੨੬ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਰੁੜਕਾ ਗੁਰਮੇਜ਼ ਸਿੰਘ ਦੇ ਗ੍ਰਹਿ ਜ਼ਿਲਾ ਜਲੰਧਰ ਦੁਆਬਾ ਸੰਗਤ ਨਵਿਤ
ਧਰਨੀ ਕਹੇ ਪ੍ਰਭੂ ਨਵ ਸੱਤ ਤੇਰਾ ਸੁਣਾਂ ਜੈਕਾਰਾ, ਜੈ ਜੈਕਾਰ ਕਰੇ ਖ਼ਲਕ ਖ਼ੁਦਾਈਆ। ਮੇਰਾ ਪੂਰਬਲਾ ਦੇ ਉਧਾਰਾ, ਲੇਖਾ ਲੇਖਿਆਂ ਵਿਚੋਂ ਝੋਲੀ ਪਾਈਆ। ਤੂੰ ਨਿਰਗੁਣ ਧਾਰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੈਂ ਡੰਡਾਵਤ ਬੰਦਨਾ ਕਰਾਂ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਆ। ਤੂੰ ਮਿਹਰਵਾਨ ਮਿਹਰਵਾਨ ਜੋਤੀ ਜਾਤਾ ਚੌਵੀਆਂ ਅਵਤਾਰਾ, ਅਵਤਰੀ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਰਾ ਪਸਾਰਾ, ਪੱਛਮ ਦੱਖਣ ਉੱਤਰ ਪੂਰਬ ਰਹਿਣ ਨਾ ਪਾਈਆ। ਮੈਨੂੰ ਦੇਣਾ ਅਗੰਮ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਲਹਿਣਾ ਦੇਣਾ ਅੰਤਮ ਵਾਰਾ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਨਵ ਸੱਤ ਤੇਰੇ ਨਾਮ ਦਾ ਹੋਏ ਡੰਕਾ, ਡੌਰੂ ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਮੇਰਾ ਨਵ ਸੱਤ ਸੁਹਾ ਦੇ ਬੰਕਾ, ਗ੍ਰਹਿ ਮੰਦਰ ਵਜਦੀ ਰਹੇ ਵਧਾਈਆ। ਪ੍ਰੀਤਮ ਪਿਆਰਾ ਬਣ ਜਾ ਆਪਣੇ ਜਨ ਕਾ, ਜਨ ਭਗਤਾਂ ਬਣ ਜਣੇਂਦੀ ਮਾਈਆ। ਲਹਿਣਾ ਦੇਣਾ ਪੂਰਾ ਕਰ ਦੇ ਤਨ ਕਾਇਆ ਮਾਟੀ ਤਨ ਕਾ, ਤਤਵ ਤਤ ਆਪਣਾ ਰੰਗ ਵਖਾਈਆ। ਸਤਿ ਪਰਕਾਸ਼ ਦੇ ਦੇ ਨੂਰੀ ਚੰਨ ਕਾ, ਚੰਦ ਚਾਂਦਨਾ ਡਗਮਗਾਈਆ। ਝਗੜਾ ਮੇਟ ਦੇ ਦੂਈ ਦੁਵੈਤੀ ਮਨ ਕਾ, ਮਨਸਾ ਮੋਹ ਵਿਕਾਰ ਚੁਕਾਈਆ। ਲਾਲਚ ਰਹਿਣ ਨਹੀਂ ਦੇਣਾ ਕੂੜੇ ਧਨ ਕਾ, ਧਰਮ ਦੀ ਧਾਰ ਦੇਣੀ ਪਰਗਟਾਈਆ। ਭੇਵ ਖੁਲ੍ਹਾਉਣਾ ਆਪਣੇ ਬ੍ਰਹਮ ਕਾ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਨਿਸ਼ਾਨਾ ਗੱਡ ਦੇ ਸਚ ਧਰਮ ਕਾ, ਧਰਨੀ ਧਰਤ ਧਵਲ ਧੌਲ ਮੇਰੀ ਅੰਤ ਦੁਹਾਈਆ। ਝਗੜਾ ਮੇਟ ਦੇ ਕਾਇਆ ਮਾਟੀ ਚਰਮ ਕਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਸਹਾਰਾ ਬਖ਼ਸ਼ ਦੇ ਆਪਣੀ ਸਰਨ ਕਾ, ਸਤਿ ਸਤਿਵਾਦੀ ਦਇਆ ਕਮਾਈਆ। ਨੇਤਰ ਖੋਲ੍ਹ ਦੇ ਹਰਨ ਫਰਨ ਕਾ, ਨਿਜ ਲੋਚਨ ਡਗਮਗਾਈਆ। ਪੈਂਡਾ ਮੁਕਾ ਦੇ ਮੰਜ਼ਲ ਚੜ੍ਹਨ ਕਾ, ਪਾਂਧੀ ਪੰਧ ਰਹੇ ਨਾ ਰਾਈਆ। ਭੇਵ ਖੁਲ੍ਹਾ ਦੇ ਆਤਮ ਪਰਮਾਤਮ ਢੋਲਾ ਪੜ੍ਹਨ ਕਾ, ਜਗਤ ਵਿਦਿਆ ਨਾ ਕੋਇ ਵਡਿਆਈਆ। ਤੂੰ ਮਾਲਕ ਸੁਆਮੀ ਘਾੜਨ ਘੜਨ ਕਾ, ਭੰਨਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਨੂੰ ਕਰ ਦੇ ਪਤਿਤ ਪੁਨੀਤ, ਪਤਿਤ ਪਾਵਨ ਤੇਰੇ ਹੱਥ ਵਡਿਆਈਆ। ਮੈਂ ਇਕੋ ਗਾਵਾਂ ਤੇਰਾ ਗੀਤ, ਗੋਬਿੰਦ ਢੋਲਾ ਸਹਿਜ ਸੁਭਾਈਆ। ਮੇਰੇ ਉਤੇ ਮਾਨਸ ਜ਼ਾਤੀ ਬਦਲ ਦੇ ਨੀਤ, ਨੀਤੀਵਾਨ ਤੇਰੀ ਓਟ ਤਕਾਈਆ। ਇਕੋ ਰੰਗ ਰੰਗਾ ਦੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਵੇਖੀਂ ਸੌਂ ਨਾ ਰਹਿਣਾ ਦੇ ਕਰ ਪੀਠ, ਕਰਵਟ ਆਪਣੀ ਲੈਣੀ ਬਦਲਾਈਆ। ਮੇਰੇ ਉਤੇ ਚਾੜ੍ਹਨਾ ਜਨ ਭਗਤਾਂ ਰੰਗ ਮਜੀਠ, ਏਥੇ ਉਥੇ ਦੋ ਜਹਾਨ ਉਤਰ ਕਦੇ ਨਾ ਜਾਈਆ। ਆਪਣਾ ਧਾਮ ਅਵਲੜਾ ਦੱਸ ਅਨਡੀਠ, ਨਿਜ ਲੋਚਨ ਲੋਚਨ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਧਰਨੀ ਕਹੇ ਪ੍ਰਭੂ ਮੇਰੀ ਤੇਰੇ ਚਰਨ ਦੁਹਾਈ, ਦੋਹੱਥੜ ਮਾਰ ਸੀਨੇ ਦਿਆਂ ਜਣਾਈਆ। ਨਿਗਾਹ ਮਾਰ ਲੈ ਮੇਰੇ ਗੁਸਾਈਂ, ਗਹਿਰ ਗੰਭੀਰ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਤਕ ਲੈ ਸ਼ਾਹੀ, ਸ਼ਹਿਨਸ਼ਾਹੀ ਆਪਣਾ ਪੜਦਾ ਲਾਹੀਆ।
ਧਰਮ ਦਾ ਰਿਹਾ ਕੋਈ ਨਾ ਰਾਹੀ, ਰਹਿਬਰ ਸੰਗ ਨਾ ਕੋਇ ਨਿਭਾਈਆ। ਤੇਰਾ ਹਿੰਦਸਾ ਸਮਝੇ ਨਾ ਕੋਇ ਇਕਾਈ, ਏਕੰਕਾਰੇ ਜ਼ੀਰੋ ਰੂਪ ਨਾ ਕੋਇ ਬਦਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੈਂ ਮਿੰਨਤਾਂ ਕਰਦੀ ਮੇਰੇ ਉਤੇ ਝਗੜਾ ਹੋਣਾ ਤੇ ਹੋਣਾ ਵਿਚ ਜੁਲਾਈ, ਜੁਲਾਹਾ ਕਬੀਰ ਜਿਸ ਦੀ ਸ਼ਹਾਦਤ ਦਏ ਭੁਗਤਾਈਆ। ਕੀ ਸੰਦੇਸ਼ਾ ਦੇਂਦੀ ਅਗੰਮੀ ਏ ਮਾਈ, ਵਿਸ਼ਨ ਬ੍ਰਹਮਾ ਸ਼ਿਵ ਚੇਲਿਆਂ ਨਾਲ ਮਿਲਾਈਆ। ਹੁਕਮ ਵਰਤਣਾ ਤੇਰਾ ਥਲ ਅਸਗਾਹੀ, ਗਹਿਰ ਗੰਭੀਰ ਬੇਨਜ਼ੀਰ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਭੇਵ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਆਪਣਾ ਭੇਵ ਖੋਲ੍ਹ ਦੇ ਜਗ, ਜਗ ਜੀਵਣ ਦਾਤੇ ਦਇਆ ਕਮਾਈਆ। ਮੈਂ ਤੇਰੀ ਸਰਨ ਸਰਨਾਈ ਗਈ ਲੱਗ, ਲਗ ਮਾਤਰ ਡੇਰਾ ਢਾਹੀਆ। ਤੈਥੋਂ ਕਦੇ ਨਾ ਹੋਵਾਂ ਅਲਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਮੇਰੇ ਮਾਲਕ ਖ਼ਾਲਕ ਕਵਣ ਵੇਲਾ ਮੇਰੇ ਸੀਨੇ ਲੱਗੀ ਅੱਗ, ਅਗਨੀ ਸਕੇ ਨਾ ਕੋਇ ਬੁਝਾਈਆ। ਕੀ ਲੇਖਾ ਹੋਵੇ ਹੰਸ ਬੁੱਧੀ ਕਗ, ਮਾਨਵ ਮਾਨਸ ਰੂਪ ਬਦਲਾਈਆ । ਕਗ ਧਾਰ ਦਿਸਣ ਬਪੜੇ ਬਗ, ਹੰਸ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮਨਸਾ ਪੂਰੀ ਕਰਨੀ ਝਬ, ਝਲਕ ਪਲਕ ਆਪਣੀ ਦੇਣੀ ਵਖਾਈਆ।
੨੭ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਵਿਦੇਸ਼ ਟੂਰ ਤੋਂ ਵਾਪਸ ਪੁੱਜਣ ਤੇ
ਵਿਸਾਖ ਕਹੇ ਮੇਰਾ ਪਰਵਿਸ਼ਟਾ ਸਤਾਈ, ਸਤਾਈ ਚੱਕ ਦਾ ਲੇਖਾ ਦਿਆਂ ਸਮਝਾਈਆ। ਕੀ ਖੇਲ ਕੀਤਾ ਮੇਰੇ ਬੇਪਰਵਾਹੀ, ਬੇਪਰਵਾਹ ਆਪਣੀ ਕਾਰ ਭੁਗਤਾਈਆ। ਸ਼ੇਰ ਸਿੰਘ ਸ਼ੇਰ ਤਨ ਵਜੂਦ ਵਿਚੋਂ ਲੈ ਅੰਗੜਾਈ, ਆਪ ਆਪਣਾ ਰੂਪ ਬਦਲਾਈਆ। ਜੋਤ ਨੂਰ ਹੋ ਕੇ ਦੋ ਜਹਾਨ ਤਕਿਆ ਚਾਈਂ ਚਾਈਂ, ਚਾਰੇ ਕੁੰਟ ਵੇਖ ਵਖਾਈਆ। ਫੇਰ ਨਿਗਾਹ ਮਾਰੀ ਚਾਰ ਜੁਗ ਦੇ ਤਕੇ ਰਾਹੀ, ਅਵਤਾਰ ਪੈਗ਼ੰਬਰ ਗੁਰ ਖੋਜ ਖੁਜਾਈਆ। ਫੇਰ ਖ਼ੁਸ਼ੀ ਕੀਤੀ ਸਭ ਨੂੰ ਆਪਣੇ ਅੰਤਰ ਲਿਆ ਬੁਲਾਈ, ਬਿਨ ਬੁੱਲਾਂ ਹੁਕਮ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਪੰਧ ਮੁਕਾਉਣਾ ਥਾਈਂ ਥਾਈਂ, ਥਨੰਤਰ ਇਕੋ ਇਕ ਦਰਸਾਈਆ। ਆਪਣੀ ਕਥਾ ਕਹਾਣੀ ਦਿਉ ਸੁਣਾਈ, ਚਾਰ ਜੁਗ ਦਾ ਪੂਰਬ ਨਾਲ ਮਿਲਾਈਆ। ਨਾਲੇ ਮੇਰਾ ਨਾਮ ਕਲਮਾ ਤਕੋ ਜੋ ਕਾਇਨਾਤ ਆਏ ਗਾਈ, ਦੀਨ ਦੁਨੀ ਕਰ ਸ਼ਨਵਾਈਆ। ਮੇਰਾ ਸ਼ਬਦ ਸੰਦੇਸ਼ਾ ਦਿਉ ਸਮਝਾਈ, ਭੇਵ ਅਭੇਦ ਖੁਲ੍ਹਾਈਆ। ਫੇਰ ਪਰਦਾ ਲਉ ਉਠਾਈ, ਉਹਲਾ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਤਕੋ ਜਿੰਨ੍ਹਾਂ ਨਾਲ ਪ੍ਰੇਮ ਵਾਲੀ ਸਾਈ, ਸ਼ਹਾਦਤ ਸ਼ਰਅ ਨਾਲ ਰਖਾਈਆ। ਨਾਲੇ ਆਪਣੀ ਆਪਣੀ ਵਖਾਓ ਕਲਾਈ, ਸੱਜਾ ਹੱਥ ਲਉ ਉਠਾਈਆ। ਆਪਣਾ ਭਵਿਖਤ ਦਿਉ ਦ੍ਰਿੜਾਈ, ਉਹਲਾ ਉਹਲਿਆਂ ਵਿਚੋਂ ਚੁਕਾਈਆ। ਪੈਗ਼ੰਬਰੋ ਪੈਗ਼ਾਮ ਦੱਸੋ ਚਾਈਂ ਚਾਈਂ, ਜੋ ਸੁਣਾਇਆ ਧੁਰ ਦੇ ਮਾਹੀਆ। ਅਵਤਾਰੋ ਆਪਣਾ ਲੇਖਾ ਦਿਉ ਵਖਾਈ, ਬਿਨ ਅੱਖਰਾਂ ਅੱਖਰ ਦ੍ਰਿੜਾਈਆ।
ਗੁਰੂ ਗੁਰਦੇਵ ਮੇਰਾ ਹੁਕਮ ਸੁਣੋ ਅਲਾਹੀ, ਹਕ ਹਕ਼ੀਕ਼ਤ ਵਿਚੋਂ ਪਰਗਟਾਈਆ। ਆਪਣੇ ਆਪਣੇ ਦੀਨਾਂ ਮਜ਼੍ਹਬਾਂ ਦੀ ਦਿਉ ਸਫ਼ਾਈ, ਸਫ਼ਾ ਦੀਨ ਦੁਨੀ ਵੇਖ ਵਖਾਈਆ। ਕਿਉਂ ਤੁਹਾਡੀ ਨਾਮ ਵਸਤ ਹੋਈ ਪਰਾਈ, ਪਰਾ ਪਸੰਤੀ ਮਧਮ ਬੈਖਰੀ ਭੇਵ ਨਾ ਕੋਇ ਖੁਲ੍ਹਾਈਆ। ਕੀ ਖੇਲ ਤਕੋ ਥਲ ਅਸਗਾਹੀ, ਟਿੱਲੇ ਪਰਬਤਾਂ ਖੋਜ ਖੁਜਾਈਆ। ਕਿਉਂ ਅੰਧੇਰਾ ਗਿਆ ਛਾਈ, ਸਾਚਾ ਚੰਨ ਨਾ ਕੋਇ ਚਮਕਾਈਆ। ਆਪਣੀ ਆਪਣੀ ਪੇਸ਼ੀਨਗੋਈ ਲਉ ਉਠਾਈ, ਬਿਨ ਹੱਥਾਂ ਹੱਥ ਉਠਾਈਆ। ਨੇਤਰ ਤਕੋ ਨੈਣ ਮਿਲਾਈ, ਉਹਲਾ ਉਹਲਿਆਂ ਵਿਚੋਂ ਚੁਕਾਈਆ। ਝਟ ਗੋਬਿੰਦ ਕਿਹਾ ਮੇਰਾ ਢਈਆ ਬੀਤਿਆ ਸਾਲ ਲੰਘ ਗਏ ਸੌ ਢਾਈ, ਪਾਂਧੀ ਪਿਛਲਾ ਪੰਧ ਮੁਕਾਈਆ। ਮੁਹੰਮਦ ਕਿਹਾ ਮੇਰੀ ਸਦੀ ਚੌਧਵੀਂ ਆਈ, ਚਾਰੋਂ ਕੁੰਟ ਵੇਖ ਵਖਾਈਆ। ਈਸਾ ਕਿਹਾ ਮੇਰੀ ਬੀਸਵੀਂ ਬੈਠੀ ਰੂਪ ਬਦਲਾਈ, ਪੜਦਾ ਨਜ਼ਰ ਕੋਇ ਨਾ ਆਈਆ। ਮੂਸਾ ਕਿਹਾ ਮੇਰੇ ਨੂਰ ਦੀ ਰਹੀ ਨਾ ਕੋਇ ਰੁਸ਼ਨਾਈ, ਚੰਦ ਚਾਂਦਨਾ ਚੰਦ ਨਾ ਕੋਇ ਰੁਸ਼ਨਾਈਆ। ਝਟ ਪੁਰਖ ਅਕਾਲ ਨੇ ਕਿਹਾ ਅਵਤਾਰੋ ਤੁਸੀਂ ਭੇਵ ਦਿਉ ਖੁਲਾਈ, ਰਾਮਾ ਕ੍ਰਿਸ਼ਨਾ ਲੈਣ ਅੰਗੜਾਈਆ। ਝਟ ਵੇਦ ਵਿਆਸਾ ਬੈਠਾ ਸੀਸ ਝੁਕਾਈ, ਨਿਵ ਨਿਵ ਲਾਗਾ ਪਾਈਆ। ਬਾਵਨ ਬੋਲਿਆ ਇਹ ਖੇਲ ਅਗੰਮ ਅਥਾਹੀ, ਕਥਨੀ ਕਹਿਣ ਕਿਛ ਨਾ ਪਾਈਆ। ਅਸੀਂ ਸਾਰੇ ਚਲਦੇ ਤੇਰੀ ਹੁਕਮ ਰਜ਼ਾਈ, ਰਾਜ਼ਕ ਰਿਜ਼ਕ ਰਹੀਮ ਤੇਰੇ ਹੱਥ ਵਡਿਆਈਆ। ਝਟ ਹੁਕਮ ਆਇਆ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਮੇਰੀ ਇਕ ਅਨੋਖੀ ਮਰਜ਼ੀ, ਮਜ਼ਾਕ਼ ਵਿਚ ਨਾ ਕੋਇ ਜਣਾਈਆ। ਮੈਨੂੰ ਇਉਂ ਦਿਸਿਆ ਤੁਸੀਂ ਸਾਰੇ ਆਪਣੇ ਦੀਨਾਂ ਮਜ਼੍ਹਬਾਂ ਦੇ ਗ਼ਰਜ਼ੀ, ਮਾਰਗ ਪੰਥ ਆਪਣੀ ਸਮਝੀ ਵਡਿਆਈਆ। ਕੁਛ ਮੈਨੂੰ ਆਪਣੇ ਬਿਨਾ ਹੱਥਾਂ ਤੋਂ ਲਿਖ ਕੇ ਦਿਉ ਅਰਜ਼ੀ, ਬਿਨ ਅੱਖਰਾਂ ਅੱਖਰ ਬਣਾਈਆ। ਸਾਰੇ ਬਿਆਨ ਦੇ ਦਿਉ ਅਸੀਂ ਤਤਾਂ ਵਾਲੇ ਗੁਰੂ ਫ਼ਰਜ਼ੀ, ਬਿਨ ਸਤਿਗੁਰ ਸ਼ਬਦ ਤੋਂ ਕਾਮਲ ਰਹਿਣ ਕੋਇ ਨਾ ਪਾਈਆ। ਨਾਲੇ ਕਹੋ ਪ੍ਰਭੂ ਸਾਡੀ ਪੰਜਾਂ ਤਤਾਂ ਵਾਲੀ ਤੇਰੀ ਬਖ਼ਸ਼ੀ ਹੋਈ ਵਰਦੀ, ਮਿੱਟੀ ਖ਼ਾਕ ਖ਼ਾਕ ਰੰਗ ਰੰਗਾਈਆ। ਜਿਸ ਵਿਚ ਖੇਲ ਚੋਟੀ ਜੜ੍ਹ ਦੀ, ਚੇਤਨ ਤੇਰੀ ਬੇਪਰਵਾਹੀਆ। ਤੇਰੀ ਸਿਖਿਆ ਸਾਖਿਆਤ ਪੜ੍ਹਦੀ, ਬਿਨ ਰਸਨਾ ਢੋਲੇ ਗਾਈਆ । ਝਟ ਪੁਰਖ ਅਕਾਲ ਕਿਹਾ ਮੇਰੀ ਖੇਲ ਨਰਾਇਣ ਨਰ ਦੀ, ਨਰ ਹਰਿ ਆਪਣਾ ਹੁਕਮ ਵਰਤਾਈਆ। ਤੁਹਾਡਾ ਕਿਹੜਾ ਕਿਹੜਾ ਦਰਦੀ, ਮੈਨੂੰ ਦਿਉ ਸਮਝਾਈਆ। ਕੀ ਧਾਰ ਸਚ ਸਰੋਵਰ ਸਰ ਦੀ, ਅੰਮ੍ਰਿਤ ਮੇਘ ਕੀ ਬਰਸਾਈਆ। ਕਵਣ ਤੁਹਾਡੇ ਪਿਆਰ ਵਿਚ ਸੁਵਾਣੀ ਤੁਹਾਡਾ ਪਾਣੀ ਭਰਦੀ, ਕੰਢੀ ਘਾਟ ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਸਾਂ ਤਕੇ ਬੜੇ ਨਜ਼ਾਰੇ, ਨਜ਼ਰੀਆ ਸਮਝ ਕੋਇ ਨਾ ਪਾਈਆ। ਤੁਸਾਂ ਮਜ਼੍ਹਬਾਂ ਦੇ ਖੋਲ੍ਹੇ ਹਟ ਬਾਜ਼ਾਰੇ, ਸੌਦਾ ਮੇਰਾ ਨਾਮ ਵਿਕਾਈਆ। ਸ਼ਰਅ ਦੇ ਵਖ ਵਖ ਲਗਾਏ ਨਾਅਰੇ, ਨਰ ਹਰਿ ਨਰਾਇਣ ਦ੍ਰਿੜਾਈਆ। ਰਸਨਾ ਜਿਹਵਾ ਬੋਲ ਜੈਕਾਰੇ, ਜੈ ਜੈਕਾਰ ਦਿਤੀ ਸੁਣਾਈਆ। ਮੇਰੇ ਹੁਕਮ ਦੇ ਬਣੇ ਬਣਜਾਰੇ, ਹੁਕਮ ਹੁਕਮੇ ਹੁਕਮ ਮਨਾਈਆ। ਹੁਣ ਤੁਸੀਂ ਸਾਰੇ ਆਪਣਾ ਭਵਿਖਤ ਲਓ ਵਿਚਾਰੇ, ਵਿਚਰਕੇ ਦਿਉ ਜਣਾਈਆ। ਨਾਲੇ ਆਪਣਾ ਲੇਖਾ ਤਕੋ ਬੈਠਾ ਕਿਹੜੇ ਕਿਨਾਰੇ, ਕੰਢੀ ਘਾਟ ਸੋਭਾ ਪਾਈਆ। ਸਭ ਨੇ ਇਕੋ ਵਾਰ ਕੀਤੀ ਨਿਮਸਕਾਰੇ, ਡੰਡਾਵਤ ਵਿਚ ਸੀਸ ਝੁਕਾਈਆ। ਚਰਨ ਧੂੜੀ ਲਾਈ ਛਾਰੇ, ਮਸਤਕ ਟਿੱਕੇ ਖ਼ਾਕ ਰਮਾਈਆ। ਪ੍ਰਭੂ ਅਸੀਂ ਤੇਰੇ ਦੁਲਾਰੇ, ਦੂਲ੍ਹੇ ਦੋ ਜਹਾਨ ਦੇਣੀ ਵਡਿਆਈਆ। ਝਟ
ਸਤਿਗੁਰ ਸ਼ਬਦ ਕਿਹਾ ਮੇਰਾ ਹੁਕਮ ਸੁਣੋ ਇਕ ਕਰਾਰੇ, ਇਕ਼ਰਾਰ ਕਰਕੇ ਦਿਆਂ ਸੁਣਾਈਆ। ਅਵਤਾਰ ਪੈਗ਼ੰਬਰੋ ਗੁਰੂਓ ਜੇ ਸਚ ਪੁਛੋ ਤੁਸੀਂ ਮੇਰੇ ਪ੍ਰਭੂ ਦੇ ਲੋਕਮਾਤ ਦੇ ਮੁਜ਼ਾਰੇ, ਮਜ਼੍ਹਬਾਂ ਦਾ ਵਾਰਸ ਨਜ਼ਰ ਕੋਇ ਨਾ ਆਈਆ। ਤੁਹਾਨੂੰ ਪਤਾ ਨਹੀਂ ਕਿਤਨੇ ਜੁਗ ਲੰਘ ਗਏ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਕੇਤੇ ਪੰਧ ਮੁਕਾਈਆ । ਆਓ ਮੈਂ ਤੁਹਾਨੂੰ ਦੱਸਾਂ ਇਕ ਅਗੰਮ ਇਸ਼ਾਰੇ, ਬਿਨ ਸੈਨਤ ਸੈਨਤ ਸਮਝਾਈਆ। ਤੁਸੀਂ ਸਾਰੇ ਇਕੱਠੇ ਹੋ ਕੇ ਆਪਣਾ ਬਲ ਲਓ ਧਾਰੇ, ਸਵਾਧਾਨ ਲਓ ਕਰਾਈਆ। ਤੁਸੀਂ ਅਵਤਾਰ ਪੈਗ਼ੰਬਰ ਗੁਰੂ ਜਥੇ ਬਣਾਓ ਭਾਰੇ, ਹਜੂਮ ਆਪਣਾ ਦਿਓ ਵਖਾਈਆ। ਨਾਲੇ ਖੰਡੇ ਖੜਗਾਂ ਖਿਚੋ ਤੀਰ ਕਮਾਨ ਲਉ ਉਭਾਰੇ, ਸ਼ਸਤਰ ਹੱਥਾਂ ਵਿਚ ਉਠਾਈਆ। ਪੁਰਖ ਅਕਾਲ ਨੂੰ ਕਹੋ ਅਸੀਂ ਜੰਗਜੂ ਬਹਾਦਰ ਯੋਧੇ ਬੜੇ ਕਰਾਰੇ, ਸੂਰਬੀਰ ਬੀਰ ਅਖਵਾਈਆ। ਫੇਰ ਹੁਕਮ ਸੁਣੋ ਨਿਰੰਕਾਰੇ, ਕੀ ਕਰਤਾ ਦਏ ਦ੍ਰਿੜਾਈਆ। ਝਟ ਸਭ ਨੇ ਕਿਹਾ ਸਤਿਗੁਰ ਸ਼ਬਦ ਅਸਾਂ ਖੇਲ ਕੀਤੇ ਅਪਾਰੇ, ਅਪਰੰਪਰ ਸੁਆਮੀ ਨਾਲ ਮਿਲ ਕੇ ਖੇਲ ਖਿਲਾਈਆ। ਹੁਣ ਸੰਦੇਸ਼ਾ ਦੇਈਏ ਇਕੋ ਵਾਰੇ, ਏਕੰਕਾਰ ਕਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੁਰਖ ਅਕਾਲ ਕਿਹਾ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਬੜੇ ਸੂਰਬੀਰ, ਸੂਰਮਿਓ ਤੁਹਾਨੂੰ ਦਿਆਂ ਸਮਝਾਈਆ। ਤੁਸਾਂ ਮੇਰੇ ਨਾਮ ਦੇ ਨਾਮ ਨਾਲ ਝਗੜਾ ਕੀਤਾ ਤੇ ਖਿੱਚੇ ਕਮਾਨਾਂ ਤੀਰ, ਜਗਤ ਨਿਸ਼ਾਨੇ ਗਏ ਬਣਾਈਆ। ਚਾਰੋਂ ਕੁੰਟ ਘਤਦੇ ਰਹੇ ਵਹੀਰ, ਭੱਜੇ ਵਾਹੋ ਦਾਹੀਆ। ਤੁਹਾਨੂੰ ਪਤਾ ਨਹੀਂ ਮੈਂ ਅਛਲ ਅਛੱਲ ਅੱਖਾਂ ਤੋਂ ਪਰੇ ਵਸਣਵਾਲਾ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਤੁਸੀਂ ਮੇਰੀ ਮਹਿੰਮਾ ਕਰ ਸਕੇ ਖਿੱਚ ਨਹੀਂ ਸਕੇ ਤਸਵੀਰ, ਮੇਰਾ ਰੂਪ ਬਾਹਰ ਨਾ ਕੋਇ ਸਮਝਾਈਆ । ਪਰ ਮੈਂ ਬੜਾ ਸ਼ਰਾਰਤੀ ਲਿਖਾਵਣਹਾਰ ਅਬਾਰਤੀ ਨਾਮ ਕਲਮੇ ਦਾ ਤਜਾਰਤੀ ਤੁਹਾਨੂੰ ਖਿੱਚ ਕੇ ਵਿਚ ਜ਼ੰਜੀਰ, ਕੜੀ ਨਾਮ ਕਲਮੇ ਵਾਲੀ ਦਿਤੀ ਲਗਾਈਆ। ਤੁਹਾਥੋਂ ਸ਼ਾਸਤਰਾਂ ਬੰਧਾਈ ਬੀੜ, ਅੱਖਰ ਅੱਖਰਾਂ ਨਾਲ ਮਿਲਾਈਆ। ਮੈਂ ਇਕ ਬਚਨ ਪੁਛਣਾ ਅਖ਼ੀਰ, ਆਖ਼ਰ ਦਿਆਂ ਸੁਣਾਈਆ। ਅਵਤਾਰੋ ਪੈਗ਼ੰਬਰੋ ਗੁਰੂਓ ਆਪਣਿਆਂ ਦੀਨਾਂ ਮਜ਼੍ਹਬਾਂ ਵਿਚੋਂ ਮੈਨੂੰ ਉਹ ਦਿਉ ਜੋ ਤੁਹਾਡਾ ਸਾਰਿਆਂ ਦਾ ਹੋਵੇ ਵੀਰ, ਨਾਮ ਕਲਮੇ ਤੋਂ ਬਾਹਰ ਤੁਹਾਡੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਤੁਹਾਡੇ ਵੱਡੇ ਵੱਡੇ ਵੱਡੇ ਸਿੱਖ ਮੁਰੀਦ, ਮੁਰਸ਼ਦੋ ਮੁਰਸ਼ਦੋ ਮੁਰਸ਼ਦੋ ਤੁਹਾਨੂੰ ਦਿਆਂ ਸੁਣਾਈਆ। ਬਿਨਾ ਅੱਖਾਂ ਤੋਂ ਮੇਰੇ ਵੱਲ ਸਾਰੇ ਕਰੋ ਦੀਦ, ਬਿਨ ਨੈਣਾਂ ਨੈਣ ਨੈਣ ਨੈਣ ਮਿਲਾਈਆ। ਉਨ੍ਹਾਂ ਵੱਲ ਵੇਖੋ ਜਿਹੜੇ ਤੁਹਾਡੇ ਪਿਆਰ ਵਿਚ ਹੋਏ ਸ਼ਹੀਦ, ਸ਼ਹਾਦਤ ਜਗਤ ਤਤਾਂ ਵਾਲੀ ਭੁਗਤਾਈਆ। ਫੇਰ ਖ਼ੁਸ਼ੀ ਵਿਚ ਸਾਰੇ ਖੋਲ੍ਹ ਲਓ ਆਪਣੀ ਨੀਂਦ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ । ਫੇਰ ਹੁਲਾਰਾ ਲੈਣਾ ਉਸ ਅਗੰਮੀ ਪੀਂਘ, ਜੋ ਝੂਲਾ ਦੋ ਜਹਾਨਾਂ ਬਾਹਰ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਾਈ ਵਿਸਾਖ ਕਹੇ ਮੈਂ ਵੀ ਉਸ ਦਿਨ ਮੂਲ ਨਾ ਸੁੱਤਾ, ਸੁੱਤਿਆਂ ਦਿਆਂ ਜਣਾਈਆ। ਕਿਸੇ ਨੂੰ ਪਤਾ ਨਹੀਂ ਉਹ ਕਿਹੜੀ ਘੜੀ ਕਿਹੜਾ ਪਲ ਕਿਹੜੀ ਰੁਤਾ, ਕਵਣ ਕਵਣ ਕਵਣ ਰਿਹਾ ਮਹਿਕਾਈਆ। ਫੇਰ ਮੈਨੂੰ ਹਲੂਣਾ ਦਿਤਾ ਸਤਿਗੁਰ ਸ਼ਬਦ ਕਿਹਾ ਵੇਖ ਖੇਲ ਅਬਿਨਾਸ਼ੀ ਅਚੁਤਾ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਬਿਨਾ ਅੱਖਰਾਂ ਦਿਤਾ ਰੁੱਕਾ, ਲੇਖ
