੧੭ ਭਾਦਰੋ ਸ਼ਹਿਨਸ਼ਾਹੀ ਸੰਮਤ ੧੧ ਚਰਨ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਧਰਨੀਏ ਤੂੰ ਕਿਉਂ ਰੋਂਦੀ ਕੁਰਲਾਂਦੀ, ਹਾਹਾਕਾਰ ਵਿਚ ਕਰੇਂ ਹਾਲ ਦੁਹਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸ਼ਬਦ ਗੁਰੂ ਦੀ ਬਾਂਦੀ, ਬੰਦਨਾ ਵਿਚ ਬਹਿ ਕੇ ਇਕੋ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਹਿਣਾ ਗਾਂਦੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰੇ ਉਤੋਂ ਕਲਜੁਗ ਕੂੜ ਕੁੜਿਆਰ ਪ੍ਰਭ ਮਿਟਾਵੇ ਅੰਧੇਰ ਆਂਧੀ, ਅੰਧ ਕੂਪ ਦਾ ਲੇਖਾ ਰਹੇ ਨਾ ਰਾਈਆ। ਝਗੜਾ ਰਹਿਣ ਨਾ ਦੇਵੇ ਸੋਨਾ ਚਾਂਦੀ, ਧੰਨ ਦੌਲਤ ਮਿੱਟੀ ਖ਼ਾਕ ਖ਼ਾਕ ਮਿਲਾਈਆ। ਤੂੰ ਲੋਕਮਾਤ ਮੂਲ ਨਾ ਰਹਿਣਾ ਪਛਤਾਂਦੀ, ਪਸ਼ਚਾਤਾਪ ਨਾ ਕੋਇ ਰਖਾਈਆ। ਖ਼ੁਸ਼ੀਆਂ ਨਾਲ ਸਚ ਦਾ ਰਸ ਰਹਿਣਾ ਪੀਂਦੀ ਖਾਂਦੀ, ਖ਼ਾਕਾ ਦੁਨੀਆ ਨਾ ਕੋਇ ਜਣਾਈਆ। ਜੇ ਤੇਰੀ ਸਾਹਿਬ ਬਿਨਾ ਪਤ ਜਾਂਦੀ, ਪੁਰਖ ਅਕਾਲਾ ਹੋਏ ਸਹਾਈਆ। ਤੈਨੂੰ ਸੁਗੰਦੜੀ ਆਦਿ ਜੁਗਾਦਿ ਗੁਰਾਂ ਦੀ, ਗੁਰੂ ਗੁਰਦੇਵ ਦੇਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਅਵਾਜ਼ ਸੁਣੇ ਦੁਖਾਂ ਵਾਲੀ ਸੁਰਾਂ ਦੀ, ਸੁਰਤੀ ਅਕਾਲ ਮੂਰਤੀ ਅਕਲ ਕਲਧਾਰੀ ਆਪੇ ਵੇਖ ਵਖਾਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਦੀਦਾਰ ਸਿੰਘ ਦੇ ਗ੍ਰਹਿ ਰਾਤ ਨੂੰ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਆਦਿ ਜੁਗਾਦੀ ਸਨਬੰਧੀਆ, ਬੰਦਨਾ ਡੰਡਾਵਤ ਸਯਦਾ ਕਰਕੇ ਸੀਸ ਨਿਵਾਈਆ। ਨਿਰਗੁਣ ਨਿਰਾਕਾਰ ਨਿਰੰਕਾਰ ਮੇਰੇ ਉਤੇ ਤਕ ਲੈ ਸੰਧੀਆ, ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਗਿਆ ਕਰਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਸ਼ਰਅ ਦੀਆਂ ਮੇਟ ਦੇ ਪਾਬੰਦੀਆਂ, ਸ਼ਰੀਅਤ ਇਕ ਦੇਣੀ ਸਮਝਾਈਆ। ਮੈਂ ਤੇਰਾ ਸੁਖ ਮਾਣਾਂ ਅਗੰਮ ਅਨੰਦੀਆ, ਅਨੰਦ ਅਨੰਦ ਦੇ ਮਾਲਕ ਦੇਣਾ ਵਰਤਾਈਆ। ਦੂਈ ਦੁਵੈਤ ਮਿਟਾ ਦੇ ਕੂੜ ਕੁੜਿਆਰ ਦੀਆਂ ਢਾਹ ਦੇ ਕੰਧੀਆਂ, ਮਾਨਸ ਮਾਨਵ ਮਾਨੁਖ ਇਕੋ ਦਰ ਸੁਹਾਈਆ। ਮਹਿਬੂਬ ਹੋ ਕੇ ਲਾ ਲੈ ਅੰਗੀ ਆ, ਅੰਗੀਕਾਰ ਇਕ ਹੋ ਜਾਈਆ। ਜਗਤ ਵਿਕਾਰ ਤਨ ਵਜੂਦ ਵਾਸ਼ਨਾ ਕਢ ਦੇ ਗੰਦੀਆਂ, ਮਾਟੀ ਖ਼ਾਕ ਤੇਰੇ ਨਾਮ ਦੀ ਵਜੇ ਵਧਾਈਆ। ਜੁਗ ਚੌਕੜੀਆਂ ਕੇਤੇ ਮੇਰੇ ਉਤੋਂ ਲੰਘੀਆਂ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਆਪ ਰਖਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਗੁਰੂ ਮਹਾਰਾਜ, ਸਾਹਿਬ ਸਤਿਗੁਰ ਸੀਸ ਨਿਵਾਈਆ। ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਣਾ ਸਮਾਜ, ਸਮਗ੍ਰੀ ਨਾਮ ਸਤਿ ਵਰਤਾਈਆ। ਮਿਹਰਵਾਨ ਹੋ ਕੇ ਮੇਰੇ ਸਵਾਰ ਕਾਜ, ਕਰਨੀ ਦੇ ਕਰਤੇ ਦਇਆ ਕਮਾਈਆ। ਸਤਿ ਧਰਮ ਦਾ ਸਤਿ ਸਤਿਵਾਦੀ ਬਖ਼ਸ਼ ਰਾਜ, ਰਈਅਤ ਆਪਣੇ ਰੰਗ ਰੰਗਾਈਆ। ਤੇਰਾ ਧਰਮ ਲੰਗੜਾ ਲੂਲ੍ਹਾ ਹੋਇਆ ਅਪਾਹਜ, ਨਵ ਸੱਤ ਵੇਖਣਾ ਥਾਉਂ ਥਾਈਂਆ। ਪਰਮ ਪੁਰਖ ਪਰਮਾਤਮ ਮੇਰੀ ਬੇਨੰਤੀ ਮੰਨ ਲੈ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਤੈਨੂੰ ਨਿਰਗੁਣ ਦਾਤੇ ਕਹਿੰਦੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਹੋਣਾ ਸਹਾਈਆ। ਮੈਂ ਬੇਨੰਤੀ ਕਰਦੀ ਨਵ ਸੱਤ ਵਿਚੋਂ ਪੰਜ ਆਬ, ਪੰਚਮ ਦੇ ਮਾਲਕ ਦੇਣੀ ਮਾਣ ਵਡਿਆਈਆ। ਮੇਰਾ ਲੇਖਾ ਲਹਿਣਾ ਦੇਣਾ ਰਹੇ ਨਾ ਦੋ ਦੋ ਆਬ, ਦੋ ਜਹਾਨਾਂ ਆਪਣਾ ਪਰਦਾ ਦੇਣਾ ਖੁਲ੍ਹਾਈਆ। ਮੇਰਾ ਲਹਿਣਾ
ਦੇਣਾ ਤਕੀਂ ਨਾ ਪੁੰਨ ਸੁਆਬ, ਸਤਿਗੁਰ ਹੋ ਕੇ ਦਇਆ ਕਮਾਈਆ। ਤੂੰ ਨਿਰਗੁਣ ਦਾਤਾ ਪੁਰਖ ਬਿਧਾਤਾ ਖੇਲ ਕਰੇਂ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਧਾਰ ਨਿਮਾਣੀ, ਨਿਮਰਤਾ ਵਿਚ ਸੀਸ ਨਿਵਾਈਆ। ਮੇਰਾ ਏਕੋ ਏਕ ਬਖ਼ਸ਼ ਦੇ ਹਾਣੀ, ਸਤਿਗੁਰ ਸ਼ਬਦ ਸ਼ਬਦ ਮਿਲਾਈਆ। ਤੇਰੇ ਕਲਮੇ ਦੀ ਨਾਮ ਨਿਧਾਨ ਦੱਸੇ ਬਾਣੀ, ਅਣਿਆਲਾ ਤੀਰ ਚਲਾਈਆ। ਮੇਰੇ ਉਤੇ ਪਵਿਤ੍ਰ ਹੋ ਜਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦੁਰਮਤ ਮੈਲ ਧੁਆਈਆ। ਤੂੰ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਆਦਿ ਜੁਗਾਦੀ ਮੇਰੇ ਉਤੇ ਕਰ ਮਿਹਰਵਾਨੀ, ਮਹਿਬੂਬ ਤੇਰੀ ਓਟ ਤਕਾਈਆ। ਅੰਮ੍ਰਿਤ ਮੇਘ ਬਰਸ ਦੇ ਅਗੰਮਾ ਪਾਣੀ, ਜਗਤ ਸਰੋਵਰਾਂ ਲੋੜ ਰਹੇ ਨਾ ਰਾਈਆ। ਸ਼ਬਦੀ ਨਾਦ ਦੇ ਅਗੰਮ ਧੁੰਨਕਾਨੀ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜਾਤੇ ਤੇਰਾ ਚਮਕੇ ਨੂਰ ਨੁਰਾਨੀ, ਨਵ ਸੱਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੇਰੇ ਮਾਲਕ ਠਾਕਰ ਹਕ ਮਹਿਬੂਬ, ਤੇਰੀ ਮੁਹੱਬਤ ਵਿਚ ਸੀਸ ਨਿਵਾਈਆ। ਮੇਰੇ ਉਤੇ ਹਾਜ਼ਰ ਹੋ ਮੌਜੂਦ, ਮਜਲਸ ਭਗਤਾਂ ਨਾਲ ਰਖਾਈਆ। ਸ਼ਰਅ ਸ਼ਰੀਅਤ ਮੇਟ ਹਦੂਦ, ਹੱਦ ਇਕੋ ਇਕ ਦਰਸਾਈਆ। ਤੇਰੀ ਆਲੀਸ਼ਾਨ ਆਲੀਜ਼ਾਹ ਤਕਾਂ ਅਰੂਜ, ਅਰਸ਼ ਫ਼ਰਸ਼ ਦੇ ਮਾਲਕ ਤੇਰਾ ਨੂਰ ਨਜ਼ਰੀ ਆਈਆ। ਤੇਰੀ ਮੰਜ਼ਲ ਇਕੋ ਹੋਵੇ ਹਕ ਮਕ਼ਸੂਦ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਬੇਸ਼ਕ ਮੇਰਾ ਮਾਟੀ ਖ਼ਾਕ ਤਨ ਨਹੀਂ ਵਜੂਦ, ਧਰਨੀ ਧਰਤ ਧਵਲ ਧੌਲ ਹੋ ਕੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਉਤੇ ਕਰ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਮੇਰੀ ਬਾਲੀ ਬੁਧਿ ਅੰਞਾਣੀ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਮੇਰੀ ਪੂਰਬ ਪੂਰਬ ਰਹੀ ਜਵਾਨੀ, ਜੋਬਨਵੰਤੇ ਅਗੇ ਦੇਣੀ ਮਾਣ ਵਡਿਆਈਆ। ਮੇਰੀ ਕਥਾ ਕਹਾਣੀ ਨਾ ਤਕ ਪੁਰਾਣੀ, ਪੁਨਹ ਪੁਨਹ ਕਹਿ ਕੇ ਸੀਸ ਨਿਵਾਈਆ। ਮੈਂ ਨਵ ਸੱਤ ਕਲਜੁਗ ਕੂੜੀ ਕਿਰਿਆ ਕੀਤੀ ਨਿਮਾਣੀ, ਨਿਮਾਣੀ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਪਰਗਟਾਈਆ। ਧਰਨੀ ਕਹੇ ਪਰਮ ਪੁਰਖ ਮੇਰੇ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡਿਆਈਆ। ਮੇਰੇ ਉਤੇ ਹੋ ਦਿਆਲ, ਦੀਨਨ ਆਪਣੇ ਰੰਗ ਰੰਗਾਈਆ। ਸਚ ਭੰਡਾਰਾ ਦੇ ਅਗੰਮਾ ਮਾਲ, ਨਾਮ ਨਿਧਾਨ ਇਕ ਵਰਤਾਈਆ। ਨਵ ਸੱਤ ਮੇਰੀ ਬਣਾ ਸਚੀ ਧਰਮਸਾਲ, ਧਰਮ ਦੁਆਰ ਇਕ ਵਖਾਈਆ। ਜੋਤੀ ਜਾਤਾ ਹੋ ਕੇ ਸੁਰਤ ਸੰਭਾਲ, ਸੰਬਲ ਆਪਣਾ ਆਸਣ ਲਾਈਆ । ਲੇਖਾ ਮੁਕਾ ਦੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਮੇਰੀ ਇਕੋ ਬੇਨੰਤੀ ਇਕੋ ਸੁਆਲ, ਅਰਜ਼ ਆਰਜ਼ੂ ਤੇਰੇ ਚਰਨ ਟਿਕਾਈਆ। ਕਲਜੁਗ ਕੂੜੀ ਕਿਰਿਆ ਕਰ ਜ਼ਵਾਲ, ਜ਼ਾਹਰ ਜ਼ਹੂਰ ਆਪਣਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਦੇ ਆਸਾ, ਤ੍ਰਿਸ਼ਨਾ ਜਗਤ ਦੇ ਬੁਝਾਈਆ। ਤੇਰੇ ਉਤੇ ਰਖਿਆ ਭਰਵਾਸਾ, ਭਗਵਨ ਤੇਰੀ ਓਟ ਤਕਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸ਼ਾਬਾਸ਼ਾ, ਆਦਿ ਜੁਗਾਦਿ ਤੇਰੀ ਸਰਨਾਈਆ। ਮੇਰੇ ਮੰਡਲ
ਮੰਡਪ ਖ਼ੁਸ਼ੀਆਂ ਵਾਲੀ ਪਾ ਦੇ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਮਾਨਸ ਮਾਨਵ ਮਾਨੁਖ ਅੰਤਰ ਨਿਰੰਤਰ ਨਿਰਗੁਣ ਨੂਰ ਕਰ ਪਰਕਾਸ਼ਾ, ਅੰਧ ਅੰਧੇਰ ਰਹੇ ਨਾ ਰਾਈਆ। ਨਾਮ ਜਪਾ ਦੇ ਸਵਾਸ ਸਵਾਸਾ, ਸਾਹ ਸਾਹ ਤੇਰਾ ਨਾਮ ਧਿਆਈਆ। ਨਿਜ ਗ੍ਰਹਿ ਅੰਦਰ ਜੋਤੀ ਜਾਤੇ ਹੋ ਕੇ ਵੇਖ ਤਮਾਸ਼ਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਚ ਆਪ ਅਖਵਾਈਆ। ਪੁਰਖ ਅਕਾਲ ਕਹੇ ਸੁਣ ਧਰਨੀ ਧਵਲ, ਧਰਤੀ ਦਿਆਂ ਜਣਾਈਆ। ਮੇਰਾ ਆਦਿ ਜੁਗਾਦੀ ਅਲਾਹੀ ਨੂਰ ਅਵਲ, ਆਲਮੀਨ ਇਕ ਅਖਵਾਈਆ। ਮੈਂ ਹਰ ਘਟ ਅੰਤਰ ਜਾਵਾਂ ਮਵਲ, ਮੌਲਾ ਹੋ ਕੇ ਸੰਗ ਨਿਭਾਈਆ। ਮੇਰਾ ਸਭ ਦੇ ਨਾਲ ਇਕ਼ਰਾਰ ਕਵਲ, ਆਦਿ ਜੁਗਾਦੀ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਹੋਏ ਸਹਾਈਆ। ਧਰਨੀਏ ਤੂੰ ਧਵਲੇ ਮੂਲ ਨਾ ਡਰ, ਡਰਪੋਕ ਰੂਪ ਬਣਾਈਆ। ਤੇਰਾ ਮਾਲਕ ਖ਼ਾਲਕ ਇਕੋ ਹਰਿ, ਹਰਿ ਕਰਤਾ ਧੁਰਦਰਗਾਹੀਆ। ਜਿਸ ਜੁਗ ਚੌਕੜੀ ਬਖ਼ਸ਼ੇ ਵਰ, ਦਾਤਾ ਹੋ ਕੇ ਝੋਲੀ ਪਾਈਆ। ਉਹ ਦੂਰ ਦੁਰਾਡਾ ਨਿਰਗੁਣ ਧਾਰ ਆਏ ਤੇਰੇ ਘਰ, ਗ੍ਰਹਿ ਮੰਦਰ ਵੇਖ ਵਖਾਈਆ। ਨਵ ਸੱਤ ਦੀ ਧਾਰ ਤਕੇ ਸਰੋਵਰ ਸਰ, ਜਲ ਥਲ ਮਹੀਅਲ ਖੋਜ ਖੁਜਾਈਆ। ਤੂੰ ਸਾਹਿਬ ਸੁਲਤਾਨ ਦੀ ਸਰਨਾਈ ਜਾਈਂ ਪਰ, ਬਿਨ ਪਰਾ ਪਸੰਤੀ ਮਧਮ ਬੈਖਰੀ ਖ਼ੁਸ਼ੀਆਂ ਢੋਲੇ ਗਾਈਆ। ਉਹ ਮਾਲਕ ਖ਼ਾਲਕ ਨਰਾਇਣ ਨਰ, ਨਰ ਹਰਿ ਆਪਣੇ ਰੰਗ ਰੰਗਾਈਆ। ਜਿਸ ਦਾ ਭਾਣਾ ਜੁਗ ਚੌਕੜੀ ਰਹੀ ਜਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਦਏ ਵਡਿਆਈਆ। ਧਰਨੀ ਕਹੇ ਪ੍ਰਭੂ ਤਕ ਲੈ ਅੰਤਸ਼ਕਰਨ, ਬਾਹਰ ਵੇਖਣ ਦੀ ਲੋੜ ਰਹੀ ਨਾ ਰਾਈਆ। ਮੈਂ ਇਕੋ ਪੂਜਾਂ ਤੇਰੇ ਚਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੈਂ ਚਾਹੁੰਦੀ ਮੇਰੇ ਉਤੋਂ ਝਗੜਾ ਮੇਟ ਦੇ ਵਰਨ ਬਰਨ, ਚਾਰ ਅਠਾਰਾਂ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਤੇਰੇ ਨਾਮ ਕਲਮੇ ਉਤੋਂ ਮੂਲ ਨਾ ਲੜਨ, ਸ਼ਰਅ ਕਰੇ ਨਾ ਕੋਇ ਲੜਾਈਆ। ਸੁਰਤੀ ਧਾਰ ਏਕੰਕਾਰ ਤੇਰਾ ਸ਼ਬਦੀ ਪੱਲੂ ਫੜਨ, ਬਿਨ ਹੱਥਾਂ ਦੇਣਾ ਫੜਾਈਆ। ਬਿਨ ਕ਼ਦਮਾਂ ਮੰਜ਼ਲ ਚੜਨ, ਭੱਜਣ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹਨ, ਧੁਰ ਦੀ ਸਿਖਿਆ ਇਕ ਸਿਖਾਈਆ। ਤ੍ਰੈਗੁਣ ਮਾਇਆ ਮੂਲ ਨਾ ਸੜਨ, ਅਗਨੀ ਤਤ ਨਾ ਕੋਇ ਤਪਾਈਆ। ਤੇਰੇ ਸਚ ਦੁਆਰ ਏਕੰਕਾਰ ਧੁਰ ਦਰਗਾਹ ਵੜਨ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਆਪਣੇ ਜਗਤ, ਜਗਤ ਜਗਿਆਸੂਆਂ ਵੇਖ ਵਖਾਈਆ। ਕੀ ਖੇਲ ਰਚਾਇਆ ਬੂੰਦ ਰਕਤ, ਤਨ ਵਜੂਦਾਂ ਪੰਜ ਤਤ ਮਿਲ ਕੇ ਵਜੇ ਵਧਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਪਰਗਟ ਕਰ ਦੇ ਆਪਣੇ ਭਗਤ, ਭਗਵਨ ਪਰਦਾ ਦੇਣਾ ਚੁਕਾਈਆ। ਮੇਰਾ ਸੁਹੰਜਣਾ ਕਰ ਦੇ ਵਕ਼ਤ, ਘੜੀ ਪਲ ਤੇਰਾ ਰਾਹ ਤਕਾਈਆ। ਤੇਰੀ ਆਦਿ ਜੁਗਾਦੀ ਇਕੋ ਸ਼ਕਤ, ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦੀ ਮੇਰੇ ਉਤੇ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਗੁਰਮੁਖ ਗੁਰਸਿਖ ਹਰਿਜਨ ਮੇਰੇ ਉਤੇ ਹੋਣ ਸੰਤ, ਸਤਿਗੁਰ ਸ਼ਬਦ ਸ਼ਬਦ ਦਾ ਢੋਲਾ ਗਾਈਆ। ਤੂੰ ਪਰਮ ਪੁਰਖ ਪਰਮਾਤਮ ਬਣਨਾ ਅਗੰਮਾ ਕੰਤ, ਕੰਤੂਹਲ ਹੋ ਕੇ ਆਪਣਾ
