੧੮ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਸੁਣ ਵੇ ਤਾਰਾ ਚੰਦਾ, ਸੂਰੀਆ ਆਪਣਾ ਸੰਗ ਬਣਾਈਆ। ਨਿਰਗੁਣ ਧਾਰ ਤੱਕੋ ਜੋਤ ਸਰੂਪ ਤਤਾਂ ਵਾਲਾ ਬੰਦਾ, ਬੰਦਗੀ ਚਾਰ ਜੁਗ ਤੋਂ ਬਾਹਰ ਜਣਾਈਆ। ਜਨ ਭਗਤਾਂ ਕਰਮ ਕੰਮ ਦਾ ਦੱਸ ਕੇ ਧੰਦਾ, ਧੁੰਦੂਕਾਰ ਵਿਚੋਂ ਬਾਹਰ ਕਢਾਈਆ। ਕਿਸੇ ਦਾ ਭਾਗ ਹੋਣ ਨਾ ਦੇਵੇ ਮੰਦਾ, ਵਡਭਾਗ ਰਿਹਾ ਬਣਾਈਆ। ਜਿਸ ਦਾ ਭਜਨ ਬੰਦਗੀ ਵਾਲਾ ਸਫ਼ਰ ਨਹੀਂ ਲੰਬਾ, ਮਿਹਰ ਨਜ਼ਰ ਨਾਲ ਤਰਾਈਆ। ਮੈਂ ਵੇਖ ਕੇ ਹੋ ਗਈ ਅਚੰਭਾ, ਹੈਰਾਨੀ ਵਿਚ ਰਹੀ ਸੁਣਾਈਆ। ਜੋ ਭਗਤ ਸੁਹੇਲੇ ਉਧਾਰੇ ਲਗਾਏ ਆਪਣੇ ਅੰਗਾ, ਅੰਗੀਕਾਰ ਅਖਵਾਈਆ। ਜਿਨ੍ਹਾਂ
ਦੇ ਚਰਨ ਚੁੰਮਦੀ ਸੁਰਸਤੀ ਜਮਨਾ ਗੋਦਾਵਰੀ ਗੰਗਾ, ਨਿਵ ਨਿਵ ਸੀਸ ਨਿਵਾਈਆ। ਮੇਰਾ ਵੇਖ ਕੇ ਅੰਤਸ਼ਕਰਨ ਕੰਬਾ, ਸੁਧ ਬੁਧ ਰਹੀ ਨਾ ਰਾਈਆ। ਜਿਸ ਸਾਹਿਬ ਨੇ ਸਭ ਦੀ ਪਿੱਠ ਤੇ ਲਾਇਆ ਪੰਜਾ, ਪੰਜਾਂ ਤਤਾਂ ਪੰਧ ਮੁਕਾਈਆ। ਤੂੰ ਵੀ ਸੁਣ ਵੇ ਨਾਰਦ ਗੰਜਾ, ਬੋਦੀ ਤੇਰੀ ਦੇਵਾਂ ਸਮਝਾਈਆ। ਸਵਾਮੀ ਖੇਲ ਤੱਕ ਲੈ ਚੰਗਾ, ਚਾਰੋਂ ਕੁੰਟ ਅੱਖ ਉਠਾਈਆ। ਜਿਸ ਹਰਿਜਨ ਭਗਤੀ ਹੀਣ ਰਹਿਣ ਦਿਤਾ ਨਹੀਂ ਕੋਈ ਭੁੱਖਾ ਨੰਗਾ, ਨਾਮ ਭੰਡਾਰੇ ਆਪ ਭਰਾਈਆ। ਓਹ ਖੇਲ ਸਾਹਿਬ ਸੰਦਾ, ਜੋ ਸਰਘੀ ਸੰਧਿਆ ਧਿਆਨ ਲਗਾਈਆ। ਜਿਸ ਦੇ ਪਿਆਰ ਵਿਚ ਗੁਰਮੁਖਾਂ ਵਕਤ ਲੰਘਾ, ਖ਼ੁਸ਼ੀਆਂ ਢੋਲੇ ਗਾਈਆ। ਮੇਰੇ ਅੰਤਰ ਆਇਆ ਅਨੰਦਾ, ਅਨੰਦਪੁਰ ਵਾਲੇ ਦਿਤੀ ਵਡਿਆਈਆ। ਜਿਸ ਭੇਵ ਖੁਲਾਇਆ ਬ੍ਰਹਮ ਅਨੰਦਾ, ਪਾਰਬ੍ਰਹਮ ਦਇਆ ਕਮਾਈਆ। ਸੋ ਸਾਹਿਬ ਬਣ ਬਖ਼ਸ਼ੰਦਾ, ਮਿਹਰ ਨਜ਼ਰ ਉਠਾਈਆ। ਜਿਸ ਦੀ ਸਿਫ਼ਤ ਕਰਦੇ ਗਏ ਕਵੀ ਧਾਰ ਬਵੰਜਾ, ਬਾਵਨ ਸੰਗ ਬਣਾਈਆ। ਉਸ ਸ਼ਰਅ ਦਾ ਲੇਖੇ ਲਾਇਆ ਚੰਦਾ, ਸ਼ਬੇ ਰੋਜ਼ ਵੇਖ ਵਖਾਈਆ। ਮੇਰਾ ਸੀਨਾ ਕੀਤਾ ਠੰਡਾ, ਅਗਨੀ ਤਤ ਬੁਝਾਈਆ। ਪ੍ਰੇਮ ਪਿਆਰ ਦੀਆਂ ਪਾ ਕੇ ਗੰਢਾ, ਭਗਤ ਭਗਵਾਨ ਸੰਗ ਰਖਾਈਆ। ਮੈਨੂੰ ਯਾਦ ਆਉਂਦੀ ਜਿਸ ਕੋਲ ਗੁਰਮੁਖ ਭੱਜਦੇ ਚੁਕ ਪੰਡਾ, ਪਿੰਡ ਜੀਉ ਦਾ ਪੰਧ ਮੁਕਾਈਆ। ਮੈਂ ਖ਼ੁਸ਼ੀਆਂ ਵਿਚ ਕੀ ਵੰਡਾਂ, ਧਰਨੀ ਰਹੀ ਸੁਣਾਈਆ। ਝਟ ਬੋਲਿਆ ਨਾਰਦ ਪੰਡਾ, ਬੋਦੀ ਨਾਲ ਹਿਲਾਈਆ। ਨੀ ਧਰਨੀਏ ਤੂੰ ਵੇਖ ਲੈ ਕਲਜੁਗ ਅੰਤਮ ਕੰਢਾ, ਕੰਢੀ ਧਿਆਨ ਲਗਾਈਆ। ਸਾਹਿਬ ਦਾ ਤੱਕ ਲੈ ਸਤਿ ਦਾ ਡੰਡਾ, ਜੋ ਡੰਡਾਵਤ ਸਭ ਦੀ ਰਿਹਾ ਬਦਲਾਈਆ। ਜਿਸ ਖੇਲ ਖਿਲਾਉਣਾ ਨਵ ਖੰਡਾ, ਨਵ ਨਵ ਪੰਧ ਮੁਕਾਈਆ। ਜਿਸ ਦਾ ਸ਼ਬਦੀ ਧਾਰ ਅਗੰਮਾ ਖੰਡਾ, ਖੰਡਰਾਂ ਲੇਖ ਮੁਕਾਈਆ। ਪਰ ਧਰਨੀਏ ਮੇਰਾ ਦੁੱਖ ਸੁਣ ਲੈ ਮੈਂ ਜੁਗ ਚੌਕੜੀ ਰੰਡਾ, ਨਾਰਦ ਹੱਸ ਕੇ ਰਿਹਾ ਵਖਾਈਆ। ਮੇਰੀ ਬੋਦੀ ਦੇ ਨਾਲ ਨਹੀਂ ਕੋਈ ਝੰਡਾ, ਝੰਡੇ ਵਾਲਾ ਨਜ਼ਰ ਕੋਇ ਨਾ ਆਈਆ। ਪ੍ਰਭੂ ਦਾ ਵੇਸ ਤੱਕ ਲਾ ਨਾਲੇ ਤੱਕ ਪਾਖੰਡਾ, ਕੀ ਭੇਖੀ ਆਪਣਾ ਭੇਖ ਬਦਲਾਈਆ। ਧਰਨੀ ਕਹੇ ਨਾਰਦ ਪ੍ਰਭੂ ਪਿਆਰ ਭਗਤਾਂ ਨਾਲ ਹੰਢਾ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਕੀ ਖੇਲ ਦੱਸਾਂ ਅੱਜ ਦੇ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਮੇਰੇ ਅੰਦਰ ਪ੍ਰੇਮੀ ਢੋਲ ਵੱਜਦੇ, ਦਿਵਸ ਰੈਣ ਕਰਨ ਸ਼ਨਵਾਈਆ। ਜਿਸ ਵੇਲੇ ਹਰਿਜਨ ਮੇਰੇ ਉਤੇ ਭੱਜਦੇ, ਬੰਦਗੀ ਵਾਲਿਆਂ ਦੇਣ ਸਮਝਾਈਆ। ਜਿਨ੍ਹਾਂ ਦੇ ਨਾਤੇ ਟੁੱਟੇ ਕੂੜੇ ਜਗ ਦੇ, ਜਾਗਰਤ ਜੋਤ ਵਿਚ ਸਮਾਈਆ। ਉਨ੍ਹਾਂ ਮੇਲੇ ਹੋਏ ਸਬੱਬ ਦੇ, ਵਿਛੋੜਾ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਧਰਨੀਏ ਜਿਸ ਨੂੰ ਕੋਟਨ ਕੋਟ ਲੱਭਦੇ, ਖੋਜਿਆਂ ਹੱਥ ਕਿਸੇ ਨਾ ਆਈਆ। ਹਰਿਜਨ ਸੁਹੇਲੇ ਉਹਦੇ ਚਰਨਾਂ ਵਿਚ ਫਬਦੇ, ਸਚ ਸਿੰਘਾਸਣ ਆਸਣ ਲਾਈਆ। ਅੱਜ ਦਰਸ਼ਨ ਕਰੀਏ ਅਸੀਂ ਵੀ ਓਸੇ ਰੱਬ ਦੇ, ਜਿਸ ਨੂੰ ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਧਰਨੀ ਕਹੇ ਨਾਰਦ ਆਪਣੀ ਸੰਭਾਲ ਸੁਰਤੀ, ਸੰਬਲ ਤੱਕ ਲੈ ਧੁਰ ਦਾ ਮਾਹੀਆ। ਜਿਸ ਦਾ ਨੂਰ ਅਕਾਲ ਮੂਰਤੀ, ਰੰਗ ਰੇਖ ਵੇਖਣ ਕੋਇ ਨਾ ਪਾਈਆ। ਸ਼ਬਦ ਅਨਾਦ ਦੀ ਸੁਣ ਤੂਰਤੀ, ਤੁਰੀਆ ਤੋਂ ਬਾਹਰ ਪੜ੍ਹਾਈਆ। ਇਹ ਖੇਲ ਅਗੰਮੇ ਹਜ਼ੂਰ ਦੀ, ਜੋ ਹਜ਼ਰਤਾਂ ਦਾ ਮਾਲਕ ਨੂਰ ਲਾਹੀਆ। ਓਸ ਮਜ਼ਦੂਰੀ ਦੇਣੀ ਹਰਿਜਨ ਭਗਤ ਮਜ਼ਦੂਰ ਦੀ, ਜੋ ਦਰ ਘਰ ਸਾਚੇ
ਸੇਵ ਕਮਾਈਆ। ਬਖ਼ਸ਼ਿਸ਼ ਕਰਨੀ ਪਿਛਲੇ ਜਨਮ ਕਸੂਰ ਦੀ, ਅਗੇ ਆਪਣਾ ਰੰਗ ਰੰਗਾਈਆ। ਜਿਸ ਦੀ ਕਰਨੀ ਸਦਾ ਭਰਪੂਰ ਦੀ, ਖ਼ਾਲੀ ਭੰਡਾਰੇ ਰਿਹਾ ਭਰਾਈਆ। ਜੋਤ ਤੱਕ ਲੈ ਅਲਾਹੀ ਨੂਰ ਦੀ, ਨੂਰ ਨੁਰਾਨਾ ਡਗਮਗਾਈਆ। ਜਿਸ ਦੀ ਰਹਿਮਤ ਗੁਰਮੁਖਾਂ ਆਸਾ ਪੂਰ ਦੀ, ਪੂਰਨ ਸਤਿਗੁਰ ਹੋਏ ਸਹਾਈਆ। ਜਿਸ ਖੇਲ ਮੁਕਾ ਕੇ ਨੇੜੇ ਦੂਰ ਦੀ, ਹਾਜ਼ਰ ਹਜ਼ੂਰ ਸੋਭਾ ਪਾਈਆ। ਜਿਸ ਦੀ ਕਰਨੀ ਆਦਿ ਜੁਗਾਦਿ ਦਸਤੂਰ ਦੀ, ਜੁਗ ਜੁਗ ਅਵਤਾਰ ਪੈਗ਼ੰਬਰ ਗੁਰੂ ਹੁਕਮ ਮਨਾਈਆ। ਉਸ ਸਫ਼ਾ ਉਠਾਉਣੀ ਅੰਤਮ ਕੂੜ ਦੀ, ਕਿਰਿਆ ਕੁਕਰਮ ਦਏ ਗਵਾਈਆ। ਬਖ਼ਸ਼ਿਸ਼ ਕਰਨੀ ਜਨ ਭਗਤਾਂ ਚਰਨ ਧੂੜ ਦੀ, ਟਿੱਕੇ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਸਰਬ ਕਲਾ ਭਰਪੂਰ ਦੀ, ਭਰਪੂਰ ਰਿਹਾ ਸਰਬ ਠਾਂਈਆ।
੨੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬੁਘੇ ਜ਼ਿਲਾ ਅੰਮ੍ਰਿਤਸਰ ਸੰਗਤ ਦੇ ਕਣਕ ਦੀ ਗਹਾਈ ਕਰਕੇ ਜਾਣ ਸਮੇਂ
ਧਰਨੀ ਕਹੇ ਮੇਰੀ ਪੁਨਹ ਪੁਨਹ ਨਿਮਸਕਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਨਿਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਪਰਵਰਦਿਗਾਰ ਸਾਂਝੇ ਯਾਰ ਦਰ ਤੇਰੇ ਵਾਸਤਾ ਪਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਅਬਿਨਾਸ਼ੀ ਮੇਰਾ ਲਹਿਣਾ ਦੇਣਾ ਮਾਤ ਵਿਚਾਰ, ਸੋ ਪੁਰਖ ਨਿਰੰਜਣ ਤੇਰੇ ਹੱਥ ਵਡਿਆਈਆ। ਮੈਂ ਸਤਿਗੁਰ ਸ਼ਬਦ ਕਰਾਂ ਇੰਤਜ਼ਾਰ, ਦੋ ਜਹਾਨਾਂ ਬਿਨ ਨੈਣਾਂ ਨੈਣ ਉਠਾਈਆ। ਮੇਰੀ ਕੂਕ ਅਗੰਮੀ ਪੁਕਾਰ, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਦੀਨ ਦਿਆਲ ਮੇਰਾ ਦੁਖੜਾ ਜਗਤ ਨਿਵਾਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਭਵਿਖਤਾਂ ਵਿਚ ਤੇਰਾ ਭੇਖ ਜਣਾਈਆ। ਸੋ ਸਵਾਮੀ ਅੰਤਰਜਾਮੀ ਪਾ ਸਾਰ, ਪਰਮ ਪੁਰਖ ਪਰਮਾਤਮ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪੂਰਬ ਮੇਰਾ ਕਰਮ ਵਿਚਾਰ, ਸਤਿਜੁਗ ਤ੍ਰੇਤਾ ਦੁਆਪਰ ਨਾਲ ਮਿਲਾਈਆ। ਮੇਰਾ ਸੰਦੇਸ਼ਾ ਧੁਰ ਦਰਬਾਰ, ਨਰ ਨਰੇਸ਼ਾ ਸੁਣਨਾ ਚਾਈਂ ਚਾਈਂਆ। ਨਵਖੰਡ ਵੇਖ ਧੂੰਆਂਧਾਰ, ਸੱਤ ਦੀਪ ਨਾ ਕੋਇ ਰੁਸ਼ਨਾਈਆ। ਆਤਮ ਬ੍ਰਹਮ ਨਾ ਕੋਇ ਪਿਆਰ, ਸੁਰਤ ਸ਼ਬਦ ਨਾ ਕੋਇ ਸਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਗਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਗ਼ਫ਼ਲਤ ਵਿਚ ਸੁੱਤਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪਰਮ ਪੁਰਖ ਹਰਿ ਹਰਿ ਸਾਜਣ ਮੀਤ, ਸਤਿ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਜੁਗ ਚੌਕੜੀ ਤੇਰੇ ਹੁਕਮੇ ਅੰਦਰ ਗਏ ਬੀਤ, ਲੋਕਮਾਤ ਭੱਜੇ ਵਾਹੋ ਦਾਹੀਆ। ਨਿਰਗੁਣ ਸਰਗੁਣ ਜੁਗ ਚੌਕੜੀ ਤੇਰੀ ਚਲੀ ਰੀਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਦਏ ਗਵਾਹੀਆ। ਨਿਗਾਹ ਮਾਰ ਲੈ ਮੰਦਰ ਮਸੀਤ, ਕਾਅਬਿਆਂ ਖੋਜ ਖੁਜਾਈਆ। ਮਾਨਸ ਮਾਨਵ ਮਾਨੁੱਖ ਤੱਕ ਪ੍ਰੀਤ, ਪ੍ਰੀਤਮ ਤੇਰੇ ਰੰਗ ਨਾ ਕੋਇ ਸਮਾਈਆ।
ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਗੀਤ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਧਰਮ ਦੀ ਧਾਰ ਰਹੀ ਨਾ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਝਗੜਾ ਤੱਕ ਲੈ ਹਸਤ ਕੀਟ, ਸ਼ਾਹ ਫ਼ਕੀਰ ਰਹੇ ਕੁਰਲਾਈਆ। ਕਿਰਪਾ ਕਰ ਮੇਰੇ ਜਗਦੀਸ਼, ਜਗਦੀਸ਼ਰ ਤੇਰੀ ਓਟ ਰਖਾਈਆ। ਲੇਖਾ ਵੇਖ ਲੈ ਬੀਸ ਬੀਸ, ਬੀਸ ਬੀਸੇ ਭੇਵ ਚੁਕਾਈਆ। ਮਾਣ ਰਿਹਾ ਨਾ ਰਾਗ ਛਤੀਸ, ਤੀਸ ਬਤੀਸਾ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਕਿਰਪਾ ਕਰ ਮੇਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਛੁਰੀ ਨਾ ਬਣੇ ਕਸਾਈਆ। ਆਤਮ ਪਰਮਾਤਮ ਸਭ ਨੂੰ ਦੇ ਗਿਆਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਝੁਲੇ ਧਰਮ ਨਿਸ਼ਾਨ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਮੈਂ ਖੇਲ ਤੱਕਾਂ ਭਗਤਾਂ ਤੇਰੇ ਨਾਲ ਭਗਵਾਨ, ਭਗਵਨ ਤੇਰੀ ਆਸ ਰਖਾਈਆ। ਮੈਂ ਵੇਖ ਕੇ ਹੋਵਾਂ ਹੈਰਾਨ, ਹੈਰਾਨੀ ਵਿਚ ਦੁਹਾਈਆ। ਚਾਰੋਂ ਕੁੰਟ ਸਰਬ ਕੁਰਲਾਣ, ਸਾਂਤਕ ਸਤਿ ਨਾ ਕੋਇ ਵਰਤਾਈਆ। ਝਗੜਾ ਪਿਆ ਅੰਜੀਲ ਕੁਰਾਨ, ਕਾਅਬੇ ਦੇਣ ਦੁਹਾਈਆ। ਮੇਰੇ ਨੇਤਰ ਲੋਚਣ ਨੈਣ ਸ਼ਰਮਾਣ, ਅੱਖ ਪ੍ਰਤੱਖ ਨਾ ਕੋਇ ਖੁਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਜਨ ਭਗਤਾਂ ਦੇ ਦੇ ਭਗਤੀ ਦਾਨ, ਅਤੋਟ ਅਤੁਟ ਵਰਤਾਈਆ। ਜੋ ਤੇਰੇ ਢੋਲੇ ਗੀਤ ਸੁਹਾਗੀ ਗਾਣ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਜਿਨ੍ਹਾਂ ਦੇ ਅੰਦਰ ਸ਼ਬਦ ਹੋਵੇ ਸੱਚੀ ਧੁਨਕਾਨ, ਅਨਹਦ ਨਾਦੀ ਦੇ ਸ਼ਨਵਾਈਆ। ਅੰਮ੍ਰਿਤ ਨਿਝਰ ਰਸ ਝਿਰਨਾਂ ਦੇ ਪੀਣ ਖਾਣ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਘਰ ਦੀਪਕ ਜੋਤ ਜਗਾ ਮਹਾਨ, ਸਾਢੇ ਤਿੰਨ ਹੱਥ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦੀ ਨਿਗਾਹਬਾਨ, ਜੁਗ ਜੁਗ ਤੇਰੀ ਬੇਪਰਵਾਹੀਆ। ਧਰਨੀ ਕਹੇ ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਇਕ ਸਰਨਾਈਆ। ਪੁਰਖ ਅਕਾਲ ਕਹੇ ਮੇਰੇ ਸਤਿਗੁਰ ਸ਼ਬਦੀ ਸ਼ਬਦ ਹੁਕਮਰਾਨ, ਦੋ ਜਹਾਨਾਂ ਖੇਲ ਖਿਲਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਖੇਲਿਆ ਖੇਲ ਮਹਾਨ, ਕਲਜੁਗ ਅੰਤਮ ਵੇਖ ਵਖਾਈਆ। ਜਨ ਭਗਤਾਂ ਦੇ ਕੇ ਭਗਤੀ ਦਾਨ, ਆਤਮ ਪਰਦਾ ਆਪ ਖੁਲਾਈਆ। ਜੋ ਦਿਵਸ ਰੈਣ ਖ਼ੁਸ਼ੀਆਂ (ਢੋਲੇ) ਗਾਣ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਸਾਚੀ ਸੇਵਾ ਵਿਚ ਬਲਵਾਨ, ਸੇਵਕ ਸੇਵਾ ਵਿਚ ਸਮਾਈਆ। ਲੋਕਮਾਤ ਬਣ ਕੇ ਪ੍ਰਭੂ ਦਾ ਖ਼ਾਨਦਾਨ, ਖ਼ਾਨਾ ਚੁਰਾਸੀ ਵਾਲਾ ਭੁਲਾਈਆ। ਤਿਨ੍ਹਾਂ ਉਤੇ ਹੋਵਾਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਚਰਨ ਕਵਲ ਬਖ਼ਸ਼ ਧਿਆਨ, ਦੁਰਮਤ ਮੈਲ ਕਰਾਂ ਸਫ਼ਾਈਆ। ਆਵਣ ਜਾਵਣ ਚੁਕਾ ਕਾਣ, ਰਾਏ ਧਰਮ ਨਾ ਦਏ ਸਜ਼ਾਈਆ। ਦਰਗਾਹ ਸਾਚੀ ਕਰ ਪ੍ਰਵਾਨ, ਸਚਖੰਡ ਦਿਆਂ ਵਡਿਆਈਆ। ਅੰਤ ਜੋਤੀ ਜੋਤ ਮਿਲ ਜਾਣ, ਜਨਮ ਮਰਨ ਰਹੇ ਨਾ ਰਾਈਆ। ਧਰਨੀਏ ਧਵਲੇ ਧੌਲ ਹੋ ਕੇ ਸੁਣ ਅਗੰਮ ਫ਼ਰਮਾਨ, ਨਿਸ਼ਅੱਖਰ ਧਾਰ ਜਣਾਈਆ। ਭਗਤ ਸੁਹੇਲੇ ਹਰਿਜਨ ਮੇਰੇ ਨੌਜਵਾਨ, ਜੋਬਨਵੰਤੇ ਆਪਣੇ ਰੰਗ ਰੰਗਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਜਨਮ ਕਰਮ ਦਾ ਕਰ ਪ੍ਰਵਾਨ, ਭਾਂਡਾ ਭਰਮ ਭਰਮ ਭੰਨਾਈਆ। ਉਹ ਚਾਰ ਜੁਗ ਦੇ ਸਤਿ ਧਰਮ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਅਖਵਾਈਆ। ਕਿਰਪਾ ਕਰੇ ਆਪ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਸਦਾ ਸੰਗ ਰੱਖੇ ਬਾਲ ਅੰਞਾਣ, ਬਿਰਧ ਬਾਲ ਜਵਾਨ ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਧ ਅਗਾਧੀ ਦੇਵਣਹਾਰਾ ਦਾਨ, ਦਾਤਾ ਬਿਧਾਤਾ ਪਰਮਾਤਮ ਆਤਮ ਇਕ ਅਖਵਾਈਆ।
੩੦ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਨਹਿਰੋਂ ਪਾਰ ਮਸ਼ੀਨ ਕਣਕ ਵਾਲੀ ਤੇ
ਕੰਮ ਕਰਨ ਵਾਲਿਆਂ ਬੰਦਿਆਂ ਨਵਿਤ
ਧਰਨੀ ਕਹੇ ਮੇਰੇ ਸਵਾਮੀਆਂ, ਸਮੇਂ ਦੇ ਮਾਲਕ ਤੇਰੀ ਸਰਨਾਈਆ। ਆਦਿ ਜੁਗਾਦੀ ਅੰਤਰਜਾਮੀਆਂ, ਜੁਗ ਜੁਗ ਤੇਰੀ ਬੇਪਰਵਾਹੀਆ। ਤੂੰ ਭਗਤਾਂ ਸੰਤਾਂ ਮਿੰਨਤਾਂ ਮਾਨੀਆਂ, ਮਿਹਰਵਾਨ ਆਪਣੀ ਦਇਆ ਕਮਾਈਆ। ਚਾਰ ਜੁਗ ਦੇ ਸ਼ਾਸਤਰ ਤੇਰੀ ਕਥਾ ਕਹਾਣੀਆਂ, ਸਿਫ਼ਤੀ ਸਿਫ਼ਤਾਂ ਨਾਲ ਸਲਾਹੀਆ। ਤੇਰੀ ਬੋਧ ਅਗਾਧ ਸ਼ਬਦ ਅਗੰਮੀ ਬਾਣੀਆਂ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਨ ਭਗਤਾਂ ਆਤਮਾ ਤੇਰੀਆਂ ਰਾਣੀਆਂ, ਨਿਰਗੁਣ ਸਰਗੁਣ ਸੇਵ ਕਮਾਈਆ। ਸਾਚੇ ਦਰ ਕਰੀਂ ਪ੍ਰਵਾਨੀਆਂ, ਪਰਮ ਪੁਰਖ ਤੇਰੇ ਹੱਥ ਵਡਿਆਈਆ। ਮੈਂ ਕੋਝੀ ਕਮਲੀ ਨਿਮਾਣੀ ਆਂ, ਤੇਰੀ ਓਟ ਤਕਾਈਆ। ਤੂੰ ਸ਼ਹਿਨਸ਼ਾਹ ਭਗਤ ਵਛਲ ਨਿਸ਼ਾਨੀਆਂ, ਨਿਰਵੈਰ ਇਕ ਅਖਵਾਈਆ। ਮਾਣ ਦੇਣਾ ਜੀਵ ਪ੍ਰਾਣੀਆਂ, ਈਸ਼ ਜੀਵ ਰੰਗ ਰੰਗਾਈਆ। ਘਰ ਮੰਦਰ ਵੇਖ ਸੁਘੜ ਸਵਾਣੀਆਂ, ਹਰਿਜਨ ਸਾਚੇ ਭੇਵ ਚੁਕਾਈਆ। ਤੇਰੇ ਉਤੋਂ ਵਿਟਹੁ ਕੁਰਬਾਨੀਆਂ, ਨਿਵ ਨਿਵ ਲਾਗਾਂ ਪਾਈਂਆ। ਤੇਰੀਆਂ ਸੇਜਾ ਸੁਹੰਜਣੀਆਂ ਸੁਹਾਉਣੀਆਂ, ਭਗਤ ਸਿੰਘਾਸਣ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਭਗਵੰਤ, ਤੇਰੀ ਬੇਪਰਵਾਹੀਆ। ਤੇਰੇ ਵੇਖੇ ਭਗਤ ਸੁਹੇਲੇ ਸੰਤ, ਸਤਿਗੁਰ ਤੇਰੀ ਓਟ ਤਕਾਈਆ। ਤੂੰ ਨਿਮਾਣਿਆਂ ਬਣੇਂ ਕੰਤ, ਹੋਣਾ ਆਪ ਸਹਾਈਆ। ਅੰਤਰ ਦੇ ਕੇ ਨਾਮ ਮਨੀਆਂ ਮੰਤ, ਮਨਸਾ ਕੂੜੀ ਬਾਹਰ ਕਢਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦੇਣਾ ਸਮਝਾਈਆ। ਇਕੋ ਰੰਗ ਬਣਾ ਕੇ ਸਾਚੀ ਸੰਗਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੇਖਾ ਮੁਕਾ ਕੇ ਦੋਜ਼ਖ਼ ਬਹਿਸ਼ਤ ਜੱਨਤ, ਸਚਖੰਡ ਦੇਣੀ ਮਾਣ ਵਡਿਆਈਆ। ਮੇਰੀ ਨਿਮਾਣੀ ਦੀ ਇਕੋ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਤੂੰ ਵੇਖ ਲੈ ਮੇਰੀ ਧਰਨੀ ਵਾਲੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਖ਼ੁਸ਼ੀਆਂ ਵਿਚ ਹੱਸਾਂ, ਹੱਸ ਹੱਸ ਖ਼ੁਸ਼ੀ ਬਣਾਈਆ। ਤੇਰਿਆਂ ਭਗਤਾਂ ਦੇ ਅਗੇ ਪਿਛੇ ਨੱਸਾਂ, ਚਾਰੋਂ ਕੁੰਟ ਚੌਗਿਰਦ ਚੱਕਰ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੱਸਾਂ, ਅਵਤਾਰ ਪੈਗ਼ੰਬਰ ਗੁਰੂਆਂ ਰਹੀ ਦ੍ਰਿੜਾਈਆ। ਆਓ ਵੇਖੋ ਪ੍ਰੇਮ ਦਾ ਰਸਾ, ਬਿਨ ਰਸਨਾ ਰਹੀ ਸੁਣਾਈਆ। ਕੀ ਸਿਫ਼ਤ ਵਡਿਆਈ ਕਰਾਂ ਜਸਾ, ਮਹਿੰਮਾ ਕਵਣ ਸੁਣਾਈਆ। ਧੰਨ ਭਾਗ ਮੇਰਾ ਵਕਤ ਸੁਹੰਜਣਾ ਹੋਇਆ ਮਸਾਂ, ਜੋ ਪ੍ਰਿਥੂ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਸੰਮਤ ਸ਼ਹਿਨਸ਼ਾਹੀ ਦਸ ਰਿਹਾ
ਆਖ, ਖ਼ੁਸ਼ੀਆਂ ਨਾਲ ਸੁਣਾਈਆ। ਇਹ ਮਹੀਨਾ ਜਗਤ ਵਾਲਾ ਵਿਸਾਖ, ਵਿਸਰਿਆਂ ਪ੍ਰਭੂ ਯਾਦ ਦਏ ਕਰਾਈਆ। ਚਾਰੋਂ ਕੁੰਟ ਕੂੜ ਦੀ ਰਾਖ, ਧੂੰਆਂਧਾਰ ਲੋਕਾਈਆ। ਨਿਗਾਹ ਮਾਰ ਲੈ ਕਮਲਾਪਾਤ, ਪਤਿਪਰਮੇਸ਼ਵਰ ਅੱਖ ਉਠਾਈਆ। ਤੇਰੇ ਭਗਤ ਸੁਹੇਲੇ ਖੇਲਾਂ ਖੇਲਦੇ ਦਿਵਸ ਰਾਤ, ਖ਼ੁਸ਼ੀਆਂ ਵਿਚ ਸਾਚੇ ਢੋਲੇ ਗਾਈਆ। ਜਿਨ੍ਹਾਂ ਦੀ ਅੱਠੇ ਪਹਿਰ ਪ੍ਰਭਾਤ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਤੂੰ ਉਨ੍ਹਾਂ ਦਾ ਪਿਤਾ ਮਾਤ, ਪੁਰਖ ਅਕਾਲ ਇਕ ਅਖਵਾਈਆ। ਓਹ ਆਤਮ ਧਾਰ ਤੇਰੀ ਜਾਤ, ਤਤਾਂ ਨਾਲ ਵੱਜੇ ਵਧਾਈਆ। ਸਭ ਦੇ ਹਿਰਦੇ ਕਰਨੇ ਸ਼ਾਂਤ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੂੰ ਸ਼ਹਿਨਸ਼ਾਹ ਗੁਰੂ ਮਹਾਰਾਜ, ਪਾਤਸ਼ਾਹ ਇਕ ਅਖਵਾਈਆ। ਤੇਰੇ ਭਗਤ ਸੁਹੇਲੇ ਸੇਵਾ ਕਰਦੇ ਜਗਤ ਵਾਲੇ ਅਨਾਜ, ਹਰਿ ਸੰਗਤ ਖ਼ੁਸ਼ੀ ਬਣਾਈਆ। ਕੁਮੇਰ ਮਾਰ ਕੇ ਸੁਣਾ ਰਿਹਾ ਆਵਾਜ਼, ਦੋ ਜਹਾਨ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾਵੇ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਖ਼ੁਸ਼ੀ ਦਾ ਬੁਝਣਾ ਚਰਾਗ਼, ਅੰਧੇਰਾ ਗ਼ਮੀ ਵਾਲਾ ਆਈਆ। ਜਨ ਭਗਤਾਂ ਢੋਲੇ ਗਾਉਣੇ ਰਾਗ, ਸੋਹਣਾ ਗੀਤ ਸੁਣਾਈਆ। ਸਚ ਸਰਨਾਈ ਗਏ ਲਾਗ, ਦਰ ਠਾਂਡੇ ਵੱਜੇ ਵਧਾਈਆ। ਮੇਰੀ ਮਿੰਨਤ ਸੁਣਨੀ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਤੇਰਾ ਚਾਰ ਜੁਗ ਤੋਂ ਵੱਖਰਾ ਰਿਵਾਜ, ਮਿਹਰਵਾਨ ਹੋ ਕੇ ਜਨ ਭਗਤਾਂ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤਾਂ ਮੁਖ ਸੁਹਾਏ, ਸੋਹਣੀ ਮਿਲੇ ਵਡਿਆਈਆ। ਹਰਿਜਨ ਸਾਚਾ ਰੰਗ ਬਣਾਏ, ਬੈਠੇ ਧਿਆਨ ਲਗਾਈਆ। ਤੇਰੇ ਚੰਦ ਨੂਰ ਰੁਸ਼ਨਾਏ, ਜੋਤੀ ਜਾਤੇ ਡਗਮਗਾਈਆ। ਲੰਗਰ ਦੀ ਸੇਵ ਰਹੇ ਕਮਾਏ, ਦਿਵਸ ਰੈਣ ਰੈਣ ਦਿਵਸ ਆਪਣੀ ਖ਼ੁਸ਼ੀ ਬਣਾਈਆ। ਤੂੰ ਮਿਹਰਵਾਨਾ ਸਾਰੇ ਦੇਣੇ ਤਰਾਏ, ਜਰਨੈਲ ਸਿੰਘ ਦਲੀਪ ਪ੍ਰੀਤਮ ਰੰਗ ਵਖਾਈਆ। ਪ੍ਰੀਤਮ ਸਿੰਘ ਸੋਹਣੀ ਵੰਡ ਵੰਡਾਏ, ਕੇਹਰ ਸਿੰਘ ਪੱਲੂ ਲੈਣਾ ਫੜਾਈਆ। ਕਸ਼ਮੀਰ ਸਿੰਘ ਗੰਢ ਬੰਧਾਏ, ਜਗੀਰ ਸਿੰਘ ਸਕੇ ਨਾ ਕੋਇ ਖੁਲਾਈਆ। ਸੁਲੱਖਣ ਸਿੰਘ ਆਪਣਾ ਖੇਲ ਵਖਾਏ, ਭੱਜੇ ਵਾਹੋ ਦਾਹੀਆ। ਹਰਭਜਨ ਸਿੰਘ ਧੂੜੀ ਖ਼ਾਕ ਰਮਾਏ, ਟਿੱਕੇ ਸਭ ਦੇ ਨਾਮ ਲਗਾਈਆ। ਵਰਿਆਮ ਕੌਰ ਦੀ ਘਾਲ ਪਾਉਣੀ ਥਾਏਂ, ਚਰਨੋ ਚਰਨਜੀਤ ਨਾਲ ਮਿਲਾਈਆ। ਗੁਰਦੇਵ ਕੌਰ ਦੀ ਸੇਵਾ ਪਾਏ ਪ੍ਰਥਾਏ, ਪ੍ਰਿਥਮੀ ਦੇ ਮਾਲਕ ਹੋਣਾ ਸਹਾਈਆ। ਜੋ ਵੱਡੇ ਛੋਟੇ ਬੱਚੇ ਨੱਢੇ ਤੇਰਾ ਰਹੇ ਧਿਆਨ ਲਗਾਏ, ਗੁਰਮੀਤ ਕੌਰ ਸੰਗ ਬਣਾਈਆ। ਲੇਖ ਲਿਖਾਰੀ ਲਿਖਤ ਵਿਚ ਕਲਮ ਸ਼ਾਹੀ ਚੰਦ ਚੜ੍ਹਾਏ, ਜਗਤ ਚਾਂਦਨੀ ਕੰਮ ਕਿਸੇ ਨਾ ਆਈਆ। ਧਰਨੀ ਕਹੇ ਇਹ ਧੂੜੀ ਖ਼ਾਕ ਮੈਂ ਸਭ ਦੇ ਮਸਤਕ ਰਹੀ ਲਗਾਏ, ਖ਼ੁਸ਼ੀਆਂ ਢੋਲੇ ਗਾਈਆ। ਫਿਰ ਤ੍ਰਿਪਤ ਦੇ ਪੈਰ ਉਤੇ ਦਿਆਂ ਸੁਟਾਏ, ਇਹ ਪਿਛਲੀ ਦਏ ਗਵਾਹੀਆ। ਅਯੁਧਿਆ ਦਿਓ ਵਾਸੀਓ ਤੁਹਾਨੂੰ ਦਿਆਂ ਸੁਣਾਏ, ਪੂਰਬ ਲੇਖ ਸਮਝਾਈਆ। ਜਿਸ ਵਿਛੋੜੇ ਵਿਚ ਕੀਤਾ ਸੀ ਹਾਏ ਹਾਏ, ਉਫ਼ ਤੇਰਾ ਨਾਮ ਦੁਹਾਈਆ। ਰਾਮ ਨੇ ਕਿਹਾ ਸੀ ਜਿਸ ਵੇਲੇ ਮੇਰਾ ਰਾਮ ਆਏ, ਤੁਹਾਨੂੰ ਸਭ ਨੂੰ ਲਏ ਮਿਲਾਈਆ। ਓਸ ਵੇਲੇ ਸੀਤਾ ਪੈਰ ਤੇ ਪੱਟੀ ਬੰਨ੍ਹ ਕੇ ਚਲਦੀ ਸੀ ਇਕ ਪਾਏ, ਉਚੀ ਨੀਵੀਂ ਜਗ੍ਹਾ ਸਮਝ ਕਿਸੇ ਨਾ ਆਈਆ। ਰਾਮ ਨੇ ਕਿਹਾ ਇਹ ਲਹਿਣਾ ਦੇਣਾ ਤੁਹਾਨੂੰ ਫੇਰ ਦਿਆਂ ਸਮਝਾਏ, ਬੁੱਧੀ ਤੋਂ ਪਰੇ ਆਪ ਦ੍ਰਿੜਾਈਆ। ਇਹ ਚੋਟ ਨਹੀਂ ਇਹ ਪੂਰਬ ਲਹਿਣਾ ਜੋ ਲੇਖੇ