ਨਜ਼ਰ ਕੋਇ ਨਾ ਆਈਆ। ਨਾਲੇ ਹੁਕਮ ਸੰਦੇਸ਼ਾ ਪੱਕਾ ਦਿਤਾ ਸੁੱਕਾ, ਕ਼ਲਮ ਸ਼ਾਹੀ ਸ਼ਾਹੀ ਕ਼ਲਮ ਨਾ ਕੋਇ ਛੁਹਾਈਆ। ਨਾਲੇ ਫੜ ਕੇ ਹਲੂਣਿਆਂ ਗੁੱਟਾ, ਝੰਜੋੜ ਕੇ ਦਿਤਾ ਵਖਾਈਆ। ਮੇਰੇ ਅਵਤਾਰੋ ਪੈਗ਼ੰਬਰੋ ਗੁਰੂ ਸਾਹਿਬਾਨੋ ਮੈਨੂੰ ਉਹ ਸਿੱਖ ਮੁਰੀਦ ਵਖਾਓ ਜਿਹੜਾ ਤੁਹਾਡੇ ਨਾਲੋਂ ਨਹੀਂ ਟੁੱਟਾ, ਵਿਛੋੜੇ ਵਿਚ ਘੜੀ ਪਲ ਵਿਛੜ ਕਦੇ ਨਾ ਜਾਈਆ। ਜਿਹੜਾ ਏਥੇ ਓਥੇ ਮੰਦਰ ਅੰਦਰ ਪਿਆਰ ਦੀਦਾਰ ਵਿਚ ਕਦੇ ਨਹੀਂ ਰੁਠਾ, ਮੁਖ ਮੁਖ ਨਾ ਕਦੇ ਬਦਲਾਈਆ। ਨਾਲੇ ਹਲੂਣਿਆਂ ਵੇਖੋ ਚਾਰੇ ਗੁੱਠਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਫੇਰ ਹੱਥ ਖੋਲ੍ਹੋ ਫੇਰ ਮੀਟੋ ਮੁੱਠਾਂ, ਘੁੱਟ ਘੁੱਟ ਕੇ ਉਂਗਲੀਆਂ ਲਓ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਗੁਰ ਅਵਤਾਰ ਪੈਗ਼ੰਬਰੋ ਵੇਖੋ ਵਿਸਾਖ ਮਹੀਨਾ ਤੇ ਦਿਵਸ ਸਤਾਈ, ਸਤ੍ਹਾ ਬਲੰਦੀ ਦੋ ਜਹਾਨ ਨਾ ਕੋਇ ਰਖਾਈਆ। ਪਹਿਲੋਂ ਇਹ ਦੱਸੋ ਤੁਸੀਂ ਹਿੰਦਸਾ ਇਕ ਦੋ ਕਿ ਇਕਾਈ, ਕਵਣ ਵੰਡ ਵੰਡਾਈਆ। ਜੇ ਮੇਰਾ ਭੇਵ ਸਮਝ ਗਏ ਉਠਾ ਲਓ ਦੋਵੇਂ ਬਾਂਹੀ, ਭੁਜਾ ਭੁਜਾ ਨਾਲ ਮਿਲਾਈਆ। ਨਾਲੇ ਹੋਕਾ ਦਿਉ ਮੇਰੇ ਮਾਲਕ ਖ਼ੁਦਾ ਧੁਰ ਦੇ ਮਾਹੀ, ਮਹਿਬੂਬ ਕੀ ਆਪਣੀ ਖੇਲ ਖਿਲਾਈਆ। ਫੇਰ ਹੁਕਮ ਸੁਣੋ ਜੋ ਧੁਰ ਦਾ ਦਏ ਸੁਣਾਈ, ਅਣਸੁਣਤ ਰਹਿਣ ਕੋਇ ਨਾ ਪਾਈਆ। ਉਹ ਪੈਗ਼ਾਮ ਆਇਆ ਇਲਹਾਮ ਆਇਆ ਉਹ ਕਲਮਿਆਂ ਦਾ ਕਲਾਮ ਆਇਆ ਜਿਸ ਦਾ ਅੱਖਰ ਕਿਸੇ ਦਿਸੇ ਨਾਹੀ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਫ਼ਰਮਾਨ ਕੀਤਾ ਅੱਜ ਵਕ਼ਤ ਸਾਰੇ ਲਓ ਅੰਗੜਾਈ, ਆਪਣਾ ਆਪ ਆਪ ਬਲ ਪਰਗਟਾਈਆ। ਜੇ ਤੁਸੀਂ ਲਿਖ ਨਹੀਂ ਸਕਦੇ ਮੇਰੇ ਚਰਨਾਂ ਦੇ ਥੱਲੇ ਅੰਗੂਠਾ ਲਉ ਲਗਾਈ, ਮੁਖੋਂ ਕਹੋ ਅਸੀਂ ਦੀਨ ਮਜ਼੍ਹਬ ਸਾਰੇ ਗਏ ਤਜਾਈ, ਝਟ ਇਕ ਦੂਜੇ ਵਲ ਤਕਣ ਹੱਥ ਮੱਥੇ ਉਤੇ ਟਿਕਾਈਆ। ਫਿਰ ਉਮਤ ਵੇਖੀ ਦੀਨ ਮਜ਼੍ਹਬ ਤਕੇ ਸਚ ਦਾ ਮਿਲਿਆ ਕੋਈ ਨਾ ਰਾਹੀ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਕਿਹਾ ਤੇਰੀ ਖੇਲ ਤੇਰੇ ਹੱਥ ਫੜਾਈ, ਦੂਜਾ ਨਜ਼ਰ ਕੋਇ ਨਾ ਆਈਆ। ਅਸੀਂ ਬਾਲ ਅੰਞਾਣੇ ਤੂੰ ਸ਼ਹਿਨਸ਼ਾਹ ਧੁਰ ਦਰਗਾਹੀ, ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਿਹਾ ਗੁਰ ਅਵਤਾਰ ਪੈਗ਼ੰਬਰੋ ਸੁਣੋ ਹੁਕਮ ਇਕ ਇਲਾਹੀ, ਇਕੋ ਵਾਰ ਸੁਣਾਈਆ। ਸਭ ਨੇ ਸੁਣਨਾ ਨਾਲ ਚਾਈਂ ਚਾਈਂ, ਚਾਓ ਘਨੇਰਾ ਇਕ ਵਖਾਈਆ। ਆਪਣਾ ਬਲ ਲਓ ਪਰਗਟਾਈ, ਪਰਗਟ ਹੋ ਕੇ ਮੇਰੇ ਅਗੇ ਰੂਪ ਲਓ ਬਦਲਾਈਆ। ਫੇਰ ਆਪਣੀ ਤਾਕ਼ਤ ਲਓ ਅਜ਼ਮਾਈ, ਆਜ਼ਮ ਹੋ ਕੇ ਆਪਣਾ ਬਲ ਜਣਾਈਆ। ਫੇਰ ਕਹੋ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਮੇਰੇ ਹੱਥ ਸ੍ਰਿਸ਼ਟ ਸਬਾਈ ਦੇ ਫੜਾਈ, ਨਵ ਸੱਤ ਆਪਣਾ ਹੁਕਮ ਵਰਤਾਈਆ। ਮੈਂ ਦੀਨਾਂ ਮਜ਼੍ਹਬਾਂ ਕਰਾਂ ਜੁਦਾਈ, ਤੇਰੇ ਹੁਕਮ ਵਿਚ ਸਮਾਈਆ। ਝਟ ਸਾਰੇ ਬੈਠੇ ਸੀਸ ਨਿਵਾਈ, ਪ੍ਰਭੂ ਤੇਰਾ ਅੰਤ ਕੋਇ ਨਾ ਆਈਆ। ਅਸੀਂ ਜਿਸ ਮਾਰਗ ਤੇ ਲਾਏ ਉਸੇ ਮਾਰਗ ਦੇ ਰਾਹੀ, ਅਗੇ ਕ਼ਦਮ ਨਾ ਕੋਇ ਟਿਕਾਈਆ। ਸਾਡੀ ਇਕ ਬੇਨੰਤੀ ਇਕ ਅਰਦਾਸ ਤੇਰੇ ਚਰਨ ਕਵਲ ਟਿਕਾਈ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਅੱਜ ਅਸੀਂ ਫ਼ੈਸਲਾ ਦਿਤਾ ਸਾਡੇ ਵਲੋਂ ਜਿਸ ਨੂੰ ਚਾਹੇਂ ਉਸੇ ਨੂੰ ਦੇ ਵਡਿਆਈ, ਵੱਡੇ ਤੇਰੀ ਵਡ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਨੌ ਵਾਰ ਏਕੰਕਾਰ ਜਿਮੀਂ ਅਸਮਾਨ ਦੋ ਜਹਾਨ ਮਰਦ ਮਰਦਾਨ ਨਿਗਾਹ ਮਾਰੀ, ਬਿਨ ਅੱਖਾਂ ਅੱਖ ਉਠਾਈਆ। ਫੇਰ ਕੀਤਾ
