੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਨਾਨਕ ਚੰਦ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਨਾਰਦਾ ਸਾਨੂੰ ਅਗੰਮੀ ਆਇਆ ਖ਼ੁਆਬ, ਸੁਫ਼ਨਾ ਸਚ ਦਈਏ ਜਣਾਈਆ। ਪਵਿਤ੍ਰ ਰਿਹਾ ਸਾਡਾ ਨਾ ਆਬ, ਜਲ ਰਸ ਨਾ ਕੋਇ ਵਖਾਈਆ। ਨਿਗਾਹ ਮਾਰ ਲੈ ਆਪਣੀ ਵਿਚ ਕਿਤਾਬ, ਜੋ ਕੁਤਬਖ਼ਾਨਿਆਂ ਬਾਹਰ ਰਖਾਈਆ। ਕੀ ਖੇਲ ਕਰੇ ਧੁਰ ਨਵਾਬ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਨੂਰ ਜੋਤ ਮਹਿਤਾਬ, ਨੂਰ ਨੁਰਾਨਾ ਨਜ਼ਰੀ ਆਈਆ। ਉਸ ਦਾ ਹੁਕਮ ਮਿਲਿਆ ਸ਼ਤਾਬ, ਤੁਸਾਂ ਭੱਜਣਾ ਵਾਹੋ ਦਾਹੀਆ। ਅੰਮ੍ਰਿਤ ਦੀਆਂ ਧਾਰਾਂ ਵੇਖਣਾ ਆ ਕੇ ਵਿਚ ਪੰਜਾਬ, ਪੰਚਾਂ ਲੰਘਣਾਂ ਚਾਈਂ ਚਾਈਂਆ। ਅਸਾਂ ਇਕੱਠੀਆਂ ਹੋ ਕੇ ਕੀਤਾ ਅਦਾਬ, ਸਿਰ ਸਰ ਨਿਵਾਈਆ। ਰਾਹ ਲੰਘਦਿਆਂ ਵੇਖਿਆ ਸਾਰੀ ਦੀਨ ਦੁਨੀ ਮਧੀ ਵਿਚ ਸ਼ਰਾਬ, ਸ਼ਰਅ ਦਾ ਰੰਗ ਗਈ ਭੁਲਾਈਆ।
ਝਟ ਨਾਰਦ ਕਿਹਾ ਏਸੇ ਕਰਕੇ ਹੋਣ ਵਾਲੀ ਬਰਬਾਦ, ਬਰਬਾਦੀ ਚਾਰੋਂ ਕੁੰਟ ਵੇਖ ਵਖਾਈਆ। ਨਾ ਕੋਈ ਧਰਮ ਰਿਹਾ ਨਾ ਸਾਧ, ਸਾਧਨਾ ਸਚ ਨਾ ਕੋਇ ਜਣਾਈਆ। ਤੁਸੀਂ ਪੁਰਾਤਨ ਲੇਖਾ ਰਖੋ ਯਾਦ, ਯਾਦਾਸ਼ਤ ਦਿਆਂ ਦ੍ਰਿੜਾਈਆ। ਜਿਸ ਵੇਲੇ ਅਵਤਾਰ ਪੈਗ਼ੰਬਰਾਂ ਗੁਰੂਆਂ ਕਿਹਾ ਪੁਰਖ ਅਕਾਲਾ ਆਉਣਾ ਸਾਥੋਂ ਬਾਅਦ, ਲੋਕਮਾਤ ਵੇਖ ਵਖਾਈਆ। ਸਤਿਗੁਰ ਸ਼ਬਦ ਵਜਾਏ ਨਾਦ, ਦੋ ਜਹਾਨ ਕਰੇ ਸ਼ਨਵਾਈਆ। ਜਿਸ ਦਾ ਹੁਕਮ ਸੰਦੇਸ਼ਾ ਹੋਣਾ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਭਗਤਾਂ ਅੰਦਰ ਹੋ ਵਿਸਮਾਦ, ਵਿਸ਼ਵ ਦਾ ਆਪਣਾ ਭੇਵ ਚੁਕਾਈਆ । ਸੁਫ਼ਨਿਆਂ ਵਿਚੋਂ ਤੁਹਾਡੀ ਖੋਲ੍ਹੇ ਜਾਗ, ਆਲਸ ਨਿੰਦਰਾ ਰਹਿਣ ਨਾ ਪਾਈਆ। ਤੁਸੀਂ ਪਹਿਲਾ ਹਿੱਸਾ ਆਪਣਾ ਵੇਖੋ ਭਾਗ, ਪਹਿਲੀ ਵਾਰ ਦਇਆ ਕਮਾਈਆ। ਅਗੇ ਹੋਰ ਤਕੋ ਕੀ ਨਾਨਕ ਦੀ ਦੱਸੇ ਰਬਾਬ, ਜੋ ਬਿਨ ਤੰਦ ਸਿਤਾਰ ਹਿਲਾਈਆ। ਫੇਰ ਸੁਣੋ ਸਤਿਗੁਰ ਸ਼ਬਦ ਅਵਾਜ਼, ਢੋਲਾ ਕੀ ਸੁਣਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਜਿਸ ਸਾਜਣਾ ਦਿਤੀ ਸਾਜ, ਲੋਕਮਾਤ ਦਿਤੀ ਵਡਿਆਈਆ। ਜਿਸ ਸ਼ਾਹ ਸੁਲਤਾਨਾਂ ਸੀਸ ਟਿਕਾਇਆ ਤਾਜ, ਤਖ਼ਤ ਨਿਵਾਸੀ ਇਕ ਅਖਵਾਈਆ। ਜੋ ਬਦਲਣਹਾਰ ਰਿਵਾਜ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਵੇਖੋ ਕਿਸ ਬਿਧ ਸਵਾਰੇ ਕਾਜ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਧਾਮ ਨਿਆਰਾ ਦੇਸ ਮਾਝ, ਮੌਜੂਦਾ ਆਪਣਾ ਹੁਕਮ ਵਰਤਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਦੋ ਦੋ ਆਬ, ਆਬੇ ਹਯਾਤ ਵੇਖ ਵਖਾਈਆ। ਜਿਸ ਦੇ ਅਗੇ ਕਿਸੇ ਦਾ ਹੋਣਾ ਨਹੀਂ ਸੁਆਲ ਜੁਆਬ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਸਿੰਘ ਮਤਾਬ, ਮਨੀ ਸਿੰਘ ਮਨਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਜਮਨਾ ਸੁਰਸਤੀ ਗੋਦਾਵਰੀ ਗੰਗਾ ਵੇਖੋ ਗੋਬਿੰਦ ਧਾਰ, ਕੀ ਆਪਣਾ ਹੁਕਮ ਵਰਤਾਈਆ। ਤੁਸਾਂ ਫਿਰਨਾ ਵਿਚ ਸੰਸਾਰ, ਭੱਜਣਾ ਵਾਹੋ ਦਾਹੀਆ। ਚਾਰੇ ਕੂਟਾਂ ਕਰਨੀ ਵਿਚਾਰ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਧਰਮ ਦਾ ਰਿਹਾ ਨਾ ਕੋਇ ਦੁਆਰ, ਸਚ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਕੂੜ ਕੁੜਿਆਰ, ਮਾਇਆ ਮਮਤਾ ਮੋਹ ਹਲਕਾਈਆ। ਅੰਮ੍ਰਿਤ ਰਸ ਰਿਹਾ ਨਾ ਠੰਡਾ ਠਾਰ, ਅਗਨੀ ਤਤ ਨਾ ਕੋਇ ਬੁਝਾਈਆ। ਲੇਖਾ ਮੁਕਦਾ ਵੇਖਣਾ ਪੈਗ਼ੰਬਰ ਗੁਰ ਅਵਤਾਰ, ਲਹਿਣਾ ਸਭ ਦੀ ਝੋਲੀ ਪਾਈਆ। ਜਿਸ ਦੀ ਸਾਰੇ ਕਰਦੇ ਰਹੇ ਇੰਤਜ਼ਾਰ, ਬੈਠੇ ਰਾਹ ਤਕਾਈਆ। ਉਹ ਆਇਆ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਸ਼ਾਹੋ ਭੂਪ ਬਣ ਸਿਕਦਾਰ, ਆਪਣਾ ਹੁਕਮ ਦਏ ਵਰਤਾਈਆ। ਜਿਸ ਨੂੰ ਸਭ ਨੇ ਕਹਿਣਾ ਕਲ ਕਲਕੀ ਅਵਤਾਰ, ਨਿਹਕਲੰਕਾ ਰੂਪ ਪਰਗਟਾਈਆ। ਲਹਿਣਾ ਦੇਣਾ ਦੇਵੇ ਸਭ ਦਾ ਉਧਾਰ, ਕ਼ਰਜ਼ਾ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਬਿਨ ਰਸਨਾ ਰਹੀਆਂ ਬੋਲ, ਆਪਣਾ ਹਾਲ ਸੁਣਾਈਆ। ਕਿਹੜੀ ਵਸਤ ਉਸ ਦੇ ਕੋਲ, ਸਾਨੂੰ ਦੇ ਸਮਝਾਈਆ। ਨਾਰਦ ਕਹੇ ਮੈਂ ਵਜਾ ਕੇ ਦੱਸਾਂ ਢੋਲ, ਦੋ ਜਹਾਨਾਂ ਦਿਆਂ ਜਣਾਈਆ। ਜਿਸ ਸਚ ਦੁਆਰਾ ਦਿਤਾ ਖੋਲ੍ਹ, ਖ਼ਲਕ ਦਾ ਖ਼ਾਲਕ ਨੂਰ ਅਲਾਹੀਆ। ਉਹਦਾ ਨਾਮ ਅਨਮੁਲ ਅਨਮੋਲ, ਅਨਮੁਲੜੇ ਹੀਰੇ ਰਿਹਾ ਬਣਾਈਆ। ਜਨ ਭਗਤਾਂ ਤੋਲ ਕੇ ਆਪਣੇ ਤੋਲ, ਤਰਾਜ਼ੂ ਆਪਣੇ ਵਿਚ ਰਖਾਈਆ। ਤੁਹਾਡੇ ਅੰਤਸ਼ਕਰਨ ਦੇ ਪੜਦੇ ਲਏ ਖੋਲ੍ਹ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਚਾਰੇ ਕਹਿਣ ਨਾਰਦਾ ਅਸੀਂ ਵੇਖਿਆ ਕੀ ਕੁਝ ਆਜ, ਆਜਜ਼ ਹੋ ਕੇ ਦਈਏ ਸੁਣਾਈਆ । ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੂੜ ਭਰਿਆ ਮਜਾਜ਼, ਕੁਕਰਮਾਂ ਨਾਲ ਹਲਕਾਈਆ। ਜਿਧਰ ਤਕਿਆ ਰਸਨਾ ਜਿਹਵਾ ਬੱਤੀ ਦੰਦ ਸਾਰੇ ਖਾਂਦੇ ਕਬਾਬ, ਕ਼ਿਬਲ ਦੇ ਮਾਲਕ ਮਿਲਣ ਕੋਇ ਨਾ ਪਾਈਆ। ਤਨ ਵਜੂਦਾਂ ਲੱਗਾ ਦਾਗ਼, ਦੁਰਮਤ ਮੈਲ ਨਾ ਕੋਇ ਧੁਆਈਆ। ਦੀਵਾ ਬਾਤੀ ਜਗੇ ਨਾ ਕੋਇ ਚਰਾਗ਼, ਚਰਾਗਾਹਾਂ ਨਾ ਕੋਇ ਰੁਸ਼ਨਾਈਆ। ਲੱਖ ਚੁਰਾਸੀ ਬਿਨ ਮਾਲੀ ਸੁੰਞਾ ਦਿਸੇ ਬਾਗ਼, ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਰਚਨਾ ਰਚੀ ਆਦਿ, ਅੰਤ ਵੇਖਣਹਾਰ ਆਪ ਅਖਵਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਝੰਡੂ ਰਾਮ ਦੇ ਗ੍ਰਹਿ ਪਿੰਡ ਜਿਉੜੀਆਂ ਜ਼ਿਲਾ ਜੰਮੂ
