ਪੁਸਤਕਾਲਾਭਾਗ ੨੪

੧੦ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਰੇਸ਼ਮ ਸਿੰਘ ਦੇ ਗ੍ਰਹਿ ਪਿੰਡ ਖੈਹਿਰਾ ਜ਼ਿਲਾ ਕਪੂਰਥਲਾ

ਫਲਗੁਣ ਕਹੇ ਧੁਰ ਦਾ ਹੁਕਮ ਅਗਾਧ ਬੋਧੀ, ਨਿਰਗੁਣ ਧਾਰ ਸਰਗੁਣ ਸਰਗੁਣ ਕਰੇ ਪੜ੍ਹਾਈਆ। ਜੋ ਜਨ ਭਗਤਾਂ ਅੰਤਰ ਨਿਰੰਤਰ ਹਿਰਦੇ ਰਿਹਾ ਸੋਧੀ, ਸੁਦੀ ਵਦੀ ਦੀ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਚੁੱਕੇ ਆਪਣੀ ਗੋਦੀ, ਗੋਦਾਵਰੀ ਦਾ ਕੰਢਾ ਗੋਬਿੰਦ ਧਾਰ ਦਏ ਗਵਾਹੀਆ। ਸਚ ਪਿਆਰ ਮੁਹੱਬਤ ਦੇ ਬਣਾ ਕੇ ਲੋਭੀ, ਲਾਲਚ ਦੀਨ ਦੁਨੀ ਬਾਹਰ ਕਢਾਈਆ। ਦੁਰਮਤ ਮੈਲ ਧੋਵੇ ਬਣ ਕੇ ਧੋਬੀ, ਧੱਬਾ ਜਗਤ ਰਹਿਣ ਕੋਇ ਨਾ ਪਾਈਆ। ਸਤਿ ਸਚ ਦੀ ਬਖ਼ਸ਼ੇ ਸੋਝੀ, ਭੇਵ ਅਭੇਦ ਖੁਲ੍ਹਾਈਆ। ਰਮਜ਼ ਆਪਣੀ ਮਾਰੇ ਗੋਝੀ, ਗੋਬਿੰਦ ਮੇਲਾ ਚਾਈਂ ਚਾਈਂਆ। ਹਰਿਜਨ ਹੋਏ ਨਾ ਕਦੇ ਵਿਜੋਗੀ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਲ ਮਿਲਾਏ ਧੁਰ ਸੰਜੋਗੀ, ਸਤਿ ਸਚ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਫਲਗੁਣ ਕਹੇ ਜਨ ਭਗਤ ਪ੍ਰਭ ਸੁਹੰਦੜੇ ਚਰਨ, ਚਰਨ ਕਵਲ ਮਿਲੇ ਸਰਨਾਈਆ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਨੇਤਰ ਲੋਚਨ ਨੈਣ ਹੋਏ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਪੜ੍ਹਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਬਿਨ ਪੌੜੀ ਡੰਡੇ ਮੰਜ਼ਲ ਚੜ੍ਹਨ, ਬਿਨ ਪਾਂਧੀਆਂ ਪੰਧ ਮੁਕਾਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਪੱਲੂ ਫੜਨ, ਸੁਰਤ ਅਕਾਲ ਮੂਰਤ ਵਿਚ ਸਮਾਈਆ। ਜਗਤ ਅਗਨੀ ਮੂਲ ਨਾ ਸੜਨ, ਤਤਵ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਜਨ ਭਗਤੋ ਪ੍ਰਭ ਚਾੜ੍ਹਨਹਾਰਾ ਰੰਗ, ਰੰਗਤ ਨਜ਼ਰ ਕਿਸੇ ਨਾ ਆਈਆ। ਸ਼ਾਹੋ ਭੂਪ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਇਕੋ ਨਾਮ ਨਿਧਾਨ ਵਜੇ ਮਰਦੰਗ, ਦੋ ਜਹਾਨ ਕਰੇ ਸ਼ਨਵਾਈਆ। ਆਤਮ ਸੇਜ ਸੁਹਾਏ ਪਲੰਘ, ਆਸਣ ਸਿੰਘਾਸਣ ਇਕ ਵਡਿਆਈਆ। ਸਚ ਦੁਆਰ ਏਕੰਕਾਰ ਆਏ ਲੰਘ, ਬਿਨ ਕ਼ਦਮਾਂ ਕ਼ਦਮ ਉਠਾਈਆ । ਪ੍ਰਕਾਸ਼ ਦੇਵੇ ਬਿਨਾ ਸੂਰੀਆ ਚੰਦ, ਜੋਤੀ ਜਾਤਾ ਡਗਮਗਾਈਆ। ਅੰਮ੍ਰਿਤ ਧਾਰ ਨਿਝਰ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਧਰਮ ਦੀ ਧਾਰ ਦੱਸ ਕੇ ਛੰਦ, ਸ਼ਾਹੋ ਭੂਪ ਵੇਖ ਵਖਾਈਆ। ਜਨ ਭਗਤਾਂ ਭਾਗ ਹੋਣ ਨਾ ਦੇਵੇ ਮੰਦ, ਮੰਦਭਾਗੀ ਲਏ ਤਰਾਈਆ। ਜਗਤ ਅੰਧੇਰਾ ਮੇਟ ਕੇ ਅੰਧ, ਅੰਧ ਆਤਮ ਕਰੇ ਰੁਸ਼ਨਾਈਆ। ਖ਼ੁਸ਼ੀ ਕਰਾਕੇ ਬੰਦ ਬੰਦ, ਬੰਦਗੀ ਆਪਣੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਚ ਦਾ ਮਾਲਕ ਇਕ ਗੁਸਾਈਂਆ। ਫਲਗੁਣ ਕਹੇ ਜਨ ਭਗਤੋ ਪਰਮ ਪੁਰਖ ਦਾ ਮਾਣੋ ਰਸ, ਬਿਨ ਰਸਨਾ ਰਸ ਚਖਾਈਆ। ਜੋ ਹਿਰਦੇ ਅੰਤਰ ਜਾਵੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਮਾਰਗ ਅਗੰਮੜਾ ਦੇਵੇ ਦੱਸ, ਦਹਿ ਦਿਸ਼ਾ ਤੋਂ ਬਾਹਰ ਸਮਝਾਈਆ। ਪੰਧ ਮੁਕਾਉਣਾ ਨੱਸ ਨੱਸ, ਭੱਜਣਾ ਵਾਹੋ ਦਾਹੀਆ। ਲੇਖਾ ਰਹੇ ਨਾ ਅੰਧੇਰੀ ਮਸ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਚੁਰਾਸੀ ਵਿਚ ਨਾ ਜਾਣਾ ਫਸ, ਫ਼ੈਸਲਾ ਹਕ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਫਲਗੁਣ ਕਹੇ ਜਨ ਭਗਤੋ ਅੱਜ ਦੀ ਤਕ ਲਓ ਰਾਤੀ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਚਾਰ ਜੁਗ ਦੇ ਸ਼ਾਸਤਰਾਂ ਬਾਹਰ ਤਕ ਲਓ ਪਾਤੀ, ਪਤ੍ਰਕਾ ਕੀ ਸਮਝਾਈਆ। ਕੀ ਲਹਿਣਾ ਦੇਣਾ ਪੁਰਖ ਅਕਾਲੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਕੀ ਸਮਝਾਈਆ । ਕੀ ਲੇਖਾ ਜਾਣੇ ਸਭ ਦਾ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਭੇਵ ਖੁਲ੍ਹਾਈਆ। ਜਿਸ ਦਾ ਵੇਸ ਸਦਾ ਬਹੁ ਭਾਂਤੀ, ਜੁਗ ਚੌਕੜੀ ਵੰਡ ਵੰਡਾਈਆ। ਸੋ ਮਿਹਰਵਾਨ ਨੌਜੁਵਾਨ ਆਪਣਾ ਪ੍ਰੇਮ ਦਾ ਜੋੜੇ ਨਾਤੀ, ਰਿਸ਼ਤਾ ਭਗਤਾਂ ਨਾਲ ਬਣਾਈਆ। ਝਗੜਾ ਰਹੇ ਨਾ ਕਾਗ਼ਜ਼ਾਤੀ, ਵਖਰੀ ਵੰਡ ਨਾ ਕੋਇ ਵੰਡਾਈਆ। ਆਤਮ ਧਾਰ ਬਣਾ ਜਮਾਤੀ, ਪਰਮਾਤਮ ਹੋ ਕੇ ਵੇਖ ਵਖਾਈਆ। ਇਕੋ ਦੱਸ ਕੇ ਇਲਮ ਸਫ਼ਾਤੀ, ਸਤਿਗੁਰ ਹੋ ਕੇ ਵੇਖ ਵਖਾਈਆ। ਨਿਗਾਹ ਮਾਰੇ ਤਕੇ ਆਪਣੀ ਝਾਤੀ, ਝਾਕੀ ਜਗਤ ਨਾ ਕੋਇ ਜਣਾਈਆ। ਵਾਰਸ ਹੋ ਕੇ ਪੁਛੇ ਵਾਤੀ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਫਲਗੁਣ ਕਹੇ ਜਨ ਭਗਤੋ ਜਗਤ ਧਾਰੋਂ ਜਾਣਾ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਪ੍ਰਭ ਬਖਸ਼ਣਹਾਰਾ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਕੂੜ ਕੁੜਿਆਰਾ ਕਰਾਏ ਤਿਆਗ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਤੁਹਾਡੇ ਕਰੇ ਵਡ ਵਡ ਭਾਗ, ਭਗਵਨ ਹੋ ਕੇ ਵੇਖ ਵਖਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਤ ਪੁਨੀਤ ਕਰਾਈਆ । ਘਰ ਦੀਪਕ ਜੋਤ ਜਗਾਏ ਚਰਾਗ਼, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਮੇਲ ਮਿਲਾਵਾ ਹੋਵੇ ਕੰਤ ਸੁਹਾਗ, ਠਾਕਰ ਸੁਆਮੀ ਆਪਣਾ ਰੰਗ ਰੰਗਾਈਆ। ਲਹਿਣਾ ਦੇਣਾ ਤਕ ਲਉ ਵਿਚ ਦੁਆਬ, ਦੋਹਰੀ ਧਾਰ ਧਾਰ ਜਣਾਈਆ। ਜਿਸ ਦੇ ਪਿਆਰ ਵਿਚ ਨਾਨਕ ਵਜਾਈ ਰਬਾਬ, ਸਿਤਾਰ ਜੁਗ ਜੁਗ ਜਣਾਈਆ। ਉਹ ਲਹਿਣਾ ਦੇਣਾ ਤੁਹਾਡਾ ਪੂਰਾ ਕਰੇ ਵਿਚ ਪੰਜ ਆਬ, ਪੰਚਮ ਦਾ ਮਾਲਕ ਇਕ ਅਖਵਾਈਆ। ਜੋ ਆਸਾ ਨਿਰਗੁਣ ਸਰਗੁਣ ਧਾਰ ਨਾਨਕ ਰਖੀ ਵਿਚ ਬਗ਼ਦਾਦ, ਬਗ਼ਲਗੀਰ ਭਗਤਾਂ ਲਏ ਬਣਾਈਆ। ਸੋ ਸੁਆਮੀ ਸਾਜਣ ਮੀਤ ਲੈਣਾ ਅਰਾਧ, ਜੋ ਹਿਰਦੇ ਵਸੇ ਚਾਂਈ ਚਾਈਂਆ। ਜਿਸ ਦਾ ਲਹਿਣਾ ਦੇਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਆਖ਼ਰ ਆਪਣਾ ਸੰਗ ਬਣਾਈਆ। ਸ਼ਬਦ ਸੁਣਾਏ ਅਨਾਦੀ ਅਨਾਦ, ਧੁਨ ਆਤਮਕ ਰਾਗ ਦ੍ਰਿੜਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਜਿਸ ਦਾ ਭਗਤ ਸੁਹੇਲੇ ਸਮਾਜ, ਸਮਗ੍ਰੀ ਨਾਮ ਵਾਲੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਫਲਗੁਣ ਕਹੇ ਜਨ ਭਗਤੋ ਪ੍ਰਭ ਚਰਨ ਕਰੋ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਜੋ ਸਭ ਦਾ ਮਿਤਰ ਪਿਆਰ, ਪੀਆ ਪ੍ਰੀਤਮ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਪੈਗ਼ੰਬਰ ਗੁਰ ਅਵਤਾਰ, ਜੁਗ ਜੁਗ ਸੇਵ ਕਮਾਈਆ। ਜਿਸ ਦਾ ਨਾਮ ਕਲਮਾ ਜਗਤ ਦਏ ਅਧਾਰ,

ਉਦਰ ਦਾ ਲੇਖਾ ਦਏ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਕ਼ਰਜ਼ੇ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ । ਗ਼ਰੀਬ ਨਿਮਾਣਿਆਂ ਪਾਵੇ ਸਾਰ, ਕੋਝਿਆਂ ਕਮਲਿਆਂ ਆਪਣੇ ਗਲੇ ਲਗਾਈਆ। ਆਤਮ ਪਰਮਾਤਮ ਦੇ ਅਧਾਰ, ਮੇਲਾ ਮੇਲੇ ਸਹਿਜ ਸੁਭਾਈਆ। ਸੋ ਸੁਆਮੀ ਠਾਕਰ ਤੁਹਾਡੀ ਪਾਵੇ ਸਾਰ, ਵੇਖਣਹਾਰਾ ਚਾਈਂ ਚਾਈਂਆ। ਜਿਸ ਦੀ ਖ਼ੁਸ਼ੀ ਵਿਚ ਈਸਾ ਢੋਲੇ ਗਾਏ ਦਿਵਸ ਸੁਹੰਜਣਾ ਐਤਵਾਰ, ਪਰਵਿਸ਼ਟਾ ਦਸਵਾਂ ਨਾਲ ਮਿਲਾਈਆ। ਫਲਗੁਣ ਕਹੇ ਜਨ ਭਗਤੋ ਭਗਵਨ ਦੀ ਤੁਹਾਡੇ ਨਾਲ ਬਹਾਰ, ਭਗਤ ਭਗਵਾਨ ਮਿਲਕੇ ਵਜੇ ਵਧਾਈਆ। ਮੈਂ ਉਸ ਦਾ ਹੋਵਾਂ ਸ਼ੁਕਰਗੁਜ਼ਾਰ, ਗੁਜ਼ਾਰਿਸ਼ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਕਰਨ ਇੰਤਜ਼ਾਰ, ਬਿਨ ਆਸਾ ਜਗਤ ਆਸਾ ਵਿਚੋਂ ਪਰਗਟਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਬਚਨ ਸਿੰਘ, ਫੁਮਣ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ
ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ

ਧਰਨੀ ਕਹੇ ਪ੍ਰਭੂ ਤੇਰੇ ਚਰਨ ਦੀ ਛੋਹੀ ਤਲੀ, ਤਲਬ ਅਵਰ ਰਹੀ ਨਾ ਰਾਈਆ। ਧੰਨਭਾਗ ਮਹਿਬੂਬ ਤੂੰ ਆਇਉਂ ਮੇਰੀ ਗਲੀ, ਦੋ ਜਹਾਨ ਬ੍ਰਹਿਮੰਡ ਖੰਡ ਸਰਬ ਤਜਾਈਆ। ਮੈਂ ਆਪਾ ਆਪ ਤੇਰੇ ਉਤੋਂ ਕਰਾਂ ਬਲੀ, ਬਲ ਬਾਵਨ ਦੀ ਧਾਰ ਜੋ ਗਿਆ ਦ੍ਰਿੜਾਈਆ। ਓਹ ਲੇਖਾ ਪੂਰਾ ਕਰ ਲੈ ਜੋ ਇਸ਼ਾਰਾ ਦਿਤਾ ਮੁਹੰਮਦ ਨਾਲ ਐਲੀ, ਬਿਨ ਰਸਨਾ ਜੇਹਵਾ ਸਿਫ਼ਤ ਸਲਾਹੀਆ। ਮੈਂ ਬਿਨਾ ਸੀਸ ਤੋਂ ਆਪਣਾ ਸੀਸ ਧਰਾਂ ਤਲੀ, ਤਰਫ਼ਦਾਰੀ ਨਜ਼ਰ ਕੋਇ ਨਾ ਆਈਆ। ਮੇਰੇ ਸੁਆਮੀ ਠਾਕਰ ਤੇਰੇ ਪਿਆਰ ਵਿਚ ਹੋਵਾਂ ਝੱਲੀ, ਝਲਕ ਆਪਣੀ ਦੇਣੀ ਵਖਾਈਆ। ਮੈਂ ਆਦਿ ਜੁਗਾਦੀ ਜੁਗ ਚੌਕੜੀ ਇਕੱਲੀ, ਅਕਲ ਕਲਧਾਰੀ ਤੇਰੀ ਸੇਵ ਕਮਾਈਆ। ਨਿਤ ਨਵਿਤ ਤੇਰੇ ਪਿਆਰ ਵਿਚ ਰਲੀ, ਵਖਰੀ ਵੰਡ ਨਾ ਕੋਇ ਵੰਡਾਈਆ। ਅੰਤ ਕੰਤ ਭਗਵੰਤ ਮੈਨੂੰ ਮੂਲ ਨਾ ਛਲੀਂ, ਅਛਲ ਛਲਧਾਰੀ ਤੇਰੀ ਓਟ ਤਕਾਈਆ। ਮੈਂ ਬੇਖ਼ਬਰ ਤੂੰ ਖ਼ਬਰ ਆਪਣੀ ਅਗੰਮੀ ਘੱਲੀਂ, ਸੁਨੇਹੜਾ ਦੇਣਾ ਚਾਈਂ ਚਾਈਂਆ। ਮੈਂ ਖ਼ੁਸ਼ੀਆਂ ਵਿਚ ਸੁਣ ਸੁਣ ਪਾਵਾਂ ਜੱਲੀ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਤੇਰੇ ਪਿਆਰ ਦੀ ਮਹਿਕ ਮੇਰੀ ਧਾਰ ਹੋਵੇ ਕਲੀ, ਕਲਮੇ ਦੇ ਮਾਲਕ ਕਾਇਨਾਤ ਦੇਣੀ ਵਡਿਆਈਆ। ਮੇਰਾ ਅੰਤਸ਼ਕਰਨ ਨਾਮ ਨਿਸ਼ਾਨੇ ਨਾਲ ਸੱਲੀਂ, ਸਲਲ ਤੀਰ ਅਣਿਆਲਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਦੇਣੀ ਸਰਨਾਈਆ। ਧਰਨੀ ਕਹੇ ਪ੍ਰਭੂ ਤੇਰੀ ਤਲੀ ਮੇਰੇ ਸੀਨੇ ਗਈ ਛੋਹ, ਛੋਹਰ ਬਾਂਕੇ ਤੇਰੀ ਸਰਨਾਈਆ। ਮੇਰੇ ਨਵ ਸੱਤ ਆਈ ਲੋ, ਬਿਨ ਲੋਇਣਾ ਹੋਈ ਰੁਸ਼ਨਾਈਆ । ਮੈਂ ਨਾਮ ਸੰਦੇਸ਼ਾ ਸੁਣਿਆ ਤੇਰਾ ਸੋ, ਸੋ ਪੁਰਖ ਨਿਰੰਜਣ ਦਿਤੀ ਵਡਿਆਈਆ। ਹੰ ਬ੍ਰਹਮ ਤੇਰੀ ਧਾਰ ਗਈ ਹੋ, ਹੋਕਾ ਦੇ ਕੇ ਦਿਆਂ ਦ੍ਰਿੜਾਈਆ। ਦੀਨ ਦਿਆਲ ਦਇਆ ਨਿਧ ਠਾਕਰ ਮੇਰੇ ਅੰਤਰ ਅੰਮ੍ਰਿਤ ਰਸ ਚੋ, ਝਿਰਨਾ ਅਗੰਮ ਅਥਾਹ ਝਿਰਾਈਆ। ਮੇਰਾ ਲੇਖਾ ਰਹੇ ਇਕ ਨਾ ਦੋ, ਦੂਆ

ਏਕਾ ਇਕੋ ਰੰਗ ਰੰਗਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਖੋਹ, ਖ਼ਾਲਸ ਆਪਣਾ ਰੰਗ ਰੰਗਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਦਰੋਂ ਦੁਰਮਤ ਮੈਲ ਧੋ, ਪਤਤਾਂ ਕਰ ਸਫ਼ਾਈਆ। ਮਾਇਆ ਮਮਤਾ ਨਾਲੋਂ ਦੀਨ ਦੁਨੀ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਸਚ ਵਸਤ ਦਾ ਢੋਆ ਦੇ ਦੇ ਢੋ, ਭੰਡਾਰ ਅਤੋਟ ਅਤੁਟ ਵਰਤਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਰਹੇ ਰੋ, ਰੋਮ ਰੋਮ ਦਏ ਦੁਹਾਈਆ। ਤੁਧ ਬਿਨ ਸਾਰ ਪਾਏ ਨਾ ਕੋ, ਕੂਕ ਕੂਕ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਤੇਰੀ ਧੂਲ ਮਸਤਕ ਗਈ ਲਗ, ਲਗ ਮਾਤਰ ਡੇਰਾ ਢਾਈਆ। ਤੇਰੀ ਜੋਤੀ ਕਮਲਾਪਾਤੀ ਗਈ ਜਗ, ਜਾਗਰਤ ਜੋਤ ਕੀਤੀ ਰੁਸ਼ਨਾਈਆ। ਮੈਨੂੰ ਲੇਖੇ ਲਾਉਣਾ ਮੈਂ ਕੋਝੀ ਕਮਲੀ ਅਲਪਗ, ਕੂੜ ਕੁਕਰਮ ਨਾਲ ਹਲਕਾਈਆ। ਤੂੰ ਸਾਹਿਬ ਮੇਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਮੇਰੇ ਅੰਤਸ਼ਕਰਨ ਬੁਝਾਉਣੀ ਅੱਗ, ਅਗਨੀ ਤਤ ਤਤ ਗਵਾਈਆ। ਦੀਨ ਦੁਨੀ ਹੰਸ ਬੁੱਧੀ ਹੋਈ ਕਗ, ਕਾਗੋਂ ਹੰਸ ਆਪ ਬਣਾਈਆ। ਨਾਮ ਨਿਧਾਨ ਸ੍ਰੀ ਭਗਵਾਨ ਪਿਆਉਣੀ ਮਧ, ਮਧੁਰ ਧੁਨ ਦੇਣੀ ਸੁਣਾਈਆ। ਸਚ ਦੁਆਰ ਏਕੰਕਾਰ ਆਪਣੇ ਲੈਣਾ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਪਰਮ ਪੁਰਖ ਪ੍ਰਭ ਮੈਨੂੰ ਕਲਜੁਗ ਪਾਪਾਂ ਲਿਆ ਦੱਬ, ਭਾਰ ਮੇਰੇ ਉਤੇ ਪਾਈਆ। ਮੋਹ ਵਿਕਾਰਾ ਗਿਆ ਵਧ, ਅਗੇ ਹੋ ਨਾ ਕੋਇ ਅਟਕਾਈਆ। ਆਤਮ ਪਰਮਾਤਮ ਤੇਰੀ ਧਾਰ ਸਮਝੇ ਕੋਇ ਨਾ ਯਦ, ਯਦੀ ਲੇਖਾ ਦੇਣਾ ਮੁਕਾਈਆ। ਪਰਵਰਦਿਗਾਰ ਸਾਂਝੇ ਯਾਰ ਮੈਂ ਤੈਨੂੰ ਰਹੀ ਸੱਦ, ਹੋਕਾ ਦੇਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਕਵਲ ਦੀ ਤਲੀ ਮੇਰੇ ਲੱਗੀ ਸੀਨੇ, ਸੋਹਣੀ ਦਿਤੀ ਵਡਿਆਈਆ। ਮੈਂ ਵੇਖਾਂ ਲੋਕ ਤੀਨੇ, ਤ੍ਰੈਗੁਣ ਪਰਦਾ ਦਿਤਾ ਉਠਾਈਆ। ਦੀਨ ਦੁਨੀ ਦੀ ਧਾਰ ਤਕ ਜਗਤ ਨੇਤਰ ਹੋਏ ਨਾਬੀਨੇ, ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਮਾਨਵ ਜ਼ਾਤੀ ਬਿਰਥਾ ਦਿਸਦੇ ਜੀਣੇ, ਜੀਵਣ ਜ਼ਿੰਦਗੀ ਤੇਰੇ ਭੇਟ ਨਾ ਕੋਇ ਕਰਾਈਆ। ਝਗੜਾ ਤਕ ਲੈ ਮਜ਼੍ਹਬ ਦੀਨੇ, ਸ਼ਰਅ ਸ਼ਰਅ ਰਹੀ ਟਕਰਾਈਆ। ਸਤਿ ਧਰਮ ਦੇ ਕਰਮ ਗਏ ਛੀਨੇ, ਕਲਜੁਗ ਕਿਰਿਆ ਕੂੜ ਕੂੜ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਕਵਲ ਦੀ ਤਲੀ ਮੈਨੂੰ ਰਹੀ ਦੱਸ, ਦਹਿ ਦਿਸ਼ਾ ਰਹੀ ਜਣਾਈਆ। ਧਰਨੀ ਖ਼ੁਸ਼ੀਆਂ ਨਾਲ ਹਸ, ਢੋਲੇ ਗਾ ਧੁਰ ਦੇ ਮਾਹੀਆ। ਜਿਸ ਨੇ ਭਗਤਾਂ ਕੀਤਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਅੰਮ੍ਰਿਤ ਜਾਮ ਪੀਂਦੇ ਰਸ, ਰਸਤਾ ਦੀਨ ਦੁਨੀ ਤਜਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੇ ਜਸ, ਸੋਹੰ ਸ਼ਬਦ ਸਚ ਪੜ੍ਹਾਈਆ। ਪੰਧ ਮੁਕਾਂਦੇ ਨੱਸ ਨੱਸ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਜਿਨ੍ਹਾਂ ਦਾ ਦਰਸ਼ਨ ਪਾਉਂਦੇ ਰਵ ਸਸ, ਸੂਰੀਆ ਚੰਦ ਵੇਖਣ ਨੈਣ ਉਠਾਈਆ। ਉਨ੍ਹਾਂ ਅੰਤਰ ਮਿਟੀ ਰੈਣ ਅੰਧੇਰੀ ਮਸ, ਨੂਰੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਦੀ ਤਲੀ ਮੇਰੇ ਛੋਹੀ ਮੁਖ, ਮੁਖੜਾ ਦਿਤਾ ਬਦਲਾਈਆ। ਮੇਰਾ ਜਨਮ ਜਨਮ ਦਾ ਮਿਟਿਆ ਦੁਖ, ਦੁਖੜਾ ਜਗਤ ਰਿਹਾ ਨਾ ਰਾਈਆ। ਮੇਰੀ ਤ੍ਰਿਸ਼ਨਾ ਗਈ ਭੁਖ, ਤ੍ਰਿਪਤ ਦਿਤਾ ਕਰਾਈਆ।

ਮੇਰੀ ਸੁਫਲ ਹੋਈ ਭਗਤਾਂ ਜਨਣੀ ਵਾਲੀ ਕੁੱਖ, ਬਿਨ ਤਨ ਵਜੂਦ ਤੇਰੇ ਅਗੇ ਸੀਸ ਨਿਵਾਈਆ। ਧੰਨ ਭਾਗ ਸਚਖੰਡ ਨਿਵਾਸੀ ਤੂੰ ਮੇਰੇ ਵਲ ਕੀਤਾ ਰੁਖ਼, ਕਰਵਟ ਆਪਣੀ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਕਦੇ ਨਾ ਜਾਵੇ ਰੁਕ, ਰੋਕ ਵਿਚ ਜਗਤ ਜੁਗਤ ਜੋਗ ਨਾ ਕੋਇ ਜਣਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਲਾਲ ਸਿੰਘ, ਅਜੀਤ ਕੌਰ, ਹਰਦਿਆਲ ਸਿੰਘ, ਨਗੀਨਾ ਸਿੰਘ ਜਲੰਧਰ ਸ਼ਹਿਰ,
ਮਲ ਸਿੰਘ, ਪਾਲ ਸਿੰਘ ਲੱਲੀਆਂ, ਸਵਰਨ ਸਿੰਘ ਬਾਮ੍ਹਨੀਆ ਨਵਿਤ ਪਿੰਡ ਹੇਰਾਂ ਜ਼ਿਲਾ ਜਲੰਧਰ

ਧੰਨ ਭਾਗ ਭਗਤ ਗ੍ਰਹਿ ਆਏ ਸਪਤਸ ਰਿਖੀ, ਯਾਰਾਂ ਪਰਵਿਸ਼ਟਾ ਫਲਗੁਣ ਖ਼ੁਸ਼ੀ ਮਨਾਈਆ। ਜੇਹੜੇ ਵਖਾਵਣ ਆਏ ਬਿਨ ਹਰਫ਼ਾਂ ਚਿੱਠੀ ਲਿਖੀ, ਜਗਤ ਵਿਦਿਆ ਲੇਖ ਨਾ ਕੋਇ ਬਣਾਈਆ। ਜਿਸ ਵਿਚ ਲਹਿਣਾ ਦੇਣਾ ਕਲਜੁਗ ਅੰਤਮ ਧਰਮ ਧਾਰ ਦੀ ਤਕਣੀ ਸਿੱਖੀ, ਸ਼ਰਅ ਤੋਂ ਬਾਹਰ ਫੋਲ ਫੁਲਾਈਆ। ਜਿਸ ਦੀ ਸਭ ਤੋਂ ਵਖਰੀ ਹੋਣੀ ਥਿਤੀ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ । ਸਚ ਪ੍ਰੇਮ ਦੀ ਹੋਈ ਮਿਤੀ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਜਿਸ ਦਾ ਖੇਲ ਸਦਾ ਨਿਤੀ, ਨਵਿਤ ਆਪਣੀ ਕਾਰ ਭੁਗਤਾਈਆ । ਕਿਸ ਬਿਧ ਪ੍ਰਭੂ ਬਣੇ ਭਗਤਾਂ ਦਾ ਹਿਤੀ, ਹਿਤਕਾਰੀ ਹੋ ਕੇ ਵੇਖ ਵਖਾਈਆ। ਚਿਠੀ ਕਹੇ ਮੇਰੀ ਸਭ ਤੋਂ ਵਖਰੀ ਲਿਪੀ, ਜਗਤ ਅੱਖਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਪਤਸ ਰਿਖ ਕਹਿਣ ਅਸੀਂ ਦੂਰ ਦੁਰਾਡੇ ਆਏ ਦੌੜੇ, ਬਿਨ ਕ਼ਦਮਾਂ ਕ਼ਦਮ ਉਠਾਈਆ। ਸਚ ਦੁਆਰ ਆ ਕੇ ਬਹੁੜੇ, ਪੂਰਬ ਪਿਛਲਾ ਪੰਧ ਮੁਕਾਈਆ। ਸਾਡੇ ਮਾਰਗ ਰਹੇ ਨਾ ਸੌੜੇ, ਭੀੜੀ ਗਲੀ ਨਾ ਕੋਇ ਜਣਾਈਆ। ਅਸਾਂ ਨੂਰ ਤਕਿਆ ਬ੍ਰਾਹਮਣ ਗੌੜੇ, ਵੇਦ ਵਿਆਸਾ ਦਏ ਗਵਾਹੀਆ। ਜਿਸ ਦੀ ਮੰਜ਼ਲ ਸਭ ਨੇ ਚੜ੍ਹਨਾ ਪੌੜੇ, ਪੌੜ੍ਹੀ ਡੰਡਾ ਅਵਰ ਨਾ ਕੋਇ ਰਖਾਈਆ । ਜੋ ਅੰਤਰ ਨਿਰੰਤਰ ਭਗਤਾਂ ਅੰਦਰ ਬਹੁੜੇ, ਨਿਰਗੁਣ ਹੋ ਕੇ ਵੇਖ ਵਖਾਈਆ। ਫਲ ਤਕੇ ਮਿਠੇ ਕੌੜੇ, ਲੱਖ ਚੁਰਾਸੀ ਫੋਲ ਫੁਲਾਈਆ । ਸ਼ਾਹ ਅਸਵਾਰ ਬਣੇ ਅਗੰਮੇ ਘੋੜੇ, ਰਾਸਾਂ ਆਪਣੇ ਹੱਥ ਉਠਾਈਆ। ਮੇਲ ਮਿਲਾਏ ਭਗਤ ਭਗਵਾਨ ਜੋੜੇ ਜੋੜੇ, ਜੋੜੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਪਤਸ ਰਿਖ ਕਹਿਣ ਸਾਡਾ ਨਹੀਂ ਤਨ ਵਜੂਦ, ਸ਼ਰੀਰ ਨਜ਼ਰ ਕੋਇ ਨਾ ਆਈਆ। ਸਾਡੀ ਮੰਜ਼ਲ ਜਗਤ ਨਹੀਂ ਹਦੂਦ, ਵੰਡਣ ਵੰਡ ਨਾ ਕੋਇ ਰਖਾਈਆ। ਅਸੀਂ ਪਰਮ ਪੁਰਖ ਪਰਮਾਤਮ ਜਿਥੇ ਤਕਿਆ ਮੌਜੂਦ, ਮਜਲਸ ਭਗਤਾਂ ਨਾਲ ਲਗਾਈਆ। ਓਹ ਆਲੀਸ਼ਾਨ ਤਕ ਅਰੂਜ, ਅਰਸ਼ ਫ਼ਰਸ਼ ਦਾ ਮਾਲਕ ਵੇਖਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਸਪਤਸ ਰਿਖੀ ਕੀ ਇਸ਼ਾਰਾ ਦੇਵੇ ਅਤਰੀ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਕਲਜੁਗ ਧਾਰ ਵੇਖੋ ਭਗਤ ਬਹੱਤਰੀ, ਜੈਦਿਉ ਨਾਮਾ ਦਏ ਗਵਾਹੀਆ। ਜਿਸ ਦਾ ਲੇਖਾ ਨਹੀਂ ਨਾਲ ਬ੍ਰਾਹਮਣ ਸ਼ੱਤਰੀ, ਸ਼ੂਦਰ ਵੈਸ਼ ਵੰਡ ਨਾ

ਕੋਇ ਵੰਡਾਈਆ। ਉਹਦਾ ਨਾਮ ਨਿਧਾਨਾ ਇਕੋ ਮੰਤਰੀ, ਮਾਤਰ ਭੂਮੀ ਦਏ ਜਣਾਈਆ। ਜਿਸ ਖੇਲ ਤਕਣੀ ਦੀਨ ਦੁਨੀ ਦੀ ਅੰਤਰੀ, ਅੰਤਸ਼ਕਰਨ ਤਕੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਸਪਤਸ ਰਿਖੀ ਕਹਿਣ ਸਾਨੂੰ ਸੋਹਣਾ ਲੱਗਾ ਗ੍ਰਹਿ, ਘਰ ਘਰ ਵਿਚ ਵਜੀ ਵਧਾਈਆ। ਜਿਥੇ ਭਗਤ ਸੁਹੇਲਾ ਗੁਰਮੁਖ ਰਹੇ, ਤਨ ਵਜੂਦ ਰੰਗ ਰੰਗਾਈਆ। ਪੁਰਖ ਅਕਾਲਾ ਦੀਨ ਦਿਆਲਾ ਆ ਕੇ ਬਹੇ, ਸਚ ਸਿੰਘਾਸਣ ਸੋਭਾ ਪਾਈਆ। ਦੋਹਾਂ ਦੇ ਪਿਆਰ ਦੀ ਵਗਦੀ ਨੈਂ, ਜਗਤ ਵਹਿਣਾਂ ਬਾਹਰ ਵਖਾਈਆ । ਜੋ ਆਦਿ ਜੁਗਾਦੀ ਇਕੋ ਹੈ, ਅੰਤ ਅੰਤ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਝਟ ਨਾਰਦ ਆ ਕੇ ਕਹੇ ਸੁਣੋ ਰਿਖੀ ਸੱਤ, ਸੱਤਾਂ ਦੀਪਾਂ ਧਿਆਨ ਲਗਾਈਆ। ਦੀਨ ਦੁਨੀ ਦੀ ਤਕੋ ਬ੍ਰਹਮ ਮਤ, ਪਾਰਬ੍ਰਹਮ ਕੀ ਭੇਵ ਖੁਲ੍ਹਾਈਆ। ਸਚ ਸਤਿ ਸੰਤੋਖ ਧੀਰਜ ਜਾਣੋ ਯਤ, ਕਾਇਆ ਅੰਤਰ ਨਿਰੰਤਰ ਫੋਲ ਫੁਲਾਈਆ। ਘਟ ਘਟ ਮੇਲਾ ਵੇਖੋ ਪਰਮੇਸ਼ਵਰ ਪਤ, ਪਾਰਬ੍ਰਹਮ ਪ੍ਰਭ ਮਿਲ ਕੇ ਕਿਸ ਦਰ ਖ਼ੁਸ਼ੀ ਬਣਾਈਆ। ਲੱਖ ਚੁਰਾਸੀ ਉਬਲਦੀ ਵੇਖੋ ਰਤ, ਤਨ ਵਜੂਦਾਂ ਖੋਜ ਖੁਜਾਈਆ। ਕੂੜ ਕੁੜਿਆਰਾ ਕਲਜੁਗ ਦਾ ਚਲਦਾ ਵੇਖੋ ਰਥ, ਕਿਸ ਬਿਧ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਕੀ ਹੁਕਮ ਸੰਦੇਸ਼ਾ ਦੇਵੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਗੋਬਿੰਦ ਸਥਰ ਗਿਆ ਲਥ, ਯਾਰੜਾ ਕਹਿ ਕੇ ਸੇਜ ਹੰਢਾਈਆ। ਉਹ ਲਹਿਣਾ ਦੇਣਾ ਦੇਵਣਹਾਰਾ ਹੱਥੋ ਹੱਥ, ਅੰਤ ਲੇਖਾ ਕੀ ਜਣਾਈਆ। ਕਿਸ ਬਿਧ ਸ੍ਰਿਸ਼ਟੀ ਦੇਵੇ ਮਥ, ਮਥਨ ਕਰੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਪਤਸ ਰਿਖ ਕਹਿਣ ਨਾਰਦ ਅਸੀਂ ਦੱਸਣਾ ਕੀ, ਕਹਿਣ ਕਿਛ ਨਾ ਪਾਈਆ। ਜੋ ਮਾਲਕ ਖ਼ਾਲਕ ਜਗਤ ਜੀਅ, ਆਦਿ ਜੁਗਾਦੀ ਧੁਰਦਰਗਾਹੀਆ। ਉਸ ਲੇਖਾ ਪੂਰਾ ਕਰਨਾ ਰਵਦਾਸ ਚਮਾਰੇ ਸਾਢੇ ਤਿੰਨ ਹੱਥ ਸੀਂ, ਬਹੁਤੀ ਵੰਡ ਨਾ ਕੋਇ ਵੰਡਾਈਆ। ਲਹਿਣਾ ਦੇਣਾ ਵੇਖਣਾ ਗੁਰਦਾਸ ਵੀਹ ਇਕੀਹ, ਏਕੰਕਾਰਾ ਹੋ ਕੇ ਖੋਜ ਖੁਜਾਈਆ। ਜਿਸ ਕਲਜੁਗ ਅੰਤਰ ਧਰਮ ਦਾ ਬੀਜਣਾ ਬੀ, ਕਿਰਿਆ ਕੂੜ ਜਗਤ ਅੱਖ ਖੁਲ੍ਹਾਈਆ। ਅੰਮ੍ਰਿਤ ਨਾਮ ਅਗੰਮਾ ਬਰਸਣਾ ਮੀਂਹ, ਅਗਨੀ ਤਤ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਪਤਸ ਰਿਖ ਕਹਿਣ ਨਾਰਦ ਪਰਮ ਪੁਰਖ ਹੋਇਆ ਦਿਆਲ, ਦਇਆਨਿਧ ਦਇਆ ਕਮਾਈਆ। ਭਗਤਾਂ ਗ੍ਰਹਿ ਵੇਖੇ ਧਰਮਸਾਲ, ਧਰਮ ਦੁਆਰਾ ਇਕ ਜਣਾਈਆ। ਹਰਿਜਨ ਵੇਖ ਆਪਣਾ ਲਾਲ, ਲਾਲਨ ਲਾਲ ਰੰਗ ਰੰਗਾਈਆ। ਪੂਰਬ ਜਨਮ ਦੀ ਲੇਖੇ ਪਾਵੇ ਘਾਲ, ਘਾਇਲ ਆਪਣੇ ਚਰਨ ਟਿਕਾਈਆ। ਨੂਰੀ ਜਲਵਾ ਦੇ ਜਲਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਖੇਲ ਕੀਤਾ ਕਮਾਲ, ਕਮਲਾਪਾਤੀ ਵੇਸ ਵਟਾਈਆ। ਜਨ ਭਗਤਾਂ ਫਲ ਲਗਾਏ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਮਾਲਕ ਧੁਰਦਰਗਾਹੀਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਜੋਤ ਕਰੇ ਰੁਸ਼ਨਾਈਆ। ਲੇਖਾ ਰਹੇ ਨਾ ਕਾਲ ਮਹਾਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਪ੍ਰੀਤੀ ਚਰਨ ਕਵਲ ਲਏ ਭਾਲ, ਦਰ ਇਕੋ ਇਕ ਵਖਾਈਆ। ਆਤਮ ਪਰਮਾਤਮ ਸਦ ਰਖੇ ਆਪਣੇ ਨਾਲ, ਨਾਤਾ ਜਗਤ ਜੁਗਤ ਤੁੜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਸਪਤਸ ਰਿਖੀ ਵੇਖੋ ਹਰਿਜਨ ਮੀਤ, ਮਿਤਰੋ ਧਿਆਨ ਲਗਾਈਆ। ਜਿਸ ਦੇ ਅੰਤਰ ਇਕ ਪ੍ਰੀਤ, ਪ੍ਰੀਤਮ ਮਿਲਕੇ ਖ਼ੁਸ਼ੀ ਬਣਾਈਆ। ਤ੍ਰੈਗੁਣ ਨਾਲੋਂ ਹੋ ਅਤੀਤ, ਤ੍ਰੈਗੁਣ ਅਤੀਤੇ ਨਾਲ ਮਿਲਕੇ ਵਜੇ ਵਧਾਈਆ । ਮਾਨਸ ਜਨਮ ਜਨਮ ਜਗ ਜੀਤ, ਜਗ ਜੀਵਣ ਦਾਤੇ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗੀਤ, ਗੋਬਿੰਦ ਮੇਲਾ ਮੇਲਿਆ ਸਹਿਜ ਸੁਭਾਈਆ। ਕਲਜੁਗ ਵਿਚੋਂ ਸਤਿਜੁਗ ਚਲਾ ਕੇ ਅਗੰਮੀ ਰੀਤ, ਰੀਤੀਵਾਨ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਪਤਸ ਰਿਖ ਕਹਿਣ ਸੁਣ ਨਾਰਦ ਮੁਨੀ, ਮੁਨੀਸ਼ਰਾ ਦਈਏ ਜਣਾਈਆ। ਹਰਿ ਭਗਤ ਸੁਹੇਲਾ ਵਡ ਗੁਣ ਗੁਣੀ, ਗਹਿਰ ਗੰਭੀਰ ਰੰਗ ਸਮਾਈਆ। ਜਿਸ ਦੇ ਅੰਦਰ ਪ੍ਰੇਮ ਦੀ ਧੁਨੀ, ਧੁਨ ਆਤਮਕ ਰਾਗ ਦ੍ਰਿੜਾਈਆ। ਉਸ ਦੀ ਪੁਕਾਰ ਪੁਰਖ ਅਕਾਲ ਆਪੇ ਸੁਣੀ, ਅਣਸੁਣਤ ਦਿਤੀ ਦ੍ਰਿੜਾਈਆ। ਉਹ ਲਹਿਣਾ ਦੇਣਾ ਚੁਕਾਵਣਵਾਲਾ ਹੁਣੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਕਹਿੰਦੇ ਮਾਲਕ ਕੁੰਨੀ, ਕੁੱਲ ਮਾਲਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਸਪਤਸ ਰਿਖੀ ਆਓ ਇਕੱਠੇ ਮਾਰੀਏ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਪ੍ਰਭ ਦੁਆਰ ਦੀ ਖੁਲ੍ਹੀ ਵੇਖੀਏ ਤਾਕੀ, ਕਿਸ ਬਿਧ ਪਰਦਾ ਆਪ ਚੁਕਾਈਆ। ਕਵਣ ਧਾਰ ਜਨ ਭਗਤਾਂ ਲਹਿਣਾ ਦੇਵੇ ਬਾਕ਼ੀ, ਬਾਕ਼ਾਇਦਾ ਲੇਖਾ ਚੁਕਾਈਆ। ਲੇਖੇ ਲਾਵੇ ਤਨ ਖ਼ਾਕੀ, ਮਾਟੀ ਤਤ ਸੰਗ ਨਿਭਾਈਆ। ਪੂਰਾ ਕਰੇ ਭਵਿਖਤ ਵਾਕੀ, ਵਾਕਫ਼ਕਾਰ ਆਪ ਹੋ ਆਈਆ। ਨਾਮ ਨਿਧਾਨ ਦਾ ਬਣ ਕੇ ਸਾਕੀ, ਜਾਮ ਪਿਆਲਾ ਅਗੰਮ ਪਿਆਈਆ। ਮਿਹਰਵਾਨ ਹੋ ਕੇ ਪੁਛੇ ਵਾਤੀ, ਵਾਰਸ ਹੋ ਕੇ ਵੇਖ ਵਖਾਈਆ। ਜੋ ਭਗਤਾਂ ਲੇਖੇ ਲਾਵੇ ਗਿਆਰਾਂ ਫੱਗਣ ਦੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਇਹ ਕਥਾ ਕਹਾਣੀ ਸਾਚੀ, ਸਤਿ ਸਚ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਵਸਤ ਦੇਵੇ ਜੋ ਅੰਦਰੇ ਅੰਦਰ ਗਵਾਚੀ, ਗੁਮ ਰਹਿਣ ਕੋਇ ਨਾ ਪਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਚਰਨ ਕੌਰ ਦੇ ਨਵਿਤ ਪਿੰਡ ਹੇਰ ਜ਼ਿਲਾ ਜਲੰਧਰ

ਸਪਤਸ ਰਿਖੀਆਂ ਵਿਚੋਂ ਬੋਲੇ ਭਾਰਦਵਾਜ, ਬਿਨ ਰਸਨਾ ਜੇਹਵਾ ਖ਼ੁਸ਼ੀਆਂ ਢੋਲਾ ਗਾਈਆ। ਮੇਰਾ ਵਕ਼ਤ ਸੁਹੰਜਣਾ ਆਇਆ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਸ੍ਰੀ ਭਗਵਾਨ ਭਗਤਾਂ ਸਵਾਰੇ ਕਾਜ, ਜੁਗ ਜੁਗ ਦਏ ਵਡਿਆਈਆ। ਝਗੜਾ ਮੇਟ ਦੀਨ ਦੁਨੀ ਸਮਾਜ, ਸਮਿਗਰੀ ਸਤਿ ਸਚ ਵਰਤਾਈਆ। ਨਾਮ ਨਿਧਾਨੇ ਚੜ੍ਹਾ ਜਹਾਜ਼, ਲੇਖਾ ਦੋ ਜਹਾਨ ਬਣਾਈਆ। ਜਿਸ ਦੀ ਯਾਦ ਵਿਚ ਅਵਤਾਰ ਰਹੇ ਅਰਾਧ, ਸੇਵਕ ਹੋ ਕੇ ਸੇਵ ਕਮਾਈਆ। ਓਹ ਪੁਰਖ ਪੁਰਖੋਤਮ ਮੋਹਣ ਮਾਧਵ ਮਾਧ, ਮੋਹਣੀ ਮੋਹਣ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਹਰਿ ਭਗਤ

ਸੁਹੇਲੇ ਹੋਏ ਆਬਾਦ, ਧਰਨੀ ਧਰਤ ਧਵਲ ਧੌਲ ਡੇਰਾ ਲਾਈਆ। ਦਿਵਸ ਰੈਣ ਕਰਨ ਯਾਦ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸੋ ਸੁਆਮੀ ਸੁਣਨਹਾਰਾ ਫ਼ਰਿਆਦ, ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਾਰਦਵਾਜ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪੁਰਖ ਅਕਾਲ ਦੀਨ ਦਿਆਲ ਦਏ ਵਡਿਆਈਆ। ਮੇਰਾ ਪੂਰਬ ਲੇਖਾ ਪਿਛੇ ਲੰਘਾ, ਅਗੇ ਭਗਤਾਂ ਨਾਲ ਮਿਲ ਕੇ ਵਜੇ ਵਧਾਈਆ। ਜਿਨ੍ਹਾਂ ਦੀ ਚਰਨ ਛੋਹ ਵਿਚ ਫਿਰੇ ਗੰਗਾ, ਗੰਗੋਤਰੀ ਭੱਜੇ ਵਾਹੋ ਦਾਹੀਆ। ਜਿਥੇ ਇਕੋ ਸ਼ਬਦ ਨਾਮ ਮਰਦੰਗਾ, ਧੁਨ ਆਤਮਕ ਰਾਗ ਦ੍ਰਿੜਾਈਆ। ਲੇਖਾ ਜਾਣੇ ਸੂਰਾ ਸਰਬਗਾ, ਹਰਿ ਕਰਤਾ ਧੁਰਦਰਗਾਹੀਆ। ਮੈਂ ਉਸ ਦੇ ਕੋਲੋਂ ਵਸਤ ਅਗੰਮੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਭਗਤ ਸੀਸ ਰਹੇ ਓਢਣ ਨਾ ਨੰਗਾ, ਓਢਣ ਨਾਮ ਨਿਧਾਨਾ ਦੇਣਾ ਪਾਈਆ। ਨੇਤਰ ਨੈਣ ਰਹੇ ਨਾ ਅੰਧਾ, ਨਿਜ ਨੇਤਰ ਦੇਣਾ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਗਾਏ ਛੰਦਾ, ਸੋਹੰ ਵਜਦੀ ਰਹੇ ਵਧਾਈਆ। ਅੰਤਸ਼ਕਰਨ ਨਾ ਰਹੇ ਗੰਦਾ, ਪਤਿਤ ਪੁਨੀਤ ਦੇਣਾ ਬਣਾਈਆ। ਤੇਰਾ ਖੇਲ ਵੇਖਾਂ ਅਚੰਭਾ, ਅਚਰਜ ਲੀਲਾ ਦੇਣੀ ਦ੍ਰਿੜਾਈਆ। ਸੇਵਾਦਾਰ ਵੇਖਾਂ ਪਰੀ ਅਰੰਬਾ, ਚੌਦਾਂ ਰਤਨਾਂ ਖੋਜ ਖੁਜਾਈਆ। ਮੇਰਾ ਕੌਲ ਇਕ਼ਰਾਰ ਤੇਰੇ ਸੰਧਾ, ਸਰਘੀ ਸੰਧਿਆ ਬਾਹਰ ਵੇਖ ਵਖਾਈਆ। ਜਨ ਭਗਤਾਂ ਭਾਰ ਉਠਾ ਲੈ ਆਪਣੇ ਕੰਧਾ, ਕੰਢੀਂ ਬੈਠੇ ਪਾਰ ਲੰਘਾਈਆ। ਲੇਖਾ ਪੂਰਾ ਕਰ ਦੇ ਗੋਬਿੰਦ ਵਾਲੇ ਖੰਡਾ, ਖੜਗਾਂ ਭੇਵ ਰਹੇ ਨਾ ਰਾਈਆ। ਬੋਧ ਅਗਾਧੀ ਬਣ ਕੇ ਪੰਡਾ, ਆਤਮ ਪਰਮਾਤਮ ਪ੍ਰਭ ਵਿਦਿਆ ਦੇਣੀ ਸਮਝਾਈਆ। ਜਨ ਭਗਤਾਂ ਅੰਤਰ ਰਹੇ ਨਾ ਭੇਖ ਪਾਖੰਡਾ, ਕਿਰਿਆ ਕੂੜ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਚੜ੍ਹਾ ਦੇ ਆਪਣੇ ਪੌੜੀ ਡੰਡਾ, ਡੰਡਾਵਤ ਆਪਣੇ ਚਰਨ ਰਖਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪਰਕਾਸ਼ ਕੌਰ ਦੇ ਗ੍ਰਹਿ ਪਿੰਡ ਸੁਨੜਾ ਜ਼ਿਲਾ ਜਲੰਧਰ

