ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਰਾਤ ਦੇ ਸਮੇਂ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਕਾਰਤਕ ਕਹੇ ਧਰਨੀਏ ਮੇਰੀ ਤੈਨੂੰ ਵਧਾਈ, ਖ਼ੁਸ਼ਹਾਲੇ ਖ਼ੁਸ਼ੀਆਂ ਢੋਲੇ ਗਾਈਆ। ਤੇਰੇ ਉਤੇ ਨੂਰ ਨੁਰਾਨਾ ਆਇਆ ਧੁਰ ਦਾ ਮਾਹੀ, ਮਹਿਬੂਬ ਅਗੰਮ ਅਥਾਹੀਆ। ਜਿਸ ਦਾ ਨੂਰ ਜ਼ਹੂਰ ਕਰੇ ਰੁਸ਼ਨਾਈ, ਦੋ ਜਹਾਨਾਂ ਡਗਮਗਾਈਆ। ਉਹ ਤਕ ਲੈ ਅਵਤਾਰ ਪੈਗ਼ੰਬਰ ਗੁਰ ਬਣ ਕੇ ਆ ਗਏ ਪਾਂਧੀ ਰਾਹੀ, ਆਪਣਾ ਪੰਧ ਮੁਕਾਈਆ। ਇਕੱਠੇ ਹੋਏ ਏਕਾ ਥਾਈਂ, ਹਰਿ ਭਗਤ ਦੁਆਰ ਵਜੇ ਵਧਾਈਆ। ਤੂੰ ਆਪਣਾ ਬਿਨ ਅੱਖਾਂ ਨੈਣ ਉਠਾਈਂ, ਚਾਰੇ ਕੁੰਟ ਫਿਰਾਈਆ। ਬਿਨ ਰਸਨਾ ਢੋਲੇ ਗਾਈਂ, ਆਇਆ ਧੁਰ ਦਾ ਮਾਹੀਆ। ਝਟ ਧਰਨੀ ਆਵਾਜ਼ ਸੁਣੀ ਚਾਈਂ ਚਾਈਂ, ਬਿਨ ਸਰਵਣਾਂ ਹੋਈ ਸ਼ਨਵਾਈਆ। ਨਵ ਸੱਤ ਸੁਤੀ ਪਈ ਲਈ ਅੰਗੜਾਈ, ਆਪ ਆਪਣਾ ਲਿਆ ਜਗਾਈਆ। ਨਾਲੇ ਹਸ ਕੇ ਕਿਹਾ ਮੇਰੇ ਬੇਪਰਵਾਹੀ, ਤੇਰੀ ਬੇਪਰਵਾਹੀਆ। ਮੈਂ ਕਦ ਦਾ ਰਾਹ ਤਕਾਈ, ਚਾਰੇ ਕੁੰਟ ਵੇਖ ਵਖਾਈਆ। ਮੈਂ ਸੰਦੇਸਾ ਦਿਤਾ ਆਪਣੇ ਥਲ ਅਸਗਾਹੀ, ਸਮੁੰਦ ਸਾਗਰਾਂ ਸਮਝਾਈਆ। ਟਿੱਲੇ ਪਰਬਤਾਂ ਆਖਿਆ ਚਾਈਂ ਚਾਈਂ, ਸੋਇਆ ਰਹਿਣ ਕੋਇ ਨਾ ਪਾਈਆ। ਉੱਤਰ ਪੂਰਬ ਪੱਛਮ ਦੱਖਣ ਦਿਤਾ ਉਠਾਈ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਤੁਸਾਂ ਨਿਗਾਹ ਰਖਣੀ ਜਿਸ ਵੇਲੇ ਜੋਤੀ ਜਾਤਾ ਆਵੇ ਧੁਰ ਦਾ ਰਾਹੀ, ਬਿਨ ਕ਼ਦਮਾਂ ਕ਼ਦਮ ਉਠਾਈਆ। ਨਾਰਦਾ ਮੈਂ ਉਸ ਪ੍ਰਭੂ ਦੇ ਸਗਨ ਰਹੀ ਮਨਾਈ, ਸੋਹਣੀ ਖ਼ੁਸ਼ੀ ਬਣਾਈਆ। ਆਪਣੀ ਮੇਂਢੀ ਸੀਸ ਗੁੰਦਾਈ, ਸੋਹਣਾ ਰੰਗ ਰੰਗਾਈਆ। ਦੁਰਮਤ ਮੈਲ ਧੋ ਕੇ ਸ਼ਾਹੀ, ਪਾਪਾਂ ਕਰੀ ਸਫ਼ਾਈਆ। ਸੋਹਣਿਆ ਨਾਰਦਾ ਮੈਂ ਸਭ ਤੋਂ ਵਖਰੀ ਚਾਰ ਜੁਗ ਦੀ ਅਗੰਮੀ ਸੇਜ ਵਿਛਾਈ, ਜਿਸ ਨੂੰ ਸੰਬਲ
ਕਹਿ ਕੇ ਗੋਬਿੰਦ ਗਿਆ ਗਾਈਆ। ਮੇਰੇ ਧੰਨ ਭਾਗ ਜੇ ਉਸ ਦੀ ਹੋਈ ਆਵਾਜਾਈ, ਆਇਆ ਪੰਧ ਮੁਕਾਈਆ। ਮੇਰਾ ਇਕ ਸੁਨੇਹੜਾ ਉਸ ਨੂੰ ਦੇਣਾ ਸੁਣਾਈ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਮੈਂ ਨਿਮਾਣੀ ਧਰਨੀ ਧਰਤ ਧਵਲ ਧੌਲ ਤੇਰੀ ਧਾਰ ਦੀ ਜਾਈ, ਜਿਸ ਦਾ ਮਾਤ ਪਿਤ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅੰਤਮ ਪਕੜੀ ਬਾਹੀਂ, ਬਿਨ ਹੱਥਾਂ ਹੱਥ ਛੁਹਾਈਆ। ਨਾਰਦ ਕਿਹਾ ਧਰਨੀਏ ਮੈਂ ਵਾਸਤਾ ਦੇਵਾਂ ਪਾਈ, ਨਿਵ ਨਿਵ ਲਾਗਾਂ ਪਾਈਆ। ਨੀ ਉਹ ਜਲਵਾਗਰ ਨੂਰ ਨੁਰਾਨਾ ਖ਼ੁਦਾਈ, ਖ਼ੁਦ ਮਾਲਕ ਇਕ ਅਖਵਾਈਆ। ਸਦਾ ਆਪਣੀ ਚਲੇ ਰਜ਼ਾਈ, ਰਾਜ਼ਕ ਰਿਜ਼ਕ ਰਹੀਮ ਬੇਪਰਵਾਹੀਆ। ਜਿਸ ਦੇ ਹੁਕਮ ਵਿਚ ਦੋ ਜਹਾਨ ਖ਼ੁਦਾਈ, ਖ਼ੁਦ ਮਾਲਕ ਇਕ ਅਖਵਾਈਆ। ਨੀ ਜਿਨ੍ਹ ਗੋਬਿੰਦ ਨਾਲ ਕੀਤੀ ਸੀ ਜੁਦਾਈ, ਅੰਤ ਮਿਲਾਵਾ ਹੋਇਆ ਸਹਿਜ ਸੁਭਾਈਆ। ਹੁਣ ਪਿਛਲਾ ਝਗੜਾ ਰਿਹਾ ਨਹੀਂ ਢਈਆ ਢਾਈ, ਢੌਂਕਾ ਲਾ ਕੇ ਗਿਆ ਵਾਹੋ ਦਾਹੀਆ। ਉਸ ਅਗਲੀ ਨਵੀਂ ਖੇਲ ਰਚਾਈ, ਰਚਨਾ ਸਮਝ ਕਿਸੇ ਨਾ ਆਈਆ । ਨਿਰਗੁਣ ਜੋਤ ਰਿਹਾ ਚਮਕਾਈ, ਜੋਤੀ ਜਾਤਾ ਬਣਿਆ ਧੁਰ ਦਾ ਮਾਹੀਆ। ਸ਼ਬਦ ਸੰਦੇਸ਼ਾ ਰਿਹਾ ਸੁਣਾਈ, ਅਣਸੁਣਤ ਰਹਿਣ ਕੋਇ ਨਾ ਪਾਈਆ। ਝਟ ਧਰਨੀ ਦੋਵੇਂ ਉਠਾ ਕੇ ਬਾਹੀਂ, ਬਿਨ ਹੱਥਾਂ ਤਾਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕੱਤਕ ਕਹੇ ਧਰਨੀਏ ਮੈਂ ਤੇਰੇ ਨਾਲ ਹਸਦਾ, ਖ਼ੁਸ਼ੀਆਂ ਵਿਚ ਜਣਾਈਆ। ਮੈਂ ਨਵ ਸੱਤ ਨਸਦਾ, ਭੱਜਾਂ ਵਾਹੋ ਦਾਹੀਆ। ਮੇਰੇ ਕੋਲ ਭਰਿਆ ਭੰਡਾਰਾ ਜਸ ਦਾ, ਸਿਫ਼ਤਾਂ ਢੋਲੇ ਗਾਈਆ। ਮੇਰੇ ਕੋਲ ਪੰਧ ਨਹੀਂ ਕੋਈ ਅੱਖ ਦਾ, ਨੇਤਰ ਨਾ ਕੋਇ ਚਤੁਰਾਈਆ। ਮੈਂ ਖੇਲ ਵੇਖਿਆ ਸਮਰਥ ਦਾ, ਤੈਨੂੰ ਦਿਆਂ ਦ੍ਰਿੜਾਈਆ। ਨੀ ਉਹ ਤੇਰੇ ਉਤੇ ਜੋਤੀ ਜਾਤਾ ਹੋ ਕੇ ਸੰਬਲ ਦੇ ਵਿਚ ਵਸਦਾ, ਸੰਭਾਲ ਕਰੇ ਥਾਉਂ ਥਾਈਂਆ। ਜਿਸ ਦੇ ਕੋਲ ਭੰਡਾਰਾ ਅੰਮਿਉਂ ਰਸ ਦਾ, ਬਿਨ ਰਸਨਾ ਦਏ ਚਖਾਈਆ। ਨੀ ਉਹ ਸ਼ਬਦ ਅਣਿਆਲਾ ਤੀਰ ਕਸਦਾ, ਬਿਨ ਚਿੱਲੇ ਕਮਾਨ ਚਲਾਈਆ। ਧਰਨੀਏ ਮੈਂ ਹੈਰਾਨ ਹੋ ਗਿਆ ਭਗਤਾਂ ਦੇ ਅੰਦਰ ਵਸਦਾ, ਹੋਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੇ ਕਿਸੇ ਬਾਹਰੋਂ ਲਭਣਾ ਤੇ ਰੂਪ ਵੇਖਣਾ ਜੱਟ ਦਾ, ਸਿੱਧਾ ਸਾਧਾ ਨਜ਼ਰੀ ਆਈਆ। ਜੇ ਪ੍ਰਕਾਸ਼ ਤਕਣਾ ਲਟ ਲਟ ਦਾ, ਨੂਰ ਨੁਰਾਨਾ ਡਗਮਗਾਈਆ। ਨੀ ਤੇਰੇ ਉਤੇ ਓਸ ਨੇ ਸੰਸਾਰ ਵਣਜਾਰਾ ਬਣਾਉਣਾ ਇਕੋ ਹੱਟ ਦਾ, ਵਸਤ ਇਕੋ ਨਾਮ ਵਰਤਾਈਆ। ਮੈਨੂੰ ਇਉਂ ਜਾਪਦਾ ਉਹ ਇਕ ਇਕੱਲਾ ਬੈਠਾ ਪਿਛਲੀਆਂ ਡੋਰੀਆਂ ਸਾਰੀਆਂ ਕਟਦਾ, ਕਟਾਕਸ਼ ਆਪਣਾ ਨਾਮ ਲਗਾਈਆ। ਮੈਂ ਓਸੇ ਦੀ ਖ਼ੁਸ਼ੀ ਵਿਚ ਟਪਦਾ, ਟਾਪੂਆਂ ਤੇਰਿਆਂ ਉਤੇ ਭੱਜਾਂ ਵਾਹੋ ਦਾਹੀਆ। ਮੈਂ ਉਸ ਦਾ ਇਕੋ ਨਾਮ ਜਪਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਝਗੜਾ ਨਹੀਂ ਕਿਸੇ ਤਪ ਦਾ, ਸਾਧਨਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਕਾਰਤਕ ਕਹੇ ਧਰਨੀਏ ਮੈਂ ਤੈਨੂੰ ਖ਼ੁਸ਼ੀਆਂ ਨਾਲ ਦੱਸਾਂ ਕਹਾਣੀ, ਕਹਾਵਤ ਸਮਝ ਕਿਸੇ ਨਾ ਆਈਆ। ਨੀ ਉਹਦੀ ਮੰਜ਼ਲਾਂ ਤੋਂ ਬਾਹਰ ਦੀ ਬਾਣੀ, ਬਾਣ ਅਣਿਆਲੇ ਤੀਰ ਚਲਾਈਆ। ਜਿਥੇ ਪੁਜ ਨਾ ਸਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਚਲੇ ਨਾ ਕੋਇ ਚਤੁਰਾਈਆ। ਉਹ ਸ਼ਹਿਨਸ਼ਾਹੀ ਸੁਲਤਾਨੀ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਉਹ ਦਾਤਾ ਗੁਣ ਨਿਧਾਨੀ, ਗਹਿਰ ਗੰਭੀਰ ਨੂਰ ਅਲਾਹੀਆ। ਨੀ ਜੁਗ ਬਦਲਨਾ ਉਹਦੀ ਆਦਤ ਪੁਰਾਣੀ,
