ਪੁਸਤਕਾਲਾਭਾਗ ੨੪

ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਨਾਰਦ ਕਹੇ ਮੈਂ ਬਿਨ ਲੱਤਾਂ ਬਾਹਵਾਂ ਦੋ ਜਹਾਨ ਨੱਠਾ, ਤਨ ਵਜੂਦ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਮੇਰੇ ਅੰਤਸ਼ਕਰਨ ਬਖ਼ਸ਼ਿਆ ਹੱਠਾ, ਧੀਰਜ ਧਰਮ ਧਰਮ ਧਾਰ ਦ੍ਰਿੜਾਈਆ। ਸਚਖੰਡ ਦੁਆਰ ਅਵਤਾਰ ਪੈਗ਼ੰਬਰ ਗੁਰ ਮੈਨੂੰ ਸੰਦੇਸ਼ ਦੇਵਣ ਇਕੱਠਾ, ਚਾਰ ਜੁਗ ਦੇ ਭਵਿਖ ਰਹੇ ਦ੍ਰਿੜਾਈਆ। ਨਾਰਦਾ ਤੂੰ ਫਿਰਨਾ ਮੰਦਰ ਮਸਜਿਦ ਸ਼ਿਵਦਵਾਲੇ ਗੁਰੂਦੁਆਰ ਮਠਾ, ਕਾਅਬੇ ਕਾਇਆ ਵਾਲੇ ਫੋਲ ਫੁਲਾਈਆ। ਨਿਗਾਹ ਮਾਰਨੀ ਜਲ ਧਾਰ ਵਾਲੇ ਅੱਠ ਸੱਠਾ, ਗੰਗਾ ਗੰਗੋਤਰੀ ਜਮਨਾ ਸੁਰਸਤੀ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਅਗਨੀ ਤਪਦਾ ਵੇਖਣਾ ਭੱਠਾ, ਨੌ ਖੰਡ ਪ੍ਰਿਥਮੀ ਸੱਤ ਦੀਪ ਫੋਲ ਫੁਲਾਈਆ। ਮਾਇਆ ਮਮਤਾ ਮੋਹ ਵਿਕਾਰ ਸਿਰ ਤੇ ਭਾਰ ਵੇਖਣਾ ਚੁਕਿਆ ਗੱਠਾ, ਜੀਵਾਂ ਜੰਤਾਂ ਸਾਧਾਂ ਸੰਤਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਘੁੰਮਿਆ ਬਿਨਾ ਕ਼ਦਮਾਂ ਤੋਂ ਉਤੇ ਧੌਲ, ਧਰਨੀ ਧਰਤ ਧਵਲ ਭੱਜਿਆ ਵਾਹੋ ਦਾਹੀਆ। ਮੈਨੂੰ ਆਦਿ ਜੁਗਾਦੀ ਯਾਦ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲਾ ਕੌਲ, ਇਕ਼ਰਾਰਨਾਮਾ ਭੁਲ ਕਦੇ ਨਾ ਜਾਈਆ। ਮੈਂ ਚਾਰ ਜੁਗ ਦੇ ਸ਼ਾਸਤਰਾਂ ਦੇ ਸੁਣਦਾ ਰਿਹਾ ਬੋਲ, ਅੱਖਰ ਅੱਖਰਾਂ ਨਾਲ ਮਿਲ ਕੇ ਕਰਨ ਸ਼ਨਵਾਈਆ। ਮੈਂ ਜਗਤ ਵਿਦਿਆ ਜਾਣਦਾ ਰਿਹਾ ਪੰਡਤ ਪਾਂਧਾ ਰੌਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਅੱਖ ਖੁਲ੍ਹਾਈਆ। ਮੈਂ ਨਵ ਸੱਤ ਦੀਨ ਦੁਨੀ ਮਾਨਸ ਜ਼ਾਤੀ ਤਕਦਾ ਰਿਹਾ ਘੋਲ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੇਖ ਵਖਾਈਆ। ਮੈਂ ਨਾਮ ਕਲਮਿਆਂ ਦੇ ਸੁਣਦਾ ਰਿਹਾ

ਵਜਦੇ ਢੋਲ, ਅਵਤਾਰ ਪੈਗ਼ੰਬਰ ਗੁਰ ਧੁਰ ਦਾ ਹੁਕਮ ਜਣਾਈਆ। ਮੇਰੇ ਕੋਲ ਪਰਮ ਪੁਰਖ ਦਾ ਇਕੋ ਹੁਕਮ ਅਨਮੋਲ, ਜਿਸ ਦੀ ਕ਼ੀਮਤ ਜਗਤ ਨਾ ਕੋਇ ਜਣਾਈਆ। ਜਿਸ ਦਾ ਭੇਵ ਅਭੇਦਾ ਦੋ ਜਹਾਨ ਸਕੇ ਕੋਈ ਨਾ ਖੋਲ੍ਹ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੇ ਮੈਂ ਸਚ ਦੱਸਾਂ ਮੈਨੂੰ ਚਾਰ ਜੁਗ ਦੇ ਸ਼ਾਸਤਰ ਕਰਨ ਮਖ਼ੌਲ, ਮਸਖ਼ਰੀ ਜਗਤ ਜਗਿਆਸੂ ਲੈਣ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਲਾਈਆ। ਨਾਰਦ ਕਹੇ ਮੈਂ ਬਣ ਪਾਂਧੀ ਰਿਹਾ ਦੌੜ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਮੈਂ ਜਗਤ ਜਹਾਨ ਦੇ ਤਕੇ ਪੌੜ, ਪੌੜੀ ਡੰਡਾ ਨਵ ਸੱਤ ਵੇਖ ਵਖਾਈਆ। ਮੈਂ ਲਹਿਣਾ ਦੇਣਾ ਤਕਿਆ ਕਲਜੁਗ ਅੰਤ ਬ੍ਰਾਹਮਣ ਗੌੜ, ਗੋਬਿੰਦ ਧਾਰਾ ਏਕੰਕਾਰਾ ਨਾਲ ਮਿਲਾਈਆ। ਮੈਂ ਚਾਰ ਜੁਗ ਦੇ ਸਰੋਵਰ ਤਕੇ ਜੌਹੜ, ਜਲ ਥਲ ਮਹੀਅਲ ਵੇਖ ਵਖਾਈਆ। ਮੈਂ ਦੀਨ ਦੁਨੀ ਦੀ ਆਸ਼ਾ ਤਕੀ ਕੌੜ, ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤ ਨਾ ਕੋਇ ਟਪਕਾਈਆ। ਪੰਚ ਵਿਕਾਰ ਸਕੇ ਕੋਈ ਨਾ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਆਤਮ ਪਰਮਾਤਮ ਮੇਲਾ ਸਕੇ ਕੋਈ ਨਾ ਜੋੜ, ਹੰ ਬ੍ਰਹਮ ਪਾਰਬ੍ਰਹਮ ਰੰਗ ਨਾ ਕੋਇ ਰੰਗਾਈਆ। ਜਿਧਰ ਤਕਿਆ ਸਤਿ ਧਰਮ ਦਾ ਮਾਰਗ ਹੋਇਆ ਸੌੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਸਚਖੰਡ ਦੁਆਰ ਕੋਈ ਸਕੇ ਨਾ ਬਹੁੜ, ਬਹੁੜੀ ਬਹੁੜੀ ਕਰਕੇ ਸਾਰੇ ਰੋਵਣ ਮਾਰਨ ਧਾਹੀਆ। ਜਾਂ ਨਿਗਾਹ ਮਾਰੀ ਸਤਿਗੁਰ ਸ਼ਬਦ ਚੜ੍ਹਿਆ ਅਗੰਮੇ ਘੋੜ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੈਂ ਬਿਨ ਆਪਣੀ ਆਸਾ ਨੱਠਿਆ ਭੱਜਿਆ, ਭਜਨ ਬੰਦਗੀ ਵੇਖੀ ਥਾਉਂ ਥਾਈਂਆ। ਅਗਾ ਪਿਛਾ ਤਕਿਆ ਖੱਬਿਆ ਸੱਜਿਆ, ਸਾਜਣ ਮੀਤ ਨਜ਼ਰ ਕੋਇ ਨਾ ਆਈਆ। ਸੱਤ ਦੀਪ ਨੌ ਖੰਡ ਪ੍ਰਿਥਮੀ ਧਰਨੀ ਉਤੇ ਪਵਿਤ੍ਰ ਦਿਸੇ ਕੋਈ ਨਾ ਜਗਿਹਾ, ਜਾਗਰਤ ਜੋਤ ਬਿਨ ਵਰਨ ਗੋਤ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕਲਜੁਗ ਕੂੜ ਕੁੜਿਆਰਾ ਅੰਗਿਆਰ ਮਘਿਆ, ਅਗਨੀ ਤਤ ਨਾ ਕੋਇ ਬੁਝਾਈਆ। ਕਿਸੇ ਮੇਲ ਨਾ ਮਿਲੇ ਸੂਰਾ ਸਰਬਗਿਆ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਰਸ ਕੋਇ ਨਾ ਪਾਈਆ। ਦੀਪਕ ਜੋਤ ਕਿਸੇ ਨਜ਼ਰ ਨਾ ਆਏ ਉਪਰ ਸ਼ਾਹਰਗਿਆ, ਨਵ ਦੁਆਰ ਡੇਰਾ ਕੋਇ ਨਾ ਢਾਹੀਆ। ਕਲਜੁਗ ਜੀਵ ਬੁੱਧੀ ਹੋਈ ਵਾਂਗ ਕਗਿਆ, ਹੰਸ ਰੂਪ ਗੁਰਮੁਖ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਪੰਚ ਵਿਕਾਰਾ ਵਹਿਣ ਵਗਿਆ, ਧਰਮ ਦੀ ਧਾਰ ਰਿਹਾ ਰੁੜ੍ਹਾਈਆ। ਮੈਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪਾਰ ਕੀਤੀ ਹੱਦਿਆ, ਹਦੂਦਾਂ ਪੰਧ ਮੁਕਾਈਆ। ਸਾਚਾ ਦੀਪਕ ਜੋਤ ਕਿਤੇ ਨਾ ਦਿਸੇ ਜਗਿਆ, ਬਿਨ ਤੇਲ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ। ਮੈਂ ਹੈਰਾਨ ਹੋ ਕੇ ਕਿਹਾ ਕੀ ਹਾਲ ਹੋਵੇ ਅਗਿਆ, ਭਵਿਖ ਪਿਛਲਾ ਨਾਲ ਮਿਲਾਈਆ। ਝਟ ਸ਼ੰਕਰ ਮੇਰੇ ਕੋਲ ਪੁੱਜਿਆ ਪੈਰ ਦੱਬਿਆ, ਆਹਟ ਸੁਣਨ ਕੋਇ ਨਾ ਪਾਈਆ । ਮੈਂ ਪ੍ਰੇਮ ਨਾਲ ਪੁਛੀ ਵਜਿਆ, ਸਚ ਸਚ ਦੇਣਾ ਦ੍ਰਿੜਾਈਆ। ਅਗੋਂ ਸ਼ੰਕਰ ਜਟਾ ਜੂਟ ਆਪਣੀ ਧਾਰ ਵਿਚੋਂ ਗੱਜਿਆ, ਕੂਕ ਕੂਕ ਸੁਣਾਈਆ। ਮੈਂ ਵੀ ਹੁਕਮ ਵਿਚ ਆਦਿ ਜੁਗਾਦਿ ਬੱਝਿਆ, ਹੁਕਮੇ ਅੰਦਰ ਸੇਵ ਕਮਾਈਆ। ਮੇਰਾ ਮਾਲਕ ਖ਼ਾਲਕ ਨੂਰ ਅਲਾਹੀ ਰੱਬਿਆ, ਮਹਿਬਾਨ ਬੀਦੋ ਇਕ ਅਖਵਾਈਆ। ਜਿਸ ਦਾ ਆਦਿ ਜਗੁਾਦਿ ਜੁਗ ਚੌਕੜੀ ਕੋਈ ਨਾ ਜਾਣੇ ਕ਼ਦਿਆ, ਵੱਡਾ ਛੋਟਾ ਸਮਝ ਕਿਛ ਨਾ ਆਈਆ। ਉਸ ਦਾ ਸੰਦੇਸ਼ਾ ਸਤਿਗੁਰ ਸ਼ਬਦ ਦੇਵੇ ਜਿਸ ਅਗੇ

ਲੱਗੇ ਕੋਈ ਨਾ ਪੱਜਿਆ, ਉਹਲਾ ਰਹਿਣ ਕੋਇ ਨਾ ਪਾਈਆ। ਸੁਣ ਬਚਨ ਅਗੰਮਾ ਨਾਰਦ ਨੱਢਿਆ, ਬਾਲਿਆ ਤੈਨੂੰ ਦਿਆਂ ਦ੍ਰਿੜਾਈਆ। ਝਟ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਲੇਖਾ ਕੱਢਿਆ, ਜਿਸ ਦਾ ਅੱਖਰ ਸਮਝ ਕੋਇ ਨਾ ਪਾਈਆ। ਫੇਰ ਧਰਮ ਦੀ ਧਾਰ ਨਿਸ਼ਾਨਾ ਗੱਡਿਆ, ਤ੍ਰਿਸੂਲ ਤ੍ਰੈਲੋਕੀ ਧਾਰ ਵਖਾਈਆ। ਨਾਲ ਇਸ਼ਾਰਾ ਕੀਤਾ ਦੀਨ ਦੁਨੀ ਤਕ ਲੈ ਵਿਚ ਪਈ ਡੂੰਘੀ ਖੱਡਿਆ, ਬਾਹਰ ਸਕੇ ਨਾ ਕੋਇ ਕਢਾਈਆ। ਅਵਤਾਰ ਪੈਗ਼ੰਬਰ ਗੁਰ ਕਰੇ ਕੋਈ ਨਾ ਲੱਡਿਆ, ਨਾਮ ਰਸ ਨਾ ਕੋਇ ਚਖਾਈਆ। ਉਹ ਤਕ ਲੈ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕ ਦੂਜੇ ਨਾਲ ਕਰੇ ਦਗ਼ਿਆ, ਫ਼ਰੇਬਾਂ ਵਿਚ ਖ਼ਲਕ ਖ਼ੁਦਾਈਆ। ਤੇਰਾ ਮੇਰਾ ਮੇਲ ਹੋਇਆ ਸਬੱਬਿਆ, ਸਹਿਜ ਨਾਲ ਦਿਆਂ ਜਣਾਈਆ। ਤੂੰ ਖ਼ੁਸ਼ੀਆਂ ਵਿਚ ਹੋਵੀਂ ਗਦ ਗਦਿਆ, ਆਪ ਆਪਣੀ ਲੈ ਅੰਗੜਾਈਆ। ਮੈਂ ਵਕ਼ਤ ਉਡੀਕਦਾ ਕ਼ਦੀਮ ਕਦਿਆ, ਕ਼ੁਦਰਤ ਦੇ ਕ਼ਾਦਰ ਦਿਤੀ ਵਡਿਆਈਆ। ਜਿਸ ਨੂੰ ਕਹਿੰਦੇ ਨੂਰ ਅਲਾਹੀ ਰੱਬਿਆ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਜਿਸ ਦੀ ਸਚ ਖ਼ੁਮਾਰੀ ਵਿਚ ਮਧਿਆ, ਮਸਤ ਮਸਤਾਨਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਦ੍ਰਿੜਾਈਆ। ਨਾਰਦ ਕਹੇ ਮੈਂ ਝਟ ਸ਼ੰਕਰ ਅਗੇ ਕੀਤੀ ਨਮਸਤੇ, ਬਿਨ ਸੀਸ ਸੀਸ ਨਿਵਾਈਆ। ਮੈਨੂੰ ਭੇਵ ਆਪਣਾ ਦੱਸ ਦੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਜੁਗ ਚੌਕੜੀ ਕੇਤੇ ਵੇਖੇ ਨਸਦੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਕੇਤੇ ਵੇਖੇ ਨਾਮ ਕਲਮਾ ਜਪਦੇ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਦੀਨ ਮਜ਼੍ਹਬ ਵੇਖੇ ਤਪਦੇ, ਜਗਤ ਮਾਇਆ ਅਗਨ ਤਪਾਈਆ। ਕੀ ਹੁਕਮ ਵਰਤਣੇ ਸ਼ੰਕਰਾ ਅਗੇ ਪਰਮੇਸ਼ਵਰ ਪਤਿ ਦੇ, ਪਾਰਬ੍ਰਹਮ ਕੀ ਦ੍ਰਿੜਾਈਆ। ਕਿਸ ਬਿਧ ਝਗੜੇ ਮੁਕਣੇ ਮਨ ਮਤਿ ਦੇ, ਮਨ ਮਨਸਾ ਰਹੇ ਨਾ ਰਾਈਆ। ਸ਼ੰਕਰ ਹਸ ਕੇ ਕਿਹਾ ਨਾਰਦਾ ਤਕ ਲੈ ਮਾਨਸ ਮਾਨਸ ਪਿਆਸੇ ਇਕ ਦੂਜੇ ਦੀ ਰਤ ਦੇ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਸੰਦੇਸ਼ੇ ਦਿਤੇ ਮੂਲ ਨਾ ਮੈਨੂੰ ਬਿਨਾ ਅੱਖਰਾਂ ਖ਼ੁਸ਼ਖ਼ਤ ਦੇ, ਜਿਸ ਦਾ ਹਰਫ਼ ਹਰੂਫ਼ ਨਜ਼ਰ ਕੋਇ ਨਾ ਆਈਆ। ਉਹ ਵੇਖ ਲੈ ਗੋਬਿੰਦ ਧਾਰ ਸਚ ਪਿਆਰ ਜੋ ਸਥਰ ਘਤਦੇ, ਯਾਰੜੇ ਸੇਜ ਹੰਢਾਈਆ। ਉਸ ਦੇ ਹੁਕਮ ਸੰਦੇਸ਼ੇ ਆਪਣੇ ਵਤਨ ਵਤ ਦੇ, ਬੇਵਤਨਾਂ ਰਿਹਾ ਜਣਾਈਆ। ਜਿਸ ਦੇ ਨੂਰ ਜ਼ਹੂਰ ਬਿਨ ਤੇਲ ਬਾਤੀ ਜੋਤ ਲਟ ਲਟ ਦੇ, ਨੂਰ ਨੁਰਾਨਾ ਡਗਮਗਾਈਆ। ਹੁਣ ਲੇਖੇ ਸੁਣ ਲੈ ਘਟ ਘਟ ਦੇ, ਗਹਿਰ ਗੰਭੀਰ ਕੀ ਸੁਣਾਈਆ। ਜਿਸ ਝਗੜੇ ਮੇਟਣੇ ਦੀਨ ਮਜ਼੍ਹਬ ਦੀ ਵਟ ਦੇ, ਸ਼ਰਅ ਵੰਡ ਨਾ ਕੋਇ ਵੰਡਾਈਆ। ਉਸ ਦੇ ਤੀਰ ਅਣਿਆਲੇ ਕਲਜੁਗ ਅੰਤਮ ਜਾਣ ਫਟਦੇ, ਬਚਿਆ ਰਹਿਣ ਕੋਇ ਨਾ ਪਾਈਆ। ਉਹ ਵੇਖ ਲੈ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਕੌਲ ਜਾਂਦੇ ਟਪਦੇ, ਸਦੀ ਚੌਧਵੀਂ ਬੀਸਵੀਂ ਨਾਲ ਮਿਲਾਈਆ। ਚੰਦ ਸਿਤਾਰ ਨਿਸ਼ਾਨ ਵੇਖ ਲੈ ਛਪਦੇ, ਜਗਤ ਨਜ਼ਰ ਕੋਇ ਨਾ ਆਈਆ। ਚਾਰ ਜੁਗ ਦੇ ਕਲਮੇ ਵਾਸਤਾ ਘਤਦੇ, ਬਿਨ ਸੀਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਭੱਜ ਨਠ ਕੇ ਪੁਜਿਆ ਸਚ ਭੂਮਿਕਾ ਅਗੰਮ ਅਸਥਾਨ, ਜਿਥੇ ਧਰਨੀ ਧਰਤ ਧਵਲ ਧੌਲ ਜ਼ਿਮੀਂ ਅਸਮਾਨ ਨਜ਼ਰ ਕੋਇ ਨਾ ਆਈਆ। ਜਾਂ ਨਿਗਾਹ ਮਾਰੀ ਇਕੋ ਸਤਿਗੁਰ ਸ਼ਬਦ ਸ਼ਬਦ ਬਲਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਹੁਕਮ ਸੰਦੇਸ਼ਾ ਕੀਤਾ ਫ਼ਰਮਾਨ, ਫ਼ੁਰਨਿਆਂ ਬਾਹਰ ਦ੍ਰਿੜਾਈਆ। ਮੇਰੇ ਉਤੇ

ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਇਸ਼ਾਰਾ ਕੀਤਾ ਬਿਨਾ ਨੇਤਰਾਂ ਤਕ ਸ੍ਰੀ ਭਗਵਾਨ, ਬਿਨ ਤਤਾਂ ਵੇਖ ਵਖਾਈਆ। ਉਹ ਬਿਨ ਅੱਖਰਾਂ ਸੁਣ ਗਿਆਨ, ਬਿਨ ਸ਼ਾਸਤਰਾਂ ਸ਼ਬਦ ਪੜ੍ਹਾਈਆ। ਨਿਗਾਹ ਮਾਰ ਲੈ ਜ਼ਿਮੀਂ ਅਸਮਾਨ, ਦੋ ਜਹਾਨਾਂ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਢੋਲਾ ਗਾਣ, ਉਹ ਮਾਲਕ ਧੁਰਦਰਗਾਹੀਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਬਦਲਾਈਆ। ਏਥੇ ਓਥੇ ਸਚਖੰਡ ਨਿਵਾਸੀ ਹੁਕਮਰਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਕਹੇ ਅਸੀਂ ਸਾਰੇ ਸੀਸ ਨਿਵਾਣ, ਬਿਨ ਹੱਥਾਂ ਹੱਥ ਬੰਧਾਈਆ। ਉਹ ਹੁਕਮ ਸੰਦੇਸ਼ਾ ਸਾਹਿਬ ਸੁਆਮੀ ਦੇਵੇ ਆਣ, ਆਨਨ ਫ਼ਾਨਨ ਆਪਣਾ ਹੁਕਮ ਜਣਾਈਆ। ਪੰਡਤਾ ਸੁਣ ਕੇ ਹੋ ਨਾ ਜਾਵੀਂ ਹੈਰਾਨ, ਹੈਰਾਨੀ ਵਿਚ ਕੁਰਲਾਈਆ। ਉਠ ਵੇਖ ਲੈ ਅਵਤਾਰ ਪੈਗ਼ੰਬਰਾਂ ਗੁਰੂਆਂ ਅੰਤਮ ਆਪਣੇ ਲਾ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਤਜਾਈਆ। ਜਿਸ ਦਾ ਪੈਗ਼ੰਬਰਾਂ ਪੈਗ਼ਾਮ ਦਿਤਾ ਮਹਾਨ, ਸੰਦੇਸ਼ਾ ਧੁਰਦਰਗਾਹੀਆ। ਉਹ ਵੇਖਣਹਾਰਾ ਖੇਲ ਮਹਾਨ, ਮਹਿੰਮਾ ਆਪਣੀ ਆਪ ਪਰਗਟਾਈਆ। ਜਿਸ ਦੀ ਸਿਫ਼ਤ ਕਰ ਸਕੇ ਨਾ ਕੋਈ ਜ਼ਬਾਨ, ਮੁਖ ਦੰਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਸ਼ੰਕਰ ਸੁਣ ਮੇਰੀ ਇਕ ਬੇਨੰਤੀ, ਬਿਨੈ ਕਹਿ ਕੇ ਸੀਸ ਨਿਵਾਈਆ। ਮੈਨੂੰ ਯਾਦ ਸਤਿਗੁਰ ਸ਼ਬਦ ਦੀ ਇਕੋ ਪੰਗਤੀ, ਜਿਸ ਦਾ ਪਾਰਬ੍ਰਹਮ ਪਤਿਪਰਮੇਸ਼ਵਰ ਭੇਵ ਗਿਆ ਦ੍ਰਿੜਾਈਆ। ਇਹ ਵਿਦਿਆ ਅੱਖਰਾਂ ਵਾਲੀ ਨਹੀਂ ਕੋਈ ਪੰਗਤੀ, ਸ਼ਾਸਤਰਾਂ ਗੰਢ ਨਾ ਕੋਇ ਰਖਾਈਆ । ਇਸ ਵਿਚ ਹੰਕਾਰ ਨਹੀਂ ਕੋਈ ਹਉਮੇ ਹੰਗਤੀ, ਹੰ ਬ੍ਰਹਮ ਨਾ ਕੋਇ ਚਤੁਰਾਈਆ। ਇਸ ਵਿਚ ਸ਼ਨਵਾਈ ਨਹੀਂ ਕੋਈ ਕੰਨ ਦੀ, ਸਰਵਣਾਂ ਰੰਗ ਨਾ ਕੋਇ ਰੰਗਾਈਆ। ਇਸ ਵਿਚ ਆਸ਼ਾ ਨਹੀਂ ਕੋਈ ਮਨ ਦੀ, ਮਨਸਾ ਜਗਤ ਨਾ ਕੋਇ ਪਰਗਟਾਈਆ। ਇਸ ਵਿਚ ਲੋੜ ਨਹੀਂ ਕੋਈ ਧਨ ਦੀ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਇਸ ਵਿਚ ਧਾਰ ਨਹੀਂ ਕੋਈ ਕਰਮ ਦੀ, ਕਰਮ ਕਾਂਡ ਦਾ ਡੇਰਾ ਢਾਹੀਆ। ਇਸ ਵਿਚ ਆਸ਼ਾ ਨਹੀਂ ਕੋਈ ਭਰਮ ਦੀ, ਭਾਂਡਾ ਭਰਮ ਭਰਮ ਭੰਨਾਈਆ। ਇਸ ਦੀ ਮਾਤਾ ਜਨਣੀ ਨਹੀਂ ਕੋਈ ਜਨਮ ਦੀ, ਨਾ ਕੋਈ ਬਣੇ ਜਣੇਂਦੀ ਮਾਈਆ। ਇਸ ਦੀ ਤਨ ਵਜੂਦ ਮਾਟੀ ਖ਼ਾਕ ਨਹੀਂ ਕੋਈ ਚਰਮ ਦੀ, ਚੰਮ ਦ੍ਰਿਸ਼ਟੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸ਼ੰਕਰ ਕਹੇ ਨਾਰਦਾ ਸੁਣ ਖ਼ਬਰ ਅਗੰਮੀ ਆਜ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਆਦਿ ਤੋਂ ਸਤਿਗੁਰ ਸ਼ਬਦ ਪ੍ਰਭੂ ਦਾ ਸਮਾਜ, ਵਿਸ਼ਨ ਬ੍ਰਹਮਾ ਸ਼ਿਵ ਜਿਸ ਆਪਣੀ ਖੇਲ ਬਣਾਈਆ। ਸੋ ਸਤਿਗੁਰ ਸੂਰਾ ਹੋ ਕੇ ਗਿਆ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਪੰਡਤਾ ਤੇਰੇ ਵੱਡੇ ਵੱਡੇ ਹੋਏ ਭਾਗ, ਭਗਵਨ ਦੇਵੇ ਮਾਣ ਵਡਿਆਈਆ। ਮੈਨੂੰ ਇਕ ਵੇਰਾਂ ਪਿਆਰ ਵਿਚ ਪੁਛ ਲੈ ਨਾਲ ਵੈਰਾਗ, ਵੈਰਾਗੀ ਮਿਤਰਾ ਤੈਨੂੰ ਦਿਆਂ ਜਣਾਈਆ। ਮੈਂ ਸ਼ੰਕਰ ਮੈਂ ਸ਼ੰਭੂ ਭੋਲਾ ਨਾਥ ਮੈਨੂੰ ਸਤਿਗੁਰ ਸ਼ਬਦ ਕਿਹਾ ਉਏ ਬੱਚੂ ਪੰਜਾਂ ਸਾਲਾਂ ਤਕ ਕਿਸੇ ਘਰ ਜਗਦਾ ਰਹਿਣ ਨਾ ਦੇਵੀਂ ਚਰਾਗ਼, ਚਰਾਗਾਹਾਂ ਵਿਚ ਰੋਵੇ ਖ਼ਲਕ ਖ਼ੁਦਾਈਆ। ਮਾਤਲੋਕ ਦਾ ਫੇਰ ਪੰਡਤਾ ਉਜੜਿਆ ਵੇਖੀਂ ਬਾਗ਼, ਪੱਤ ਟਹਿਣੀ ਫਲ ਫੁੱਲ ਨਾ ਕੋਇ ਮਹਿਕਾਈਆ। ਨਾਰਦ ਹਸ ਕੇ ਕਿਹਾ ਸ਼ੰਕਰ ਕੀ ਤੇਰੇ ਹੱਥ ਪ੍ਰਭੂ ਫੜਾਈ ਵਾਗ, ਡੋਰੀ ਤੇਰੇ ਨਾਲ ਬੰਧਾਈਆ।