ਜੋਤ ਉਜਿਆਰ, ਵੇਖਿਆ ਪੈਗ਼ੰਬਰ ਗੁਰ ਅਵਤਾਰ, ਨਿਗਾਹ ਮਾਰੀ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਧਿਆਨ ਲਗਾਈਆ। ਫੇਰ ਦੂਜੀ ਵਾਰ ਕਿਹਾ ਗੁਰ ਅਵਤਾਰ ਪੈਗ਼ੰਬਰੋ ਆਪਣਾ ਵਕ਼ਤ ਲਓ ਸੰਭਾਲ, ਸੰਬਲ ਦਾ ਮਾਲਕ ਹੁਕਮ ਸੁਣਾਈਆ। ਤੁਸੀਂ ਸ਼ਾਹ ਬਣਨਾ ਕਿ ਕੰਗਾਲ, ਕਿ ਪਾਤਸ਼ਾਹ ਨਾਲ ਮਿਲਕੇ ਆਪਣੀ ਖ਼ੁਸ਼ੀ ਬਣਾਈਆ। ਤੁਸੀਂ ਸ਼ਬਦ ਬਣਨਾ ਕਿ ਦਲਾਲ, ਵਿਚੋਲਿਓ ਆਪਣਾ ਪੜਦਾ ਦਿਉ ਉਠਾਈਆ। ਸਾਰਿਆਂ ਹੱਥ ਜੋੜ ਕੇ ਕਿਹਾ ਸਾਨੂੰ ਦੀਨਾਂ ਮਜ਼੍ਹਬਾਂ ਵਿਚੋਂ ਕਰ ਬਹਾਲ, ਇਹ ਤੇਰੀ ਬੇਪਰਵਾਹੀਆ। ਗੋਬਿੰਦ ਨੇ ਦੋਵੇਂ ਹੱਥ ਗਰਦਨ ਪਿਛੇ ਡਾਲ, ਨਿਉਂ ਨਿਉਂ ਕੇ ਸੀਸ ਝੁਕਾਈਆ। ਜੇ ਕਿਰਪਾ ਕਰਨੀ ਤੇ ਮੈਨੂੰ ਫੇਰ ਬਣਾ ਲੈ ਆਪਣਾ ਲਾਲ, ਲਾਲ ਆਪਣੀ ਗੋਦ ਟਿਕਾਈਆ। ਮੈਂ ਤੇਰੀ ਨੌ ਖੰਡ ਪ੍ਰਿਥਮੀ ਦੀ ਇਕ ਬਣਾ ਦੇਵਾਂ ਧਰਮਸਾਲ, ਦੂਜਾ ਦੁਆਰਾ ਰਹਿਣ ਕੋਇ ਨਾ ਪਾਈਆ। ਪਰ ਪਤਾ ਕੀਤਾ ਪੁਰਖ ਅਕਾਲ ਕਿਹਾ ਗੁਰ ਅਵਤਾਰ ਪੈਗ਼ੰਬਰੋ ਆਓ ਸਾਰਿਆਂ ਦੀ ਕਰੋ ਭਾਲ, ਭੱਜੋ ਵਾਹੋ ਦਾਹੀਆ। ਸਾਰੇ ਦੌੜੇ ਦੀਨਾਂ ਮਜ਼੍ਹਬਾਂ ਤਕਣ ਵੱਡੇ ਛੋਟੇ ਬਾਲ, ਬਿਨ ਅੱਖੀਆਂ ਅੱਖ ਉਠਾਈਆ। ਫੇਰ ਹਾਰ ਕੇ ਕਿਹਾ ਪ੍ਰਭੂ ਅਸੀਂ ਤੇਰੇ ਸਾਡੇ ਤੋਂ ਹੱਲ ਨਾ ਹੋਏ ਸਵਾਲ, ਅੰਤ ਕਹਿਣ ਕੁਛ ਨਾ ਪਾਈਆ। ਫੇਰ ਹਸ ਕੇ ਕਿਹਾ ਗੁਰ ਅਵਤਾਰ ਪੈਗ਼ੰਬਰੋ ਉਠੋ ਨਿਗਾਹ ਮਾਰੋ ਛੇਤੀ ਤੇ ਘਰ ਵੇਖੋ ਸਿੰਘ ਪਾਲ, ਜਿਸ ਦਾ ਪਾਲਣ ਵਾਲਾ ਇਕੋ ਮਾਹੀਆ। ਜੇ ਉਸ ਜਨਮ ਲਿਆ ਤੇ ਉਸਨੂੰ ਸਭ ਕੁਝ ਦੇਣਾ ਸੰਭਾਲ, ਤਤਾਂ ਤੋਂ ਬਗ਼ੈਰ ਜੋਤ ਵਿਚ ਜੋਤ ਦਿਆਂ ਮਿਲਾਈਆ। ਪਰ ਮੈਂ ਕਿਸੇ ਦਵਾਰਿਉਂ ਨਹੀਂ ਨਿਕਲਣਾ ਮੈਂ ਆਵਾਂਗਾ ਸਚਖੰਡੀ ਸਚ ਵਿਚੋਂ ਧਰਮਸਾਲ, ਤੇ ਧਰਮ ਦੁਆਰਾ ਸਾਢੇ ਤਿੰਨ ਹੱਥ ਸਰੀਰ ਦਾ ਦਿਆਂ ਬਣਾਈਆ। ਮੇਰੇ ਹੁਕਮ ਨੂੰ ਕੋਈ ਨਾ ਸਕੇ ਟਾਲ, ਅਗੇ ਹੋ ਨਾ ਕੋਇ ਅਟਕਾਈਆ। ਉਸ ਦਾ ਹੁਕਮ ਤੇ ਮੇਰਾ ਨਾਮ ਧੁਰ ਦਾ ਸ਼ਬਦ ਸਤਿ ਦੀ ਢਾਲ, ਦੋ ਜਹਾਨਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਾਈ ਵਿਸਾਖ ਕਹੇ ਜਨ ਭਗਤੋ ਸੰਨ ਈਸਵੀਂ ਉਨੀ ਸੌ ਅਠਾਰਾਂ, ਅੱਠਾਂ ਤਤਾਂ ਵੇਖ ਵਖਾਈਆ। ਮਨੀ ਸਿੰਘ ਪਿਆ ਵਿਚ ਵਿਚਾਰਾਂ, ਸੋਚਾਂ ਵਿਚ ਸੋਚ ਬਦਲਾਈਆ। ਝਟ ਧੁਰ ਦੇ ਹੁਕਮ ਦਾ ਹੋਇਆ ਇਸ਼ਾਰਾ, ਸੈਨਤ ਦਿਤੀ ਲਗਾਈਆ। ਸੰਤਾ ਨੱਕ ਦੇ ਨਾਲ ਲਿਖ ਦੇ ਵਾਰ ਚਾਰਾ, ਪੂਰਨ ਵਿਚ ਪੂਰਨ ਵਿਚ ਪੂਰਨ ਸਤਿਗੁਰ ਦੀਆਂ ਬਹਾਰਾਂ, ਜਿਸ ਦੀ ਰੁਤ ਨਾ ਕੋਇ ਬਦਲਾਈਆ। ਜਿਸ ਦਾ ਰੂਪ ਹੋਣਾ ਸਾਂਝਾ ਯਾਰਾ, ਯਰਾਨੇ ਯਾਰਾਂ ਨਾਲ ਨਿਭਾਈਆ। ਉਹ ਅਵਤਾਰੋ ਪੈਗ਼ੰਬਰੋ ਗੁਰੂ ਸਾਹਿਬਾਨੋ ਮਨੀ ਸਿੰਘ ਨੇ ਕਿਹਾ ਉਹਨੇ ਕੋਈ ਫੜਨੀਆਂ ਨਹੀਂ ਖੰਡੇ ਤੇ ਤਲਵਾਰਾਂ, ਤੀਰ ਕਮਾਨ ਨਾ ਕੰਧ ਉਠਾਈਆ। ਜਿਧਰ ਵੇਖੇਗਾ ਬਿਨਾ ਅੱਖੀਆਂ ਤੋਂ ਪਾਵੇਗਾ ਸਾਰਾ, ਮਹਾਸਾਰਥੀ ਇਕ ਅਖਵਾਈਆ। ਪਰ ਉਸ ਦੀ ਜਦੋਂ ਮਹਿਕੀ ਤੇ ਮਹਿਕੇਗੀ ਭਗਤਾਂ ਵਾਲੀ ਗੁਲਜ਼ਾਰਾ, ਗੁਲਸ਼ਨ ਆਪਣਾ ਨਵਾਂ ਦਏ ਲਗਾਈਆ। ਫੇਰ ਮੁਹੰਮਦ ਨੇ ਕਿਹਾ ਈਸਾ ਨੇ ਕਿਹਾ ਮੂਸਾ ਨੇ ਕਿਹਾ ਜੇ ਉਹ ਖ਼ੁਦਾ ਖ਼ੁਦ ਤੈਨੂੰ ਬੜਾ ਪਿਆਰਾ, ਪਿਆਰ ਪਿਆਰ ਪਿਆਰ ਤੇਰੇ ਵਿਚ ਰਖਾਈਆ। ਜੇ ਉਹ ਤੇਰਾ ਨੂਰ ਤੇ ਤੂੰ ਅਮਾਮ ਤੇ ਅਮਾਮਾ ਦਾ ਰੂਪ ਨਿਆਰਾ, ਤੇਰਾ ਰੂਪ ਉਸ ਦਾ ਰੂਪ ਇਕੋ ਨਜ਼ਰੀ ਆਈਆ। ਪਰ ਸਾਡੀ ਇਕ ਅਰਜ਼ ਇਕ ਅਰਜ਼ੋਈ ਉਹ ਜ਼ਰੂਰ ਸਾਡਿਆਂ ਮਜ਼੍ਹਬਾਂ ਵਿਚ ਦੀਨਾਂ ਵਿਚ ਆਵੇ ਤੇ ਫਿਰੇ ਜਗਤ ਧਾਰ ਤੋਂ ਬਾਹਰਾ, ਭੇਦ ਆਪਣਾ ਆਪਣੇ ਨਾਲ ਰਖਾਈਆ। ਪੁਰਖ ਅਕਾਲ ਕਿਹਾ ਉਹ ਦੁਲਾਰਿਓ ਦੂਲਹਿਓ ਬੱਚਿਓ ਉਹਦਾ ਰੂਪ ਮੇਰਾ ਬੇਅੰਤ ਪਾਰਾਵਾਰਾ, ਪਾਰਬ੍ਰਹਮ
ਹੋ ਕੇ ਦਿਆਂ ਸਮਝਾਈਆ। ਉਹ ਜ਼ਰੂਰ ਜ਼ਰੂਰ ਜ਼ਰੂਰ ਸਮੁੰਦ ਸਾਗਰਾਂ ਪਾਰ ਕਰੇਗਾ ਕਿਨਾਰਾ, ਬਿਨ ਨਈਆ ਨੌਕਾ ਪੰਧ ਮੁਕਾਈਆ। ਉਹ ਸਤਾਈ ਵਿਸਾਖ ਦਾ ਦਿਵਸ ਤੇ ਜਿਸ ਵੇਲੇ ਸ਼ੇਰ ਸਿੰਘ ਸਤਾਈ ਸਾਲ ਦਾ ਹੋਇਆ ਤੇ ਸਤਾਈਵੇਂ ਸਾਲ ਵਿਚ ਦਿਤਾ ਇਸ਼ਾਰਾ ਇਸ਼ਾਰਾ ਇਸ਼ਾਰਾ, ਬਿਨ ਮੁਖ ਜ਼ਬਾਨ ਦੰਦਾਂ ਤੋਂ ਆਪ ਸੁਣਾਈਆ। ਇਸ ਦਾ ਲੇਖਾ ਲੇਖਾ ਲੇਖਾ ਅਗੇ ਦੀਨ ਦੁਨੀ ਤੋਂ ਬਾਹਰਾ, ਹੌਲੀ ਹੌਲੀ ਹੌਲੀ ਸਤਾਰਾਂ ਹਾੜ ਤਕ ਸਾਰਾ ਦਏ ਸਮਝਾਈਆ। ਪਰ ਲਿਖਾਰੀਓ ਲਿਖਣ ਦਾ ਤੁਹਾਨੂੰ ਬੜਾ ਆਏਗਾ ਨਜ਼ਾਰਾ, ਸੁਣਨ ਵਾਲਿਓ ਬੱਚਿਓ ਬਚਪਨ ਤੁਹਾਡਾ ਖ਼ੁਸ਼ੀ ਮਨਾਈਆ। ਉਹ ਜਿਸ ਕਾਰਨ ਸੰਤ ਮਨੀ ਸਿੰਘ ਜੇਲ੍ਹਾਂ ਵਿਚ ਜੀਵਨ ਗੁਆ ਕੇ ਗਿਆ ਸਾਰਾ, ਉਹ ਸਾਰਾ ਜੀਵਨ ਤੁਹਾਡੇ ਅੰਦਰ ਰਖਾਈਆ। ਬੇਸ਼ਕ ਤੁਸੀਂ ਨਹੀਂ ਜਾਣਦੇ ਇਹ ਪੂਰਨ ਕਿ ਪੂਰਨ ਸਤਿਗੁਰ ਨੂਰ ਅਪਾਰਾ, ਅਪਰੰਪਰ ਹੋ ਕੇ ਵੇਖ ਵਖਾਈਆ। ਕਿਸੇ ਨੂੰ ਪਤਾ ਨਹੀਂ ਜਿਸ ਵੇਲੇ ਪੰਜ ਪੋਹ ਨੂੰ ਬਧਕ ਨੂੰ ਦਿਤਾ ਸੀ ਇਸ਼ਾਰਾ, ਘਰੋਂ ਕੱਢਕੇ ਬਾਹਰ ਦੁਆਬੇ ਵਿਚ ਲੇਖਾ ਦਿਤਾ ਬਣਾਈਆ। ਉਸ ਵਿਚ ਇਕ ਨੁਕਤਾ ਰਖਿਆ ਜਿੰਨਾਂ ਚਿਰ ਇੱਕੀ ਵਾਰ ਇਕੱਠੀਆਂ ਨਾ ਕਰੇਂ ਨਿਮਸਕਾਰਾ, ਤੇਰਾ ਜਨਮ ਅਗਲਾ ਨਾ ਕੋਇ ਵਧਾਈਆ। ਏਸੇ ਕਰਕੇ ਦੂਰ ਦੁਰਾਡੇ ਲੇਖ ਲਿਖ ਕੇ ਘਲਿਆ ਜਿਸ ਵੇਲੇ ਭਾਰਤ ਆਏ ਤੇ ਅਗਲੇ ਦਿਨ ਜ਼ਰੂਰ ਜਾਣਾ ਪਏਗਾ ਬਧਕ ਦੇ ਦੁਆਰਾ, ਨਹੀਂ ਤੇ ਉਹਦਾ ਲੇਖਾ ਲੇਖਾ ਲੇਖਾ ਦੀਨ ਦੁਨੀ ਵਿਚ ਨਜ਼ਰ ਕੋਇ ਨਾ ਆਈਆ। ਉਹ ਕ਼ਾਗ਼ਜ਼ ਤੇ ਕ਼ਲਮ ਸ਼ਾਹੀ ਕੋਈ ਮੇਟ ਨਹੀਂ ਸਕਦਾ ਤੇ ਨਾ ਹੁਣ ਲਿਖਣ ਦੀ ਲੋੜ ਪਏ ਦੁਬਾਰਾ, ਪੂਰਬ ਦਾ ਲਹਿਣਾ ਪੂਰਬ ਝੋਲੀ ਪਾਈਆ। ਸਤਾਈ ਵਿਸਾਖ ਕਹੇ ਮੈਂ ਵੀ ਉਸ ਪ੍ਰਭੂ ਦੇ ਚਰਨ ਕਵਲ ਤੋਂ ਆਪਣਾ ਆਪ ਵਾਰਾ, ਵਾਰਸ ਬਣੇ ਮੇਰਾ ਧੁਰਦਰਗਾਹੀਆ। ਜਨ ਭਗਤੋ ਜੇ ਤੁਸਾਂ ਲਭਣਾ ਤੇ ਯਾਰਾਂ ਵਿਚੋਂ ਇਹੋ ਯਾਰਾ, ਜਿਸ ਦਾ ਯਰਾਨਾ ਸਕੇ ਨਾ ਕੋਇ ਤੁੜਾਈਆ। ਪਰ ਇਹਦੀ ਵੰਡ ਨਹੀਂ ਕੋਈ ਪੁਰਖ ਨਾਰਾ, ਬਿਰਧ ਬਾਲਾਂ ਇਕੋ ਰੰਗ ਰੰਗਾਈਆ। ਪਰ ਬੇਪਰਵਾਹ ਅਗੰਮ ਅਥਾਹ ਜੇ ਕਿਤੇ ਖ਼ੁਸ਼ੀ ਵਿਚ ਤੁਹਾਡੇ ਅੰਦਰੋਂ ਕਰ ਜਾਏ ਕਿਨਾਰਾ, ਤੇ ਤੁਹਾਨੂੰ ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਜੇ ਕਿਰਪਾ ਕਰੇ ਤੇ ਭਰ ਦਏ ਦੁਬਾਰਾ, ਹੱਥ ਸਿਰ ਉਤੇ ਟਿਕਾਈਆ। ਕਿਉਂ ਇਹ ਧੁਰ ਦਾ ਮੀਤ ਮੁਰਾਰਾ, ਜਗਤ ਯਰਾਨਿਆਂ ਤੋਂ ਬਾਹਰ ਆਪਣਾ ਯਾਰਾਨਾ ਦਏ ਨਿਭਾਈਆ। ਜੇ ਇਸ ਤਰਹ ਦਾ ਨਾ ਹੁੰਦਾ ਤੇ ਇਹਨੂੰ ਕਾਹਨੂੰ ਕਹਿੰਦੇ ਚੌਵੀਆਂ ਅਵਤਾਰਾ, ਚੌਬੀਸਾ ਜਗਦੀਸਾ ਧੁਰ ਦਾ ਮਾਹੀਆ। ਬੱਚਿਉ ਤੁਹਾਨੂੰ ਆਇਆਂ ਨੂੰ ਇਕੋ ਵਾਰ ਇਕੱਠਿਆਂ ਨੂੰ ਦੇਵਾਂ ਪਿਆਰਾ, ਪਿਆਰ ਵਿਚ ਆਪਣੇ ਚਰਨ ਟਿਕਾਈਆ। ਸਤਾਈ ਦਾ ਲੇਖਾ ਬੜਾ ਨਿਆਰਾ, ਉਹ ਪਤਾ ਨਹੀਂ ਛੱਲੀਆਂ ਚਬਦਿਆਂ ਦਿਤਾ ਕਿ ਗੰਨੇ ਚੂਪਦਿਆਂ ਦਿਤਾ ਕਿ ਮੋਢੇ ਮਾਰ ਕੇ ਸਿਰ ਹਿਲਾ ਕੇ ਹਲੂਣਾ ਦਿਤਾ ਲਗਾਈਆ। ਪਤਾ ਨਹੀਂ ਮੂੰਹ ਤੇ ਪੜਦਾ ਰਖ ਕੇ ਤੇ ਸ਼ੇਰ ਸਿੰਘ ਕਿਹੜੀ ਮੰਜ਼ਲ ਚਾੜ੍ਹਾ, ਚੜ੍ਹਦਾ ਲਹਿੰਦਾ ਪੰਧ ਨਾ ਕੋਇ ਰਖਾਈਆ। ਪਰ ਸਤਾਈ ਵਿਸਾਖ ਕਹੇ ਮੇਰਾ ਇਕ ਦਿਵਸ ਚੰਗਾ ਪਾਲ ਸਿੰਘ ਨੇ ਖ਼ੁਸ਼ੀ ਵਿਚ ਇਕੇ ਰਾਤ ਵਿਚ ਸਤਾਈ ਵਾਰ ਆਪਣੇ ਸਤਿਗੁਰ ਦੇ ਚਰਨ ਛੁਹਾਇਆ ਸੀ ਦਾਹੜਾ, ਫੇਰ ਮੁਖ ਮੁਖ ਮੁਖ ਵਿਚ ਟਿਕਾਈਆ। ਪਰ ਉਹ ਦਿਨ ਉਹ ਸੀ ਜਿਸ ਕਾਰਨ ਗੁਰਮੁਖੋ ਤੁਹਾਨੂੰ ਮਾਣ ਮਿਲਿਆ ਸਤਾਰਾਂ ਹਾੜਾ, ਪਰ ਇਸ ਸਤਾਰਾਂ ਹਾੜ ਤੇ ਸਾਰਾ ਪਰਦਾ ਦਿਆਂ ਉਠਾਈਆ। ਨਾਲੇ ਭੇਵ ਦੱਸਾਂਗਾ ਕਿਸ ਤਰਹ ਸੇਵਕ ਬਣੀਦਾ ਤੇ ਬਣਨਾ ਸੇਵਾਦਾਰਾ, ਤੇ ਸੇਵਕ ਹੋ ਕੇ ਸੇਵ ਕਮਾਈਆ। ਤੁਹਾਨੂੰ ਉਹ ਪਰਤਖਣਾ ਭੁਲ ਗਈ ਜਿਹੜੇ ਲੈਂਦੇ ਸੀ ਚਾਰ ਦੁਆਰਾ, ਚਾਰੋਂ ਕੁੰਟ ਭੱਜਦੇ ਵਾਹੋ ਦਾਹੀਆ। ਜਦੋਂ ਚਾਹੁੰਦੇ
ਸੀ ਘਰ ਮੋੜ ਲਿਆਉਂਦੇ ਸੀ ਦੁਬਾਰਾ, ਘਰ ਘਰ ਵਿਚ ਟਿਕਾਈਆ। ਜਨ ਭਗਤੋ ਸਤਿਗੁਰੂ ਕੋਈ ਖਾਣ ਪੀਣ ਦਾ ਨਹੀਂ ਵਣਜਾਰਾ, ਰਸਨਾ ਰਸ ਨਾ ਕੋਇ ਵਡਿਆਈਆ। ਉਹ ਤੇ ਬਹਾਨੇ ਲੱਭਦਾ ਕਿਸ ਬਿਧ ਮੈਂ ਆਪਣਿਆਂ ਬੱਚਿਆਂ ਨੂੰ ਤਾਰਾਂ, ਤੇ ਘਰ ਘਰ ਆਪਣਾ ਚਰਨ ਟਿਕਾਈਆ। ਐਸ ਸਾਲ ਦਾ ਲੇਖਾ ਜਿਸ ਨੂੰ ਸਮਝ ਸਕੇ ਨਾ ਕੋਈ ਗੁਰ ਅਵਤਾਰਾ, ਦੂਸਰ ਸਮਝ ਕੋਇ ਨਾ ਆਈਆ। ਤੁਸੀਂ ਮੇਰੇ ਅਗੇ ਹੋਵੋਗੇ ਤੇ ਮੈਂ ਪਿਛੇ ਹੋਵਾਂਗਾ ਤੁਸੀਂ ਮੇਰੇ ਤੇ ਮੈਂ ਤੁਹਾਡਾ ਲਾਵਾਂਗਾ ਨਾਅਰਾ, ਇਹ ਵੱਡੀ ਵੱਡੀ ਵੱਡੀ ਮੇਰੀ ਬੇਪਰਵਾਹੀਆ। ਫੇਰ ਮੈਂ ਦੱਸਾਂਗਾ ਨਿਸ਼ਾਨ ਕਿਸ ਕੋਲ ਹੋਵੇਗਾ ਚੰਦ ਤੇ ਕਿਹਦੇ ਕੋਲ ਹੋਵੇਗਾ ਸਿਤਾਰਾ, ਤੇ ਕੌਣ ਵੇਖਣਵਾਲਾ ਹੋਵੇ ਧੁਰ ਦਾ ਮਾਹੀਆ। ਜਨ ਭਗਤੋ ਤੁਹਾਨੂੰ ਸਮਝ ਆ ਜਾਊ ਕਿਸ ਕਾਰਨ ਸਮੁੰਦ ਸਾਗਰਾਂ ਦਾ ਟੱਪਿਆ ਕਿਨਾਰਾ, ਤੇ ਪੂਰਬਲਿਆਂ ਪੈਗ਼ੰਬਰਾਂ ਅਵਤਾਰਾਂ ਦੇ ਲੇਖੇ ਆਇਆ ਮੁਕਾਈਆ। ਤੁਸੀਂ ਖ਼ੁਸ਼ੀਆਂ ਵਿਚ ਪਿਆਰ ਦਾ ਲਾਉਣਾ ਨਾਅਰਾ, ਜੈਕਾਰਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਦਾ ਪੂਰਨ ਰੂਪ ਪੂਰਨ ਸਤਿਗੁਰ ਦਾ ਲੇਖ ਅਗੇ ਸਤਾਰਾਂ ਹਾੜ ਤੋਂ ਬਦਲ ਜਾਣਾ ਸਾਰਾ, ਬਦਲੀ ਆਪਣੇ ਹੱਥ ਰਖਾਈਆ।
੨੮ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ
ਹਸ ਕੇ ਕਹੇ ਦੁਖ ਰੋਗ ਸੰਤਾਪ, ਬਿਨ ਰਸਨਾ ਜਿਹਵਾ ਢੋਲੇ ਢੋਲ ਰਿਹਾ ਸੁਣਾਈਆ। ਸਤਿਗੁਰ ਸ਼ਬਦ ਤੂੰ ਆਦਿ ਜੁਗਾਦੀ ਸਾਡਾ ਮਾਈ ਬਾਪ, ਤੁਧ ਬਿਨ ਦੂਜਾ ਗੋਦ ਨਾ ਕੋਇ ਟਿਕਾਈਆ। ਮਿਹਰਵਾਨ ਹੋ ਕੇ ਸਾਨੂੰ ਹੁਕਮ ਦਿਤਾ ਆਪ, ਆਪ ਆਪਣਾ ਹੁਕਮ ਵਰਤਾਈਆ। ਤੇਰੇ ਦਰ ਪਿਆਰ ਰੂਪ ਕਲਜੁਗ ਦੀ ਧਾਰਾ ਤਾਪ, ਅਗਨੀ ਤਤ ਤਤ ਤਪਾਈਆ। ਮੇਰੇ ਦੀਨ ਦਿਆਲ ਜੇ ਅਸੀਂ ਨਾ ਹੋਈਏ ਤੇਰਾ ਕੋਈ ਨਾ ਜਪੇ ਜਾਪ, ਤੇਰੀ ਲੋੜ ਨਾ ਕੋਇ ਰਖਾਈਆ। ਜਗਤ ਅੰਧੇਰਾ ਹੋ ਜਾਏ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮਿਹਰਵਾਨਾ ਅਸੀਂ ਸਭ ਦੇ ਸਾਂਝੇ ਸਾਡੀ ਵੰਡ ਨਹੀਂ ਕਿਸੇ ਨਾਲ ਜ਼ਾਤ, ਦੀਨਾਂ ਮਜ਼੍ਹਬਾਂ ਵਿਚ ਆਪਣੀ ਖ਼ੁਸ਼ੀ ਬਣਾਈਆ। ਨਿਗਾਹਬਾਨ ਹੋ ਕੇ ਸਾਡੇ ਵੱਲ ਮਾਰੀਂ ਝਾਤ, ਝਾਕੀ ਆਪਣੀ ਇਕ ਵਖਾਈਆ। ਸਾਡਾ ਖੇਲ ਵੇਖ ਬਹੁ ਭਾਂਤ, ਭੱਜੀਏ ਨਠੀਏ ਵਾਹੋ ਦਾਹੀਆ। ਸਾਡੇ ਹਿੱਸੇ ਆਇਆ ਸਾਢੇ ਤਿੰਨ ਹੱਥ ਸਰੀਰ ਦਾ ਇਕ ਪਰਾਂਤ, ਬਹੁਤੀ ਮੰਗ ਨਾ ਕੋਇ ਮੰਗਾਈਆ। ਅਸੀਂ ਤੇਰੇ ਹੁਕਮ ਵਿਚ ਸ੍ਰਿਸ਼ਟੀ ਦੇ ਅੰਦਰ ਵੜ ਕੇ ਬਹਿੰਦੇ ਇਕਾਂਤ, ਧਿਆਨ ਤੇਰੇ ਚਰਨ ਟਿਕਾਈਆ। ਸਾਨੂੰ ਬੜੀ ਆਉਂਦੀ ਸ਼ਾਂਤ, ਜਿਸ ਵੇਲੇ ਭਗਤਾਂ ਅੰਤਰ ਤੇਰਾ ਰੰਗ ਵੇਖ ਵਖਾਈਆ। ਤੇਰਾ ਨਾਮ ਮਿਲਦਾ ਅੰਮ੍ਰਿਤ ਬੂੰਦ ਸਵਾਂਤ, ਅਗਨੀ ਤਤ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਸੰਤਾਪ ਕਹੇ ਮੇਰੇ ਸਾਥੀ ਜਗਤ ਦੁਖ ਰੋਗ, ਸੋਹਣਾ ਸੰਗ ਬਣਾਈਆ। ਇਹ ਮੇਰਾ ਜਗਿਆਸੂਆਂ ਵਾਲਾ ਜੋਗ, ਜੁਗਤੀ ਤੇਰੇ ਹੱਥ ਫੜਾਈਆ। ਅਸੀਂ ਹਰ ਘਟ ਅੰਦਰ ਵੜ ਕੇ ਭੋਗੀਏ ਭੋਗ, ਰਸ ਆਪਣਾ ਆਪ ਪਰਗਾਈਆ। ਸਾਡਾ ਮੇਲਾ ਹੁੰਦਾ ਧਰਮ ਸੰਜੋਗ, ਵਿਜੋਗ ਵਿਚ ਤੇਰੀ ਖ਼ੁਸ਼ੀ ਮਨਾਈਆ।
ਪਰ ਅਸੀਂ ਕਿਸੇ ਦੇ ਘਰ ਜਾਂਦੇ ਨਹੀਂ ਰੋਜ਼, ਕਦੀ ਕਦੀ ਆਪਣਾ ਫੇਰਾ ਪਾਈਆ। ਹੇ ਪ੍ਰਭੂ ਸਾਡੇ ਨਾਲ ਮਿਲ ਕੇ ਜਗਿਆਸੂਆਂ ਮਿਲਦੀ ਨਹੀਂ ਮੌਜ, ਖ਼ੁਸ਼ੀ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਦੁਖ ਰੋਗ ਕਹਿਣ ਪ੍ਰਭੂ ਰੂਪ ਵੇਖ ਦਲਿਦ੍ਰ, ਜਗਤ ਜਹਾਨ ਵਖਰਾ ਨਜ਼ਰੀ ਆਈਆ। ਜ਼ਰਾ ਨਿਗਾਹ ਮਾਰ ਉਧਰ ਇਧਰ, ਏਥੇ ਬੈਠੇ ਤੇਰੀ ਓਟ ਤਕਾਈਆ। ਪਤਾ ਨਹੀਂ ਅਸੀਂ ਫਿਰਦੇ ਕਿਧਰ ਕਿਧਰ, ਭੱਜੀਏ ਵਾਹੋ ਦਾਹੀਆ। ਵੇਖੀਏ ਬਿਟਰ ਬਿਟਰ, ਬਿਨ ਨੈਣਾਂ ਨੈਣ ਉਠਾਈਆ। ਸਾਡੇ ਅੰਤਰ ਸਦਾ ਰਹਿਦੀ ਸੱਧਰ, ਸੱਧਰਾਂ ਤੇਰੇ ਚਰਨ ਟਿਕਾਈਆ। ਸਾਨੂੰ ਯਾਦ ਆਉਂਦਾ ਸਾਡੇ ਨਾਲ ਪਿਆਰ ਕੀਤਾ ਸੀ ਬਿਦਰ, ਸੁਦਾਮਾ ਖ਼ੁਸ਼ੀਆਂ ਵਾਲੀ ਗਲਵਕੜੀ ਪਾਈਆ। ਕਾਇਆ ਮੰਦਰ ਦਾ ਖੋਲ੍ਹ ਕੇ ਜਿੰਦਰ, ਤਾਕੀ ਸਾਨੂੰ ਦਿਤੀ ਵਖਾਈਆ। ਤੁਸੀਂ ਫਿਰਦੇ ਕਿਧਰ, ਦਰ ਮੇਰੇ ਆਉਣਾ ਚਾਈਂ ਚਾਈਂਆ। ਤਾਕਿ ਮੇਰੀ ਆਲਸ ਮਿਟੇ ਨਿੰਦਰ, ਗ਼ਫ਼ਲਤ ਰਹਿਣ ਕੋਇ ਨਾ ਪਾਈਆ। ਬੇਸ਼ਕ ਮੇਰਾ ਦੁਖੀ ਹੋਵੇ ਪਿੰਜਰ, ਤਨ ਵਜੂਦ ਹਡ ਮਾਸ ਨਾੜੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਰੋਗ ਸੋਗ ਕਹਿਣ ਪ੍ਰਭੂ ਸਾਡਾ ਨਾਉਂ ਚਿੰਤਾ ਦੁਖ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਸਾਨੂੰ ਵੇਖ ਕੇ ਸਭ ਦੇ ਕੁਮਲਾ ਜਾਂਦੇ ਮੁਖ, ਖ਼ੁਸ਼ੀ ਵਿਚ ਕੋਇ ਨਾ ਆਈਆ। ਸਾਡੇ ਅੰਦਰ ਵੜਦਿਆਂ ਇਨਸਾਨਾਂ ਦੀ ਮਿਟ ਜਾਂਦੀ ਭੁਖ, ਰਸਨਾ ਜਿਹਵਾ ਰਸ ਨਾ ਕੋਇ ਚਖਾਈਆ। ਸਾਨੂੰ ਕੋਈ ਨਹੀਂ ਕਹਿੰਦਾ ਪਿਆਰ ਵਿਚ ਮਨੁੱਖ, ਪ੍ਰੇਮ ਨਾਲ ਸਾਡੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਦੁਖ ਰੋਗ ਕਹਿਣ ਪ੍ਰਭੂ ਅਸੀਂ ਸਦਾ ਘਤਦੇ ਰਹੀਏ ਵਹੀਰ, ਭੱਜੀਏ ਵਾਹੋ ਦਾਹੀਆ। ਨਾ ਸਾਡਾ ਬਸਤਰ ਨਾ ਕੋਈ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਅਸੀਂ ਕਦੇ ਨਹੀਂ ਹੁੰਦੇ ਦਿਲਗੀਰ, ਚਿੰਤਾ ਚਿਖਾ ਨਾ ਕੋਇ ਜਲਾਈਆ। ਪੀਂਦੇ ਨਹੀਂ ਕੋਈ ਸੀਰ, ਅੰਮ੍ਰਿਤ ਰਸ ਮੁਖ ਨਾ ਕੋਇ ਛੁਹਾਈਆ। ਪਰ ਜਿਸ ਦੇ ਵੱਲ ਜਾਈਏ ਉਹਦੇ ਨੇਤਰਾਂ ਵਗੇ ਨੀਰ, ਰੋ ਰੋ ਦਏ ਸੁਣਾਈਆ। ਅਸੀਂ ਫਿਰਦੇ ਵਾਂਗ ਕੀਰ, ਕੀਰਨੇ ਤੇਰੇ ਨਾਮ ਦੇ ਪਾਈਆ। ਇਕ ਗੱਲ ਯਾਦ ਜਿਸ ਵੇਲੇ ਬਧਕ ਨੇ ਕ੍ਰਿਸ਼ਨ ਨੂੰ ਮਾਰਿਆ ਤੀਰ, ਨਿਸ਼ਾਨਾ ਆਪਣਾ ਦਿਤਾ ਲਗਾਈਆ। ਉਸ ਦੁਖ ਵਿਚ ਕ੍ਰਿਸ਼ਨ ਨੇ ਬਧਕ ਨੂੰ ਕਿਹਾ ਆ ਮੇਰੇ ਵੀਰ, ਗਲਵਕੜੀ ਲਈ ਪਾਈਆ। ਨਾਲੇ ਮਸਤਕ ਤੇ ਹੱਥ ਰਖ ਕੇ ਬਦਲ ਦਿਤੀ ਤਕ਼ਦੀਰ, ਤਰੀਕ਼ਾ ਆਪਣੇ ਵਿਚ ਛੁਪਾਈਆ। ਦੁਖ ਕਹੇ ਸਾਨੂੰ ਉਸ ਵੇਲੇ ਆਈ ਧੀਰ, ਧਰਮ ਨਾਲ ਧਰਮ ਦਈਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ । ਦੁਖ ਰੋਗ ਕਹਿਣ ਪ੍ਰਭੂ ਕੀ ਖੇਲ ਦੱਸੀਏ ਕਲਜੁਗ ਕਲ ਦਾ, ਆਪ ਆਪਣਾ ਭੇਵ ਖੁਲ੍ਹਾਈਆ। ਸਾਡਾ ਲਹਿਣਾ ਦੇਣਾ ਪੂਰਬ ਪਿਛਲਾ ਰਾਜੇ ਬਲ ਦਾ, ਬਾਵਨ ਆਪਣਾ ਸੰਦੇਸ਼ ਗਿਆ ਦ੍ਰਿੜਾਈਆ। ਸਾਡਾ ਪਿਆਰ ਜਿਸ ਅੰਦਰ ਵੜਦਾ ਉਸ ਨੂੰ ਸਲਦਾ, ਤੀਰ ਅਣਿਆਲਾ ਇਕ ਵਖਾਈਆ। ਸਾਡਾ ਪਿਆਰ ਕੋਈ ਝਲ ਨਹੀਂ ਸਕਦਾ ਪਲ ਦਾ, ਦੁਖੀ ਹੋ ਕੇ ਸਾਰੇ ਦੇਣ ਦੁਹਾਈਆ। ਸਾਡਾ ਸਵਾਲ ਨਹੀਂ ਕੋਈ ਹੱਲ ਦਾ, ਅੰਕੜਾ ਸਮਝ ਕੋਇ ਨਾ ਆਈਆ। ਤੂੰ ਮਿਹਰਵਾਨਾ ਸਦਾ ਸਦਾ ਸਭ ਨੂੰ ਛਲਦਾ, ਅਛਲ ਅਛੱਲ ਇਕ ਅਖਵਾਈਆ। ਝਟ ਸਤਿਗੁਰ ਸ਼ਬਦ ਕਿਹਾ ਦੁਖ ਰੋਗ ਬਿਨਾ ਅਵਤਾਰਾਂ ਪੈਗ਼ੰਬਰਾਂ