ਖ਼ੁਸ਼ੀਆਂ ਨਾਲ ਬੋਲੇ ਸਪਤਸ ਰਿਖੀਆਂ ਵਿਚੋਂ ਅਤਰੀ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਕੀ ਲਹਿਣਾ ਦੇਣਾ ਸ਼ੂਦਰ ਵੈਸ਼ ਬ੍ਰਾਹਮਣ ਖੱਤਰੀ, ਜ਼ਾਤਾਂ ਪਾਤਾਂ ਭੇਵ ਚੁਕਾਈਆ। ਕੀ ਨਾਰਦ ਨਿਰਗੁਣ ਧਾਰ ਖੋਲ੍ਹ ਕੇ ਦੱਸੇ ਪਤ੍ਰੀ, ਬਿਨ ਅੱਖਰਾਂ ਅੱਖਰ ਸਮਝਾਈਆ। ਸਚ ਪਿਆਰ ਵਿਚੋਂ ਦੀਨ ਦੁਨੀ ਹੋਈ ਨਿਖਤਰੀ, ਖ਼ਤਰੇ ਵਿਚ ਖ਼ਲਕ ਖ਼ੁਦਾਈਆ। ਕਲਜੁਗ ਆਯੂ ਹੋਈ ਬਹੱਤਰੀ ਸੱਤਰੀ, ਅਗੇ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਅਤਰੀ ਕਹੇ ਪ੍ਰਭੂ ਮੈਂ ਵੇਖਾਂ ਉੱਤਰ ਪੂਰਬ ਪੱਛਮ ਦੱਖਣ, ਚਾਰੋਂ ਕੁੰਟ ਧਿਆਨ ਲਗਾਈਆ। ਦੀਨ ਦੁਨੀ ਦਾ ਹਿਰਦਾ ਹੋਇਆ ਸੱਖਣ, ਹਿਰਦੇ ਨਾਮ ਨਾ ਕੋਇ ਵਸਾਈਆ। ਮੈਂ ਨਿਗਾਹ ਮਾਰੀ ਪੁਸ਼ਕਰ ਕਰੌਚ ਦੀਪ ਲੱਖਣ, ਜੰਬੂ ਆਪਣਾ ਧਿਆਨ ਲਗਾਈਆ। ਤੁਧ ਬਿਨ ਲਜਿਆ ਕੋਈ ਨਾ ਆਵੇ ਰਖਣ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਅਵਤਾਰ ਪੈਗ਼ੰਬਰ ਗੁਰ ਤੇਰਾ ਇਸ਼ਾਰਾ ਦੱਸਣ, ਬਿਨ ਸੈਨਤ ਜਗਤ ਲਗਾਈਆ। ਪੁਰਖ ਅਕਾਲਾ ਇਕੋ ਆਵੇ

ਜਗਤ ਸਮਰਥਣ, ਸਮਰਥ ਅਕਥ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਕਰੇ ਮਥਣ, ਮਿਥਿਆ ਵੇਖੇ ਖ਼ਲਕ ਖ਼ੁਦਾਈਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਹੱਥੋ ਹੱਥਣ, ਪੂਰਬ ਜਨਮ ਦਾ ਝੋਲੀ ਪਾਈਆ। ਸ਼ਬਦ ਨਾਦ ਸੁਣਾਏ ਨਦਨ, ਅਨਹਦ ਨਾਦੀ ਨਾਦ ਜਣਾਈਆ। ਘਰ ਸੁਆਮੀ ਆਵੇ ਸੱਦਣ, ਸੁਤਿਆਂ ਲਏ ਜਗਾਈਆ। ਕਿਰਪਾ ਕਰੇ ਗੋਪਾਲ ਮੂਰਤ ਮਦਨ, ਪਾਰਬ੍ਰਹਮ ਪ੍ਰਭ ਧੁਰਦਰਗਾਹੀਆ। ਜੋ ਦੀਨ ਦੁਨੀ ਦੀ ਮੇਟੇ ਹੱਦਨ, ਦਰ ਦੁਆਰ ਇਕੋ ਇਕ ਵਖਾਈਆ। ਜਿਸ ਦੇ ਪਿਆਰ ਵਿਚ ਭਗਤ ਸੁਹੇਲੇ ਭੱਜਣ, ਜਗਤ ਸਕੇ ਨਾ ਕੋਇ ਛੁਡਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਦੇ ਆਵੇ ਕੱਜਣ, ਕਰਨੀ ਦਾ ਕਰਤਾ ਨੂਰ ਅਲਾਹੀਆ। ਸਤਿਗੁਰ ਧਾਰ ਬਣੇ ਸੱਜਣ, ਸੁਆਮੀ ਹੋ ਕੇ ਵੇਖ ਵਖਾਈਆ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਧੁਆਈਆ। ਇਕੋ ਇਕ ਸਮਝਾਏ ਬੰਦਨ, ਬੰਦਗੀ ਬੰਦਗੀ ਵਿਚੋਂ ਪਰਗਟਾਈਆ। ਜਨ ਭਗਤਾਂ ਭਾਗ ਹੋਣ ਨਾ ਦੇਵੇ ਮੰਦਨ, ਮੰਦਭਾਗਿਆਂ ਲਏ ਤਰਾਈਆ। ਨਿਜ ਆਤਮ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰਾ ਸਰਬਗਣ, ਸਰਬਗ ਅਲਪਗ ਜੀਵਾਂ ਲਏ ਤਰਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਸਰਵਣ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਮੇਰੀ ਜੁਗ ਜੁਗ ਵੇਖ ਲੈ ਘਾਲਾ, ਘਾਇਲ ਹੋ ਕੇ ਜੁਗ ਜੁਗ ਸੇਵ ਕਮਾਈਆ। ਧਰਤ ਧਵਲ ਧੌਲ ਵੇਖ ਸਚੀ ਧਰਮਸਾਲਾ, ਧਰਮ ਦੇ ਮਾਲਕ ਧਿਆਨ ਲਗਾਈਆ। ਮੇਰੀ ਹਾਲਤ ਹੋਈ ਬੇਹਾਲਾ, ਬਿਹਬਲ ਹੋ ਕੇ ਦਿਆਂ ਜਣਾਈਆ। ਕਲਜੁਗ ਵਖਰੀ ਚਲੀ ਚਾਲਾ, ਚਾਲ ਨਿਰਾਲੀ ਇਕ ਪਰਗਟਾਈਆ। ਜਗਤ ਜਗਿਆਸੂ ਮਣਕਿਆਂ ਵਾਲੀ ਫੇਰਦੇ ਮਾਲਾ, ਮਨ ਕਾ ਮਣਕਾ ਨਾ ਕੋਇ ਭੁਆਈਆ। ਸਭ ਦਾ ਹਿਰਦਾ ਅੰਦਰੋਂ ਦਿਸੇ ਕਾਲਾ, ਕਾਲਖ ਸਕੇ ਨਾ ਕੋਇ ਧੁਆਈਆ। ਤ੍ਰੈਗੁਣ ਵਧਿਆ ਕੂੜ ਜੰਜਾਲਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਵੇਖ ਜਨ, ਜਨਣੀ ਬਣ ਧੁਰ ਦੀ ਮਾਈਆ। ਮਨ ਮਨਸਾ ਵੇਖ ਲੈ ਮਨ, ਮਮਤਾ ਮੋਹ ਖੋਜ ਖੁਜਾਈਆ। ਜਗਤ ਵਾਸਨਾ ਤਕ ਲੈ ਧਨ, ਤਨ ਵਜੂਦਾਂ ਧਿਆਨ ਲਗਾਈਆ। ਵਾਸ਼ਨਾ ਤਕ ਲੈ ਸਰਵਣ ਕੰਨ, ਤੇਰਾ ਨਾਮ ਸੁਣਨ ਕੋਇ ਨਾ ਪਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਸਤਿ ਨੂਰ ਦਾ ਚਾੜ੍ਹ ਦੇ ਚੰਨ, ਚੰਦ ਚਾਂਦਨੀ ਕਰ ਰੁਸ਼ਨਾਈਆ। ਹਰਿਜਨ ਨੇਤਰ ਰਹੇ ਕੋਈ ਨਾ ਅੰਨ੍ਹ, ਅੰਧ ਅਗਿਆਨ ਦੇਣਾ ਮਿਟਾਈਆ। ਦਰਸ ਦਿਖਾ ਦੇ ਆਪਣਾ ਬਿਨ ਛੱਪਰੀ ਛੰਨ, ਸ਼ਹਿਨਸ਼ਾਹ ਆਪਣਾ ਪਰਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਣ ਜਣੇਂਦੀ ਮਾਂ, ਮਮਤਾ ਮੋਹ ਵਿਕਾਰ ਮਿਟਾਈਆ। ਹੰਸ ਬੁੱਧੀ ਬਣਾ ਦੇ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਇਕੋ ਤੇਰਾ ਉਪਜੇ ਨਾਂ, ਨਾਉਂ ਨਿਰੰਕਾਰਾ ਤੇਰੇ ਢੋਲੇ ਗਾਈਆ। ਚਰਨ ਕਵਲ ਦੱਸ ਦੇ

ਥਾਂ, ਅਸਥਾਨ ਇਕੋ ਇਕ ਸੁਹਾਈਆ। ਗ਼ਰੀਬ ਨਿਮਾਣਿਆਂ ਪਕੜ ਲੈ ਬਾਂਹ, ਫੜ ਬਾਹੋਂ ਗਲੇ ਲਗਾਈਆ। ਤੇਰੇ ਚਰਨ ਕਵਲ ਬਲ ਬਲ ਜਾਂ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਕਰ ਦੇ ਹਾਂ, ਨਾ ਦਾ ਲੇਖਾ ਰਹੇ ਨਾ ਰਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ, ਗੁਰਨਾਮ ਸਿੰਘ, ਮਹਿੰਦਰ ਕੌਰ ਨਵਿਤ
ਪਿੰਡ ਜੰਡਿਆਲਾ ਜ਼ਿਲਾ ਜਲੰਧਰ