ਵਿਚ ਪੂਰਾ ਦਏ ਕਰਾਏ, ਪੂਰਨ ਸਤਿਗੁਰ ਹੱਥ ਵਡਿਆਈਆ। ਰਤਨ ਦਾ ਰੋਗ ਦਏ ਗਵਾਏ, ਅੰਤਰ ਦੁੱਖ ਰਹੇ ਨਾ ਰਾਈਆ। ਭਾਗ ਸਿੰਘ ਅਨਮੁੱਲੜੀ ਸੇਵਾ ਰਿਹਾ ਕਮਾਏ, ਭਗਵੰਤ ਦੇਵੇ ਮਾਣ ਵਡਿਆਈਆ। ਜੁਗਿੰਦਰ ਕੌਰ ਇਕ ਸਤਰ ਲਿਖੇ ਫੇਰ ਅਗਲਾ ਸ਼ਬਦ ਬਦਲ ਜਾਏ, ਬਦਲੀ ਜੁਗ ਦੀ ਆਪਣੇ ਹੱਥ ਰਖਾਈਆ। ਰਾਜਾ ਬਲ ਗਿਆ ਸੁਣਾਏ, ਬਾਵਨ ਸੀਸ ਨਿਵਾਈਆ। ਛੋਟਾ ਨਨ੍ਹਾ ਖ਼ੁਸ਼ੀਆਂ ਵਿਚ ਆਪਣੀ ਖ਼ੁਸ਼ੀ ਬਣਾਏ, ਦੂਸਰ ਸਮਝ ਕੋਇ ਨਾ ਪਾਈਆ। ਬਾਵਨ ਪੰਜ ਦਾਣੇ ਉਹਦੇ ਹੱਥਾਂ ਵਿਚ ਫੜਾਏ, ਸੋਹਣਾ ਹੁਕਮ ਸੁਣਾਈਆ। ਜੋ ਬਲਗਾਰੀਆ ਵਿਚੋਂ ਰਿਸ਼ੀ ਫੜ ਕੇ ਅਸਮੇਧ ਯੱਗ ਵਿਚ ਲਿਆਏ, ਗਿਣਤੀ ਨੌ ਨੌ ਰਖਾਈਆ। ਸਤਿਜੁਗ ਵਿਚ ਕਲਜੁਗ ਧਾਰ ਖੇਲ ਕਰੇ ਬੇਪ੍ਰਵਾਹੇ, ਹਰਿ ਕਰਤਾ ਧੁਰਦਰਗਾਹੀਆ। ਬਲ ਕਿਹਾ ਜਿਸ ਵੇਲੇ ਮੇਰਾ ਪਰਮ ਪੁਰਖ ਬਾਵਨ ਦਾ ਬਾਵਨ ਰੂਪ ਬਦਲਾਏ, ਆਪਣਾ ਫੇਰਾ ਪਾਈਆ। ਸੰਮਤ ਸ਼ਹਿਨਸ਼ਾਹੀ ਦਸ ਮੈਨੂੰ ਨਜ਼ਰੀ ਆਏ, ਦਹਿ ਦਿਸ਼ਾ ਧਿਆਨ ਲਗਾਈਆ। ਇਹ ਸੰਦੇਸ਼ਾ ਗਿਆ ਦ੍ਰਿੜਾਏ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਹਾੜ ਸਤਾਰਾਂ ਆਏ, ਆਪਣਾ ਰੂਪ ਬਦਲਾਈਆ। ਹਰਿ ਭਗਤ ਦਵਾਰ ਰਹਿਣ ਵਾਲੇ ਸਾਰੇ ਸਾਚੀ ਸੇਵਾ ਲੈਣ ਕਮਾਏ, ਫੁਲਕੇ ਪੰਜ ਪੰਜ ਪਕਾਈਆ। ਸਭ ਦੇ ਨਾਮ ਦਾ ਸਵਾ ਸਵਾ ਮਣ ਆਟਾ ਲੈਣਾ ਪਿਸਾਏ, ਵਧ ਘੱਟ ਨਾ ਕੋਇ ਰਖਾਈਆ। ਅਗੇ ਭਗਤਾਂ ਦੇ ਲੰਗਰ ਨੂੰ ਤੋਟ ਰਹੇ ਨਾ ਰਾਏ, ਅਤੁਟ ਆਪ ਬਣਾਈਆ। ਜੁਗਿੰਦਰ ਕੌਰ ਉਸ ਦਿਨ ਫੁਲਕਾ ਪਾਤਸ਼ਾਹ ਨੂੰ ਆਪ ਖਵਾਏ, ਥਾਲੀ ਪੁਠੀ ਉਤੇ ਟਿਕਾਈਆ। ਧਰਤੀ ਉਤੇ ਹੋਵੇ ਹਾਏ ਹਾਏ, ਬਹੁੜੀ ਤੇਰਾ ਨਾਮ ਦੁਹਾਈਆ। ਫਿਰ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਨਵ ਖੰਡ ਪ੍ਰਿਥਮੀ ਸਭ ਨੂੰ ਦਰਸ ਦਖਾਏ, ਰਾਤੀ ਸੁਤਿਆਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੰਗ ਆਪ ਰਖਾਈਆ। ਧਰਨੀ ਕਹੇ ਮੇਰੇ ਉਤੇ ਜਨ ਭਗਤੋ ਤੁਹਾਡੀ ਡਹਿ ਗਈ ਮੰਜੀ, ਸਿੰਘਾਸਣ ਜਗਤ ਵਾਲੇ ਤਜਾਈਆ। ਤੁਹਾਡਾ ਲੇਖਾ ਰਹੇ ਨਾ ਪ੍ਰਕਿਰਤੀ ਪੰਝੀ, ਪੰਚਮ ਦੇਵੇ ਮਾਣ ਵਡਿਆਈਆ। ਹਰਖ ਸੋਗ ਮੇਟ ਕੇ ਰੰਜੀ, ਰੰਜਸ ਦੇਵੇ ਕਢਾਈਆ। ਤੁਹਾਡੀ ਵਾਸਨਾ ਕਰ ਕੇ ਚੰਗੀ, ਚਾਰੋਂ ਕੁੰਟ ਕੁੰਟ ਮਹਿਕਾਈਆ। ਪ੍ਰਭੂ ਪਿਆਰ ਵਿਚ ਕਦੇ ਨਾ ਹੋਵੇ ਤੰਗੀ, ਤੰਗ ਦਸਤ ਨਾ ਕਦੇ ਅਖਵਾਈਆ। ਸਭ ਦੀ ਆਯੂ ਹੋਵੇ ਲੰਬੀ, ਪ੍ਰਭੂ ਆਪਣੇ ਨਾਲ ਦਏ ਵਡਿਆਈਆ। ਤੁਸੀਂ ਸੂਰਮੇ ਬਹਾਦਰ ਯੋਧੇ ਜੰਗੀ, ਜੋ ਦਿਵਸ ਰੈਣ ਕਰੋ ਲੜਾਈਆ। ਤੁਹਾਡੀ ਸੇਵਾ ਦਰਗਾਹ ਪ੍ਰਵਾਨ ਜਿਥੇ ਸੱਚਾ ਮਿਲੇ ਸੁਖ ਅਨੰਦੀ, ਅਨੰਦ ਅਨੰਦ ਵਿਚੋਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਧਾਰ ਧੁਰ ਦਾ ਸੰਗੀ, ਸਗਲਾ ਸੰਗ ਆਪ ਬਣਾਈਆ।
ਧਰਨੀ ਕਹੇ ਪ੍ਰਭੂ ਤੇਰਾ ਪਿਆਰ ਭਗਤਾਂ ਸੁੱਚਾ, ਸੁੱਚਾ ਸਿੰਘ ਦੇਣੀ ਵਡਿਆਈਆ। ਤੇਰਾ ਖੇਲ ਦੀਰਘ ਅੱਤ ਮੁੱਚਾ, ਡੂੰਘਾ ਸਮਝ ਕਿਸੇ ਨਾ ਆਈਆ। ਤੇਰੀ ਪ੍ਰੇਮ ਪਿਆਰ ਮੁਹੱਬਤ ਦੀ ਬਣੀ ਰਹੇ ਰੁਚਾ, ਰੁਚੀ ਆਪਣੇ ਨਾਲ ਰਖਾਈਆ। ਸਦਾ ਸੁਹਾਉਣੀ ਭਗਤਾਂ ਰਹੇ ਰੁੱਤਾ, ਰੁਤੜੀ ਜਗਤ ਨਾ ਕੋਇ ਵਖਾਈਆ। ਤੇਰੇ ਪਿਆਰ ਵਿਚ ਹਰਿਜਨ ਖ਼ੁਸ਼ੀ ਦੀ ਨੀਂਦੇ ਰਹੇ ਸੁੱਤਾ, ਜਗਤ ਆਲਸ ਰਹਿਣ ਕੋਇ ਨਾ ਪਾਈਆ।