ਦਰਸ ਕਰਨ ਆਈਆਂ ਧਰਮ ਸਵਾਣੀਆਂ, ਨਾਰਦ ਕਹੇ ਇਸਤਰੀ ਮਰਦ ਰੂਪ ਨਜ਼ਰ ਕੋਇ ਨਾ ਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਗਾਉਂਦੀਆਂ ਬਿਨਾ ਮੁਖ ਤੋਂ ਬਾਣੀਆਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਪਣਾ ਨਾਤਾ ਤੋੜਦੀਆਂ ਨਾਲ ਚਾਰੇ ਖਾਣੀਆਂ, ਖ਼ਾਲਕ ਆਪਣਾ ਰੰਗ ਵਖਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਜਾਣੀ ਜਾਣੀਆ, ਤੇਰੀ ਇਕ ਸਰਨਾਈਆ। ਨਿਰਗੁਣ ਨਿਰਗੁਣ ਹਾਣੀ ਹਾਣੀਆਂ, ਆਯੂ ਵੰਡ ਨਾ ਕੋਇ ਵੰਡਾਈਆ। ਸਾਡੀਆਂ ਤਕ ਲੈ ਤਰਲ ਜਵਾਨੀਆਂ, ਜੋਬਨਵੰਤੇ ਬੇਪਰਵਾਹੀਆ। ਅਸੀਂ ਸਤਿਜੁਗ ਤ੍ਰੇਤਾ ਦੁਆਪਰ ਤੇਰੇ ਪਿਆਰ ਵਿਚ ਮੌਜਾਂ ਮਾਣੀਆਂ, ਖ਼ੁਸ਼ੀਆਂ ਢੋਲੇ ਗਾਈਆ। ਤੀਰਥ ਤੱਟਾਂ ਸਹਾਰਾ ਦਿਤਾ ਪਰਾਣੀਆਂ, ਜੋ ਆਏ ਚਲ ਸਰਨਾਈਆ। ਕਲਜੁਗ ਅੰਤਮ ਸਾਡੀ ਰਹੀ ਨਾ ਧਰਮ ਨਿਸ਼ਾਨੀਆ, ਨਿਸ਼ਾਨਾ ਕੂੜ ਗਿਆ ਬਦਲਾਈਆ। ਬਹੁੜੀ ਸਾਡੇ ਉਤੇ ਵਧੀਆਂ ਬੇਈਮਾਨੀਆਂ, ਈਮਾਨ ਰਹਿਣ ਕੋਇ ਨਾ ਪਾਈਆ। ਤਤ ਵਿਰੋਲੇ ਕੋਇ ਨਾ ਪਾਣੀਆਂ, ਪੌਣ ਪਾਣੀ ਰਹੇ ਕੁਰਲਾਈਆ। ਅਸੀਂ ਕੰਗਾਲ ਹੋਈਆਂ ਧਰਮ ਦੀਆਂ ਸ਼ਾਹਣੀਆਂ, ਸ਼ਹਿਨਸ਼ਾਹ ਸਚ ਵਸਤ ਹੱਥ ਕਿਛ ਨਾ ਆਈਆ। ਤੂੰ ਕਿਰਪਾ ਕਰ ਗੁਣ ਨਿਧਾਨੀਆਂ, ਗੁਣਵੰਤੇ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖ ਆਪ ਬਣਾਈਆ। ਚਾਰੇ ਕਹਿਣ ਅਸੀਂ ਦਰਸ ਕਰਨ ਨੂੰ ਭੱਜੀਆਂ, ਭੁਜਾਂ ਬਾਹਵਾਂ ਜਗਤ ਉਠਾਈਆ। ਸਾਡੇ ਅੰਤਰ ਆਸ਼ਾਂ ਗੱਜੀਆਂ, ਖ਼ੁਸ਼ੀਆਂ ਢੋਲੇ ਗਾਈਆ। ਅਸੀਂ ਆ ਕੇ ਸਚ ਦੁਆਰੇ ਸਜੀਆਂ, ਸੱਜਣ ਮਿਲਿਆ ਧੁਰਦਰਗਾਹੀਆ। ਸਾਡੇ ਨੇਤਰ ਅੱਖੀਆਂ ਰੱਜੀਆਂ, ਤ੍ਰਿਸ਼ਨਾ ਰਹੀ ਨਾ ਰਾਈਆ । ਪਰਮ ਪੁਰਖ ਪਰਮਾਤਮ ਸਾਡੀ ਰਖੀ ਲਜੀਆ, ਸਿਰ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਚਾਰੇ ਕਹਿਣ ਦਰਸ਼ਨ ਤਕਿਆ ਨੂਰ ਨੁਰਾਨਾ ਨੂਰ, ਨਰ ਨਰਾਇਣ ਮਿਲੀ ਸਰਨਾਈਆ। ਸ਼ਬਦ ਅਨਾਦੀ ਸੁਣੀ ਤੂਰ, ਤੁਰਤ ਦਿਤੀ ਦ੍ਰਿੜਾਈਆ। ਸਾਡੀ ਆਸਾ ਮਨਸਾ ਕੀਤੀ ਪੂਰ, ਪੂਰਨ ਬ੍ਰਹਮ ਦਿਤਾ ਸਮਝਾਈਆ। ਮਸਤੀ ਨਾਮ ਦੇ ਸਰੂਰ, ਸੁਰਤੀ ਆਪਣੇ ਨਾਲ ਮਿਲਾਈਆ। ਸਾਡਾ ਲੇਖੇ ਲਾਇਆ ਪੰਧ ਦੂਰ, ਨੇਰਨ ਨੇਰਾ
ਨਜ਼ਰੀ ਆਈਆ। ਸਾਡੇ ਉਤੇ ਕਿਰਪਾ ਕਰੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟੇ ਫ਼ਤੂਰ, ਫ਼ਤਵਾ ਦੇਵੇ ਥਾਉਂ ਥਾਈਂਆ। ਅਸੀਂ ਚਾਰ ਜੁਗ ਦੇ ਇਸ ਦੇ ਮਜ਼ਦੂਰ, ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸ਼ਾ ਮਨਸ਼ਾ ਸਭ ਦੀਆਂ ਕਰੇ ਪੂਰ, ਤ੍ਰਿਸ਼ਨਾ ਤ੍ਰਿਖਾ ਜਗਤ ਰਹਿਣ ਨਾ ਪਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਗੁਰਾ ਸਿੰਘ ਦੇ ਗ੍ਰਹਿ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ
ਚਾਰੇ ਕਹਿਣ ਸਾਡਾ ਅੰਤਰ ਹੋਇਆ ਅਨੰਦ, ਸਤਿਗੁਰ ਸਰਨ ਮਿਲੀ ਸਰਨਾਈਆ। ਸਾਡਾ ਖ਼ੁਸ਼ੀ ਬੰਦ ਬੰਦ, ਬੰਦਗੀ ਵਿਚ ਸੀਸ ਝੁਕਾਈਆ। ਜਲਵਾ ਤਕਿਆ ਨੂਰੀ ਚੰਦ, ਜੋਤੀ ਜਾਤਾ ਨਜ਼ਰੀ ਆਈਆ। ਅਸੁਤੇ ਸਾਡੇ ਮੁਖ ਵਿਚੋਂ ਨਿਕਲ ਗਿਆ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਝਟ ਹਸ ਕੇ ਕਹੇ ਗੰਗ, ਗੋਬਿੰਦ ਤੇਰੀ ਬੇਪਰਵਾਹੀਆ। ਗੋਦਾਵਰੀ ਪ੍ਰੇਮ ਵਜਾਇਆ ਮਰਦੰਗ, ਨਾਰਦ ਦਿਤਾ ਸੁਣਾਈਆ। ਜਮਨਾ ਦਰ ਦਹਲੀਜ਼ਾਂ ਲੰਘ, ਸੀਸ ਜਗਦੀਸ ਨਿਵਾਈਆ। ਸੁਰਸਤੀ ਕਹੇ ਮੇਰੇ ਨਿਰੰਤਰ ਪਈ ਠੰਡ, ਅਗਨੀ ਤਤ ਰਹੀ ਨਾ ਰਾਈਆ। ਨਾਰਦ ਕਹੇ ਪ੍ਰਭ ਚਰਨਾਂ ਆਪਣੇ ਸੀਸ ਤੋਂ ਲਾਹ ਦਿਉ ਪੰਡ, ਜੋ ਗਠੜੀ ਹਡੀਆਂ ਆਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਨਾਰਦ ਕਹੇ ਸ਼ੁਕਰ ਕਰੋ ਸਚੇ ਸਤਿਗੁਰ ਦੇ, ਗੁਰਦੇਵ ਸੁਆਮੀ ਇਕ ਮਨਾਈਆ। ਜਿਸ ਲਾਉਣੇ ਲੇਖੇ ਅੰਤਰ ਤੁਹਾਡੇ ਮੁਰਦੇ, ਮੁਦਤਾਂ ਦੇ ਲੇਖੇ ਪੂਰ ਕਰਾਈਆ। ਲਹਿਣੇ ਦੇਣੇ ਤਕ ਲਉ ਕਰੋੜ ਤੇਤੀਸਾ ਸੁਰ ਦੇ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਸੰਦੇਸ਼ੇ ਸੁਣ ਲਉ ਗੋਬਿੰਦ ਵਾਲੇ ਅਨੰਦਪੁਰ ਦੇ, ਪੁਰੀਆਂ ਲੋਆਂ ਬਾਹਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚਾਰੇ ਕਹਿਣ ਨਾਰਦਾ ਅਸੀਂ ਪਿਛਲਾ ਭਾਰ ਲਿਆਂਦਾ ਚੁਕ, ਚਾਕਰ ਹੋ ਕੇ ਸੇਵ ਕਮਾਈਆ। ਸਾਡਾ ਲਹਿਣਾ ਪੂਰਬ ਗਿਆ ਮੁਕ, ਮੁਕੰਮਲ ਦਈਏ ਸੁਣਾਈਆ। ਅਗੇ ਇਕੋ ਗਾਈਏ ਤੁਕ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਅਗੰਮ ਅਥਾਹੀਆ। ਸਚ ਦੁਆਰ ਉਹਲਾ ਰਿਹਾ ਕੋਈ ਨਾ ਲੁਕ, ਭੇਵ ਅਭੇਦ ਦਿਤਾ ਮਿਟਾਈਆ। ਪ੍ਰਭ ਦਾ ਭਾਣਾ ਮੂਲ ਜਾਏ ਨਾ ਰੁਕ, ਸੰਦੇਸ਼ਾ ਸਚ ਸਚ ਸੁਣਾਈਆ। ਜ਼ਰੂਰ ਕਲਜੁਗ ਬੂਟਾ ਜਾਣਾ ਸੁਕ, ਹਰਿਆ ਅੰਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਮੇਟਣਹਾਰਾ ਦੁਖ, ਦੁਖੀਆਂ ਦਰਦੀਆਂ ਆਪਣਾ ਦਰਦ ਵੰਡਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਚੰਦ ਪਰਕਾਸ਼ ਦੇ ਗ੍ਰਹਿ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ
ਚਾਰੇ ਕਹਿਣ ਦਰਸ ਕੀਤਾ ਧੁਰ ਦੇ ਸੱਜਣ, ਜੋ ਸਾਜਣ ਨਵੀਂ ਸਾਜਣਾ ਰਿਹਾ ਬਣਾਈਆ। ਧੂੜੀ ਖ਼ਾਕ ਰਮਾਇਆ ਮਜਨ, ਸੋਹਣਾ ਰੰਗ ਚੜ੍ਹਾਈਆ। ਨੇਤਰ ਪਾਇਆ ਕਜਲ, ਨੈਣ ਨੈਣ ਬਦਲਾਈਆ। ਸਚ ਦੁਵਾਰਿਉਂ ਸਚ ਦਾ ਮਿਲਿਆ ਭਜਨ, ਬੰਦਗੀ ਇਕ ਸਮਝਾਈਆ। ਸਾਡੇ ਅੰਦਰ ਨਾਮ ਨਗਾਰੇ ਵਜਨ, ਧੁਰ ਦੀ ਧਾਰ ਕਰੇ ਸ਼ਨਵਾਈਆ। ਦੀਪਕ ਜੋਤੀ ਜਗਣ, ਘਰ ਹੋਈ ਰੁਸ਼ਨਾਈਆ। ਅਸੀਂ ਖ਼ੁਸ਼ੀਆਂ ਵਿਚ ਹੋਈਆਂ ਮਗਨ, ਮਸਤੀ ਵਿਚ ਵਡਿਆਈਆ। ਸਾਡਾ ਪਵਿਤ੍ਰ ਹੋਇਆ ਬਦਨ, ਬਦੀ ਦਾ ਰੰਗ ਨਾ ਕੋਇ ਰਖਾਈਆ। ਅਸੀਂ ਚਾਰੇ ਇਕੱਠੀਆਂ ਹੋ ਕੇ ਸਤਿਗੁਰ ਸ਼ਬਦ ਨੂੰ ਆਈਆਂ ਸੱਦਣ, ਸਦਕੇ ਵਾਰੀ ਘੋਲ ਘੁਮਾਈਆ। ਤੂੰ ਮੁਕੰਦ ਮਨੋਹਰ ਲਖਮੀ ਨਰਾਇਣ ਨੰਦਨ, ਅਨੰਦ ਦਾ ਮਾਲਕ ਇਕ ਅਖਵਾਈਆ। ਮਿਹਰਵਾਨਾ ਨੌਜਵਾਨਾ ਸਾਡੀ ਲੰਘ ਕੇ ਆਵੀਂ ਹੱਦਨ, ਜਗਤ ਹਦੂਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਚਾਰੇ ਕਹਿਣ ਦਰਸ ਕਰਕੇ ਹੋਈਆਂ ਨਿਹਾਲ, ਤ੍ਰਿਸ਼ਨਾ ਜਗਤ ਮਿਟਾਈਆ। ਸਾਡਾ ਇਕੱਠਾ ਹਲ ਕਰ ਸਵਾਲ, ਬੇਨੰਤੀ ਦਈਏ ਦ੍ਰਿੜਾਈਆ। ਸਾਡੀ ਆ ਕੇ ਸੁਰਤ ਸੰਭਾਲ, ਸੰਬਲ ਦੇ ਮਾਲਕ ਵੇਖ ਵਖਾਈਆ। ਜੁਗ ਚੌਕੜੀ ਲੇਖੇ ਲਾ ਘਾਲ, ਘਾਇਲ ਹੋ ਕੇ ਦਈਏ ਸੁਣਾਈਆ। ਸਾਡਾ ਅੰਮ੍ਰਿਤ ਸਰ ਸੁਹਾ ਦੇ ਤਾਲ, ਰਸ ਆਪਣਾ ਇਕ ਭਰਾਈਆ। ਧੁਰ ਦਾ ਨਾਮ ਨਿਧਾਨਾ ਦੇ ਦੇ ਧਨ ਮਾਲ, ਅਮੋਲਕ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਚਾਰੇ ਕਹਿਣ ਸਾਡੀ ਅਰਦਾਸ, ਦਰਸ਼ਨ ਕਰਕੇ ਸੀਸ ਨਿਵਾਈਆ। ਸਾਡੇ ਸਾਹਿਬ ਪੁਰਖ ਅਬਿਨਾਸ਼, ਤੇਰੀ ਤੇਰੇ ਹੱਥ ਵਡਿਆਈਆ। ਸੰਮਤ ਸ਼ਹਿਨਸ਼ਾਹੀ ਬਾਰਾਂ ਆਉਣਾ ਸਾਡੇ ਪਾਸ, ਪਾਸਾ ਦੀਨ ਦੁਨੀ ਤਜਾਈਆ। ਨਾਲ ਸ਼ੰਕਰ ਲਿਆਉਣਾ ਕੈਲਾਸ਼, ਜਟਾ ਜੂਟ ਧਾਰੀ ਆਪਣਾ ਸੀਸ ਨਿਵਾਈਆ। ਨਾਲ ਇੱਕੀ ਭਗਤਾਂ ਦੀ ਪੈਂਦੀ ਆਵੇ ਰਾਸ, ਨਾਰੀ ਮਰਦ ਵੰਡ ਨਾ ਕੋਇ ਵੰਡਾਈਆ। ਤੇਰੀ ਸੱਤ ਰੰਗ ਦੀ ਹੋਵੇ ਪੋਸ਼ਾਕ, ਪੇਸ਼ਾਨੀ ਲਾਲ ਰੰਗ ਰੰਗਾਈਆ। ਸੰਮਤ ਪੰਦਰਾਂ ਜਿਸ ਦਰ ਦਾ ਖੋਲ੍ਹ ਕੇ ਆਇਉਂ ਤਾਕ, ਅੰਤਮ ਪਰਦਾ ਦੇਣਾ ਉਠਾਈਆ। ਆਪਣਾ ਪੂਰਾ ਕਰਨਾ ਵਾਕ, ਜੋ ਤ੍ਰਿਬੈਣੀ ਆਇਆ ਲਿਖਾਈਆ। ਅਸੀਂ ਛਡ ਕੇ ਸਾਰੇ ਸੱਜਣ ਸਾਕ, ਦਰ ਆਈਆਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੇ ਗ੍ਰਹਿ ਇਕ ਇਕ ਕਟਣੀ ਰਾਤ, ਰੈਣ ਸਬਾਈ ਤੇਰਾ ਦਰਸ਼ਨ ਪਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਬੇਲੂ ਰਾਮ ਦੇ ਗ੍ਰਹਿ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ
ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਰਦ ਨੂੰ ਕਰਨ ਇਸ਼ਾਰਾ, ਪੰਡਤਾ ਤੈਨੂੰ ਦਈਏ ਸੁਣਾਈਆ। ਤੂੰ ਪ੍ਰਭ ਦਾ ਮੀਤ ਮੁਰਾਰਾ, ਜੁਗ ਚੌਕੜੀ ਚਲਿਆ ਆਈਆ। ਸਾਡੇ ਨਾਲ ਮਿਲ ਕੇ ਕਰ ਨਿਮਸਕਾਰਾ, ਡੰਡਾਵਤ ਵਿਚ ਸੀਸ ਝੁਕਾਈਆ। ਨਾਲੇ ਬੋਲ ਦੇ ਧਰਮ ਜੈਕਾਰਾ, ਸਚ ਸਚ ਸੁਣਾਈਆ। ਮਿੰਨਤਾਂ ਕਰਕੇ ਕਹਿਣ ਸਾਡਾ ਲੇਖਾ ਯਾਦ ਰਖਣਾ ਸੰਮਤ ਬਾਰਾਂ, ਅਭੁਲ ਭੁਲ ਕਦੇ ਨਾ ਜਾਈਆ। ਸਾਡੇ ਆਵੇ ਚਲ ਕਿਨਾਰਾ,
ਕਾਨਾ ਰਵੀਦਾਸ ਵਾਲਾ ਸਾਢੇ ਤਿੰਨ ਹੱਥ ਨਾਲ ਲਿਆਈਆ। ਜੋ ਹਰਿਜਨ ਭਗਤ ਨਾਲ ਹੋਵੇ ਦੁਲਾਰਾ, ਸੋਹਣਾ ਗੁਰਮੁਖ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਗੰਗਾ ਕਹੇ ਪ੍ਰਭੂ ਮੈਂ ਤਕਦੀ ਰਹਾਂਗੀ ਵਾਟ, ਬਿਨ ਅੱਖਾਂ ਅੱਖ ਉਠਾਈਆ। ਕਵਣ ਵੇਲਾ ਆਵੇ ਮੇਰੇ ਘਾਟ, ਘਾਟਾ ਮੇਰਾ ਪੂਰ ਕਰਾਈਆ। ਮੇਰੀ ਸੇਜ ਸੁਹੰਜਣੀ ਕਰੇ ਖਾਟ, ਸਿੰਘਾਸਣ ਆਪਣਾ ਇਕ ਵਖਾਈਆ। ਮੇਰਾ ਪੂਰਬ ਲਹਿਣਾ ਦੇਣਾ ਦੇਵੇ ਕਾਟ, ਅਗੇ ਆਪਣਾ ਰੰਗ ਰੰਗਾਈਆ। ਮੈਂ ਤੇਰੇ ਚਰਨ ਕਵਲ ਬਿਨਾ ਰਸਨਾ ਲਵਾਂ ਚਾਟ, ਚੇਟਕ ਅਵਰ ਨਾ ਕੋਇ ਜਣਾਈਆ। ਬਿਨਾ ਜ਼ਬਾਨ ਤੋਂ ਕਰਾਂ ਬਾਤ, ਬਿਨ ਅੱਖਰਾਂ ਅੱਖਰ ਸੁਣਾਈਆ। ਤੂੰ ਮੇਰਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੀ ਤਕਾਂ ਭਗਤਾਂ ਵਾਲੀ ਜਮਾਤ, ਗੁਰਮੁਖ ਸੋਹਣੇ ਵੇਖ ਵਖਾਈਆ। ਜੋ ਸੋਹੰ ਗਾਉਂਦੇ ਆਉਣ ਗਾਥ, ਆਤਮ ਪਰਮਾਤਮ ਰਾਗ ਅਲਾਹੀਆ। ਮੈਂ ਸਭ ਨੂੰ ਝੁਕ ਕੇ ਟੇਕਾਂ ਮਾਥ, ਨਿਮਰਤਾ ਵਿਚ ਸੀਸ ਨਿਵਾਈਆ। ਤੂੰ ਕਿਰਪਾ ਕਰਨੀ ਪੁਰਖ ਸਮਰਾਥ, ਮੇਰੀ ਤੇਰੇ ਅਗੇ ਦੁਹਾਈਆ। ਮੈਂ ਹੋਈ ਅਨਾਥਾਂ ਅਨਾਥ, ਦੀਨਨ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਜਮਨਾ ਕਹੇ ਮੈਂ ਜੰਮ ਜੰਮ ਤਕਾਂ ਰਾਹ, ਬਿਨਾ ਜਨਣੀ ਧਿਆਨ ਲਗਾਈਆ। ਬਿਨ ਨੇਤਰ ਨੈਣ ਉਠਾ, ਵੇਖਾਂ ਚਾਈਂ ਚਾਈਂਆ। ਕਵਣ ਕੂਟੇ ਆਏ ਮੇਰਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋ ਭਗਤਾਂ ਨਾਲ ਕਰੇ ਸਲਾਹ, ਮਸ਼ਵਰਾ ਗੁਰਮੁਖਾਂ ਨਾਲ ਰਲਾਈਆ। ਪੰਜਾਂ ਲਿਖਾਰੀਆਂ ਇਕੋ ਰੂਪ ਲਏ ਬਣਾ, ਬਸਤਰ ਦੂਸਰ ਵੰਡ ਨਾ ਕੋਇ ਵੰਡਾਈਆ। ਪੰਜਾਂ ਦਰਬਾਰੀਆਂ ਮਸਤਕ ਟਿੱਕੇ ਲਏ ਲਗਾ, ਚਰਨ ਧੂੜ ਧੂੜ ਰਮਾਈਆ। ਪੰਜਾਂ ਪਿਆਰਿਆਂ ਸੋਹੰ ਸ਼ਬਦ ਕੰਨੀ ਗੰਢ ਬੰਨ੍ਹਾ, ਸੋਹਣੀ ਖੇਲ ਖਿਲਾਈਆ। ਮੈਂ ਝਟ ਝੁਕ ਕੇ ਸੀਸ ਦੇਵਾਂ ਨਿਵਾ, ਨਿਵ ਨਿਵ ਲਾਗਾ ਪਾਈਂਆ। ਪ੍ਰੇਮ ਸਿੰਘਾਸਣ ਦੇਵਾਂ ਵਿਛਾ, ਵਿਛੋੜਾ ਜਗਤ ਨਾ ਕੋਇ ਰਖਾਈਆ। ਬਿਨ ਪਾਵੇ ਚੂਲ ਪਲੰਘ ਦੇਵਾਂ ਡਾਹ, ਡੰਡਾਵਤ ਕਰਕੇ ਸੀਸ ਨਿਵਾਈਆ। ਆਪਣਾ ਦੁਖੜਾ ਦਿਆਂ ਸੁਣਾ, ਜੋ ਕ੍ਰਿਸ਼ਨ ਕਾਹਨ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸੁਰਸਤੀ ਕਹੇ ਮੈਂ ਖ਼ੁਸ਼ੀਆਂ ਨਾਲ ਸੁਤੀ ਉਠਾਂ, ਆਪਣੀ ਲੈ ਅੰਗੜਾਈਆ। ਆਪਣੀਆਂ ਘੁੱਟ ਕੇ ਦੋਵੇਂ ਮੁੱਠਾਂ, ਸੀਨੇ ਨਾਲ ਲਗਾਈਆ। ਫਿਰ ਅੰਤਸ਼ਕਰਨ ਕਰਕੇ ਪੁੱਠਾ, ਵੇਖਾਂ ਧੁਰਦਰਗਾਹੀਆ। ਜੋ ਮੇਰੇ ਉਤੇ ਹੋਵੇ ਤੁਠਾ, ਮਿਹਰ ਨਜ਼ਰ ਉਠਾਈਆ। ਮੇਰੀ ਸਚ ਸੁਹਾਉਂਣੀ ਕਰੇ ਗੁੱਠਾ, ਕੋਨੇ ਗੋਸ਼ੇ ਫੋਲ ਫੁਲਾਈਆ। ਮੈਂ ਢੋਲਾ ਗਾਵਾਂ ਬਿਨਾ ਬੁੱਲਾਂ ਬੁੱਟਾਂ, ਬਿਨ ਰਸਨਾ ਸਿਫ਼ਤ ਸਲਾਹੀਆ। ਜਿਸ ਦਾ ਪਿਆਰ ਅਜੇ ਨਹੀਂ ਟੁੱਟਾ, ਟੁੱਟਿਆਂ ਫੇਰ ਲਏ ਜੁੜਾਈਆ। ਮੇਰਾ ਭਾਗ ਨਾ ਜਗਤ ਨਿਖੁੱਟਾ, ਖੋਟੇ ਖਰੇ ਲਏ ਬਣਾਈਆ। ਜੋ ਮੇਰੀ ਸੁਹਾਵੇ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਮੇਰਾ ਮਾਲਕ ਸੁਆਮੀ ਅਬਿਨਾਸ਼ੀ ਅਚੁਤਾ, ਚੇਤਨ ਮੈਨੂੰ ਲਏ ਕਰਾਈਆ। ਜਿਸ ਦੇ ਨਾਲ ਭਗਤ ਸੁਹੇਲੇ ਹੋਣੇ ਸੁਤਾ, ਸਤਿਗੁਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਚਰਨ ਕਵਲ ਝੁਕਾਂ, ਝੁਕ ਝੁਕ ਸੀਸ ਨਿਵਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਸ਼ਾਂਤੀ ਦੇਵੀ ਦੇ ਗ੍ਰਹਿ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ
ਗੋਦਾਵਰੀ ਕਹੇ ਨਾਰਦਾ ਮੈਂ ਉਠਾ ਕੇ ਵੇਖਾਂ ਭੁਜਾ ਬਾਂਹੀਆਂ, ਹੱਥ ਜ਼ਿਮੀਂ ਅਸਮਾਨ ਭੁਆਈਆ। ਵਾਜਾਂ ਮਾਰਾਂ ਆ ਜਾ ਦੋ ਜਹਾਨ ਦਿਆ ਰਾਹੀਆ, ਰਹਿਬਰਾ ਆਪਣਾ ਪੰਧ ਮੁਕਾਈਆ। ਤੈਨੂੰ ਲੱਭ ਨਾ ਸਕਾਂ ਵਿਚੋਂ ਬੇਲੇ ਕਾਹੀਆਂ, ਸਰਾਂ ਸਰੋਵਰਾਂ ਹੱਥ ਕਿਤੇ ਨਾ ਆਈਆ। ਮੈਂ ਭੱਜ ਭੱਜ ਕੇ ਲੰਮੀਆਂ ਮੰਜ਼ਲਾਂ ਮੁਕਾਈਆਂ, ਦਿਵਸ ਰੈਣ ਕ਼ਦਮ ਕ਼ਦਮ ਉਠਾਈਆ। ਮੈਨੂੰ ਨਜ਼ਰ ਨਾ ਆਏ ਮੇਰਾ ਗੋਬਿੰਦ ਮਾਹੀਆ, ਪਰਮ ਪੁਰਖ ਤੇਰੀ ਓਟ ਤਕਾਈਆ। ਮੇਰਾ ਘਾਟ ਤਕ ਲੈ ਜਿਥੇ ਲਾਈਆਂ ਚਰਨ ਪ੍ਰੀਤੀ ਨਾਲ ਸਾਈਆਂ, ਸੌਦੇ ਸਚ ਸਚ ਕਰਾਈਆ। ਜਿਸ ਵੇਲੇ ਕਲਜੁਗ ਕੂੜ ਕੁੜਿਆਰ ਸਭ ਨੂੰ ਲੱਗੀਆਂ ਸ਼ਾਹੀਆਂ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਸਭ ਦੇ ਹਿੰਦਸੇ ਮੁਕਣ ਵਾਲੇ ਇਕਾਈਆਂ, ਦਹਾਈਆਂ ਬੈਠਣ ਮੁਖ ਛੁਪਾਈਆ। ਜਿਹੜੇ ਸਿੱਖ ਬਣਾਏ ਜੱਟ ਝੀਵਰ ਛੀਂਬੇ ਨਾਈਆਂ, ਨੈਣ ਜਾਣ ਬਦਲਾਈਆ। ਕਲਜੁਗ ਕੂੜੀ ਕਿਰਿਆ ਧਾਰ ਬਣਨੀ ਕਸਾਈਆਂ, ਸ਼ਰਅ ਸ਼ਰਅ ਰੂਪ ਬਦਲਾਈਆ। ਪੁਤਰਾਂ ਪਿਆਰ ਨਹੀਂ ਰਹਿਣਾ ਵਿਚ ਮਾਈਆਂ, ਮਮਤਾ ਮੋਹ ਨਾ ਕੋਇ ਰਖਾਈਆ। ਗੋਬਿੰਦ ਹਸ ਕੇ ਕਿਹਾ ਗੋਦਾਵਰੀ ਉਸ ਵੇਲੇ ਮੇਰੇ ਸਿੱਖ ਖਾਣਗੇ ਗਾਂਈਆਂ, ਹੱਤਿਆ ਕਰੇ ਜਗਤ ਲੋਕਾਈਆ। ਭਗਤ ਜਣਨੇ ਨਹੀਂ ਕਿਸੇ ਜਗਤ ਦੀਆਂ ਦਾਈਆਂ, ਕੁੱਖੀਂ ਭਾਗ ਨਾ ਕੋਇ ਲਗਾਈਆ। ਚਾਰ ਜੁਗ ਦੇ ਸ਼ਾਸਤਰ ਅੰਦਰ ਕਰ ਨਾ ਸਕਣ ਸਫ਼ਾਈਆਂ, ਦੁਰਮਤ ਮੈਲ ਨਾ ਕੋਇ ਧਵਾਈਆ। ਤੁਹਾਡਾ ਮਾਣ ਨਹੀਂ ਰਹਿਣਾ ਗੋਦਾਵਰੀ ਜਿਹੜੀਆਂ ਪ੍ਰਭ ਦੀ ਕੁੱਖੋਂ ਜਾਈਆਂ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਗੋਦਾਵਰੀ ਕਹੇ ਨਾਰਦਾ ਮੈਂ ਖੁਲ੍ਹੜੇ ਰਖਾਂ ਕੇਸ, ਕ਼ਿਸਮਤ ਆਪਣੀ ਆਪ ਬਦਲਾਈਆ। ਮੇਰਾ ਵੈਰਾਗਣਾਂ ਵਾਲਾ ਹੋਵੇ ਵੇਸ, ਅਵਲੜੀ ਧਾਰ ਜਣਾਈਆ। ਮੈਂ ਤਕਾਂ ਮਾਹੀ ਗੋਬਿੰਦ ਦਸ ਦਸਮੇਸ, ਸ਼ਬਦੀ ਸ਼ਬਦ ਰੂਪ ਬਦਲਾਈਆ। ਜਿਸ ਸੰਦੇਸ਼ਾ ਦਿਤਾ ਮੈਨੂੰ ਨਦੇੜ ਦੇ ਦੇਸ, ਦੇਸ ਦੇਸਾਂਤਰਾਂ ਡੇਰਾ ਢਾਹੀਆ। ਉਹ ਹੋਵੇ ਮੇਰਾ ਰਿਖੀ ਰਖੇਸ਼, ਰਿਖੀਆਂ ਮੁਨੀਆਂ ਬਾਹਰ ਨਜ਼ਰੀ ਆਈਆ। ਮੈਂ ਉਸ ਦੀ ਆਸ਼ਾ ਰਖੀ ਹਮੇਸ਼, ਹਮ ਸਾਜਣ ਹੋ ਕੇ ਧਿਆਨ ਲਗਾਈਆ। ਜਿਸ ਕਲਜੁਗ ਕੂੜ ਮੇਟਣਾ ਕਲੇਸ਼, ਕਲਾ ਆਪਣੀ ਇਕ ਪਰਗਟਾਈਆ। ਉਸ ਦੇ ਚਰਨ ਆਪਾ ਕਰਾਂ ਪੇਸ਼, ਭੇਟਾ ਹਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਗੋਦਾਵਰੀ ਕਹੇ ਨਾਰਦ ਮੈਂ ਚਕ ਚਕ ਵੇਖਾਂ ਅੱਖਾਂ, ਨੈਣ ਨੈਣ ਉਠਾਈਆ। ਕਿਧਰੋਂ ਆਵੇ ਮੇਰਾ ਸਾਹਿਬ ਸਖ਼ਾ, ਸਗਲਾ ਸੰਗ ਜਣਾਈਆ। ਮੇਰਾ ਲੇਖਾ ਮੇਟੇ ਕਿਸ਼ਨਾ ਸੁਖਲਾ ਪਖਾ, ਪਖ ਆਪਣਾ ਦਏ ਦ੍ਰਿੜਾਈਆ। ਉਸ ਦੇ ਚਰਨ ਕਵਲ ਟੇਕਾਂ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਨਾਲ ਪੁਰਖ ਅਕਾਲ ਹੋਵੇ ਜਿਸ ਦੇ ਯਾਰੜੇ ਸੱਥਰ ਲੱਥਾ, ਸੋਹਣੀ ਸੇਜ ਹੰਢਾਈਆ। ਜਨ ਭਗਤਾਂ ਪ੍ਰੇਮ ਦਾ ਹੋਵੇ ਜਥਾ, ਯਥਾਰਥ ਆਪਣੀ ਗੰਢ ਪੁਆਈਆ। ਕਿਰਪਾ ਕਰੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। (ਕੰਢੇ) ਘਾਟ ਹੋਵੇ ਟਿਕਾ, ਟਿਕੇ ਖ਼ਾਕ ਰਮਾਈਆ। ਉਸ ਦੇ ਚਰਨ ਕਵਲ ਲਿਟਾਂ, ਲਿਟਾ ਖੋਲ੍ਹ ਸੀਸ ਨਿਵਾਈਆ। ਆਪ ਆਪਣਾ ਵਾਰ ਸਿਟਾਂ, ਸਿੱਟੇ ਬਾਜ਼ੀ ਵੇਖਾਂ ਖ਼ਲਕ ਖ਼ੁਦਾਈਆ। ਨਾਲ ਦੁਹੱਥੜ ਮਾਰ ਕੇ ਪਿੱਟਾਂ, ਪਟਨੇ ਵਾਲਿਆ ਤੇਰੀ ਦੁਹਾਈਆ। ਮੇਰਾ ਲੇਖਾ ਕਰ ਜਾ ਚਿੱਟਾ, ਦੁਰਮਤ
ਮੈਲ ਧੁਆਈਆ। ਤੇਰਾ ਧਰਮ ਦਾ ਦੁੱਧ ਵੇਖ ਲੈ ਫਿੱਟਾ, ਕਲਜੁਗ ਕੂੜ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਅੰਤਰ ਸਚ ਅੰਮ੍ਰਿਤ ਮਾਰ ਦੇ ਛਿਟਾ, ਬੂੰਦ ਸਵਾਂਤੀ ਬੂੰਦ ਬੂੰਦ ਟਪਕਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੈਨੂੰ ਵੀ ਲਓ ਸੱਦ, ਪ੍ਰੇਮ ਦੀ ਗੰਢ ਮੇਰੀ ਝੋਲੀ ਪਾਈਆ। ਮੈਂ ਆਦਿ ਜੁਗਾਦਿ ਦਾ ਜਾਨਣਹਾਰਾ ਤੁਹਾਡੀ ਯਦ, ਪੰਡਤ ਪੁਰਾਣਾ ਨਜ਼ਰੀ ਆਈਆ। ਕੀ ਹੋਇਆ ਕਲਜੁਗ ਕੂੜ ਕੁਕਰਮ ਨੇ ਕੀਤਾ ਅੱਡ, ਰੂਪ ਵਖਰਾ ਵਖਰਾ ਸਮਝਾਈਆ। ਮੈਂ ਤੁਹਾਡੇ ਨਾਲੋਂ ਚੰਗਾ ਗਾਵਾਂ ਪ੍ਰਭੂ ਦਾ ਛੰਦ, ਸੋਹਣੇ ਢੋਲੇ ਗਾਈਆ। ਨੀ ਮਾਨਸਾਂ ਮਨੁਸ਼ਾਂ ਖਾਧੇ ਹਡ, ਹਡੀਆਂ ਤੁਹਾਡੇ ਅੰਦਰ ਨਜ਼ਰੀ ਆਈਆ। ਹੁਣ ਪਿਛਲਾ ਲੇਖਾ ਦਿਉ ਛਡ, ਅਗੇ ਅਗਲਾ ਹਾਲ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਲੇਖਾ ਵੇਖੇ ਕਢ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਗੰਗਾ ਮੇਰਾ ਸਾਹਿਬ ਆਵੇ ਤੇਰੀ ਪੌੜੀ ਆਪਣੀ ਹਰਿ, ਹਰਿ ਕਰਤਾ ਧੁਰਦਰਗਾਹੀਆ। ਤੇਰਾ ਲੇਖੇ ਲਾਏ ਸਰੋਵਰ ਸਰ, ਦੇਵੇ ਮਾਣ ਵਡਿਆਈਆ। ਤੂੰ ਵਸਤ ਮੰਗਣੀ ਦੋਵੇਂ ਖ਼ਾਲੀ ਕਰਕੇ ਕਰ, ਬਿਨ ਹੱਥਾਂ ਹੱਥ ਉਠਾਈਆ। ਪ੍ਰਭੂ ਸਚ ਪ੍ਰੀਤੀ ਮੇਰੇ ਹਸਤਾਂ ਉਤੇ ਧਰ, ਧਰਨੀ ਧਰਤ ਧਵਲ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਨਾਰਦ ਕਹੇ ਗੰਗਾ ਮੈਂ ਕੋਈ ਪੰਡਤ ਬਣਨਾ ਨਹੀਂ ਲੋਭੀ, ਲਾਲਚ ਵਿਚ ਕਦੇ ਨਾ ਆਈਆ। ਮੇਰੀ ਵੇਖ ਲੈ ਸਾਫ਼ ਸੁਥਰੀ ਬੋਦੀ, ਬਦੀਆਂ ਤੋਂ ਬਾਹਰ ਰੂਪ ਦਰਸਾਈਆ। ਜਿਸ ਨੇ ਆਪਣਾ ਆਪ ਲਿਆ ਸੋਧੀ, ਸੁਦੀ ਵਦੀ ਦੀ ਵੰਡ ਨਾ ਕੋਇ ਵੰਡਾਈਆ। ਤੂੰ ਮੇਰੇ ਹੱਥ ਲਾ ਦੇ ਗੋਡੀਂ, ਨਿਵ ਨਿਵ ਸੀਸ ਝੁਕਾਈਆ। ਮੈਂ ਤੈਨੂੰ ਖ਼ਬਰ ਦੱਸਾਂ ਕੀ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਸੋਢੀ, ਸੋਢ ਸਰਬੰਸ ਸੁਹਾਈਆ। ਝਟ ਗੰਗਾ ਉਂਗਲ ਰਖ ਲਈ ਆਪਣੀ ਉਤੇ ਠੋਡੀ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਗੰਗਾ ਤੂੰ ਵੇਖਣਾ ਉਸ ਪ੍ਰਭੂ ਦਾ ਚਿਤਰ, ਜਿਸ ਦਾ ਚਲਿਤ੍ਰ ਸਮਝ ਕਿਸੇ ਨਾ ਆਈਆ। ਜੋ ਬਿਨਾ ਭਗਤਾਂ ਬਣਿਆ ਨਹੀਂ ਕਿਸੇ ਦਾ ਮਿਤਰ, ਮੀਤ ਮੁਰਾਰਾ ਸੰਗ ਨਾ ਕੋਇ ਰਖਾਈਆ। ਆਪਣੀ ਧਾਰੋਂ ਆਵੇ ਨਿਤਰ, ਆਪ ਆਪਣਾ ਲਏ ਪਰਗਟਾਈਆ। ਉਸ ਦਾ ਖੇਲ ਬੜਾ ਬਚਿਤ੍ਰ, ਬਚਿਤ੍ਰ ਨਾਟਕ ਵਿਚ ਗੋਬਿੰਦ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਪਰਗਟਾਈਆ। ਨਾਰਦ ਕਹੇ ਉਹ ਆਵੇ ਘਾਟ ਤੇਰੇ ਪਤਣ, ਪਤ੍ਰਕਾ ਤੇਰੀ ਵੇਖ ਵਖਾਈਆ। ਤੂੰ ਸੋਹਣਾ ਕਰਨਾ ਯਤਨ, ਯਥਾਰਥ ਦਿਆਂ ਸਮਝਾਈਆ। ਆਪਣਾ ਸਾਫ਼ ਰਖੀਂ ਵਤਨ, ਗ੍ਰਹਿ ਦਰ ਪਵਿਤ ਲੈਣਾ ਕਰਾਈਆ।