ਰੰਗ ਰੰਗਾਈਆ। ਮੈਂ ਚਾਹੁੰਦੀ ਮੇਰੇ ਉਤੇ ਧਰਮ ਦੀ ਬਹਾਰ ਹੋਏ ਬਸੰਤ, ਪੱਤ ਟਹਿਣੀ ਫਲ ਫੂਲ ਆਪ ਮਹਿਕਾਈਆ। ਨਵ ਸੱਤ ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਆਪ ਜਣਾਈਆ। ਮੇਰੀ ਭੂਮਿਕਾ ਸਤਿ ਧਰਮ ਬਣਾ ਦੇ ਬਹਿਸ਼ਤ ਜੰਨੱਤ, ਕਲਜੁਗ ਕੂੜੀ ਕਿਰਿਆ ਬਾਹਰ ਹਟਾਈਆ। ਮੇਰੇ ਉਤੇ ਮਿਹਰਵਾਨਾ ਤੇਰਾ ਰਹੇ ਕੋਈ ਨਾ ਨਿੰਦਕ, ਚੁਗਲੀ ਸਰਵਣ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਹਿਰਦੇ ਅੰਤਰ ਆਪਣੇ ਪਿਆਰ ਦੀ ਦੇ ਹਿੰਮਤ, ਹੌਸਲਾ ਪਿਆਰ ਵਾਲਾ ਵਧਾਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਸੁਣ ਨੀ ਧਰਨੀਏ ਮਈਆ, ਮੰਮੀਏ ਅੰਮੀਏ ਤੈਨੂੰ ਦਿਆਂ ਜਣਾਈਆ। ਕੀ ਖੇਲ ਕਰੇ ਤੇਰੇ ਉਤੇ ਅਗੰਮਾ ਸਈਆ, ਸਾਜਣ ਰਾਜਨ ਸ਼ਾਹੋ ਭੂਪ ਕੀ ਦ੍ਰਿੜਾਈਆ। ਕੀ ਆਸਾ ਰਖ ਕੇ ਗਿਆ ਰਾਮ ਰਮਈਆ, ਰਾਮ ਰਾਮਾ ਕੀ ਭੇਵ ਚੁਕਾਈਆ। ਕੀ ਸੰਦੇਸ਼ਾ ਦਿਤਾ ਨਿਰਗੁਣ ਸਰਗੁਣ ਧਾਰ ਘਨਈਆ, ਕਾਹਨ ਕਾਹਨਾ ਕੀ ਦ੍ਰਿੜਾਈਆ। ਨੀ ਆਪਣਾ ਲਹਿਣਾ ਦੇਣਾ ਖਾਤਾ ਕੱਢਕੇ ਤਕ ਲੈ ਵਹੀਆ, ਵਾਹਿਦ ਇਕੋ ਹੁਕਮ ਜਣਾਈਆ। ਕੀ ਪੈਗ਼ੰਬਰਾਂ ਤੇਰੇ ਉਤੇ ਪਾਈ ਸਹੀਆ, ਸ਼ਹਾਦਤ ਕੀ ਭੁਗਤਾਈਆ । ਕਿਹੜੀ ਧਾਰ ਗੁਰੂਆਂ ਚਲਾਈ ਨਈਆ, ਨੌਕਾ ਵੇਖਣੀ ਥਾਉਂ ਥਾਈਂਆ। ਨਿਗਾਹ ਮਾਰ ਲੈ ਨਵ ਸੱਤ ਤੇਰੀ ਪਤ ਗਈਆ, ਸੀਸ ਹੱਥ ਨਾ ਕੋਇ ਟਿਕਾਈਆ। ਨਾਤਾ ਰਿਹਾ ਨਾ ਭੈਣਾਂ ਭਈਆ, ਪਿਤਾ ਪੂਤ ਨਾ ਕੋਇ ਚਤੁਰਾਈਆ। ਉਹ ਵੇਖ ਲੈ ਲੰਘ ਗਿਆ ਗੋਬਿੰਦ ਵਾਲਾ ਢਈਆ, ਢੌਂਕਾ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਤੂੰ ਨਿਗਾਹ ਮਾਰ ਲੈ ਜਲਦੀ, ਜਗਤ ਸਮਾਜ ਸੰਗ ਨਾ ਕੋਇ ਰਖਾਈਆ। ਕੀ ਕ਼ੀਮਤ ਪੈਣੀ ਤੇਰੇ ਉਤੇ ਨਾਨਕ ਵਾਲੀ ਇਕ ਗੱਲ ਦੀ, ਜਿਸ ਨੂੰ ਕਥਨੀ ਕਥ ਸਕੇ ਨਾ ਰਾਈਆ। ਧਾਰ ਤਕ ਲੈ ਕਲਜੁਗ ਕਲ ਦੀ, ਕੀ ਕਾਤੀਆਂ ਰਿਹਾ ਲਗਾਈਆ। ਕੀ ਖ਼ਬਰ ਸੁਣੀ ਮਹੀਅਲ ਜਲ ਥਲ ਦੀ, ਸਮੁੰਦ ਸਾਗਰ ਟਿੱਲੇ ਪਰਬਤ ਕੀ ਦ੍ਰਿੜਾਈਆ। ਕੀ ਆਸ਼ਾ ਕਹਿੰਦੀ ਰਾਜੇ ਬਲ ਦੀ, ਬਾਵਨ ਧਾਰ ਕੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਨਾਰਦ ਕਹੇ ਧਰਨੀਏ ਧਵਲੇ ਆਪਣਾ ਤਕ ਲੈ ਰੂਪ ਅਨੂਪ, ਕੀ ਰਿਹਾ ਜਣਾਈਆ। ਤੇਰਾ ਸਤਿ ਦਾ ਰਿਹਾ ਨਾ ਕੋਇ ਸਪੂਤ, ਪਿਤਾ ਪੂਤ ਨਾ ਕੋਇ ਵਡਿਆਈਆ। ਮੈਂ ਤੇਰੇ ਕੋਲੋਂ ਪੁਛਣਾ ਚਾਹੁੰਦਾ ਇਕ ਸਬੂਤ, ਸਹਿਜ ਨਾਲ ਦੇਣਾ ਸੁਣਾਈਆ। ਕੀ ਤੈਨੂੰ ਇਸ਼ਾਰਾ ਦਿਤਾ ਮੁਹੰਮਦ ਵਾਲੇ ਮਹਿਬੂਬ, ਨੂਰ ਨੁਰਾਨਾ ਸ਼ਾਹ ਸੁਲਤਾਨਾ ਕੀ ਦ੍ਰਿੜਾਈਆ। ਕਿਹੜੀ ਮੰਜ਼ਲ ਹਕ ਤੇਰੀ ਅਰਸ਼ ਅਰੂਜ, ਆਲੀਸ਼ਾਨ ਕਵਣ ਗਿਆ ਸਮਝਾਈਆ । ਮੇਰਾ ਇਸ਼ਾਰਾ ਬਿਨਾ ਰਮਜ਼ ਤੋਂ ਬੂਝ, ਜਗਤ ਬੁੱਧੀ ਨਾਲ ਮਿਲਾਈਆ। ਤੈਨੂੰ ਸਭ ਨੇ ਕਿਹਾ ਬਸੁਧ, ਬਸੁਧੇ ਤੈਨੂੰ ਦਿਆਂ ਸੁਣਾਈਆ। ਕਵਣ ਕੂਟੇ ਤੇਰਾ ਹੋਣਾ ਯੁਧ, ਯੁਧਿਸ਼ਟਰ ਦਾ ਲੇਖਾ ਪਿਛਲਾ ਦੇਣਾ ਦ੍ਰਿੜਾਈਆ। ਉਹ ਤਕ ਲੈ ਧਰਮ
ਤੇਰੇ ਉਤੋਂ ਗਿਆ ਉਡ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਗ੍ਰਹਿ ਇਕ ਦਰਸਾਈਆ। ਨਾਰਦ ਕਹੇ ਧਰਨੀਏ ਆਦਿ ਜੁਗਾਦਿ ਦੀ ਮਾਤਾ, ਮਮਤਾ ਤੋਂ ਬਾਹਰ ਦਿਆਂ ਜਣਾਈਆ । ਕੀ ਖ਼ਬਰ ਸੰਦੇਸ਼ਾ ਦੇਵੇ ਧੁਰ ਦਾ ਦਾਤਾ, ਦੋ ਜਹਾਨਾਂ ਵਾਲੀ ਕੀ ਰਿਹਾ ਦ੍ਰਿੜਾਈਆ। ਮੈਨੂੰ ਆਪਣਾ ਖੋਲ੍ਹ ਵਖਾ ਦੇ ਖਾਤਾ, ਖ਼ਤਰੇ ਤੋਂ ਬਾਹਰ ਦਿਆਂ ਜਣਾਈਆ। ਮੈਨੂੰ ਇਉਂ ਦਿਸਦਾ ਤੇਰੇ ਉਤੇ ਹੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਕਲਜੁਗ ਦੀਆਂ ਸਭ ਤੋਂ ਵਖਰੀਆਂ ਸੁਣੀਆਂ ਬਾਤਾਂ, ਜੋ ਬਾਤਨ ਭੇਵ ਖੁਲ੍ਹਾਈਆ। ਮੈਂ ਤੇਰਾ ਨਵ ਸੱਤ ਦਾ ਲੁਟਣਾ ਹਾਤਾ, ਬਚਿਆ ਰਹਿਣ ਕੋਇ ਨਾ ਪਾਈਆ। ਉਸ ਦਾ ਪੂਰਾ ਹੋਵਣ ਵਾਲਾ ਘਾਟਾ, ਘਾਟੇ ਵਿਚ ਦਿਸੇ ਤੇਰੇ ਉਤੇ ਖ਼ਲਕ ਖ਼ੁਦਾਈਆ। ਅੰਮ੍ਰਿਤ ਰਸ ਰਿਹਾ ਨਾ ਗੋਬਿੰਦ ਧਾਰ ਬਾਟਾ, ਧੁਰ ਦਾ ਜਾਮ ਨਾ ਕੋਇ ਪਿਆਈਆ। ਨੀ ਤੇਰੀ ਸੁਹੰਜਣੀ ਖ਼ਾਲੀ ਹੋਈ ਖਾਟਾ, ਖਟੀਆ ਸਿੰਘਾਸਣ ਆਸਣ ਪੁਰਖ ਅਬਿਨਾਸ਼ਣ ਨਾ ਕੋਇ ਲਗਾਈਆ। ਨਾਰਦ ਕਹੇ ਮੈਂ ਮਾਰ ਕੇ ਆਇਆ ਵਾਟਾ, ਧੁਰਦਰਗਾਹੋਂ ਭੱਜਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਪਰਗਟਾਈਆ। ਨਾਰਦ ਕਹੇ ਧਰਨੀਏ ਤੈਨੂੰ ਧੁਰ ਦੀ ਸੁਣਾਵਾਂ ਖ਼ਬਰ, ਬੇਖ਼ਬਰੇ ਦਿਆਂ ਜਣਾਈਆ। ਤੂੰ ਕਰਕੇ ਬੈਠੀਂ ਸਬਰ, ਧੀਰਜ ਧੀਰ ਨਾਲ ਵਡਿਆਈਆ। ਇਕ ਅਵਾਜ਼ ਸੁਣਨੀ ਮਧੁਰ, ਧੁਨ ਧੁਨ ਵਿਚੋਂ ਸ਼ਨਵਾਈਆ। ਤੇਰੇ ਉਤੇ ਪੈਣ ਵਾਲਾ ਗ਼ਦਰ, ਗਦਾਗਰ ਹੋਵੇ ਲੋਕਾਈਆ। ਤੇਰੀ ਆਸਾ ਪੂਰੀ ਹੋਵੇ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰਨਵਾਲਾ ਅਦਲ, ਇਨਸਾਫ਼ ਆਪਣਾ ਦਏ ਜਣਾਈਆ। ਕਲਜੁਗ ਕੂੜੀ ਕਿਰਿਆ ਦੇਵੇ ਬਦਲ, ਬਦਲਾ ਚੁਕਾਵੇ ਥਾਉਂ ਥਾਈਂਆ। ਸ਼ਰਅ ਛੁਰੀ ਕਿਸੇ ਨਾ ਕਰੇ ਕ਼ਤਲ, ਕ਼ਾਤਲ ਮਕ਼ਤੂਲ ਦਾ ਪੰਧ ਮੁਕਾਈਆ। ਤੇਰਾ ਨਿਰਗੁਣ ਧਾਰ ਆ ਕੇ ਵੇਖੇ ਵਤਨ, ਬੇਵਤਨੇ ਤੈਨੂੰ ਦਿਆਂ ਦ੍ਰਿੜਾਈਆ। ਤੂੰ ਇਕ ਇਕੱਲੀ ਕਰ ਲਈਂ ਆਪਣਾ ਯਤਨ, ਯਥਾਰਥ ਦਿਆਂ ਸਮਝਾਈਆ। ਜਿਸ ਦਾ ਸੰਬਲ ਸਾਡੇ ਤਿੰਨ ਹੱਥ ਹੋਣਾ ਪਤਣ, ਘਾਟ ਇਕੋ ਇਕ ਵਖਾਈਆ। ਜੋ ਤੇਰੇ ਉਤੋਂ ਭਗਤ ਸੁਹੇਲੇ ਗੁਰੂ ਗੁਰ ਚੇਲੇ ਰਤਨ, ਅਮੋਲਕ ਹੀਰੇ ਆਪ ਪਰਗਟਾਈਆ। ਆਤਮ ਪਰਮਾਤਮ ਜਗਤ ਵਿਦਿਆ ਤੋਂ ਬਾਹਰ ਦੇਵੇ ਮਤਨ, ਮਤ ਮਤਾਂਤਰ ਡੇਰਾ ਢਾਹੀਆ । ਨਿਰਗੁਣ ਹੋ ਕੇ ਵਸੇ ਘਟ ਘਟਣ, ਹਰ ਘਟ ਆਪਣਾ ਡੇਰਾ ਲਾਈਆ। ਉਹ ਤਕ ਲੈ ਪੈਗ਼ੰਬਰਾਂ ਦਾ ਵਕ਼ਤ ਲੱਗਾ ਟੱਪਣ, ਅਗੇ ਹੋਰ ਨਾ ਕੋਇ ਵਧਾਈਆ। ਕਲਜੁਗ ਕੂੜ ਅੰਧੇਰਾ ਲੱਗਾ ਛਪਣ, ਸਤਿਜੁਗ ਸਤਿ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਸਭ ਨੂੰ ਲੱਗਾ ਫੱਟਣ, ਬਚਿਆ ਰਹਿਣ ਕੋਇ ਨਾ ਪਾਈਆ। ਧੁਰ ਦੇ ਹੁਕਮ ਨਾਲ ਡੋਰੀ ਲੱਗਾ ਕੱਟਣ, ਕਟਾਖ਼ਸ਼ ਆਪਣਾ ਨਾਮ ਲਗਾਈਆ। ਦੀਨ ਦੁਨੀ ਦਾ ਬੁਰਜ ਲੱਗਾ ਢੱਠਣ, ਢੇਰੀ ਖ਼ਾਕ ਖ਼ਾਕ ਮਿਲਾਈਆ। ਤੇਰਾ ਲੇਖਾ ਮੁਕੇ ਅੱਠ ਸੱਠਨ, ਜਲਧਾਰਾ ਵੇਖਣਾ ਚਾਈਂ ਚਾਈਂਆ। ਝਗੜਾ ਰਹੇ ਨਾ ਮੰਦਰ ਮਠਨ, ਸ਼ਿਵਦਵਾਲਿਆਂ ਮੰਦਰਾਂ ਪੰਧ ਮੁਕਾਈਆ। ਇਕੋ ਨੂਰ ਜੋਤ ਪਰਕਾਸ਼ ਹੋਵੇ ਲਟ ਲਟਣ, ਦੋ ਜਹਾਨਾਂ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸਮਰਥਣ, ਸਮਰਥ ਅਕਥ ਏਕਾ ਏਕ ਏਕ ਅਖਵਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਦਰਬਾਰਾ ਸਿੰਘ ਦੇ ਗ੍ਰਹਿ ਪਿੰਡ ਵਰਿਆਂ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਸੋਹੇ ਦੁਆਰਾ ਇਕੋ ਬੰਕ, ਬੰਕ ਦੁਆਰੀ ਹੋ ਕੇ ਦੇਣੀ ਵਡਿਆਈਆ। ਜਿਥੇ ਮਾਣ ਤਾਣ ਮਿਲੇ ਰਾਓ ਰੰਕ, ਊਚ ਨੀਚ ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੇਰੇ ਨਾਮ ਨਿਧਾਨ ਦਾ ਸ੍ਰੀ ਭਗਵਾਨ ਵਜੇ ਡੰਕ, ਨਵ ਸੱਤ ਬ੍ਰਹਮ ਮਤ ਕਰੇ ਰੁਸ਼ਨਾਈਆ। ਮੇਰੀ ਆਸ਼ਾ ਪੂਰੀ ਕਰ ਦੇ ਜੋ ਆਸ਼ਾ ਰਖੀ ਜਨਕ, ਜਨਕ ਸਪੁਤਰੀ ਸੀਆ ਨਾਲ ਮਿਲਾਈਆ। ਜੋ ਸੰਦੇਸ਼ਾ ਦਿਤਾ ਰਾਮ ਮੈਨੂੰ ਚੁੱਕਣ ਲੱਗਿਆਂ ਧਨੁਸ਼, ਬਿਨ ਬਾਹੂ ਬਲ ਸਮਝਾਈਆ। ਧਰਨੀਏ ਤੇਰੇ ਉਤੇ ਖੇਲ ਹੋਣਾ ਵਾਰ ਅਨਕ, ਅਨਕ ਕਲਧਾਰੀ ਆਪਣਾ ਰੂਪ ਬਦਲਾਈਆ। ਕਲਜੁਗ ਅੰਤਮ ਲਹਿਣਾ ਦੇਣਾ ਵੇਖਣਾ ਪੁਰੀ ਘਨਕ, ਘਨਈਆ ਆਪਣਾ ਸਵਾਂਗ ਵਖਾਈਆ। ਜਿਸ ਵਿਚ ਰਹੇ ਕੋਈ ਨਾ ਸ਼ੰਕ, ਸਹਿਸਾ ਅੰਦਰ ਨਾ ਕੋਇ ਜਣਾਈਆ। ਸਚ ਪ੍ਰੇਮ ਦੀ ਜਨ ਭਗਤਾਂ ਲਾਏ ਤਨਕ, ਖਿੱਚੀ ਜਾਏ ਵਾਹੋ ਦਾਹੀਆ। ਮਨ ਕਾ ਮਣਕਾ ਫੇਰੇ ਆਪ ਮਨਕ, ਜਗਤ ਤਸਬੀਆਂ ਲੋੜ ਰਹੇ ਨਾ ਰਾਈਆ। ਤ੍ਰਿਸ਼ਨਾ ਮੇਟੇ ਕਾਮਨੀ ਕਨਕ, ਕ਼ੁਦਰਤ ਦਾ ਕ਼ਾਦਰ ਹੋਏ ਸਹਾਈਆ। ਜੋ ਇਸ਼ਾਰਾ ਕੀਤਾ ਬ੍ਰਹਮੇ ਪੁਤ ਸਨਕ, ਸੰਤ ਕੁਮਾਰ ਜਿਸ ਦੀ ਦਏ ਗਵਾਹੀਆ। ਜੋ ਪੁਰਖ ਅਕਾਲਾ ਦੀਨ ਦਿਆਲਾ ਤੇਰੀ ਬਣਾਏ ਨਵੀਂ ਬਣਤ, ਘੜਨ ਭੰਨਣਹਾਰ ਹੋ ਕੇ ਰੰਗ ਰੰਗਾਈਆ। ਤੇਰਾ ਗੁਲਸ਼ਨ ਮਹਿਕੇ ਰੁਤੜੀ ਹੋਵੇ ਬਸੰਤ, ਪੱਤ ਟਹਿਣੀ ਫਲ ਫੁਲ ਗੁਰਮੁਖ ਗੁਰਸਿਖ ਸੋਹਣੇ ਬੂਟੇ ਲਾਈਆ। ਮਾਲਕ ਬਣ ਕੇ ਧੁਰ ਦਾ ਕੰਤ, ਕੰਤੂਹਲ ਹੋ ਕੇ ਵੇਖ ਵਖਾਈਆ। ਬਿਨਾ ਭਗਤੀਉਂ ਬਣਾ ਕੇ ਭਗਤ ਸੰਤ, ਆਪਣੇ ਹੱਥ ਰਖੇ ਵਡਿਆਈਆ। ਦੇਵੇ ਮਾਣ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪਣਾ ਭੇਵ ਖੁਲ੍ਹਾਏ ਅਗਣਤ, ਮਹਿੰਮਾ ਕਥ ਸਕੇ ਨਾ ਰਾਈਆ। ਇਕੋ ਨਾਮ ਕਲਮਾ ਦੇਵੇ ਮੰਤ, ਮੰਤਵ ਤੇਰਾ ਹਲ ਕਰਾਈਆ। ਤੂੰ ਧੁਰ ਦਾ ਢੋਲਾ ਗਾਉਣਾ ਛੰਤ, ਸੋਹੰ ਸਤਿ ਸਚ ਪੜ੍ਹਾਈਆ। ਤੇਰੇ ਉਤੋਂ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀਏ ਤੇਰਾ ਲਹਿਣਾ ਦੇਣਾ ਪੂਰਬ ਪੁਰਾਣਾ, ਚਾਰ ਜੁਗ ਦੇ ਸ਼ਾਸਤਰ ਕਹਿਣ ਕਿਛ ਨਾ ਪਾਈਆ। ਤੇਰਾ ਮਾਲਕ ਸੁਆਮੀ ਠਾਕਰ ਇਕ ਭਗਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਚਰਨ ਕਵਲ ਤੈਨੂੰ ਬਖ਼ਸ਼ਿਆ ਅਗੰਮ ਟਿਕਾਣਾ, ਆਦਿ ਜੁਗਾਦਿ ਦਿਤਾ ਟਿਕਾਈਆ। ਤੂੰ ਉਸੇ ਦਾ ਢੋਲਾ ਗੀਤ ਗਾਣਾ, ਗੁਣ ਗਹਿਰ ਗੰਭੀਰ ਸੁਣਾਈਆ। ਜੋ ਤੇਰਾ ਲਹਿਣਾ ਦੇਣਾ ਲੇਖਾ ਜਾਣੇ ਜਾਣੀ ਜਾਣਾ, ਜਾਨਣਹਾਰ ਇਕ ਹੋ ਜਾਈਆ। ਉਹ ਤੇਰੇ ਉਤੇ ਕਮਲੀਏ ਜੋਤ ਸਰੂਪੀ ਪਹਿਰ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਤਖ਼ਤੋਂ ਲਾਹਿਆ ਰਾਜਾ ਰਾਣਾ, ਰਈਅਤ ਆਪਣਾ ਹੁਕਮ ਵਰਤਾਈਆ। ਉਹ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਧੁਰਦਰਗਾਹੀਆ। ਉਸ ਦਾ ਸਤਿਗੁਰ ਸ਼ਬਦ ਦਏ ਫ਼ਰਮਾਨਾ, ਫ਼ੁਰਨਿਆਂ ਬਾਹਰ ਸੁਣਾਈਆ। ਉਹ ਵਾਲੀ ਬਣ ਕੇ ਦੋ ਜਹਾਨਾਂ, ਜਹਾਲਤ ਤੇਰੇ ਉਤੋਂ ਦਏ ਮਿਟਾਈਆ। ਸਤਿ ਦਾ ਸਚ ਕਰੇ ਪਰਧਾਨਾ, ਪਰਧਾਨਗੀ ਆਪਣਾ ਹੁਕਮ ਸਮਝਾਈਆ। ਜਨ ਭਗਤਾਂ ਦੇਵੇ ਗਿਆਨਾ, ਬਿਨ ਅੱਖਰਾਂ ਅੱਖਰ ਸਮਝਾਈਆ। ਚਰਨ ਪ੍ਰੀਤ ਬਖ਼ਸ਼ ਕੇ ਦਾਨਾ, ਵਸਤ ਅਤੋਲ ਅਤੁਲ ਝੋਲੀ ਦਏ ਟਿਕਾਈਆ। ਤੂੰ ਉਸ ਦਾ ਮੰਨਣਾ ਭਾਨਾ, ਜਿਸ ਦੇ ਭਾਣੇ ਵਿਚ ਸਦ ਸਮਾਈਆ।
ਜਿਸ ਕਲਜੁਗ ਅੰਤਮ ਨਵ ਸੱਤ ਕਰਨਾ ਵੈਰਾਨਾ, ਵੈਰੀ ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਖੇਲੇ ਖੇਲ ਮਹਾਨਾ, ਜੁਗਾ ਜੁਗੰਤ ਆਪਣਾ ਹੁਕਮ ਵਰਤਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸਵਰਨ ਸਿੰਘ ਦੇ ਗ੍ਰਹਿ ਪਿੰਡ ਤਰਨਤਾਰਨ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੇ ਉਤੇ ਮਾਰ ਕੇ ਵੇਖ ਲੈ ਫੇਰੀ, ਨਵ ਸੱਤ ਆਪਣਾ ਫੇਰਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹੋਵੇ ਕੂੜ ਅੰਧੇਰੀ, ਫਲ ਫੁੱਲ ਪੱਤ ਟਹਿਣੀ ਸਤਿ ਧਰਮ ਦੇ ਵਖਾਈਆ। ਮੋਹ ਵਿਕਾਰਾ ਜਗਤ ਮੈਨੂੰ ਰਿਹਾ ਘੇਰੀ, ਘਿਰਨਾ ਵਿਚ ਮੇਰੀ ਦੁਹਾਈਆ। ਮੈਂ ਆਦਿ ਜੁਗਾਦਿ ਮਾਲਕ ਸੁਆਮੀ ਤੇਰੀ, ਤੁਧ ਬਿਨ ਇਸ਼ਟ ਨਾ ਕੋਇ ਮਨਾਈਆ। ਕਿਸੇ ਅਵਤਾਰ ਪੈਗ਼ੰਬਰ ਗੁਰੂ ਦੀ ਬਣੀ ਨਹੀਂ ਚੇਰੀ, ਸਿਰ ਸਰ ਨਾ ਕਿਸੇ ਨਿਵਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਬੈਠੀ ਰਹੀ ਨਾਲ ਦਲੇਰੀ, ਹੌਸਲਾ ਹਿੰਮਤ ਸੰਗ ਬਣਾਈਆ। ਮਿਹਰਵਾਨਾ ਮੇਰੇ ਉਤੇ ਕਰੀਂ ਆਪਣੀ ਮਿਹਰੀ, ਮਿਹਰ ਨਜ਼ਰ ਨਜ਼ਰ ਉਠਾਈਆ। ਕਲਜੁਗ ਅੰਤ ਕਰੀਂ ਨਾ ਦੇਰੀ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਲੈ ਆਪਣੀ ਧਾਰ, ਧਵਲ ਹੋ ਕੇ ਦਿਆਂ ਸੁਣਾਈਆ । ਨਿਗਾਹ ਮਾਰ ਲੈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਨਵ ਸੱਤ ਰਿਹਾ ਨਾ ਕੋਈ ਧਰਮ ਦੁਆਰ, ਦੁਆਰਕਾ ਵਾਸੀ ਨਜ਼ਰ ਕੋਇ ਨਾ ਆਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਗਿਰਿਆਜ਼ਾਰ ਵਿਚ ਕੁਰਲਾਈਆ। ਤੂੰ ਮੇਰੇ ਮਾਲਕ ਮੇਰੀ ਪਾਉਣੀ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਤੈਨੂੰ ਸਭ ਨੇ ਮੰਨਿਆ ਕਲ ਕਲਕੀ ਅਵਤਾਰ, ਨਿਹਕਲੰਕ ਤੇਰੀ ਵਡਿਆਈਆ। ਅਮਾਮ ਅਮਾਮਾ ਨੂਰ ਕਰ ਉਜਿਆਰ, ਜੋਤੀ ਜਾਤਾ ਹੋ ਕੇ ਡਗਮਗਾਈਆ। ਮੈਂ ਤੇਰੀ ਸਦਾ ਸਦਾ ਸਦ ਸੇਵਾਦਾਰ, ਬਰਖ਼ੁਰਦਾਰ ਹੋ ਕੇ ਸੇਵ ਕਮਾਈਆ। ਤੂੰ ਬਖ਼ਸ਼ਣਹਾਰਾ ਏਕੰਕਾਰ, ਇਕ ਇਕੱਲਾ ਧੁਰਦਰਗਾਹੀਆ। ਮੇਰੀ ਬੇਨੰਤੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਮੇਰੇ ਉਤੇ ਰਹਿਣ ਨਾ ਦੇਣਾ ਅੰਧ ਅੰਧਿਆਰ, ਕੂੜ ਕੁੜਿਆਰਾ ਦੇਣਾ ਗੁਆਈਆ। ਮੈਂ ਮੰਗਤੀ ਤੇਰੇ ਦਰ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਸਤਿ ਸਚ ਵਸਤ ਦੇਣੀ ਡਾਰ, ਕਰਤੇ ਕ਼ੀਮਤ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਿਕਦਾਰ, ਸ਼ਹਿਨਸ਼ਾਹ ਸਿਰ ਹੱਥ ਨਾ ਕੋਇ ਟਿਕਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਤਰਿਪਤ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੀ ਨਵ ਨਵ ਚਾਰ ਦੀ ਆਸ਼ਾ ਕਰ ਦੇ ਤ੍ਰਿਪਤ, ਤ੍ਰਿਖਾ ਤ੍ਰਿਸ਼ਨਾ ਜਗਤ ਜਹਾਨ ਰਹਿਣ ਨਾ ਪਾਈਆ। ਆਦਿ ਜੁਗਾਦੀ
ਸ਼ਬਦੀ ਧਾਰ ਵੇਖ ਲੈ ਲਿਖਤ, ਨਿਰਗੁਣ ਦਾਤੇ ਪੁਰਖ ਬਿਧਾਤੇ ਆਪਣਾ ਡੇਰਾ ਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਲੇਖਾ ਤਕ ਲੈ ਆਪਣੀ ਸ੍ਰਿਸ਼ਟ, ਦੀਨ ਦੁਨੀ ਜਗਤ ਜਹਾਨ ਨੌਜਵਾਨ ਵੇਖ ਵਖਾਈਆ। ਤਨ ਵਜੂਦ ਅੰਤਰ ਨਿਰੰਤਰ ਤਕ ਲੈ ਦ੍ਰਿਸ਼ਟ, ਨਵ ਸੱਤ ਬ੍ਰਹਮ ਮਤ ਧਿਆਨ ਲਗਾਈਆ। ਕਲਜੁਗ ਕੁੜਿਆਰ ਵਿਚ ਸੰਸਾਰ ਸਰਬ ਕੀਤਾ ਭ੍ਰਿਸ਼ਟ, ਭਾਵਨਾ ਸਤਿ ਰਹਿਣ ਕੋਇ ਨਾ ਪਾਈਆ। ਉਹ ਲਹਿਣਾ ਦੇਣਾ ਪੂਰਾ ਕਰ ਦੇ ਜੋ ਰਾਮ ਇਸ਼ਾਰਾ ਦੇ ਕੇ ਗਿਆ ਗੁਰੂ ਵਸ਼ਿਸ਼ਟ, ਜਗਤ ਵਿਸ਼ਿਆਂ ਤੋਂ ਬਾਹਰ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਪੂਰਬ ਵੇਖ ਲੈ ਮੇਰਾ ਲੇਖਾ, ਚਾਰ ਜੁਗ ਦੇ ਸ਼ਾਸਤਰਾਂ ਨਾਲ ਮਿਲਾਈਆ। ਮੇਰੇ ਅੰਤਰ ਨਿਰੰਤਰ ਰਿਹਾ ਨਹੀਂ ਕੋਈ ਭੁਲੇਖਾ, ਭਾਂਡਾ ਭਰਮ ਭਉ ਦਿਤਾ ਭੰਨਾਈਆ। ਤੂੰ ਸ਼ਾਹੋ ਭੂਪ ਸੁਲਤਾਨ ਅਲਖਣਾ ਅਲੇਖਾ, ਅਲਖ ਅਗੋਚਰ ਤੇਰੀ ਵਡ ਵਡਿਆਈਆ। ਕਲਜੁਗ ਕੂੜ ਕੁਕਰਮ ਦੀ ਤਕ ਲੈ ਰੇਖਾ, ਰਿਖੀਆਂ ਮੁਨੀਆਂ ਅੰਦਰ ਖੋਜ ਖੁਜਾਈਆ। ਸ਼ਰਅ ਦੀ ਧਾਰ ਤਕ ਲੈ ਮੁਲਾਂ ਸ਼ੇਖ਼ਾਂ, ਮੁਸਾਇਕਾਂ ਅੰਤਰ ਨਿਰੰਤਰ ਫੋਲ ਫੁਲਾਈਆ। ਮੈਨੂੰ ਸੁਣਾ ਦੇ ਆਪਣਾ ਧੁਰ ਸੰਦੇਸ਼ਾ, ਧੁਰ ਦੇ ਮਾਲਕ ਹੁਕਮ ਜਣਾਈਆ। ਤੇਰਾ ਲੇਖਾ ਮੁਕ ਜਾਏ ਕਲਜੁਗ ਕਿਰਿਆ ਕੂੜ ਕਲੇਸ਼ਾ, ਕਲਕਾਤੀਆਂ ਕਰਨੀ ਆਪ ਸਫ਼ਾਈਆ। ਤੂੰ ਮਿਹਰਵਾਨ ਮਹਿਬੂਬ ਨਰ ਨਰੇਸ਼ਾ, ਨਿਰਾਕਾਰ ਨਿਰੰਕਾਰ ਅਗੰਮ ਅਥਾਹੀਆ। ਆ ਕੇ ਵੇਖ ਲੈ ਧਰਨੀ ਵਾਲੇ ਪਰਦੇਸਾ, ਪਰਦੇਸੀ ਹੋ ਕੇ ਫੇਰਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣਾ ਅਵਲੜਾ ਰਖੀਂ ਭੇਸਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋ ਸੰਦੇਸ਼ਾ ਦੇ ਕੇ ਗਿਆ ਸਤਿਗੁਰ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਦਾ ਭੇਵ ਦੇਣਾ ਚੁਕਾਈਆ । ਤੂੰ ਆਦਿ ਅਨਾਦੀ ਜੁਗ ਜੁਗਾਦੀ ਰਹੇ ਹਮੇਸ਼ਾ, ਹਮ ਸਾਜਣ ਨੂਰ ਅਲਾਹੀਆ। ਜੁਗ ਬਦਲਣਾ ਸਾਹਿਬ ਸੁਆਮੀ ਤੇਰਾ ਪੇਸ਼ਾ, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਮੇਰੇ ਮਾਲਕ ਕੰਤ ਕੰਤੂਹਲ, ਸੁਆਮੀ ਅੰਤਰਜਾਮੀ ਤੇਰੀ ਵਡ ਵਡਿਆਈਆ। ਧਰਮ ਦੀ ਧਾਰ ਮੇਰੇ ਉਤੇ ਬਖ਼ਸ਼ ਅਗੰਮਾ ਅਸੂਲ, ਅਸਲ ਵਸਲ ਯਾਰ ਦੇਣਾ ਚਾਈਂ ਚਾਈਂਆ। ਮੈਂ ਨਿਰਗੁਣ ਦਾਤੇ ਪੁਰਖ ਬਿਧਾਤੇ ਤੇਰੇ ਚਰਨ ਕਵਲ ਦੀ ਲਾਵਾਂ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਮੇਰੇ ਮਿਹਰਵਾਨਾ ਨੌਜਵਾਨਾ ਮੇਰੀ ਬਖ਼ਸ਼ਣੀ ਭੂਲ, ਅਭੁਲ ਅਤੁਲ ਤੇਰੀ ਵਡ ਵਡਿਆਈਆ। ਭਗਤ ਉਧਾਰਨਾ ਤੇਰਾ ਆਦਿ ਆਦਿ ਦਾ ਅਸੂਲ, ਸੰਤਾਂ ਦੇਵੇਂ ਮਾਣ ਵਡਿਆਈਆ। ਤੂੰ ਮਿਹਰਵਾਨ ਮਹਿਬੂਬ ਤੇਰਾ ਹੁਕਮਨਾਮਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰੇ ਉਤੇ ਤੇਰੇ ਧਰਮ ਦਾ ਪੰਘੂੜਾ ਹਰਿਜਨ ਲੈਣ ਝੂਲ, ਝੂਲਾ ਆਪਣਾ ਨਾਮ ਜਣਾਈਆ। ਧਰਨੀ ਕਹੇ ਮੈਂ ਤੇਰੇ ਚਰਨ ਕਵਲ ਆਪਣੀ ਸ਼ਰਧਾ ਚੜ੍ਹਾਵਾਂ ਫੂਲ, ਕਵਲਾਂ ਵਿਚ ਕਵਲ ਨੈਣ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਗ੍ਰਹਿ ਮੰਦਰ ਕਰ ਸੁਹੰਜਣਾ, ਚਾਰ ਕੁੰਟ ਦੇ ਵਡਿਆਈਆ। ਮੇਰੇ ਆਦਿ ਅੰਤ ਦੇ ਸੱਜਣਾ, ਜੁਗ ਜੁਗਾਦੀ ਤੇਰੀ ਓਟ ਤਕਾਈਆ। ਪ੍ਰੇਮ ਪਿਆਰ ਦਾ ਦੇ ਦੇ ਮਜਨਾ, ਬਿਨ ਧੂੜੀ ਖ਼ਾਕ ਰਮਾਈਆ। ਮੇਰੇ ਧੁਰ ਦੇ ਗੋਪਾਲ ਮੂਰਤ ਮਦਨਾ, ਮਧੁਸੂਦਨ ਤੇਰਾ ਦਰਸ਼ਨ ਪਾਈਆ। ਮੈਨੂੰ ਇਕੋ ਚਾੜ੍ਹ ਦੇ ਰੰਗਣਾ, ਆਦਿ ਜੁਗਾਦਿ