ਸ਼ੰਕਰ ਕਿਹਾ ਨਾਰਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਸੰਦੇਸ਼ਾ ਦਿਤਾ ਸਾਥੋਂ ਸਾਡਾ ਮਾਲਕ ਆਵੇ ਬਾਦ, ਆਪ ਆਪਣਾ ਰੂਪ ਬਦਲਾਈਆ। ਜਿਸ ਦਾ ਇਕੋ ਕਲਮਾ ਵਾਹਿਦ, ਵਜਹ ਸਕੇ ਨਾ ਕੋਇ ਸਮਝਾਈਆ। ਨਾਰਦਾ ਤੂੰ ਸਾਰੀ ਸ੍ਰਿਸ਼ਟੀ ਵਿਚ ਵਜਾ ਦੇ ਨਾਦ, ਡੋਰੂ ਡੰਕਾ ਬਿਨ ਹੱਥਾਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ । ਝਟ ਨਾਰਦ ਹੱਥ ਮਾਰਿਆ ਆਪਣੀ ਉਤੇ ਬੋਦੀ, ਅਗਾ ਪਿਛਾ ਵੇਖਣ ਕੋਇ ਨਾ ਪਾਈਆ। ਫੇਰ ਆਪਣੀ ਆਸ਼ਾ ਅੰਦਰੋਂ ਸੋਧੀ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਫੇਰ ਆਪਣਾ ਆਪ ਬਣਾਇਆ ਅਗੰਮਾ ਜੋਗੀ, ਜੁਗੀਸ਼ਰਾਂ ਬਾਹਰ ਖੇਲ ਖਲਾਈਆ। ਫੇਰ ਜਗਤ ਧਾਰ ਦਾ ਬਣਿਆ ਲੋਭੀ, ਲਾਲਚ ਵਿਚ ਆਪਣਾ ਆਪ ਕਰੇ ਹਲਕਾਈਆ। ਫੇਰ ਦੀਨ ਦੁਨੀ ਦੀ ਧਾਰ ਵਿਚ ਪੈ ਗਿਆ ਸੋਚੀ, ਸਮਝ ਸਮਝ ਵਿਚੋਂ ਉਲਟਾਈਆ। ਝਟ ਯਾਦ ਆ ਗਿਆ ਕੀ ਇਸ਼ਾਰਾ ਦੇ ਕੇ ਗਿਆ ਰਵੀਦਾਸ ਚਮਾਰਾ ਮੋਚੀ, ਰੰਬੀ ਆਰ ਨਾਲ ਗੰਢ ਪੁਆਈਆ। ਕੀ ਪਰਦਾ ਉਠਾਇਆ ਬਾਲਮੀਕ ਬਜਵਾੜੇ ਜਿਸ ਦਾ ਭੇਵ ਜਾਣੇ ਨਾ ਕੋਈ ਕੋਸ਼ ਕੋਸ਼ੀ, ਵਿਦਿਆ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਮੈਂ ਫੇਰ ਆਪਣੀ ਬੋਦੀ ਉਤੇ ਮਾਰਿਆ ਧੱਪਾ, ਬਿਨਾ ਹੱਥਾਂ ਪੰਜਾ ਦਿਤਾ ਛੁਹਾਈਆ। ਜਾਂ ਨੇਤਰ ਖੋਲ੍ਹਿਆ ਮੈਨੂੰ ਅੱਖਰ ਨਜ਼ਰ ਆਇਆ ਪੱਪਾ, ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਦੇ ਵਿਚ ਸਮਾਈਆ। ਜਾਂ ਅੱਖ ਖੋਲ੍ਹੀ ਮੈਨੂੰ ਨਿਰਗੁਣ ਧਾਰ ਨਜ਼ਰ ਆਇਆ ਸਰਗੁਣ ਧਾਰ ਤਪਾ, ਸਤਿ ਸਰੂਪੀ ਸ਼ਾਹੋ ਭੂਪੀ ਇਕੋ ਵੇਖ ਵਖਾਈਆ। ਜਿਸ ਭੇਵ ਅਭੇਦਾ ਖੋਲ੍ਹ ਕੇ ਅਗਲਾ ਦੱਸਿਆ ਪਤਾ, ਪੱਤੀਦਾਰ ਨਜ਼ਰ ਕੋਇ ਨਾ ਆਈਆ। ਜਿਸ ਦਾ ਇਕੋ ਹੋਵੇ ਜਾਪ ਅਜਪਾ, ਬਿਨ ਰਸਨਾ ਜਿਹਵਾ ਬੱਤੀ ਦੰਦ ਪੜ੍ਹਾਈਆ। ਇਕੋ ਹੁਕਮ ਦਾ ਹੋਵੇ ਠੱਪਾ, ਜਗਤ ਮੋਹਰ ਨਾ ਕੋਇ ਲਗਾਈਆ। ਇਕੋ ਖਾਨਾ ਹੋਵੇ ਨੌ ਖੰਡ ਪ੍ਰਿਥਮੀ ਇਕੋ ਹੋਵੇ ਖਤਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਜਾਨਣਹਾਰਾ ਹੋਵੇ ਸਭ ਦੀ ਮਿਤ ਗਤਾ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਇਕੋ ਅੰਤਮ ਡੰਕਾ ਵਜਣਾ ਫ਼ਤਹ, ਫ਼ਾਤਿਆ ਕਰੇ ਖ਼ਲਕ ਖ਼ੁਦਾਈਆ। ਇਕੋ ਦਾ ਹੁਕਮ ਸੰਦੇਸ਼ ਫ਼ਰਮਾਣ ਹੋਣਾ ਮਤਾ, ਮਤ ਮਤਾਤਰਾਂ ਡੇਰਾ ਢਾਹੀਆ। ਇਕੋ ਦਾ ਸਥਰ ਗੁਰ ਅਵਤਾਰ ਪੈਗ਼ੰਬਰਾਂ ਗੁਰੂਆਂ ਹੋਣਾ ਘਤਾ, ਇਕੋ ਯਾਰੜਾ ਹੋਵੇ ਧੁਰ ਦਾ ਮਾਹੀਆ। ਇਕੋ ਛੱਪਰ ਛੰਨ ਛੁਹਾਈ ਹੋਣੀ ਛਤਾ, ਛਤਰਧਾਰੀ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਦਏ ਵਡਿਆਈਆ। ਝਟ ਸ਼ੰਕਰ ਕਿਹਾ ਨਾਰਦਾ ਵੇਖ ਲੈ ਅਗਲਾ ਕਾਂਡ, ਕੀ ਕਲਜੁਗ ਹਿੱਸਾ ਰਿਹਾ ਵੰਡਾਈਆ। ਕੀ ਲਹਿਣਾ ਦੇਣਾ ਸਤਿਗੁਰ ਸ਼ਬਦ ਨਾਲ ਬ੍ਰਹਿਮਾਂਡ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਕੀ ਸਮਝਾਈਆ। ਨਾਰਦ ਕਹੇ ਮੈਂ ਨਿਗਾਹ ਮਾਰੀ ਦੀਨ ਦੁਨੀ ਵਿਚ ਝਗੜਾ ਤਕਿਆ ਦੀਨ ਮਜ਼੍ਹਬ ਆਂਢ ਗਵਾਂਢ, ਹਮਸਾਇਆ ਸਾਚਾ ਨਜ਼ਰ ਕੋਇ ਨਾ ਆਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਤਰ ਪਏ ਕੋਈ ਨਾ ਠਾਂਢ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਨਾਰਦ ਕਹੇ ਸ਼ੰਕਰਾ ਕੁਛ ਆਪਣਾ ਖੋਲ੍ਹ ਦੇ ਭੇਵ ਪਰਦਾ, ਉਹਲਾ ਮਿਤਰਾ ਰਹਿਣ ਨਾ ਪਾਈਆ। ਮੈਨੂੰ ਕੋਈ ਸੰਦੇਸ਼ਾ ਦੱਸ ਦੇ ਪ੍ਰਭੂ ਦੇ ਘਰ ਦਾ, ਗਹਿਰ ਗੰਭੀਰ ਕੀ ਦ੍ਰਿੜਾਈਆ। ਕੁਛ ਲਹਿਣਾ ਤਕ

ਲੈ ਕੀ ਲੇਖਾ ਨਰਾਇਣ ਨਰ ਦਾ, ਕੀ ਆਪਣੀ ਵੰਡ ਵੰਡਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰ ਬਣਿਆ ਰਿਹਾ ਬਰਦਾ, ਸੇਵਕ ਹੋ ਕੇ ਸੇਵ ਕਮਾਈਆ। ਜੋ ਨਿਰਗੁਣ ਹੋ ਕੇ ਸਰਗੁਣ ਰੂਪ ਰਿਹਾ ਧਰਦਾ, ਧਰਨੀ ਧਰਤ ਧਵਲ ਧੌਲ ਵਡਿਆਈਆ। ਜੋ ਆਪਣੇ ਨਾਮ ਕਲਮੇ ਸਿਫ਼ਤੀ ਢੋਲੇ ਰਿਹਾ ਪੜ੍ਹਦਾ, ਜਗਤ ਵਿਦਿਆ ਨਾਲ ਸਲਾਹੀਆ। ਜੋ ਜੁਗ ਚੌਕੜੀ ਨਿਤ ਨਵਿਤ ਸਭ ਦੇ ਪੱਲੂ ਰਿਹਾ ਫੜਦਾ, ਜੁਗ ਚੌਕੜੀ ਆਪਣੀ ਕੰਨੀ ਗੰਢ ਬੰਧਾਈਆ। ਜੋ ਖੰਡਾ ਖੜਗ ਤਲਵਾਰ ਤੀਰ ਤਰਕਸ਼ ਫੜ ਕੇ ਰਿਹਾ ਲੜਦਾ, ਸ਼ੱਤਰੂ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੈਸ਼ ਬਣਾਈਆ। ਜੋ ਸੰਤਾਂ ਭਗਤਾਂ ਸੂਫ਼ੀਆਂ ਅੰਦਰ ਹਕ਼ੀਕ਼ੀ ਮੰਜ਼ਲ ਰਿਹਾ ਚੜ੍ਹਦਾ, ਕਾਮਲ ਮੁਰਸ਼ਦ ਧੁਰਦਰਗਾਹੀਆ। ਜੋ ਲੇਖਾ ਮੁਕਾਉਂਦਾ ਰਿਹਾ ਹੰਕਾਰ ਗੜ੍ਹ ਦਾ, ਹੰ ਬ੍ਰਹਮ ਆਪ ਦ੍ਰਿੜਾਈਆ। ਜਿਸ ਦਾ ਹਿਸਾਬ ਕਿਤਾਬ ਜੁਗ ਚੌਕੜੀ ਚੋਟੀ ਜੜ੍ਹ ਦਾ, ਚੇਤਨ ਆਪਣਾ ਹੁਕਮ ਜਣਾਈਆ। ਜਿਹੜਾ ਅਗਨੀ ਅੱਗ ਕਦੇ ਨਾ ਸੜਦਾ, ਜਨਮ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪਣੇ ਹੱਥ ਰਖਾਈਆ। ਸ਼ੰਕਰ ਕਹੇ ਨਾਰਦਾ ਸੁਣ ਅਗੰਮੀ ਤਬਲੀਕ, ਤਾਬਿਆਦਾਰੀ ਵਿਚ ਸੀਸ ਨਿਵਾਈਆ। ਜਿਸ ਦਾ ਆਦਿ ਜੁਗਾਦਿ ਨਾ ਕੋਇ ਸ਼ਰੀਕ, ਸ਼ਰਕਤ ਵਿਚ ਕਦੇ ਨਾ ਆਈਆ। ਜਿਸ ਦੇ ਵਿਚ ਹਕ ਤੌਫ਼ੀਕ਼, ਤੋਫ਼ੇ ਘਰ ਘਰ ਦਏ ਪਹੁੰਚਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਕਰਨ ਤਸਦੀਕ਼, ਸ਼ਹਾਦਤ ਸ਼ਬਦ ਸਤਿਗੁਰੂ ਭੁਗਤਾਈਆ। ਜਿਸ ਦੀ ਸਭ ਨੇ ਰਖੀ ਉਡੀਕ, ਬਿਨ ਨੇਤਰਾਂ ਨੈਣ ਉਠਾਈਆ। ਜਿਸ ਦਾ ਮਾਰਗ ਬੜਾ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਮੇਟਣਹਾਰਾ ਅੰਧੇਰਾ ਤਾਰੀਕ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋ ਹਰ ਘਟ ਵਸੇ ਕ਼ਰੀਬ, ਘਰ ਘਰ ਸੋਭਾ ਪਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਿਤੀ ਤਰਤੀਬ, ਤਬੀਅਤ ਆਪਣੀ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਝਟ ਭਾਦਰੋਂ ਕਹੇ ਨਾਰਦਾ ਮੈਂ ਵੀ ਪੁਰਾਣਾ ਪ੍ਰਭੂ ਦਾ ਭਗਤ, ਜੁਗ ਚੌਕੜੀ ਚਲਿਆ ਆਈਆ। ਮੈਂ ਵੀ ਨਿਤ ਨਿਤ ਵੇਖਿਆ ਜਗਤ, ਦੀਨ ਦੁਨੀ ਸੰਗ ਰਖਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤਕੀ ਸ਼ਕਤ, ਸ਼ਖ਼ਸੀਅਤ ਵੇਖੀ ਥਾਉਂ ਥਾਈਂਆ। ਮਾਨਸ ਜ਼ਾਤੀ ਖੇਲ ਵੇਖਿਆ ਬੂੰਦ ਰਕਤ, ਤਨ ਵਜੂਦਾਂ ਖੋਜ ਖੁਜਾਈਆ। ਪੇਸ਼ੀਨਗੋਈਆਂ ਦਾ ਹੁਕਮ ਸੁਣਦਾ ਰਿਹਾ ਸਖ਼ਤ, ਜਿਸ ਦਾ ਭੇਵ ਨਾ ਕੋਇ ਦ੍ਰਿੜਾਈਆ। ਮਿਤਰਾ ਹੁਣ ਉਸ ਸਮੇਂ ਦਾ ਆ ਗਿਆ ਵਕ਼ਤ, ਘੜੀ ਪਲ ਜਿਸ ਦੀ ਦਏ ਗਵਾਹੀਆ। ਮੇਰੇ ਕੋਲ ਸਭ ਦੀ ਪੁਰਾਣੀ ਲਿਖੀ ਹੋਈ ਸ਼ਰਤ, ਸ਼ਰਅ ਤੋਂ ਬਾਹਰ ਜਣਾਈਆ। ਕਲਜੁਗ ਅੰਤਮ ਜੋਤੀ ਜਾਤਾ ਪੁਰਖ ਬਿਧਾਤਾ ਆਵੇ ਉਤੇ ਧਰਤ, ਧਰਨੀ ਆਪਣਾ ਖੇਲ ਖਿਲਾਈਆ। ਜੋਤੀ ਸ਼ਬਦੀ ਵੇਸ ਵਟਾਏ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਸਭ ਦੀ ਪੁੱਠੀ ਕਰੇ ਨਰਦ, ਨਰ ਨਰਾਇਣ ਨੂਰ ਅਲਾਹੀਆ। ਕਲਜੁਗ ਕੂੜੀ ਕਿਰਿਆ ਸ਼ਰਅ ਮੇਟੇ ਕਰਦ, ਕ਼ਾਤਲ ਮਕ਼ਤੂਲ ਦਾ ਪੰਧ ਮੁਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਨ ਭਗਤਾਂ ਵੰਡੇ ਦਰਦ, ਦਰਦ ਦੁਖ ਭੈ ਭੰਜਨ ਦਇਆ ਕਮਾਈਆ। ਉਸ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਭਾਦਰੋਂ ਕਹੇ ਸੁਣ ਲੈ ਸ਼ੰਕਰ ਕੈਲਾਸ਼ੀ, ਕਲਾਧਾਰੀਆ ਤੈਨੂੰ ਦਿਆਂ ਜਣਾਈਆ। ਤੇਰਾ ਮਾਲਕ ਇਕੋ

ਪੁਰਖ ਅਬਿਨਾਸ਼ੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਸਤਿਗੁਰ ਸ਼ਬਦ ਲੱਖ ਚੁਰਾਸੀ ਅੰਦਰ ਕਰੇ ਤਲਾਸ਼ੀ, ਖ਼ਾਨਾ ਖ਼ਾਨਾ ਖੋਜ ਖੁਜਾਈਆ। ਬੇਸ਼ਕ ਕਲਜੁਗ ਕੂੜ ਕਰੇ ਬਦਮੁਆਸ਼ੀ, ਆਪ ਆਪਣਾ ਰੰਗ ਰੰਗਾਈਆ। ਸਚ ਧਰਮ ਦੀ ਧਾਰ ਦੂਧ ਹੋ ਗਿਆ ਛਾਛੀ, ਮੱਖਣ ਨਜ਼ਰ ਕੋਇ ਨਾ ਆਈਆ। ਉਹ ਵੇਖ ਲੈ ਅਵਤਾਰ ਪੈਗ਼ੰਬਰ ਗੁਰੂ ਐਸ ਸਮੇਂ ਦੇ ਸਾਰੇ ਅਭਿਲਾਸ਼ੀ, ਆਪਣੀ ਆਸ਼ਾ ਨਾਲ ਮਿਲਾਈਆ। ਜਿਨ੍ਹਾਂ ਦੇ ਪਿਆਰ ਵਿਚ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਧਰਮ ਇਕ ਪਰਗਟਾਈਆ। ਸ਼ੰਕਰ ਕਹੇ ਸੁਣ ਭਾਦਰੋਂ ਮੇਰੇ ਮਿਤਰ ਮੀਤ, ਸੱਜਣੂਆਂ ਦਿਆਂ ਜਣਾਈਆ। ਮੇਰੇ ਸਾਹਿਬ ਦੀ ਜੁਗ ਜੁਗ ਅਵਲੜੀ ਰੀਤ, ਜਗਤ ਜਗਿਆਸੂ ਸਮਝ ਕੋਇ ਨਾ ਆਈਆ। ਜਿਸ ਦੇ ਹੁਕਮ ਦਾ ਇਕੋ ਹੋਵੇ ਗੀਤ, ਤੂੰ ਮੇਰਾ ਮੈਂ ਤੇਰਾ ਢੋਲਾ ਧੁਰਦਰਗਾਹੀਆ। ਉਹ ਹੁਕਮ ਸੰਦੇਸ਼ਾ ਦੇਵੇ ਪਤਿਤ ਪੁਨੀਤ, ਪਾਰਬ੍ਰਹਮ ਪ੍ਰਭ ਆਪ ਦ੍ਰਿੜਾਈਆ। ਜੋ ਸਭ ਦੇ ਵਸਣਹਾਰਾ ਚੀਤ, ਅੰਦਰ ਘਰ ਘਰ ਡੇਰਾ ਲਾਈਆ। ਜਿਸ ਨੇ ਕਲਜੁਗ ਅੰਤਮ ਝਗੜਾ ਮੇਟਣਾ ਮੰਦਰ ਮਸੀਤ, ਪਾਹਨ ਪਾਥਰ ਸੀਸ ਨਾ ਕੋਇ ਨਿਵਾਈਆ। ਉਹ ਖੇਲ ਕਰੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਆਪਣਾ ਹੁਕਮ ਸੁਣਾਈਆ। ਜਿਸ ਦੇ ਹੁਕਮ ਵਿਚ ਹੋਇਆ ਭੈ ਭੀਤ, ਆਪਣਾ ਬਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਰੰਗ ਆਪ ਰੰਗਾਈਆ । ਸਤਿਗੁਰ ਸ਼ਬਦ ਕਹੇ ਸੁਣ ਸ਼ੰਕਰ ਸ਼ੰਭੂ, ਸ਼ਿਵ ਸ਼ਿਵੈ ਦਿਆਂ ਜਣਾਈਆ। ਉਠ ਨਿਗਾਹ ਮਾਰ ਲੈ ਵਿਚ ਦੇਸ ਜੰਬੂ, ਕੀ ਜੰਬਕ ਆਪਣੀ ਕਾਰ ਕਮਾਈਆ। ਜਿਸ ਦੇ ਭੈ ਵਿਚ ਵਿਸ਼ਨ ਬ੍ਰਹਮਾ ਕੰਬੂ, ਸਿਰ ਸਕੇ ਨਾ ਕੋਇ ਉਠਾਈਆ। ਦੇਵਤ ਸੁਰ ਕਰੋੜ ਤੇਤੀਸਾ ਜਿਸ ਦੇ ਕੋਲੋਂ ਮੰਗੂ, ਖ਼ਾਲੀ ਝੋਲੀਆਂ ਅਗੇ ਡਾਹੀਆ। ਉਹ ਸਾਹਿਬ ਸੂਰਾ ਸਰਬੰਗੂ, ਹਰਿ ਕਰਤਾ ਧੁਰਦਰਗਾਹੀਆ। ਜੋ ਜਗਤ ਜਹਾਨ ਦੀ ਮੰਜ਼ਲ ਲੰਘੂ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਦੇ ਹੁਕਮ ਵਿਚ ਧਰਤੀ ਉਤੇ ਛੇੜਨਾ ਜੰਗੂ, ਜਗਹ ਜਗਹ ਪਏ ਦੁਹਾਈਆ। ਦੀਨ ਮਜ਼੍ਹਬ ਹੋਵੇ ਤੰਗੂ, ਤੰਗ ਦਸਤ ਦਿਸੇ ਲੋਕਾਈਆ। ਜਿਸ ਦਾ ਖੇਲ ਕੁਛ ਹੋਣ ਵਾਲਾ ਵਿਚ ਖਟਮੰਡੂ, ਖੰਡਾ ਜਗਤ ਧਾਰ ਚਮਕਾਈਆ। ਜਿਸ ਨੇ ਸ਼ਰਅ ਸ਼ਰੀਅਤ ਕਰਨੀ ਰੰਡੂ, ਮੁਹੰਮਦ ਮਹਿਬੂਬ ਰਿਹਾ ਸਮਝਾਈਆ। ਜਿਸ ਨੇ ਈਸਾ ਲੇਖਾ ਵੇਖਣਾ ਅੰਤਮ ਕੰਢੂ, ਮੂਸਾ ਮੁਸਲਸਲ ਰਿਹਾ ਸਮਝਾਈਆ। ਜਿਸ ਨੇ ਨਾਨਕ ਨਿਰਗੁਣ ਧਾਰ ਕੀਤਾ ਸੰਧੂ, ਸੰਨਦ ਪਿਛਲੀ ਦਏ ਖੁਲ੍ਹਾਈਆ। ਜਿਸ ਗੋਬਿੰਦ ਗੋਬਿੰਦ ਲਗਾਇਆ ਅੰਗੂ, ਅੰਗੀਕਾਰ ਇਕ ਅਖਵਾਈਆ। ਉਹਦਾ ਅੰਤ ਨਾ ਆਵੇ ਜਗਤ ਮੁਹਾਣੇ ਵੰਝੂ, ਗਹਿਰ ਗੰਭੀਰ ਸਮਝ ਕੁਛ ਨਾ ਪਾਈਆ। ਉਸ ਦਾ ਨਾਮ ਨਿਧਾਨਾ ਦੋ ਜਹਾਨਾਂ ਇਕੋ ਹੋਵੇ ਛੰਦੂ, ਸ਼ਹਿਨਸ਼ਾਹ ਕਰੇ ਪੜ੍ਹਾਈਆ। ਜਿਸ ਨੂੰ ਸਭ ਨੇ ਮੰਨਣਾ ਦੀਨਾ ਬੰਧੂ, ਬੰਦਨਾ ਆਪਣੀ ਦਏ ਦਰਸਾਈਆ। ਜਿਸ ਨੇ ਭਗਤ ਸੁਹੇਲੇ ਚੁਕਣੇ ਆਪਣੇ ਕੰਧੂ, ਕੰਢੀ ਘਾਟ ਪਾਰ ਕਿਨਾਰੇ ਦਏ ਟਿਕਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੀ ਗੰਦੂ, ਅੰਮ੍ਰਿਤ ਰਸ ਰਸ ਚਖਾਈਆ। ਉਹ ਦੀਨ ਦਿਆਲ ਠਾਕਰ ਸੁਆਮੀ ਸਭ ਦਾ ਹੋਏ ਬਖ਼ਸ਼ੰਦੂ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਸ਼ੰਕਰ ਮੇਰੀ ਇਕੋ ਇਕ ਬੇਨੰਤੀ, ਬਿਨੈ ਕਹਿ ਕੇ ਦਿਆਂ ਦ੍ਰਿੜਾਈਆ। ਕੀ ਹਾਲਤ ਹੋਣੀ ਜਗਤ ਜਨ

ਦੀ, ਭੇਵ ਦੇਣਾ ਖੁਲ੍ਹਾਈਆ। ਸ਼ੰਕਰ ਕਿਹਾ ਵਿਸ਼ਨੂੰ ਵੇਖ ਲੈ ਨਾਰਦਾ ਜਿਸ ਧਾਰ ਮੁਕਾਉਂਣੀ ਅੰਨ ਦੀ, ਅੰਤ ਸਮਝ ਕਿਛ ਨਾ ਆਈਆ। ਬ੍ਰਹਮੇ ਪਿਆਰ ਦੀ ਧਾਰ ਰਹਿਣ ਨਹੀਂ ਦੇਣੀ ਬ੍ਰਹਮ ਦੀ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਅੰਤ ਨਿਸ਼ਾਨੀ ਮਿਟਣੀ ਤਾਰਾ ਚੰਦ ਦੀ, ਸਦੀ ਚੌਧਵੀਂ ਆਪਣਾ ਆਪ ਸੁਹਾਈਆ। ਉਹ ਵੇਖ ਲੈ ਈਸਾ ਕਹਿੰਦਾ ਸਭ ਤੇ ਘੜੀ ਆਉਣੀ ਗ਼ਮ ਦੀ, ਚਿੰਤਾ ਸਕੇ ਨਾ ਕੋਇ ਮਿਟਾਈਆ। ਵਡਿਆਈ ਰਹਿਣੀ ਨਹੀਂ ਕਿਸੇ ਹੁਨਰ ਫ਼ਨ ਦੀ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਅੰਤ ਕ਼ੀਮਤ ਪੈਣੀ ਇਕੋ ਗੱਲ ਦੀ, ਜੋ ਗਲ ਫਾਂਸੀ ਸਭ ਦੀ ਦਏ ਕਟਾਈਆ। ਇਕੋ ਧਾਰ ਹੋਣੀ ਦੀਨ ਦੁਨੀ ਦੇ ਜਲ ਦੀ, ਜਲ ਥਲ ਮਹੀਅਲ ਇਕੋ ਰੰਗ ਰੰਗਾਈਆ। ਫੇਰ ਆਸ਼ਾ ਪੂਰੀ ਹੋਣੀ ਰਾਜੇ ਬਲ ਦੀ, ਜੋ ਬਾਵਨ ਗਿਆ ਦ੍ਰਿੜਾਈਆ। ਕਲਾ ਮਿਟਣੀ ਅੰਤਮ ਕਲਜੁਗ ਕਲ ਦੀ, ਕਲਕਾਤੀਆਂ ਡੇਰਾ ਢਾਹੀਆ। ਜ਼ਾਤ ਪਾਤ ਦੀਨ ਦੁਨੀ ਆਤਮ ਧਾਰ ਵੇਖਣੀ ਰਲਦੀ, ਮਜ਼੍ਹਬਾਂ ਰੰਗ ਨਾ ਕੋਇ ਰੰਗਾਈਆ। ਉਹ ਇਹ ਖੇਲ ਅਨੋਖੀ ਹੋਣੀ ਪ੍ਰਭੂ ਅਛਲ ਦੀ, ਅਛਲ ਛਲ ਆਪਣੀ ਖੇਲ ਖਿਲਾਈਆ। ਉਹ ਵੇਖ ਲੈ ਜੋਤ ਅਕਾਲਣ ਕੀ ਸ਼ਬਦ ਸੰਦੇਸ਼ਾ ਘਲਦੀ, ਸੁਨੇਹੜੇ ਕੀ ਸੁਣਾਈਆ। ਕਿਸੇ ਨੂੰ ਖ਼ਬਰ ਨਹੀਂ ਰਹਿਣੀ ਅਗਲੇ ਪਲ ਦੀ, ਪਲਕਾਂ ਦੇ ਪਿਛੇ ਬਹਿ ਕੇ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸਾਹਿਬ ਇਕ ਗੁਸਾਈਂਆ। ਸ਼ੰਕਰ ਕਹੇ ਨਾਰਦਾ ਮੇਰੀ ਵੇਖ ਲੈ ਤਨ ਖ਼ਾਕੀ ਮਿੱਟੀ ਭਬੂਤ, ਚੰਮ ਦ੍ਰਿਸ਼ਟੀ ਬਾਹਰ ਤਕਾਈਆ। ਸਤਿਗੁਰ ਸ਼ਬਦ ਪ੍ਰਭੂ ਦਾ ਇਕੋ ਅਗੰਮਾ ਦੂਤ, ਜੋ ਸੰਦੇਸ਼ੇ ਰਿਹਾ ਸੁਣਾਈਆ। ਅਸੀਂ ਉਸ ਦੇ ਸਾਰੇ ਪੂਤ, ਪਿਤਾ ਇਕੋ ਇਕ ਅਖਵਾਈਆ। ਜਿਸ ਦਾ ਇਕੋ ਧਾਗਾ ਇਕੋ ਸੂਤ, ਇਕੋ ਗੰਢ ਰਿਹਾ ਪੁਆਈਆ। ਇਕੋ ਜਿਸ ਦੀ ਹੋਵੇ ਰੁਤ, ਰੁਤੜੀ ਇਕੋ ਇਕ ਮਹਿਕਾਈਆ। ਇਕੋ ਹੋਵੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਏ ਕਰਾਈਆ। ਜਿਸ ਨੇ ਧਾਰ ਬਦਲਣੀ ਵਿਚੋਂ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਕਰੇ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਸ਼ੰਕਰ ਕਹੇ ਨਾਰਦਾ ਮੇਰੇ ਕੋਲ ਪੁਰਾਣੇ ਹੁਕਮਨਾਮੇ, ਜਿਸ ਦਾ ਲੇਖ ਨਜ਼ਰ ਕੋਇ ਨਾ ਆਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰਾਂ ਗੁਰੂਆਂ ਪਾਏ ਜਾਮੇ, ਤਨ ਵਜੂਦ ਪੰਜ ਤਤ ਮਾਤ ਪਰਗਟਾਈਆ। ਜਿਸ ਦੇ ਹੁਕਮ ਸੰਦੇਸ਼ੇ ਪੈਗ਼ਾਮ ਸੁਣੇ ਨਾਮੇ, ਕਲਮੇ ਕਾਇਨਾਤ ਦ੍ਰਿੜਾਈਆ। ਜੋ ਵਸੇ ਸਚਖੰਡ ਗਰਾਮੇ, ਦਰਗਾਹ ਸਾਚੀ ਸੋਭਾ ਪਾਈਆ। ਜੋ ਸਭ ਦਾ ਮਾਲਕ ਖ਼ਾਲਕ ਅੰਤਰਜਾਮੇ, ਭੇਵ ਅਭੇਦਾ ਆਪਣੇ ਵਿਚ ਰਖਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਗ਼ੁਲਾਮੇ, ਸਿਰ ਸਿਰ ਸਿਰ ਸਿਰ ਸਾਰੇ ਸੀਸ ਨਿਵਾਈਆ। ਉਸ ਦੇ ਡੰਕੇ ਸੁਣੋ ਦਮਾਮੇ, ਜੋ ਦੋ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਡਿਆਈਆ । ਝਟ ਸਤਿਗੁਰ ਸ਼ਬਦ ਕਹੇ ਸੁਣ ਸ਼ੰਕਰ ਸ਼ਹਾਨੇ, ਸਹਿਜ ਨਾਲ ਦ੍ਰਿੜਾਈਆ। ਤੇਰੇ ਉਤੇ ਪੁਰਖ ਅਕਾਲ ਹੋਇਆ ਮਿਹਰਵਾਨੇ, ਮਿਹਰਵਾਨ ਦਇਆ ਕਮਾਈਆ। ਜਿਸ ਦੇ ਸਭ ਨੇ ਮੰਨਣੇ ਭਾਣੇ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਆਦਿ ਜੁਗਾਦਿ ਸਾਰੇ ਹੁਕਮਰਾਨੇ, ਹੁਕਮੇ ਵਿਚ ਸੇਵ ਕਮਾਈਆ। ਜਿਸ ਨੇ ਤਖ਼ਤੋਂ ਲਾਹੁਣੇ ਰਾਜੇ ਰਾਣੇ, ਸੀਸ ਤਾਜ ਨਾ ਕੋਇ ਸੁਹਾਈਆ। ਜਿਸ ਗੋਦ ਬਿਠਾਉਣੇ ਗ਼ਰੀਬ ਨਿਮਾਣੇ, ਕੋਝੇ ਕਮਲਿਆਂ ਗੋਦ ਉਠਾਈਆ। ਉਸ ਦਾ ਭੇਵ ਕੋਇ ਨਾ ਜਾਣੇ,