ਗੁਰੂਆਂ ਤੋਂ ਤੁਹਾਨੂੰ ਨਹੀਂ ਕੋਈ ਝਲਦਾ, ਝਲਿਓ ਤੁਹਾਡੀ ਝਲਕ ਵਿਚ ਆਪਣੀ ਖ਼ੁਸ਼ੀ ਨਾ ਕੋਇ ਬਣਾਈਆ। ਤੇ ਬਿਨਾ ਤੁਹਾਡੇ ਪਿਆਰ ਤੋਂ ਜਗਤ ਭਗਤ ਕੋਈ ਨਹੀਂ ਫਲਦਾ, ਸਤਿਗੁਰ ਓਟ ਨਾ ਕੋਇ ਤਕਾਈਆ। ਕਿਉਂ ਤੁਹਾਨੂੰ ਹੁਕਮ ਅੰਦਰ ਆਪ ਘਲਦਾ, ਵੇਖਣਹਾਰਾ ਬਣੇ ਆਪ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਦੁਖ ਰੋਗ ਕਹਿਣ ਪ੍ਰਭੂ ਸਾਨੂੰ ਕਦੇ ਕਿਸੇ ਕੀਤਾ ਨਹੀਂ ਪਿਆਰ, ਮੁਹੱਬਤ ਨਾਲ ਘਰ ਨਾ ਕੋਇ ਬੁਲਾਈਆ। ਜਿਧਰ ਜਾਈਏ ਉਹ ਰੋਵਣ ਧਾਈ ਮਾਰ, ਉਚੀ ਕੂਕ ਕੂਕ ਸੁਣਾਈਆ। ਸਾਡੇ ਨਾਲ ਕਰਨ ਤਕਰਾਰ, ਝਗੜਾ ਦਿਸੇ ਥਾਉਂ ਥਾਈਂਆ। ਅਸੀਂ ਇਕ ਵਾਰ ਧਨੰਤਰ ਅਗੇ ਕੀਤੀ ਪੁਕਾਰ, ਅੰਤਸ਼ਕਰਨ ਆਸ਼ਾ ਉਸ ਦੇ ਅਗੇ ਟਿਕਾਈਆ। ਕਿਉਂ ਸਾਡਾ ਨਾਤਾ ਜੋੜਿਆ ਨਾਲ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤਿੰਨਾਂ ਦੇ ਸਮਝਾਈਆ। ਓਸ ਹਸ ਕੇ ਕਿਹਾ ਤੁਹਾਡਾ ਫਲ ਰਹੇ ਸਦਾ ਜੁਗ ਚਾਰ, ਲੋਕਮਾਤ ਵਜਦੀ ਰਹੇ ਵਧਾਈਆ। ਮੈਂ ਤੁਹਾਡੇ ਪਿਆਰ ਨਾਲ ਔਸ਼ਧ ਕਰਾਂ ਤਿਆਰ, ਲੇਖਾ ਦੀਨ ਦੁਨੀ ਬਣਾਈਆ। ਪਰ ਇਕ ਗੱਲ ਯਾਦ ਰਖਿਓ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡਾ ਦੁਖਾਂ ਦਾ ਭਰਿਆ ਰਹੇ ਭੰਡਾਰ, ਅਤੋਟ ਅਤੁਟ ਅਤੁਟ ਵਰਤਾਈਆ। ਸ੍ਰਿਸ਼ਟੀ ਵਿਚ ਹੁੰਦੀ ਰਹੇ ਹਾਹਾਕਾਰ, ਹਾਏ ਉਫ਼ ਕਰ ਕੁਰਲਾਈਆ। ਤੁਹਾਡੀ ਗਿਣਤੀ ਵਧਣੀ ਚੁਰਾਸੀ ਲੱਖ ਨਾਲ ਚੁਰਾਸੀ ਹੋਰ ਵਾਰ, ਚੁਰਾਸੀ ਨਾਲ ਚੁਰਾਸੀ ਫੇਰ ਅੰਕੜੇ ਹੋਰ ਲਓ ਵਧਾਈਆ। ਉਸ ਵੇਲੇ ਸ੍ਰਿਸ਼ਟੀ ਨੂੰ ਪਤਾ ਨਹੀਂ ਕਿਤਨੀ ਗਿਣਤੀ ਤੁਹਾਡੀ ਵਧੇ ਬਾਰਮਬਾਰ, ਅਰਬਾਂ ਖਰਬਾਂ ਨਾਲ ਗਣਤ ਨਾ ਕੋਇ ਗਿਣਾਈਆ। ਪਰ ਯਾਦ ਰਖਿਓ ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਆਪ ਨਿਰੰਕਾਰ, ਨਿਰਾਕਾਰ ਹੋ ਕੇ ਵੇਖ ਵਖਾਈਆ। ਤੁਹਾਡਾ ਨਾਤਾ ਜੋੜੇ ਭਗਤਾਂ ਨਾਲ ਵਿਚ ਸੰਸਾਰ, ਸੰਸਾਰੀ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਵੇਲੇ ਕਲਜੁਗ ਅੰਤ ਕੀਤਾ ਸਤਿਜੁਗ ਵਿਚ ਸਤਿ ਦਾ ਹੋਇਆ ਪਰਚਾਰ, ਤੁਹਾਡਿਆਂ ਪਿਛਲਿਆਂ ਪਰਚਿਆਂ ਦਾ ਲੇਖਾ ਰਹੇ ਨਾ ਰਾਈਆ। ਸਭ ਤੋਂ ਉੱਤਮ ਸ੍ਰੇਸ਼ਟ ਜਨ ਭਗਤ ਦਿਸਣਗੇ ਤਨ ਵਜੂਦ ਕਰਨ ਸ਼ਿੰਗਾਰ, ਸੋਹਣਾ ਰੂਪ ਬਣਾਈਆ। ਤੁਹਾਡਾ ਵਕ਼ਤ ਬਹੁਤਾ ਨਹੀਂ ਥੋੜ੍ਹਾ ਨਹੀਂ ਪੰਜ ਛੇ ਸਾਲ ਤੇ ਮਹੀਨੇ ਨਾਲ ਚਾਰ, ਦੁਖ ਰੋਗ ਤੁਹਾਡਾ ਵਕ਼ਤ ਅਗਲਾ ਨਜ਼ਰ ਕੋਇ ਨਾ ਆਈਆ। ਫੇਰ ਭਗਤਾਂ ਦੀ ਭਗਵਾਨ ਨਾਲ ਸਦਾ ਰਹੇਗੀ ਬਹਾਰ, ਖ਼ੁਸ਼ੀਆਂ ਦੇ ਢੋਲੇ ਗਾਈਆ। ਪਰ ਇਕ ਬਖ਼ਸ਼ਿਸ਼ ਜ਼ਰੂਰ ਕਰਾਂਗਾ ਤੁਹਾਨੂੰ ਸੱਦਿਆ ਕਰਾਂਗਾ ਭਗਤਾਂ ਦੇ ਘਰ ਬਾਹਰ, ਇਕ ਸੌ ਇਕ ਕ਼ਦਮ ਤੋਂ ਪਿਛੇ ਸੀਸ ਨਿਵਾ ਕੇ ਜਾਣਾ ਚਾਈਂ ਚਾਈਂਆ। ਸਤਿਜੁਗ ਵਿਚ ਸਤਿਗੁਰ ਦਾ ਭਗਤ ਕਦੇ ਨਾ ਹੋਵੇਗਾ ਬੀਮਾਰ, ਤਨ ਵਜੂਦ ਕੰਚਨ ਵਰਗਾ ਸੋਭਾ ਪਾਈਆ। ਝਟ ਦੁਖਾਂ ਰੋਗਾਂ ਖ਼ੁਸ਼ੀਆਂ ਨਾਲ ਕੀਤੀ ਨਿਮਸਕਾਰ, ਨਿਉਂ ਨਿਉਂ ਕੇ ਸੀਸ ਝੁਕਾਈਆ। ਪ੍ਰਭੂ ਜੇ ਅਸੀਂ ਬਧਕ ਦੇ ਅੰਦਰ ਨਾ ਵੜਦੇ ਸਾਡਾ ਕਿਸ ਤਰਹ ਹੁੰਦਾ ਉਦਾਰ, ਸਤਿਜੁਗ ਵਿਚ ਸਾਨੂੰ ਮਿਲਦੀ ਕੀ ਵਡਿਆਈਆ। ਜਿਸ ਦੇ ਹਿਰਦੇ ਵਿਚ ਵਸਿਉਂ ਤੂੰ ਆਪ ਨਿਰੰਕਾਰ, ਨਿਰਵੈਰ ਹੋ ਕੇ ਆਸਣ ਆਪਣਾ ਆਪ ਲਗਾਈਆ। ਉਹਦੀ ਬੁੱਧੀ ਦੀ ਨਹੀਂ ਸੀ ਪੁਕਾਰ, ਆਤਮਾ ਤੇਰੇ ਢੋਲੇ ਗਾਈਆ। ਨਾ ਕੋਈ ਦੁਨੀਆ ਵਾਲਾ ਬੁਖ਼ਾਰ, ਸਿਰਫ਼ ਵਿਛੋੜਾ ਸੀ ਸਤਿਗੁਰ ਸੀ ਯਾਰ, ਯਾਰ ਦੇ ਯਰਾਨੇ ਬਿਨਾ ਯਾਰੀ ਕੰਮ ਕਿਸੇ ਨਾ ਆਈਆ। ਜਿਸ ਦੇ ਪਿਆਰ ਵਿਚ ਪਿਛਲੇ ਜੁਗ ਬੀਤੇ ਤੇ ਲੰਘ ਗਏ , ਆਪਣਾ ਪੰਧ ਮੁਕਾਈ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਝੋਲੀ ਪਾਈਆ।
ਦੁਖ ਰੋਗ ਕਹਿਣ ਪ੍ਰਭੂ ਸਾਨੂੰ ਪੰਜ ਛੇ ਸਾਲ ਚਾਰੋਂ ਕੁੰਟ ਲੈਣ ਦੇ ਭੱਜ, ਭਜਨ ਬੰਦਗੀ ਵਾਲੇ ਫੜੀਏ ਥਾਉਂ ਥਾਈਂਆ। ਨਾਲੇ ਵੇਖੀਏ ਉਹ ਕਿਹੜੇ ਸਾਹਿਬ ਦਾ ਕਰਦੇ ਹੱਜ, ਹੁਜਰੇ ਵਿਚ ਕਿਹੜਾ ਮਾਲਕ ਬੈਠਾ ਟਿਕਾਈਆ। ਅਸੀਂ ਬੇਨੰਤੀ ਕਰਦੇ ਅੱਜ, ਆਜਜ਼ ਹੋ ਕੇ ਸੀਸ ਨਿਵਾਈਆ। ਤੂੰ ਮਾਲਕ ਸ੍ਰਿਸ਼ਟ ਸਬਾਈ ਜਗ, ਜਾਗਰਤ ਜੋਤ ਨੂਰ ਅਲਾਹੀਆ। ਪਰ ਇਕ ਬੇਨੰਤੀ ਪ੍ਰਭੂ ਤੂੰ ਜਦੋਂ ਵਸਣਾ ਤੇ ਵਸੀਂ ਭਗਤਾਂ ਦੇ ਉਪਰ ਸ਼ਾਹਰਗ, ਹੇਠਲਾ ਹਿੱਸਾ ਸਾਡੀ ਝੋਲੀ ਦੇਣਾ ਪਾਈਆ। ਅਸੀਂ ਖ਼ੁਸ਼ੀ ਹੋਈਏ ਗਦ ਗਦ, ਗੱਦੀ ਨਸ਼ੀਨਾਂ ਵੇਖੀਏ ਥਾਉਂ ਥਾਈਂਆ। ਅਗੇ ਸਾਡੀ ਭਗਤਾਂ ਨਾਲੋਂ ਪੂਰੀ ਹੋਵੇ ਹੱਦ, ਹਦੂਦ ਲੰਘਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੇਰਾ ਹੋਇਆ ਤੇਰੇ ਨਾਲ ਸਬਬ, ਸਾਡੀ ਚਲੇ ਨਾ ਕੋਇ ਚਤੁਰਾਈਆ।