ਜੋ ਸੇਵਾ ਹਰਿਜਨ ਕਰਦੇ ਦਿਵਸ ਰੈਣ ਅਗਨੀ ਵਾਲੀ ਧੁਪਾ, ਸਾਂਤਕ ਸਤਿ ਦੇਣਾ ਵਰਤਾਈਆ। ਵਿਛੋੜੇ ਵਿਚ ਵਿਛੜ ਜਾਏ ਕੋਇ ਨਾ ਤੇਰਾ ਪੁੱਤਾ, ਪ੍ਰੀਤਮ ਹੋ ਕੇ ਪ੍ਰੇਮ ਲੈਣਾ ਬੰਧਾਈਆ। ਤੇਰਾ ਭਗਤ ਸੁਹੇਲਾ ਰਹੇ ਕੋਇ ਨਾ ਛੁਪਾ, ਛਪਰੀ ਛੰਨਾਂ ਵਜਦੀ ਰਹੇ ਵਧਾਈਆ। ਤੇਰਾ ਨਾਮ ਨਿਧਾਨਾ ਦੋ ਤੁਕਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾ ਗਾ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਉਣਾ ਕਾਇਆ ਬੁਤਾ, ਬੁਤਖ਼ਾਨਿਆਂ ਕਰਨੀ ਆਪ ਸਫ਼ਾਈਆ।
ਧਰਨੀ ਕਹੇ ਮੇਰੀ ਗਵਾਹੀ, ਸ਼ਹਾਦਤ ਬਿਨਾ ਅੱਖਰਾਂ ਭੁਗਤਾਈਆ। ਬਾਲਮੀਕ ਏਥੇ ਆਇਆ ਬਣ ਕੇ ਰਾਹੀ, ਪਾਂਧੀ ਆਪਣਾ ਪੰਧ ਮੁਕਾਈਆ। ਮੇਰੇ ਉਤੇ ਕੱਖਾਂ ਸੇਜ ਵਿਛਾਈ, ਬੈਠਾ ਆਸਣ ਲਾਈਆ। ਨਾਲੇ ਰਾਮ ਦੀ ਰਾਮ ਦਿਤੀ ਦੁਹਾਈ, ਧੁਰ ਦੇ ਢੋਲੇ ਗਾਈਆ। ਖ਼ੁਸ਼ੀਆਂ ਵਿਚ ਚਾਰੋਂ ਕੁੰਟ ਤਕਾਈ, ਨੈਣ ਨੈਣ ਨੈਣ ਬਿਗਸਾਈਆ। ਉਧਰੋਂ ਆ ਗਿਆ ਇਕ ਚਰਵਾਹੀ, ਜੋ ਗਊਆਂ ਨੌ ਅਗੇ ਲਾਈਆ। ਉਸ ਦਾ ਨਾਮ ਸੀ ਮਧਾਈ, ਮਧੂ ਕਹਿ ਕੇ ਸਾਰੇ ਰਹੇ ਬੁਲਾਈਆ। ਉਸ ਡੰਡਾਵਤ ਕਰ ਕੇ ਧੂੜੀ ਖ਼ਾਕ ਰਮਾਈ, ਬਾਲਮੀਕ ਦੇ ਚਰਨਾਂ ਛੋਹ ਕੇ ਨੈਣਾਂ ਨੀਰ ਵਹਾਈਆ। ਕਿਰਪਾ ਕਰ ਮੇਰੇ ਗੁਸਾਈਂ, ਸਹਿਜ ਦਿਤਾ ਸੁਣਾਈਆ। ਬਾਲਮੀਕ ਨਿਗਾਹ ਮਾਰੀ ਲੇਖਾ ਵੇਖਿਆ ਇਨ੍ਹਾਂ ਨਾਲ ਬੇਪ੍ਰਵਾਹੀ, ਜੋ ਬੇਪ੍ਰਵਾਹੀ ਵਿਚ ਸਮਾਈਆ। ਝਟ ਆਪਣੀ ਕਲਮ ਦੀ ਛਿਣਕ ਕੇ ਸ਼ਾਹੀ, ਸ਼ਹਿਨਸ਼ਾਹ ਦਾ ਅੱਖਰ ਦਿਤਾ ਪਾਈਆ। ਸਤਿਜੁਗ ਤਰੇਤਾ ਦੁਆਪਰ ਤੇਰਾ ਮਿਲਦਾ ਰਹੇ ਮਾਹੀ, ਵੱਖ ਵੱਖ ਰੂਪ ਬਦਲਾਈਆ। ਪਰ ਕਲਜੁਗ ਅੰਤਮ ਤੇਰਾ ਲਹਿਣਾ ਦੇਣਾ ਦੇਵਣਹਾਰ ਦਏ ਚੁਕਾਈ, ਚਾਰ ਜੁਗ ਦਾ ਲੇਖਾ ਪੂਰ ਕਰਾਈਆ। ਚਰਨ ਕਵਲਾਂ ਦੇਵੇ ਥਾਈਂ, ਸਿਰ ਆਪਣਾ ਹੱਥ ਟਿਕਾਈਆ। ਜੋਗਾ ਸਿੰਘ ਉਸ ਦਾ ਲੇਖਾ ਪੂਰਾ ਕਰੇ ਚਾਈਂ ਚਾਈਂ, ਪੂਰਬ ਮੇਲਾ ਰਿਹਾ ਮਿਲਾਈਆ। ਦਾਤਾ ਦਾਤਾਰ ਦੇਵਣਹਾਰ ਆਦਿ ਜੁਗਾਦਿ ਇਕ ਅਖਵਾਈ, ਖ਼ੈਰਖ਼ਾਹ ਨੂਰ ਅਲਾਹੀਆ। ਆਸਾ ਸਿੰਘ ਏਸੇ ਦਾ ਚਚਾ ਜ਼ਾਦ ਹੁੰਦਾ ਸੀ ਭਾਈ, ਜੋ ਦੂਰੋਂ ਸੀਸ ਨਿਵਾ ਕੇ ਪਲਾ ਗਿਆ ਛੁਡਾਈਆ। ਪ੍ਰੀਤੋ ਹੁੰਦੀ ਸੀ ਇਕ ਗੀਰ ਮਾਹੀ, ਮਛਲੀਆਂ ਫੜ ਕੇ ਝਟ ਲੰਘਾਈਆ। ਹੱਸ ਕੇ ਕਿਹਾ ਇਹ ਕੋਈ ਬੁੱਢਾ ਦਿਸੇ ਸ਼ੌਦਾਈ, ਧਰਨੀ ਉਤੇ ਆਸਣ ਲਾਈਆ। ਬਾਲਮੀਕ ਨੇ ਪੁਠੀ ਕਲਮ ਉਠਾਈ, ਤਿੰਨ ਵਾਰ ਦਿਤੀ ਭਵਾਈਆ। ਤਰੇਤਾ ਦੁਆਪਰ ਤੇਰਾ ਲੇਖਾ ਮੁਕਣਾ ਨਾਹੀਂ, ਕਲਜੁਗ ਅੰਤਮ ਕਿਰਪਾ ਕਰੇ ਮੇਰਾ ਗੁਸਾਂਈਆ। ਨਾਲੇ ਹੱਸ ਕੇ ਪ੍ਰੇਮ ਵਿਚ ਆਖਿਆ ਤੁਸਾਂ ਜੀਉਣਾ ਚਾਈਂ ਚਾਈਂ, ਜੁਗ ਬੀਤਦਿਆਂ ਦੇਰ ਨਾ ਲਾਗੇ ਰਾਈਆ। ਧਰਨੀ ਕਹੇ ਓਹ ਵਕਤ ਪਹੁੰਚਿਆ ਪ੍ਰਭ ਮੇਲ ਮੇਲਿਆ ਰਾਹੀ, ਕਲਜੁਗ ਹੋਇਆ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਮੇਲ ਮਿਲਾਏ ਭਾਈ ਭਾਈ, ਨਾਤਾ ਭਗਤ ਭਗਵੰਤ ਜਣਾਈਆ।