ਉਤਰ ਕਦੇ ਨਾ ਜਾਈਆ। ਮੇਰੇ ਪੁਰਖ ਅਕਾਲੇ ਮੈਂ ਇਕੋ ਦੁਆਰਾ ਤੇਰਾ ਮੰਗਣਾ, ਦੂਜਾ ਗ੍ਰਹਿ ਨਾ ਵੇਖਣ ਪਾਈਆ। ਹਕ ਮਹਿਬੂਬ ਹੋ ਕੇ ਮੈਨੂੰ ਦੇ ਅਨੰਦਨਾ, ਮਹਿਬੂਬ ਆਪਣਾ ਭੇਵ ਚੁਕਾਈਆ। ਲੇਖੇ ਲਾ ਲੈ ਮੇਰੇ ਉਤੋਂ ਆਅਲਾ ਅਦਨਾ, ਸ਼ਾਹ ਹਕੀਰ ਇਕੋ ਘਰ ਬਹਾਈਆ। ਤੇਰੇ ਨਾਮ ਨਿਧਾਨ ਦਾ ਸ੍ਰੀ ਭਗਵਾਨ ਵਜੇ ਨਦਨਾ, ਅਨਾਦੀ ਧੁਨ ਕਰ ਸ਼ਨਵਾਈਆ। ਜੋਤੀ ਜਾਤੇ ਤੇਰਾ ਇਕੋ ਦੀਪਕ ਨਿਰਗੁਣ ਧਾਰ ਜਗਣਾ, ਬਿਨ ਤੇਲ ਬਾਤੀ ਕਮਲਾਪਾਤੀ ਡਗਮਗਾਈਆ। ਮੇਰਾ ਪਵਿਤ੍ਰ ਕਰ ਦੇ ਤਨ ਮਾਟੀ ਖ਼ਾਕ ਬਦਨਾ, ਧੂੜੀ ਆਪਣੇ ਚਰਨ ਛੁਹਾਈਆ। ਨੂਰ ਨੁਰਾਨੇ ਅਲਾਹੀ ਰੱਬਨਾ, ਯਾਮਬੀਨ ਤੇਰੀ ਓਟ ਤਕਾਈਆ। ਤੂੰ ਖੋਜਿਆਂ ਕਿਸੇ ਨਹੀਂ ਲਭਣਾ, ਭਾਲਿਆਂ ਹੱਥ ਕਿਛ ਨਾ ਆਈਆ। ਬੇਨੰਤੀ ਕਰ ਕੇ ਮੇਰੇ ਪਰਵਰਦਿਗਾਰ ਤੈਨੂੰ ਸੱਦਣਾ, ਸੱਦਾ ਦੇਵਾਂ ਚਾਈਂ ਚਾਈਂਆ। ਮੇਰੇ ਉਤੋਂ ਕਲਜੁਗ ਕੂੜ ਕੁੜਿਆਰਾ ਆ ਕੇ ਕਢਣਾ, ਪੰਚ ਵਿਕਾਰ ਕੁਕਰਮ ਦਾ ਡੇਰਾ ਢਾਹੀਆ। ਸਤਿਜੁਗ ਸਾਚਾ ਤੇਰੇ ਹੁਕਮ ਨਾਲ ਲੱਗਣਾ, ਧਰਨੀ ਕਹੇ ਮੇਰੇ ਉਤੇ ਧਰਮ ਦੀ ਧਾਰ ਦੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਪੱਲੂ ਕਦੇ ਨਾ ਛਡਣਾ, ਕੰਨੀ ਗੰਢ ਨਾ ਕੋਇ ਛੁਡਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੱਖਣ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਕਿਰਪਾ ਕਰ ਮੇਰੇ ਜਗਦੀਸ਼ੇ, ਜਗਦੀਸ਼ਵਰ ਈਸ਼ਵਰ ਤੇਰੀ ਆਸ ਰਖਾਈਆ। ਮੇਰੇ ਉਤੇ ਨਿਗਾਹ ਮਾਰ ਲੈ ਨਿਰਗੁਣ ਧਾਰ ਬੀਸ ਇਕੀਸੇ, ਏਕੰਕਾਰ ਪਰਵਰਦਿਗਾਰ ਆਪਣਾ ਧਿਆਨ ਲਗਾਈਆ। ਸ਼ਾਹੋ ਭੂਪ ਮੈਨੂੰ ਇਕ ਸੁਣਾ ਦੇ ਹਦੀਸੇ, ਹਜ਼ਰਤਾਂ ਤੋਂ ਬਾਹਰ ਕਰ ਸ਼ਨਵਾਈਆ। ਮੈਂ ਜੁਗ ਚੌਕੜੀ ਤੇਰੇ ਪੀਸਣ ਪੀਸੇ, ਨਿਤ ਨਵਿਤ ਸੇਵ ਕਮਾਈਆ। ਮੈਂ ਵੇਖਣਾ ਚਾਹੁੰਦੀ ਇਕੋ ਛਤਰ ਝੁੱਲੇ ਤੇਰੇ ਸੀਸੇ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਆਪਣੀ ਦਇਆ ਕਮਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਮਾਲਕ, ਠਾਕਰ ਸੁਆਮੀ ਤੇਰੀ ਓਟ ਤਕਾਈਆ। ਨਿਗਾਹ ਮਾਰ ਲੈ ਆਪਣੀ ਵਿਚ ਖ਼ਲਕ ਖ਼ਾਲਕ, ਮਖ਼ਲੂਕ ਵੇਖਣੀ ਚਾਈਂ ਚਾਈਂਆ। ਤੁਧ ਬਿਨ ਦੀਨ ਦੁਨੀ ਰਿਹਾ ਕੋਈ ਨਾ ਪਾਲਕ, ਪ੍ਰਿਤਪਾਲਕ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸ਼ਬਦੀ ਧਾਰ ਤਕ ਲੈ ਅਗੰਮੇ ਬਾਲਕ, ਮਿਹਰਵਾਨ ਹੋ ਕੇ ਧਿਆਨ ਲਗਾਈਆ। ਮੈਨੂੰ ਐਉਂ ਦਿਸਦਾ ਤੇਰਾ ਆਉਣਾ ਹੋਵੇ ਅਚਾਨਕ, ਅਚਨਚੇਤ ਆਪਣਾ ਫੇਰਾ ਪਾਈਆ। ਮੇਰਾ ਵਕ਼ਤ ਸੁਹੰਜਣਾ ਸਮਾਂ ਤਕ ਭਿਆਨਕ, ਭੈ ਭੀਤ ਹੋ ਕੇ ਰਹੀ ਸੁਣਾਈਆ। ਮੈਂ ਨਿਮਾਣੀ ਬੁੱਧਹੀਣ ਅਨਜਾਣਤ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਸਾਹਿਬ, ਸਚ ਸੁਲਤਾਨ ਤੇਰੀ ਵਡਿਆਈਆ। ਨਿਗਾਹ ਮਾਰ ਲੈ ਸਤਿ ਧਰਮ ਹੋਇਆ ਗ਼ਾਇਬ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਮੇਰੇ ਮਿਹਰਵਾਨਾ ਨੌਜਵਾਨਾ ਤੇਰਾ ਸਭ ਦੇ ਨਾਲ ਅਹਿਦ, ਅਹਿਦਨਾਮੇ ਵੇਖਣੇ ਥਾਉਂ ਥਾਈਂਆ। ਤੂੰ ਮਾਲਕ
ਖ਼ਾਲਕ ਇਕੋ ਵਾਹਿਦ, ਲਾਸ਼ਰੀਕ ਨੂਰ ਅਲਾਹੀਆ। ਮੇਰੇ ਉਤੇ ਹੁਕਮ ਵਰਤਣਾ ਜਾਇਜ਼, ਨਜਾਇਜ਼ ਮੰਗ ਨਾ ਕੋਇ ਮੰਗਾਈਆ। ਸਤਿ ਧਰਮ ਕਰ ਰਾਇਜ, ਕੂੜੀ ਕਿਰਿਆ ਬਾਹਰ ਕਢਾਈਆ। ਸਦੀ ਚੌਧਵੀਂ ਅੰਤਮ ਮੈਂ ਵੇਖਣਾ ਚਾਹੁੰਦੀ ਤੇਰਾ ਨਤਾਇਜ, ਨਤੀਜਾ ਖ਼ੁਸ਼ੀਆਂ ਨਾਲ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਪਰਗਟਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਕਰ ਦੇ ਪੂਰੀ, ਪੂਰਨ ਬ੍ਰਹਮ ਬ੍ਰਹਮ ਸਮਝਾਈਆ। ਤੇਰੇ ਨਾਮ ਦੀ ਮੇਰੇ ਉਤੇ ਹੋਏ ਮਸ਼ਹੂਰੀ, ਮਸ਼ਵਰਾ ਸਤਿਗੁਰ ਸ਼ਬਦ ਰਖਾਈਆ। ਸਭ ਦੇ ਅੰਦਰ ਦੇ ਦੇ ਸਚ ਸਰੂਰੀ, ਸਰੋਵਰ ਇਕੋ ਤਾਲ ਨੁਹਾਈਆ। ਕੂੜੀ ਕਿਰਿਆ ਕਰ ਦੇ ਦੂਰੀ, ਦੁਰਮਤ ਮੈਲ ਰਹੇ ਨਾ ਰਾਈਆ। ਮੈਂ ਤਕਣਾ ਚਾਹੁੰਦੀ ਤੇਰਾ ਇਕੋ ਅਗੰਮਾ ਚੰਦ ਨੂਰੀ, ਨੂਰ ਨੁਰਾਨੇ ਦੇਣਾ ਚਮਕਾਈਆ। ਮੈਂ ਮਾਂਗਤ ਹੋ ਕੇ ਖੜ੍ਹੀ ਦਰ ਹਜ਼ੂਰੀ, ਹਜ਼ਰਤਾਂ ਦੇ ਮਾਲਕ ਤੇਰੇ ਅਗੇ ਝੋਲੀ ਡਾਹੀਆ। ਮੇਰੇ ਉਤੋਂ ਕਿਰਿਆ ਮੇਟ ਦੇ ਕੂੜੀ, ਕੂੜ ਕੁਟੰਬ ਦੇਣਾ ਗੁਆਈਆ। ਦਰੇ ਦਰਬਾਰ ਬਖ਼ਸ਼ਣੀ ਚਰਨ ਧੂਰੀ, ਧੂੜੀ ਖ਼ਾਕ ਰਮਾਈਆ। ਉਹ ਆਸ਼ਾ ਵੇਖ ਲੈ ਮੂਸਾ ਵਾਲੀ ਕੋਹਤੂਰੀ, ਤੁਰੀਆ ਤੋਂ ਬਾਹਰ ਕੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਰਿਹਾ ਕੋਈ ਨਾ ਸਕਾ, ਮੀਤ ਸਾਜਣ ਨਜ਼ਰ ਕੋਇ ਨਾ ਆਈਆ। ਤੂੰ ਇਕੋ ਵਾਹਿਦ ਨੂਰ ਅਲਾਹੀ ਯਕਾ, ਯਕੇ ਬਾਦ ਦੀਗਰੇ ਆਪਣਾ ਖੇਲ ਖਿਲਾਈਆ। ਤੇਰਾ ਸਭ ਦੇ ਨਾਲ ਵਾਅਦਾ ਪੱਕਾ, ਕੱਚੀ ਗੰਢ ਨਾ ਕੋਇ ਜਣਾਈਆ। ਉਹ ਸੰਦੇਸ਼ ਯਾਦ ਕਰ ਲੈ ਜੋ ਮੁਹੰਮਦ ਦਿਤਾ ਵਿਚ ਮੱਕਾ, ਕਾਅਬਿਆਂ ਬਾਹਰ ਅਸਮਾਈਦ ਨਾਲ ਮਿਲਾਈਆ। ਮੇਰੇ ਮਿਹਰਵਾਨਾ ਨੌਜਵਾਨਾ ਅੰਤਮ ਦੇਵੀਂ ਮੂਲ ਨਾ ਧੱਕਾ, ਫੜ ਬਾਹੋਂ ਨਾ ਬਾਹਰ ਧਕਾਈਆ। ਤੁਧ ਬਿਨ ਮੇਰੀ ਕ਼ੀਮਤ ਪਏ ਨਾ ਟਕਾ, ਕੌਡੀਆਂ ਜਗਤ ਵਿਕਾਈਆ। ਮੈਂ ਚਾਹੁੰਦੀ ਮੇਰੇ ਉਤੋਂ ਸ਼ਰਅ ਦਾ ਮੇਟ ਦੇ ਰੱਟਾ, ਝਗੜਾ ਮਾਨਵ ਜ਼ਾਤ ਨਾ ਕੋਇ ਜਣਾਈਆ। ਉਹ ਵੇਖ ਲੈ ਮੇਰੇ ਕੋਲ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਪਟਾ, ਜਿਸ ਦਾ ਹਰਫ਼ ਹਰੂਫ਼ ਸਕੇ ਨਾ ਕੋਇ ਬਦਲਾਈਆ। ਉਤੇ ਸਤਿਗੁਰ ਸ਼ਬਦ ਦਾ ਅਗੰਮਾ ਠੱਪਾ, ਮੋਹਰ ਨੇਤਰ ਲੋਚਨ ਨੈਣ ਨਾ ਕੋਇ ਜਣਾਈਆ। ਜਿਸ ਦੇ ਵਿਚੋਂ ਨਜ਼ਰੀ ਆਉਂਦਾ ਇਕੋ ਪੱਪਾ, ਪਤਿਪਰਮੇਸ਼ਵਰ ਜਿਸ ਨੂੰ ਦਏ ਵਡਿਆਈਆ। ਮੇਰਾ ਤੇਰੇ ਨਾਲ ਅਗੰਮੀ ਮਤਾ, ਮਤ ਮਤਾਂਤਰਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਧਰਮ ਦੀ ਧਾਰ ਮੇਰੀ ਸਤਾ, ਸਤਿ ਸਤਿਵਾਦੀ ਦੇਣੀ ਮਾਣ ਵਡਿਆਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਮਾਲਕ ਦੋ ਜਹਾਨਾਂ ਜ਼ਬਰੂ, ਜ਼ਬਰਦਸਤ ਉਦੈ ਅਸਤ ਤੇਰੀ ਸਰਨਾਈਆ। ਮੇਰੇ ਆਦਿ ਜੁਗਾਦਿ ਜੁਗ ਚੌਕੜੀ ਦੇ ਗਭਰੂ, ਨੌਜਵਾਨ ਸ੍ਰੀ ਭਗਵਾਨ ਤੇਰੀ ਬੇਪਰਵਾਹੀਆ। ਮੇਰੀ ਆਸਾ ਮਨਸਾ ਤਕ ਲੈ ਸੱਧਰੂ, ਸਦਕੇ ਵਾਰੀ ਘੋਲ ਘੁਮਾਈਆ। ਤੁਧ ਬਿਨ ਮੇਰਾ ਰਿਹਾ
ਕੋਈ ਨਾ ਕ਼ਦਰੂ, ਕ਼ੁਦਰਤ ਦੇ ਕ਼ਾਦਰ ਦੇਣੀ ਵਡਿਆਈਆ। ਮੇਰੀ ਇਜ਼ਤ ਮਾਣ ਰੁਲ ਗਈ ਆਬਰੂ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਆਦਿ ਜੁਗਾਦੀ ਸ਼ਕਤੀ ਸ਼ਾਲੀ, ਸ਼ਹਿਨਸ਼ਾਹ ਤੇਰੀ ਸਰਨਾਈਆ। ਮੈਂ ਨਿਤ ਨਵਿਤ ਤੇਰੀ ਘਾਲ ਘਾਲੀ, ਘਾਇਲ ਹੋ ਕੇ ਸੇਵ ਕਮਾਈਆ। ਜੁਗ ਚੌਕੜੀ ਤੇਰੀ ਬਣੀ ਰਹੀ ਪੁਤਰੀ ਬਾਲੀ, ਨੱਢੀ ਹੋ ਕੇ ਮੰਗ ਮੰਗਾਈਆ। ਮੇਰੇ ਸਾਹਿਬ ਸੁਲਤਾਨਾ ਮੇਰੀ ਝੋਲੀ ਵੇਖ ਲੈ ਖ਼ਾਲੀ, ਧਰਮ ਦੀ ਵਸਤ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਰੈਣ ਅੰਧੇਰੀ ਹੋਈ ਕਾਲੀ, ਕਲਜੁਗ ਆਪਣੀ ਕਲ ਵਰਤਾਈਆ। ਏਸ ਵਕ਼ਤ ਮੇਰੀ ਸੁਰਤ ਸੰਭਾਲੀਂ, ਸੰਬਲ ਦੇ ਮਾਲਕ ਦਇਆ ਕਮਾਈਆ। ਮੇਰੇ ਉਤੇ ਜਗਤ ਗੁਰੂ ਰਹੇ ਕੋਈ ਨਾ ਜਾਹਲੀ, ਜਾਗਰਤ ਜੋਤ ਇਕੋ ਕਰ ਰੁਸ਼ਨਾਈਆ। ਮੈਂ ਤੇਰੇ ਨਾਮ ਬਿਨ ਹੋਈ ਕੰਗਾਲੀ, ਜਗ ਸ਼ਾਹ ਵਸਤ ਸਕੇ ਨਾ ਕੋਇ ਵਰਤਾਈਆ। ਉਹ ਲੇਖਾ ਤਕ ਲੈ ਜੋ ਰਾਮ ਦੀ ਧਾਰ ਲਹਿਣਾ ਚੁਕਾਇਆ ਬਾਲੀ, ਬਲਧਾਰੀ ਤੇਰੀ ਵਡ ਵਡਿਆਈਆ। ਮੇਰੀ ਫਲ ਲਗਾ ਦੇ ਸਤਿ ਸਚ ਦੀ ਡਾਲੀ, ਪੱਤ ਟਹਿਣੀ ਦੇ ਮਹਿਕਾਈਆ। ਮੈਂ ਤੇਰੇ ਦਰ ਹੋਈ ਸਵਾਲੀ, ਮਾਂਗਤ ਹੋ ਕੇ ਮੰਗ ਮੰਗਾਈਆ। ਜੁਗ ਚੌਕੜੀ ਲੰਘ ਗਏ ਕੀਤੀ ਮੂਲ ਨਾ ਕਾਹਲੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਦਰ ਦੇਣੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਖ਼ਾਲੀ ਭੰਡਾਰਾ ਕਰ ਭਰਪੂਰ, ਊਣਤਾ ਨਜ਼ਰ ਕੋਇ ਨਾ ਆਈਆ। ਮੈਂ ਮਾਂਗਤ ਖੜ੍ਹੀ ਹਜ਼ੂਰ, ਦਰ ਠਾਂਢੇ ਸੀਸ ਨਿਵਾਈਆ। ਮੇਰਾ ਲਹਿਣਾ ਦੇ ਜ਼ਰੂਰ, ਜ਼ਰੂਰਤ ਪਿਛਲੀ ਨਾਲ ਰਲਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਮਨ ਮਨਸਾ ਮੇਟ ਕੂਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਗਤ ਵਾਸ਼ਨਾ ਨਾ ਰਹੇ ਫ਼ਤੂਰ, ਫ਼ਤਵਾ ਦੇਣਾ ਥਾਉਂ ਥਾਈਂਆ। ਇਕੋ ਤੇਰਾ ਨਾਮ ਕਲਮਾ ਮੇਰੇ ਉਤੇ ਹੋਏ ਮਸ਼ਹੂਰ, ਮਸ਼ਵਰਾ ਸਤਿਗੁਰ ਸ਼ਬਦ ਜਣਾਈਆ। ਤੂੰ ਆਦਿ ਜੁਗਾਦੀ ਜਲਵਾਗਰ ਨੂਰੋ ਨੂਰ, ਨੂਰ ਨੁਰਾਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਨਿਤ ਨਵਿਤ ਤੇਰੀ ਮਜ਼ਦੂਰ, ਮਜ਼ਦੂਰੀ ਵਿਚ ਤੇਰੀ ਸੇਵ ਕਮਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੱਸਾ ਸਿੰਘ ਦੇ ਗ੍ਰਹਿ
ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੀ ਪਤ ਆਇਉਂ ਰਖਣ, ਰਖਸ਼ਿਸ਼ ਰਖਿਆ ਕਰਨੀ ਥਾਉਂ ਥਾਈਂਆ। ਬਿਨ ਨੇਤਰ ਨਿਗਾਹ ਮਾਰ ਲੈ ਉੱਤਰ ਪੂਰਬ ਪੱਛਮ ਦੱਖਣ, ਚਾਰ ਕੁੰਟ ਬੈਕੁੰਠ ਨਿਵਾਸੀ ਧਿਆਨ ਲਗਾਈਆ। ਧਰਮ ਦੀ ਧਾਰ ਏਕੰਕਾਰ ਮੇਰੇ ਉਤੋਂ ਹੋਈ ਸੱਖਣ, ਸਤਿ ਵਸਤ ਦਸਤ ਹੱਥ ਨਾ ਕੋਇ ਉਠਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੈਂ ਆਪਣਾ ਦੁਖੜਾ ਆਈ ਦੱਸਣ, ਦਹਿ ਦਿਸ਼ਾ ਦਾ ਲੇਖਾ ਦਿਆਂ ਜਣਾਈਆ। ਨੌ ਖੰਡ ਪ੍ਰਿਥਮੀ
ਦੀ ਮੇਰੇ ਉਤੇ ਹੋਈ ਅੰਧੇਰੀ ਮੱਸਣ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਬਿਰਹੁ ਵੈਰਾਗਣ ਹੋ ਕੇ ਆਈ ਨੱਸਣ, ਭੱਜੀ ਵਾਹੋ ਦਾਹੀਆ। ਨਿਗਾਹ ਮਾਰ ਲੈ ਦੀਪ ਵਿਚ ਲੱਖਣ, ਕਰੌਚ ਪੁਸ਼ਕਰ ਆਪਣਾ ਭੇਵ ਖੁਲ੍ਹਾਈਆ। ਸਾਨ ਸਲਮਲ ਕਿਸ ਬਿਧ ਹੋਵੇ ਹੱਤਣ, ਜੰਬੂ ਕਰਨੀ ਕੀ ਕਮਾਈਆ। ਕੁਸ਼ਾ ਤੇਰੇ ਤੇ ਕਿਹੜੀ ਧਾਰ ਹੋਵੇ ਲਟ ਲਟਣ, ਜੋਤੀ ਜਾਤੇ ਦੇਣੀ ਦ੍ਰਿੜਾਈਆ। ਤੂੰ ਵਾਸੀ ਘਟ ਘਟਣ, ਲੱਖ ਚੁਰਾਸੀ ਰਿਹਾ ਸਮਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰਾ ਧਰਮ ਦੀ ਧਾਰ ਵੇਖੀਂ ਪਤਨ, ਪਤ੍ਰਕਾ ਪਿਛਲੀ ਫੋਲ ਫੁਲਾਈਆ। ਤੇਰਾ ਧਰਮ ਮੇਰੇ ਉਤੋਂ ਹੋਇਆ ਬੇਵਤਨ, ਵਤਨਾਂ ਦੇ ਮਾਲਕ ਸਚ ਰੰਗ ਨਾ ਕੋਇ ਰੰਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੈਂ ਕਰ ਕਰ ਥੱਕੀ ਯਤਨ, ਯਥਾਰਥ ਮੇਰਾ ਲੇਖਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਆ ਕੇ ਵਖਾ ਦੇ ਝਲਕ, ਝੱਲੀ ਕੋਝੀ ਕਮਲੀ ਤੇਰੀ ਓਟ ਤਕਾਈਆ। ਤੂੰ ਮਾਲਕ ਵਾਲੀ ਦੋ ਜਹਾਨਾਂ ਖ਼ਲਕ, ਮਖ਼ਲੂਕ ਤਕਣੀ ਥਾਉਂ ਥਾਈਂਆ। ਨਿਗਾਹ ਮਾਰ ਲੈ ਉਤੋਂ ਫ਼ਲਕ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਮੇਰੀ ਦੁਖਾਂ ਵਿਚ ਨਿਕਲੇ ਕਲਕ, ਨੇਤਰਾਂ ਰੋ ਰੋ ਦਿਆਂ ਦੁਹਾਈਆ। ਸੁਖ ਚੈਨ ਕਿਸੇ ਆਵੇ ਘੜੀ ਨਾ ਪਲਕ, ਪਾਰਬ੍ਰਹਮ ਪਤਿਪਰਮੇਸ਼ਵਰ ਧੀਰਜ ਧੀਰ ਨਾ ਕੋਇ ਧਰਾਈਆ। ਉਹ ਨਿਗਾਹ ਮਾਰ ਲੈ ਜੋ ਸੰਦੇਸ਼ਾ ਦੇ ਕੇ ਗਿਆ ਜਨਕ, ਜਨਕ ਸਪੁਤਰੀ ਸੀਆ ਨਾਲ ਮਿਲਾਈਆ। ਮੇਰੇ ਅੰਤਸ਼ਕਰਨ ਵਿਚੋਂ ਮੇਟ ਦੇ ਸ਼ੰਕ, ਸਹਿਸਾ ਅੰਤਰ ਰਹੇ ਨਾ ਰਾਈਆ। ਮੇਰਾ ਸੁਹਾ ਦੇ ਅਗੰਮਾ ਬੰਕ, ਬੰਕ ਦੁਆਰੀ ਹੋ ਕੇ ਫੇਰਾ ਪਾਈਆ। ਮੈਂ ਨਿਰਧਨ ਤੇਰੀ ਆਸ਼ਾ ਵਿਚ ਬੈਠੀ ਰਹਾਂ ਅਟੰਕ, ਚਿੰਤਾ ਗ਼ਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੀ ਮੇਟ ਦੇ ਹਵਸ, ਤ੍ਰਿਸ਼ਨਾ ਕੂੜ ਜਗਤ ਮਿਟਾਈਆ। ਮਿਹਰਵਾਨ ਹੋ ਕੇ ਕਰ ਤਰਸ, ਤ੍ਰੈਗੁਣ ਅਤੀਤੇ ਆਪਣਾ ਰੰਗ ਰੰਗਾਈਆ। ਨਾਮ ਨਿਧਾਨਾ ਇਕੋ ਮੇਘ ਬਰਸ, ਨਵ ਸੱਤ ਮੇਰੀ ਅਗਨੀ ਦੇ ਬੁਝਾਈਆ। ਮੇਰਾ ਲੇਖੇ ਲਾ ਲੈ ਖ਼ੁਸ਼ੀਆਂ ਵਾਲਾ ਬਰਸ, ਸ਼ਹਿਨਸ਼ਾਹ ਸ਼ਾਹ ਸੁਲਤਾਨ ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਅਭੇਦ ਖੁਲ੍ਹਾਈਆ। ਧਰਨੀ ਕਹੇ ਮੇਰੇ ਸਤਿਗੁਰ ਸੁਆਮੀ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਓਟ ਤਕਾਈਆ। ਮੇਰੇ ਉਤੋਂ ਮੇਟ ਦੇ ਕਲਜੁਗ ਕੂੜਾ ਪਾਪ, ਕੁਕਰਮ ਦਾ ਲੇਖਾ ਦੇ ਮੁਕਾਈਆ। ਜਗਤ ਜੀਵਾਂ ਜੰਤਾਂ ਰਹੇ ਨਾ ਕੋਇ ਸੰਤਾਪ, ਸਤਿ ਸਤਿਵਾਦੀ ਹੋਣਾ ਆਪ ਸਹਾਈਆ। ਨਵ ਸੱਤ ਦੀ ਮੇਟ ਅੰਧੇਰੀ ਰਾਤ, ਨੂਰੀ ਚੰਦ ਚੰਦ ਚਮਕਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਇਕੋ ਨਾਮ ਕਲਮਾ ਦੇ ਸਫ਼ਾਤ, ਸਫ਼ਾ ਹਸਤੀ ਕੂੜ ਕਿਰਿਆ ਦੇ ਚੁਕਾਈਆ। ਤੇਰੇ ਗੁਣ ਨਿਧਾਨ ਦੀ ਕੋਈ ਅੱਖਰਾਂ ਨਾਲ ਜਾਣ ਨਾ ਸਕੇ ਲੁਗਾਤ, ਹਰਫ਼ ਹਰੂਫ਼ ਨਾ ਕੋਇ ਚਤੁਰਾਈਆ। ਮੇਰੇ ਕੋਲ ਤੇਰਾ ਸੰਦੇਸ਼ਾ ਅਗੰਮੀ ਬਿਨ ਅੱਖਰਾਂ ਵਾਲੀ ਪਾਤ, ਪਤਿਪਰਮੇਸ਼ਵਰ ਆਪਣੇ ਵਿਚ ਟਿਕਾਈਆ। ਜਿਸ ਵਿਚ ਲੇਖਾ ਕਲਜੁਗ ਅੰਤ ਤੇਰੇ ਕੰਢੇ ਆਏ ਘਾਟ, ਦੋ ਜਹਾਨਾਂ ਪਤਣ ਚਰਨਾਂ ਹੇਠ ਦਬਾਈਆ । ਤੂੰ ਪੰਧ ਮਾਰ ਕੇ ਆ ਜਾ ਵਾਟ, ਨਿਰਗੁਣ ਦਾਤੇ ਧੁਰਦਰਗਾਹੀਆ। ਮੇਰੀ ਸੁਹੰਜਣੀ ਕਰ ਦੇ ਖਾਟ, ਸਚ ਸਿੰਘਾਸਣ ਆਸਣ ਲਾਈਆ। ਮੈਂ ਤੇਰੇ ਗੁਣ ਗਾਵਾਂ ਬਣ ਕੇ ਭਾਟ, ਭਟਨਾਗਰ ਤੇਰੀ ਸਿਫ਼ਤ ਸਲਾਹੀਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਈਸਾ ਮੂਸਾ ਵਾਲੀ ਪੂਰੀ ਕਰ ਦੇ ਟਾਕ, ਬਿਨ ਟੰਗ ਰਸਨਾ ਜਿਹਵਾ ਜੋ ਹਰਫ਼ਾਂ ਹਰੂਫ਼ ਜਣਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਦਾਰਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਮਾਲਕ ਗੁਣੀ ਗਹੀਰ, ਗਹਿਰ ਗਵਰ ਤੇਰਾ ਧਿਆਨ ਲਗਾਈਆ। ਮੇਰੇ ਸਿਰ ਤੋਂ ਧਰਮ ਦਾ ਲੱਥਾ ਚੀਰ, ਓਢਣ ਉਪਰ ਨਾ ਕੋਇ ਟਿਕਾਈਆ। ਸਹਾਇਤਾ ਕਰੇ ਨਾ ਕੋਈ ਅਵਤਾਰ ਪੈਗ਼ੰਬਰ ਪੀਰ, ਰਖਕ ਨਜ਼ਰ ਕੋਇ ਨਾ ਆਈਆ। ਮਿਹਰਵਾਨਾ ਮੇਰੇ ਨੇਤਰ ਵਗੇ ਨੀਰ, ਨੈਣਾਂ ਛਹਿਬਰ ਲਾਈਆ। ਕਲਜੁਗ ਕਿਰਿਆ ਮੇਰੀ ਬਦਲ ਦਿਤੀ ਤਕ਼ਦੀਰ, ਤਕੱਬਰ ਵਿਚ ਖ਼ਲਕ ਖ਼ੁਦਾਈਆ। ਨਵ ਸੱਤ ਸ਼ਰਅ ਜ਼ੰਜੀਰ, ਬੰਧਨ ਸਕੇ ਨਾ ਕੋਇ ਤੁੜਾਈਆ। ਝਗੜਾ ਪਿਆ ਸ਼ਾਹ ਹਕੀਰ, ਨੀਚ ਊਚ ਕਰੇ ਲੜਾਈਆ। ਧਰਮ ਦਾ ਰਿਹਾ ਨਾ ਕੋਈ ਵੀਰ, ਭੈਣਾਂ ਸੰਗ ਨਾ ਕੋਇ ਨਿਭਾਈਆ। ਮਾਤ ਪਿਤ ਰਸ ਰਿਹਾ ਕਿਸੇ ਨਾ ਸੀਰ, ਪਿਤਾ ਪੂਤ ਰਹੇ ਕੁਰਲਾਈਆ। ਮੇਰਾ ਅੰਤਸ਼ਕਰਨ ਹੋਇਆ ਦਿਲਗੀਰ, ਚਿੰਤਾ ਵਿਚ ਮੇਰੀ ਦੁਹਾਈਆ। ਮੇਰੇ ਉਤੋਂ ਕਟ ਦੇ ਆ ਕੇ ਭੀਰ, ਦੁਖਾਂ ਦਰਦਾਂ ਡੇਰਾ ਢਾਹੀਆ। ਤੇਰੇ ਕੋਲ ਸਰਬ ਤਕ਼ਦੀਰ, ਤਰੀਕਾ ਆਪਣਾ ਲੈਣਾ ਵਰਤਾਈਆ। ਮੈਨੂੰ ਸੰਦੇਸ਼ਾ ਦੇ ਕੇ ਗਿਆ ਭਗਤਾਂ ਦਾ ਭਗਤ ਕਬੀਰ, ਕਾਅਬਿਆਂ ਬਾਹਰ ਕਰ ਸ਼ਨਵਾਈਆ। ਧਰਨੀਏ ਤੇਰੇ ਉਤੇ ਪੁਰਖ ਅਕਾਲਾ ਫੇਰ ਨਵੀਂ ਕਰੇ ਤਾਮੀਰ, ਪੂਰਬ ਲੇਖਾ ਰਹੇ ਨਾ ਰਾਈਆ। ਸ਼ਬਦੀ ਖੰਡਾ ਲੈ ਸ਼ਮਸ਼ੀਰ, ਸ਼ਰਅ ਦੇ ਲਹਿਣੇ ਦਏ ਮੁਕਾਈਆ। ਝਗੜਾ ਰਹੇ ਨਾ ਗਾਂ ਖ਼ੰਜੀਰ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਇਕੋ ਰੰਗ ਰੰਗਾਏ ਹਸਤ ਕੀਰ, ਕੀਟ ਕੀਟਾਂ ਦਏ ਵਡਿਆਈਆ। ਮਾਨਵ ਜ਼ਾਤੀ ਅੰਦਰੋਂ ਬਦਲ ਦਏ ਜ਼ਮੀਰ, ਅੰਤਸ਼ਕਰਨ ਕਰੇ ਸਫ਼ਾਈਆ। ਅੰਮ੍ਰਿਤ ਦੇ ਕੇ ਠੰਡਾ ਸੀਰ, ਅਗਨੀ ਤਤ ਤਤ ਬੁਝਾਈਆ। ਸ਼ਬਦ ਅਨਾਦੀ ਦੇਵੇ ਧੀਰ, ਧੀਰਜ ਧਰਮ ਧਾਰ ਜਣਾਈਆ। ਜੋਤੀ ਜਾਤਾ ਆਏ ਘਤ ਵਹੀਰ, ਬਿਨ ਕ਼ਦਮਾਂ ਕ਼ਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੇ ਗੁਰੂ ਗੁਰੂ ਗੁਰਦੇਵਾ, ਦੇਵ ਦੇਵਾ ਤੇਰੀ ਵਡਿਆਈਆ। ਤੂੰ ਸਾਹਿਬ ਅਲਖ ਅਭੇਵਾ, ਅਗੋਚਰ ਅਗੰਮ ਭੇਵ ਖੁਲ੍ਹਾਈਆ। ਕੀ ਸਿਫ਼ਤ ਕਰੇ ਤੇਰੀ ਕੋਈ ਜਿਹਵਾ, ਕਥਨੀ ਕਥ ਨਾ ਸਕੇ ਰਾਈਆ। ਤੂੰ ਆਦਿ ਜੁਗਾਦਿ ਸਦਾ ਨਿਹਕੇਵਾ, ਸਚਖੰਡ ਨਿਵਾਸੀ ਨੂਰ ਅਲਾਹੀਆ। ਮੇਰੇ ਮਸਤਕ ਲਾ ਦੇ ਅਗੰਮੀ ਥੇਵਾ, ਕੌਸਤਕ ਮਨੀਆ ਲੋੜ ਰਹੇ ਨਾ ਰਾਈਆ। ਤੂੰ ਖ਼ਸਮ ਸੁਆਮੀ ਮੇਰਾ ਦੂਜਾ ਕਰਾਂ ਨਾ ਕੋਇ ਕਰੇਵਾ, ਕਰਨੀ ਕਰਤੇ ਤੇਰੀ ਆਸ ਰਖਾਈਆ। ਮੈਨੂੰ ਅੰਮ੍ਰਿਤ ਫਲ ਲਗਾ ਦੇ ਮੇਵਾ, ਅੰਮਿਉਂ ਰਸ ਆਪਣਾ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਕ਼ਬੂਲ ਕਰ ਲੈ ਸੇਵਾ, ਸੇਵਕ ਯਾਚਕ ਹੋ ਕੇ ਮੰਗ ਮੰਗਾਈਆ।