ਬੇਅੰਤ ਕਹਿ ਕੇ ਸਾਰੇ ਗਾਈਆ। ਉਹ ਬਣ ਕੇ ਸ਼ਾਹ ਸੁਲਤਾਨੇ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਆਏ ਵਿਚ ਮੈਦਾਨੇ, ਨਵ ਸੱਤ ਆਪਣਾ ਭੇਵ ਚੁਕਾਈਆ। ਜਿਸ ਨੇ ਸ਼ਰਅ ਦੇ ਉਖੇੜਨੇ ਸ਼ਾਮਿਆਨੇ, ਸ਼ਬੇ ਰੋਜ਼ ਇਕੋ ਰੰਗ ਰੰਗਾਈਆ। ਜਿਸ ਨੇ ਮੂਸਾ ਮੁਹੰਮਦ ਈਸਾ ਰਖਿਆ ਵਿਚ ਦਰਮਿਆਨੇ, ਦਰ ਦਰ ਦਾ ਭੇਵ ਚੁਕਾਈਆ। ਕਲਮਾ ਕਾਇਨਾਤ ਦੱਸੇ ਗਾਨੇ, ਸ਼ਰਅ ਸ਼ਰੀਅਤ ਵਿਚੋਂ ਪਰਗਟਾਈਆ। ਉਸ ਦਾ ਖੇਲ ਹੋਣਾ ਆਪਣੇ ਹੁਕਮ ਵਾਲੇ ਬਹਾਨੇ, ਦੂਸਰ ਸਮਝ ਕਿਛ ਨਾ ਆਈਆ। ਜਿਸ ਨੇ ਪਿਛੇ ਸਤਿਜੁਗ ਤ੍ਰੇਤਾ ਦੁਆਪਰ ਬਦਲ ਦਿਤੇ ਜ਼ਮਾਨੇ, ਕਲਜੁਗ ਅੰਤਮ ਦਏ ਬਦਲਾਈਆ। ਸ਼ੰਕਰ ਕਹੇ ਵਾਹਵਾ ਸਤਿਗੁਰ ਸ਼ਬਦ ਮੇਰੇ ਵਿਚ ਵੇਖ ਲੈ ਆਪਣੇ ਖ਼ਾਨੇ, ਪਰਦਾ ਸਕੇ ਨਾ ਕੋਇ ਅਟਕਾਈਆ। ਮੈਨੂੰ ਐਂ ਜਾਪਦਾ ਸਾਰੇ ਇਕ ਦੂਜੇ ਤੋਂ ਹੋ ਜਾਣੇ ਬੇਗਾਨੇ, ਸੰਗੀ ਰਹਿਣ ਕੋਇ ਨਾ ਪਾਈਆ। ਜਿਸ ਵੇਲੇ ਕਿਰਪਾ ਕੀਤੀ ਸ੍ਰੀ ਭਗਵਾਨੇ, ਆਪਣਾ ਖੇਲ ਵਖਾਈਆ। ਮਾਨਸ ਮਾਨਵ ਮਾਨੁਖ ਸਾਰੇ ਤਕਣੇ ਦਰਮਿਆਨੇ, ਅਮੀਰੀ ਗ਼ਰੀਬੀ ਵੰਡ ਨਾ ਕੋਇ ਵੰਡਾਈਆ। ਝਟ ਸ਼ੰਕਰ ਕਹੇ ਮੈਨੂੰ ਇਉਂ ਦਿਸਦਾ ਸਾਰੀ ਦੁਨੀਆ ਭਰਨ ਵਾਲੀ ਜੁਰਮਾਨੇ, ਜੁਰਮ ਮੁਆਫ਼ ਨਾ ਕੋਇ ਕਰਾਈਆ। ਪਿਛੋਂ ਰਹਿ ਜਾਣੇ ਅਫ਼ਸਾਨੇ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਉਹ ਵਕ਼ਤ ਯਾਦ ਆਉਂਦਾ ਜਿਸ ਵੇਲੇ ਰਵੀਦਾਸ ਨੇ ਆਪਣੇ ਆਪ ਨੂੰ ਮਿਣਿਆ ਤੇ ਲੰਬਾਈ ਹੋਈ ਸਾਢੇ ਤਿੰਨ ਹੱਥ ਕਾਨੇ, ਸਭ ਨੂੰ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪਣੇ ਹੱਥ ਰਖਾਈਆ। ਝਟ ਸ਼ੰਕਰ ਕਹੇ ਨਾਰਦਾ ਮੇਰੇ ਕੋਲ ਵੇਖ ਲੈ ਧਰਮ ਰਾਏ ਦੀ ਦਰਖ਼ਾਸਤ, ਦਸਖ਼ਤ ਚਿਤਰ ਗੁਪਤ ਨਾਲ ਮਿਲਾਈਆ। ਉਨ ਪਿਆਰ ਵਿਚ ਲਿਖਿਆ ਸ਼ੰਭੂ ਜੀ ਸ੍ਰਿਸ਼ਟੀ ਹੋ ਗਈ ਨਾਸਤਕ, ਨਾਮ ਵਾਲਾ ਨਜ਼ਰ ਕੋਇ ਨਾ ਆਈਆ। ਫੇਰ ਇਸ਼ਾਰਾ ਕੀਤਾ ਵਿਸ਼ਨੂੰ ਤੂੰ ਵੀ ਵੇਖ ਲੈ ਉਤੇ ਬੈਠਾ ਬਾਸ਼ਕ, ਸੇਜ ਸਾਂਗੋ ਪਾਂਗ ਤਜਾਈਆ। ਬ੍ਰਹਮਿਆ ਨਿਗਾਹ ਮਾਰ ਲੈ ਆਪਣੀ ਚੁਰਾਸੀ ਵਾਲੀ ਕਾਸ਼ਤ, ਚਾਰੇ ਖਾਣੀ ਫੋਲ ਫੁਲਾਈਆ। ਸਤਿਗੁਰ ਸ਼ਬਦ ਕਲਜੁਗ ਦੀ ਕਿਰਿਆ ਨੂੰ ਕਰ ਨਾ ਸਕੇ ਹੁਣ ਬਰਦਾਸ਼ਤ, ਧੀਰਜ ਧਰਮ ਨਾ ਕੋਇ ਰਖਾਈਆ। ਦਰੋਹੀ ਕਿਸੇ ਦੀ ਸੁਣਨੀ ਨਹੀਂ ਸਫ਼ਾਰਸ਼, ਅਪੀਲ ਦਲੀਲ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂੜ ਦੀ ਰਹਿਣ ਨਹੀਂ ਦੇਣੀ ਇਮਾਰਤ, ਫ਼ਸੀਲ ਵੇਖਣ ਕੋਇ ਨਾ ਪਾਈਆ। ਸਦੀ ਚੌਧਵੀਂ ਕਹੇ ਮੇਰੀ ਅੰਤ ਦੀ ਇਕੋ ਜ਼ਿਆਰਤ, ਜ਼ੱਰੇ ਜ਼ੱਰੇ ਦਿਆਂ ਜਣਾਈਆ। ਪੈਗ਼ੰਬਰ ਕਹਿਣ ਸਾਡੀ ਕ਼ਲਮ ਸ਼ਾਹੀ ਵਾਲੀ ਅਬਾਰਤ, ਹਰਫ਼ ਹਰਫ਼ਾਂ ਨਾਲ ਲਿਖਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸ਼ਬਦ ਦੀ ਕਲਮਿਆਂ ਵਾਲੀ ਹੋਈ ਤਜਾਰਤ, ਸੌਦਾ ਦੀਨ ਦੁਨੀ ਹੱਟ ਵਿਕਾਈਆ। ਝਟ ਇਸ਼ਾਰਾ ਦਿਤਾ ਧੁਰ ਅਮਾਮ ਮੈਂ ਜਦੋਂ ਆਵਾਂ ਤੇ ਆਵਾਂ ਵਿਚ ਭਾਰਤ, ਮੁਹੰਮਦ ਦੀ ਸ਼ਹਾਦਤ ਬਿਨ ਕਲਮਿਆਂ ਦਏ ਗਵਾਹੀਆ। ਮੇਰਾ ਸਤਿਗੁਰ ਸ਼ਬਦ ਕਰੇ ਸ਼ਰਾਰਤ, ਸ਼ਰਅ ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸ਼ੰਕਰ ਕਹੇ ਨਾਰਦਾ ਉਹ ਲੇਖਾ ਤਕ ਲੈ ਰਾਏ ਧਰਮ, ਧਰਮ ਦੀ ਧਰਮ ਧਾਰ ਜਣਾਈਆ। ਜਿਸ ਦੇ ਕੋਲ ਸਭ ਦਾ ਕਰਮ, ਕਾਂਡ ਗੋਦੀ ਵਿਚ ਰਖਾਈਆ। ਉਹ ਮੇਟਣਹਾਰਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਚਿਤਰ ਗੁਪਤ ਕਹੇ ਮੈਨੂੰ ਨਾ ਕੋਈ ਹਯਾ ਨਾ ਸ਼ਰਮ, ਸ਼ਰਅ ਵਾਲਿਆਂ ਦਿਆਂ ਸਮਝਾਈਆ। ਮੈਂ ਇਕੋ ਪ੍ਰਭੂ ਦੀ ਲੋੜੀ ਸ਼ਰਨ, ਦੂਜੀ ਓਟ ਨਾ ਕੋਇ ਤਕਾਈਆ।

ਇਕੋ ਧੂੜੀ ਲਾਵਾਂ ਚਰਨ, ਬਿਨ ਟਿੱਕੇ ਖ਼ਾਕ ਰਮਾਈਆ। ਮੇਰਾ ਸਾਹਿਬ ਸੁਆਮੀ ਖੇਲ ਖੇਲੇ ਉਤੇ ਧਰਨ, ਧਵਲ ਦਾ ਲੇਖਾ ਵੇਖ ਵਖਾਈਆ। ਜੋ ਮਾਲਕ ਕਰਨੀ ਕਰਨ, ਕਰਤਾ ਪੁਰਖ ਨੂਰ ਅਲਾਹੀਆ। ਜਿਸ ਦੇ ਭੈ ਵਿਚ ਸਾਰੇ ਡਰਨ, ਸਿਰ ਸਕੇ ਨਾ ਕੋਇ ਉਠਾਈਆ। ਰਾਏ ਧਰਮ ਕਹੇ ਮੈਂ ਉਸ ਦੇ ਹੁਕਮ ਨਾਲ ਸਭ ਨੂੰ ਲੱਗਾ ਫੜਨ, ਲੇਖਾ ਲੇਖੇ ਵਿਚੋਂ ਪਰਗਟਾਈਆ। ਲਹਿੰਦਾ ਚੜ੍ਹਦਾ ਕੂਟਾਂ ਲੱਗਾ ਚੜ੍ਹਨ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਨਾਰਦ ਕਹੇ ਸ਼ੰਕਰਾ ਕੀ ਸੰਦੇਸ਼ਾ ਪ੍ਰਭੂ ਭਗਵੰਤ, ਭਗਵਨ ਕੀ ਦ੍ਰਿੜਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਅੰਤ ਕਹਿਣ ਕੁਛ ਨਾ ਪਾਈਆ। ਜਿਸ ਨੂੰ ਆਦਿ ਜੁਗਾਦਿ ਗਾਉਂਦੇ ਸੰਤ, ਜੁਗ ਚੌਕੜੀ ਢੋਲੇ ਗਾਈਆ। ਜਿਸ ਨੇ ਤੇਰੀ ਬਣਾਈ ਬਣਤ, ਘੜਨ ਭੰਨਣਹਾਰ ਇਕ ਅਖਵਾਈਆ। ਕੀ ਉਸ ਦਾ ਲੇਖਾ ਨਾਲ ਜੀਵ ਜੰਤ, ਮਿਹਰਵਾਨ ਹੋ ਕੇ ਮੈਨੂੰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਸ਼ੰਕਰ ਕਹੇ ਨਾਰਦਾ ਸੋ ਪੁਰਖ ਨਿਰੰਜਣ ਖੇਲ ਖਿਲਾਵੇਗਾ। ਹਰਿ ਪੁਰਖ ਨਿਰੰਜਣ ਵੇਖ ਵਖਾਵੇਗਾ । ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਭੇਵ ਖੁਲ੍ਹਾਵੇਗਾ। ਸ੍ਰੀ ਭਗਵਾਨ ਪੜਦਾ ਲਾਹਵੇਗਾ। ਪਾਰਬ੍ਰਹਮ ਆਪ ਸਮਝਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਸਚਖੰਡ ਸਾਚਾ ਆਪ ਸੁਹਾਵੇਗਾ। ਦਰਗਾਹ ਸਾਚੀ ਨੂਰ ਰੁਸ਼ਨਾਵੇਗਾ। ਮੁਕ਼ਾਮੇ ਹਕ ਹੱਟ ਵਿਕਾਵੇਗਾ। ਥਿਰ ਘਰ ਆਪਣਾ ਭੇਵ ਚੁਕਾਵੇਗਾ। ਵਿਸ਼ਨੂੰ ਵਿਸ਼ਵ ਧਾਰ ਸਮਝਾਵੇਗਾ। ਬ੍ਰਹਮਾ ਬ੍ਰਹਮ ਪੜਦਾ ਆਪ ਉਠਾਵੇਗਾ। ਸ਼ੰਕਰ ਤੇਰੀ ਸ਼ਰਅ ਦ੍ਰਿੜਾਵੇਗਾ। ਹੁਕਮ ਸੰਦੇਸ਼ਾ ਇਕ ਸੁਣਾਵੇਗਾ। ਗਣਪਤ ਗਣੇਸ਼ਾ ਨਾਲ ਮਿਲਾਵੇਗਾ। ਕਰੋੜ ਤੇਤੀਸਾ ਗੰਢ ਪੁਆਵੇਗਾ। ਗਣ ਗੰਧਰਬ ਰਾਗ ਸੁਣਾਵੇਗਾ। ਕਿਨਰ ਯਸ਼ਪ ਨਾਚ ਨਚਾਵੇਗਾ। ਤ੍ਰੈਗੁਣ ਮਾਇਆ ਮੇਲ ਮਿਲਾਵੇਗਾ। ਪੰਜਾਂ ਤਤਾਂ ਵੰਡ ਵੰਡਾਵੇਗਾ। ਚਾਰੇ ਖਾਣੀ ਹੁਕਮ ਸੁਣਾਵੇਗਾ। ਅੰਡਜ ਜੇਰਜ ਉਤਭੁਜ ਸੇਤਜ ਆਪ ਉਠਾਵੇਗਾ। ਚਾਰੇ ਬਾਣੀ ਰਾਗ ਦ੍ਰਿੜਾਵੇਗਾ। ਪਰਾ ਪਸੰਤੀ ਮਧਮ ਬੈਖਰੀ ਢੋਲੇ ਗਾਵੇਗਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਆਪ ਹਿਲਾਵੇਗਾ। ਧਰਨੀ ਧਰਤ ਧਵਲ ਧੌਲ ਰੰਗ ਚੜ੍ਹਾਵੇਗਾ। ਤੇਈ ਅਵਤਾਰਾਂ ਸੰਗ ਰਲਾਵੇਗਾ। ਮੂਸਾ ਈਸਾ ਮੁਹੰਮਦ ਜੋੜ ਜੁੜਾਵੇਗਾ। ਨਾਨਕ ਗੋਬਿੰਦ ਗੰਢ ਪੁਆਵੇਗਾ। ਕਲਜੁਗ ਆਪਣਾ ਭੇਵ ਖੁਲ੍ਹਾਵੇਗਾ। ਦੇਵੀ ਦੇਵ ਆਪ ਅਖਵਾਵੇਗਾ। ਆਤਮ ਪਰਮਾਤਮ ਸੰਗ ਨਿਭਾਵੇਗਾ। ਪਾਰਬ੍ਰਹਮ ਬ੍ਰਹਮ ਸੰਗ ਰਖਾਵੇਗਾ। ਈਸ਼ ਜੀਵ ਨਾ ਵੰਡ ਵੰਡਾਵੇਗਾ। ਜਗਤ ਜਗਦੀਸ਼ ਹੁਕਮ ਵਰਤਾਵੇਗਾ। ਬੀਸ ਇਕੀਸ ਰੰਗ ਰੰਗਾਵੇਗਾ। ਇਕੋ ਕਲਮਾ ਇਕ ਹਦੀਸ, ਇਕੋ ਨਾਮ ਦ੍ਰਿੜਾਵੇਗਾ। ਇਕੋ ਛਤਰ ਝੁਲੇ ਸੀਸ, ਦੂਜਾ ਇਸ਼ਟ ਨਾ ਕੋਇ ਰਖਾਵੇਗਾ। ਇਕੋ ਮਾਣ ਬਖ਼ਸ਼ੇ ਹਸਤ ਕੀਟ, ਕੀਟ ਕੀਟਾਂ ਆਪਣੇ ਰੰਗ ਰੰਗਾਵੇਗਾ। ਇਕੋ ਸੁਆਮੀ ਬਣ ਕੇ ਬੀਠਲੋ ਬੀਠ, ਸਿਰ ਸਿਰ ਆਪਣਾ ਹੱਥ ਟਿਕਾਵੇਗਾ। ਕਲਜੁਗ ਕੌੜਾ ਭੰਨੇ ਰੀਠ, ਸਤਿਜੁਗ ਅੰਮ੍ਰਿਤ ਅੰਮ੍ਰਿਤ ਅੰਮ੍ਰਿਤ ਮੇਘ ਬਰਸਾਵੇਗਾ। ਆਪਣਾ ਖੇਲ ਕਰੇ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਵੇਗਾ। ਦੀਨ ਦੁਨੀ ਨਾਲੋਂ ਕਰਵਟ ਬਦਲ ਕੇ ਪੀਠ, ਸਨਮੁਖ ਭਗਤਾਂ ਸੋਭਾ ਪਾਵੇਗਾ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਖੇਲ

ਖਿਲਾਵੇਗਾ। ਸ਼ੰਕਰ ਕਹੇ ਪ੍ਰਭ ਖੇਲੇ ਖੇਲ ਅਗੰਮਾ, ਅਗੰਮੜੀ ਕਾਰ ਕਮਾਈਆ। ਜਿਸ ਨੂੰ ਸੀਸ ਨਿਵਾਏ ਵਿਸ਼ਨ ਨਾਲ ਬ੍ਰਹਮਾ, ਸ਼ੰਕਰ ਲਾਗੇ ਪਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਜਰਮਾ, ਸੋਹਣਾ ਰੰਗ ਚੜ੍ਹਾਈਆ। ਜਿਸ ਨੇ ਆਤਮ ਪਰਮਾਤਮ ਦੱਸਿਆ ਧਰਮਾ, ਧਰਮ ਧਾਰ ਸਮਝਾਈਆ। ਉਹ ਪਰਮ ਪੁਰਖ ਪਰਮਾਤਮ ਪਰਮਾ, ਪਾਰਬ੍ਰਹਮ ਨੂਰ ਅਲਾਹੀਆ। ਜਿਸ ਨੇ ਅੰਤਮ ਸਭ ਕੁਛ ਕਰਨਾ, ਕਰਨੀ ਦਾ ਕਰਤਾ ਧੁਰਦਰਗਾਹੀਆ। ਝਗੜਾ ਮੇਟੇ ਵਰਨਾ ਬਰਨਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਇਕੋ ਇਕ ਸਭ ਨੂੰ ਬਖ਼ਸ਼ਣੀ ਸਰਨਾ, ਸਰਨਗਤ ਇਕ ਰਖਾਈਆ। ਜਨ ਭਗਤਾਂ ਖੋਲ੍ਹੇ ਹਰਨਾ ਫਰਨਾ, ਨਿਜ ਲੋਚਨ ਨੈਣ ਰੁਸ਼ਨਾਈਆ। ਜਿਸ ਦੀ ਮੰਜ਼ਲ ਬਿਨ ਪੌੜੀਉਂ ਹਰਿਜਨ ਜਨ ਹਰਿ ਚੜ੍ਹਨਾ, ਅਗੇ ਹੋ ਨਾ ਕੋਇ ਅਟਕਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨਾ, ਸੋਹੰ ਸ਼ਬਦ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਸੁਹਾਈਆ। ਝਟ ਭਾਦਰੋਂ ਕਹੇ ਸ਼ੰਕਰਾ ਮੇਰਾ ਦਿਵਸ ਦਿਹਾੜਾ ਚੰਗਾ, ਮੈਂ ਚੰਗੀ ਤਰਹ ਜਣਾਈਆ। ਆਹ ਨਿਗਾਹ ਮਾਰ ਲੈ ਜਟਾ ਜੂਟ ਧਾਰੀ ਕਿਸ ਦੁਆਰੇ ਬੈਠੀ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈਆ। ਜਿਨ੍ਹਾਂ ਦਾ ਪ੍ਰਭੂ ਦੇ ਹੁਕਮ ਵਿਚ ਵਕ਼ਤ ਲੰਘਾ, ਲੋਕਮਾਤ ਦਿਆਂ ਵਡਿਆਈਆ। ਉਹ ਕੁਛ ਮੰਗਣ ਆ ਗਈਆਂ ਮੰਗਾਂ, ਦਰ ਠਾਂਢੇ ਝੋਲੀ ਡਾਹੀਆ। ਕੁਛ ਉਨ੍ਹਾਂ ਨੂੰ ਦੱਸਦੇ ਢੰਗਾ, ਸਹਿਜ ਨਾਲ ਸਮਝਾਈਆ। ਸ਼ੰਕਰ ਕਿਹਾ ਨਾਰਦਾ ਤੂੰ ਵੀ ਪੁਰਾਣਾ ਪੰਡਾ, ਕੁਛ ਪਰਦਾ ਦੇ ਉਠਾਈਆ। ਨਾਰਦ ਕਿਹਾ ਭਾਦਰੋਂ ਮੈਂ ਘਰ ਘਰ ਦੇਵਣ ਆ ਗਿਆ ਗੰਢਾਂ, ਸੰਦੇਸ਼ਿਆਂ ਨਾਲ ਸੁਣਾਈਆ। ਉਹ ਤਕ ਲੈ ਸਤਿਗੁਰ ਸ਼ਬਦ ਦਾ ਸਤਰੰਗ ਦਾ ਡੰਡਾ, ਜੋ ਡੰਡਾਵਤ ਸਭ ਦੀ ਦਏ ਬਦਲਾਈਆ। ਉਹ ਤੁਹਾਡਾ ਪਵਿਤ੍ਰ ਕਰੇ ਤਟ ਕਿਨਾਰਾ ਕੰਢਾ, ਘਾਟਾਂ ਵੇਖ ਵਖਾਈਆ। ਗੋਦਾਵਰੀ ਰੋ ਪਈ ਮੈਨੂੰ ਯਾਦ ਆਉਂਦਾ ਗੋਬਿੰਦ ਵਾਲਾ ਖੰਡਾ, ਜੋ ਖੜਗਾਂ ਕਰੇ ਸਫ਼ਾਈਆ। ਸੁਰਸਤੀ ਕਹੇ ਮੈਂ ਹੈਰਾਨ ਹੋ ਗਈ ਅਚੰਭਾ, ਹੈਰਾਨੀ ਮੇਰੇ ਅੰਦਰ ਆਈਆ। ਜਮਨਾ ਕਹੇ ਮੈਨੂੰ ਕ੍ਰਿਸ਼ਨ ਦਾ ਸਮਾਂ ਨਹੀਂ ਦਿਸਦਾ ਲੰਬਾ, ਲਮਹ ਲਮਹ ਖੋਜ ਖੁਜਾਈਆ। ਝਟ ਕਲਜੁਗ ਆ ਗਿਆ ਮੋਢੇ ਹਿਲਾਵੇ ਨਾਲੇ ਹਲੂਣੇ ਕੰਧਾ, ਭੁਜਾਂ ਭੁਜਾਂ ਤੋਂ ਬਿਨਾ ਹਿਲਾਈਆ। ਨੀ ਚਾਰੇ ਦੱਸੋ ਤੁਹਾਡੇ ਵਿਚੋਂ ਕਿਸ ਦਾ ਅੰਮ੍ਰਿਤ ਰਹਿ ਗਿਆ ਠੰਡਾ, ਜਲ ਧਾਰਾ ਨਾਲ ਵਡਿਆਈਆ। ਕਿਹੜਾ ਪਵਿਤ੍ਰ ਰਹਿ ਗਿਆ ਪੰਡਾ, ਗਾਇਤਰੀ ਮੰਤਰ ਕਵਣ ਸੁਣਾਈਆ। ਤੁਹਾਡੇ ਕੰਢੇ ਘਾਟਾਂ ਉਤੇ ਤੁਹਾਡੇ ਸਾਹਮਣੇ ਲੈਂਦੇ ਚੰਦਾ, ਜਗਤ ਮਾਇਆ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਾਦਰੋਂ ਕਹੇ ਮੈਂ ਇਕੋ ਪੁਛਣ ਆਇਆ ਸਲਾਹ, ਸ਼ੰਕਰਾ ਮਸ਼ਵਰਾ ਦੇਣਾ ਜਣਾਈਆ। ਕਿਹੜੀ ਮੰਜ਼ਲ ਕਿਹੜਾ ਸਚਾ ਰਾਹ, ਰਹਿਬਰ ਕਵਣ ਅਖਵਾਈਆ। ਸ਼ੰਕਰ ਕਹੇ ਭਾਦਰੋਂ ਉਹ ਮੇਰਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਬਣੇ ਮਲਾਹ, ਬੇੜੇ ਸਭ ਦੇ ਕੰਧ ਉਠਾਈਆ। ਜਿਸ ਨੂੰ ਸਾਰਿਆਂ ਕਿਹਾ ਵਾਹ ਵਾਹ, ਵਾਹਿਗੁਰੂ ਕਹਿ ਕੇ ਸੀਸ ਨਿਵਾਈਆ। ਉਹ ਲਹਿਣਾ ਦੇਣਾ ਜਾਣੇ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਜਿਸ ਦੀ ਆਸ਼ਾ ਰਖ ਕੇ ਬੈਠੀ ਧਰਨੀ ਮਾਂ, ਮਮਤਾ ਵਿਚ ਰਹੀ ਕੁਰਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅੰਤਮ ਪਕੜ ਲੈ ਬਾਂਹ, ਬਾਜ਼ੂ ਤੇਰੇ ਹੱਥ ਫੜਾਈਆ। ਮੇਰੇ ਉਤੋਂ ਮੇਟ ਦੇ ਗੁਨਾਹ, ਗ਼ੁਰਬਤ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵਾਂ ਬੁੱਧੀ

ਨਾ ਰਹੇ ਕਾਂ, ਕਾਗ ਹੰਸ ਦੇ ਬਣਾਈਆ। ਨਾ ਕੋਈ ਸੂਰ ਖਾਏ ਨਾ ਗਾਂ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਤੂੰ ਅਮਾਮ ਅਮਾਮਾਂ ਪੈਗ਼ੰਬਰਾਂ ਦਾ ਰਹਿਨੁਮਾ, ਕ਼ਦਮ ਬੋਸੀ ਵਿਚ ਸੀਸ ਨਿਵਾਈਆ। ਮੇਰੇ ਨੂਰ ਅਲਾਹ ਜ਼ਮਨੂ ਜ਼ਵੀ ਕੁਨਿਸਤੇ ਦੁਆ ਜੰਬਾ ਇਸਤੀ ਜ਼ਊ ਨੂਰੇ ਖ਼ੁਦਾ, ਖ਼ੁਦ ਮਾਲਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਇਕ ਦਰਸਾਈਆ। ਭਾਦਰੋਂ ਕਹੇ ਮੇਰੇ ਸਤਿਗੁਰ ਸ਼ਬਦ ਸਾਜਣਾ, ਮਿਤਰਾ ਤੇਰੇ ਹੱਥ ਵਡਿਆਈਆ। ਮੇਰੇ ਸ਼ਾਹੋ ਭੂਪ ਰਾਜ ਰਾਜਨਾ, ਸ਼ਹਿਨਸ਼ਾਹ ਤੇਰੀ ਸਰਨਾਈਆ। ਤੂੰ ਕਲਜੁਗ ਅੰਤਮ ਸਵਾਰੀਂ ਕਾਜਨਾ, ਕਰਤਾ ਪੁਰਖ ਜੋ ਦ੍ਰਿੜਾਈਆ। ਵੇਖੀਂ ਕਿਤੇ ਵਣਜ ਨਾ ਕਰੀਂ ਵਾਂਗ ਮਹਾਜਨਾਂ, ਸੂਦ ਅਸਲ ਨਾਲ ਵਡਿਆਈਆ। ਮੇਰੇ ਸਤਿਗੁਰ ਸ਼ਬਦ ਤੇਰੀ ਕਿਰਪਾ ਬਿਨਾ ਕਿਸੇ ਨਹੀਂ ਜਾਗਣਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਤੂੰ ਅੰਤਰ ਨਿਰੰਤਰ ਬਿਨ ਰਸਨਾ ਜਿਹਵਾ ਮਾਰਨੀ ਆਵਾਜ਼ਨਾ, ਸੁਰਤੀ ਸ਼ਬਦ ਸ਼ਬਦ ਨਾਲ ਉਠਾਈਆ। ਸਚ ਪਿਆਰ ਦਾ ਬਖ਼ਸ਼ੀਂ ਵੈਰਾਗਨਾ, ਵੈਰੀ ਅੰਦਰੋਂ ਬਾਹਰ ਕਢਾਈਆ। ਤੇਰੀ ਕਿਰਪਾ ਨਾਲ ਕਲਜੁਗ ਕੂੜ ਕੁੜਿਆਰ ਤਿਆਗਣਾ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਤੂੰ ਆਤਮ ਪਰਮਾਤਮ ਬਣਨਾ ਕੰਤ ਸੁਹਾਗਣਾ, ਸੇਜ ਸੁਹੰਜਣੀ ਦੇਣੀ ਵਡਿਆਈਆ। ਮੇਰੇ ਮੋਹਣ ਮਾਧਵ ਮਾਧਨਾ, ਮਧੁਰ ਧੁਨ ਦੇਣੀ ਸੁਣਾਈਆ। ਮੇਰਾ ਅੰਤ ਸਵਾਰੀਂ ਕਾਜਨਾ, ਕਰਨੀ ਦੇ ਕਰਤੇ ਤੇਰੀ ਓਟ ਤਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਬਦਲ ਸਮਾਜਨਾ, ਇਕੋ ਆਪਣਾ ਰੰਗ ਰੰਗਾਈਆ। ਚਾਰੋਂ ਕੁੰਟ ਨਾ ਫਿਰੇ ਭਾਜਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਸਤਿਗੁਰ ਸ਼ਬਦ ਕਿਹਾ ਸੁਣ ਭਾਦਰੋਂ ਤੇਰੀ ਪੂਰੀ ਕਰਾਂ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਤੇਰੇ ਪਿਆਰ ਦੀ ਹੋਵੇ ਕਦਰ, ਕ਼ੁਦਰਤ ਦਾ ਕ਼ਾਦਰ ਦਏ ਵਡਿਆਈਆ। ਤੂੰ ਸੁਣਨੀ ਧੁਨ ਮਧੁਰ, ਮਧ ਸੂਦਨ ਹੋ ਕੇ ਦਿਆਂ ਜਣਾਈਆ। ਪਰ ਯਾਦ ਰਖੀਂ ਭਾਦਰੋਂ ਜਦੋਂ ਤਿੰਨਾਂ ਦੇਸ਼ਾਂ ਦਾ ਸ਼ੁਰੂ ਹੋਇਆ ਗ਼ਦਰ, ਤੇਰਾ ਪਰਵਿਸ਼ਟਾ ਸੋਹਣਾ ਨਜ਼ਰੀ ਆਈਆ। ਫੇਰ ਹਾੜ ਸਤਾਰਾਂ ਅਗੇ ਲੱਗੇ ਵਧਣ, ਦੋਹਾਂ ਨੇ ਭੱਜਣਾ ਵਾਹੋ ਦਾਹੀਆ। ਬੇਸ਼ਕ ਤੁਹਾਡਾ ਦਿਸਦਾ ਨਹੀਂ ਬਦਨ, ਤਨ ਵਜੂਦ ਨਾ ਕੋਇ ਰਖਾਈਆ। ਦੋਵੇਂ ਇਸ਼ਾਰਾ ਦੇ ਦਿਉ ਕੀ ਖੇਲ ਹੋਵੇ ਵਿਚ ਅਦਨ, ਮੁਹੰਮਦ ਲੈ ਰਿਹਾ ਅੰਗੜਾਈਆ। ਕਿਸ ਬਿਧ ਮੂਸਾ ਧਾਰ ਆਪਣਾ ਪ੍ਰੇਮ ਆਵੇ ਛਡਣ, ਧਰਨੀ ਧਰਤ ਧਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਿਹਾ ਭਾਦਰੋਂ ਕਰ ਲੈ ਸਬਰ, ਸਾਵਰੀਆ ਦਏ ਵਡਿਆਈਆ। ਜੋ ਆਦਿ ਜੁਗਾਦੀ ਗਹਿਰ ਗਵਰ, ਗੰਭੀਰ ਬੇਨਜ਼ੀਰ ਇਕ ਅਖਵਾਈਆ। ਜਿਸ ਦੀ ਆਸ਼ਾ ਰਖ ਕੇ ਬੈਠੀ ਮੁਹੰਮਦ ਦੀ ਲਾਸ਼ ਵਿਚ ਕ਼ਬਰ, ਮਕ਼ਬਰਿਆਂ ਬਾਹਰ ਨੈਣ ਉਠਾਈਆ। ਉਹ ਅੰਤ ਆਵੇ ਕਰਨ ਅਦਲ, ਇਨਸਾਫ਼ ਆਪਣਾ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਦੇਵੇ ਬਦਲ, ਬਦਲਾ ਚੁਕੇ ਥਾਉਂ ਥਾਈਂਆ। ਸ਼ਰਅ ਦੀ ਧਾਰ ਸ਼ਰਅ ਕਰੇ ਕ਼ਤਲ, ਕ਼ਾਤਲ ਮਕ਼ਤੂਲ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਪਰਗਟਾਈਆ। ਭਾਦਰੋਂ ਕਹੇ ਮੇਰਾ ਸਤਿਗੁਰ ਸ਼ਬਦ ਅਗੇ ਹਾੜਾ, ਨਿਵ ਨਿਵ ਲਾਗਾਂ ਪਾਈਆ। ਮੇਰਾ ਖ਼ੁਸ਼ੀਆਂ ਵਾਲਾ ਦਿਹਾੜਾ, ਲੋਕਮਾਤ ਵਜੀ ਵਧਾਈਆ। ਜਨ ਭਗਤਾਂ ਲੱਗਾ ਅਖਾੜਾ, ਦਰ ਠਾਂਢੇ ਸੋਭਾ ਪਾਈਆ।