ਪੂਰਨ ਸਤਿਗੁਰ ਹੋ ਕੇ ਆਪਣਾ ਖੇਲ ਖਿਲਾਈਆ। ਜੋ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਭਗਤਾਂ ਸੰਤਾਂ ਗ੍ਰੰਥਾਂ ਸ਼ਾਸਤਰਾਂ ਦਿਤੀ ਨਿਸ਼ਾਨੀ, ਉਹ ਨਿਸ਼ਾਨਾ ਲੈ ਕੇ ਆਇਆ ਧੁਰਦਰਗਾਹੀਆ। ਇਹ ਕੋਈ ਲੇਖਾ ਨਹੀਂ ਧਰਨੀਏ ਜ਼ਬਾਨੀ, ਕ਼ਲਮ ਸ਼ਾਹੀ ਸ਼ਹਾਦਤਾਂ ਰਹੀ ਭੁਗਤਾਈਆ। ਇਹ ਕੋਈ ਮੰਜ਼ਲ ਨਹੀਂ ਰੁਹਾਨੀ, ਅੱਧ ਵਿਚ ਬੈਠੇ ਰੋਵਣ ਮਾਰਨ ਸਾਰੇ ਧਾਹੀਆ। ਇਹ ਕੋਈ ਧਾਰ ਨਹੀਂ ਜਿਸਮਾਨੀ, ਪੰਜਾਂ ਤਤਾਂ ਵੰਡ ਵੰਡਾਈਆ। ਇਹ ਇਕ ਤੇ ਇਕੋ ਇਹਦੀ ਮਿਹਰਬਾਨੀ, ਮਿਹਰਬਾਨ ਹੋਵੇ ਤੇ ਹੋਰ ਕਿਸੇ ਦੀ ਲੋੜ ਰਹੇ ਨਾ ਰਾਈਆ। ਨਾ ਝਗੜਾ ਜ਼ਿਮੀਂ ਰਹੇ ਨਾ ਰਹੇ ਅਸਮਾਨੀ, ਜ਼ਮੀਂ ਅਸਮਾਨਾਂ ਤੋਂ ਬਾਹਰ ਸਚਖੰਡ ਆਪਣੇ ਚਰਨ ਦੁਆਰ ਲਏ ਟਿਕਾਈਆ। ਪਰ ਇਕ ਇਹਦੇ ਵਿਚ ਵਾਧਾ ਏਨ ਤਾਰਨ ਲੱਗਿਆਂ ਏਹ ਨਹੀਂ ਵੇਖਣਾ ਇਹ ਮਰਦ ਕਿ ਜਨਾਨੀ, ਬਿਰਧ ਬਾਲ ਬੱਚਾ ਨੌਜਵਾਨ ਇਕੋ ਰੰਗ ਰੰਗਾਈਆ। ਏਨ ਇਹ ਨਹੀਂ ਵੇਖਣਾ ਇਹਦਾ ਮਸਤਕ ਲੇਖ ਕੀ ਹੈ ਪੇਸ਼ਾਨੀ, ਜਿਸਦੀ ਪੁਸ਼ਤ ਪਨਾਹ ਹੱਥ ਟਿਕਾਇਆ ਦਰਗਾਹ ਸਾਚੀ ਵਿਚ ਪਹੁੰਚਾਈਆ। ਓ ਨਾ ਇਹ ਕੋਈ ਲੈਣ ਆਇਆ ਕ਼ੁਰਬਾਨੀ, ਕਰਬਲੇ ਵਾਲਿਆਂ ਦਾ ਲੇਖਾ ਦਏ ਭੁਗਤਾਈਆ। ਨਾਰਦ ਕਹੇ ਧਰਨੀਏ ਮੈਂ ਹੈਰਾਨ ਹੋ ਗਿਆ ਇਹਦੀ ਸਭ ਤੋਂ ਵਖਰੀ ਤੇ ਸਭ ਤੋਂ ਨਿਰਾਲੀ ਜਵਾਨੀ, ਜੋਬਨਵੰਤਾ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ । ਨਾਰਦ ਕਹੇ ਕੱਤਕ ਜੀ, ਤੁਸੀਂ ਵੀ ਗਾਓ ਖ਼ੁਸ਼ੀਆਂ ਢੋਲੇ, ਪਹਿਲਾ ਪਰਵਿਸ਼ਟਾ ਨਾਲ ਮਿਲਾਈਆ। ਨਾਲੇ ਪੁਰਾਣਿਆਂ ਜੁਗਾਂ ਦੇ ਯਾਦ ਕਰ ਲਓ ਬੋਲੇ, ਜੋ ਅਣਬੋਲਤ ਗਿਆ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਤਕ ਲਓ ਜਿਹੜੇ ਧਰਮ ਦੇ ਬਣੇ ਤੋਲੇ, ਨਾਮ ਕੰਡੇ ਤਰਾਜ਼ੂ ਹੱਥ ਉਠਾਈਆ। ਜਿਸ ਦੇ ਗਾ ਗਾ ਗਏ ਸੋਹਲੇ, ਰਾਗਾਂ ਨਾਦਾਂ ਵਿਚ ਜਣਾਈਆ। ਜੋ ਨਿਰਗੁਣ ਨਿਰਾਕਾਰ ਨਿਰੰਕਾਰ ਹੋ ਕੇ ਮੌਲੇ, ਮੌਲਾ ਆਪਣਾ ਰੂਪ ਬਦਲਾਈਆ। ਉਹ ਜ਼ਰੂਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਵੜ ਕੇ ਬੋਲੇ, ਬਾਹਰੋਂ ਵੇਖ ਨਾ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਕੱਤਕ ਕਹੇ ਧਰਨੀਏ ਮੈਂ ਸੁਣਿਆ ਤੂੰ ਧਰਮ ਮਾਤਾ, ਧਰਮ ਦੀ ਦਾਤੀਏ ਕਿਥੇ ਬੈਠੀ ਧਰਮ ਗੁਆਈਆ। ਨਿਗਾਹ ਮਾਰ ਲੈ ਤੇਰੇ ਉਤੇ ਹੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਵਿਸ਼ਨੂੰ ਭੰਡਾਰੀ ਦਾ ਵੇਖ ਲੈ ਖਾਤਾ, ਕੋਈ ਭੁਖਾ ਮਰੇ ਕਿਸੇ ਦੇ ਭੰਡਾਰੇ ਰਿਹਾ ਭਰਾਈਆ। ਬ੍ਰਹਮੇ ਦੀ ਧਾਰ ਨੂੰ ਵੇਖ ਲੈ ਬ੍ਰਹਮ ਨੂੰ ਵੰਡ ਦਿਤਾ ਵਿਚ ਜ਼ਾਤਾ ਪਾਤਾ, ਤਤਾਂ ਨਾਲ ਤਤ ਦਿਤੇ ਟਕਰਾਈਆ। ਸ਼ੰਕਰ ਨੂੰ ਵੇਖ ਲੈ ਕਿਥੇ ਬਹਿ ਰਿਹਾ ਉਤੇ ਕੈਲਾਸ਼ਾ, ਆਪਣੀ ਕਲ ਨਾ ਕੋਈ ਵਖਾਈਆ । ਨੌਂ ਖੰਡ ਪ੍ਰਿਥਮੀ ਕਲਜੁਗ ਕੂੜ ਕੁੜਿਆਰ ਆਪਣਾ ਕਰੇ ਤਮਾਸ਼ਾ, ਸੱਤਾਂ ਦੀਪਾਂ ਕੂੜ ਕੁੜਿਆਰ ਰੰਗ ਰੰਗਾਈਆ। ਨਾਰਦ ਕਹੇ ਮੈਂ ਵੇਖ ਕੇ ਹੋਇਆ ਉਦਾਸਾ, ਉਦਾਸੀ ਮੇਰੇ ਅੰਦਰ ਆਈਆ। ਮੈਂ ਕਹਿਵਾਂ ਉਹ ਸ਼ੰਕਰਾ ਜੇ ਇਹੋ ਜਿਹੀ ਸ੍ਰਿਸ਼ਟੀ ਏ ਕਿਉਂ ਨਹੀਂ ਚਾੜ੍ਹ ਦੇਂਦਾ ਲਾਸ਼ ਉਤੇ ਲਾਸ਼ਾ, ਪ੍ਰਭ ਤੋਂ ਭੁੱਲਿਆਂ ਦੀ ਧਰਤੀ ਉਤੇ ਲੋੜ ਨਾ ਕੋਇ ਵਖਾਈਆ। ਜੇ ਤੂੰ ਬੱਚੂ ਨਹੀਂ ਬਦਲੇਂਗਾ ਪੁਰਖ ਅਕਾਲ ਤੈਥੋਂ ਹੁਕਮ ਨਾਲ ਬਦਲਾ ਦੇਵੇਗਾ ਪਾਸਾ, ਕਰਵਟ ਲੈਣੀ ਪਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਕੱਤਕ ਮੈਂ ਕਿਹੜਾ ਕਰਮ ਕਮਾਵਾਂ, ਸਚ ਦੇ ਸਮਝਾਈਆ। ਕੱਤਕ ਕਹੇ ਮੈਂ ਇਕੋ ਬੋਲ ਦ੍ਰਿੜਾਵਾਂ, ਜਗਤ ਬੁੱਧੀ ਨਾ ਕੋਇ ਚਤੁਰਾਈਆ।
ਪਹਿਲੋਂ ਦੋਵੇਂ ਭੁਜਾ ਉਠਾ ਲੈ ਬਾਹਵਾਂ, ਹੱਥ ਹੱਥਾਂ ਨਾਲ ਮਿਲਾਈਆ। ਫੇਰ ਅੱਜ ਤੋਂ ਪਿਛਲਾ ਸਾਰਾ ਛਡ ਦੇ ਦਾਅਵਾ, ਹਕ ਹੱਥ ਨਾ ਕੋਇ ਰਖਾਈਆ। ਪ੍ਰਭੂ ਨੂੰ ਕਹਿ ਦੇ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਂ ਇਕੋ ਤੇਰਾ ਸੰਗ ਰਖਾਵਾਂ, ਦੂਜੀ ਲੋੜ ਰਹੇ ਨਾ ਰਾਈਆ। ਤੇ ਮੰਗ ਮੰਗੀਂ ਨਾਲ ਚਾਵਾਂ, ਖ਼ੁਸ਼ੀਆਂ ਨਾਲ ਝੋਲੀ ਡਾਹੀਆ। ਨਾਰਦ ਨਾਲ ਕੱਤਕ ਕਹੇ ਮੈਂ ਵੀ ਕਹਿ ਦਊਂ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਅਗੇ ਦਾ ਲੇਖਾ ਤੇ ਕੁਛ ਆਪਣਾ ਇਹਦੀ ਝੋਲੀ ਪਾ ਦੇ ਨਾਵਾਂ, ਐਸਾ ਨਾਮ ਪਾਈਂ ਜਿਸ ਨੂੰ ਚਾਰ ਜੁਗ ਦੇ ਸ਼ਸਤਰ ਸਮਝ ਸਕਣ ਨਾ ਰਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਸ਼ੁਕਰ ਮਨਾਵਾਂ, ਝੁਕ ਝੁਕ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਆ ਗਿਆ, ਆਂਹਦਾ ਓਏ ਕੱਤਕਾ, ਬੜੀਆਂ ਮਾਰਦਾ ਏਂ ਡੀਂਗਾਂ, ਉਹ ਪੰਜਾਬ ਵਿਚ ਆ ਕੇ ਪੰਜਾਬੀਆਂ ਵਾਲੀ ਆਕੜ ਲਈ ਬਣਾਈਆ। ਉਹ ਵੇਖ ਲੈ ਜੁਗ ਚੌਕੜੀਆਂ ਦੀਆਂ ਲਟਕਦੀਆਂ ਬਿਨਾ ਰੱਸੀਆਂ ਵਾਲੀਆਂ ਪੀਂਘਾਂ, ਹੁਲਾਰਾ ਸਮਝ ਕਿਸੇ ਨਾ ਆਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਧਾਰਾਂ ਸੁਤੀਆਂ ਬਿਨਾ ਨੀਂਦਾਂ, ਬਿਨ ਆਲਸ ਆਪਣਾ ਆਪ ਆਪਣੇ ਵਿਚ ਸਮਾਈਆ। ਮੈਨੂੰ ਇਹ ਦੱਸ ਏਸ ਵੇਲੇ ਕੌਣ ਮਰਿਆ ਤੇ ਕੌਣ ਜਿਉਂਦਾ, ਤੇ ਦੋਹਾਂ ਤੋਂ ਬਾਹਰ ਕਿਹੜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਕੱਤਕ ਚਾਰ ਜੁਗ ਵਿਚ ਕਿਹੜਾ ਕੀਤਾ ਕਰਮ, ਆਪਣਾ ਕਰਮ ਕਾਂਡ ਦੇ ਸਮਝਾਈਆ। ਕਿਹੜਾ ਵੇਖਿਆ ਚੰਗਾ ਧਰਮ, ਧਰਮੀ ਹੋ ਕੇ ਭੇਵ ਖੁਲ੍ਹਾਈਆ। ਕਿਹੜਾ ਸੋਹਣਾ ਲੱਗਾ ਵਰਨ, ਕਵਣ ਬਰਨ ਵਜੇ ਵਧਾਈਆ। ਉਹ ਕਿਹੜੇ ਸਭ ਤੋਂ ਸ੍ਰੇਸ਼ਟ ਤੈਨੂੰ ਲੱਗੇ ਚਰਨ, ਅਵਤਾਰ ਪੈਗ਼ੰਬਰ ਗੁਰੂ ਤੇਰੇ ਉਤੇ ਗਏ ਫੇਰੀਆਂ ਪਾਈਆ। ਦੱਸ ਤੂੰ ਕਿਹੜੀ ਸਿਖਿਆ ਲੱਗਾ ਪੜ੍ਹਨ, ਕਵਣ ਸਚ ਗਿਆ ਸਮਝਾਈਆ। ਕਿਹੜੀ ਮੰਜ਼ਲ ਲੱਗਾ ਚੜ੍ਹਨ, ਕਵਣ ਰਾਹ ਭੱਜੇਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਇਕ ਵਖਾਈਆ। ਕੱਤਕ ਕਹੇ ਨਾਰਦਾ ਮੈਂ ਬਹੁਤਾ ਕੁਛ ਨਹੀਂ ਦੱਸਣਾ, ਸਭ ਕੁਛ ਤੈਨੂੰ ਦਿਆਂ ਸਮਝਾਈਆ। ਮੈਂ ਅਜੇ ਇਕ ਸਾਲ ਚੁੱਪ ਚੁੱਪ ਰਹਿ ਕੇ ਵਸਣਾ, ਫੇਰ ਹੌਲੀ ਹੌਲੀ ਪਰਦਾ ਦਿਆਂ ਉਠਾਈਆ। ਤੂੰ ਮੇਰੇ ਵੱਲੇ ਮੈਂ ਤੇਰੇ ਵੱਲੇ ਨੱਸਣਾ, ਭੱਜਣਾ ਵਾਹੋ ਦਾਹੀਆ। ਕਲਜੁਗ ਦੇ ਕੰਡਿਆਂ ਵਿਚ ਸ਼ਾਇਦ ਸਾਨੂੰ ਦੋਹਾਂ ਨੂੰ ਪੈ ਜਾਏ ਫਸਣਾ, ਰਾਹ ਨਜ਼ਰ ਕੋਇ ਨਾ ਆਈਆ। ਓਧਰੋਂ ਕਲਜੁਗ ਦੀ ਹੋ ਜਾਣੀ ਰੈਣ ਅੰਧੇਰੀ ਮਸਣਾ, ਸੂਰੀਆ ਚੰਦ ਜੋਤ ਨਾ ਕੋਇ ਡਗਮਗਾਈਆ। ਫੇਰ ਤੂੰ ਮੇਰੇ ਵੱਲੇ ਮੈਂ ਤੇਰੇ ਵੱਲੇ ਵੇਖ ਕੇ ਹਸਣਾ, ਪਰ ਦੋਹਾਂ ਦਾ ਚਾਰਾ ਚਲੇ ਕੋਇ ਨਾ ਰਾਈਆ। ਹਾਂ ਯਾਦ ਕਰ ਲੈ ਬਾਵਨ ਨੇ ਪਹਿਲੀ ਕੱਤਕ ਵਾਲੇ ਦਿਨ ਕਿਹਾ ਸੀ ਓਏ ਭਗਤੋ ਹਜ਼ਾਰਾਂ ਸਾਲਾਂ ਦੀ ਤਪਸਿਆ ਕਰਨ ਵਾਲਿਓ ਰਿਸ਼ੀਓ ਜਦੋਂ ਕਲਜੁਗ ਅੰਤਮ ਆਪ ਆਇਆ ਇਕੋ ਸੋਹੰ ਜਾਪ ਪਏਗਾ ਜਪਣਾ, ਦੂਜੀ ਲੋੜ ਰਹੇ ਨਾ ਰਾਈਆ। ਨਾ ਕੋਈ ਬੇੜੀ ਲਭਣੀ ਪਏ ਨਾ ਕੋਈ ਲਭਣਾ ਪਏ ਪਤਣਾ, ਇਕੋ ਮਲਾਹ ਬੇਪਰਵਾਹ ਸਭ ਨੂੰ ਬੰਨੇ ਦਏ ਲਗਾਈਆ। ਨਾਰਦ ਕਹੇ ਵਾਹ ਕੱਤਕਾ ਵਾਹ, ਓਸੇ ਦੀ ਬੇਪਰਵਾਹੀਆ। ਨਾਲੇ ਖ਼ੁਸ਼ੀਆਂ ਨਾਲ ਬੋਦੀ ਦਿਤੀ ਹਿਲਾ, ਪਵਣ ਪਵਣਾਂ ਵਿਚੋਂ ਚਲਾਈਆ । ਨਾਰਦ ਕਹਿੰਦਾ ਏ ਜੇ ਕੱਤਕਾ ਮੇਰੀ ਬੋਦੀ ਨਾ ਹਿੱਲੇ ਤੇ ਉਨੰਜਾ ਪਵਣ ਦਾ ਨਹੀਂ ਕੋਈ ਵਸਾਹ, ਕਿਹੜੇ ਵੇਲੇ ਬੰਦ ਹੋਵੇ ਕਿਹੜੇ ਵੇਲੇ ਭੱਜੇ ਵਾਹੋ ਦਾਹੀਆ।
ਕੱਤਕ ਕਹਿੰਦਾ ਨਾਰਦਾ ਇਹ ਕੀ ਦਿਤਾ ਸੁਣਾ, ਮੈਨੂੰ ਦੇ ਦ੍ਰਿੜਾਈਆ। ਨਾਰਦ ਕਹਿੰਦਾ ਮੇਰੀ ਬੋਦੀ ਬੜੀ ਸ਼ਰਾਰਤਣ, ਬਿਨ ਅੱਖਰਾਂ ਤੋਂ ਅਬਾਰਤਣ, ਬਿਨਾ ਵਸਤੂਆਂ ਤੋਂ ਤਜਾਰਤਣ, ਪਰ ਇਹਦੇ ਵਿਚ ਗੁਣ, ਇਹਨੇ ਸਾਰੇ ਵੇਖੇ ਜਿਹੜੇ ਸੂਰ ਖਾਂਦੇ ਤੇ ਗਾਂ, ਬਚਿਆ ਰਹਿਣ ਕੋਇ ਨਾ ਪਾਈਆ। ਨਾਰਦ ਕਹੇ ਕੱਤਕਾ ਮੈਂ ਜ਼ਰੂਰ ਸਾਰੇ ਪ੍ਰਭੂ ਨੂੰ ਦੇਣੇ ਵਖਾ, ਨਵਾਂ ਖੰਡਾਂ ਸੱਤਾਂ ਦੀਪਾਂ ਵਿਚ ਜਾ ਜਾ ਫੇਰੀਆਂ ਪਾਈਆ। ਨਾਲੇ ਅਵਤਾਰ ਪੈਗ਼ੰਬਰ ਗੁਰੂ ਬਣਾਉਣੇ ਮਲਾਹ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਮੈਂ ਕੋਈ ਪੰਡਤ ਨਹੀਂ ਮੈਂ ਕੋਈ ਜਿਸਮ ਨਹੀਂ ਜ਼ਮੀਰ ਨਹੀਂ ਤਨ ਨਹੀਂ ਵਜੂਦ ਨਹੀਂ ਮਾਟੀ ਖ਼ਾਕ ਨਹੀਂ ਮੇਰਾ ਮੰਤਰ ਨਹੀਂ ਕੋਈ ਸੋਹੰ ਸੁਅਹਾ, ਓਅੰਗ ਸੋਹੰ ਮੈਂ ਨੂਰ ਤੇ ਨੂਰ ਦਾ ਰੂਪ ਅਲਾਹ, ਤੇ ਮੇਰਾ ਮਾਲਕ ਬੇਪਰਵਾਹ ਸਤਿਗੁਰ ਸ਼ਬਦ ਸਦਾ ਸਹਾ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਪਰ ਮੈਂ ਕਦੇ ਕਿਸੇ ਦੇ ਅਗੇ ਮਿੰਨਤਾਂ ਨਾਲ ਕੀਤੀ ਨਹੀਂ ਦੁਆ, ਦੁਆਰਕਾ ਵਾਸੀ ਮੈਨੂੰ ਬਥੇਰੇ ਗਏ ਸਮਝਾਈਆ। ਮੈਨੂੰ ਰਾਮ ਵਿਸ਼ਸ਼ਟ ਨੇ ਸੱਦ ਕੇ ਆਖਿਆ ਨਾਰਦਾ ਸਾਨੂੰ ਇਕੋ ਰਾਗ ਦ੍ਰਿੜਾ, ਖ਼ੁਸ਼ੀਆਂ ਦੇ ਢੋਲੇ ਗਾਈਆ। ਝਟ ਮੈਂ ਪਿਠ ਲਈ ਬਦਲਾ, ਮੁਖ ਲਿਆ ਭੁਆਈਆ। ਮੈਂ ਕਦੇ ਕਿਸੇ ਸਰੀਰ ਦੇ ਢੋਲੇ ਨਹੀਂ ਗਾਏ ਤੇ ਨਾ ਕਿਸੇ ਨੂੰ ਵੇਖ ਕੇ ਹੋਇਆ ਰਜ਼ਾ, ਮੈਂ ਜੋਤੀ ਨੂਰ ਦਾ ਪ੍ਰਕਾਸ਼ ਤੇ ਪ੍ਰਕਾਸ਼ ਨੂੰ ਵੇਖ ਕੇ ਉਸੇ ਦੇ ਗੁਣ ਗਾਈਆ। ਮੇਰੇ ਉਤੇ ਕੋਈ ਨਾ ਪਾਇਉ ਦਬਾ, ਦਬਦਬੇ ਵਿਚ ਕਦੇ ਨਾ ਆਈਆ। ਕਿਉਂਕਿ ਮੈਨੂੰ ਇਕੋ ਮੇਰਾ ਪਰਮਾਤਮ ਲੱਭਾ, ਜਿਸ ਆਪਣਾ ਰੰਗ ਦਿਤਾ ਰੰਗਾਈਆ। ਓ ਬਾਕੀ, ਮਿਤਰੋ ਦੋਸਤੋ ਰਾਮ ਜੀ ਤੁਹਾਡੀ ਤੇ ਧਰਤੀ ਉਤੇ ਚਾਰ ਦਿਨ ਦੀ ਸਭਾ, ਤੇ ਫੇਰ ਸਭਾ ਲਾਉਣ ਵਾਲਿਉ ਤੁਹਾਡਾ ਨਿਸ਼ਾਨ ਰਹਿਣ ਕੋਇ ਨਾ ਪਾਈਆ। ਮੇਰਾ ਮਾਲਕ ਪਰਮਾਤਮ ਜਿਸ ਨੂੰ ਮੈਂ ਕਹਿੰਦਾ ਅੱਬਾ, ਅੰਮੀਜਾਨ ਓਸੇ ਨੂੰ ਕਹਿ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਚੁਕਾਈਆ। ਨਾਰਦ ਕਹੇ ਕੱਤਕ ਜੀ ਮੈਂ ਕਦੇ ਨਹੀਂ ਪਾਇਆ ਕੁੜਤਾ, ਜੁਗ ਚੌਕੜੀ ਠਰੂੰ ਠਰੂੰ ਕਰਕੇ ਆਪਣਾ ਝਟ ਲੰਘਾਈਆ। ਕੱਤਕ ਕਹੇ ਨਾਰਦ ਜੀ ਮੈਨੂੰ ਵੀ ਨਹੀਂ ਆਇਆ ਮੁੜ੍ਹਕਾ, ਪਸੀਨਾ ਰੰਗ ਨਾ ਕੋਇ ਰੰਗਾਈਆ। ਨਾਰਦ ਕਹੇ ਕੱਤਕਾ ਮੈਂ ਕਦੇ ਕੋਈ ਨਹੀਂ ਪੜ੍ਹਿਆ ਗੁਟਕਾ, ਅੱਖਰਾਂ ਢੋਲੇ ਕੋਇ ਨਾ ਗਾਈਆ। ਕੱਤਕ ਕਹੇ ਨਾਰਦਾ ਮੈਂ ਕਦੇ ਰੂਪ ਨਹੀਂ ਧਰਿਆ ਕਾਇਆ ਬੁਤ ਦਾ, ਤੇ ਆਦਿ ਜੁਗਾਦਿ ਮੈਨੂੰ ਸਾਰੇ ਕਹਿ ਕਹਿ ਗਾਈਆ। ਨਾਰਦ ਹਸ ਕੇ ਕਹਿੰਦਾ, ਸਾਡਾ ਪਿਆਰ ਅਬਿਨਾਸ਼ੀ ਅਚੁਤ ਦਾ, ਦੂਸਰ ਮੇਲ ਨਾ ਕੋਇ ਮਿਲਾਈਆ। ਕੱਤਕ ਕਹੇ ਨਾਰਦ ਜੀ ਸਾਡਾ ਵਕ਼ਤ ਸੁਹੰਜਣਾ ਰੁਤ ਦਾ, ਰੁਤੜੀ ਪ੍ਰਭ ਆਪਣੇ ਨਾਲ ਮਹਿਕਾਈਆ। ਅਗਲਾ ਵਕ਼ਤ ਦਿਸਦਾ ਕੁਛ ਸਮਾਂ ਚੁਪ ਦਾ, ਚੁਪ ਚੁਪੀਤੇ ਰਹਿ ਕੇ ਝਟ ਲੰਘਾਈਆ। ਕਿਉਂ ਹੁਣ ਖੇਲ ਹੋਣਾ ਪੁਰਖ ਅਕਾਲ ਦੁਲਾਰੇ ਸੁਤ ਦਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨਾਰਦ ਕਹੇ ਕੱਤਕਾ ਮੈਂ ਨਛਤਰ ਗ੍ਰਹਿ ਵੇਖਾਂ ਕੀ ਉਹ ਸਮਾਂ ਠੀਕ ਢੁਕਦਾ, ਸੰਗਲੀ ਸੁਟ ਕੇ ਧਿਆਨ ਲਗਾਈਆ। ਜਾਂ ਨਿਗਾਹ ਮਾਰੀ ਨਾਰਦ ਕੀ ਤਕਦਾ, ਪ੍ਰਭੂ ਦਾ ਪਿਆਰ ਜ਼ਿਮੀਂ ਅਸਮਾਨ ਸਭ ਦੇ ਨਾਲੋਂ ਜਾਏ ਟੁੱਟਦਾ, ਟੁੱਟਿਆਂ ਸਕੇ ਨਾ ਕੋਇ ਗੰਢਾਈਆ। ਫੇਰ ਵੇਖਿਆ ਸ਼ਬਦ ਦਾ ਤੀਰ ਅਣਿਆਲਾ ਛੁਟਦਾ, ਜੋ ਦੋ ਜਹਾਨਾਂ ਵਿੰਨ੍ਹੇ ਥਾਉਂ ਥਾਈਂਆ। ਜਿਸ ਝਗੜਾ ਮਿਟਾਉਣਾ ਕਾਇਆ ਮਾਟੀ ਬੁਤ ਦਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਜਨ ਭਗਤਾਂ ਘਰ ਘਰ ਫਿਰੇ ਪੁਛਦਾ, ਗ੍ਰਹਿ ਗ੍ਰਹਿ ਮੰਦਰ ਵੇਖੇ ਚਾਈਂ ਚਾਈਂਆ। ਕੱਤਕ ਕਹੇ ਨਾਰਦਾ ਉਸ ਦਾ ਖੇਲ ਅਗੇ ਕੁਛ ਦੇ ਅਗੇ ਕੁਛ ਦਾ, ਅਵਰ
ਦਾ ਅਵਰ ਹੁਕਮ ਵਰਤਾਈਆ। ਇਹ ਤੇ ਭਗਤਾਂ ਨੂੰ ਸਮਾਂ ਸਭ ਤੋਂ ਵਖਰਾ ਦਿਤਾ ਲੁੱਟ ਦਾ, ਲੁਟੇਰੇ ਹੋ ਕੇ ਲੁੱਟਣ ਚਾਈਂ ਚਾਈਂਆ। ਕਿਉਂ ਪ੍ਰਭੂ ਦਾ ਪਰਕਾਸ਼ ਹੁਣ ਛੁਪਾਇਆ ਨਹੀਂ ਛੁਪਦਾ, ਉਗਣ ਆਥਣ ਇਕੋ ਕਰੇ ਰੁਸ਼ਨਾਈਆ। ਜਿਸ ਉਤੇ ਅਸਰ ਹੋਣਾ ਨਹੀਂ ਕਿਸੇ ਛਾਇਆ ਧੁੱਪ ਦਾ, ਗਰਮੀ ਸਰਦੀ ਵੰਡ ਨਾ ਕੋਇ ਵੰਡਾਈਆ। ਜਿਹੜਾ ਵਣਜਾਰਾ ਨਹੀਂ ਕਿਸੇ ਰੁਤ ਦਾ, ਬਾਰਾਂ ਮਾਸ ਇਕੋ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਸ ਵਟਾਏ ਅਬਿਨਾਸ਼ੀ ਅਚੁਤ ਦਾ, ਚੇਤਨ ਹੋ ਕੇ ਚੇਤਨ ਸਭ ਨੂੰ ਦਏ ਕਰਾਈਆ।
੧੮ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ
ਦੀਵਾਲੀ ਦੀ ਰਾਤ ਕਿਰਪਾ ਕੀਤੀ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਰਾਮ ਵੇਖ ਲੈ ਆਪਣੀ ਦੁਨੀਆ ਵਾਲੀ ਦੀਵਾਲੀ, ਦਿਵਾਲਾ ਨਿਕਲਿਆ ਖ਼ਲਕ ਖ਼ੁਦਾਈਆ। ਅੰਤਰ ਨਿਰੰਤਰ ਸਭ ਦੀ ਧਾਰ ਹੋਈ ਕਾਲੀ, ਬਾਹਰ ਦੀਪਕਾਂ ਕਰਨ ਰੁਸ਼ਨਾਈਆ। ਘਰ ਮੰਦਰ ਸੋਹੇ ਨਾ ਕੋਇ ਧਰਮਸਾਲੀ, ਪਵਿਤ੍ਰ ਗ੍ਰਹਿ ਨਜ਼ਰ ਕੋਇ ਨਾ ਆਈਆ। ਫਲ ਰਿਹਾ ਨਾ ਕਿਸੇ ਪੱਤ ਡਾਲੀ, ਟਹਿਣੀ ਟਹਿਣੀ ਰੰਗ ਨਾ ਕੋਇ ਰੰਗਾਈਆ। ਮੈਂ ਵੈਰਾਗਣ ਹੋ ਕੇ ਬਣਾਂ ਸੁਆਲੀ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੀਵਾਲੀ ਕਹੇ ਸੁਣ ਮੇਰੇ ਰਾਮ ਰਮਈਆ, ਰਮਤਾ ਰਮਤਾ ਦਿਆਂ ਜਣਾਈਆ। ਸੰਦੇਸ਼ਾ ਦੇਵਾਂ ਸਾਚੇ ਸਈਆ, ਕੀ ਸੁਨੇਹੜਾ ਰਿਹਾ ਦ੍ਰਿੜਾਈਆ। ਲੇਖਾ ਵੇਖ ਲੈ ਕੱਢਕੇ ਆਪਣੀ ਵਹੀਆ, ਬਿਨ ਅੱਖਰਾਂ ਅੱਖਰ ਧਿਆਨ ਲਗਾਈਆ। ਜੋ ਇਸ਼ਾਰਾ ਕੀਤਾ ਮਾਂ ਮਤਰੇਈ ਕਕਈਆ, ਦਸਰਥ ਸੰਗ ਨਾ ਕੋਇ ਰਖਾਈਆ। ਕੀ ਧਾਰ ਹੋਣੀ ਕਲਜੁਗ ਅੰਤਮ ਕੂੜ ਕੁੜਿਆਰ ਦੀ ਨਈਆ, ਮੋਹ ਵਿਕਾਰਾ ਹੜ੍ਹ ਵਗਾਈਆ। ਕੀ ਆਸ਼ਾ ਰਖ ਕੇ ਗਈ ਦੁਰਗਾ ਅਸ਼ਟਭੁਜ ਮਈਆ, ਸਿੰਘ ਅਸਵਾਰ ਧਿਆਨ ਲਗਾਈਆ। ਕੀ ਸੰਦੇਸ਼ਾ ਦੇ ਕੇ ਗਿਆ ਕਾਹਨ ਘਨਈਆ, ਘਨੀ ਸ਼ਾਮ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਰਾਮ ਜੀ ਬਾਹਰੋਂ ਜਗਦੇ ਵੇਖ ਲੈ ਦੀਵੇ, ਤੇਲ ਬਾਤੀ ਨਾਲ ਦੀਨ ਦੁਨੀ ਵਡਿਆਈਆ। ਤੇਰੀ ਨਾਮ ਮਸਤੀ ਵਿਚ ਕੋਈ ਨਾ ਖੀਵੇ, ਸਾਚਾ ਰੰਗ ਨਾ ਕੋਇ ਚੜ੍ਹਾਈਆ। ਸਚਖੰਡ ਦੁਆਰਿਉਂ ਵੇਖ ਲੈ ਹੋ ਕੇ ਨੀਵੇਂ, ਧਰਨੀ ਉਤੇ ਧਿਆਨ ਲਗਾਈਆ। ਸਚ ਪਿਆਰ ਕੋਈ ਨਾ ਜੀਵੇ, ਕੂੜ ਕਿਰਿਆ ਜਗਤ ਹਲਕਾਈਆ। ਸਭ ਦਾ ਲਹਿਣਾ ਤਕ ਲੈ ਅੰਤਮ ਸਾਡੇ ਤਿੰਨ ਹੱਥ ਸੀਵੇਂ, ਸ਼ਾਹ ਪਾਤਸ਼ਾਹ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਰਾਮ ਜੀ ਦੀਵਾ ਬਾਤੀ ਕਿਹੜੇ ਕਾਰ, ਤੇਲ ਬੱਤੀ ਕੀ ਵਡਿਆਈਆ। ਜਿਨ੍ਹਾਂ ਦੇ ਅੰਤਰ ਵਸਿਆ ਨਹੀਂ ਨਿਰੰਕਾਰ, ਹਿਰਦੇ ਹਰਿ ਨਾ ਕੋਇ ਟਿਕਾਈਆ। ਉਹ ਫਿਰਦੇ ਵਿਚ ਅੰਧ ਅੰਧਿਆਰ, ਜਗਤ
ਲੋਚਨ ਨਾ ਕੋਇ ਰੁਸ਼ਨਾਈਆ। ਕਲਜੁਗ ਦਾ ਤਕ ਲੈ ਵਿਵਹਾਰ, ਕੀ ਵਿਵਹਾਰੀ ਕਾਰ ਕਮਾਈਆ। ਜਿਸ ਨੇ ਸ੍ਰਿਸ਼ਟੀ ਮਾਨਵ ਜ਼ਾਤੀ ਕੀਤੀ ਬੇਕਾਰ, ਬੇਰੁਜ਼ਗਾਰ ਹੋਈ ਲੋਕਾਈਆ। ਆਤਮ ਪਰਮਾਤਮ ਕਿਰਤ ਕਰੇ ਨਾ ਕੋਇ ਸੰਸਾਰ, ਸਾਚੀ ਕਰਨੀ ਨਾ ਕੋਇ ਕਮਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਰੋਵਣ ਧਾਹਾਂ ਮਾਰ, ਕੂਕ ਕੂਕ ਸੁਣਾਈਆ। ਹਰਿ ਭਗਤ ਦੁਆਰਾ ਕਰੇ ਗਿਰਿਆਜ਼ਾਰ, ਹਾਏ ਉਫ਼ ਕਰ ਜਣਾਈਆ। ਪ੍ਰਭੂ ਦੀ ਧਾਰ ਤੋਂ ਜਗਤ ਜਹਾਨ ਹੋਇਆ ਬਾਹਰ, ਪਿਆਰ ਵਿਚ ਨਾ ਕੋਇ ਸਮਾਈਆ। ਦੀਆ ਬਾਤੀ ਜਗਤ ਮੰਦਰਾਂ ਉਤੇ ਕਰੇ ਉਜਿਆਰ, ਕਾਇਆ ਅੰਧੇਰਾ ਦੂਰ ਨਾ ਕੋਇ ਕਰਾਈਆ। ਨਾਲੇ ਰਾਮ ਨੂੰ ਕੀਤੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਝਟ ਰਾਮ ਨੇ ਕੀਤਾ ਇਸ਼ਾਰ, ਸਹਿਜ ਨਾਲ ਸੁਣਾਈਆ। ਨਾਰਦਾ ਸਤਿਜੁਗ ਕੂਕ ਰਿਹਾ ਪੁਕਾਰ, ਦੋ ਜਹਾਨ ਸੁਣਾਈਆ। ਮੇਰਾ ਮਾਰਗ ਹੋਵੇ ਅਪਰ ਅਪਾਰ, ਅਪਰੰਪਰ ਸੁਆਮੀ ਦਏ ਵਡਿਆਈਆ। ਕੋਈ ਦੀਵਾ ਬੱਤੀ ਅਗੇ ਜਗਾਏ ਨਾ ਭਗਤ ਦੁਆਰ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਜੋ ਬੁਝ ਜਾਏ ਫਿਰ ਹੋ ਨਾ ਸਕੇ ਉਜਿਆਰ, ਜਗਾਵਣ ਵਾਲਾ ਨਜ਼ਰ ਕੋਇ ਨਾ ਆਈਆ। ਹਰਿ ਭਗਤ ਦੁਆਰੇ ਅੰਦਰ ਹਰਿ ਭਗਤ ਉਹ ਹੋਣ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਦੀਪ ਸਦਾ ਰਹੇ ਤਿਆਰ, ਦਿਵਸ ਰੈਣ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਰਾਮ ਜੀ ਆਪਣਾ ਪੁਰਾਣਾ ਵੇਖੋ ਹਿਸਾਬ, ਜਗਤ ਅੰਕੜਿਆਂ ਬਾਹਰ ਧਿਆਨ ਲਗਾਈਆ। ਆਪਣੀ ਕੱਢਕੇ ਵੇਖੋ ਕਿਤਾਬ, ਬਿਨ ਹਰਫ਼ ਹਰੂਫ਼ ਲਿਖਾਈਆ। ਸੰਮਤ ਸ਼ਹਿਨਸ਼ਾਹੀ ਬਾਰਾਂ ਦਾ ਰਿਵਾਜ, ਸਹਿਜ ਨਾਲ ਸਮਝਾਈਆ। ਹੁਕਮ ਦੇਵੇ ਗ਼ਰੀਬ ਨਿਵਾਜ਼, ਨਾ ਕੋਇ ਮੇਟੇ ਮੇਟ ਮਿਟਾਈਆ। ਜੋ ਹੁਕਮ ਵਰਤਣਾ ਦੇਸ ਮਾਝ, ਲੇਖਾ ਲਿਖਣਾ ਕ਼ਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸ਼ਹਿਨਸ਼ਾਹੀ ਸੰਮਤ ਬਾਰਾਂ ਕਹੇ ਮੇਰੇ ਅੰਤਰ ਆਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੀਵਾਲੀ ਵਾਲੇ ਦਿਨ ਭਗਤ ਦੁਆਰੇ ਵੱਜਾ ਹੋਵੇਗਾ ਜੰਦ, ਜੰਦਰਾ ਕੁੰਜੀ ਹੱਥ ਨਾ ਕਿਸੇ ਫੜਾਈਆ। ਨੌਂ ਦਿਨ ਫੇਰ ਰਹੇਗਾ ਬੰਦ, ਅੰਦਰ ਵੜ ਦਰਸ ਕੋਇ ਨਾ ਪਾਈਆ। ਇਹ ਖੇਲ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਢਾਈ ਸਾਲ ਤਕ ਜੇਠੂਵਾਲ ਦੀ ਸੰਗਤ ਪਰਸ਼ਾਦ ਸਕੇ ਕੋਈ ਨਾ ਵੰਡ, ਭੋਗ ਘਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।
੧੯ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਗੁਰਮੀਤ ਕੌਰ ਦੇ ਗ੍ਰਹਿ ਪਿੰਡ ਪਹੂ ਵਿੰਡ ਵਾੜਾ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਪ੍ਰਭੂ ਮੇਰੇ ਅੰਤਸ਼ਕਰਨ ਖੋਲ੍ਹ ਦੇ ਤਾਕ, ਪਰਦਾ ਪਰਦਿਆਂ ਵਿਚੋਂ ਪਰਦਾਨਸ਼ੀਨ ਦੇਣਾ ਉਠਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰਦੇ ਵਾਕ, ਵਾਕ਼ਿਫ਼ਕਾਰ ਏਕੰਕਾਰ ਪਰਵਰਦਿਗਾਰ ਆਪਣੀ ਦਇਆ ਕਮਾਈਆ। ਜਨ ਭਗਤ ਸੁਹੇਲੇ ਗੁਰੂ
ਗੁਰ ਚੇਲੇ ਮੇਰੇ ਬਣਾ ਦੇ ਸੱਜਣ ਸਾਕ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਗਲਾ ਸੰਗ ਜਣਾਈਆ। ਮਨੂਆ ਕੂੜ ਕਲਪਨਾ ਮਨਸਾ ਵਿਚ ਰਹੇ ਨਾ ਆਕ, ਨਿਰਗੁਣ ਧਾਰ ਏਕੰਕਾਰ ਮਿਹਰਵਾਨ ਮਿਹਰ ਨਜ਼ਰ ਉਠਾਈਆ । ਮੈਂ ਆਦਿ ਜੁਗਾਦੀ ਤੇਰੀ ਸੇਵਕ ਚਾਕਰ ਚਾਕ, ਧਰਨੀ ਧਰਤ ਧਵਲ ਧੌਲ ਹੋ ਕੇ ਸੇਵ ਕਮਾਈਆ। ਮੇਰੇ ਉਤੇ ਮਾਨਵ ਜ਼ਾਤੀ ਤਨ ਵਜੂਦ ਮਾਟੀ ਖ਼ਾਕ ਕਰ ਦੇ ਪਾਕ, ਪਤਿਤ ਪੁਨੀਤ ਆਪਣਾ ਰੰਗ ਰੰਗਾਈਆ। ਮਿਹਰਵਾਨਾ ਨੌਜੁਵਾਨਾ ਸ੍ਰੀ ਭਗਵਾਨਾ ਮੇਰੇ ਵਲ ਝਾਕ, ਬਿਨ ਨੇਤਰ ਲੋਚਨ ਨੈਣ ਨੈਣ ਅੱਖ ਉਠਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਪੂਰਬ ਪੂਰੀ ਕਰ ਦੇ ਘਾਟ, ਲੇਖਾ ਅਵਰ ਰਹੇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਮੁਕਾ ਦੇ ਪੰਧ ਵਾਟ, ਸਤਿਜੁਗ ਸਾਚਾ ਕਰ ਰੁਸ਼ਨਾਈਆ। ਮੇਰੀ ਸੇਜ ਸੁਹੰਜਣੀ ਸੋਹੇ ਖਾਟ, ਆਸਣ ਸਿੰਘਾਸਣ ਪੁਰਖ ਅਬਿਨਾਸ਼ਣ ਲੈਣਾ ਬਣਾਈਆ। ਪਵਿਤ੍ਰ ਕਰ ਦੇ ਹਰ ਹਿਰਦਾ ਤਨ ਮਾਟੀ ਖ਼ਾਕ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਇਕੋ ਮੰਜ਼ਲ ਦੱਸਦੇ ਘਾਟ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਦਾ ਚਾੜ੍ਹ ਦੇ ਰੰਗ, ਕਲਜੁਗ ਕਿਰਿਆ ਕੂੜ ਮਿਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੇਰੇ ਦਰ ਦੁਆਰੇ ਲੰਘ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ । ਮੇਰੀ ਸੇਜ ਸੁਹੰਜਣੀ ਕਰ ਪਲੰਘ, ਬਿਨ ਪਾਵਾ ਚੂਲ ਆਪਣਾ ਆਸਣ ਲਾਈਆ। ਤੇਰਾ ਸਤਿਗੁਰ ਸ਼ਬਦ ਵਜਾਏ ਮਰਦੰਗ, ਨਾਦ ਅਨਾਦੀ ਕਰ ਸ਼ਨਵਾਈਆ। ਮੈਂ ਨਿਮਾਣੀ ਹੋ ਕੇ ਮੰਗਾਂ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਮੇਰੇ ਉਤੇ ਕੱਟ ਦੇ ਭੁਖ ਨੰਗ, ਦੀਨ ਦਿਆਲ ਦੀਨਾਂ ਅਨਾਥਾਂ ਹੋ ਸਹਾਈਆ। ਆਤਮ ਅੰਮ੍ਰਿਤ ਧਾਰ ਵਹਾ ਦੇ ਗੰਗ, ਗੰਗਾ ਗੰਗੋਤਰੀ ਦੀ ਲੋੜ ਰਹੇ ਨਾ ਰਾਈਆ। ਪੰਚ ਵਿਕਾਰ ਕਰੇ ਨਾ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਲੜਾਈਆ। ਵਸਤ ਅਮੋਲਕ ਕਾਇਆ ਗੋਲਕ ਆਪ ਵੰਡ, ਬਿਨ ਹੱਥਾਂ ਹੱਥ ਫੜਾਈਆ। ਨਿਗਾਹ ਮਾਰ ਲੈ ਉਤਭੁਜ ਸੇਤਜ ਜੇਰਜ ਅੰਡ, ਚਾਰੇ ਖਾਣੀ ਫੋਲ ਫੁਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੋਂ ਮੇਟ ਦੇ ਭੇਖ ਪਾਖੰਡ, ਕਲਜੁਗ ਕੂੜੀ ਕਿਰਿਆ ਰਹੇ ਨਾ ਰਾਈਆ। ਮੈਂ ਉਚੀ ਕੂਕ ਪੁਕਾਰਾਂ ਪਾਵਾਂ ਡੰਡ, ਡੰਡਾਵਤ ਵਿਚ ਲੰਮੀ ਪੈ ਕੇ ਸੀਸ ਨਿਵਾਈਆ। ਸਤਿ ਧਰਮ ਦੀ ਧਾਰ ਸਤਿਜੁਗ ਮੇਰੇ ਨਾਲ ਗੰਢ, ਕਲਜੁਗ ਨਾਤਾ ਕੂੜ ਤੁੜਾਈਆ। ਮੇਰਾ ਪਿਆਰ ਹੋਣ ਨਾ ਦੇਵੀਂ ਰੰਡ, ਕੰਤ ਸੁਹਾਗੀ ਦੇਣੀ ਮਾਣ ਵਡਿਆਈਆ। ਕਰਵਟ ਬਦਲ ਆਪਣੀ ਕੰਡ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਸਤਿ ਧਰਮ ਚਲਾ ਦੇ ਰੀਤ, ਧਵਲ ਹੋ ਕੇ ਮੰਗ ਮੰਗਾਈਆ। ਆਤਮ ਪਰਮਾਤਮ ਬਖ਼ਸ਼ ਪ੍ਰੀਤ, ਪ੍ਰੀਤਮ ਮੇਲਾ ਮੇਲਣਾ ਚਾਈਂ ਚਾਈਂਆ। ਤੂੰ ਮੇਰਾ ਮੈਂ ਤੇਰਾ ਸਭ ਦਾ ਹੋਵੇ ਇਕੋ ਗੀਤ, ਇਕੋ ਢੋਲਾ ਦੇਣਾ ਦ੍ਰਿੜਾਈਆ। ਮਾਨਵ ਜ਼ਾਤੀ ਅੰਦਰੋਂ ਬਦਲ ਦੇ ਨੀਤ, ਨੀਤੀਵਾਨ ਤੇਰੇ ਹੱਥ ਵਡਿਆਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕਰ ਲੈ ਪਤਤ ਪੁਨੀਤ, ਪਤਤ ਪਾਵਨ ਤੇਰੀ ਬੇਪਰਵਾਹੀਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ।
ਧਰਨੀ ਕਹੇ ਪ੍ਰਭੂ ਮੇਰਾ ਕਲਜੁਗ ਅੰਤਮ ਮੇਟ ਦੇ ਦੁਖ, ਦੁਖੜਾ ਤੇਰੇ ਚਰਨ ਟਿਕਾਈਆ। ਮਾਇਆ ਮਮਤਾ ਵਾਲੀ ਮੇਟ ਦੇ ਭੁਖ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਜਨ ਭਗਤਾਂ ਧਾਰ ਬਖ਼ਸ਼ ਦੇ ਸੁਖ, ਸੁਖਸਾਗਰ ਵਿਚ ਸਮਾਈਆ। ਹਰਿਜਨ ਬਣਾ ਲੈ ਤਤਾਂ ਵਾਲੇ ਮਨੁਖ, ਮਾਨਸ ਆਪਣੀ ਗੋਦ ਟਿਕਾਈਆ। ਮੇਰੀ ਸੁਫਲ ਕਰਦੇ ਕੁੱਖ, ਭਗਤ ਸੁਹੇਲੇ ਵੇਖਾਂ ਚਾਈਂ ਚਾਈਂਆ। ਮੇਰਾ ਉਜਲ ਹੋਵੇ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਗਾਹਬਾਨ ਹੋ ਕੇ ਨਿਰਗੁਣ ਧਾਰ ਆਪੇ ਪੁਛ, ਜੋਤੀ ਜਾਤੇ ਪੁਰਖ ਬਿਧਾਤੇ ਆਪਣੀ ਦਇਆ ਕਮਾਈਆ।
੨੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਪ੍ਰਭੂ ਮੇਰਾ ਪੂਰਾ ਕਰ ਦੇ ਘਾਟਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਦੀ ਆਸਾ ਪੂਰ ਕਰਾਈਆ। ਅੰਮ੍ਰਿਤ ਰਸ ਭਰ ਦੇ ਨਿਰਗੁਣ ਧਾਰ ਗੋਬਿੰਦ ਵਾਲੇ ਬਾਟਾ, ਅੰਮਿਉਂ ਰਸ ਅਗੰਮ ਅਥਾਹ ਆਪਣਾ ਅਗੰਮ ਚੁਆਈਆ। ਕਲਜੁਗ ਕੂੜ ਕੁੜਿਆਰ ਦਾ ਲੇਖਾ ਜਾਏ ਕਾਟਾ, ਕਟਾਕਸ਼ ਆਪਣਾ ਨਾਮ ਲਗਾਈਆ। ਕੂੜੀ ਕਿਰਿਆ ਖੇਲ ਮੇਟ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਸਚ ਦੁਆਰ ਏਕੰਕਾਰ ਸਤਿਜੁਗ ਖੋਲ੍ਹ ਦੇ ਹਾਟਾ, ਵਸਤ ਨਾਮ ਨਿਧਾਨ ਸ੍ਰੀ ਭਗਵਾਨ ਆਪ ਵਰਤਾਈਆ। ਭਾਗ ਲਗਾ ਦੇ ਮਾਨਵ ਜ਼ਾਤੀ ਸਾਢੇ ਤਿੰਨ ਹੱਥ ਕਾਇਆ ਮਾਟਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਦੇ ਕਮੀ, ਕਾਮਲਾ ਆਸ਼ਾ ਤੇਰੇ ਚਰਨ ਟਿਕਾਈਆ। ਮੇਰੇ ਅੰਦਰੋਂ ਕਢ ਦੇ ਕਲਜੁਗ ਕੂੜ ਕੁੜਿਆਰ ਦੀ ਗ਼ਮੀ, ਗ਼ਮਖਾਰ ਹੋ ਕੇ ਹੋਣਾ ਸਹਾਈਆ। ਮਮਤਾ ਮੋਹ ਲਾਲਚ ਰਹੇ ਨਾ ਤਮੀ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਸਭ ਦੀ ਬਦਲ ਦੇ ਦ੍ਰਿਸ਼ਟੀ ਚੰਮੀ, ਚੰਮ ਦ੍ਰਿਸ਼ਟੀ ਰਹਿਣ ਨਾ ਪਾਈਆ। ਆਪਣਾ ਨਾਮ ਜਪਾ ਦੇ ਸਵਾਸ ਦਮੀ, ਦਾਮਨਗੀਰ ਆਪ ਅਖਵਾਈਆ। ਮੇਰੇ ਉਤੇ ਸਤਿਜੁਗ ਧਾਰ ਦੇ ਨਵੀਂ, ਨਵ ਖੰਡ ਆਪਣਾ ਹੁਕਮ ਵਰਤਾਈਆ। ਉਹ ਲਹਿਣਾ ਪੂਰਾ ਕਰ ਦੇ ਜੋ ਸੰਦੇਸ਼ਾ ਦਿਤਾ ਗੋਬਿੰਦ ਧਾਰ ਬਵੰਜਾ ਕਵੀ, ਬਾਵਨ ਅੱਖਰੀ ਸੰਗ ਮਿਲਾਈਆ। ਤੂੰ ਮਾਲਕ ਖ਼ਾਲਕ ਜੋਤੀ ਜਾਤਾ ਅਵਤਾਰ ਚਵੀ, ਚੌਬੀਸਾ ਜਗਦੀਸਾ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਪਰਵਰਦਿਗਾਰ ਸਾਂਝੇ ਯਾਰ ਜ਼ਰੂਰ ਦਵੀਂ, ਦੇਵਣਹਾਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਧਰਨੀ ਕਹੇ ਪ੍ਰਭੂ ਮੇਰਾ ਲੇਖਾ ਦੇ ਹਿਸਾਬ, ਲਹਿਣਾ ਪੂਰਬ ਝੋਲੀ ਪਾਈਆ। ਤੂੰ ਮਾਲਕ ਮਿਤਰ ਮੇਰਾ ਅਹਿਬਾਬ, ਮੀਤ ਮੁਰਾਰਾ ਇਕ ਅਖਵਾਈਆ। ਮੈਂ ਨਿਵ ਨਿਵ ਸਯਦਿਆਂ ਵਿਚ ਕਰਾਂ ਅਦਾਬ, ਨਮਸਤੇ ਕਹਿ ਕੇ ਸੀਸ ਨਿਵਾਈਆ। ਸਚ ਦੁਆਰ ਏਕੰਕਾਰ ਆਪਣਾ ਵਖਾ ਅਗੰਮ ਮਹਿਰਾਬ, ਮਹਿਬੂਬ ਪਰਦਾ ਆਪ ਉਠਾਈਆ। ਮੇਰਾ ਹਕ਼ੀਕ਼ਤ ਵਾਲਾ ਬਦਲ ਮਜ਼ਾਜ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕ ਬਣਾ ਸਮਾਜ, ਸਮਗਰੀ ਨਾਮ ਹਕ ਵਰਤਾਈਆ। ਸੋਈ ਸੁਰਤੀ ਤਨ
ਵਜੂਦਾਂ ਅੰਦਰ ਜਾਏ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਕਲਜੁਗ ਜੀਵ ਹੰਸ ਬਣਾ ਫੜ ਫੜ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਦਿਵਸ ਰੈਣ ਅੱਠੇ ਪਹਿਰ ਤੇਰੇ ਪ੍ਰੇਮ ਦਾ ਉਪਜੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਆਤਮ ਪਰਮਾਤਮ ਤੇਰੀ ਚਰਨੀ ਜਾਏ ਲਾਗ, ਲਗ ਮਾਤਰ ਡੇਰਾ ਢਾਹੀਆ। ਬਿਨ ਤੇਲ ਬਾਤੀ ਕਮਲਾਪਾਤੀ ਜਗਾ ਚਰਾਗ਼, ਬਿਨ ਸੂਰੀਆ ਚੰਦ ਕਰ ਰੁਸ਼ਨਾਈਆ। ਮੇਰੀ ਕੋਝੀ ਕਮਲੀ ਦੇ ਵਡ ਵਡ ਕਰ ਦੇ ਭਾਗ, ਮੰਦਭਾਗਣ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੀ ਆਦਿ ਜੁਗਾਦੀ ਤੇਰੇ ਅਗੇ ਅਰਜ਼ੋਈ, ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵੇਖ ਪੇਸ਼ੀਨਗੋਈ, ਭਵਿਖਤਾਂ ਆਪਣੀ ਗੰਢ ਬੰਧਾਈਆ। ਕਲਜੁਗ ਅੰਤਮ ਸਤਿ ਸਚ ਵਿਚ ਰਹੇ ਨਾ ਕੋਈ, ਸੂਫ਼ੀ ਸੰਤ ਫ਼ਕੀਰ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਚਾਰੋਂ ਕੁੰਟ ਫਿਰੀ ਦਰੋਹੀ, ਦਰੋਹੀ ਦਰੋਹੀ ਕਰੇ ਖ਼ਲਕ ਖ਼ੁਦਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਅਣਹੋਣੀ ਹੋਈ, ਹੋਕਾ ਦੇ ਕੇ ਦਿਆਂ ਜਣਾਈਆ। ਉੱਤਰ ਪੂਰਬ ਪੱਛਮ ਦੱਖਣ ਮੇਰੀ ਪਤ ਗਈ ਖੋਹੀ, ਓਢਣ ਸੀਸ ਨਾ ਕੋਇ ਟਿਕਾਈਆ। ਜਗਤ ਦੁਆਰੇ ਮੈਨੂੰ ਮਿਲੇ ਕਿਤੇ ਨਾ ਢੋਈ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰੇ ਰਹੇ ਕੁਰਲਾਈਆ। ਤੇਰੀ ਦੁਨੀਆ ਤੇਰੇ ਨਾਲੋਂ ਹੋਈ ਨਿਰਮੋਹੀ, ਮੁਹੱਬਤ ਵਿਚ ਨਾ ਕੋਇ ਸਮਾਈਆ। ਆਤਮ ਪਰਮਾਤਮ ਸਕੇ ਕੋਈ ਨਾ ਛੋਹੀ, ਛੌਹਰ ਬਾਂਕੇ ਤੇਰਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਦੇਣਾ ਕਲਜੁਗ ਅੰਤਮ ਜਗ, ਜੋਤੀ ਜਾਤੇ ਪੁਰਖ ਬਿਧਾਤੇ ਦਿਆਂ ਦ੍ਰਿੜਾਈਆ। ਮੇਰੇ ਉਤੋਂ ਕੂੜ ਕੁੜਿਆਰ ਬੁਝਾ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਨਵ ਸੱਤ ਤਤੀ ਵਾਅ ਨਾ ਜਾਏ ਵਗ, ਪਵਣ ਪਵਣਾਂ ਰੂਪ ਬਦਲਾਈਆ। ਜਨ ਭਗਤ ਸੁਹੇਲੇ ਕਰ ਅਲਗ, ਹਰਿਜਨ ਆਪਣੇ ਰੰਗ ਰੰਗਾਈਆ। ਨਿਰਗੁਣ ਧਾਰ ਦਰਸ਼ਨ ਦੇ ਉਪਰ ਸ਼ਾਹਰਗ, ਨਵ ਦੁਆਰ ਦਾ ਡੇਰਾ ਢਾਹੀਆ। ਤੂੰ ਸ਼ਹਿਨਸ਼ਾਹ ਸੂਰਾ ਸਰਬਗ, ਹਰਿ ਕਰਤਾ ਇਕ ਅਖਵਾਈਆ। ਹੰਸ ਰੂਪ ਬਣਾ ਲੈ ਕਗ, ਕਾਗ ਹੰਸ ਰੂਪ ਵਖਾਈਆ। ਧੁਨ ਅਨਾਦੀ ਸ਼ਬਦ ਵਜਾ ਦੇ ਨਦ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਰਸ ਪਿਆ ਦੇ ਮਧ, ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭ ਟਪਕਾਈਆ । ਤੇਰਾ ਦੀਪਕ ਦੀਆ ਜੋਤੀ ਜਾਤੇ ਜਾਏ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਂ ਧਰਨੀ ਧਰਤ ਧਵਲ ਧੌਲ ਤੇਰੀ ਸਰਨ ਸਰਨਾਈ ਗਈ ਲੱਗ, ਵਖਰਾ ਰੂਪ ਨਾ ਕੋਇ ਦਰਸਾਈਆ। ਮੇਰੇ ਉਤੋਂ ਕਲਜੁਗ ਲੇਖਾ ਮੁਕਾ ਦੇ ਬਗਲਾ ਬਪੜਾ ਬਗ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਅਗੰਮ ਗੁਸਾਈਂਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਅਗੰਮੀ ਧੂੜ, ਟਿੱਕਾ ਮਸਤਕ ਨਾਮ ਰਖਾਈਆ। ਮੇਰੇ ਉਤੋਂ ਕਲਜੁਗ ਮੇਟ ਦੇ ਕੂੜ, ਕੂੜ ਕੁੜਿਆਰ ਰਹਿਣ ਨਾ ਪਾਈਆ। ਜੀਵ ਜੰਤ ਚਤੁਰ ਸੁਘੜ ਬਣਾ ਲੈ ਮੂੜ੍ਹ, ਮੂਰਖ ਆਪਣੇ ਰੰਗ ਰੰਗਾਈਆ। ਨਾਮ ਨਿਧਾਨ ਚਾੜ੍ਹ ਦੇ ਰੰਗ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਉਹ ਆਸਾ ਤਕ ਲੈ ਜੋ ਰਖ ਕੇ ਗਿਆ ਮਨਸੂਰ, ਤਤਾਂ ਵਾਲੀ ਖੱਲ ਲੁਹਾਈਆ। ਮੁਹੰਮਦ ਦੀ ਬੇਨੰਤੀ ਕਰ ਮਨਜ਼ੂਰ, ਜੋ ਬੰਦਗੀ ਵਿਚ ਸੀਸ
ਝੁਕਾਈਆ। ਲਹਿਣਾ ਤਕ ਲੈ ਮੂਸਾ ਵਾਲਾ ਉਤੇ ਕੋਹਤੂਰ, ਨੈਣ ਮੂੰਦ ਕੀ ਦ੍ਰਿੜਾਈਆ। ਜਿਸ ਬਿਧ ਈਸਾ ਤੇਰਾ ਹੋਏ ਮਸ਼ਕੂਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਨਿਰਗੁਣ ਧਾਰ ਸਰਗੁਣ ਨਾਨਕ ਕਿਹਾ ਤੇਰਾ ਲਹਿਣਾ ਦੇਣਾ ਜ਼ਰੂਰ, ਲੋਕਮਾਤ ਵੇਖ ਵਖਾਈਆ। ਜਿਸ ਗੋਬਿੰਦ ਮੰਨ ਕੇ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਬਾਹਰ ਦਿਤਾ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਤਕ ਲੈ ਅਗੰਮਾ ਨੂਰ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਆਦਿ ਜੁਗਾਦਿ ਇਕ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ । ਧਰਨੀ ਤੇਰੀ ਆਸਾ ਮਨਸਾ ਪੂਰੀ ਕਰੇ ਪੂਰ, ਪੂਰਨ ਬ੍ਰਹਮ ਦਏ ਸਮਝਾਈਆ। ਇਕੋ ਨਾਮ ਕਰੇ ਮਸ਼ਹੂਰ, ਕਲਮਾ ਇਕੋ ਇਕ ਸੁਣਾਈਆ। ਦੂਈ ਦੁਵੈਤੀ ਕਰੇ ਦੂਰ, ਸ਼ਰਅ ਸ਼ਰੀਅਤ ਪੰਧ ਮੁਕਾਈਆ। ਜਨ ਭਗਤਾਂ ਬਖ਼ਸ਼ ਦੇ ਜਨਮ ਕਰਮ ਕ਼ੁਸੂਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਭੰਡਾਰਾ ਦੇ ਨਾਮ ਭਰਪੂਰ, ਅਤੋਟ ਅਤੁਟ ਵਰਤਾਈਆ। ਤੈਨੂੰ ਹੋਣਾ ਨਾ ਪਏ ਮਜਬੂਰ, ਮੁਸ਼ਕਲ ਤੇਰੀ ਹਲ ਕਰਾਈਆ। ਕਲਜੁਗ ਪੰਧ ਰਹੇ ਨਾ ਦੂਰ, ਨੇਰਨ ਨੇਰਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਮਜ਼ਦੂਰੀ, ਜੁਗ ਚੌਕੜੀ ਤੇਰੀ ਸੇਵ ਕਮਾਈਆ। ਤੂੰ ਮਾਲਕ ਮੇਰਾ ਹਜ਼ੂਰੀ, ਹਰ ਹਿਰਦੇ ਵੇਖਾਂ ਚਾਈਂ ਚਾਈਂਆ। ਮੇਰੀ ਤਕ ਲੈ ਸਬਰ ਸਬੂਰੀ, ਸਾਬਰ ਹੋ ਕੇ ਧਿਆਨ ਲਗਾਈਆ। ਮੈਂ ਕਲਜੁਗ ਅੰਤਮ ਤੇਰੀ ਆਸਾ ਰਖੀ ਜ਼ਰੂਰੀ, ਜ਼ਰੂਰਤ ਅਵਰ ਨਾ ਕੋਇ ਦ੍ਰਿੜਾਈਆ। ਮੇਰੇ ਮਿਹਰਵਾਨਾ ਨੌਜੁਆਨਾ ਸ੍ਰੀ ਭਗਵਾਨਾ ਨਵ ਸੱਤ ਇਕੋ ਬਖ਼ਸ਼ ਅਗੰਮੀ ਧੂੜੀ, ਬਿਨ ਚਰਨਾਂ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਆਪਣੀ ਬਖ਼ਸ਼ ਅਗੰਮੀ ਸ਼ਕਤ, ਸ਼ਖ਼ਸੀਅਤ ਦੀਨ ਦੁਨੀ ਬਦਲਾਈਆ। ਕਲਜੁਗ ਵੇਸ ਵੇਖ ਲੈ ਅੰਤਮ ਵਕ਼ਤ, ਘੜੀ ਪਲ ਤੇਰੇ ਚਰਨ ਟਿਕਾਈਆ। ਨਿਗਾਹ ਮਾਰ ਲੈ ਵਿਚ ਜਗਤ, ਦੀਨ ਦੁਨੀ ਖੋਜ ਖੁਜਾਈਆ। ਬਿਨ ਤੇਰੀ ਕਿਰਪਾ ਬਣੇ ਕੋਈ ਨਾ ਭਗਤ, ਭਗਵਨ ਭਗਤੀ ਵਿਚ ਨਾ ਕੋਇ ਸਮਾਈਆ। ਲੇਖੇ ਲਗੇ ਨਾ ਕਿਸੇ ਬੂੰਦ ਰਕਤ, ਹਡ ਮਾਸ ਨਾੜੀ ਪੰਜ ਤਤ ਕੰਮ ਕਿਸੇ ਨਾ ਆਈਆ। ਮੇਰੀ ਇਕੋ ਬੇਨੰਤੀ ਫ਼ਕ਼ਤ, ਫ਼ਿਕਰਾ ਢੋਲਾ ਇਕੋ ਦਿਆਂ ਸੁਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆ ਜਾ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਮੈਂ ਨਿਮਾਣੀ ਕੋਝੀ ਕਮਲੀ ਤੇਰੀ ਧਰਤ, ਧਵਲ ਹੋ ਕੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਦੇ ਸ਼ਰਤ, ਜੋ ਸ਼ਰੀਅਤ ਅਸਲੀਅਤ ਵਿਚ ਤੇਰਾ ਲੇਖਾ ਗਏ ਸਮਝਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਮਦਦ ਤੇਰੀ ਇਕ ਰਖਾਈਆ। ਮੇਰਾ ਦੁਖਿਆਰਨ ਦਾ ਵੰਡ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਮੇਰੇ ਉਤੋਂ ਸ਼ਰਅ ਛੁਰੀ ਮੇਟ ਦੇ ਕਰਦ, ਕ਼ਾਤਲ ਮਕ਼ਤੂਲ ਦਾ ਡੇਰਾ ਢਾਹੀਆ। ਇਹੋ ਬੇਨੰਤੀ ਇਹੋ ਅਰਜ਼, ਆਸ਼ਾ ਤੇਰੇ ਅਗੇ ਰਖਾਈਆ। ਜੁਗ ਬਦਲਣਾ ਤੇਰਾ ਫ਼ਰਜ਼, ਕਲਜੁਗ ਸਤਿਜੁਗ ਲਹਿਣਾ ਦੇਣਾ ਝੋਲੀ ਪਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਮੇਰੀ ਇਹੋ ਗ਼ਰਜ਼, ਖ਼ਾਹਿਸ਼ ਆਪਣੀ ਦਿਆਂ ਦ੍ਰਿੜਾਈਆ। ਮੈਂ ਤੇਰਾ ਖੇਲ ਵੇਖਣਾ ਚਾਹੁੰਦੀ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਇਕੋ ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਦੋ ਜਹਾਨਾ ਮਾਰੇ ਗਰਜ, ਭਬਕ ਇਕੋ ਇਕ ਸੁਣਾਈਆ। ਮੇਰੇ ਉਤੇ ਸਤਿ ਧਰਮ ਦੀ ਸਿਧੀ ਕਰ ਦੇ ਨਰਦ, ਜੋ ਨਰ ਸਿੰਘ ਹੋ ਕੇ ਪ੍ਰਹਿਲਾਦ ਗਿਆ ਦ੍ਰਿੜਾਈਆ। ਬਾਵਨ ਧਾਰ ਮੇਟ ਦੇ ਗਰਦ, ਬਲ
ਦੁਆਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਹੋਣ ਨਾ ਦੇਵੀਂ ਹਰਜ, ਸ੍ਰੀ ਭਗਵਾਨਾ ਆਪਣੇ ਚਰਨਾਂ ਵਿਚ ਲੈਣਾ ਟਿਕਾਈਆ।
੨੦ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਤਲਵੰਡੀ ਜਲੋ ਕੇ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਪ੍ਰਭੂ ਮੇਰੇ ਉਤੋਂ ਕੂੜ ਦੀਆਂ ਮੇਟ ਪਾਬੰਦੀਆਂ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦੇ ਅੰਦਰੋਂ ਵਾਸ਼ਨਾ ਕਢ ਗੰਦੀਆਂ, ਅੰਮ੍ਰਿਤ ਰਸ ਅੰਮਿਉਂ ਆਪ ਚੁਆਈਆ। ਨਿਜ ਧਾਰ ਏਕੰਕਾਰ ਦੇ ਨਿਜ ਅਨੰਦੀਆ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਦੇ ਛੰਦੀਆ, ਸੋ ਪੁਰਖ ਨਿਰੰਜਣ ਹੰ ਬ੍ਰਹਮ ਆਪਣਾ ਮੇਲ ਮਿਲਾਈਆ। ਸਾਚਾ ਨੂਰ ਪਰਕਾਸ਼ ਕਰ ਦੇ ਚੰਦੀਆ, ਚੰਦ ਚਾਂਦਨਾ ਇਕੋ ਡਗਮਗਾਈਆ। ਕੂੜ ਕੁੜਿਆਰ ਦੀਆਂ ਅੰਦਰੋਂ ਢਾਹ ਦੇ ਕੰਧੀਆਂ, ਗੜ੍ਹ ਹੰਕਾਰ ਦੇਣਾ ਮਿਟਾਈਆ। ਲੇਖੇ ਤਕ ਲੈ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀਆਂ ਸੰਧੀਆਂ, ਸੰਧਿਆ ਕਲਜੁਗ ਨਾਲ ਮਿਲਾਈਆ । ਮੇਰੇ ਪੁਰਖ ਅਕਾਲੇ ਦੀਨ ਦਿਆਲੇ ਆਪਣੇ ਲਾ ਲੈ ਅੰਗੀਆ, ਅੰਗੀਕਾਰ ਆਪ ਹੋ ਜਾਈਆ। ਦਰ ਭਿਖਾਰਨ ਹੋ ਕੇ ਮੰਗਾਂ ਮੰਗੀਆਂ, ਮਾਂਗਤ ਹੋ ਕੇ ਝੋਲੀ ਡਾਹੀਆ। ਕੇਤੇ ਜੁਗ ਚੌਕੜੀ ਮੇਰੇ ਉਤੋਂ ਲੰਘੀਆਂ, ਕਲਜੁਗ ਅੰਤਮ ਹੋਣਾ ਆਪ ਸਹਾਈਆ । ਮਨੂਆ ਖੇਲ ਕਰੇ ਵਾਂਗ ਫ਼ਰੰਗੀਆਂ, ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਕੂੜ ਕੁੜਿਆਰ ਦੀਆਂ ਆਯੂ ਹੋਈਆਂ ਲੰਬੀਆਂ, ਪੰਧ ਸਕੇ ਨਾ ਕੋਇ ਮੁਕਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਛੰਦੀਆ, ਸੋਹਲਾ ਢੋਲਾ ਰਾਗ ਨਾ ਕੋਇ ਦ੍ਰਿੜਾਈਆ। ਪਰਵਰਦਿਗਾਰ ਸਾਂਝੇ ਯਾਰ ਦੀਨਾਂ ਮਜ਼੍ਹਬਾਂ ਤਕ ਲੈ ਡੰਡੀਆਂ, ਡੰਡਾਵਤ ਤੇਰੀ ਵਿਚ ਨਾ ਕੋਇ ਸਮਾਈਆ। ਤੇਰੀਆਂ ਧਾਰਾਂ ਤੇਰੇ ਵਿਛੋੜੇ ਵਿਚ ਹੋਈਆਂ ਰੰਡੀਆਂ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜਗਤ ਜਹਾਨ ਬਣਿਆ ਰੂਪ ਪਾਖੰਡੀਆਂ, ਭੇਖਾਧਾਰੀ ਹੋਈ ਸ੍ਰਿਸ਼ਟ ਸਬਾਈਆ। ਲਹਿਣਾ ਦੇਣਾ ਕੂੜ ਕੁੜਿਆਰਾ ਮੇਟ ਦੇ ਡੰਬੀਆ, ਵਿਭਚਾਰਾਂ ਲੇਖਾ ਦੇ ਮੁਕਾਈਆ। ਤੂੰ ਸ਼ਾਹੋ ਭੂਪ ਸੂਰਾ ਸਰਬੰਗੀਆ, ਸ਼ਹਿਨਸ਼ਾਹ ਨੂਰ ਅਲਾਹੀਆ। ਕਲਜੁਗ ਕਿਨਾਰਾ ਵੇਖ ਲੈ ਅੰਤਮ ਕੰਢੀਆ, ਘਾਟ ਪਤਣ ਫੋਲ ਫੁਲਾਈਆ। ਵਿਦਿਆ ਰਹੀ ਨਾ ਪਾਂਧੇ ਪੰਡੀਆ, ਮੁੱਲਾ ਸ਼ੇਖ਼ ਮੁਸਾਇਕ ਨਾ ਕੋਇ ਚਤੁਰਾਈਆ। ਤੇਰੀਆਂ ਪ੍ਰੀਤਾਂ ਜਾਣ ਕਿਸੇ ਨਾ ਗੰਢੀਆਂ, ਵਿਛੋੜਾ ਜਗਤ ਨਾ ਕੋਇ ਮੁਕਾਈਆ। ਸਤਿ ਧਰਮ ਹੋਇਆ ਖੰਡ ਖੰਡੀਆ, ਨੌਂ ਖੰਡ ਰੋਵਣ ਮਾਰਨ ਧਾਹੀਆ। ਦੀਨ ਦੁਨੀ ਪੂਜੇ ਕਰੀਰਾਂ ਜੰਡੀਆਂ, ਸ਼ਾਹ ਪਾਤਸ਼ਾਹ ਤੇਰਾ ਇਸ਼ਟ ਨਾ ਕੋਇ ਮਨਾਈਆ। ਮਾਨਵ ਜ਼ਾਤੀ ਤਕ ਲੈ ਵੰਡੀਆਂ, ਮਾਨਸ ਮਾਨਵ ਮਾਨੁਖ ਤੇਰੇ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਧਰਨੀ ਕਹੇ ਪ੍ਰਭੂ ਮੇਰੀ ਹਾਲਤ ਤੇਰੇ ਤਰਸਯੋਗ, ਯੁਗਤੀ ਆਪਣੀ ਨਾਲ ਬਦਲਾਈਆ। ਸਤਿ ਦਾ ਰਿਹਾ ਕੋਈ ਨਾ ਜੋਗ, ਜੁਗਤੀ ਹੱਥ ਕਿਸੇ ਨਾ ਆਈਆ। ਹਉਮੇ ਘਰ ਘਰ ਲੱਗਾ ਰੋਗ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਸੰਯੋਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸੁਰਤੀ ਸ਼ਬਦ ਕਰੇ ਕੋਈ ਨਾ ਭੋਗ, ਭਸਮੜ ਰੂਪ ਨਾ ਕੋਇ ਲੋਕਾਈਆ। ਨਵ ਸੱਤ
ਹੋਇਆ ਵਿਯੋਗ, ਵਿਛੋੜੇ ਵਿਚ ਸਰਬ ਕੁਰਲਾਈਆ। ਸ਼ਬਦ ਦਾ ਹੋਵੇ ਕੋਈ ਨਾ ਬੋਧ, ਬੁੱਧੀ ਤੋਂ ਪਰੇ ਨਾ ਕੋਇ ਪੜ੍ਹਾਈਆ। ਹਿਰਦਾ ਸਕੇ ਕੋਈ ਨਾ ਸੋਧ, ਵਦੀ ਸੁਦੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਨੂੰ ਅੰਤ ਅਖ਼ੀਰ ਤੇਰਾ ਸਹਾਰਾ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਤੂੰ ਪਰਮ ਪੁਰਖ ਮੇਰਾ ਕ਼ੁਦਰਤ ਕ਼ਾਦਰ ਕਰਤਾਰਾ, ਕਰੀਮ ਰਹੀਮ ਨੂਰ ਅਲਾਹੀਆ। ਜਲਵਾਗਰ ਪਰਵਰਦਿਗਾਰਾ, ਸਾਂਝਾ ਯਾਰ ਇਕ ਅਖਵਾਈਆ। ਤੇਰੀ ਕ਼ਦਮ ਬੋਸੀ ਵਿਚ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਤੂੰ ਚਰਨ ਧੂੜ ਮੂਰਖ ਮੂੜ੍ਹ ਬਖ਼ਸ਼ਣੀ ਛਾਰਾ, ਟਿੱਕੇ ਧਰਮ ਧਾਰ ਰਮਾਈਆ। ਮੇਰੇ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਖੇਲ ਤਕਾਂ ਅੰਧਿਆਰਾ, ਨਿਰੰਕਾਰ ਦੇਣਾ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟ ਅਧਿਆਰਾ, ਅੰਧ ਆਤਮ ਕਰ ਰੁਸ਼ਨਾਈਆ। ਸਚਖੰਡ ਦੁਆਰੇ ਕੂਕ ਕੂਕ ਪੁਕਾਰਾਂ, ਪੁਨਹ ਪੁਨਹ ਤੇਰੇ ਚਰਨਾਂ ਸੀਸ ਨਿਵਾਈਆ । ਮੇਰੇ ਮਿਹਰਵਾਨਾ ਨੌਜਵਾਨਾ ਮੈਨੂੰ ਦੇ ਅਧਾਰਾ, ਸਿਰ ਮੇਰੇ ਹੱਥ ਟਿਕਾਈਆ। ਤੂੰ ਕਲ ਕਲਕੀ ਨਿਹਕਲੰਕ ਚਵੀਆਂ ਅਵਤਾਰਾ, ਚੌਬੀਸਾ ਜਗਦੀਸਾ ਇਕ ਅਖਵਾਈਆ। ਅਮਾਮ ਅਮਾਮਾ ਜਲਵਾਗਰ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਤੇਰਾ ਸ਼ਬਦ ਨਾਦ ਧੁਨਕਾਰਾ, ਅਨਹਦ ਨਾਦੀ ਰਾਗ ਸ਼ਨਵਾਈਆ। ਤੇਰਾ ਬੂੰਦ ਸਵਾਂਤੀ ਅੰਮ੍ਰਿਤ ਰਸ ਠੰਡਾ ਠਾਰਾ, ਨਾਭੀ ਕਵਲ ਕਵਲ ਟਪਕਾਈਆ। ਮੈਂ ਮਾਂਗਤ ਹੋ ਕੇ ਦਰ ਤੇਰੇ ਬਣੀ ਭਿਖਾਰਾ, ਖ਼ਾਲੀ ਝੋਲੀ ਅਗੇ ਢਾਹੀਆ। ਧਰਨੀ ਕਹੇ ਪ੍ਰਭੂ ਮੈਨੂੰ ਵਸਤ ਦੇ ਦੇ ਥਾਰਾ, ਥਿਰ ਘਰ ਵਾਸੀ ਆਪਣੀ ਦਇਆ ਕਮਾਈਆ। ਮੇਰਾ ਲਹਿਣਾ ਦੇਣਾ ਪੂਰਬ ਦੇ ਦੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਏਕੰਕਾਰਾ, ਅਕਲ ਕਲ ਧਾਰੀ ਇਕ ਅਖਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੁਧ ਬਿਨ ਅਵਰ ਨਾ ਕੋਇ ਸਹਾਰਾ, ਸੀਸ ਬਿਨ ਜਗਦੀਸ ਹੱਥ ਨਾ ਕੋਇ ਟਿਕਾਈਆ। ਮੇਰੀ ਬੇਨੰਤੀ ਮਨਜ਼ੂਰ ਕਰੀਂ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਧਰਨੀ ਕਹੇ ਮੈਂ ਰੋ ਰੋ ਕਰਿਆ ਗਿਰਿਆਜ਼ਾਰਾ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਤੂੰ ਮੇਰਾ ਸ਼ਾਹੋ ਭੂਪ ਸਿਕਦਾਰਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਮੰਗਾਂ ਤੇਰਾ ਦੁਆਰਾ, ਦੂਸਰ ਦਰ ਮੰਗਣ ਕੋਇ ਨਾ ਜਾਈਆ।
੨੧ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਸੋਹਣ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਬੁੱਕਰ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਪ੍ਰਭੂ ਏਕਾ ਨਾਮ ਦ੍ਰਿੜਾ ਦੇ ਸੋ, ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਮੇਰੇ ਉਤੇ ਦੁਤੀਆ ਭੇਵ ਰਹੇ ਨਾ ਕੋ, ਦੂਆ ਏਕਾ ਏਕਾ ਰੰਗ ਸਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਗਤ ਵਿਕਾਰੇ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਜੀਵਾਂ ਜੰਤਾਂ ਅੰਤਸ਼ਕਰਨ ਦੁਰਮਤ ਮੈਲ ਧੋ, ਪਤਤ ਪੁਨੀਤ ਆਪਣੀ ਦਇਆ ਕਮਾਈਆ। ਕੂੜ ਕੁੜਿਆਰਾ ਪੰਜ ਵਿਕਾਰਾ ਅੰਦਰੋਂ ਮੇਟ ਦੇ ਗਰੋਹ, ਮਾਇਆ ਮਮਤਾ ਮੋਹ
ਦੇਣਾ ਚੁਕਾਈਆ। ਆਤਮ ਪਰਮਾਤਮ ਤੇਰੇ ਨਾਲ ਸਭ ਦੀ ਜਾਏ ਛੋਹ, ਛੌਹਰ ਬਾਂਕੇ ਮੇਲਾ ਮੇਲਣਾ ਚਾਈਂ ਚਾਈਂਆ। ਕੂੜੀ ਕਿਰਿਆ ਕਲਜੁਗ ਮੇਰੇ ਉਤੋਂ ਖੋਹ, ਸਤਿ ਸਚ ਵਸਤ ਦੇ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਆਦਿ ਜੁਗਾਦੀ ਮੇਰੇ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਤੂੰ ਸਮਰਥ ਪੁਰਖ ਵਾਲੀ ਦੋ ਜਹਾਨ, ਪਰਵਰਦਿਗਾਰ ਅਗੰਮ ਅਥਾਹੀਆ। ਕਲਜੁਗ ਕੂੜੀ ਕਿਰਿਆ ਮੇਰੇ ਉਤੇ ਹੋਈ ਪਰਧਾਨ, ਨਵ ਸੱਤ ਆਪਣਾ ਹੁਕਮ ਵਰਤਾਈਆ। ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨਾ ਧਰਮ ਨਾ ਕੋਇ ਝੁਲਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਗਿਆਨ, ਜਗਤ ਵਿਦਿਆ ਦੀਨ ਦੁਨੀ ਵਡਿਆਈਆ। ਸੁਰਤੀ ਸ਼ਬਦ ਮਿਲੇ ਕੋਈ ਨਾ ਕਾਹਨ, ਰਾਮ ਰਾਮਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਨੇਤਰਾਂ ਵਗਦਾ ਨੀਰ, ਨੇਤਰ ਲੋਚਨ ਅੱਖ ਰਹੀ ਸ਼ਰਮਾਈਆ। ਤੂੰ ਵਡ ਦਾਤਾ ਗੁਣੀ ਗਹੀਰ, ਗਹਿਰ ਗਵਰ ਧੁਰਦਰਗਾਹੀਆ। ਮਾਲਕ ਖ਼ਾਲਕ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਆਦਿ ਜੁਗਾਦੀ ਦਸਤਗੀਰ, ਸਾਜਣ ਮੀਤ ਇਕ ਅਖਵਾਈਆ। ਮੇਰੇ ਉਤੇ ਕਲਜੁਗ ਕੂੜੀ ਕਿਰਿਆ ਕਰ ਅਖ਼ੀਰ, ਆਖ਼ਰ ਤੇਰੇ ਅਗੇ ਵਾਸਤਾ ਪਾਈਆ। ਜੋ ਫ਼ਿਕਰਿਆਂ ਵਿਚ ਤੇਰਾ ਸੰਦੇਸ਼ਾ ਦੇ ਕੇ ਗਏ ਫ਼ਕੀਰ, ਅਲਿਫ਼ ਯੇ ਨਾਲ ਵਡਿਆਈਆ। ਮੇਰੀ ਬਦਲ ਦੇ ਤਕ਼ਦੀਰ, ਤਕੱਬਰ ਦੀਨ ਦੁਨੀ ਮਿਟਾਈਆ। ਮੈਂ ਦਰਵੇਸ਼ਣ ਹੋਈ ਹਕੀਰ, ਨਿਮਾਣੀ ਹੋ ਕੇ ਮੰਗ ਮੰਗਾਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਕਹਿ ਕੇ ਗਿਆ ਕਬੀਰ, ਕਾਮਲ ਮੁਰਸ਼ਦ ਤੇਰੀ ਓਟ ਤਕਾਈਆ। ਸ਼ਰਅ ਸ਼ਰੀਅਤ ਤੋੜ ਜ਼ੰਜੀਰ, ਤਨ ਵਜੂਦਾਂ ਕਰ ਸਫ਼ਾਈਆ। ਤੂੰ ਮਾਲਕ ਮੇਰਾ ਬੇਨਜ਼ੀਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਦੀਨ ਦੁਨੀ ਦਾ ਅੰਤਸ਼ਕਰਨ ਬਦਲ ਜ਼ਮੀਰ, ਜ਼ਾਹਰ ਜ਼ਹੂਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮਿਹਰਵਾਨ ਹੋ ਕੇ ਆ ਜਾ, ਆਜਜ਼ ਹੋ ਕੇ ਸੀਸ ਨਿਵਾਈਆ। ਦੋ ਜਹਾਨ ਬਣ ਰਾਜਾ, ਰਈਅਤ ਵੇਖ ਖ਼ਲਕ ਖ਼ੁਦਾਈਆ। ਮੇਰਾ ਧਰਮ ਸਵਾਰ ਦੇ ਕਾਜਾ, ਕਰਨੀ ਦੇ ਕਰਤੇ ਦੇਣੀ ਮਾਣ ਵਡਿਆਈਆ। ਉਹ ਲੇਖਾ ਤਕ ਲੈ ਜੋ ਇਸ਼ਾਰਾ ਦੇ ਕੇ ਗਿਆ ਖਿਜ਼ਰ ਖੁਆਜਾ, ਸੂਹ ਆਪਣੀ ਧਾਰ ਦ੍ਰਿੜਾਈਆ। ਮੈਂ ਬਿਨਾ ਜ਼ਬਾਨ ਤੋਂ ਤੈਨੂੰ ਮਾਰਾਂ ਆਵਾਜ਼ਾ, ਚੌਦਾਂ ਤਬਕਾਂ ਬਾਹਰ ਰਹੀ ਸੁਣਾਈਆ। ਤੇਰਾ ਜ਼ਹੂਰ ਬੇਨਜ਼ੀਰ ਤਕਣਾ ਦੇਸ ਮਾਝਾ, ਮਜਲਸ ਭਗਤਾਂ ਸੰਗ ਬਣਾਈਆ। ਤੇਰਾ ਸਤਿਗੁਰ ਸ਼ਬਦ ਇਕੋ ਹੋਵੇ ਜਾਗਾ, ਦੂਸਰ ਲੋੜ ਰਹੇ ਨਾ ਰਾਈਆ। ਠਾਕਰ ਸੁਆਮੀ ਮੇਰੇ ਗ੍ਰਹਿ ਆ ਜਾ ਭਾਗਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਮੇਰੇ ਅੰਤਰ ਉਪਜੇ ਇਕ ਵੈਰਾਗਾ, ਵੈਰੀ ਅੰਦਰੋਂ ਬਾਹਰ ਕਢਾਈਆ। ਕਲਜੁਗ ਜੀਵ ਹੰਸ ਬਣਾ ਦੇ ਕਾਗਾ, ਕਾਗ ਵਾਂਗ ਨਾ ਕੋਇ ਕੁਰਲਾਈਆ। ਮਾਨਵ ਜਾਤੀ ਆਤਮ ਪਰਮਾਤਮ ਮੇਲ ਮਿਲਾ ਲੈ ਕੰਤ ਸੁਹਾਗਾ, ਨਾਰ ਕੰਤ ਆਪਣਾ ਨੂਰ ਕਰ ਰੁਸ਼ਨਾਈਆ। ਜੋ ਇਸ਼ਾਰਾ ਦੇ ਕੇ ਗਿਆ ਕ੍ਰਿਸ਼ਨ ਨੂੰ ਰਾਧਾ, ਰਹਿਬਰ ਹੋ ਕੇ ਵੇਖ ਵਖਾਈਆ। ਸੀਤਾ ਧਾਰ ਜਿਸ ਰਾਮ ਭੇਵ ਖੁਲ੍ਹਾਇਆ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਤੂੰ ਮੋਹਣ ਮਾਧਵ ਮਾਧਾ, ਮਧੁਰ ਧੁਨ ਦੇ ਸੁਣਾਈਆ। ਮੇਰੇ ਉਤੇ ਨਵ
ਖੰਡ ਪ੍ਰਿਥਮੀ ਸੱਤ ਦੀਪ ਤੇਰਾ ਗੁਲਸ਼ਨ ਖਿੜਿਆ ਹੋਵੇ ਬਾਗ਼ਾ, ਪੱਤ ਟਹਿਣੀ ਫਲ ਫੁਲ ਦੇਣੀ ਮਹਿਕਾਈਆ। ਬਿਨ ਤੇਲ ਬਾਤੀ ਕਮਲਾਪਾਤੀ ਦੀਪਕ ਜੋਤ ਜਗਾ ਚਰਾਗ਼ਾ, ਚਰਾਗਾਹਾਂ ਕਰ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਕੋ ਇਕ ਪਾਰਬ੍ਰਹਮ ਬ੍ਰਹਮ ਬਖ਼ਸ਼ ਦੇਸ ਮਾਝਾ, ਸਮਗਰੀ ਸਚ ਸਚ ਵਰਤਾਈਆ। ਇਕੋ ਤਾਰ ਸਿਤਾਰ ਵਜਾਏ ਰਬਾਬਾ, ਰੱਬੇ ਆਲਮੀਨ ਯਾਮਬੀਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਅਦਾ, ਬੇਆਬਾਦ ਆਬਾਦ ਦੇਣਾ ਕਰਾਈਆ।