ਨਾਰਦ ਕਹੇ ਪ੍ਰਭੂ ਮੈਂ ਗਿਆ ਵਿਚ ਕਾਅਬਾ, ਮਕ਼ਬਰਿਆਂ ਅੰਦਰ ਧਿਆਨ ਲਗਾਈਆ। ਮੈਂ ਤਕਿਆ ਮਾਈ ਹਵਾ ਦੇ ਨਾਲ ਆਦਮ ਬਾਬਾ, ਬਾਵਾ ਆਦਮ ਕਹਿ ਕੇ ਜਿਸ ਨੂੰ ਸਾਰੇ ਗਾਈਆ। ਉਸ ਮੈਨੂੰ ਪਿਆਰ ਵਿਚ ਮਾਰਿਆ ਦਾਬਾ, ਜ਼ੋਰ ਨਾਲ ਸੁਣਾਈਆ। ਪੰਡਤਾ ਦੀਨ ਦੁਨੀ ਨੂੰ ਆਉਣ ਵਾਲਾ ਅਜ਼ਾਬਾ, ਅਗੇ ਹੋ ਨਾ ਕੋਇ ਬਚਾਈਆ। ਝਟ ਮੈਨੂੰ ਨਜ਼ਰ ਆਇਆ ਨਾਨਕ ਵਾਲਾ ਛਾਬਾ, ਤਕੜ ਧੁਰ ਦਾ ਨਜ਼ਰੀ ਆਈਆ। ਫੇਰ ਨੂਰ ਤਕਿਆ ਜ਼ਹੂਰ ਤਕਿਆ ਮੈਂ ਕੀਤੀ ਝਟ ਆਦਾਬਾ, ਨਮੋਂ ਨਮੋਂ ਕਹਿ ਕੇ ਸੀਸ ਨਿਵਾਈਆ । ਜਿਥੇ ਨਾ ਕੋਈ ਸਵਾਲ ਨਾ ਜਵਾਬਾ, ਜਵਾਬਤਲਬੀ ਵਿਚ ਸਾਰੇ ਚਰਨ ਧੂੜੀ ਖ਼ਾਕ ਰਮਾਈਆ। ਝਟ ਇਸ਼ਾਰਾ ਮਿਲਿਆ ਨਾਰਦਾ ਜ਼ਰਾ ਵੇਖ ਲੈ ਵਿਚ ਦੁਆਬਾ, ਦੋਹਰੀ ਖੇਲ ਪ੍ਰਭ ਆਪਣੀ ਆਪ ਕਰਾਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਗੀ ਅਮਦਾਦਾ, ਆਮਦ ਵਿਚ ਬੈਠੇ ਨੈਣ ਉਠਾਈਆ। ਉਹਦਾ ਰੂਪ ਅਨੂਪ ਸਤਿ ਸਰੂਪ ਸਾਦਾ, ਸਾਦਗੀ ਵਿਚ ਸਮਝ ਕਿਸੇ ਨਾ ਆਈਆ। ਉਹਦਾ ਹੁਕਮ ਸੰਦੇਸ਼ ਫ਼ਰਮਾਨ ਬੋਧ ਅਗਾਧਾ, ਬੁੱਧੀ ਤੋਂ ਪਰੇ ਰਿਹਾ ਦ੍ਰਿੜਾਈਆ। ਜਿਸ ਦੀ ਯਾਦ ਵਿਚ ਕ੍ਰਿਸ਼ਨ ਸੰਦੇਸ਼ਾ ਦਿਤਾ ਰਾਧਾ, ਬਿਨ ਅੱਖਰਾਂ ਅੱਖਰ ਜਣਾਈਆ। ਉਸ ਕਾਹਨ ਦਾ ਕਲਜੁਗ ਅੰਤ ਭਗਤਾਂ ਨਾਲ ਹੋਣਾ ਵਾਧਾ, ਵਾਅਦੇ ਪਿਛਲੇ ਪੂਰ ਕਰਾਈਆ। ਉਹਦਾ ਸਤਿ ਸਰੂਪ ਹੋਣਾ ਮੋਹਣ ਮਾਧਵ ਮਾਧਾ, ਮਧੁਰ ਧੁਨ ਦਏ ਸੁਣਾਈਆ। ਜਿਸ ਚਾਰ ਜੁਗ ਦੇ ਸ਼ਾਸਤਰਾਂ ਦੀ ਸੁਣਨੀ ਫ਼ਰਿਆਦਾ, ਅੱਖਰ ਅੱਖਰ ਬੈਠਣ ਸੀਸ ਨਿਵਾਈਆ। ਜਨ ਭਗਤਾਂ ਦੁਰਮਤ ਮੈਲ ਧੋਵੇ ਦਾਗ਼ਾ, ਪਤਤ ਪੁਨੀਤ ਦਏ ਕਰਾਈਆ। ਉਸੇ ਦੀ ਧਾਰ ਓਸੇ ਦੇ ਪਿਆਰ ਵਿਚ ਸਗਲਾ ਸੰਗੀ ਹੋਵੇ ਵਾਲਾ ਬਾਜ਼ਾਂ, ਬਾਜ਼ੀ ਦੀਨ ਦੁਨੀ ਵੇਖ ਵਖਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਕਲਜੁਗ ਅੰਤ ਸਵਾਰਨਾ ਕਾਜਾ, ਕਰਨੀ ਦਾ ਕਰਤਾ ਨੂਰ ਅਲਾਹੀਆ। ਜਿਸ ਦਾ ਜ਼ਹੂਰ ਹੋਣਾ ਦੇਸ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਦੇ ਪਿਆਰ ਵਿਚ ਨਾਨਕ ਸਿਤਾਰ ਵਜਾਈ ਰਬਾਬਾ, ਜਨਕ ਦੀ ਧਾਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਮੈਨੂੰ ਵੇਖ ਹੋਈ ਮਦਹੋਸ਼ੀ, ਹੋਸ਼ੋ ਹਵਾਸ ਨਾ ਕੋਇ ਰਖਾਈਆ। ਮੇਰੇ ਅੰਤਰ ਆਈ ਖ਼ਾਮੋਸ਼ੀ, ਰਸਨਾ ਕਹਿਣ ਕਿਛ ਨਾ ਪਾਈਆ। ਮੈਂ ਨਿਗਾਹ ਮਾਰੀ ਚਾਰ ਜੁਗ ਦੇ ਵੇਖੇ ਕੋਸ਼ੀ, ਅੱਖਰ ਅੱਖਰ ਫੋਲ ਫੁਲਾਈਆ। ਫੇਰ ਤਕਿਆ ਦੀਨ ਦੁਨੀ ਹੋਈ ਦੋਸ਼ੀ, ਦੋਸਤ ਮਿਤਰ ਸੰਗ ਨਾ ਕੋਇ ਨਿਭਾਈਆ। ਜਾਂ ਹੋਰ ਜਾਣਿਆਂ ਸ੍ਰਿਸ਼ਟੀ