ਜਿਸ ਦੇ ਨਾਲ ਗੁਰਮੁਖ ਹੀਰੇ ਹੋਣੇ ਰਤਨ, ਜੜਤ ਤੇਰੇ ਨਾਲ ਜੁੜਾਈਆ। ਨਾਰਦ ਕਹੇ ਮੈਂ ਵੀਂ ਸਚ ਸੰਦੇਸ਼ਾ ਆਵਾਂ ਦੱਸਣ, ਖ਼ੁਸ਼ੀਆਂ ਢੋਲੇ ਗਾਈਆ। ਨਾਲੇ ਤੇਰੀ ਹਾਲਤ ਵੇਖ ਕੇ ਆਵਾਂ ਹਸਣ, ਹਸ ਹਸ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਗੋਦਾਵਰੀ ਕਹੇ ਨਾਰਦਾ ਤੂੰ ਆਉਣਾ ਮੇਰੇ ਗ੍ਰਹਿ, ਦਰ ਦਰਵਾਜ਼ਾ ਦਿਆਂ ਖੁਲ੍ਹਾਈਆ। ਕੀ ਲਿਆਵੇਂ ਵਸਤ ਮੇਰੇ ਲਈ ਸ਼ੈ, ਜੋ ਸ਼ਹਿਨਸ਼ਾਹ ਭੇਟ ਕਰਾਈਆ। ਨਾਰਦ ਹਸ ਕੇ ਕਿਹਾ ਗੰਗਾ ਮੈਂ ਤੇਰੇ ਵਹਿਣ ਵਿਚ ਨਹੀਂ ਜਾਣਾ ਵਹਿ, ਹੜ੍ਹਾਂ ਵਿਚ ਨਾ ਕੋਇ ਰੁੜ੍ਹਾਈਆ। ਮੇਰੇ ਅੰਦਰ ਇਕੋ ਪ੍ਰਭੂ ਦਾ ਭੈ, ਭੈ ਸੀਸ ਜਗਦੀਸ ਰਖਾਈਆ। ਨੀ ਜਿਸ ਨੇ ਸਾਰੀ ਸ੍ਰਿਸ਼ਟੀ ਕਰਨੀ ਲੈਅ, ਜਗਤ ਜਹਾਨ ਰਹਿਣ ਕੋਇ ਨਾ ਪਾਈਆ। ਉਹ ਆਵੇ ਚਲ ਕੇ ਤੇਰੇ ਗ੍ਰਹਿ, ਗਹਿਣ ਤੇਰੇ ਵੇਖ ਵਖਾਈਆ। ਮੈਂ ਸਰਨ ਸਰਨਾਈ ਜਾਣਾ ਢਹਿ, ਨਿਵ ਨਿਵ ਸੀਸ ਝੁਕਾਈਆ। ਵੇਖੀਂ ਤੂੰ ਹੰਕਾਰ ਵਿਚ ਕਰੀਂ ਨਾ ਮੈਂ, ਹੰਗਤਾ ਅੰਦਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਸਦਾ ਸਦ ਰਹੇ, ਰਹਿਣਹਾਰਾ ਇਕ ਅਖਵਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰੀ ਸਿੰਘ ਦੇ ਗ੍ਰਹਿ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਸਾਂ ਖ਼ੁਸ਼ੀਆਂ ਵਿਚ ਰਖਣੀ ਉਡੀਕ, ਘੜੀ ਪਲ ਧਿਆਨ ਲਗਾਈਆ। ਬੇਸ਼ਕ ਪ੍ਰਭੂ ਦਾ ਮਾਰਗ ਬੜਾ ਬਾਰੀਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਜੁਗ ਚੌਕੜੀ ਦੀਨ ਦੁਨੀ ਸ਼ਰਅ ਦੀ ਮਾਰੀ ਲੀਕ, ਸ਼ਰਕਤ ਵਿਚ ਕੀਤੀ ਲੋਕਾਈਆ। ਜਿਸ ਦੀ ਨਾਮ ਕਲਮਿਆਂ ਵਾਲੀ ਤਬਲੀਕ, ਸਿਖਿਆ ਜਗਤ ਜਹਾਨ ਦ੍ਰਿੜਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਕਰੇ ਤਸਦੀਕ਼, ਸ਼ਹਾਦਤ ਆਪਣਾ ਹੁਕਮ ਵਰਤਾਈਆ। ਉਸ ਦੀ ਜ਼ਰੂਰ ਰਖਣੀ ਉਮੀਦ, ਆਮਦ ਵਿਚ ਆਵੇ ਧੁਰ ਦਾ ਮਾਹੀਆ। ਤੁਸਾਂ ਸਿੱਧੀ ਰਖਣੀ ਦੀਦ, ਦੀਦਾ ਲੋਕਮਾਤ ਨਾ ਜਾਣਾ ਬਦਲਾਈਆ । ਆਹ ਵੇਖੋ ਮੇਰੇ ਕੋਲ ਉਸ ਦੇ ਪਿਛਲੇ ਹੁਕਮ ਦੀ ਰਸੀਦ, ਜੋ ਬਿਨ ਲੇਖਾਂ ਗਿਆ ਲਿਖਾਈਆ। ਨਾਲੇ ਕਰ ਕੇ ਗਿਆ ਤਾਕੀਦ, ਕਲਜੁਗ ਅੰਤਮ ਆਵਾਂ ਚਾਈਂ ਚਾਈਂਆ। ਜਿਸ ਵੇਲੇ ਧਰਮ ਦਾ ਰਿਹਾ ਕੋਈ ਨਾ ਬੀਜ, ਅੰਮ੍ਰਿਤ ਰਸ ਰਸਨ ਨਾ ਕੋਇ ਚਖਾਈਆ। ਭਗਤਾਂ ਪੂਰੀ ਕਰੇ ਕੋਈ ਨਾ ਰੀਝ, ਜਗਤ ਤ੍ਰਿਸ਼ਨਾ ਨਾ ਕੋਇ ਮਿਟਾਈਆ। ਉਸ ਵੇਲੇ ਮੇਰਾ ਨਿਸ਼ਾਨਾ ਇਕੋ ਹੋਵੇ ਤੇ ਇਕੋ ਹੋਵੇਗੀ ਸੀਧ, ਸਿੱਧਾ ਮਾਰਗ ਇਕ ਦਰਸਾਈਆ। ਨਾ ਸ਼ਰਅ ਰਹੇ ਨਾ ਈਦ, ਨਾ ਕਲਮਾ ਜਗਤ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਤੁਸਾਂ ਉਸ ਦੀ ਯਾਦ ਵਿਚ ਰਹਿਣਾ ਖੜ੍ਹੀਆਂ, ਥਕਾਵਟ ਵਿਚ ਕਦੇ ਨਾ ਆਈਆ। ਜੁਗ ਚੌਕੜੀ ਲੰਘ ਜਾਣ ਤੇ ਉਸ ਪ੍ਰਭੂ ਦੀਆਂ ਨਿੱਕੀਆਂ ਜਿਹੀਆਂ ਘੜੀਆਂ, ਪਲਾਂ ਦੀ ਵੰਡ ਸਮਝ ਕਿਸੇ ਨਾ ਆਈਆ। ਪਤਾ ਨਹੀਂ ਜੁਗ ਚੌਕੜੀਆਂ ਲੰਘੀਆਂ ਬੜੀਆਂ, ਆਪਣਾ ਆਪਣਾ ਪੰਧ ਮੁਕਾਈਆ। ਕਿਤਨੀਆਂ ਲਾਸ਼ਾਂ ਅਵਤਾਰਾਂ
ਪੈਗ਼ੰਬਰਾਂ ਗੁਰੂਆਂ ਦੀਆਂ ਉਸ ਦੇ ਪਿਛੇ ਸੜੀਆਂ, ਮਿੱਟੀ ਖ਼ਾਕ ਵਿਚ ਆਪਣਾ ਆਪ ਮਿਲਾਈਆ। ਪਤਾ ਨਹੀਂ ਕਿਤਨੇ ਵੇਦ ਸ਼ਾਸਤਰਾਂ ਦੀਆਂ ਬਣੀਆਂ ਕੜੀਆਂ, ਕਿਸ ਬਿਧ ਦੀਨਾਂ ਮਜ਼੍ਹਬਾਂ ਬੰਧ ਬੰਧਾਈਆ। ਉਹ ਮਾਲਕ ਖ਼ਾਲਕ ਨਰਾਇਣ ਨਰੀਆ, ਨੂਰ ਨੁਰਾਨਾ ਇਕ ਅਖਵਾਈਆ। ਗੰਗਾ ਕਹੇ ਨਾਰਦਾ ਅਸੀਂ ਉਸੇ ਦੀ ਸਰਨੀ ਪਰੀਆਂ, ਜੋ ਪਰਮ ਪੁਰਖ ਅਗੰਮ ਅਥਾਹੀਆ। ਉਸੇ ਦੇ ਕੋਲੋਂ ਡਰੀਆਂ, ਜੋ ਜੁਗ ਜੁਗ ਰੀਤੀ ਦਏ ਬਦਲਾਈਆ। ਨਾਰਦ ਕਹੇ ਤੁਸੀਂ ਅਣਜਾਣੋ ਉਸ ਦਾ ਸਬਕ਼ ਨਹੀਂ ਪੜ੍ਹੀਆਂ, ਨਿਰਅੱਖਰ ਧਾਰ ਸਮਝ ਕਿਸੇ ਨਾ ਆਈਆ। ਤੁਸੀਂ ਉਸ ਦੀ ਮੰਜ਼ਲ ਨਹੀਂ ਚੜ੍ਹੀਆਂ, ਜੋ ਜਗਤ ਜਹਾਨ ਤੋਂ ਬਾਹਰ ਡੇਰਾ ਲਾਈਆ। ਤੁਹਾਡੇ ਕੰਢਿਆਂ ਘਾਟਾਂ ਉਤੇ ਬ੍ਰਾਹਮਣਾਂ ਬਣਾਈਆਂ ਥੜੀਆਂ, ਪਾਹਨ ਪੂਜਣ ਪੂਜ ਕੇ ਆਪਣਾ ਝਟ ਲੰਘਾਈਆ। ਤੁਹਾਡਾ ਅੰਮ੍ਰਿਤ ਵੇਚਿਆ ਵਿਚ ਸੇਰਾਂ ਧੜੀਆਂ, ਪਾ ਪਾ ਆਪਣੀ ਕ਼ੀਮਤ ਦਿਤੀ ਪਾਈਆ। ਤੁਹਾਡਾ ਪਾਣੀ ਪਾਇਆ ਵਿਚ ਹੁੱਕੇ ਦੀਆਂ ਨੜੀਆਂ, ਤੁਹਾਡਾ ਰੂਪ ਦਿਤਾ ਬਦਲਾਈਆ। ਨੀ ਤੁਸਾਂ ਬੈਰਾਗਣੋ ਤਿਆਗਣੋ ਕਲਜੁਗ ਕੂੜੀ ਕਿਰਿਆ ਦੇ ਵਿਚ ਸੜੀਆਂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜ਼ਰਾ ਆਪਣੀਆਂ ਪਿਛਲੀਆਂ ਜੁਗਾਂ ਦੀਆਂ ਫੋਲ ਕੇ ਵੇਖੋ ਲੜੀਆਂ, ਕੰਨੀ ਕੰਨੀ ਗੰਢ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀਆਂ ਆਦਿ ਜੁਗਾਦਿ ਜੁਗ ਚੌਕੜੀ ਖਰੀਆਂ, ਖਰਿਆਂ ਖੋਟਿਆਂ ਵੇਖ ਵਖਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਰਾਮ ਚੰਦ ਦੇ ਗ੍ਰਹਿ ਪਿੰਡ ਨਿਕੋਵਾਲ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੈਂ ਖ਼ੁਸ਼ੀਆਂ ਵਿਚ ਤੁਹਾਨੂੰ ਕੀ ਵੰਡਾਂ, ਕੀ ਭੇਟਾ ਦੇਵਾਂ ਕਰਾਈਆ। ਜ਼ਰਾ ਨਿਗਾਹ ਮਾਰੋ ਤੁਹਾਡੇ ਘਾਟਾਂ ਨਾਲੋਂ ਭਗਤਾਂ ਦਾ ਚੰਗਾ ਕੰਢਾ, ਕੰਢੀ ਬੈਠੇ ਸੋਭਾ ਪਾਈਆ। ਤੁਹਾਡੇ ਅੰਮ੍ਰਿਤ ਰਸ ਨਾਲੋਂ ਭਗਤਾਂ ਦਾ ਚੰਗਾ ਪਸੀਨਾ ਠੰਢਾ, ਠੰਢਕ ਮੈਨੂੰ ਰਿਹਾ ਵਖਾਈਆ। ਬੇਸ਼ਕ ਤੀਰਥ ਤੱਟਾਂ ਉਤੇ ਨਿਸ਼ਾਨੀ ਰਹਿ ਗਈ ਪਿਪਲ ਲੰਡਾ, ਪੱਤ ਟਹਿਣੀ ਨਜ਼ਰ ਕੋਇ ਨਾ ਆਈਆ। ਏਥੇ ਭਗਤਾਂ ਦੇ ਪਿਆਰ ਦੀਆਂ ਭਗਵਨ ਨਾਲ ਬੱਝਣੀਆਂ ਗੰਢਾਂ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਨਿਗਾਹ ਮਾਰ ਲਉ ਨਾ ਕੋਈ ਭੇਖ ਨਾ ਪਾਖੰਡਾ, ਝੂਠ ਲਾਲਚ ਲੋਭ ਨਾ ਕੋਇ ਰਖਾਈਆ। ਨਾ ਕੋਈ ਬ੍ਰਾਹਮਣ ਨਾ ਕੋਈ ਪੰਡਾ, ਜਗਤ ਵਿਦਿਆ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਜਨ ਭਗਤਾਂ ਤੋਂ ਸਿਖੋ ਪ੍ਰਭੂ ਦੇ ਪਿਆਰ ਦਾ ਜੀਣਾ, ਜੀਵਣ ਜੀਵਣ ਵਿਚੋਂ ਬਦਲਾਈਆ। ਨਾਲੇ ਖ਼ੁਸ਼ੀਆਂ ਵਾਲਾ ਵੇਖੋ ਜੇਠ ਮਹੀਨਾ, ਮਹਿੰਮਾ ਜਿਸ ਦੀ ਬੇਪਰਵਾਹੀਆ। ਤੁਹਾਨੂੰ ਰਸ ਮਿਲਿਆ ਨਹੀਂ ਕੋਈ ਲੋਕ ਤੀਨਾ, ਤ੍ਰਿਬੈਣੀ ਦਾ ਮਾਲਕ ਕਾਹਨ ਤੁਹਾਨੂੰ ਗਿਆ ਦ੍ਰਿੜਾਈਆ। ਬਿਨਾ ਪਭੂ ਤੋਂ ਠਾਂਡਾ ਕਰੇ ਕੋਈ ਨਾ ਸੀਨਾ, ਅਗਨੀ ਤਤ ਨਾ ਕੋਇ ਬੁਝਾਈਆ। ਤੁਹਾਡਾ ਲਹਿਣਾ ਦੇਣਾ ਪੁਰਾਤਨ ਨਹੀਂ ਕੋਈ ਪ੍ਰਾਚੀਨਾ, ਪੂਰਬ ਵੰਡ ਨਾ ਕੋਇ ਵੰਡਾਈਆ। ਅੰਤ ਸਭ ਨੂੰ ਹੋਣਾ ਪੈਣਾ ਅਧੀਨਾ, ਦੂਸਰ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖੋ ਕਿੱਡਾ ਸੋਹਣਾ ਦਿਨ, ਠੰਢਕ ਠੰਢ ਰਿਹਾ ਵਰਤਾਈਆ। ਜਿਸ ਦਾ ਰੂਪ ਨਜ਼ਰ ਨਾ ਆਵੇ ਚਿੰਨ੍ਹ, ਰੇਖ ਸਕੇ ਨਾ ਕੋਇ ਸਮਝਾਈਆ। ਜਿਹੜਾ ਲੇਖਾ ਹੋਣਾ ਅੰਤਮ ਦਿਨ ਤਿੰਨ, ਤ੍ਰੈ ਤ੍ਰੈ ਦੀ ਧਾਰ ਵਖਾਈਆ। ਜਿਸ ਦਾ ਇਸ਼ਾਰਾ ਗੋਬਿੰਦ ਦੇ ਕੇ ਗਿਆ ਕੋਟ ਹਿੰਮ, ਹੇਮ ਕੁੰਟ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਜੇਠ ਕਹੇ ਨੀ ਚਾਰ ਜੁਗ ਦੀਉ ਧਾਰੋ, ਵਹਿਣਾਂ ਵਿਚ ਆਪਣਾ ਵਹਿਣ ਵਖਾਈਆ। ਜ਼ਰਾ ਲੋਕਮਾਤ ਨਿਗਾਹ ਮਾਰੋ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜਨ ਭਗਤਾਂ ਦਾ ਲੇਖਾ ਵਿਚਾਰੋ, ਵਿਚਰਕੇ ਦਿਉ ਸੁਣਾਈਆ। ਜੋਬਨ ਵੰਤੀਓ ਜਗਤ ਮੁਟਿਆਰੋ, ਨੇਤਰ ਲੋਚਨ ਅੱਖ ਉਠਾਈਆ। ਵੇਖੋ ਖੇਲ ਸਚੀ ਸਰਕਾਰੋ, ਕੀ ਕਰਤਾ ਕਾਰ ਕਮਾਈਆ। ਤੁਸੀਂ ਆਈਆਂ ਛਡ ਕੇ ਘਰ ਬਾਹਰੋ, ਭੱਜੀਆਂ ਵਾਹੋ ਦਾਹੀਆ। ਪ੍ਰਭੂ ਦਾ ਦੁਆਰ ਤਕੋ ਠੰਡਾ ਠਾਰੋ, ਅਗਨੀ ਅੱਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਚਾਰੇ ਕਹਿਣ ਅਸੀਂ ਸਭ ਕੁਛ ਵੇਖਿਆ ਅੱਖੀਆਂ, ਅੱਖੀਂ ਵੇਖ ਕੇ ਦਈਏ ਜਣਾਈਆ। ਪ੍ਰਭੂ ਦੇ ਪਿਆਰ ਦੀਆਂ ਭਗਤ ਤਕੀਆਂ ਸਖ਼ੀਆਂ, ਸੁਖ਼ਨ ਸਚ ਸਚ ਜਣਾਈਆ। ਜਿੰਨ੍ਹਾਂ ਦੀਆਂ ਪੈਜਾਂ ਆਪ ਪ੍ਰਭੂ ਨੇ ਸਵਾਰੀਆਂ ਰਖੀਆਂ, ਸਿਰ ਸਿਰ ਹੱਥ ਟਿਕਾਈਆ। ਉਨ੍ਹਾਂ ਨੂੰ ਲੋੜ ਨਹੀਂ ਰਹੀ ਜਗਤ ਦੀਆਂ ਪੱਖੀਆਂ, ਪਵਣ ਠੰਢੀ ਅੰਦਰ ਆਵੇ ਧੁਰ ਦੇ ਮਾਹੀਆ। ਫਿਰ ਖਿੜ ਖਿੜਾ ਕੇ ਹੱਸੀਆਂ, ਹਸਤੀ ਤਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਚਾਰੇ ਕਹਿਣ ਨਾਰਦਾ ਤੇਰੀ ਬੋਦੀ ਜ਼ਰੂਰ ਹੋਊ ਤਪਦੀ, ਸੀਸ ਉਤੇ ਨੰਗੀ ਨਜ਼ਰੀ ਆਈਆ। ਨਾਰਦ ਕਹੇ ਇਹ ਅੰਦਰੇ ਅੰਦਰ ਤੂੰ ਮੇਰਾ ਮੈਂ ਤੇਰਾ ਜਪਦੀ, ਸੋਹੰ ਢੋਲਾ ਰਹੀ ਗਾਈਆ। ਹਸ ਕੇ ਗੋਦਾਵਰੀ ਕਿਹਾ ਸਾਨੂੰ ਇਹਦੀ ਸ਼ਕਲ ਦਿਸੇ ਸੱਪ ਦੀ, ਵਿੰਗੀ ਟੇਢੀ ਸੋਭਾ ਪਾਈਆ। ਨਾਰਦ ਕਿਹਾ ਇਹ ਪਗਡੰਡੀ ਬਣ ਗਈ ਓਸ ਜੱਟ ਦੀ, ਜੋ ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਨੀ ਹੁਣ ਲੋੜ ਰਹਿਣੀ ਨਹੀਂ ਤੁਹਾਡੇ ਕਿਨਾਰੇ ਤਟ ਦੀ, ਘਾਟਾਂ ਆਸਣ ਨਾ ਕੋਇ ਰਖਾਈਆ। ਅੰਮ੍ਰਿਤ ਧਾਰ ਬੰਦ ਹੋਣੀ ਨਹੀਂ ਮਟਕੀ ਮਟ ਦੀ, ਬਰਤਨਾਂ ਬੰਦ ਨਾ ਕੋਇ ਕਰਾਈਆ। ਓਹ ਵੇਖ ਲਓ ਸਭ ਦੀ ਔਧ ਜਾਂਦੀ ਟਪਦੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲਾ ਵਰਤੇ ਸਮਰਥ ਦੀ, ਸਮਰਥ ਆਪਣਾ ਹੁਕਮ ਵਰਤਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਕੇਸਰੀ ਦੇਵੀ ਦੇ ਗ੍ਰਹਿ ਪਿੰਡ ਰਾਨੀ ਬਾਗ਼ ਜੰਮੂ ਸ਼ਹਿਰ
ਕਲਜੁਗ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖੋ ਵਕ਼ਤ ਸੁਹਾਵਣਾ, ਪ੍ਰਭ ਸੋਹਣੀ ਦਏ ਵਡਿਆਈਆ। ਤੁਸਾਂ ਇਕੋ ਗੀਤ ਸੁਣਾਵਣਾ, ਜੋ ਜਗਤ ਸੁਣਨ ਕੋਇ ਨਾ ਪਾਈਆ। ਬਿਨ ਅੱਖਰਾਂ ਢੋਲਾ ਗਾਵਣਾ, ਗੋਬਿੰਦ ਰੰਗ ਰੰਗਾਈਆ। ਆਪਣਾ ਖੇਲ ਦੱਸਣਾ ਨਾਲ ਆਪਣੀ ਭਾਵਨਾ,
ਭੇਵ ਭਾਵ ਚੁਕਾਈਆ। ਨਾਲ ਸਹਿਜੇ ਖਿੱਚਕੇ ਅੰਚਲ ਦਾਮਨਾ, ਹਲੂਣਾ ਦਿਤਾ ਲਗਾਈਆ। ਝਟ ਗ਼ੁੱਸੇ ਵਿਚ ਕਿਹਾ ਗੰਗਾ ਨੇ ਕੀ ਕਰੇਂ ਪੰਡਤ ਬ੍ਰਾਹਮਣਾ, ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਵੇਖ ਲਓ ਜੇਠ ਠੰਡਾ ਠਾਰ, ਅਗਨੀ ਤਤ ਨਾ ਕੋਇ ਤਪਾਈਆ। ਸਾਰੀਆਂ ਨਿਵ ਨਿਵ ਕਰੋ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਨਾਲ ਮਾਂਗਤ ਬਣੋ ਭਿਖਾਰ, ਖ਼ਾਲੀ ਝੋਲੀ ਦਿਉ ਵਖਾਈਆ। ਨਾਲੇ ਰੋਵੋ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰਨੀ ਸਚੀ ਸਰਕਾਰ, ਹਰਿ ਕਰਤੇ ਧੁਰਦਰਗਾਹੀਆ। ਸੰਮਤ ਬਾਰਾਂ ਤੇਰਾ ਕਰਦੀਆਂ ਰਹੀਏ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਤੂੰ ਪਹਿਲੋਂ ਆਉਣਾ ਹਰਿ ਕੇ ਦੁਆਰ, ਹਰੀ ਹਰਿ ਆਪਣਾ ਰੂਪ ਦਿਖਾਈਆ। ਫੇਰ ਤ੍ਰਿਬੈਣੀ ਪਾਉਣੀ ਸਾਰ, ਤ੍ਰੈਗੁਣ ਅਤੀਤੇ ਤੇਰੇ ਹੱਥ ਵਡਿਆਈਆ। ਗੋਦਾਵਰੀ ਕਹੇ ਮੈਂ ਧੂੜੀ ਲਾਵਾਂ ਛਾਰ, ਖ਼ਾਕੀ ਖ਼ਾਕ ਰਮਾਈਆ। ਮੇਰਾ ਕੰਢਾ ਘਾਟ ਤੇਰਾ ਹੋਵੇ ਘਰ ਬਾਰ, ਗ੍ਰਹਿ ਮੰਦਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਗੰਗਾ ਕਹੇ ਮੈਂ ਅਗੋਂ ਆਵਾਂ ਦੌੜੀ, ਭੱਜਾਂ ਵਾਹੋ ਦਾਹੀਆ। ਮੇਰੀ ਗਲੀ ਕਰੀਂ ਨਾ ਸੌੜੀ, ਭੀੜਾ ਰਾਹ ਨਾ ਕੋਇ ਵਖਾਈਆ। ਮੇਰੇ ਘਾਟ ਪੁਜਣਾ ਆਪਣੀ ਪੌੜੀ, ਹਰਿ ਤੇਰੀ ਵਡ ਵਡਿਆਈਆ। ਨਾਲ ਲਿਆਉਣੀ ਲੱਕੜ ਦੀ ਇਕ ਫੌੜੀ, ਜਿਹੜੀ ਹਡੀਆਂ ਫੋਲ ਫੁਲਾਈਆ। ਇਕ ਮਿੱਟੀ ਦੀ ਹੋਵੇ ਤੌੜੀ, ਕਾਚਾ ਕੁੰਬ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਸਭ ਦੀ ਡੋਰੀ, ਡੋਰੀ ਤੰਦ ਆਪਣੇ ਨਾਲ ਬੰਧਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਸੋਭਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਕਿਰਪਾ ਕਰ ਆਪ ਨਿਰੰਕਾਰ, ਸੋ ਪੁਰਖ ਨਿਰੰਜਣ ਮਿਹਰਵਾਨ ਮਿਹਰ ਨਜ਼ਰ ਉਠਾਈਆ। ਹਰਿ ਪੁਰਖ ਨਿਰੰਜਣ ਬਿਨ ਨੇਤਰ ਲੋਚਨ ਨੈਣ ਨਿਗਾਹ ਮਾਰ, ਏਕੰਕਾਰ ਆਪਣਾ ਪੜਦਾ ਆਪ ਉਠਾਈਆ। ਆਦਿ ਨਿਰੰਜਣ ਜੋਤੀ ਜਾਤੇ ਹੋ ਜ਼ਾਹਰ, ਅਬਿਨਾਸ਼ੀ ਕਰਤੇ ਤੇਰੀ ਓਟ ਤਕਾਈਆ। ਸ੍ਰੀ ਭਗਵਾਨ ਤੁਧ ਬਿਨ ਪਾਵੇ ਕੋਈ ਨਾ ਸਾਰ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਪਾਰਬ੍ਰਹਮ ਪ੍ਰਭ ਦੇਣਾ ਆਪ ਅਧਾਰ, ਬ੍ਰਹਮ ਦਾ ਲੇਖਾ ਵੇਖ ਵਖਾਈਆ। ਸਤਿਗੁਰ ਸ਼ਬਦ ਦੁਲਾਰਾ ਭੇਜ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਧਰਨੀ ਧਰਤ ਧਵਲ ਧੌਲ ਨੌ ਖੰਡ ਪ੍ਰਿਥਮੀ ਸੱਤ ਦੀਪ ਨਿਗਾਹ ਮਾਰ, ਬਿਨ ਨੇਤਰ ਲੋਚਨ ਨੈਣ ਅੱਖ ਅੱਖ ਖੁਲ੍ਹਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਦਰ ਤੇਰੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸਾਡਾ ਅੰਮ੍ਰਿਤ ਜਲ ਪਾਣੀ ਵੇਖ ਵਹਿੰਦੀ ਧਾਰ, ਜੋ ਭੱਜੇ ਵਾਹੋ ਦਾਹੀਆ। ਸਾਡੇ ਤਕ ਲੈ ਤਟ ਕਿਨਾਰ, ਤੀਰਥਾਂ ਵੇਖਣਾ ਚਾਈਂ ਚਾਈਂਆ। ਚਾਰੋਂ ਕੁੰਟ ਹੋਇਆ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਕਲਜੁਗ ਕੂੜ ਵਧਿਆ ਕੁੜਿਆਰ, ਵਿਭਚਾਰ ਭਰੀ ਤੇਰੀ ਲੋਕਾਈਆ। ਸਚ ਸ਼ਾਸਤਰ ਸਕੇ ਨਾ ਕੋਇ ਵਿਚਾਰ, ਬ੍ਰਾਹਮਣ ਬ੍ਰਹਮ
ਵਿਦਿਆ ਵਿਚ ਨਾ ਕੋਇ ਸਮਾਈਆ। ਸਾਡੇ ਗ੍ਰਹਿ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਪ੍ਰਭ ਸਾਡੇ ਵੇਖ ਲੈ ਤੀਰਥ ਤਟ, ਕਿਨਾਰ ਘਾਟ ਪਤਣ ਫੋਲ ਫੁਲਾਈਆ। ਧਰਮ ਦਾ ਰਿਹਾ ਕੋਈ ਨਾ ਸਤਿ, ਸਤਿ ਵਿਚ ਨਾ ਕੋਇ ਸਮਾਈਆ। ਸਾਧਾਂ ਸੰਤਾਂ ਟੁੱਟਿਆ ਯਤ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਕੂੜੀ ਕਿਰਿਆ ਵਧੀ ਮਤ, ਮਨ ਮਤ ਕਰੇ ਲੜਾਈਆ। ਤੇਰੇ ਪਿਆਰ ਦਾ ਸਥਰ ਲਵੇ ਕੋਇ ਨਾ ਘਤ, ਯਾਰੜੇ ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਉਚੀ ਕੂਕ ਕੇ ਕਢਣ ਬਾਂਹ, ਬਹੁੜੀ ਤੇਰਾ ਨਾਮ ਦੁਹਾਈਆ। ਸਾਡਾ ਪਵਿਤ੍ਰ ਰਿਹਾ ਕੋਈ ਨਾ ਥਾਂ, ਥਾਨ ਥਨੰਤਰ ਰੋਵਣ ਮਾਰਨ ਧਾਹੀਆ। ਸਾਨੂੰ ਸਚ ਦੀ ਸਮਝੇ ਕੋਈ ਨਾ ਮਾਂ, ਪੂਤ ਸਪੂਤਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਧਰਮ ਦੇ ਪਾਤਰ ਖਾ ਗਏ ਸੂਰ ਗਾਂ, ਆਪਣਾ ਆਪ ਬਦਲਾਈਆ। ਸਤਿ ਦੀ ਨਜ਼ਰ ਨਾ ਆਏ ਛਾਂ, ਕੂੜੀ ਅਗਨੀ ਤਤ ਤਪਾਈਆ। ਜੀਵ ਜੰਤ ਸਾਧ ਸੰਤ ਪ੍ਰਭ ਤੇਰਾ ਭੁੱਲੇ ਰਾਹ, ਰਹਿਬਰ ਮਿਲਣ ਕੋਇ ਨਾ ਪਾਈਆ। ਸਾਡੇ ਤਟ ਕਿਨਾਰੇ ਬਣਨ ਗਵਾਹ, ਸ਼ਹਾਦਤ ਦੇਣ ਭੁਗਤਾਈਆ। ਬ੍ਰਾਹਮਣ ਬ੍ਰਹਮ ਵਿਦਿਆ ਭੇਵ ਸਕੇ ਕੋਈ ਨਾ ਪਾ, ਬ੍ਰਹਮਚਾਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਚਾਰੇ ਕਹਿਣ ਪ੍ਰਭੂ ਕਲਜੁਗ ਵੇਖ ਲੈ ਕਲਕਾਤੀ, ਆਪਣਾ ਹੁਕਮ ਵਰਤਾਈਆ। ਸਾਡਾ ਅੰਮ੍ਰਿਤ ਬੂੰਦ ਨਾ ਰਿਹਾ ਸਵਾਂਤੀ, ਤ੍ਰਿਸ਼ਨਾ ਤ੍ਰਿਖਾ ਨਾ ਜਗਤ ਬੁਝਾਈਆ। ਨਿਗਾਹ ਮਾਰ ਲੈ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਸਾਡੇ ਗ੍ਰਹਿ ਦੀਪਕ ਜਗੇ ਕੋਇ ਨਾ ਬਾਤੀ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਸਾਡੀ ਮੰਜ਼ਲ ਮੁਕੀ ਵਾਟੀ, ਅੰਤਮ ਬੈਠੀ ਪੰਧ ਮੁਕਾਈਆ। ਸਾਡੇ ਖ਼ਾਲੀ ਹੋਏ ਤੀਰਥ ਤਾਟੀ, ਕਿਨਾਰੇ ਘਾਟ ਰਹੇ ਕੁਰਲਾਈਆ। ਝਗੜਾ ਤਕ ਲੈ ਸ਼ਰਅ ਦੀ ਜ਼ਾਤ ਪਾਤੀ, ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਜਣਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚਾਰੇ ਰਹੀਆਂ ਕੂਕ, ਪਰਮ ਪੁਰਖ ਤੇਰਾ ਨਾਮ ਦੁਹਾਈਆ। ਤੂੰ ਆਣ ਕੇ ਵੇਖ ਲੈ ਮਾਤਲੋਕ ਦੀ ਕੂਟ, ਕੁਟੀਆ ਧਰਨੀ ਧਰਤ ਧਵਲ ਧੌਲ ਡੇਰਾ ਲਾਈਆ। ਤੇਰਾ ਪਿਆਰ ਦਾ ਨਾਤਾ ਹਰ ਹਿਰਦਿਉਂ ਗਿਆ ਟੂਟ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮਾਨਸ ਮਾਨਵ ਮਨੁੱਖਾਂ ਅੰਦਰ ਆਈ ਫੂਟ, ਫੁਟਕਲ ਹੋਈ ਲੋਕਾਈਆ। ਪਵਿਤਰ ਰਿਹਾ ਨਹੀਂ ਕੋਈ ਕਾਇਆ ਪੰਜ ਭੂਤ, ਤਨ ਵਜੂਦਾਂ ਕਰਨ ਸਫ਼ਾਈਆ । ਸੁਹੰਜਣੀ ਦਿਸੇ ਕੋਈ ਨਾ ਰੁਤ, ਰੁਤੜੀ ਤੇਰੇ ਨਾਲ ਨਾ ਕੋਇ ਮਹਿਕਾਈਆ। ਤੇਰੇ ਨਾਮ ਤੋਂ ਖ਼ਾਲੀ ਹੋ ਗਏ ਬੁਤ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਤੂੰ ਕਿਰਪਾ ਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਨਿਰਗੁਣ ਧਾਰੋਂ ਨਿਰਵੈਰ ਹੋ ਕੇ ਉਠ, ਨਿਰਾਕਾਰ ਆਪਣਾ ਫੇਰਾ ਪਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪੇ ਤੁਠ, ਧੁਰ ਦੇ ਰਾਮ ਤੇਰੀ ਦੁਹਾਈਆ। ਬਹੁੜੀ ਸਾਡਿਆਂ ਤਟਾਂ ਕਿਨਾਰਿਆਂ ਉਤੇ ਕਲਜੁਗ ਜੀਵਾਂ ਪਾਈ ਲੁਟ, ਲੁਟੇਰੇ ਬਣੇ ਥਾਉਂ ਥਾਈਂਆ। ਸਾਨੂੰ ਧਰਮ ਦਾ ਦਿਸੇ ਕੋਈ
