਸ ਵਿਚ ਭਰਮ ਰਹੇ ਨਾ ਭੁਲੇਖਾ, ਭਾਂਡਾ ਭਰਮ ਦੇਣਾ ਭੰਨਾਈਆ। ਤੁਹਾਡਾ ਮਾਲਕ ਇਕ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਸ਼ਬਦੀ ਧਾਰ ਗੋਬਿੰਦ ਦਸ ਦਸਮੇਸ਼ਾ, ਸੰਬਲ ਬੈਠਾ ਗੋਬਿੰਦ ਵੇਖ ਵਖਾਈਆ। ਸਦਾ ਸਦਾ ਸਦ ਕਰੇ ਹੇਤਾ, ਹਿਤਕਾਰੀ ਇਕ ਅਖਵਾਈਆ। ਜਿਹੜਾ ਜੁਗ ਚੌਕੜੀ ਕਦੇ ਨਹੀਂ ਭੁੱਲਿਆ ਚੇਤਾ, ਚੇਤਨ ਹੋ ਕੇ ਚੇਤਨ ਰਿਹਾ ਕਰਾਈਆ। ਬੇਸ਼ਕ ਤੁਹਾਡੀ ਭਗਤੀ ਹੁੰਦੀ ਵਿਚ ਖੇਤਾ, ਤਨ ਵਜੂਦ ਰਸਨਾ ਜਿਹਵਾ ਹੱਥਾਂ ਪੈਰਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਜੋ ਗ੍ਰਹਿ ਮੰਦਰ ਸੇਵਾਦਾਰ, ਭਗਤ ਦਵਾਰ ਵੱਜੇ ਵਧਾਈਆ। ਪ੍ਰਭ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਇਕ ਅਖਵਾਈਆ। ਜਿਸ ਦਾ ਖੇਲ ਅਪਾਰ, ਅਪਰੰਪਰ ਹੋ ਕੇ ਆਪ ਖਿਲਾਈਆ। ਜੋ ਜਨਮ ਜਨਮ ਦੇ ਵਿਛੜੇ ਮੇਲੇ ਆਪ ਕਰਤਾਰ, ਕੁਦਰਤ ਦਾ ਕਾਦਰ ਦਇਆ ਕਮਾਈਆ। ਤੁਹਾਡਾ ਲੇਖ ਜਨਮ ਕਰਮ ਹੋਏ ਉਜਿਆਰ, ਪੂਰਬ ਲੇਖਾ ਨਾਲ ਮਿਲਾਈਆ। ਸਭ ਦੇ ਸੀਸ ਜਗਦੀਸ਼ ਦਏ ਪਿਆਰ, ਬਾਲ ਬਿਰਧ ਇਕੋ ਮਾਣ ਵਡਿਆਈਆ। ਇਸਤਰੀ ਪੁਰਸ਼ ਚਰਨ ਉਧਾਰ, ਧੂੜੀ ਖ਼ਾਕ ਖ਼ਾਕ ਰਮਾਈਆ। ਸਤਿਗੁਰ ਸ਼ਬਦ ਕਹੇ ਤੁਹਾਡਾ ਲੇਖਾ ਜੁਗ ਚੌਕੜੀ ਵਿਸਰੇ ਨਾ ਕਦੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੁਹਾਡੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਜਨ ਭਗਤਾਂ ਆਦਿ ਜੁਗਾਦਿ ਪਾਵੇ ਸਾਰ, ਮਹਾਸਾਰਥੀ ਆਪਣੀ ਦਇਆ ਕਮਾਈਆ।
