ਪੁਸਤਕਾਲਾਭਾਗ ੨੪

ਫਿਰ ਸਦੀ ਚੌਧਵੀਂ ਦਾ ਲਿਬਾਸ ਪਾ ਕੇ ਦੁਬਾਰਾ ਵਿਹਾਰ ਹੋਇਆ

ਧਰਨੀ ਕਹੇ ਮੈਂ ਜੁਗ ਜੁਗ ਰਖਦੀ ਰਹੀ ਉਡੀਕਾਂ, ਬਿਨ ਆਸਾ ਜਗਤ ਰਖਾਈਆ। ਛੱਬੀ ਪੋਹ ਸੁਹੰਜਣੀ ਹੋਵੇ ਤਾਰੀਖ਼ਾ, ਸੰਮਤ ਸ਼ਹਿਨਸ਼ਾਹੀ ਨਾਲ ਮਿਲਾਈਆ। ਉਠ ਨਿਗਾਹ ਮਾਰ ਲੈ ਬਾਲਮੀਕਾ, ਬਟਵਾਰਿਆ ਧਿਆਨ ਲਗਾਈਆ। ਆਹ ਜ਼ਿਮੀਂ ਵੇਖ ਲੈ ਜਿਥੇ ਮਾਰੀਆਂ ਲੀਕਾਂ, ਬਿਨਾ ਰਾਮ ਤੋਂ ਦਿਤੀ ਰਾਮ ਦੁਹਾਈਆ। ਜਿਸ ਮਾਲਕ ਵਿਚ ਹਕ ਤੌਫ਼ੀਕ਼ਾ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਤੇਰੀਆਂ ਕਰਨ ਆਇਆ ਤਸਦੀਕ਼ਾਂ, ਸ਼ਹਾਦਤ ਭਗਤਾਂ ਵਾਲੀ ਭੁਗਤਾਈਆ। ਚੜ੍ਹਦਾ ਲਹਿੰਦਾ ਦੱਖਣ ਪਹਾੜ ਵੇਖ ਲੈ ਚਾਰੋਂ ਕੁੰਟ ਨਿਕਲਣੀਆਂ ਚੀਕਾਂ, ਚੀਕ ਚਿਹਾੜਾ ਜਗਤ ਲੋਕਾਈਆ। ਉਹ ਵਕ਼ਤ ਸੁਹੰਜਣਾ ਹੋ ਗਿਆ ਠੀਕਾ, ਜੋ ਠਾਕਰ ਬ੍ਰਾਹਮਣ ਗੌੜੇ ਨਾਲ ਵਡਿਆਈਆ। ਬਾਵਨ ਖੇਲ ਖੇਲਿਆ ਬਣ ਕੇ ਨੀਕਨ ਨੀਕਾ, ਬਲ ਦੇਵਣਹਾਰ ਗਵਾਹੀਆ। ਜੋ ਮਾਲਕ ਖ਼ਾਲਕ ਲੱਖ ਚੁਰਾਸੀ ਜੀਵ ਜੀਅ ਕਾ, ਚਾਰੇ ਖਾਣੀ ਚਾਰੇ ਬਾਣੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਬਾਲਮੀਕੀ ਵੇਖ ਲੈ ਆਪਣਾ ਬੁਢੇਪਾ, ਨੱਢਿਆ ਰੂਪ ਜਣਾਈਆ। ਧੁਰ ਦੇ ਰਾਮ ਦਾ ਤਕ ਲੈ ਪੇਚਾ, ਪੇਸ਼ੀਨਗੋਈ ਨਾਲ ਰਖਾਈਆ। ਜੋ ਤੇਰੇ ਪਿਆਰ ਵਿਚ ਮਿਤਰਾ ਆਇਆ ਉਚੇਚਾ, ਨਿਰਗੁਣ ਆਪਣਾ ਰੂਪ ਬਦਲਾਈਆ। ਉਹ ਸਮਾਂ ਰਖ ਲੈ ਚੇਤਾ, ਚੇਤਨ ਹੋ ਕੇ ਰਿਹਾ ਦ੍ਰਿੜਾਈਆ। ਜਿਸ ਵੇਲੇ ਮੂਧਾ ਪੈ ਕੇ ਵਿਚ ਖੇਤਾ, ਖਤਰੀ ਬ੍ਰਾਹਮਣ ਸ਼ੂਦਰ ਵੈਸ਼ ਤੋਂ ਬਾਹਰ ਧਿਆਨ ਲਗਾਈਆ। ਨਾਲੇ ਇਕੋ ਮੰਨਿਆ ਨੇਤਾ, ਨਰ ਨਿਰੰਕਾਰ ਸੀਸ ਝੁਕਾਈਆ। ਜਿਸ ਹਸ ਕੇ ਕਿਹਾ ਬਟਵਾਰਿਆ ਨੀਚਾ ਮੇਰਾ ਨੀਚੀ ਜ਼ਾਤ ਨਾਲ ਠੇਕਾ, ਰਵੀਦਾਸ ਫਿਰ ਤੇਰੇ ਨਾਲ ਮਿਲਾਈਆ। ਜਿਨ੍ਹਾਂ ਪਿਛੇ ਗੋਬਿੰਦ ਨੇ ਬੱਚੇ ਕਰਨੇ ਭੇਟਾ, ਸੁਤ ਨੀਹਾਂ ਹੇਠ ਦਬਾਈਆ। ਫਿਰ ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਆਵੇ ਖੇਵਟ ਖੇਟਾ, ਧੁਰ ਮਲਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਬਾਲਮੀਕ ਨੇ ਮੰਨ ਕੇ ਇਕੋ ਪਤੀ, ਪੱਤ ਟਹਿਣੀ ਜੰਗਲਾਂ ਵਾਲੀ ਮੁਖ ਵਿਚ ਪਾਈਆ। ਆਪਣੀ ਹਵਸ ਰਖੀ ਨਾ ਰਤੀ, ਤਮੰਨਾ ਜਗਤ ਨਾ ਕੋਇ ਜਣਾਈਆ। ਫੇਰ

ਨੈਣ ਮੂੰਦ ਕੇ ਚਾਰੋਂ ਕੁੰਟ ਤਕਿਆ ਸਭ ਦਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਉਸ ਵੇਲੇ ਏਸ ਧਰਤੀ ਵਿਚੋਂ ਆਵਾਜ਼ ਆਈ ਨਾਨਕ ਨਿਰਗੁਣ ਧਾਰ ਆਉਣਾ ਜਿਸ ਨੇ ਭੇਵ ਖੁਲ੍ਹਾਉਣਾ ਜੁਗ ਛੱਤੀ, ਛਤੀਸਾ ਧਾਰ ਵਡਿਆਈਆ। ਜਿਸ ਦੀ ਜੋਤ ਗੋਬਿੰਦ ਧਾਰ ਹੋਣੀ ਬੱਤੀ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਵਿਚ ਫ਼ਰਕ਼ ਹੋਣਾ ਨਹੀਂ ਰਤੀ, ਭੇਵ ਅਭੇਦਾ ਦਿਤਾ ਸਮਝਾਈਆ। ਬਾਲਮੀਕ ਫੇਰ ਮੀਟ ਕੇ ਅੱਖੀ, ਬਿਨ ਅੱਖੀਆਂ ਅੱਖ ਖੁਲ੍ਹਾਈਆ। ਰਾਮ ਸੀਆ ਤੋਂ ਬਾਦ ਤਕ ਲਈ ਕਾਹਨ ਦੀ ਸਖ਼ੀ, ਸਖ਼ਾਵਤ ਵਿਚ ਬਖ਼ਸ਼ੀ ਧੁਰਦਰਗਾਹੀਆ। ਕਲਮੇ ਧਾਰ ਸੁਣੀ ਸੁਮਤੀ, ਅੱਖਰ ਅੱਖਰਾਂ ਵਿਚੋਂ ਬਦਲਾਈਆ। ਕਲਜੁਗ ਦੀ ਖੇਲ ਵੇਖੀ ਦੀਨ ਦੁਨੀਆ ਅਗਨੀ ਤਪੀ, ਸਾਂਤਕ ਸਤਿ ਨਾ ਕੋਇ ਕਰਾਈਆ। ਜਾਂ ਨਿਗਾਹ ਮਾਰੀ ਸਦੀ ਚੌਧਵੀਂ ਫਿਰੇ ਭਜਦੀ ਟੱਪੀ, ਆਪਣਾ ਪੰਧ ਮੁਕਾਈਆ। ਸਤਿ ਧਰਮ ਦੀ ਧਾਰ ਵੇਖੀ ਛਪੀ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਉਸ ਵਕ਼ਤ ਧੁਰ ਦੇ ਰਾਮ ਖ਼ਬਰ ਅਗੰਮੀ ਦੱਸੀ, ਦਹਿ ਦਿਸ਼ਾ ਤੋਂ ਬਾਹਰ ਦਿਤਾ ਦ੍ਰਿੜਾਈਆ। ਭਗਤਾਂ ਅੰਦਰ ਮੇਰੀ ਧਾਰ ਭਗਤਾਂ ਦੇ ਪਿਆਰ ਵਿਚ ਹੋਵੇ ਵਸੀ, ਦੂਜਾ ਘਰ ਨਜ਼ਰ ਕੋਇ ਨਾ ਆਈਆ। ਸ਼ਬਦ ਦੀ ਡੋਰੀ ਹੋਵੇ ਰੱਸੀ, ਬੰਧਨ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਬਾਲਮੀਕ ਨੇ ਮੱਥੇ ਨੂੰ ਲਾਈ ਧਰਤੀ ਐਸ ਦੀ ਧੂੜੀ, ਖ਼ੁਸ਼ੀਆਂ ਖ਼ਾਕ ਰਮਾਈਆ। ਮੁਖ ਪੱਲਾ ਪਾ ਕੇ ਕਿਹਾ ਮੇਰੀ ਤ੍ਰਿਸ਼ਨਾ ਅੰਦਰੋਂ ਰਹੇ ਨਾ ਕੂੜੀ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਮੈਂ ਮੂਰਖ ਤੇਰਾ ਮੂੜ੍ਹੀ, ਦੇਣੀ ਮਾਣ ਵਡਿਆਈਆ। ਮੈਨੂੰ ਰੰਗਣ ਚਾੜ੍ਹਨੀ ਬਿਨਾ ਰੰਗ ਤੋਂ ਗੂੜ੍ਹੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਉਸ ਵੇਲੇ ਮੈਨੂੰ ਭਗਤ ਬਣਾਵੀਂ ਸੰਤ ਬਣਾਵੀਂ ਮੈਂ ਤੇਰੀ ਕਰਾਂ ਮਸ਼ਹੂਰੀ, ਪੜਦਾ ਅੱਖੀਆਂ ਉਤੇ ਰਖਾਈਆ। ਨਾਤਾ ਵੇਖੀਂ ਦੀਨ ਦੁਨੀ ਕੂੜੀ, ਕੂੜ ਕੁਟੰਬ ਬਣੇ ਜਗਤ ਲੋਕਾਈਆ। ਮੇਰੇ ਰਾਮ ਰਾਮਾ ਤੇਰਾ ਪੰਧ ਰਹੇ ਨਾ ਦੂਰੀ, ਦੂਰ ਦੁਰਾਡੇ ਮਿਲਣਾ ਧੁਰ ਦੇ ਮਾਹੀਆ। ਮੇਰਾ ਲੇਖਾ ਤੇਰੇ ਨਾਲ ਹੋਵੇ ਜ਼ਰੂਰੀ, ਜ਼ਰੂਰਤ ਅਗਲੀ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਬਾਲਮੀਕ ਬਿਨ ਹੱਥਾਂ ਕੀਤੀ ਨਿਮਸਕਾਰ, ਬਿਨ ਡੰਡਾਵਤ ਡੰਡਾਵਤ ਜਣਾਈਆ। ਵਾਹ ਮੇਰੇ ਧੁਰ ਦੇ ਮਿਤਰ ਮੁਰਾਰ, ਤੇਰੀ ਬੇਪਰਵਾਹੀਆ। ਮੈਂ ਕਲਜੁਗ ਵੇਖਣਾ ਚਾਹੁੰਦਾ ਤੇਰੀ ਬਹਾਰ, ਰੁਤੜੀ ਤੇਰੇ ਨਾਲ ਮਹਿਕਾਈਆ। ਤੇਰੀ ਗੁਲਸ਼ਨ ਵੇਖਾਂ ਗੁਲਜ਼ਾਰ, ਧਰਨੀ ਉਤੇ ਧਿਆਨ ਲਗਾਈਆ। ਉਸ ਵੇਲੇ ਬੇਸ਼ਕ ਤੇਈ ਹੋ ਜਾਣ ਅਵਤਾਰ, ਪੈਗ਼ੰਬਰ ਗੁਰੂ ਆਪਣਾ ਪੰਧ ਮੁਕਾਈਆ। ਸਾਰਿਆਂ ਸੰਦੇਸ਼ਾ ਦੇਣਾ ਵਾਰੋ ਵਾਰ, ਪੇਸ਼ੀਨਗੋਈਆਂ ਭਵਿਖਤਾਂ ਨਾਲ ਜਣਾਈਆ। ਨਾਲੇ ਬਾਲਮੀਕ ਨੇ ਤਾੜੀ ਮਾਰੀ ਜੇ ਆਵੇਂ ਤੇ ਆਵੀਂ ਬਣ ਕਲ ਕਲਕੀ ਅਵਤਾਰ, ਕਲਾ ਦਿਆ ਮਾਲਕਾ ਸੋਲਾਂ ਕਲਾ ਤੇਰੀਆਂ ਕੰਮ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸਤ ਦੀਪ ਬਣੀਂ ਸਭ ਦਾ ਸਾਂਝਾ ਯਾਰ, ਮਿਤਰ ਪਿਆਰਾ ਇਕ ਅਖਵਾਈਆ। ਸਾਂਝਾ ਬਣਾਈਂ ਇਕ ਦੁਆਰ, ਜਿਥੇ ਦੁਆਰਕਾ ਵਾਸੀ ਬੈਠੇ ਸੀਸ ਨਿਵਾਈਆ। ਇਕੋ ਨਾਮ ਕਰੀਂ ਜੈਕਾਰ, ਇਕੋ ਸ਼ਬਦ ਸ਼ਬਦ ਸ਼ਨਵਾਈਆ। ਨਾਲੇ ਰੋ ਕੇ ਹਸ ਕੇ ਦੋਹਾਂ ਦੀ ਧਾਰ ਵਿਚ ਬਾਲਮੀਕ ਨੇ ਕਿਹਾ ਜਿੰਨਾਂ ਚਿਰ ਪ੍ਰਭੂ ਮੇਰਿਆ ਸਾਂਝਾ ਕਰੇਂ ਨਾ ਜਗਤ ਵਾਲਾ ਆਹਾਰ, ਖਾਣਾ ਪੀਣਾ ਜਗਤ ਨਾ ਰੰਗ ਰੰਗਾਈਆ । ਤੇਰਾ ਖੇਲ ਉਸ ਵੇਲੇ ਤਕਾਂ ਜਿਸ ਵੇਲੇ ਛੱਤੀ ਰਾਗ ਸੰਦੇਸ਼ਾ ਦੇ ਚੁਕਣ ਤੇ ਕੂਕਣ ਕੂਕ ਪੁਕਾਰ, ਦਰੋਹੀ ਦਰੋਹੀ

ਦਰੋਹੀ ਤੇਰੀ ਦੁਹਾਈਆ। ਤੇਰਾ ਖੇਲ ਹੋਵੇ ਇਸ ਧਰਨੀ ਉਤੇ ਜਿਥੇ ਮੈਂ ਕੀਤੀ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਧੁਰ ਦਾ ਹੁਕਮ ਹੋਇਆ ਸ਼ਬਦ ਸੰਦੇਸ਼ਾ ਦਿਤਾ ਸਚੀ ਸਰਕਾਰ, ਸਤਿ ਸਤਿ ਸਤਿ ਨਾਲ ਸਮਝਾਈਆ। ਮੈਂ ਆਵਾਂ ਨਿਰਗੁਣ ਸਰਗੁਣ ਨਾਨਕ ਧਾਰ ਤੋਂ ਬਾਹਰ, ਬੇਐਬ ਨੂਰ ਨੁਰਾਨਾ ਨੂਰ ਅਲਾਹੀਆ। ਸਭ ਦਾ ਲਹਿਣਾ ਦੇਣਾ ਕ਼ਰਜ਼ਾ ਦਿਆਂ ਉਤਾਰ, ਮੁਹੰਮਦ ਦੀ ਆਸ਼ਾ ਨਾਲ ਜੁੜਾਈਆ। ਸਦੀ ਚੌਧਵੀਂ ਤੇਰੇ ਕ਼ਦਮਾਂ ਵਿਚ ਰੋਵੇ ਹੋਵੇ ਬੇਜ਼ਾਰ, ਗਿਰਿਆਜ਼ਾਰੀ ਵਿਚ ਦੁਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਚਾਰੇ ਖਾਣੀ ਚਾਰੇ ਬਾਣੀ ਨਾਮ ਕਲਮਿਆਂ ਦੇਣਾ ਉਧਾਰ, ਭਗਤਾਂ ਉਦਰ ਦਾ ਲੇਖਾ ਦੇਣਾ ਮੁਕਾਈਆ। ਉਸ ਵੇਲੇ ਤੇਰਾ ਰੂਪ ਅਗੰਮਾ ਹੋਵੇ ਨਰ ਨਿਰੰਕਾਰ, ਨਰ ਨਰਾਇਣ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਰਖਾਈਆ। ਧਰਨੀ ਕਹੇ ਮੇਰਾ ਅੰਤ ਅਖ਼ੀਰੀ ਇਕ ਸੁਆਲ, ਮੈਂ ਨੈਣਾਂ ਨੀਰ ਵਹਾ ਕੇ ਦਿਆਂ ਸੁਣਾਈਆ। ਮੇਰੇ ਸ਼ਹਿਨਸ਼ਾਹ ਮੈਂ ਹੋਈ ਕੰਗਾਲ, ਕਮਲੀ ਕੋਝੀ ਰੋਵਾਂ ਮਾਰਾਂ ਧਾਹੀਆ। ਮੇਰੇ ਉਤੇ ਧਰਮ ਦਾ ਰਿਹਾ ਨਾ ਕੋਇ ਦਲਾਲ, ਵਿਚੋਲਾ ਸਚ ਮਿਲਣ ਕੋਇ ਨਾ ਪਾਈਆ। ਹਕ਼ੀਕ਼ਤ ਦਿਸੇ ਨਾ ਹਕ ਹਲਾਲ, ਅਮਲਾਂ ਵਿਚ ਨਾ ਦਿਸੇ ਲੋਕਾਈਆ। ਪਵਿਤ੍ਰ ਦਿਸੇ ਨਾ ਕੋਈ ਧਰਮਸਾਲ, ਕਾਅਬੇ ਕੂਕ ਕੂਕ ਦੇਣ ਦੁਹਾਈਆ । ਮੇਰੀ ਬੇਨੰਤੀ ਇਕੋ ਇਕ ਤੇਰਾ ਤਕਾਂ ਜਲਵਾਗਰ ਨੂਰ ਜਲਾਲ, ਜ਼ਹੂਰ ਤੇਰਾ ਵੇਖ ਵਖਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਆਸਾ ਨਾਲ ਤੂੰ ਖੇਲ ਕਰ ਕਮਾਲ, ਕਮਲਾਪਾਤੀ ਆਪਣਾ ਰੰਗ ਰੰਗਾਈਆ। ਮੈਂ ਚਾਹੁੰਦੀ ਜਨ ਭਗਤਾਂ ਸੰਤਾਂ ਸੂਫ਼ੀ ਫ਼ਕੀਰਾਂ ਦਰਵੇਸ਼ਾਂ ਜਗਿਆਸੂਆਂ ਸੰਸਾਰੀਆਂ ਇਕੋ ਭੋਜਨ ਦੇਣਾ ਖੁਆਲ, ਖ਼ਾਲਕ ਆਪਣਾ ਰੰਗ ਚੜ੍ਹਾਈਆ। ਜੋ ਚਾਰ ਜੁਗ ਦੇ ਵਿਛੜੇ ਲਏ ਭਾਲ, ਮੇਲ ਮੇਲਿਆ ਸਹਿਜ ਸੁਭਾਈਆ। ਛਤੀ ਦੇਗਾਂ ਨਹੀਂ ਜਨ ਭਗਤਾਂ ਦਾ ਮਹਿਕਿਆ ਪੱਤ ਟਹਿਣੀ ਡਾਲ੍ਹ, ਮਹਿਕ ਦੋ ਜਹਾਨ ਵਖਾਈਆ। ਇਸ ਦਾ ਲੇਖਾ ਬੇਮਿਸਾਲ, ਛੱਬੀ ਪੋਹ ਦੀ ਰੈਣ ਕਹੇ ਮੈਂ ਗਾਵਾਂ ਚਾਈਂ ਚਾਈਂਆ। ਬਾਲਮੀਕ ਬਟਵਾਰਿਆ ਪਾਲ ਸਿੰਘਾ ਉਠ ਕੇ ਸਭ ਨੂੰ ਕਹਿ ਦੇ ਜਨ ਭਗਤੋ ਦੇਗਾਂ ਥੱਲੇ ਅੱਗ ਦਿਉ ਬਾਲ, ਮਾਚਸ ਖ਼ੁਸ਼ੀਆਂ ਨਾਲ ਲਗਾਈਆ। ਅਗੇ ਵਾਸਤੇ ਜਨਮ ਮਰਨ ਦਾ ਖਾਣ ਪੀਣ ਦਾ ਸਭ ਦਾ ਹਲ ਹੋਇਆ ਸਵਾਲ, ਤ੍ਰਿਸ਼ਨਾ ਕੂੜ ਨਾ ਕੋਇ ਰਖਾਈਆ। ਜੈਕਾਰੇ ਬੋਲੋ ਇੱਕੀ ਬਣ ਕੇ ਧੁਰ ਦੇ ਲਾਲ, ਲਾਲਨ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡੀ ਲੇਖੇ ਲਾਵੇ ਘਾਲ, ਅਗੇ ਘਾਲ ਘਾਲਣ ਦੀ ਲੋੜ ਰਹੇ ਨਾ ਰਾਈਆ।