ਨਾ ਪੁਤ, ਅਪਰਾਧੀ ਹੋਈ ਤੇਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਚਾਰੇ ਕਹਿਣ ਪ੍ਰਭੂ ਸਾਡੇ ਨੇੜੇ ਆ ਨਜ਼ਦੀਕ, ਸਚਖੰਡ ਨਿਵਾਸੀ ਦਇਆ ਕਮਾਈਆ। ਸਾਡੀ ਧਾਰ ਤਕ ਬਾਰੀਕ, ਬਿਨ ਨੇਤਰ ਲੋਚਨ ਨੈਣ ਵੇਖ ਵਖਾਈਆ। ਸਾਡੀ ਧਰਮ ਦੀ ਧਾਰ ਨਾ ਰਹੀ ਲੀਕ, ਲਾਈਨ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵ ਸਾਰੇ ਹੋਏ ਸ਼ਰੀਕ, ਸ਼ਰਕਤ ਵਿਚ ਕੂੜ ਲੋਕਾਈਆ। ਸਤਿ ਦੀ ਸਤਿ ਕਰੇ ਕੋਇ ਨਾ ਪ੍ਰੀਤ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਗੀਤ, ਗੋਬਿੰਦ ਰੰਗ ਨਾ ਕੋਇ ਰੰਗਾਈਆ। ਉਹ ਵੇਖ ਲੈ ਝਗੜਾ ਪੈਣ ਵਾਲਾ ਮੰਦਰ ਮਸੀਤ, ਕਾਅਬੇ ਰੋਵਣ ਮਾਰਨ ਧਾਹੀਆ। ਸਾਡਾ ਜਲ ਪਵਿਤ੍ਰ ਨਾ ਰਿਹਾ ਅਤੀਤ, ਤ੍ਰੈਗੁਣ ਕੀ ਤੇਰੀ ਖੇਲ ਖਿਲਾਈਆ। ਬੂੰਦ ਸਵਾਂਤੀ ਕਿਸੇ ਮਿਲੇ ਨਾ ਠਾਂਢੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਕਲਜੁਗ ਜੀਵਾਂ ਬਦਲ ਗਈ ਨੀਤ, ਨੀਤੀਵਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਵੇਖ ਵਖਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਪ੍ਰਭ ਅਗੇ ਕਰੋ ਡੰਡਾਵਤ, ਬਿਨ ਸੀਸ ਸੀਸ ਨਿਵਾਈਆ। ਜੋ ਅੰਮ੍ਰਿਤ ਰਸ ਦੇਵਣਹਾਰ ਨਿਆਮਤ, ਨਰ ਨਿਰੰਕਾਰ ਧੁਰਦਰਗਾਹੀਆ । ਜਿਸ ਨੇ ਸਤਿ ਵਸਤ ਦੀ ਤੁਹਾਨੂੰ ਦਿਤੀ ਨਿਆਮਤ, ਧਰਮ ਦੀ ਧਾਰ ਵਿਚ ਰਖਾਈਆ। ਉਸ ਦਾ ਲਹਿਣਾ ਦੇਣਾ ਅੰਤਮ ਵੇਖੋ ਜਿਸ ਦੇ ਹੁਕਮ ਵਿਚ ਹੋਣੀ ਕ਼ਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਤੁਸੀਂ ਇਕੋ ਵਾਰ ਮੰਗੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਿਥਮੀ ਆਪਣਾ ਨਾਮ ਦੱਸ ਦੇ ਗੰਗੋਤਰੀ ਗੰਗ, ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈਆ। ਤੁਹਾਡੀ ਧਾਰ ਅੰਦਰ ਨਿਰੰਕਾਰ ਆਵੇ ਲੰਘ, ਜਗ ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ। ਜੋਤੀ ਜਾਤਾ ਹੋ ਕੇ ਬਖ਼ਸ਼ੇ ਆਪਣਾ ਸੰਗ, ਸਗਲਾ ਸੰਗੀ ਬਹੁ ਰੰਗੀ ਆਪਣਾ ਵੇਸ ਵਟਾਈਆ। ਜੋ ਨਾਮ ਨਿਧਾਨ ਸ੍ਰੀ ਭਗਵਾਨ ਨੌਜਵਾਨ ਦੋ ਜਹਾਨ ਵਜਾਏ ਮਰਦੰਗ, ਡੌਰੂ ਡੰਕਾ ਇਕੋ ਨਾਮ ਵਖਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਕਰੇ ਕੋਈ ਨਾ ਭੰਗ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬੰਗ, ਹਰਿ ਕਰਤਾ ਕ਼ੁਦਰਤ ਕ਼ਾਦਰ ਇਕ ਅਖਵਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਲਛਮਣ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਚਾਰੇ ਕਹਿਣ ਅਸੀਂ ਰਹੀਆਂ ਭੁੱਲੀਆਂ, ਭੁਲੇਖਿਆਂ ਵਿਚ ਭਰਮਾਈਆ। ਸਾਡਿਆਂ ਨੈਣਾਂ ਧਾਰਾਂ ਪਾਣੀ ਡੁੱਲ੍ਹੀਆਂ, ਜਗਤ ਵਹਿਣਾ ਤੋਂ ਬਾਹਰ ਨਜ਼ਰੀ ਆਈਆ। ਨਾਰਦਾ ਸਾਡੇ ਨਾਲੋਂ ਪ੍ਰਭੂ ਨੂੰ ਚੰਗੀਆਂ ਭਗਤਾਂ ਦੀਆਂ ਕੁਲੀਆਂ, ਕੁਲ ਮਾਲਕ ਵੇਖ ਵਖਾਈਆ। ਅਸੀਂ ਜੁਗ ਚੌਕੜੀ ਐਂਵੇ ਰਹੀਆਂ ਫੁਲੀਆਂ, ਮਾਣ ਵਿਚ ਰਖਾਈਆ। ਹੈਰਾਨ ਹੋ ਗਈਆਂ ਜਦ ਭਗਤਾਂ ਦੀਆਂ ਹਿਲਦੀਆਂ ਵੇਖੀਆਂ ਬੁੱਲੀਆਂ, ਪ੍ਰਭ ਦੇ ਢੋਲੇ ਸਿਫ਼ਤ ਸਲਾਹੀਆ।
ਉਨ੍ਹਾਂ ਦੇ ਤੋਲ ਮੂਲ ਨਾ ਤੁਲੀਆਂ, ਆਪਣਾ ਵਜ਼ਨ ਨਾ ਕੋਇ ਰਖਾਈਆ । ਵੇ ਜਿੰਨਾਂ ਦੇ ਘਰੋਂ ਸਾਡੇ ਸਾਹਿਬ ਨੇ ਖਾਣੀਆਂ ਢੋਡੇ ਬਾਜਰੇ ਵਾਲੀਆਂ ਗੁੱਲੀਆਂ, ਸੋਹਣਾ ਰਸ ਬਣਾਈਆ। ਸੌਣਾ ਜਗਤ ਪਿਆਰ ਦੀਆਂ ਵਿਚ ਜੁੱਲੀਆਂ, ਸਾਡੀਆਂ ਜ਼ੁਲਫ਼ਾਂ ਕੰਮ ਕਿਸੇ ਨਾ ਆਈਆ। ਉਨ੍ਹਾਂ ਨੂੰ ਛੁੱਟੀਆਂ ਦਿਤੀਆਂ ਖੁੱਲੀਆਂ, ਖਹਿੜਾ ਛੁੱਟਿਆ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦਾ ਭਗਤਾਂ ਅੰਦਰ ਵੇਖੀ ਖ਼ੁਸ਼ਹਾਲੀ, ਜੋ ਖ਼ੁਸ਼ੀਆਂ ਢੋਲੇ ਗਾਈਆ। ਸਚ ਨੂਰ ਦੀ ਚੜ੍ਹੀ ਲਾਲੀ, ਲਾਲ ਗੁਲਾਲਾ ਆਪਣਾ ਰੰਗ ਬਣਾਈਆ। ਵੇ ਅਸੀਂ ਪਿਆਰ ਤੋਂ ਪਿਛੇ ਰਹਿ ਗਈਆਂ ਖ਼ਾਲੀ, ਖ਼ਾਲੀ ਹੱਥ ਦੁਹਾਈਆ। ਸਾਡੀ ਖ਼ੁਸ਼ੀਆਂ ਨਾਲ ਅੱਜ ਕਰ ਦਲਾਲੀ, ਵਿਚੋਲਾ ਤੈਨੂੰ ਲਈਏ ਬਣਾਈਆ। ਅੰਤਮ ਫਲ ਰਿਹਾ ਨਹੀਂ ਸਾਡੀ ਡਾਲੀ, ਪਤ ਟਹਿਣੀ ਗਈ ਕੁਮਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਪਹਿਲੋਂ ਮੇਰੀ ਲਉ ਸਲਾਹ, ਮਸ਼ਵਰਾ ਦਿਆਂ ਜਣਾਈਆ। ਆਪਣਾ ਭਰਮ ਲਉ ਗੁਆ, ਅੰਤਰ ਰਹਿਣ ਕਿਛ ਨਾ ਪਾਈਆ। ਬਿਨਾ ਮੁਖ ਤੋਂ ਕਹੋ ਤੂੰ ਹੀ ਪਿਤਾ ਤੂੰ ਹੀ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਸਾਨੂੰ ਚਰਨ ਕਵਲ ਦੇ ਸਰਨਾ, ਸਰਨਗਤ ਇਕ ਅਖਵਾਈਆ। ਅਸੀਂ ਦੂਰ ਦੁਰਾਡੀਆਂ ਗਈਆਂ ਆ, ਭੱਜੀਆਂ ਵਾਹੋ ਦਾਹੀਆ। ਸਾਡਾ ਰਿਹਾ ਨਾ ਕੋਇ ਸਹਾ, ਸਹਾਇਕ ਨਜ਼ਰ ਕੋਇ ਨਾ ਆਈਆ। ਜਨ ਭਗਤ ਦੁਆਰੇ ਭਗਤ ਪਕੜਨ ਬਾਂਹ, ਬਹੀਆ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਚਾਰੇ ਭੈਣਾਂ ਜਾਓ ਲੇਟ, ਮੁਖ ਮਸਤਕ ਜ਼ਿਮੀਂ ਵਲ ਰਖਾਈਆ। ਜ਼ਿਮੀਂ ਤੋਂ ਉਚਾ ਰਖਣਾ ਆਪਣਾ ਪੇਟ, ਮਿੱਟੀ ਖ਼ਾਕ ਲੱਗਣ ਨਾ ਪਾਈਆ। ਨਿਰਾਕਾਰ ਨਿਰੰਕਾਰ ਨੂੰ ਆਪਣਾ ਆਪ ਦਿਉ ਟੇਕ, ਬਚਿਆ ਰਹਿਣ ਕੁਛ ਨਾ ਪਾਈਆ। ਸਭ ਕੁਛ ਕਰ ਲਉ ਬਿਨਾ ਲਾਲਚ ਲੋਭ ਤੋਂ ਭੇਟ, ਭੇਟਾ ਆਪਣਾ ਆਪ ਚੜ੍ਹਾਈਆ। ਫੇਰ ਵੇਖੋ ਆਪਣਾ ਖੇਵਟ ਖੇਟ, ਜੋ ਮਾਲਕ ਧੁਰਦਰਗਾਹੀਆ। ਤੁਹਾਨੂੰ ਦਰ ਆਈਆਂ ਨੂੰ ਆਪਣੇ ਨਾਮ ਦੁਸ਼ਾਲੇ ਵਿਚ ਲਏ ਲਪੇਟ, ਫੜ ਬਾਹੋਂ ਵਿਚ ਟਿਕਾਈਆ। ਤੁਸਾਂ ਦਰਸ਼ਨ ਕਰਨਾ ਨੇਤਨ ਨੇਤ, ਨਿਜ ਨੇਤਰ ਲੋਚਨ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲ ਆਪ ਮਿਲਾਈਆ। ਗੰਗਾ ਕਹੇ ਮੈਂ ਨਿਮਸਕਾਰ ਬਿਨਾ ਸੀਸ ਤੋਂ ਕਰਨੀ, ਚਰਨ ਜਗਦੀਸ਼ ਧਿਆਨ ਲਗਾਈਆ। ਆਪਣੀ ਆਸ਼ਾ ਸਭ ਕੁਛ ਹਰਨੀ, ਹਰਿ ਕਰਤੇ ਅਗੇ ਭੇਟ ਚੜ੍ਹਾਈਆ। ਜਮਨਾ ਕਹੇ ਮੈਂ ਇਕੋ ਸਰਨੀ ਪੜਨੀ, ਸਰਨਗਤ ਜੋ ਅਖਵਾਈਆ। ਸੁਰਸਤੀ ਕਹੇ ਮੈਂ ਪੱਲੂ ਲੜ ਫੜਨੀ, ਅਗੇ ਸਕੇ ਨਾ ਕੋਇ ਛੁਡਾਈਆ। ਗੋਬਿੰਦ ਕਹੇ ਮੈਂ ਉਸੇ ਦੀ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੇਰਾ ਲੇਖਾ ਨਾਲ ਨਹੀਂ ਸੀਸ ਧੜਨੀ, ਪੰਜ ਤਤ ਨਾ ਕੋਇ ਵਖਾਈਆ। ਅਸੀਂ ਹੈਰਾਨ ਕਰਨ ਵਾਲੀ ਅੱਜ ਇਕੋ ਬੇਨੰਤੀ ਕਰਨੀ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਸਮਝ ਸਕਣ ਕਿਛ ਨਾ ਰਾਈਆ। ਜਿਸ ਵਿਚ ਸਾਨੂੰ ਚੱਟੀ ਪਏ ਨਾ ਭਰਨੀ, ਭਾਰ ਸਿਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸਭ ਦੀ ਘਾੜਨ ਘੜਨੀ, ਘੜਨ ਭੰਨਣਹਾਰ ਏਕੰਕਾਰ ਇਕ ਅਖਵਾਈਆ।