੨੯ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ ਉਧਮ ਸਿੰਘ ਦੇ ਗ੍ਰਹਿ
ਨਾਰਦ ਕਹੇ ਸੁਣ ਗੰਗਾ ਗੋਦਾਵਰੀ ਜਮਨਾ ਸੁਰਸਤੀ, ਜਲ ਜਲ ਧਾਰ ਲਓ ਅੰਗੜਾਈਆ। ਨਿਰਗੁਣ ਧਾਰ ਏਕੰਕਾਰ ਦੀ ਵੇਖੋ ਅਗੰਮੀ ਬਸਤੀ, ਜਿਸ ਦੀ ਹੱਦ ਹਦੂਦ ਮਹਿਦੂਦ ਨਜ਼ਰ ਕੋਇ ਨਾ ਆਈਆ। ਜਿਥੇ ਭਗਤੀ ਦੀ ਭਾਵਨਾ ਮਿਲਦੀ ਸਸਤੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਕੀਮਤ ਨਾ ਕੋਇ ਲਗਾਈਆ। ਬਿਨਾ ਖ਼ੁਮਾਰੀਉਂ ਚੜ੍ਹਦੀ ਮਸਤੀ, ਮਸਤ ਮਸਤਾਨੇ ਰੂਪ ਜਣਾਈਆ। ਬਿਨਾ ਨੈਣਾਂ ਤੋਂ ਤੱਕੋ ਉਸ ਪ੍ਰੀਤਮ ਦੀ ਹੱਸਤੀ, ਜੋ ਹਸਤ ਕੀਟਾਂ ਵਿਚ ਸਮਾਈਆ। ਜਿਸ ਦੀ ਖੇਲ ਅਲਖਣਾ ਅਲਖ ਦੀ, ਅਲਖ ਅਗੋਚਰ ਧੁਰਦਰਗਾਹੀਆ। ਜਿਸ ਦੇ ਪਿਆਰ ਵਿਚ ਸਤਿ ਦੀ ਧਾਰ ਸਥਰ ਲਥਦੀ, ਸੁਹੰਜਣੀ ਸੇਜ ਹੰਢਾਈਆ। ਉਹ ਖੇਲ ਤੱਕ ਪੁਰਖ ਸਮਰਥ ਦੀ, ਕੀ ਕਰਨੀ ਕਾਰ ਕਮਾਈਆ। ਝਟ
ਗੰਗਾ ਅਗੋਂ ਹੱਸਦੀ, ਨਾਰਦ ਰਹੀ ਜਣਾਈਆ। ਇਹ ਪੰਡਤਾ ਖੇਲ ਨਹੀਂ ਕਿਸੇ ਦੇ ਵਸ ਦੀ, ਭੇਵ ਅਭੇਦ ਨਾ ਕੋਇ ਖੁਲਾਈਆ। ਮੈਂ ਜੁਗ ਚੌਕੜੀ ਵਹਿੰਦੀ ਧਾਰ ਰਹੀ ਨੱਸਦੀ, ਭੱਜਾਂ ਵਾਹੋ ਦਾਹੀਆ। ਮੇਰੀ ਆਸ਼ਾ ਭਰੀ ਜਸ ਦੀ, ਬਿਨ ਰਸਨਾ ਢੋਲੇ ਗਾਈਆ। ਮੇਰੀ ਕਿਰਤ ਕਮਾਈ ਨਹੀਂ ਕੋਈ ਹੱਥ ਦੀ, ਬਿਨ ਤਨ ਵਜੂਦ ਸੇਵ ਕਮਾਈਆ। ਮੈਂ ਵਣਜਾਰਨ ਮਿਤ੍ਰ ਪਿਆਰੇ ਦੀ ਅਗੰਮੀ ਅੱਖ ਦੀ, ਲੋਚਨ ਲੋਚਨ ਨਾਲ ਮਿਲਾਈਆ। ਮੇਰੀ ਖੇਲ ਨਹੀਂ ਕੋਈ ਵੱਖ ਦੀ, ਵੱਖਰੀ ਵੰਡ ਨਾ ਕੋਇ ਵੰਡਾਈਆ। ਮੈਂ ਓਸੇ ਦੀ ਆਸ਼ਾ ਰਖਦੀ, ਜੋ ਸਭ ਦਾ ਪਿਤਾ ਮਾਈਆ। ਓਸੇ ਦੇ ਹੁਕਮ ਅੰਦਰ ਵਸਦੀ, ਲੋਕਮਾਤ ਡੇਰਾ ਲਾਈਆ। ਮੈਂ ਵਣਜਾਰਨ ਕਮਲਾਪਤ ਦੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਨਾਰਦ ਕਹੇ ਉਹਨੂੰ ਸਾਰ ਕਮਲੀਏ ਘਟ ਘਟ ਦੀ, ਵੇਖਣਹਾਰਾ ਥਾਉਂ ਥਾਈਂਆ। ਜਿਸ ਦੀ ਜੋਤ ਜਗੇ ਲਟ ਲਟ ਦੀ, ਦੋ ਜਹਾਨਾਂ ਡਗਮਗਾਈਆ। ਉਹ ਸਾਰ ਪਾਵੇ ਕਾਇਆ ਭਾਂਡੇ ਮੱਟ ਦੀ, ਤਨ ਵਜੂਦਾਂ ਫੋਲ ਫੁਲਾਈਆ। ਗੰਗਾ ਕਹੇ ਨਾਰਦ ਮੈਂ ਉਸੇ ਦੇ ਚਰਨਾਂ ਸਿਰ ਸਟਦੀ, ਨਿਵ ਨਿਵ ਲਾਗਾਂ ਪਾਈਂਆ। ਜਿਸ ਖੇਲ ਮੁਕਾਉਣੀ ਅੱਠ ਸੱਠ ਦੀ, ਤੀਰਥ ਤੱਟਾਂ ਨਾਲ ਮਿਲਾਈਆ। ਨਾਰਦ ਕਹੇ ਗੰਗਾ ਉਸ ਦੀ ਸੂਰਤ ਅਗੰਮੀ ਧਾਰ ਜੱਟ ਦੀ, ਜਟਾ ਜੂਟ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਸੁਰਸਤੀ ਕਹੇ ਸੁਣ ਨਾਰਦ ਵੀਰਾ, ਪੰਡਤਾ ਦੇਣਾ ਜਣਾਈਆ। ਕੀ ਤੇਰੇ ਕੋਲ ਸਭ ਦੀਆਂ ਤਕਦੀਰਾਂ, ਤਦਬੀਰਾਂ ਨਾਲ ਜਣਾਈਆ। ਕੀ ਖੇਲ ਬੇਨਜ਼ੀਰਾ, ਨਜ਼ਰਾਂ ਤੋਂ ਓਹਲੇ ਰਿਹਾ ਕਰਾਈਆ। ਕੀ ਲੇਖਾ ਸ਼ਾਹ ਹਕੀਰਾ, ਪਰਦਾ ਦੇ ਉਠਾਈਆ। ਕੀ ਲਹਿਣਾ ਮਿਲਖ ਜਾਗੀਰਾ, ਸ਼ਾਹ ਸੁਲਤਾਨਾਂ ਕੀ ਵਡਿਆਈਆ। ਕੀ ਰਸ ਅੰਮ੍ਰਿਤ ਨੀਰਾ, ਜਲਾਂ ਕੀ ਖੇਲ ਖਿਲਾਈਆ। ਕੀ ਆਸ਼ਾ ਰੱਖ ਕੇ ਗਿਆ ਕਬੀਰਾ, ਕਬਰਾਂ ਬਾਹਰ ਨੈਣ ਉਠਾਈਆ। ਕੀ ਇਸ਼ਾਰਾ ਦੇਵੇ ਰਵੀਦਾਸ ਵਾਲਾ ਕਸੀਰਾ, ਸਚ ਦੇਣਾ ਜਣਾਈਆ। ਨਾਰਦ ਕਹੇ ਸੁਰਸਤੀ ਪਹਿਲੋਂ ਸੰਭਾਲ ਆਪਣਾ ਚੀਰਾ, ਚਿਰੀ ਵਿਛੁੰਨੀਏ ਤੈਨੂੰ ਦਿਆਂ ਜਣਾਈਆ। ਉਹ ਮਾਲਕ ਖਾਲਕ ਵਡ ਪੀਰਨ ਪੀਰਾ, ਪਾਰਬ੍ਰਹਮ ਅਖਵਾਈਆ। ਜਿਸ ਦੇ ਚਰਨਾਂ ਵਿਚ ਕੋਟਨ ਕੋਟ ਰੁਲਦੀਆਂ ਤੇਰੇ ਜਿਹੀਆਂ ਹੀਰਾਂ, ਚਰਨੀ ਧੂੜ ਖ਼ਾਕ ਰਮਾਈਆ। ਉਸ ਦੀਆਂ ਸਭ ਤੋਂ ਵੱਖਰੀਆਂ ਤਦਬੀਰਾਂ, ਤਰੀਕਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੋਦਾਵਰੀ ਕਹੇ ਸੁਣ ਧਰਮ ਧਾਰ ਦੇ ਪਾਂਧੇ, ਪੰਡਤਾ ਦੇ ਜਣਾਈਆ। ਕੀ ਹੁਕਮ ਸੰਦੇਸੇ ਵਿਸ਼ਨ ਬ੍ਰਹਮਾ ਸ਼ਿਵ ਗਾਂਦੇ, ਢੋਲੇ ਰਹੇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕੀ ਆਂਹਦੇ, ਬਿਨ ਅੱਖਰਾਂ ਅੱਖਰ ਜਣਾਈਆ। ਕਿਸ ਬਿਧ ਝਗੜੇ ਮਿਟਣੇ ਸੂਰ ਗਾਂ ਦੇ, ਪਰਦਾ ਓਹਲਾ ਦੇ ਉਠਾਈਆ। ਕੀ ਵਣਜ ਹੋਣੇ ਇਕੋ ਨਾਂ ਦੇ, ਨਾਉਂ ਨਿਰੰਕਾਰ ਇਕ ਸਮਝਾਈਆ। ਕੀ ਦੀਨ ਦੁਨੀ ਸਪੂਤ ਬਣਨੇ ਧਰਨੀ ਮਾਂ ਦੇ, ਇਕੋ ਗੋਦ ਸੋਭਾ ਪਾਈਆ। ਨਾਰਦ ਕਹੇ ਗੋਦਾਵਰੀ ਝਗੜੇ ਪੈਣ ਥਾਂ ਥਾਂ ਦੇ, ਅਗੇ ਹੋ ਨਾ ਕੋਇ ਅਟਕਾਈਆ। ਨਿਸ਼ਾਨ ਰਹਿਣੇ ਨਹੀਂ ਨਗਰ ਗਰਾਂ ਦੇ, ਗਹਿਰ ਗੰਭੀਰ ਰਿਹਾ ਜਣਾਈਆ। ਵਿਛੋੜੇ ਹੋਣੇ ਪੁਤਰਾਂ ਮਾਂ ਦੇ, ਪਿਤਾ ਪੂਤ ਨਾ ਕੋਇ ਸਹਾਈਆ। ਓਹ ਖੇਲ ਤੱਕ ਸ਼ਹਿਨਸ਼ਾਹ ਦੇ, ਜੋ ਸ਼ਾਹੀ ਕਲਜੁਗ ਦਏ ਬਦਲਾਈਆ। ਸੰਦੇਸ਼ੇ ਸੁਣ ਲੈ ਵਾਹ ਵਾਹ ਦੇ, ਜੋ ਵਾਹਿਗੁਰੂ ਗੋਬਿੰਦ ਗਿਆ ਦ੍ਰਿੜਾਈਆ। ਇਕੋ ਹੁਕਮ ਚਲਣੇ ਆਲੀਜਾਹ ਦੇ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਸਚ ਸੰਦੇਸ਼ੇ
ਸੁਣਨੇ ਹਕ ਖ਼ੁਦਾ ਦੇ, ਖ਼ੁਦ ਮਾਲਕ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਮਨਾ ਕਹੇ ਨਾਰਦਾ ਮੈਨੂੰ ਤੇਰੀ ਬੋਦੀ ਲੱਗੇ ਚੰਗੀ, ਚੰਗੀ ਤਰਾ ਦੇਣਾ ਜਣਾਈਆ। ਕੀ ਖੇਲ ਕਰੇ ਸੂਰਾ ਸਰਬੰਗੀ, ਹਰਿ ਕਰਤਾ ਧੁਰਦਰਗਾਹੀਆ। ਨਾਰਦ ਕਹੇ ਤੂੰ ਸੋਹਣੀ ਮੰਗ ਮੰਗੀ, ਤੇਰੀ ਝੋਲੀ ਦਿਆਂ ਭਰਾਈਆ। ਓਹ ਤੱਕ ਸਦੀ ਚੌਧਵੀਂ ਜਾਂਦੀ ਲੰਘੀ, ਆਪਣਾ ਪੰਧ ਮੁਕਾਈਆ। ਈਸਾ ਦਾ ਰਾਹ ਤੱਕਣ ਫ਼ਰੰਗੀ, ਬਿਨ ਨੈਣਾਂ ਨੈਣ ਉਠਾਈਆ। ਜਗਤ ਦੀ ਧਾਰ ਹੋਣੀ ਜੰਗੀ, ਚਾਰੋਂ ਕੁੰਟ ਲਏ ਅੰਗੜਾਈਆ। ਨਵ ਸੱਤ ਤੇ ਹੋਣੀ ਤੰਗੀ, ਤੰਗ ਦਸਤ ਹੋਏ ਲੋਕਾਈਆ। ਜਮਨਾ ਤੂੰ ਵੀ ਵਾਹ ਕੇ ਰੱਖੀਂ ਕੰਘੀ, ਮੇਂਢੀ ਸੀਸ ਵਾਲੀ ਗੁੰਦਾਈਆ। ਬਿਨਾ ਧਰਮ ਧਾਰ ਤੋਂ ਸ੍ਰਿਸ਼ਟੀ ਸਾਰੀ ਹੋਣੀ ਰੰਡੀ, ਸਗਲਾ ਸੰਗ ਨਾ ਕੋਇ ਬਣਾਈਆ। ਕ੍ਰਿਸ਼ਨ ਦੀ ਯਾਦ ਵਿਚ ਤੇਰੇ ਉਤੇ ਚਮਕਣੀ ਚੰਡੀ, ਚਾਰੋਂ ਕੁੰਟ ਵੇਖਣਾ ਚਾਈਂ ਚਾਈਂਆ। ਇਹਦੀ ਆਯੂ ਨਹੀਂ ਕੋਈ ਲੰਬੀ, ਸਹਿਜ ਨਾਲ ਸੁਣਾਈਆ। ਜਮਨਾ ਕਹੇ ਨਾਰਦਾ ਮੈਂ ਸੁਣ ਕੇ ਰਹੀ ਕੰਬੀ, ਧੀਰਜ ਧੀਰ ਨਾ ਕੋਇ ਰਖਾਈਆ। ਕੀ ਸਭ ਦੇ ਨਾਲ ਮੇਰੇ ਸਾਹਿਬ ਦੀ ਸੰਧੀ, ਸੰਦੇਸਿਆਂ ਵਿਚ ਸੁਣਾਈਆ। ਕੀ ਸਚਮੁਚ ਦੁਨੀਆ ਹੋ ਗਈ ਅੰਧੀ, ਲੋਚਣ ਨੈਣ ਨਾ ਕੋਇ ਖੁਲਾਈਆ। ਅੰਦਰ ਵਾਸਨਾ ਭਰ ਗਈ ਗੰਦੀ, ਪਤਤ ਪੁਨੀਤ ਨਾ ਕੋਇ ਬਣਾਈਆ। ਨਾਰਦ ਕਹੇ ਜਮਨਾ ਤੁਹਾਡੀ ਧਾਰ ਕਰ ਸਕੇ ਨਾ ਠੰਡੀ, ਅਗਨੀ ਤਤ ਨਾ ਕੋਇ ਬੁਝਾਈਆ। ਹੁਣ ਵਿਦਿਆ ਰਹਿਣੀ ਨਹੀਂ ਪੰਡੀ, ਪੰਡਤਾਂ ਚਲੇ ਨਾ ਕੋਇ ਚਤੁਰਾਈਆ। ਪਿਛਲੀ ਵੇਖ ਲੈ ਮਿਟਦੀ ਜਾਂਦੀ ਪਗਡੰਡੀ, ਡੰਡਾਵਤ ਸਭ ਦੀ ਰਿਹਾ ਬਦਲਾਈਆ। ਕੋਈ ਰਹੇ ਨਾ ਸ਼ਰਅ ਦਾ ਘਮੰਡੀ, ਨਿਮਰਤਾ ਸਭ ਨੂੰ ਦਏ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਚਾਰੇ ਖੋਲੋ ਅੱਖਾਂ, ਕੁੰਟ ਚਾਰ ਧਿਆਨ ਲਗਾਈਆ। ਪੁਰਖ ਅਕਾਲਾ ਤੱਕੋ ਸਖ਼ਾ, ਜੋ ਸਾਜਣ ਮੀਤ ਬੇਪ੍ਰਵਾਹੀਆ। ਜਿਸ ਲਹਿਣਾ ਦੇਣਾ ਸਭ ਦਾ ਪੂਰਾ ਕਰਨਾ ਹੱਥੋ ਹੱਥਾ, ਹੁਦਾਰ ਰਹਿਣ ਕੋਇ ਨਾ ਪਾਈਆ। ਓਹ ਪਰਮ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਤੁਹਾਡੇ ਤੀਰਥ ਤੱਟਾ, ਘਾਟਾਂ ਫੋਲ ਫੁਲਾਈਆ। ਭੇਵ ਚੁਕਾਏ ਕਾਇਆ ਮੱਟਾ, ਤਨ ਵਜੂਦਾਂ ਵੇਖ ਵਖਾਈਆ। ਤੁਸਾਂ ਪਾਉਣਾ ਨਹੀਂ ਕੋਈ ਰੱਟਾ, ਸਚ ਦਿਆਂ ਸੁਣਾਈਆ। ਸਭ ਦਾ ਚੀਥੜ ਪੁਰਾਣਾ ਫਟਾ, ਓਢਣ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਪੈਂਡਾ ਸਭ ਦਾ ਜਾਂਦਾ ਟੱਪਾ, ਮੰਜ਼ਲ ਅਗੇ ਰਹੇ ਨਾ ਰਾਈਆ। ਪੁਰਖ ਅਕਾਲ ਦਾ ਲੇਖਾ ਜੁਗ ਚੌਕੜੀ ਪੱਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਤੁਸੀਂ ਚਾਰੇ ਵੇਖੋ ਕੁੰਟ ਚੌਵੰਨੀ, ਬਿਨ ਨੇਤਰ ਨੈਣ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਅੰਨ੍ਹੀ, ਨਿਜ ਲੋਚਨ ਨੈਣ ਨਾ ਕੋਇ ਖੁਲਾਈਆ। ਕਲਜੁਗ ਕੂੜੀ ਕਿਰਿਆ ਸਭ ਨੇ ਬੱਧੀ ਕੰਨੀ, ਕਾਇਨਾਤ ਗੰਢ ਪਵਾਈਆ। ਨਾਮ ਦਾ ਦਿਸੇ ਕੋਇ ਨਾ ਧਨੀ, ਮਾਇਆ ਮਮਤਾ ਮੋਹ ਵਿਚ ਸਰਬ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨੀ, ਦੋ ਜਹਾਨਾਂ ਵੇਖੇ ਥਾਉਂ ਥਾਈਂਆ।