ਕਾਮਨਾ ਹੋਈ ਪੋਸ਼ੀ, ਪੋਸ਼ੀਦਾ ਭੇਵ ਨਾ ਕੋਇ ਖੁਲ੍ਹਾਈਆ। ਮੈਂ ਝਟ ਪੈ ਗਿਆ ਸੋਚੀਂ, ਸੋਚ ਸੋਚ ਵਿਚੋਂ ਪਰਗਟਾਈਆ। ਝਟ ਇਸ਼ਾਰਾ ਦਿਤਾ ਮੈਨੂੰ ਰਵਦਾਸ ਚਮਾਰੇ ਮੋਚੀ, ਰੰਬੀ ਆਰ ਰਿਹਾ ਹਿਲਾਈਆ। ਔਹ ਤਕ ਖੇਲ ਪ੍ਰੀਤਮ ਚੋਜੀ, ਜੋ ਚੋਲਾ ਆਇਆ ਬਦਲਾਈਆ। ਜਨ ਭਗਤਾਂ ਬਣਕੇ ਖੋਜੀ, ਖੋਜ ਕਰੇ ਥਾਉਂ ਥਾਈਂਆ। ਜੋ ਨਾਮ ਨਿਧਾਨ ਦੇਵਣਹਾਰਾ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਉਹ ਭਗਤ ਸੁਹੇਲਾ ਇਕ ਇਕੇਲਾ ਲੋਕਮਾਤ ਬਣਾ ਕੇ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਦੁਰਮਤ ਮੈਲ ਧੋਵੇ ਬਣ ਕੇ ਧੋਬੀ, ਧੱਬੇ ਜਨਮ ਜਨਮ ਦੇ ਰਿਹਾ ਮਿਟਾਈਆ। ਅੰਦਰ ਵੜ ਵੜ ਕੇ ਹਿਰਦੇ ਰਿਹਾ ਸੋਧੀ, ਸੁਧ ਆਪਣਾ ਨਾਮ ਸਮਝਾਈਆ। ਨਾਰਦ ਕਹੇ ਮੈਂ ਹੈਰਾਨ ਹੋ ਗਿਆ ਗ਼ਰੀਬ ਨਿਮਾਣਿਆਂ ਚੁੱਕੀ ਫਿਰੇ ਗੋਦੀ, ਗੋਦਾਵਰੀ ਦਾ ਕੰਢਾ ਗੋਬਿੰਦ ਦੀ ਧਾਰ ਆਪਣੇ ਨਾਲ ਰਖਾਈਆ। ਏਸੇ ਖ਼ੁਸ਼ੀ ਵਿਚ ਮੇਰੀ ਹਿਲਦੀ ਦਿਸੇ ਬੋਦੀ, ਬੁੱਧ ਦੇ ਇਸ਼ਾਰੇ ਰਹੀ ਸਮਝਾਈਆ। ਜਿਸ ਪ੍ਰੇਮ ਵਿਚ ਆਖਿਆ ਬਿਨਾ ਪ੍ਰਭੂ ਦੀ ਕਿਰਪਾ ਕਿਸੇ ਨੂੰ ਆਉਣੀ ਨਹੀਂ ਸੋਝੀ, ਸਮਝ ਜਗਤ ਚਲੇ ਨਾ ਕੋਇ ਚਤੁਰਾਈਆ। ਪੁਰਖ ਅਕਾਲਾ ਦੀਨ ਦਿਆਲਾ ਹਰਿਜਨ ਮੇਲ ਕਰੇ ਸੰਜੋਗੀ, ਜੁਗ ਜੁਗ ਵਿਛੜੇ ਆਪਣਾ ਮੇਲ ਕਰਾਈਆ। ਆਤਮ ਧਾਰ ਦਰ ਬਣੇ ਭੋਗੀ, ਭਸਮੜ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦੀ ਧਾਰ ਵੇਖੇ ਵਿਰੋਧੀ, ਸ਼ੁਧ ਹਰਿਜਨ ਆਪ ਕਰਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੧੧ ਗੁਰਦਿਆਲ ਸਿੰਘ ਚੀਮਾਂ ਕਲਾਂ, ਪ੍ਰੇਮ ਸਿੰਘ, ਮਹਿੰਦਰ
ਪਿੰਡ ਖੇੜਾ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਮੈਨੂੰ ਬਖ਼ਸ਼ ਦੇ ਸਾਚਾ ਧਰਮ, ਧਵਲ ਧੌਲ ਧਰਤ ਹੋ ਕੇ ਮੰਗ ਮੰਗਾਈਆ। ਦੀਨ ਦੁਨੀ ਦਾ ਅੰਤਰ ਨਿਰੰਤਰ ਬਦਲ ਦੇ ਕਰਮ, ਨਿਹਕਰਮੀ ਆਪਣਾ ਰੰਗ ਰੰਗਾਈਆ। ਧਾਰ ਨਾ ਰਹੇ ਕਿਸੇ ਦੀ ਮਾਟੀ ਚਰਮ, ਚੰਮ ਦ੍ਰਿਸ਼ਟੀ ਡੇਰਾ ਦੇਣਾ ਢਾਈਆ। ਜ਼ਾਤ ਪਾਤ ਦਾ ਮੇਟ ਦੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਪਰਦਾ ਲਾਹ ਦੇ ਆਪਣੇ ਬ੍ਰਹਮ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਈਆ। ਸਤਿਜੁਗ ਸਾਚੇ ਮੇਰੇ ਉਤੇ ਦੇ ਦੇ ਜਰਮ, ਆਪੇ ਬਣ ਜਣੇਂਦੀ ਮਾਈਆ। ਤੂੰ ਆਦਿ ਜੁਗਾਦੀ ਸਭ ਕੁਛ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਮੈਂ ਤੇਰਾ ਆਈ ਲੜ ਫੜਨ, ਪਲੂ ਆਪਣੀ ਗੰਢ ਪੁਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਾਰੇ ਪੜ੍ਹਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਪਤਿਪਰਮੇਸ਼ਵਰ ਤੇਰੀ ਮੰਜ਼ਲ ਹਕ਼ੀਕ਼ੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਝਗੜਾ ਮੇਟ ਦੇ ਚੋਟੀ ਜੜ੍ਹਨ, ਜੜ੍ਹ ਚੇਤਨ ਖੋਜ ਖੁਜਾਈਆ। ਕਲਜੁਗ ਜੀਵਾਂ ਗੜ ਤੋੜ੍ਹ ਦੇ ਹੰਕਾਰੀ ਗੜ੍ਹਨ, ਹੰ ਬ੍ਰਹਮ ਪਾਰਬ੍ਰਹਮ ਭੇਵ ਚੁਕਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਭ ਕਿਛ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜਨ ਭਗਤਾਂ ਨਿਜ ਨੇਤਰ ਖੋਲ੍ਹ ਦੇ ਹਰਨ ਫਰਨ, ਜਗਤ ਨੇਤਰ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਂ ਤੇਰੀ ਆਈ ਸਰਨ, ਸਰਨਗਤ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਦਾ ਖੋਲ੍ਹ ਅਗੰਮ ਦੁਆਰਾ, ਏਕੰਕਾਰ ਇਕੋ ਇਕ ਜਣਾਈਆ। ਸਭ ਦਾ ਸਾਂਝਾ ਬਣ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਅਲਾਹੀਆ। ਮੈਂ ਤੇਰੇ ਦਰ ਮੰਗਤੀ ਬਣਾਂ ਭਿਖਾਰਾ, ਭਿੱਖਕ ਝੋਲੀ ਦੇਣੀ ਭਰਾਈਆ। ਤੂੰ ਜਗਤ ਜਗਦੀਸ਼ ਚੌਬੀਸਾ ਅਵਤਾਰਾ, ਅਵਤਰੀ ਤੇਰੀ ਓਟ ਤਕਾਈਆ। ਮੈਨੂੰ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਤੇਰੀ ਰਾਹ ਤਕਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਪਰਵਰਦਿਗਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਮੈਂ ਧੌਲ ਤੇਰੀ ਚਰਨ ਧੂੜ ਲਾਵਾਂ ਛਾਰਾ, ਧੂੜੀ ਮਸਤਕ ਖ਼ਾਕ ਰਮਾਈਆ। ਮੇਰੇ ਉਤੇ ਨਿਰਵੈਰ ਹੋ ਕੇ ਹੋ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਆਪ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਵਸਤ ਸਚ ਦੇ ਵਰਤਾਈਆ। ਧਰਨੀ ਕਹੇ ਪ੍ਰਭੂ ਆਪਣਾ ਬਖ਼ਸ਼ ਦੇ ਨਾਮ ਨਿਧਾਨ, ਨਿਰਗੁਣ ਹੋ ਕੇ ਦਇਆ ਕਮਾਈਆ। ਆਤਮ ਪਰਮਾਤਮ ਦੇ ਗਿਆਨ, ਪਾਰਬ੍ਰਹਮ ਬ੍ਰਹਮ ਮੇਲ ਮਿਲਾਈਆ। ਈਸ਼ ਜੀਵ ਕਰ ਕਲਿਆਨ, ਕਲਮਾ ਕਾਇਨਾਤ ਸਮਝਾਈਆ। ਬੀਸ ਬੀਸੇ ਹੋ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਮੈਂ ਬਾਲੀ ਬੁਧਿ ਨਾਦਾਨ, ਅਕਲ ਚਲੇ ਨਾ ਕੋਇ ਚਤੁਰਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੇ ਚਰਨ ਕਵਲ ਟਿਕਾਈਆ। ਮੇਰੇ ਆਦਿ ਜੁਗਾਦੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਸਤਿ ਸਚ ਦਾ ਮੇਰੇ ਉਤੇ ਝੁਲਾ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਤੇਰਾ ਇਕੋ ਹੁਕਮ ਵਰਤੇ ਜ਼ਿਮੀਂ ਅਸਮਾਨ, ਜ਼ਿਮੀਂ ਜ਼ਮਾਂ ਦੇ ਮਾਲਕ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਪਰਗਟਾ ਦੇ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਮਾਨਵ ਜ਼ਾਤੀ ਬਖ਼ਸ਼ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਈਆ। ਅਗਨੀ ਉਬਲੇ ਮੂਲ ਨਾ ਤਤ, ਤਤਵ ਇਕੋ ਇਕ ਤਤ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਲੈ ਪਰਗਟਾਈਆ। ਧੀਰਜ ਸਤਿ ਬਖ਼ਸ਼ ਦੇ ਯਤ, ਸੰਤੋਖ ਸਭ ਦੀ ਝੋਲੀ ਪਾਈਆ। ਤੂੰ ਪਰਮੇਸ਼ਵਰ ਕਮਲਾਪਤ, ਪਾਰਬ੍ਰਹਮ ਤੇਰੀ ਸਰਨਾਈਆ। ਨਿਰਗੁਣ ਧਾਰ ਮੇਰੇ ਉਤੇ ਆਇਉਂ ਵਤ, ਬੇਵਤਨਾਂ ਲੈ ਤਰਾਈਆ। ਆਹ ਵੇਖ ਲੈ ਮੇਰੇ ਕੋਲ ਤੇਰਾ ਬਿਨ ਅੱਖਰਾਂ ਵਾਲਾ ਖ਼ਤ, ਖ਼ਤੂਤਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੈਨੂੰ ਧਰਮ ਦੀ ਬਖ਼ਸ਼ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਓਹ ਆਸ਼ਾ ਪੂਰੀ ਕਰ ਦੇ ਜੋ ਰਖ ਕੇ ਗਈ ਦੁਰਗਾ ਅਸ਼ਟਭੁਜ ਭਵਾਨੀ, ਭਾਵਨਾ ਤੇਰੇ ਨਾਲ ਰਖਾਈਆ। ਜੋ ਇਸ਼ਾਰਾ ਦਿਤਾ ਰਾਵਣ ਰਾਮ ਖੇਲ ਹੋਵੇ ਮਹਾਨੀ, ਮਹਿਮਾ ਅਕਥ ਕਥ ਸੁਣਾਈਆ। ਜੋ ਤੇਰਾ ਭਵਿਖ ਲਿਖਿਆ ਵੇਦ ਵਿਆਸ ਨਾਲ ਕਾਨੀ, ਸ਼ਾਹੀ ਕਾਗ਼ਜ਼ ਰੰਗ ਚੜ੍ਹਾਈਆ। ਜੋ ਕਾਹਨ ਕ੍ਰਿਸ਼ਨ ਹੁਕਮ ਦਿਤਾ ਫ਼ਰਮਾਨੀ, ਫ਼ੁਰਨਿਆਂ ਬਾਹਰ ਸੁਣਾਈਆ । ਜੋ ਇਸ਼ਾਰਾ ਦੇ ਕੇ ਗਿਆ ਈਸਾ ਮੇਰਾ ਬਾਪ ਆਵੇ ਅਸਮਾਨੀ, ਇਸਮ ਆਜ਼ਮ ਨੂਰ ਅਲਾਹੀਆ। ਜਿਸ ਨੂੰ ਮੁਹੰਮਦ ਕਿਹਾ ਮੇਰਾ ਖੁਦਾ ਅਲਵਜ਼ੂ ਨੂਰੇ ਨਜ਼ਾ ਦੁਵਸਤੇ ਜ਼ਮੂ ਅਰਸ਼ੇ ਕਰੇ ਫ਼ਰਮਾਨੀ, ਜ਼ਿਮੀਂ ਜ਼ਮਾਂ ਦਏ ਵਡਿਆਈਆ। ਨਾਨਕ ਨਿਰਗੁਣ ਧਾਰ ਕਰ ਧਿਆਨੀ, ਸਰਗੁਣ ਤਤ ਤਤ ਸਮਝਾਈਆ। ਗੋਬਿੰਦ ਹਸ ਕੇ ਕਿਹਾ ਉਹ ਪੁਰਖ

ਅਕਾਲ ਕਰੇ ਮਿਹਰਵਾਨੀ, ਮਿਹਬਾਨ ਬੀਦੋ ਇਕ ਅਖਵਾਈਆ। ਜਿਸ ਝਗੜਾ ਮੇਟਣਾ ਤਨ ਵਜੂਦ ਜਿਸਮਾਨੀ, ਜ਼ਮੀਰ ਬੇਨਜ਼ੀਰ ਅੰਦਰੋਂ ਦਏ ਬਦਲਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਪੁਰਾਣੀ, ਪੁਨਹ ਪੁਨਹ ਕਹਿ ਕੇ ਸੀਸ ਨਿਵਾਈਆ। ਮੇਰਾ ਲਹਿਣਾ ਦੇਣਾ ਲੇਖਾ ਨਹੀਂ ਜ਼ਬਾਨੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮਾਰ ਧਿਆਨੀ, ਬਿਨ ਨੈਣਾਂ ਨੈਣ ਉਠਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਸੁਲਤਾਨੀ, ਸ਼ਾਹੋ ਭੂਪ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮਾਨਵ ਜ਼ਾਤੀ ਮੰਜ਼ਲ ਰਹੀ ਨਾ ਕੋਇ ਰੁਹਾਨੀ, ਰੂਹ ਬੁਤ ਦੋਵੇਂ ਰੋਵਣ ਮਾਰਨ ਧਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੰਦ ਸਵਾਂਤੀ ਮਿਲੇ ਕਿਸੇ ਨਾ ਪਾਣੀ, ਅਗਨੀ ਤਤ ਨਾ ਕੋਇ ਗਵਾਈਆ । ਮੈਂ ਇਕੋ ਇਕ ਤੇਰੇ ਚਰਨ ਕਵਲ ਕਰਾਂ ਧਿਆਨੀ, ਏਕੰਕਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਸਤਿਜੁਗ ਸਾਚਾ ਬਖ਼ਸ਼ ਦੇ ਗੁਣ ਨਿਧਾਨੀ, ਗੁਣਵੰਤੇ ਸਾਚੇ ਕੰਤੇ ਸ੍ਰੀ ਭਗਵੰਤੇ ਆਦਿਨ ਅੰਤੇ ਤੇਰੀ ਓਟ ਤਕਾਈਆ।