ਜਿਨ੍ਹਾਂ ਦਾ ਪੁਰਖ ਅਕਾਲ ਅਗੰਮੀ ਲਾੜਾ, ਦੂਜਾ ਕੰਤ ਨਾ ਕੋਇ ਹੰਢਾਈਆ। ਜੋ ਆਤਮ ਅੰਤਰ ਰੰਗ ਚਾੜ੍ਹੇ ਗਾੜ੍ਹਾ, ਆਦਿ ਜੁਗਾਦਿ ਉਤਰ ਕਦੇ ਨਾ ਜਾਈਆ। ਜੋ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰਾਂ ਵੇਖ ਵਖਾਈਆ। ਜੋ ਪਰਕਾਸ਼ ਦੇਵੇ ਬਹੱਤਰ ਨਾੜਾ, ਨਾੜੀ ਨਾੜੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਭਾਦਰੋਂ ਕਹੇ ਮੇਰੀ ਆਸ਼ਾ ਇਕੋ ਤਮੰਨਾ, ਜਨ ਭਗਤੋ ਦਿਆਂ ਜਣਾਈਆ। ਉਹ ਲੇਖਾ ਪੂਰਾ ਹੋਣਾ ਜੋ ਗੋਬਿੰਦ ਲਾਇਆ ਕੰਨਾ, ਕਾਇਨਾਤ ਸਮਝ ਕੋਇ ਨਾ ਆਈਆ। ਜਿਸ ਕਾਰਨ ਸਤਿਗੁਰ ਸ਼ਬਦ ਦਾ ਹੁਕਮ ਮੰਨਾ, ਮਨਸਾ ਜਗਤ ਨਾ ਕੋਇ ਜਣਾਈਆ। ਜਿਸ ਧਾਰ ਵਿਚੋਂ ਪਰਗਟਿਆ ਨੂਰੀ ਚੰਦ ਚੰਨਾ, ਗੋਬਿੰਦ ਧੁਰ ਦਾ ਮਾਹੀਆ। ਉਹ ਮੇਟਣ ਆਇਆ ਹੱਦ ਬੰਨਾ, ਬੰਧਨ ਰਹਿਣ ਕੋਇ ਨਾ ਪਾਈਆ। ਜਿਸ ਦਾ ਵਸੇਰਾ ਬਿਨਾ ਛੱਪਰ ਛੰਨਾ, ਜਗਤ ਮਹਲ ਨਾ ਕੋਇ ਰਖਾਈਆ। ਉਹ ਵਸਣਹਾਰਾ ਭਗਤਾਂ ਤਨਾਂ, ਸਾਢੇ ਤਿੰਨ ਹੱਥ ਡੇਰਾ ਲਾਈਆ। ਜਿਸ ਦਾ ਮਾਰਗ ਇਕੋ ਨਵਾਂ, ਨਵਖੰਡ ਪ੍ਰਿਥਮੀ ਰਿਹਾ ਸਮਝਾਈਆ। ਇਕੋ ਜੋਤ ਜਗਾਵੇ ਸ਼ਮਅ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦੀ ਧਾਰ ਵਿਚੋਂ ਸਤਿਜੁਗ ਹੋਇਆ ਰਵਾਂ, ਕਲਜੁਗ ਆਪਣਾ ਪੰਧ ਮੁਕਾਈਆ। ਉਸੇ ਦੇ ਗੁਣ ਗਵਾਂ, ਗਾ ਗਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਭਾਦਰੋਂ ਕਹੇ ਜਨ ਭਗਤੋ ਮੇਰਾ ਖੇਲ ਆਦਿ ਜੁਗਾਦਿ ਨਿਤ ਨਵਿਤ, ਪ੍ਰਭ ਦਾ ਭੇਵ ਚੁਕਾਈਆ। ਜੋ ਸਭ ਦੇ ਨਾਲ ਕਰੇ ਹਿਤ, ਹਿਤਕਾਰੀ ਧੁਰਦਰਗਾਹੀਆ। ਠਗੌਰੀ ਰਹਿਣ ਨਾ ਦੇਵੇ ਚਿਤ, ਕੂੜੀ ਕਿਰਿਆ ਬਾਹਰ ਕਢਾਈਆ। ਧੁਰ ਦਾ ਬਣ ਕੇ ਪਰਮੇਸ਼ਵਰ ਪਿਤ, ਪੂਤ ਸਪੂਤੇ ਗੋਦ ਉਠਾਈਆ। ਉਸ ਦੀ ਕਿਰਪਾ ਨਾਲ ਮਾਨਸ ਜਨਮ ਜਾਣਾ ਜਿਤ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਸਾਚੀ ਸੇਜਾ ਜਾਣਾ ਲਿਟ, ਸਚ ਸਿੰਘਾਸਣ ਡੇਰਾ ਲਾਈਆ। ਜਿਥੇ ਨਾ ਕੋਇ ਪੱਥਰ ਇੱਟ, ਪਾਹਨਾ ਸੀਸ ਨਾ ਕੋਇ ਝੁਕਾਈਆ। ਨਾ ਕੋਈ ਬੂੰਦ ਨਾ ਕੋਈ ਰਿਤ, ਰਕਤ ਵੇਖਣ ਕੋਇ ਨਾ ਜਾਈਆ। ਨਾ ਕੋਈ ਵਾਰ ਨਾ ਕੋਈ ਥਿਤ, ਘੜੀ ਪਲ ਨਾ ਵੰਡ ਵੰਡਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਜੋ ਸਭ ਦੇ ਵਸੇ ਵਿਚ, ਵਿਚੋਲਾ ਸਤਿਗੁਰ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਇਕ ਵਡਿਆਈਆ। ਭਾਦਰੋਂ ਕਹੇ ਮੇਰਾ ਸੋਹਣਾ ਚੜ੍ਹਿਆ ਮਹੀਨਾ, ਮਹਿਫ਼ਲ ਭਗਤਾਂ ਵੇਖ ਵਖਾਈਆ। ਮੈਂ ਨਿਗਾਹ ਮਾਰੀ ਲੋਕ ਤੀਨਾ, ਤ੍ਰੈਲੋਕੀ ਵੇਖ ਵਖਾਈਆ। ਧਰਤੀ ਉਤੇ ਵੇਖਿਆ ਕਿਸ ਬਿਧ ਕਲਜੁਗ ਜੀਵਾਂ ਜੀਣਾ, ਜੀਵਣ ਜੁਗਤੀ ਹੱਥ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰੋਂ ਕੁੰਟ ਵਜੇ ਹੰਕਾਰੀ ਬੀਨਾ, ਬੇਨੰਤੀ ਵਿਚ ਸੀਸ ਨਾ ਕੋਇ ਨਿਵਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਹੋਇਆ ਕਮੀਨਾ, ਕੂੜੀ ਕਿਰਿਆ ਨਾ ਕੋਇ ਤਜਾਈਆ। ਜਗਤ ਜਗਿਆਸੂਆਂ ਮੁਸ਼ਕਲ ਹੋ ਗਿਆ ਜੀਣਾ, ਜ਼ਿੰਦਗੀ ਵਿਚੋਂ ਜ਼ਿੰਦਗੀ ਨਾ ਕੋਇ ਬਦਲਾਈਆ। ਕਾਇਆ ਚੋਲੀ ਚਾੜ੍ਹੇ ਰੰਗ ਕੋਈ ਨਾ ਭੀਨਾ, ਭਿੰਨੜੀ ਰੈਣ ਨਾ ਖ਼ੁਸ਼ੀ ਬਣਾਈਆ। ਠਾਂਢਾ ਹੋਏ ਕਿਸੇ ਨਾ ਸੀਨਾ, ਅਗਨੀ ਤਤ ਨਾ ਕੋਇ ਬੁਝਾਈਆ। ਮਾਰੂਥਲ ਤਪੇ ਜ਼ਮੀਨਾ, ਸਚ ਮੇਘ ਨਜ਼ਰ ਕੋਇ ਨਾ ਆਈਆ। ਸਤਿ ਧਰਮ ਚਾਰੋਂ ਕੁੰਟ ਗਿਆ ਛੀਨਾ, ਉੱਤਰ ਪੂਰਬ ਪੱਛਮ ਦੱਖਣ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਭਾਦਰੋਂ ਕਹੇ ਜਨ ਭਗਤੋ ਦੋਵੇਂ ਸਵਾਰੋ ਭੁਜਾਂ, ਭੁਯੰਗੀਓ ਤੁਹਾਨੂੰ ਦਿਆਂ ਸੁਣਾਈਆ। ਪ੍ਰਭੂ ਦਾ ਖੇਲ ਜੁਗੋ ਜੁਗਾ, ਜੁਗ ਚੌਕੜੀ ਰੀਤੀ ਚਲੀ ਆਈਆ। ਕਲਜੁਗ ਅੰਤਮ ਜੋਤੀ ਧਾਰ ਹੋਇਆ ਉਘਾ, ਉਘਣ ਆਥਣ ਕਰੇ ਰੁਸ਼ਨਾਈਆ। ਜਿਸ ਦੇ ਨਾਮ ਦਾ ਲਏ ਕੋਈ ਨਾ ਭੁੱਗਾ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਮਾਨਵ ਜ਼ਾਤੀ ਇਕੋ ਧਰਮ ਦਾ ਦਿਸੇ ਮੁੱਦਾ, ਮੁਦਤਾਂ ਦਾ ਡੇਰਾ ਢਾਹੀਆ। ਖੇਲ ਕਰੇ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਰੁਸ਼ਨਾਈਆ। ਧਰਮ ਦਾ ਦੀਪਕ ਫੇਰ ਜਗਾਏ ਬੁੱਝਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੁਆਮੀ ਇਕ ਅਖਵਾਈਆ। ਭਾਦਰੋਂ ਕਹੇ ਜਨ ਭਗਤੋ ਮੇਰੀ ਸਭ ਦੇ ਅਗੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸਭ ਦਾ ਇਕੋ ਮਿਤਰ ਮੁਰਾਰ, ਮੀਤ ਮੁਰਾਰਾ ਇਕ ਅਖਵਾਈਆ। ਜਿਸ ਨੂੰ ਕਹਿੰਦੇ ਸਾਂਝਾ ਯਾਰ, ਯਾਰੜਾ ਨੂਰ ਅਲਾਹੀਆ। ਉਸ ਦੇ ਸਭ ਕੁਛ ਅਖ਼ਤਿਆਰ, ਆਖ਼ਰ ਆਪਣਾ ਹੁਕਮ ਵਰਤਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਖੇ ਚਾਈਂ ਚਾਈਂਆ। ਸੋ ਕਲਜੁਗ ਅੰਤ ਜੋਤੀ ਜਾਤਾ ਹੋ ਕੇ ਦਏ ਦੀਦਾਰ, ਨਿਰਗੁਣ ਨਿਰਾਕਾਰ ਨਿਰੰਕਾਰ ਦਇਆ ਕਮਾਈਆ। ਤੁਹਾਡੀ ਸਭ ਦੀ ਮਨਜ਼ੂਰ ਕਰੇ ਨਿਮਸਕਾਰ, ਡੰਡਾਵਤ ਬੰਦਨਾ ਆਪਣੇ ਲੇਖੇ ਪਾਈਆ। ਸਭ ਦੇ ਰੋਗ ਸੋਗ ਦੁਖ ਦਏ ਨਿਵਾਰ, ਚਿੰਤਾ ਚਿਖਾ ਗ਼ਮੀ ਵਿਚੋਂ ਬਾਹਰ ਕਢਾਈਆ। ਲੱਖ ਚੁਰਾਸੀ ਵਿਚੋਂ ਕਰੇ ਪਾਰ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਤੁਸੀਂ ਉਸ ਪ੍ਰਭੂ ਦੇ ਬਣ ਗਏ ਯਾਰ, ਜਿਸ ਦਾ ਯਰਾਨਾ ਸਕੇ ਨਾ ਕੋਇ ਤੁੜਾਈਆ। ਤੁਸੀਂ ਉਸ ਦੇ ਪ੍ਰੇਮ ਦੀ ਆਤਮ ਧਾਰ, ਧਰਮੀਉਂ ਤੁਹਾਨੂੰ ਦਿਆਂ ਜਣਾਈਆ। ਤੁਹਾਡਾ ਸਤਿ ਸਰੂਪ ਨਾ ਪੁਰਖ ਨਾ ਨਾਰ, ਇਸਤਰੀ ਮਰਦ ਨਾ ਵੰਡ ਵੰਡਾਈਆ। ਇਕੋ ਜੋਤ ਜੋਤ ਦੀ ਧਾਰ, ਦੂਸਰ ਰੂਪ ਨਾ ਕੋਇ ਦਰਸਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਤੁਹਾਡੀ ਪਾਵੇ ਸਾਰ, ਪੁਰਖ ਅਬਿਨਾਸ਼ੀ ਹੋ ਕੇ ਵੇਖ ਵਖਾਈਆ। ਭਾਦਰੋਂ ਕਹੇ ਜਨ ਭਗਤੋ ਪ੍ਰਭੂ ਦੇ ਨਾਲ ਕਾਹਦਾ ਤਕਰਾਰ, ਝਗੜਾ ਕੰਮ ਕਿਸੇ ਨਾ ਆਈਆ। ਜਿਹੜਾ ਵੇਂਹਦਿਆਂ ਵੇਂਹਦਿਆਂ ਹੋ ਜਾਵੇ ਫ਼ਰਾਰ, ਚਾਰੇ ਕੂਟਾਂ ਨਜ਼ਰ ਕੋਇ ਨਾ ਆਈਆ। ਜਿਹੜਾ ਖ਼ੁਸ਼ੀਆਂ ਨਾਲ ਕਰੇ ਇਜ਼ਹਾਰ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਇਸ ਦਾ ਮੇਲਾ ਮਿਤਰਾ ਕੋਈ ਸਾਲ ਦੋ ਕਿ ਚਾਰ, ਚੌਥਾ ਜੁਗ ਦਏ ਗਵਾਹੀਆ। ਇਹ ਵਿਛੜਨ ਵਾਲਾ ਸੰਸਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਉਹ ਵੇਖੋ ਕਾਅਬਿਆਂ ਉਡਦੀ ਛਾਰ, ਮੱਕਾ ਮਦੀਨਾ ਰਹੇ ਕੁਰਲਾਈਆ। ਚੜ੍ਹਦਾ ਰੋਵੇ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਦੱਖਣ ਪਹਾੜ ਰਹੇ ਪੁਕਾਰ, ਸਾਡੀ ਚਲੇ ਨਾ ਕੋਇ ਚਤੁਰਾਈਆ। ਰੂਸਾ ਚੀਨਾ ਰਹੇ ਵੰਗਾਰ, ਉਚੀ ਕੂਕ ਕੂਕ ਸੁਣਾਈਆ। ਸ੍ਰਿਸ਼ਟੀ ਵਿਚ ਖੇਲ ਹੋਣਾ ਅਪਾਰ, ਅਪਰੰਪਰ ਸੁਆਮੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਪਰਗਟਾਈਆ। ਭਾਦਰੋਂ ਕਹੇ ਜਨ ਭਗਤੋ ਮੇਰੀਆਂ ਦੁਨੀਆ ਵਾਲੀਆਂ ਨਹੀਂ ਦਲੀਲਾਂ, ਜਗਿਆਸੂਆਂ ਵਾਲੀ ਨਾ ਕੋਇ ਪੜ੍ਹਾਈਆ। ਪ੍ਰਭੂ ਦੇ ਦੁਆਰੇ ਹੁੰਦੀਆਂ ਨਹੀਂ ਅਪੀਲਾਂ, ਵੁਕਲਾ ਨਜ਼ਰ ਕੋਇ ਨਾ ਆਈਆ। ਬਿਨਾ ਸਤਿਗੁਰ ਸ਼ਬਦ ਤੋਂ ਹੋਰ ਨਹੀਂ ਵਸੀਲਾ, ਜਗਤ ਵਿਸ਼ਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਪਰਗਟਾਈਆ। ਭਾਦਰੋਂ ਕਹੇ ਜਨ ਭਗਤੋ

ਮੇਰਾ ਬਚਨ ਮਿਤਰੋ ਸਚਾ, ਸਚ ਦਿਆਂ ਜਣਾਈਆ। ਮੈਨੂੰ ਦੱਸ ਕੇ ਗਿਆ ਗੋਬਿੰਦ ਪੁਰਖ ਅਕਾਲ ਦਾ ਬੱਚਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਕਲਜੁਗ ਅੰਤਮ ਭਾਂਡਾ ਦਿਸਦਾ ਕੱਚਾ, ਠੀਕਰ ਭੰਨੇ ਬੇਪਰਵਾਹੀਆ। ਜਿਹੜਾ ਕੂੜ ਵਿਕਾਰ ਹੋ ਕੇ ਘਰ ਘਰ ਅੰਦਰ ਨੱਚਾ, ਵੇਸਵਾ ਧਾਰ ਖੇਲ ਖਿਲਾਈਆ। ਮਾਇਆ ਮਮਤਾ ਰੂਪ ਹੋ ਕੇ ਲੂੰ ਲੂੰ ਰਚਾ, ਤਨ ਵਜੂਦਾਂ ਗਿਆ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਖੇਲ ਖਿਲਾਈਆ। ਕਲਜੁਗ ਕਹੇ ਭਾਦਰੋਂ ਤੂੰ ਕਿਉਂ ਮੇਰੀ ਕਰੇਂ ਬਦਨਾਮੀ, ਸੋਹਣਿਆ ਦੇ ਸਮਝਾਈਆ। ਮੈਂ ਪ੍ਰਭੂ ਦਾ ਪੁਤ ਅਨਾਮੀ, ਚੌਥਾ ਜੁਗ ਅਖਵਾਈਆ। ਮੈਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀ ਸਲਾਮੀ, ਦੂਰੋਂ ਵੇਖੀ ਚਾਈਂ ਚਾਈਂਆ। ਮੇਰਾ ਤਕ ਲੈ ਅੰਧੇਰਾ ਸ਼ਾਮੀ, ਨੂਰੀ ਜੋਤ ਨਾ ਕੋਇ ਰੁਸ਼ਨਾਈਆ। ਦੁਨੀਆ ਤਕ ਲੈ ਮੈਂ ਸ਼ਰਅ ਦੀ ਬਣਾਈ ਗ਼ੁਲਾਮੀ, ਜ਼ੰਜੀਰ ਬਿਨ ਤੰਦਾਂ ਤੰਦ ਛੁਹਾਈਆ। ਮੇਰੀ ਸਭ ਤੋਂ ਵਖਰੀ ਕਹਾਣੀ, ਕਹਾਵਤ ਦਿਆਂ ਦ੍ਰਿੜਾਈਆ। ਮੇਰੇ ਉਤੇ ਪੁਰਖ ਅਕਾਲ ਕੀਤੀ ਮਿਹਰਵਾਨੀ, ਮਿਹਰਵਾਂ ਹੋਇਆ ਬੇਪਰਵਾਹੀਆ। ਮੇਰੀ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਸਾਰਿਆਂ ਦਿਤੀ ਨਿਸ਼ਾਨੀ, ਅਵਤਾਰਾਂ ਨਿਸ਼ਾਨੇ ਦਿਤੇ ਵਖਾਈਆ। ਸਤਿਗੁਰ ਸ਼ਬਦ ਮੈਨੂੰ ਸੰਦੇਸ਼ਾ ਦਿਤਾ ਜ਼ਬਾਨੀ, ਬਿਨ ਕ਼ਾਗਜ਼ ਕ਼ਲਮ ਸ਼ਾਹੀ ਲਿਖਾਈਆ। ਕਲਜੁਗ ਤੇਰੀ ਚੜ੍ਹਦੀ ਹੋਵੇ ਜਵਾਨੀ, ਚੜ੍ਹਦੇ ਲਹਿੰਦੇ ਤੇਰੀ ਵਜੇ ਵਧਾਈਆ। ਤੇਰੇ ਵਿਚ ਅੰਤ ਮੰਜ਼ਲ ਰਹੇ ਨਾ ਕੋਇ ਰੂਹਾਨੀ, ਰੂਹ ਬੁਤ ਸਾਰੇ ਰੋਵਣ ਮਾਰਨ ਧਾਹੀਆ। ਕਲਜੁਗ ਕਹੇ ਭਾਦਰੋਂ ਮੈਂ ਵੇਖੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਦਇਆ ਕਮਾਈਆ। ਕਲਜੁਗ ਕਹੇ ਭਾਦਰੋਂ ਮੈਨੂੰ ਪ੍ਰਭ ਨੇ ਦਿਤਾ ਮਾਣ, ਜੋ ਨਿਮਾਣਿਆਂ ਹੋਏ ਸਹਾਈਆ। ਮੈਂ ਉਸੇ ਦਾ ਗਾਵਾਂ ਗਾਣ, ਉਸੇ ਦਾ ਢੋਲਾ ਤੈਨੂੰ ਦਿਆਂ ਸੁਣਾਈਆ। ਮੈਂ ਕੋਈ ਬਾਲ ਨਹੀਂ ਅੰਞਾਣ, ਬੁਧਹੀਣ ਨਾ ਕੋਇ ਅਖਵਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਨਾਲੋਂ ਸ਼ੈਤਾਨ, ਜਿਸ ਸ਼ਰਅ ਦੀ ਸ਼ਰਅ ਨਾਲ ਕੀਤੀ ਲੜਾਈਆ। ਮੇਰਾ ਭੇਦ ਪਾ ਸਕੇ ਨਾ ਕੋਇ ਇਨਸਾਨ, ਬੁਧੀ ਮਤਿ ਨਾ ਕੋਇ ਚਤੁਰਾਈਆ। ਮੈਂ ਪਿਤਾ ਪੂਤ ਕੀਤੇ ਇਕ ਦੂਜੇ ਤੋਂ ਬੇਈਮਾਨ, ਬੇਵਾ ਕੀਤੀ ਖ਼ਲਕ ਖ਼ੁਦਾਈਆ । ਆਪਣੇ ਮਾਲਕ ਨੂੰ ਸਕੇ ਨਾ ਕੋਈ ਪਛਾਣ, ਇਹ ਮੇਰੀ ਬੇਪਰਵਾਹੀਆ। ਮੈਂ ਸਾਰਿਆਂ ਦੇ ਕਾਇਆ ਮੰਦਰ ਵੜਿਆ ਵਿਚ ਮਕਾਨ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਮੇਰੇ ਹੁੰਦਿਆਂ ਬੇਸ਼ਕ ਸਾਰੀ ਸ੍ਰਿਸ਼ਟੀ ਗਾਏ ਨਾਲ ਜ਼ਬਾਨ, ਹਿਰਦੇ ਸਕੇ ਨਾ ਕੋਇ ਵਸਾਈਆ। ਕਿਉਂ ਮੈਂ ਕਲਜੁਗ ਕੂੜ ਕੁੜਿਆਰ ਸਤਿ ਦਾ ਬਣਿਆ ਮਹਿਮਾਨ, ਘਰ ਘਰ ਅੰਦਰ ਆਪਣਾ ਡੇਰਾ ਲਾਈਆ। ਮੈਂ ਜੂਠ ਝੂਠ ਦਾ ਜੀਵਾਂ ਜਗਿਆਸੂਆਂ ਦਿਤਾ ਦਾਨ, ਭਿਛਿਆ ਬਿਨਾ ਇਛਿਆ ਦਿਤੀ ਵਰਤਾਈਆ। ਉਹ ਮੇਰੇ ਹੁੰਦਿਆਂ ਕਿਸੇ ਦੀ ਸੁਰਤ ਜੁੜੇ ਨਾ ਨਾਲ ਸੀਤਾ ਰਾਮ, ਰਾਧੇ ਕਾਹਨ ਨਜ਼ਰ ਕਿਸੇ ਨਾ ਆਈਆ। ਹਕ਼ੀਕ਼ੀ ਪੀ ਸਕੇ ਕੋਈ ਨਾ ਜਾਮ, ਧੁਰ ਅਮਾਮ ਵੇਖੇ ਕੋਇ ਨਾ ਚਾਈਂ ਚਾਈਂਆ। ਮੇਰਾ ਖੇਲ ਮਿਟਾ ਨਾ ਸਕੇ ਸਤਿਨਾਮ, ਸਤਿ ਸਚ ਨਾਲ ਮੇਰਾ ਝੂਠ ਲਏ ਅੰਗੜਾਈਆ। ਮੈਂ ਫ਼ਤਿਹ ਦਾ ਡੰਕਾ ਵਜਾਇਆ ਵਿਚ ਜਹਾਨ, ਆਪ ਆਪਣਾ ਬਲ ਪਰਗਟਾਈਆ। ਜ਼ਰਾ ਸੁਣਨਾ ਲਾ ਕੇ ਕਾਨ, ਆਪਣਾ ਲੇਖਾ ਦਿਆਂ ਸਮਝਾਈਆ। ਮੈਂ ਸਾਰੇ ਇਨਸਾਨ ਬਣਾਉਣੇ ਹੈਵਾਨ, ਇਨਸਾਨ ਹੈਵਾਨ ਇਕ ਦੂਜੇ ਦਾ ਭੇਵ ਕੋਇ ਨਾ ਆਈਆ। ਚਾਰ ਸਾਲ ਤੋਂ ਬਾਦ ਪਤਾ ਨਹੀਂ ਕਿਸੇ ਦੇਸ਼ ਦਾ ਕੋਈ ਨਹੀਂ ਰਹਿਣਾ ਪ੍ਰਧਾਨ, ਵਾਗ ਡੋਰ

ਹੱਥ ਨਾ ਕੋਇ ਉਠਾਈਆ। ਕਲਜੁਗ ਕਹੇ ਫੇਰ ਮੈਂ ਬੈਠਾਂਗਾ ਨਾਲ ਆਰਾਮ, ਘਟ ਘਟ ਦੇ ਅੰਦਰ ਆਪਣਾ ਆਸਣ ਲਾਈਆ। ਨਾਲੇ ਰੂਹ ਦਾ ਪਿਆਵਾਂਗਾ ਜਾਮ, ਜਮਾਂ ਨੂੰ ਸੱਦਾ ਦੇਵਾਂ ਉਏ ਆਓ ਚਾਈਂ ਚਾਈਂਆ। ਉਸ ਵੇਲੇ ਰਾਏ ਧਰਮ ਮੈਨੂੰ ਮੰਨੇਗਾ ਭਗਵਾਨ, ਵਾਹ ਕਲਜੁਗ ਤੇਰੀ ਵਜੀ ਵਧਾਈਆ। ਲਾੜੀ ਮੌਤ ਮੇਰੇ ਚਰਨਾਂ ਵਿਚ ਆਣ ਕਰੇ ਪਰਨਾਮ, ਬਿਨਾ ਧੂੜੀਉਂ ਖ਼ਾਕ ਰਮਾਈਆ। ਮੜ੍ਹੀ ਗੋਰ ਮੈਂ ਸਭ ਦੇ ਬਣਾਵਾਂ ਅਸਥਾਨ, ਸੋਹਣੀ ਸੇਜਾ ਦਿਆਂ ਲਿਟਾਈਆ। ਇਹੋ ਆਸ਼ਾ ਰਖੀ ਅਵਤਾਰ ਪੈਗ਼ੰਬਰਾਂ ਗੁਰੂਆਂ ਸਦੀ ਚੌਧਵੀਂ ਦੇਵੇ ਬਿਆਨ, ਬਿਨ ਰਸਨਾ ਢੋਲੇ ਗਾਈਆ। ਕਲਜੁਗ ਕਹੇ ਮੈਂ ਸਭ ਤੋਂ ਚੰਗਾ ਜਿਸ ਦੇ ਵਾਸਤੇ ਧਰਤੀ ਉਤੇ ਆਪ ਆਏ ਭਗਵਾਨ, ਭਗਵਨ ਆਪਣਾ ਰੂਪ ਬਦਲਾਈਆ। ਉਸੇ ਨੂੰ ਪੈਗ਼ੰਬਰਾਂ ਕਿਹਾ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਉਸੇ ਨੂੰ ਸਯਦੇ ਕੀਤੇ ਸਲਾਮ, ਕ਼ਦਮ ਬੋਸੀ ਵਿਚ ਆਪਣਾ ਸ਼ੁਕਰ ਮਨਾਈਆ। ਉਸੇ ਨੂੰ ਕਲ ਕਲਕੀ ਕਹਿ ਕੇ ਅਵਤਾਰਾਂ ਕੀਤਾ ਪਰਵਾਨ, ਨਿਹਕਲੰਕਾ ਆਪਣਾ ਡੰਕ ਵਜਾਈਆ। ਕਲਜੁਗ ਕਹੇ ਭਾਦਰੋਂ ਮੈਨੂੰ ਵੀ ਉਸੇ ਨੇ ਦਿਤਾ ਦਾਨ, ਜੋ ਦਾਤਾ ਦਾਨੀ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਆਦਿ ਜੁਗਾਦਿ ਜੁਗ ਚੌਕੜੀ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਨਿਰਗੁਣ ਆਪਣਾ ਹੁਕਮ ਆਪ ਵਰਤਾਈਆ।